ਕੀ ਗੁਰੂ ਅਰਜਨ ਪਾਤਸ਼ਾਹ ਜੀ ਨੇ ਗੁਰੂ ਗ੍ਰੰਥ ਸਾਹਿਬ ਦੀ ਬੀੜ ਤਿਆਰ ਕਰਨ ਲਈ ਬਾਣੀ ਇਕੱਠੀ ਕੀਤੀ ਸੀ?
ਸਿੱਖ ਇਤਹਾਸ ਸਿੱਖੀ ਦੇ ਦੁਸ਼ਮਨਾਂ ਨੇ ਲਿਖਿਆ ਹੋਣ ਕਰ ਕੇ ਇਤਿਹਾਸ `ਚ ਰਲੇ
ਦੇ ਹੋਣ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਰਲਾਵਟ
ਜ਼ਿਆਦਾ ਤੇ ਅਸਲੀਅਤ ਘੱਟ ਹੋਣ ਕਰਕੇ ਅੱਜ ਇਹ ਮਹਿਸੂਸ ਕਰਨਾ ਮੁਸ਼ਕਲ ਹੀ ਨਹੀਂ ਹੋਇਆ ਸਗੋਂ ਅਸੰਭਵ
ਜਾਪਦਾ ਹੈ ਕਿ ਕਦੀ ਸਿੱਖ ਜਗਤ ਅਸਲੀਅਤ ਜਾਨਣ ਬਾਰੇ ਜਾਗਰੁਕ ਵੀ ਹੋਵੇਗਾ? ਸਿੱਖਾਂ ਦੀਆਂ ਅੰਗਰੇਜ਼
ਸਰਕਾਰ ਨਾਲ ਹੋਈਆਂ ਅਖੀਰਲੀਆਂ ਲੜਾਈਆਂ `ਚ ਇਹ ਪੜ੍ਹਨ ਨੂੰ ਮਿਲਦਾ ਹੈ ਕਿ ਜੇ ਕਿਸੇ ਗੋਰੇ
ਘੋੜ-ਸਵਾਰ ਨੇ ਕਿਸੇ ਸਿੱਖ ਰਾਜ ਦੇ ਸਿਪਾਹੀ ਨੂੰ ਬਰਛਾ ਵਗੈਰਾ ਮਾਰਿਆ ਹੈ ਤਾਂ ਉਹ ਸਿਪਾਹੀ ਪਹਿਲਾਂ
ਬਰਛੇ ਨੂੰ ਕੱਢਣ ਦੀ ਕੋਸ਼ਿਸ਼ `ਚ ਨਹੀਂ ਸਗੋਂ ਉਹ ਆਪਣੀ ਤਲਵਾਰ ਨਾਲ ਗੋਰੇ ਘੋੜ-ਸਵਾਰ ਦਾ ਸਿਰ ਵੱਡਦਾ
ਹੈ। ਸਾਡਾ ਐਸਾ ਸੁਭਾਓ ਕਿਉਂ ਬਣਿਆ ਸੀ? ਅੰਗਰੇਜ਼ ਰਾਜ ਆਉਣ ਤੋਂ ਪਹਿਲਾਂ ਸਿੱਖ ਸਿੱਖੀ ਨੂੰ ਸਮਰਪੱਤ
ਸੀ। ਬਸ ਇਸ ਸੁਭਾਓ/ਆਚਰਣ ਨੂੰ ਖਤਮ ਕਰਨ ਲਈ ਇੱਕ ਨਹੀਂ ਦੋ ਨਹੀਂ ਬਲਕਿ ਕਈ
ਗ੍ਰੰਥ ਜਿਵੇਂ ਅੱਜ-ਕੱਲ੍ਹ ਦਸਮ ਸ੍ਰੀ ਗੁਰੂ
ਗ੍ਰੰਥ ਸਾਹਿਬ ਜੀ (ਪੁਰਾਣਾ ਨਾਮ ਬਚਿਤ੍ਰ ਨਾਟਿਕ), ਚਾਰੋ ਜਨਮ ਸਾਖੀਆਂ, ਗੁਰ ਬਿਲਾਸ ਪਾਤਸ਼ਾਹੀ
ਛੇਵੀਂ ਤੇ ਦਸਵੀਂ, ਰਤਨ ਮਾਲ (ਸੌ ਸਾਖੀ), ਕਲਨਾਮਾ, ਵਾਜਿਬੁਲ ਅਰਜ, ਜੰਗਨਾਮਾ (ਗੁਰੂ ਗੋਬਿੰਦ
ਸਿੰਘ ਜੀ ਦੀ ਵਾਰ), ਪ੍ਰੇਮ ਸੁਮਾਗ ਗ੍ਰੰਥ, ਮੁਕਤ ਨਾਮਾ, ਮੁਕਤ ਮਾਰਗ, ਸਤਸਉ, ਇੱਕ ਹੋਰ ਪੁਸਤਕ,
ਗੋਬਿੰਦ ਗੀਤਾ ਅਤੇ ਸਹੰਸਰ ਸੁਖਮਨਾ ਪਾਤਿਸਾਹੀ 10 ਆਦਿ ਲਿਖ ਕੇ ਸਿੱਖਾਂ ਦੇ ਗਲ ਮੜ ਦਿੱਤੇ ਅਤੇ
ਸਿੱਖਾਂ ਚੋਂ ਸਿੱਖੀ ਖਤਮ ਹੋ ਗਈ।
ਸਿੱਖ ਗੁਰੂ ਸਹਿਬਾਨ ਦੀ ਸਿਆਣਪ, ਲਿਆਕਤ, ਕਦਰ ਅਤੇ ਦੂਰ-ਅੰਦੇਸ਼ੀ ਨੂੰ ਸਿੱਖ
ਦਿਮਾਗਾਂ ਚੋਂ ਖਤਮ ਕਰਨ ਲਈ ਹੀ ਇਹ ਕਹਾਣੀਆਂ ਘੜ ਦਿੱਤੀਆਂ ਗਈਆਂ ਹਨ ਕਿ ਗੁਰੂ ਅਰਜਨ ਪਾਤਸ਼ਾਹ ਜੀ
ਨੇ ਬੀੜ ਤਿਆਰ ਕਰਨ ਸਮੇਂ ਹੋਕਾ ਦੇ ਕੇ ਬਾਣੀ ਇੱਕਠੀ ਕਰਵਾਈ। "ਤਵਾਰੀਖ ਗੁਰੂ ਖਾਲਸਾ" `ਚ ਗਿਆਨੀ
ਗਿਆਨ ਸਿੰਘ ਜੀ ਲਿਖਦੇ ਹਨ ਕਿ "ਗੁਰੂ ਅਰਜਨ ਸਾਹਿਬ ਨੇ ਵਿਚਾਰ ਕੀਤੀ ਕਿ … ਮਜ਼ਹਬ ਕੌਮ ਧਰਮ-ਪੁਸਤਕ
ਦੇ ਆਸਰੇ ਫੈਲ਼ਦਾ ਹੈ… ਸਿੱਖ ਕੌਮ ਦੀ ਸਦਾ ਇਸਥਿਤੀ ਵਾਸਤੇ… ਈਸ਼ਵਰੀ ਬਾਣੀ ਦਾ ਸੰਗ੍ਰਹਿ ਕਰ ਕੇ ਇੱਕ
ਧਰਮ-ਪੁਸਤਕ ਗ੍ਰੰਥ ਸਾਹਿਬ ਨਾਮ ਕਰੀਏ"। ਇਹ ਵਿਚਾਰ ਕੇ ਗੁਰੂ ਸਾਹਿਬ ਨੇ ਸਭ ਦੇਸ ਦੇਸਾਂਤਰ ਦੇ
ਸਿੱਖਾਂ ਨੂੰ ਹੁਕਮਨਾਮੇ ਭੇਜ ਦਿੱਤੇ ਕਿ ਜਿਸ ਕਿਸੇ ਪਾਸ ਕਿਸੇ ਗੁਰੂ ਜੀ ਦਾ ਕੋਈ ਸ਼ਬਦ ਲਿਖਤ ਰੂਪ
ਵਿੱਚ ਹੋਵੇ ਜਾਂ ਕੰਠ ਹੋਵੇ ਲੈ ਆਵੇ। ਇਸ ਤਰ੍ਹਾਂ ਬਹੁਤ ਸਾਰੀ ਬਾਣੀ ਇਕੱਠੀ ਹੋ ਗਈ। ਇੱਕ ਹੋਰ
ਸਾਖੀ ਮੁਤਾਬਕ ਭਾਈ ਬਖਤੇ ਦਾ ਚਾਰ ਗੁਰੂ ਸਹਿਬਾਨ ਕੋਲ ਰਹਿ ਕੇ ਨਾਲੋ ਨਾਲ ਬਾਣੀ ਲਿਖ ਕੇ
ਵੱਡ-ਅਕਾਰੀ ਬੀੜ ਤਿਆਰ ਕਰਨ ਦਾ ਜ਼ਿਕਰ ਵੀ ਆਉਂਦਾ ਹੈ। ਇਤਹਾਸ ਵਿੱਚ ਕਿਸੇ ਇਤਹਾਸਕਾਰ ਨੇ ਅਤੇ ਭਾਈ
ਗੁਰਦਾਸ ਜੀ ਨੇ ਵੀ ਆਪਣੀਆਂ ਵਾਰਾਂ ਵਿੱਚ ਗੁਰੂ ਸਹਿਬਾਨ ਦੇ ਸਿੱਖਾਂ ਦਾ ਜ਼ਿਕਰ ਕਰਦੇ ਹੋਏ ਭਾਈ
ਬਖਤੇ ਦਾ ਨਾਉ ਤਕ ਨਹੀਂ ਲਿਆ। ਹਵਾਲਾ ਭਾਈ ਗੁਰਦਾਸ ਵਾਰ ਗਿਆਰਵੀਂ ਦੀ 13ਵੀਂ ਪਉੜੀ ਤੋਂ ਲੈ ਕੇ
31ਵੀਂ ਪਉੜੀ ਤਕ। ਇੱਕ ਹੋਰ ਕਹਾਣੀ ਕਿ ਗੁਰੂ ਜੀ ਨੰਗੇ ਪੈਰੀਂ ਤੀਸਰੇ ਗੁਰੂ ਜੀ ਦੇ ਪੁਤਰ ਬਾਬਾ
ਮੋਹਨ ਜੀ ਕੋਲ ਤਿੰਨ ਗੁਰੂ ਸਾਹਿਬਾਨ ਤਕ ਲਿਖੀ ਹੋਈ ਬਾਣੀ ਲੈਣ ਗਏ ਜਦੋਂ ਕਿ ਸਿੱਖੀ ਵਿੱਚ ਨੰਗੇ
ਪੈਰੀਂ ਤੁਰਨ ਨੂੰ ਕੋਈ ਵੀ ਮਹਾਨਤਾ ਨਹੀਂ ਦਿੱਤੀ ਗਈ ਸਗੋਂ ਨਿੰਦਿਆ ਗਿਆ ਹੈ। ਪਗ ਉਪੇਤਾਣਾ॥ ਅਪਣਾ
ਕੀਆ ਕਮਾਣਾ॥ ਅਲੁ ਮਲੁ ਖਾਈ ਸਿਰਿ ਛਾਈ ਪਾਈ॥ ਮੂਰਖਿ ਅੰਧੈ ਪਤਿ ਗਵਾਈ॥ ਵਿਣੁ ਨਾਵੈ ਕਿਛੁ ਥਾਇ ਨ
ਪਾਈ {ਪੰਨਾ 467}
ਤਨੁ ਨ ਤਪਾਇ ਤਨੂਰ ਜਿਉ, ਬਾਲਣੁ ਹਡ ਨ ਬਾਲਿ॥ ਸਿਰਿ ਪੈਰੀ ਕਿਆ ਫੇੜਿਆ,
ਅੰਦਰ ਪਿਰੀ ਸਮਾਲਿ॥ 18॥ ਪੰਨਾ 1411॥
ਗਉੜੀ ਮਹਲਾ 5॥ ਮੋਹਨ ਤੇਰੇ ਊਚੇ ਮੰਦਰ ਮਹਲ ਅਪਾਰਾ॥ ਮੋਹਨ ਤੇਰੇ ਸੋਹਨਿ
ਦੁਆਰ ਜੀਉ ਸੰਤ ਧਰਮਸਾਲਾ॥ ਧਰਮਸਾਲ, ਅਪਾਰ ਦੈਆਰ ਠਾਕੁਰ ਸਦਾ ਕੀਰਤਨੁ ਗਾਵਹੇ॥ ਜਹ ਸਾਧ ਸੰਤ ਇਕਤ੍ਰ
ਹੋਵਹਿ ਤਹਾ ਤੁਝਹਿ ਧਿਆਵਹੇ॥ ਕਰਿ ਦਇਆ ਮਇਆ ਦਇਆਲ ਸੁਆਮੀ ਹੋਹੁ ਦੀਨ ਕ੍ਰਿਪਾਰਾ॥ ਬਿਨਵੰਤਿ ਨਾਨਕ
ਦਰਸ ਪਿਆਸੇ ਮਿਲਿ ਦਰਸਨ ਸੁਖੁ ਸਾਰਾ॥ 1. {ਪੰਨਾ 248}
ਸਾਰੇ ਗੁਰੂ ਗ੍ਰੰਥ ਸਾਹਿਬ ਵਿੱਚ ਕਿਸੇ ਵਿਆਕਤੀ ਵਿਸ਼ੇਸ ਦੀ ਉਸਤੱਤ ਨਹੀਂ
ਕੀਤੀ ਤੇ ਉਪਰਲੇ ਸਲੋਕ ਵਿੱਚ ਵੀ ਗੁਰੂ ਸਾਹਿਬ ਨੇ ਲਫਜ਼ ਮੋਹਨ ਕਿਸੇ ਵਿਆਕਤੀ ਵਿਸ਼ੇਸ ਵਾਸਤੇ ਨਾ ਵਰਤ
ਕੇ ਸਗੋਂ ਪ੍ਰਮਾਤਮਾ ਪ੍ਰਤੀ ਵਰਤਿਆ ਹੈ ਤੇ "ਮੋਹਨ ਤੇਰੇ ਊਚੇ ਮੰਦਰ ਮਹਲ ਅਪਾਰਾ॥ ਮੋਹਨ ਤੇਰੇ
ਸੋਹਨਿ ਦੁਆਰ ਜੀਉ ਸੰਤ ਧਰਮਸਾਲਾ॥" ਇਨ੍ਹਾਂ ਪੰਗਤੀਆਂ ਵਿੱਚ ਉਚੇ ਮਹਿਲ ਤੇ ਸੋਹਿਨ ਦੁਆਰ ਦੀ ਗੱਲ
ਜਿਹੜੀ ਕੀਤੀ ਗਈ ਹੈ ਉਹ ਪ੍ਰਮਾਤਮਾ ਦੇ ਘਰ ਦੀ ਹੀ ਉਸਤੱਤ ਹੈ ਨਾ ਕਿ ਕਿਸੇ ਮਾਮੇ ਮੋਹਨ ਦੀ। ਗਉੜੀ,
ਗੂਜਰੀ, ਬਿਲਾਵਲ, ਬਸੰਤ, ਮਾਰੂ, ਤੁਖਾਰੀ ਆਦਿਕ ਰਾਗਾਂ ਵਿੱਚ ਕਈ ਸ਼ਬਦ ਐਸੇ ਹਨ ਜੋ ਗੁਰੂ ਨਾਨਕ
ਸਾਹਿਬ ਅਤੇ ਗੁਰੂ ਅਰਜਨ ਪਾਤਸ਼ਾਹ ਦੇ ਉਚਾਰੇ ਹੋਏ ਹਨ ਤੇ ਜਿਨ੍ਹਾਂ ਵਿੱਚ ਅਕਾਲ–ਪੁਰਖ ਨੂੰ ‘ਮੋਹਨ’
ਆਖ ਕੇ ਯਾਦ ਕੀਤਾ ਗਿਆ ਹੈ।
ਭਾਈ ਬੰਨੋ ਨੂੰ ਗੁਰੂ ਜੀ ਬਹੁਤ ਹੀ ਕੀਮਤੀ ਗ੍ਰੰਥ ਲਿਖ ਕੇ ਜਿਲਦ ਬਨ੍ਹਵਾਉਣ
ਲਈ ਲਹੌਰ ਭੇਜਦੇ ਹਨ ਤੇ ਉਹ ਆਪਣੀ ਮਰਜੀ ਨਾਲ ਇਸ ਗ੍ਰੰਥ ਦਾ ਰਸਤੇ `ਚ ਹੀ ਉਤਾਰਾ ਕਰਕੇ ਵਿੱਚ ਕੁੱਝ
ਹੋਰ ਬਾਣੀ ਪਾ ਲੈਂਦਾ ਹੈ ਤੇ ਉਸ ਬੀੜ ਨੂੰ ਖਾਰੀ ਬੀੜ ਦੇ ਨਾਮ ਨਾਲ ਪ੍ਰਸਿੱਧ ਕਰ ਦਿੱਤਾ ਜਾਦਾ ਹੈ।
ਇਹ ਕਹਾਣੀ ਵੀ ਮੂਲੋਂ ਹੀ ਕੱਚੀ ਹੈ। ਗੁਰੂ ਸਾਹਿਬ ਇਤਨੀ ਵੱਡਮੁੱਲੀ ਬਾਣੀ ਦਾ ਗ੍ਰੰਥ ਕਿਸੇ ਇੱਕ ਦੋ
ਜਾਂ ਚਾਰ ਸਿੱਖਾਂ ਦੇ ਕਾਫਲੇ ਨੂੰ ਜਿਲਦ ਬਨ੍ਹਵਾਉਣ ਵਾਸਤੇ ਨਹੀਂ ਦੇਣਗੇ ਕਿਉਂਕਿ ਖਤਰੇ ਦੇ ਬੱਦਲ
ਮੰਡਰਾ ਰਹੇ ਹਨ। ਇਸ ਗੱਲ ਤੋਂ ਗੁਰੂ ਜੀ ਜਾਣੂ ਹਨ। ਕੋਈ ਵੀ ਗੁਰੂ ਦਾ ਸਿੱਖ ਇਨ੍ਹਾਂ ਵੱਡਾ ਉਪੱਦਰ
ਨਹੀਂ ਕਰ ਸਕਦਾ ਕਿ ਉਹ ਆਪਣੀ ਮਰਜ਼ੀ ਨਾਲ ਗੁਰੂ ਦੀ ਮਰਜ਼ੀ ਦੇ ਉਲਟ ‘ਪੋਥੀ ਸਾਹਿਬ’ ਵਿੱਚ ਰਲਾਵਟ ਕਰ
ਦੇਵੇ।
ਆਓ ਹੁਣ ਵਿਚਾਰੀਏ ਕਿ ਦੇਸਾਂ ਦੇਸੰਤਰਾਂ ਵਿੱਚ ਗੁਰੂ ਜੀ ਦੀ ਬਾਣੀ ਹੋ ਸਕਦੀ
ਸੀ ਜਾਂ ਨਹੀਂ? ਜਦੋਂ ਗੁਰੂ ਨਾਨਕ ਪਾਤਸ਼ਾਹ ਬਾਣੀ ਉਚਾਰਣ ਕਰਦੇ ਸਨ ਤਾਂ ਭਾਈ ਮਰਦਾਨਾ ਰਬਾਬ
ਵਜਾਉਂਦਾ ਸੀ ਤਾਂ ਤੀਸਰਾ ਲਿਖਣ ਵਾਲਾ ਪ੍ਰੇਮੀ ਸਿੱਖ ਉਸੇ ਵਕਤ ਕੌਣ ਹੁੰਦਾ ਸੀ ਜੋ ਨਾਲੋ ਨਾਲ ਗੁਰੂ
ਜੀ ਦੀ ਬਾਣੀ ਲਿਖੀ ਜਾਂਦਾ ਸੀ? ਕੀ ਉਸ ਵਕਤ ਹਰ ਥਾਂ, ਜਿੱਥੇ ਵੀ ਗੁਰੂ ਜੀ ਜਾਂਦੇ ਸਨ, ਕੋਈ
ਪੜ੍ਹਿਆ ਲਿਖਿਆ ਪ੍ਰੇਮੀ ਸਿੱਖ ਮੌਜੂਦ ਹੁੰਦਾ ਸੀ ਜੋ ਕਲਮ-ਦਵਾਤ ਤੇ ਕਾਗਜ਼ ਲੈ ਕੇ ਲਿਖਣ ਲਈ ਤੱਤਪਰ
ਹੁੰਦਾ ਸੀ ਤੇ ਉਚਾਰੀ ਜਾ ਰਹੀ ਬਾਣੀ ਨੂੰ ਕਲਮ ਬੰਦ ਕਰ ਸਕਦਾ ਸੀ? ਕੀ ਹਰ ਥਾਂ ਕਾਗਜ਼ ਤੇ ਕਲਮ
ਮੌਜੂਦ ਹੁੰਦੇ ਸਨ? ਕੀ ਉਸ ਵਕਤ ਇਤਨੇ ਲਿਖਾਰੀ ਮੌਜ਼ੂਦ ਹੁੰਦੇ ਸਨ ਜਿਨ੍ਹਾਂ ਨੂੰ ਗੁਰਬਾਣੀ ਦੀ
ਵਿਆਕਰਣ ਦੀ ਸੋਝੀ ਸੀ? ਨਹੀਂ ਇਹ ਗੱਲ ਸਹੀ ਨਹੀਂ। ਭਾਈ ਗੁਰਦਾਸ ਜੀ ਦੀਆਂ ਵਾਰਾਂ ਮੁਤਾਬਕ ਭਾਈ
ਬਾਲਾ ਨਾਮ ਦਾ ਕੋਈ ਵਿਆਕਤੀ ਗੁਰੂ ਨਾਨਕ ਸਾਹਿਬ ਨਾਲ ਹੋਇਆ ਹੀ ਨਹੀਂ ਤੇ ਇਹ ਕਹਾਣੀ ਵੀ ਝੂਠੀ ਹੈ।
ਵੇਈਂ ਨਦੀ ਦੇ ਸਾਖੀਕਾਰ ਮੁਤਾਬਕ ਗੁਰੂ ਨਾਨਕ ਸਾਹਿਬ ਜਦੋਂ ਅਕਾਲ ਪੁਰਖ ਦੀ
ਹਜੂਰੀ ਵਿੱਚ ਅੱਪੜੇ ਤਾਂ ਪ੍ਰਮਾਤਮਾ ਦੀ ਆਗਿਆ ਪਾ ਕੇ "ਸਿਰੀਰਾਗੁ ਮਹਲਾ 1॥ ਕੋਟਿ ਕੋਟੀ ਮੇਰੀ
ਆਰਜਾ ਪਵਣੁ ਪੀਅਣੁ ਅਪਿਆਉ॥ ਚੰਦੁ ਸੂਰਜੁ ਦੁਇ ਗੁਫੈ ਨ ਦੇਖਾ ਸੁਪਨੈ ਸਉਣ ਨ ਥਾਉ॥ ਭੀ ਤੇਰੀ ਕੀਮਤਿ
ਨਾ ਪਵੈ ਹਉ ਕੇਵਡੁ ਆਖਾ ਨਾਉ॥ 1॥ …. ਭੀ ਤੇਰੀ ਕੀਮਤਿ ਨਾ ਪਵੈ ਹਉ ਕੇਵਡੁ ਆਖਾ ਨਾਉ॥ 4॥ 2॥
{ਪੰਨਾ 14} ਵਾਲਾ ਇਹ ਸਲੋਕ ਉਚਾਰਣ ਕੀਤਾ। ਸਵਾਲ ਇਹ ਹੈ ਕਿ ਗੁਰੂ ਨਾਨਕ ਸਾਹਿਬ ਤੇ ਪ੍ਰਮਾਤਮਾ
ਦੋਵੇਂ ਦਰਗਹ ਵਿੱਚ ਹਨ। ਤੀਸਰਾ ਕੋਈ ਹੈ ਹੀ ਨਹੀਂ ਜੋ ਲਿਖ ਸਕਦਾ ਤਾਂ ਫਿਰ ਇਹ ਸਲੋਕ ਕਿਸ ਨੇ
ਕਲਮ-ਬੰਦ ਕੀਤਾ?
‘ਗੁਰਬਾਣੀ ਪਾਠ ਦਰਪਣ’ ਦਮਦਮੀ ਟਕਸਾਲ (ਜੱਥਾ ਭਿੰਡਰਾਂ) ਮਹਿਤਾ ਦੇ ਪੰਨਾ
213, ਜਪੁਜੀ ਉਥਾਨਕਾ, ਮੁਤਾਬਕ ਗੁਰੂ ਨਾਨਕ ਸਾਹਿਬ ਗੁਰੂ ਅੰਗਦ ਜੀ ਨੂੰ ਕਹਿ ਰਹੇ ਹਨ:
‘ਮਾਲਾਮੰਤ੍ਰ ਜਾਂ ਜਪੁਜੀ ਸਾਹਿਬ ਹੈ ਜੋ ਅਸੀਂ ਪਹਿਲੇ ਅਕਾਲ ਪੁਰਖ ਦੇ ਸਨਮੁਖ ਉਚਾਰਿਆ ਸੀ’, ਦੂਜੀ
ਵੇਰ ਸਿੱਧਾਂ ਨਾਲ ਉਚਾਰ ਆਏ ਹਾਂ ਲੈ ਹੁਣ ਫੇਰ ਨੰਬਰ ਵਾਰ ਪਉੜੀਆਂ ਦੱਸਦੇ ਹਾਂ ਸੋ, ਸ੍ਰੀ
ਕਰਤਾਰਪੁਰ ਜ਼ਿਲ੍ਹਾ ਗੁਰਦਾਸਪੁਰ ਵਿਖੇ ਜਪੁਜੀ ਸਾਹਿਬ ਸੁਣਾਇਆ ਤੇ ਸੰਗਤਾਂ ਵਿੱਚ ਪ੍ਰਚੱਲਤ ਹੋਇਆ"।
ਟਕਸਾਲ ਵਾਲਿਆਂ ਇਹ ਨਹੀਂ ਲਿਖਿਆ ਕਿ ਇਸਨੂੰ ਕਲਮ ਬੰਦ ਕਿਸਨੇ ਕੀਤਾ? ਇਨ੍ਹਾਂ ਦੀਆਂ ਕਿਤਾਬਾਂ `ਚ
ਬਹੁਤੀਆਂ ਸਾਖੀਆਂ ਝੂਠੀਆਂ ਹਨ। ਟਕਸਾਲੀਆਂ ਮੁਤਾਬਕ ਤਾਂ ‘ਸੋਦਰੁ’ ਬਾਣੀ ਗੁਰੂ ਬਾਬੇ ਨੇ ਅਕਾਲ
ਪੁਰਖ ਦੇ ਕੋਲ ਉਚਾਰਣ ਕੀਤੀ। ਹੁਣ ਸਵਾਲ ਇਹ ਬਣਦਾ ਹੈ ਕਿ ਅਕਾਲ ਪੁਰਖ ਦੀ ਦਰਗਹ `ਚ ਇੱਕ ਅਕਾਲ
ਪੁਰਖ, ਦੂਜਾ ਗੁਰੂ ਨਾਨਕ ਤੇ ਤੀਸਰਾ ਕੋਈ ਹੋਰ ਹੈ ਹੀ ਨਹੀਂ। ਫਿਰ ਲਿਖਾਰੀ ਕੌਣ ਸੀ ਜਿਸਨੇ ਅਕਾਲ
ਪੁਰਖ ਦੀ ਕਚਿਹਰੀ ਵਿੱਚ ਉਚਾਰਣ ਕੀਤੀ ‘ਸੋਦਰੁ’ ਦੀ ਇਹ ਬਾਣੀ ਨਾਲੋ ਨਾਲ ਲਿਖੀ? ਭਾਈ ਕਾਹਨ ਸਿੰਘ
ਨਾਭਾ, ਮਹਾਨ ਕੋਸ਼ ਦੇ ਪੰਨਾ 232 ਤੇ ਇਉਂ ਲਿਖਦੇ ਹਨ, "ਇਸ ਸੋਦਰੁ ਬਾਣੀ ਵਿੱਚ ਕਰਤਾਰ ਦਾ ਖਾਸ ਦਰ
(ਦਵਾਰ) ਜੋ ਅਗਯਾਨੀ ਮੰਨਦੇ ਹਨ, ਉਸ ਦਾ ਖੰਡਨ ਕਰਕੇ ਵਾਹ ਗੁਰੂ ਦਾ ਅਸਲ ਦਰ ਦੱਸਿਆ ਹੈ"। ਹੁਣ
ਸਵਾਲ ਇਹ ਪੈਦਾ ਹੁੰਦਾ ਹੈ ਕਿ ਜਿਹੜੀ ਵਸਤੂ ਨੂੰ ਕੋਈ ਤਕ ਲੈਂਦਾ ਹੈ ਉਸ ਬਾਰੇ ਜਦੋਂ ਉਹ ਵਰਨਣ
ਕਰੇਗਾ ਤਾਂ ਲਿਖੇਗਾ ਕਿ ਇਹ ਵਸਤੂ ਐਸੀ ਹੈ ਕੈਸੀ ਨਹੀਂ ਲਿਖੇਗਾ। ਜੇ ਕਰ ਗੁਰੂ ਜੀ ਕਰਤਾਰ ਦੇ
ਦਰਬਾਰ `ਚ ਜਾ ਕੇ ਇਹ ਬਾਣੀ ਦਾ ਉਚਾਰਣ ਕਰਦੇ ਹਨ ਤਾਂ ਉਨ੍ਹਾਂ ਨੇ ‘ਸੋ ਦਰੁ ਕੇਹਾ’ ਨਾ ਉਚਾਰਣ
ਕਰਕੇ ਇਉਂ ਲਿਖਣਾ ਸੀ, ‘ਸੋ ਦਰੁ ਐਸਾ’।
ਜੇ ਕਰ ਸਿੱਖਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਪ੍ਰੇਮ ਨਾਲ ਪੜ੍ਹਿਆ
ਤੇ ਵਿਚਾਰਿਆ ਹੁੰਦਾ ਤਾਂ ਗੱਲ ਕੁੱਝ ਹੋਰ ਹੀ ਹੋਣੀ ਸੀ। ਆਓ ਹੁਣ ਗੁਰਬਾਣੀ ਨੂੰ ਕਸਵੱਟੀ ਮੰਨ ਕੇ
ਗੁਰਬਾਣੀ ਦੇ ਅਧਾਰ ਤੇ ਇਹ ਨਿਰਣਾ ਕਰਨ ਦੀ ਕੋਸ਼ਿਸ਼ ਕਰੀਏ ਕਿ ਗੁਰੂ ਨਾਨਕ ਸਾਹਿਬ ਦੂਰ-ਅੰਦੇਸ਼ ਤੇ
ਯੋਜਨਾ-ਬੱਧ ਸਨ, ਬਾਣੀ ਲਿਖਣੀ, ਇਕੱਠੀ ਕਰਨੀ, ਗੁਰੂ ਗ੍ਰੰਥ ਤਿਆਰ ਕਰਨਾ, ਆਪਣੀ ਹਿਫਾਜ਼ਤ ਵਾਸਤੇ
ਫੌਜੀ ਭਰਤੀ ਕਰਨੇ, ਲੜਾਈਆਂ ਲੜਨੀਆਂ ਤੇ ਖਾਲਸਾ ਪ੍ਰਗਟ ਕਰਨਾ ਆਦਿ ਇਹ ਸਾਰੀ ਯੋਜਨਾ, ਜਿਸਦਾ 239
ਸਾਲ ਦਾ ਲੰਮਾ ਪੈਂਡਾ ਸਿੱਖੀ ਨੇ ਤਹਿ ਕੀਤਾ ਹੈ, ਗੁਰੂ ਨਾਨਕ ਸਾਹਿਬ ਦੀ ਵੇਈਂ ਨਦੀ ਦੇ ਕੰਢੇ ਬੈਠ
ਕੇ ਤਿੰਨ ਦਿਨਾਂ ਵਾਲੀ ਸਾਖੀ ਦਾ ਹੀ ਸਿੱਟਾ ਹੈ।
ਗੁਰੂ ਨਾਨਕ ਸਾਹਿਬ ਤੇ ਭਗਤ ਰਵੀਦਾਸ ਜੀ ਦੀ ਬਾਣੀ ਦੀ ਆਪਸੀ ਸਾਂਝ।
ਉਰਸਾ ਲਫਜ਼ ਸਾਰੀ ਬਾਣੀ ਵਿੱਚ ਸਿਰਫ ਦੋ ਵਾਰ ਆਉਂਦਾ ਹੈ। ਇੱਕ ਵਾਰ ਭਗਤ
ਰਵੀਦਸ ਜੀ ਆਪਣੀ ਬਾਣੀ `ਚ ਵਰਤਦੇ ਹਨ ਤੇ ਦੂਜੀ ਵਾਰ ਗੁਰੂ ਨਾਨਕ ਸਾਹਿਬ। ਇਹ ਐਵੇਂ ਨਹੀਂ ਹੋ ਗਿਆ।
ਇਹ ਇਸ ਗੱਲ ਦਾ ਸਬੂਤ ਹੈ ਕਿ ਗੁਰੂ ਨਾਨਕ ਸਾਹਿਬ ਕੋਲ ਭਗਤ ਰਵੀਦਾਸ ਜੀ ਦੀ ਬਾਣੀ ਮੌਜੂਦ ਸੀ ਜਦੋਂ
ਉਨ੍ਹਾਂ ਨੇ ਆਪਣਾ ਖਜਾਨਾ ਗੁਰੂ ਅੰਗਦ ਪਾਤਸ਼ਾਹ ਜੀ ਨੂੰ ਸੌਪਿਆ।
ਰਾਗੁ ਗੂਜਰੀ ਮਹਲਾ 1 ਚਉਪਦੇ ਘਰੁ 1॥
ਤੇਰਾ ਨਾਮੁ ਕਰੀ ਚਨਣਾਠੀਆ ਜੇ ਮਨੁ ਉਰਸਾ ਹੋਇ॥ ਕਰਣੀ ਕੁੰਗੂ ਜੇ ਰਲੈ ਘਟ
ਅੰਤਰਿ ਪੂਜਾ ਹੋਇ॥ 1॥ ਪੂਜਾ ਕੀਚੈ ਨਾਮੁ ਧਿਆਈਐ ਬਿਨੁ ਨਾਵੈ ਪੂਜ ਨ ਹੋਇ॥ 1॥ ਰਹਾਉ॥ {ਪੰਨਾ 489}
ਨਾਮੁ ਤੇਰੋ ਆਸਨੋ ਨਾਮੁ ਤੇਰੋ ਉਰਸਾ, ਨਾਮੁ ਤੇਰਾ ਕੇਸਰੋ ਲੇ ਛਿਟਕਾਰੇ॥
ਨਾਮੁ ਤੇਰਾ ਅੰਭੁਲਾ ਨਾਮੁ ਤੇਰੋ ਚੰਦਨੋ, ਘਸਿ ਜਪੇ ਨਾਮੁ ਲੇ ਤੁਝਹਿ ਕਉ ਚਾਰੇ॥ 1 {ਰਵੀਦਾਸ, ਪੰਨਾ
694}
ਭਗਤ ਕਬੀਰ ਜੀ, ਗੁਰੂ ਨਾਨਕ ਸਾਹਿਬ ਅਤੇ ਤੀਸਰੇ ਪਾਤਸ਼ਾਹ ਦੀ ਬਾਣੀ ਦਾ ਆਪਸੀ
ਸਬੰਧ।
ਸੂਤਕੁ ਅਗਨਿ ਭਖੈ ਜਗੁ ਖਾਇ॥ ਸੂਤਕੁ ਜਲਿ ਥਲਿ ਸਭ ਹੀ ਥਾਇ॥ ਨਾਨਕ ਸੂਤਕਿ
ਜਨਮਿ ਮਰੀਜੈ॥ ਗੁਰਪਰਸਾਦੀ ਹਰਿ ਰਸੁ ਪੀਜੈ॥ 8॥ 4॥ {ਪੰਨਾ 413}
ਸਲੋਕੁ ਮਃ 1॥ ਜੇਕਰਿ ਸੂਤਕੁ ਮੰਨੀਐ ਸਭ ਤੈ ਸੂਤਕੁ ਹੋਇ॥ ਗੋਹੇ ਅਤੈ ਲਕੜੀ
ਅੰਦਰਿ ਕੀੜਾ ਹੋਇ॥ ਜੇਤੇ ਦਾਣੇ ਅੰਨ ਕੇ ਜੀਆ ਬਾਝੁ ਨ ਕੋਇ॥ ਪਹਿਲਾ ਪਾਣੀ ਜੀਉ ਹੈ ਜਿਤੁ ਹਰਿਆ ਸਭੁ
ਕੋਇ॥ ਸੂਤਕੁ ਕਿਉਕਰਿ ਰਖੀਐ ਸੂਤਕੁ ਪਵੈ ਰਸੋਇ॥ ਨਾਨਕ ਸੂਤਕੁ ਏਵ ਨ ਉਤਰੈ ਗਿਆਨੁ ਉਤਾਰੇ ਧੋਇ॥ 1॥
{ਪੰਨਾ 472}
ਮਃ 1॥ ਮਨ ਕਾ ਸੂਤਕੁ ਲੋਭੁ ਹੈ ਜਿਹਵਾ ਸੂਤਕੁ ਕੂੜੁ॥ ਅਖੀ ਸੂਤਕੁ ਵੇਖਣਾ
ਪਰ ਤ੍ਰਿਅ ਪਰ ਧਨ ਰੂਪੁ॥ ਕੰਨੀ ਸੂਤਕੁ ਕੰਨਿ ਪੈ ਲਾਇਤਬਾਰੀ ਖਾਹਿ॥ ਨਾਨਕ ਹੰਸਾ ਆਦਮੀ ਬਧੇ ਜਮਪੁਰਿ
ਜਾਹਿ॥ 2॥
ਮਃ 1॥ ਸਭੋ ਸੂਤਕੁ ਭਰਮੁ ਹੈ ਦੂਜੈ ਲਗੈ ਜਾਇ॥ ਜੰਮਣੁ ਮਰਣਾ ਹੁਕਮੁ ਹੈ
ਭਾਣੈ ਆਵੈ ਜਾਇ॥ ਖਾਣਾ ਪੀਣਾ ਪਵਿਤ੍ਰੁ ਹੈ ਦਿਤੋਨੁ ਰਿਜਕੁ ਸੰਬਾਹਿ॥ ਨਾਨਕ ਜਿਨੀ= ਗੁਰਮੁਖਿ ਬੁਝਿਆ
ਤਿਨਾ= ਸੂਤਕੁ ਨਾਹਿ 3॥ {ਪੰਨਾ 472}
ਰਾਗੁ ਗਉੜੀ ਗੁਆਰੇਰੀ ਮਹਲਾ 3 ਅਸਟਪਦੀਆ
ੴ ਸਤਿਗੁਰ ਪ੍ਰਸਾਦਿ॥ ਮਨ ਕਾ ਸੂਤਕੁ ਦੂਜਾ ਭਾਉ॥ ਭਰਮੇ ਭੂਲੇ ਆਵਉ ਜਾਉ॥ 1॥
ਮਨਮੁਖਿ ਸੂਤਕੁ ਕਬਹਿ ਨ ਜਾਇ॥ ਜਿਚਰੁ ਸਬਦਿ ਨ ਭੀਜੈ ਹਰਿ ਕੈ ਨਾਇ॥ 1॥ ਰਹਾਉ॥ ਸਭੋ ਸੂਤਕੁ ਜੇਤਾ
ਮੋਹੁ ਆਕਾਰੁ॥ ਮਰਿ ਮਰਿ ਜੰਮੈ ਵਾਰੋ ਵਾਰ॥ 2॥ ਸੂਤਕੁ ਅਗਨਿ ਪਉਣੈ ਪਾਣੀ ਮਾਹਿ॥ ਸੂਤਕੁ ਭੋਜਨੁ
ਜੇਤਾ ਕਿਛੁ ਖਾਹਿ॥ 3॥ ਸੂਤਕਿ ਕਰਮ ਨ ਪੂਜਾ ਹੋਇ॥ ਨਾਮਿ ਰਤੇ ਮਨੁ ਨਿਰਮਲੁ ਹੋਇ॥ 4॥ ਸਤਿਗੁਰੁ
ਸੇਵਿਐ ਸੂਤਕੁ ਜਾਇ॥ ਮਰੈ ਨ ਜਨਮੈ ਕਾਲੁ ਨ ਖਾਇ॥ 5॥ ਸਾਸਤ ਸਿੰਮ੍ਰਿਤਿ ਸੋਧਿ ਦੇਖਹੁ ਕੋਇ॥ ਵਿਣੁ
ਨਾਵੈ ਕੋ ਮੁਕਤਿ ਨ ਹੋਇ॥ 6॥ ਜੁਗ ਚਾਰੇ ਨਾਮੁ ਉਤਮੁ ਸਬਦੁ ਬੀਚਾਰਿ॥ ਕਲਿ ਮਹਿ ਗੁਰਮੁਖਿ ਉਤਰਸਿ
ਪਾਰਿ॥ 7॥ ਸਾਚਾ ਮਰੈ ਨ ਆਵੈ ਜਾਇ॥ ਨਾਨਕ ਗੁਰਮੁਖਿ ਰਹੈ ਸਮਾਇ॥ 8॥ 1॥ {ਪੰਨਾ 229}
ਭਗਤ ਕਬੀਰ ਜੀ: ਜਲਿ ਹੈ ਸੂਤਕੁ, ਥਲਿ ਹੈ ਸੂਤਕੁ, ਸੂਤਕ ਓਪਤਿ ਹੋਈ॥ ਜਨਮੇ
ਸੂਤਕੁ, ਮੂਏ ਫੁਨਿ ਸੂਤਕੁ, ਸੂਤਕ ਪਰਜ ਬਿਗੋਈ॥ 1॥ ਕਹੁ, ਰੇ ਪੰਡੀਆ, ਕਉਨ ਪਵੀਤਾ॥ ਐਸਾ ਗਿਆਨੁ
ਜਪਹੁ, ਮੇਰੇ ਮੀਤਾ॥ 1॥ ਰਹਾਉ॥ ਨੈਨਹੁ ਸੂਤਕੁ, ਬੈਨਹੁ ਸੂਤਕੁ, ਸੂਤਕੁ ਸ੍ਰਵਨੀ ਹੋਈ॥ ਊਠਤ ਬੈਠਤ
ਸੂਤਕੁ ਲਾਗੈ, ਸੂਤਕੁ ਪਰੈ ਰਸੋਈ॥ 2॥ ਫਾਸਨ ਕੀ ਬਿਧਿ ਸਭੁ ਕੋਊ ਜਾਨੈ, ਛੂਟਨ ਕੀ ਇਕੁ ਕੋਈ॥ ਕਹਿ
ਕਬੀਰ ਰਾਮੁ ਰਿਦੈ ਬਿਚਾਰੈ, ਸੂਤਕੁ ਤਿਨੈ ਨ ਹੋਈ॥ 3॥ 41॥ {ਪੰਨਾ 331}
ਉਪਰਲੇ ਸਲੋਕਾਂ ਵਿੱਚ ਗੁਰੂ ਨਾਨਕ ਸਾਹਿਬ ਲਿਖਦੇ ਹਨ; ਸੂਤਕੁ ਜਲਿ ਥਲਿ ਸਭ
ਹੀ ਥਾਇ॥
ਤੀਸਰੇ ਪਾਤਸ਼ਾਹ ਵੀ ਇਹੀ ਲਿਖਦੇ ਹਨ; ਸੂਤਕੁ ਅਗਨਿ ਪਉਣੈ ਪਾਣੀ ਮਾਹਿ॥
ਤੇ ਕਬੀਰ ਸਾਹਿਬ ਦਾ ਖਿਆਲ ਵੀ ਇਹੀ ਹੈ; ਜਲਿ ਹੈ ਸੂਤਕੁ, ਥਲਿ ਹੈ ਸੂਤਕੁ,
ਸੂਤਕ ਓਪਤਿ
ਹੋਈ॥ ਗੁਰੂ ਨਾਨਕ ਸਾਹਿਬ ਲਿਖਦੇ ਹਨ, ‘ਸੂਤਕੁ ਪਵੈ ਰਸੋਇ’ ਤੇ ਕਬੀਰ ਸਾਹਿਬ
ਵੀ ਇਹੀ ਲਫਜ਼ ਵਰਤਦੇ ਹਨ, ‘ਸੂਤਕੁ ਪਰੈ ਰਸੋਈ’। ਬੋਲੀ ਦੀ ਸਾਂਝ ਦੱਸਦੀ ਹੈ ਕਿ ਬਾਬਾ ਨਾਨਕ ਜੀ ਭਗਤ
ਕਬੀਰ ਦੀ ਬਾਣੀ ਦਾ ਆਪ ਉਤਾਰਾ ਕਰਕੇ ਕੇ ਆਪਣੇ ਨਾਲ ਲੈ ਆਏ ਅਤੇ ਗੁਰ ਗੱਦੀ ਦੀ ਬਖਸ਼ਿਸ਼ ਕਰਦੇ ਸਮੇਂ,
ਜੋ ਖਜਾਨਾ ਪਹਿਲੇ ਗੁਰੂ ਜੀ ਨੇ ਦੂਜੇ ਨੂੰ ਦਿੱਤਾ, ਓਹ ਇਹ ਓਹੀ ਖਜਾਨਾ ਸੀ, ਜਿਸਨੂੰ ਪੰਜਵੇਂ
ਪਾਤਸ਼ਾਹ
"ਪੀਊ ਦਾਦੇ ਕਾ ਖੋਲਿ ਡਿਠਾ ਖਜਾਨਾ" ਲਿਖਦੇ ਹਨ।
ਗੁਰੂ ਨਾਨਕ ਸਾਹਿਬ ਦਾ ਖਿਆਲ ਹੈ ਕਿ ਜਿਹੜੇ ਜੀਵ ਗਿਆਨ ਪ੍ਰਾਪਤ ਕਰਦੇ ਹਨ
ਉਨ੍ਹਾਂ ਨੂੰ ਸੂਤਕ ਲੱਗਦਾ ਹੀ ਨਹੀਂ। ਨਾਨਕ ਸੂਤਕੁ ਏਵ ਨ ਉਤਰੈ ਗਿਆਨੁ ਉਤਾਰੇ ਧੋਇ॥ 1॥ ਨਾਨਕ
ਜਿਨੀ= ਗੁਰਮੁਖਿ ਬੁਝਿਆ ਤਿਨਾ= ਸੂਤਕੁ ਨਾਹਿ॥ 3॥ ਇਹੀ ਖਿਆਲ ਤੀਸਰੇ ਗੁਰੂ ਜੀ ਦਾ ਹੈ। ਮਨਮੁਖਿ
ਸੂਤਕੁ ਕਬਹਿ ਨ ਜਾਇ॥ ਜਿਚਰੁ ਸਬਦਿ ਨ ਭੀਜੈ ਹਰਿ ਕੈ ਨਾਇ॥ 1॥ ਰਹਾਉ॥ ਤੇ ਭਗਤ ਕਬੀਰ ਜੀ ਵੀ ਇਹੀ
ਖਿਆਲ ਦਿੰਦੇ ਹਨ। ਕਹਿ ਕਬੀਰ ਰਾਮੁ ਰਿਦੈ ਬਿਚਾਰੈ, ਸੂਤਕੁ ਤਿਨੈ ਨ ਹੋਈ॥ ਖਿਆਲਾਂ ਦੀ ਤੇ ਬੋਲੀ ਦੀ
ਸਾਂਝ ਦੱਸਦੀ ਹੈ ਕਿ ਬਾਣੀ ਇਕੱਠੀ ਕਰਨ ਦਾ ਕੰਮ ਗੁਰੂ ਨਾਨਕ ਸਾਹਿਬ ਆਪ ਹੀ ਕਰ ਗਏ ਹਨ।
ਕਬੀਰ ਜੋ ਮੈ ਚਿਤਵਉ ਨਾ ਕਰੈ, ਕਿਆ ਮੇਰੇ ਚਿਤਵੇ ਹੋਇ॥ ਅਪਨਾ ਚਿਤਵਿਆ ਹਰਿ
ਕਰੈ, ਜੋ ਮੇਰੇ ਚਿਤਿ ਨ ਹੋਇ॥ 219॥ {ਪੰਨਾ 1376}
ਹੇ ਕਬੀਰ! ("ਚੀਤੁ ਨਿਰੰਜਨ ਨਾਲਿ" ਰੱਖਣ ਦੇ ਥਾਂ ਤੂੰ ਸਾਰਾ ਦਿਨ ਮਾਇਆ
ਦੀਆਂ ਹੀ ਸੋਚਾਂ ਸੋਚਦਾ ਰਹਿੰਦਾ ਹੈਂ, ਪਰ ਤੇਰੇ) ਮੇਰੇ ਸੋਚਾਂ ਸੋਚਣ ਨਾਲ ਕੁੱਝ ਨਹੀਂ ਬਣਦਾ;
ਪਰਮਾਤਮਾ ਉਹ ਕੁੱਝ ਨਹੀਂ ਕਰਦਾ ਜੋ ਮੈਂ ਸੋਚਦਾ ਹਾਂ (ਭਾਵ, ਜੋ ਅਸੀ ਸੋਚਦੇ ਰਹਿੰਦੇ ਹਾਂ)। ਪ੍ਰਭੂ
ਉਹ ਕੁੱਝ ਕਰਦਾ ਹੈ ਜੋ ਉਹ ਆਪ ਸੋਚਦਾ ਹੈ, ਤੇ ਜੋ ਕੁੱਝ ਉਹ ਪਰਮਾਤਮਾ ਸੋਚਦਾ ਹੈ ਉਹ ਅਸਾਡੇ
ਚਿੱਤ-ਚੇਤੇ ਭੀ ਨਹੀਂ ਹੁੰਦਾ। 219.
ਮ: 3॥ ਚਿੰਤਾ ਭਿ ਆਪਿ ਕਰਾਇਸੀ, ਅਚਿੰਤੁ ਭਿ ਆਪੇ ਦੇਇ॥ ਨਾਨਕ ਸੋ
ਸਾਲਾਹੀਐ, ਜਿ ਸਭਨਾ ਸਾਰ ਕਰੇਇ॥ 220॥ {ਪੰਨਾ 1376}
ਨੋਟ: — ਇਸ ਸ਼ਲੋਕ ਦਾ ਸਿਰਲੇਖ ਹੈ "ਮ: 3" ਇਹ ਗੁਰੂ ਅਮਰਦਾਸ ਜੀ ਦਾ ਲਿਖਿਆ
ਹੋਇਆ ਹੈ। ਉਪਰਲੇ ਸ਼ਲੋਕ ਨਾਲ ਰਲਾ ਕੇ ਪੜ੍ਹੋ; ਸਾਫ਼ ਦਿੱਸਦਾ ਹੈ ਕਿ ਗੁਰੂ ਅਮਰਦਾਸ ਜੀ ਨੇ ਕਬੀਰ ਜੀ
ਦੇ ਸ਼ਲੋਕ ਨੰ: 219 ਦੇ ਸੰਬੰਧ ਵਿੱਚ ਇਹ ਸ਼ਲੋਕ ਉਚਾਰਿਆ ਹੈ। ਸੋ, ਕਬੀਰ ਜੀ ਦੇ ਸ਼ਲੋਕ ਗੁਰੂ ਅਮਰਦਾਸ
ਜੀ ਦੇ ਪਾਸ ਮੌਜੂਦ ਸਨ। ਇਹ ਸਾਖੀ ਗ਼ਲਤ ਹੈ ਕਿ ਭਗਤਾਂ ਦੀ ਬਾਣੀ ਗੁਰੂ ਅਰਜਨ ਸਾਹਿਬ ਨੇ ਇਕੱਠੀ
ਕੀਤੀ ਸੀ।
ਮ: 5॥ ਕਬੀਰ ਰਾਮੁ ਨ ਚੇਤਿਓ, ਫਿਰਿਆ ਲਾਲਚ ਮਾਹਿ॥ ਪਾਪ ਕਰੰਤਾ ਮਰਿ ਗਇਆ,
ਅਉਧ ਪੁਨੀ ਖਿਨ ਮਾਹਿ॥ 221॥ {ਪੰਨਾ 1376}
ਨੋਟ: — ਇਹ ਸ਼ਲੋਕ ਗੁਰੂ ਅਰਜਨ ਸਾਹਿਬ ਦਾ ਹੈ, ਇਸ ਦਾ ਸੰਬੰਧ ਭੀ ਕਬੀਰ ਜੀ
ਦੇ ਸ਼ਲੋਕ ਨੰ: 219 ਨਾਲ ਹੈ।
ਕਬੀਰ ਘਾਣੀ ਪੀੜਤੇ, ਸਤਿਗੁਰ ਲੀਏ ਛਡਾਇ॥ ਪਰਾ ਪੂਰਬਲੀ ਭਾਵਨੀ, ਪਰਗਟੁ ਹੋਈ
ਆਇ॥ 207॥ {ਪੰਨਾ 1375}
ਕਬੀਰ ਟਾਲੈ ਟੋਲੈ ਦਿਨੁ ਗਇਆ, ਬਿਆਜੁ ਬਢੰਤਉ ਜਾਇ॥ ਨਾ ਹਰਿ ਭਜਿਓ ਨ ਖਤੁ
ਫਟਿਓ, ਕਾਲੁ ਪਹੂੰਚੋ ਆਇ॥ 208॥ (ਪੰਨਾ 1375)
ਮਹਲਾ 5॥ ਕਬੀਰ ਕੂਕਰੁ ਭਉਕਨਾ, ਕਰੰਗ ਪਿਛੈ ਉਠਿ ਧਾਇ॥ ਕਰਮੀ ਸਤਿਗੁਰੁ
ਪਾਇਆ, ਜਿਨਿ ਹਉ ਲੀਆ ਛਡਾਇ॥ 209॥ {ਪੰਨਾ 1375}
ਨੋਟ: — ਇਹ ਸ਼ਲੋਕ ਨੰ: 209 ਅਤੇ ਇਸ ਤੋਂ ਅਗਲੇ ਦੋ ਹੋਰ ਸ਼ਲੋਕ ਨੰ: 210
ਅਤੇ 211 ਗੁਰੂ ਅਰਜਨ ਸਾਹਿਬ ਦੇ ਹਨ, ਕਿਉਂਕਿ ਇਹਨਾਂ ਤਿੰਨਾਂ ਹੀ ਸ਼ਲੋਕਾਂ ਦਾ ਸਿਰ-ਲੇਖ ‘ਮਹਲਾ 5’
ਹੈ।
ਸ਼ਲੋਕ ਨੰ: 207 ਵਿੱਚ ਕਬੀਰ ਜੀ ਨੇ ਆਖਿਆ ਹੈ ਕਿ ਜਿਨ੍ਹਾਂ ਨੂੰ ਸਤਿਗੁਰੂ
ਮਿਲ ਪੈਂਦਾ ਹੈ, ਉਹਨਾਂ ਨੂੰ ਉਹ ਵਿਕਾਰਾਂ ਤੇ ਆਸਾਂ ਦੇ ਗੇੜ ਵਿਚੋਂ ਕੱਢ ਲੈਂਦਾ ਹੈ। ਸ਼ਲੋਕ ਨੰ:
208 ਵਿੱਚ ਆਖਦੇ ਹਨ ਕਿ ਜਿਨ੍ਹਾਂ ਨੂੰ ਗੁਰੂ ਨਹੀਂ ਮਿਲਦਾ, ਉਹ ਪ੍ਰਭੂ ਦਾ ਸਿਮਰਨ ਨਹੀਂ ਕਰ ਸਕਦੇ,
ਤੇ ਨਾ ਹੀ ਵਿਕਾਰਾਂ ਤੇ ਆਸਾਂ ਤੋਂ ਉਹਨਾਂ ਦੀ ਖ਼ਲਾਸੀ ਹੋ ਸਕਦੀ ਹੈ। ਕਬੀਰ ਜੀ ਦੇ ਇਸੇ ਹੀ ਖ਼ਿਆਲ
ਨੂੰ ਗੁਰੂ ਅਰਜਨ ਸਾਹਿਬ ਹੋਰ ਖੋਲ੍ਹ ਕੇ ਬਿਆਨ ਕਰਦੇ ਹਨ ਕਿ ਗੁਰੂ ਤੋਂ ਬਿਨਾਂ ਇਹ ਜੀਵ ਟਾਲ-ਮਟੌਲੇ
ਕਰਨ ਤੇ ਮਜਬੂਰ ਹੈ ਕਿਉਂਕਿ ਇਸ ਦਾ ਸੁਭਾਉ ਕੁੱਤੇ ਵਰਗਾ ਹੈ, ਇਸ ਦੀ ਵਾਦੀ ਹੀ ਇਹ ਹੈ ਕਿ ਹਰ ਵੇਲੇ
ਮੁਰਦਾਰ ਦੇ ਪਿੱਛੇ ਦੌੜਦਾ ਫਿਰੇ। ਜਿਸ ਉਤੇ ਪ੍ਰਭੂ ਦੀ ਆਪਣੀ ਮੇਹਰ ਹੋਵੇ ਉਸ ਨੂੰ ਸਤਿਗੁਰੂ ਮਿਲਦਾ
ਹੈ, ਉਹ ਹੀ ਇਹਨਾਂ ਵਿਕਾਰਾਂ ਤੇ ਆਸਾਂ ਤੋਂ ਬਚਦਾ ਹੈ।
ਹੇ ਕਬੀਰ! ਭੌਂਕਣ ਵਾਲਾ (ਭਾਵ, ਲਾਲਚ ਦਾ ਮਾਰਿਆ) ਕੁੱਤਾ ਸਦਾ ਮੁਰਦਾਰ ਵੱਲ
ਦੌੜਦਾ ਹੈ (ਇਸੇ ਤਰ੍ਹਾਂ ਵਿਕਾਰਾਂ ਤੇ ਆਸਾਂ ਵਿੱਚ ਫਸਿਆ ਮਨੁੱਖ ਸਦਾ ਵਿਕਾਰਾਂ ਤੇ ਆਸਾਂ ਵੱਲ ਹੀ
ਦੌੜਦਾ ਹੈ, ਤਾਹੀਏਂ ਇਹ ਸਿਮਰਨ ਵਲੋਂ ਟਾਲ-ਮਟੌਲੇ ਕਰਦਾ ਹੈ)। ਮੈਨੂੰ ਪਰਮਾਤਮਾ ਦੀ ਮੇਹਰ ਨਾਲ
ਸਤਿਗੁਰੂ ਮਿਲ ਪਿਆ ਹੈ, ਉਸ ਨੇ ਮੈਨੂੰ (ਇਹਨਾਂ ਵਿਕਾਰਾਂ ਤੇ ਆਸਾਂ ਦੇ ਪੰਜੇ ਤੋਂ) ਛੁਡਾ ਲਿਆ ਹੈ।
209.
ਮਹਲਾ 5॥ ਕਬੀਰ ਧਰਤੀ ਸਾਧ ਕੀ, ਤਸਕਰ ਬੈਸਹਿ ਗਾਹਿ॥ ਧਰਤੀ ਭਾਰਿ ਨ ਬਿਆਪਈ,
ਉਨ ਕਉ ਲਾਹੂ ਲਾਹਿ॥ 210॥ {ਪੰਨਾ 1375}
ਨੋਟ —ਸ਼ਲੋਕ ਨੰ: 209 ਵਾਲੇ ਹੀ ਖ਼ਿਆਲ ਨੂੰ ਜਾਰੀ ਰੱਖਿਆ ਗਿਆ ਹੈ। ਵਿਕਾਰੀ
ਬੰਦਿਆਂ ਦਾ ਜ਼ੋਰ ਗੁਰੂ ਅਤੇ ਗੁਰ-ਸੰਗਤਿ ਉੱਤੇ ਨਹੀਂ ਪੈ ਸਕਦਾ, ਕਿਉਂਕਿ ਗੁਰੂ ਮਹਾਨ ਉੱਚਾ ਹੈ। ਪਰ
ਹਾਂ, ਸਤਿਗੁਰੂ ਤੇ ਉਸ ਦੀ ਸੰਗਤਿ ਦੀ ਬਰਕਤਿ ਨਾਲ ਵਿਕਾਰੀਆਂ ਨੂੰ ਜ਼ਰੂਰ ਲਾਭ ਅੱਪੜਦਾ ਹੈ।
ਹੇ ਕਬੀਰ! ਜੇ ਵਿਕਾਰੀ ਮਨੁੱਖ (ਚੰਗੇ ਭਾਗਾਂ ਨਾਲ) ਹੋਰ ਝਾਕ ਛੱਡ ਕੇ
ਸਤਿਗੁਰੂ ਦੀ ਸੰਗਤਿ ਵਿੱਚ ਆ ਬੈਠਣ, ਤਾਂ ਵਿਕਾਰੀਆਂ ਦਾ ਅਸਰ ਉਸ ਸੰਗਤਿ ਉਤੇ ਨਹੀਂ ਪੈਂਦਾ। ਹਾਂ,
ਵਿਕਾਰੀ ਬੰਦਿਆਂ ਨੂੰ ਜ਼ਰੂਰ ਲਾਭ ਅੱਪੜਦਾ ਹੈ, ਉਹ ਵਿਕਾਰੀ ਬੰਦੇ ਜ਼ਰੂਰ ਲਾਭ ਉਠਾਂਦੇ ਹਨ। 210.
ਮਹਲਾ 5॥ ਕਬੀਰ ਚਾਵਲ ਕਾਰਨੇ, ਤੁਖ ਕਉ ਮੁਹਲੀ ਲਾਇ॥ ਸੰਗਿ ਕੁਸੰਗੀ ਬੈਸਤੇ,
ਤਬ ਪੂਛੈ ਧਰਮਰਾਇ॥ 211॥ {ਪੰਨਾ 1375}
ਨੋਟ—ਸ਼ਲੋਕ ਨੰ: 210 ਵਿੱਚ ‘ਸਾਧ ਕੀ ਧਰਤੀ’ ਅਤੇ ‘ਤਸਕਰ’ ਦੀ ਮਿਸਾਲ ਦੇ ਕੇ
ਕਬੀਰ ਜੀ ਨੇ ਆਖਿਆ ਹੈ ਕਿ ‘ਤਸਕਰਾਂ’ ਦਾ ਅਸਰ ‘ਧਰਤੀ’ ਉਤੇ ਨਹੀਂ ਪੈ ਸਕਦਾ। ਕਿਉਂ? ਇਸ ਵਾਸਤੇ ਕਿ
‘ਧਰਤੀ’ ਦਾ ਭਾਰ ‘ਤਸਕਰਾਂ’ ਦੇ ਭਾਰ ਨਾਲੋਂ ਬਹੁਤ ਵਧੀਕ ਹੈ। ‘ਸਾਧ ਕੀ ਧਰਤੀ’ ਭਾਰੀ ਹੈ, ਬਲ ਵਾਲੀ
ਹੈ, ਇਸ ਵਾਸਤੇ ਤਸਕਰ ਜ਼ੋਰ ਨਹੀਂ ਪਾ ਸਕਦੇ। ਜੇ ਭਲਾਈ ਵਾਲਾ ਪਾਸਾ ਤਕੜਾ ਹੋਵੇ, ਤਾਂ ਉਥੇ ਵਿਕਾਰੀ
ਬੰਦੇ ਭੀ ਆ ਕੇ ਭਲਾਈ ਵੱਲ ਪਰਤ ਪੈਂਦੇ ਹਨ।
ਨੰ: 211 ਵਿੱਚ `ਚਾਵਲ’ ਅਤੇ ‘ਤੁਖ’ ਦੀ ਮਿਸਾਲ ਹੈ। ਵਜ਼ਨ ਵਿੱਚ `ਚਾਵਲ’
ਭਾਰਾ ਹੈ ‘ਤੁਖ’ ਹੌਲਾ ਹੈ। ‘ਤੁਖ’ (ਤੋਹ) ਕਮਜ਼ੋਰ ਹੋਣ ਕਰਕੇ ਮਾਰ ਖਾਂਦਾ ਹੈ; ਇਸੇ ਤਰ੍ਹਾਂ
ਵਿਕਾਰੀਆਂ ਦੇ ਤਕੜੇ ਇਕੱਠ ਵਿੱਚ ਜੇ ਕੋਈ ਸਾਧਾਰਨ ਜਿਹਾ ਮਨੁੱਖ (ਭਾਵੇਂ ਉਹ ਭਲਾ ਹੀ ਹੋਵੇ, ਪਰ
ਉਹਨਾਂ ਦੇ ਟਾਕਰੇ ਤੇ ਕਮਜ਼ੋਰ-ਦਿਲ ਹੋਵੇ) ਬੈਠਣਾ ਸ਼ੁਰੂ ਕਰ ਦੇਵੇ, ਤਾਂ ਉਹ ਭੀ ਉਸੇ ਸੁਭਾਵ ਦਾ ਬਣ
ਕੇ ਵਿਕਾਰਾਂ ਤੋਂ ਮਾਰ ਖਾਂਦਾ ਹੈ।
ਨਾਮਾ ਮਾਇਆ ਮੋਹਿਆ, ਕਹੈ ਤਿਲੋਚਨੁ ਮੀਤ॥ ਕਾਹੇ ਛੀਪਹੁ ਛਾਇਲੈ, ਰਾਮ ਨ
ਲਾਵਹੁ ਚੀਤੁ॥ 212॥ ਨਾਮਾ ਕਹੈ ਤਿਲੋਚਨਾ, ਮੁਖ ਤੇ ਰਾਮੁ ਸੰਮਾ=ਲਿ॥ ਹਾਥ ਪਾਉ ਕਰਿ ਕਾਮੁ ਸਭੁ,
ਚੀਤੁ ਨਿਰੰਜਨ ਨਾਲਿ॥ 213॥ (ਪੰਨਾ 1375-1376)
ਨੋਟ: — ‘ਮਹਲਾ 5’ ਦੇ ਸ਼ਲੋਕ ਸਿਰਫ਼ ਤਿੰਨ ਸਨ—ਨੰ: 209, 210, 211. ਹੁਣ
ਫਿਰ ਕਬੀਰ ਜੀ ਦੇ ਉਚਾਰੇ ਹੋਏ ਸ਼ਲੋਕ ਹਨ, ਕਿਉਂਕਿ ਇਹਨਾਂ ਦਾ ਸਿਰ-ਲੇਖ ‘ਮਹਲਾ 5’ ਨਹੀਂ ਹੈ।
ਇਹਨਾਂ ਸ਼ਲੋਕਾਂ ਵਿੱਚ ਕਬੀਰ ਜੀ ਭਗਤ ਨਾਮਦੇਵ ਜੀ, ਰਵਿਦਾਸ ਜੀ ਅਤੇ ਭਗਤ
ਤ੍ਰਿਲੋਚਨ ਜੀ ਦਾ ਜ਼ਿਕਰ ਕਰਦੇ ਹਨ। ਇਸ ਗੱਲ ਤੋਂ ਇਹ ਸਾਬਤ ਹੋਇਆ ਕਿ ਇਹ ਦੋਵੇਂ ਭਗਤ ਕਬੀਰ ਜੀ ਦੇ
ਸਮਕਾਲੀ ਹੋਏ ਹਨ। ਨਾਮਦੇਵ ਜੀ ਬੰਬਈ ਪ੍ਰਾਂਤ ਦੇ ਜ਼ਿਲਾ ਸਤਾਰਾ ਤੇ ਰਵਿਦਾਸ ਜੀ ਕਾਸ਼ੀ ਬਨਾਰਸ ਦੇ
ਰਹਿਣ ਵਾਲੇ ਸਨ ਫਿਰ ਵੀ ਇਹ ਇਤਨੇ ਉੱਘੇ ਹੋ ਚੁਕੇ ਸਨ ਕਿ ਬਨਾਰਸ ਦੇ ਵਸਨੀਕ ਕਬੀਰ ਜੀ ਇਹਨਾਂ ਨੂੰ
ਜਾਣਦੇ ਸਨ।
ਮਹਲਾ 5॥ ਕਬੀਰਾ ਹਮਰਾ ਕੋ ਨਹੀ, ਹਮ ਕਿਸ ਹੂ ਕੇ ਨਾਹਿ॥ ਜਿਨਿ ਇਹੁ ਰਚਨ
ਰਚਾਇਆ, ਤਿਸ ਹੀ ਮਾਹਿ ਸਮਾਹਿ॥ 214॥ {ਪੰਨਾ 1376}
ਨੋਟ: — ਇਹ ਸ਼ਲੋਕ ਭੀ ਸਤਿਗੁਰੂ ਅਰਜਨ ਸਾਹਿਬ ਜੀ ਦਾ ਹੈ, ਜਿਵੇਂ ਕਿ ਇਸ ਦੇ
ਸਿਰ-ਲੇਖ ‘ਮਹਲਾ 5’ ਤੋਂ ਸਾਫ਼ ਪਰਗਟ ਹੈ। ਕਬੀਰ ਜੀ ਦੇ ਸ਼ਲੋਕ ਨੰ: 213 ਦੀ ਵਿਆਖਿਆ ਵਾਸਤੇ ਹੈ। ਜੋ
ਉੱਤਰ ਨਾਮਦੇਵ ਜੀ ਨੇ ਤ੍ਰਿਲੋਚਨ ਜੀ ਨੂੰ ਦਿੱਤਾ ਸੀ, ਉਸ ਦਾ ਹਵਾਲਾ ਦੇ ਕੇ ਕਬੀਰ ਜੀ ਆਖਦੇ ਹਨ ਕਿ
ਦੁਨੀਆ ਦੀ ਕਿਰਤ-ਕਾਰ ਨਹੀਂ ਛੱਡਣੀ, ਇਹ ਕਰਦਿਆਂ ਹੋਇਆਂ ਹੀ ਅਸਾਂ ਆਪਣਾ ਚਿੱਤ ਇਸ ਤੋਂ ਵੱਖਰਾ
ਰੱਖਣਾ ਹੈ।
ਸਲੋਕੁ॥ ਕਬੀਰ ਮੁਕਤਿ ਦੁਆਰਾ ਸੰਕੁੜਾ ਰਾਈ ਦਸਵੈ ਭਾਇ॥ ਮਨੁ ਤਉ ਮੈਗਲੁ ਹੋਇ
ਰਹਾ ਨਿਕਸਿਆ ਕਿਉ ਕਰਿ ਜਾਇ॥ ਐਸਾ ਸਤਿਗੁਰੁ ਜੇ ਮਿਲੈ ਤੁਠਾ ਕਰੇ ਪਸਾਉ॥ ਮੁਕਤਿ ਦੁਆਰਾ ਮੋਕਲਾ
ਸਹਜੇ ਆਵਉ ਜਾਉ॥ 1॥ {ਪੰਨਾ 509} ਕਬੀਰ ਜੀ ਦਾ ਇਹੀ ਸਲੋਕ ਥੋੜੇ ਜਿਹੇ ਫਰਕ ਨਾਲ ਪੰਨਾ 1367 ਤੇ
ਦਰਜ਼ ਹੈ।
ਕਬੀਰ ਮੁਕਤਿ ਦੁਆਰਾ ਸੰਕੁਰਾ, ਰਾਈ ਦਸਏਂ ਭਾਇ॥ ਮਨੁ ਤਉ ਮੈਗਲੁ ਹੋਇ ਰਹਿਓ,
ਨਿਕਸੋ ਕਿਉ ਕੈ ਜਾਇ॥ 58॥ ਕਬੀਰ ਐਸਾ ਸਤਿਗੁਰੁ ਜੇ ਮਿਲੈ, ਤੁਠਾ ਕਰੇ ਪਸਾਉ॥ ਮੁਕਤਿ ਦੁਆਰਾ
ਮੋਕਲਾ, ਸਹਜੇ ਆਵਉ ਜਾਉ॥ 59॥ {ਪੰਨਾ 1367}
ਮਃ 3॥ ਨਾਨਕ ਮੁਕਤਿ ਦੁਆਰਾ ਅਤਿ ਨੀਕਾ ਨਾਨਾ= ਹੋਇ ਸੁ ਜਾਇ॥ ਹਉਮੈ ਮਨੁ
ਅਸਥੂਲੁ ਹੈ ਕਿਉ ਕਰਿ ਵਿਚੁ ਦੇ ਜਾਇ॥ ਸਤਿਗੁਰ ਮਿਲਿਐ ਹਉਮੈ ਗਈ ਜੋਤਿ ਰਹੀ ਸਭ ਆਇ॥ ਇਹੁ ਜੀਉ ਸਦਾ
ਮੁਕਤੁ ਹੈ ਸਹਜੇ ਰਹਿਆ ਸਮਾਇ॥ 2॥ {ਪੰਨਾ 509}
ਨੋਟ
:
—ਕਬੀਰ ਜੀ ਨੇ ਲਿਖਿਆ "ਮਨ ਤਉ ਮੈਗਲੁ ਹੋਇ ਰਹਾ"। ਗੁਰੂ ਅਮਰਦਾਸ ਜੀ ਨੇ ਇਸ ਦੀ ਵਿਆਖਿਆ ਕੀਤੀ ਹੈ
ਕਿ "ਹਉਮੈ ਮਨੁ ਅਸਥੂਲੁ ਹੈ"; ‘ਮੈਗਲੁ’ ਬਣਨ ਦਾ ਕਾਰਣ ਹੈ ‘ਹਉਮੈ’।
ਭੈਰਉ ਮਹਲਾ 5॥ ਵਰਤ ਨ ਰਹਉ ਨ ਮਹ ਰਮਦਾਨਾ॥ ਤਿਸੁ ਸੇਵੀ ਜੋ ਰਖੈ ਨਿਦਾਨਾ॥
1॥ ਏਕੁ ਗੁਸਾਈ ਅਲਹੁ ਮੇਰਾ॥ ਹਿੰਦੂ ਤੁਰਕ ਦੁਹਾਂ ਨੇਬੇਰਾ॥ 1॥ ਰਹਾਉ॥ ਹਜ ਕਾਬੈ ਜਾਉ ਨ ਤੀਰਥ
ਪੂਜਾ॥ ਏਕੋ ਸੇਵੀ ਅਵਰੁ ਨ ਦੂਜਾ॥ 2॥ ਪੂਜਾ ਕਰਉ ਨ ਨਿਵਾਜ ਗੁਜਾਰਉ॥ ਏਕ ਨਿਰੰਕਾਰ ਲੇ ਰਿਦੈ
ਨਮਸਕਾਰਉ॥ 3॥ ਨਾ ਹਮ ਹਿੰਦੂ ਨ ਮੁਸਲਮਾਨ॥ ਅਲਹ ਰਾਮ ਕੇ ਪਿੰਡੁ ਪਰਾਨ॥ 4॥ ਕਹੁ ਕਬੀਰ ਇਹੁ ਕੀਆ
ਵਖਾਨਾ॥ ਗੁਰ ਪੀਰ ਮਿਲਿ ਖੁਦਿ ਖਸਮੁ ਪਛਾਨਾ॥ 5॥ 3॥ {ਪੰਨਾ 1136}
ਨੋਟ
:
—ਇਸ ਸ਼ਬਦ ਦਾ ਸਿਰਲੇਖ ਹੈ ‘ਮਹਲਾ 5’ ।
ਪਰ ਅਖ਼ੀਰ ਤੇ ਲਫ਼ਜ਼ ‘ਨਾਨਕ’ ਦੇ ਥਾਂ ‘ਕਬੀਰ’ ਹੈ ।
ਇਸ ਦਾ ਭਾਵ ਇਹ ਹੈ ਕਿ ਇਹ ਸ਼ਬਦ ਗੁਰੂ ਅਰਜਨ ਸਾਹਿਬ ਜੀ ਦਾ ਆਪਣਾ ਲਿਖਿਆ ਹੋਇਆ ਹੈ, ਪਰ ਹੈ ਇਹ
ਕਬੀਰ ਜੀ ਦੇ ਕਿਸੇ ਸ਼ਬਦ ਦੇ ਪਰਥਾਇ ।
ਹੁਣ ਵੇਖੋ ਇਸੇ ਰਾਗ ਵਿੱਚ ਕਬੀਰ ਜੀ ਦਾ ਸ਼ਬਦ ਨੰਬਰ 7 ।
ਉਸ ਵਿਚੋਂ ਹੇਠ-ਲਿਖੀਆਂ ਤੁਕਾਂ ਪੜ੍ਹ ਕੇ ਗੁਰੂ ਅਰਜਨ ਸਾਹਿਬ ਦੇ ਇਸ ਸ਼ਬਦ ਨਾਲ ਰਲਾਓ—
ਹਮਰਾ ਝਗਰਾ ਰਹਾ ਨ ਕੋਊ॥ ਪੰਡਿਤ ਮੁਲਾਂ ਛਾਡੇ ਦੋਊ॥ 1॥ ਰਹਾਉ॥ … ਪੰਡਿਤ
ਮੁਲਾਂ ਜੋ ਲਿਖਿ ਦੀਆ॥ ਛਾਡਿ ਚਲੇ ਹਮ ਕਛੂ ਨ ਲੀਆ॥ 3॥
ਗੁਰੂ ਅਰਜਨ ਸਾਹਿਬ ਆਪਣੇ ਸ਼ਬਦ ਵਿੱਚ ਕਬੀਰ ਜੀ ਦੇ ਦਿੱਤੇ ਖ਼ਿਆਲ ਦੀ ਵਿਆਖਿਆ
ਕਰ ਰਹੇ ਹਨ
।
ਬਾਬਾ ਫਰੀਦ ਜੀ ਤੇ ਗੁਰੂ ਸਹਿਬਾਨ ਦੀ ਬਾਣੀ `ਚ ਆਪਸੀ ਸਾਂਝ।
ਸਾਹੁਰੈ ਢੋਈ ਨਾ ਲਹੈ, ਪੇਈਐ ਨਾਹੀ ਥਾਉ॥ ਪਿਰੁ ਵਾਤੜੀ ਨ ਪੁਛਈ, ਧਨ
ਸੋਹਾਗਣਿ ਨਾਉ॥ 31॥ {ਪੰਨਾ 1379}
ਸਾਹੁਰੈ ਪੇਈਐ ਕੰਤ ਕੀ, ਕੰਤੁ ਅਗੰਮੁ ਅਥਾਹੁ॥ ਨਾਨਕ ਸੋ ਸੋਹਾਗਣੀ, ਜੁ
ਭਾਵੈ ਬੇਪਰਵਾਹ॥ 32॥ {ਪੰਨਾ 1379}
ਨੋਟ: — ਇਹ ਸ਼ਲੋਕ ਗੁਰੂ ਨਾਨਕ ਦੇਵ ਜੀ ਦਾ ਹੈ, ‘ਵਾਰ ਮਾਰੂ ਮ: 3’ ਦੀ
ਛੇਵੀਂ ਪਉੜੀ ਵਿੱਚ ਭੀ ਇਹ ਸ਼ਲੋਕ ਦਰਜ ਹੈ, ਕਈ ਲਫ਼ਜ਼ਾਂ ਦਾ ਫ਼ਰਕ ਹੈ, ਓਥੇ ਇਹ ਸ਼ਲੋਕ ਇਉਂ ਹੈ: —
ਮ: 1॥ ਸਸੁਰੈ ਪੇਈਐ ਕੰਤ ਕੀ, ਕੰਤੁ ਅਗੰਮੁ ਅਥਾਹੁ॥ ਨਾਨਕ ਧੰਨੁ ਸ+ਹਾਗਣੀ
ਜੋ ਭਾਵਹਿ ਵੇਪਰਵਾਹੁ॥ 2॥ 6॥ {ਪੰਨਾ 1379}
ਫਰੀਦਾ ਰਤੀ ਰਤੁ ਨ ਨਿਕਲੈ, ਜੇ ਤਨੁ ਚੀਰੈ ਕੋਇ॥ ਜੋ ਤਨ ਰਤੇ ਰਬ ਸਿਉ, ਤਿਨ
ਤਨਿ ਰਤੁ ਨ ਹੋਇ॥ 51॥ {ਪੰਨਾ 1380}
ਸਲੋਕ ਮਃ 3॥ ਇਹੁ ਤਨੁ ਸਭੋ ਰਤੁ ਹੈ ਰਤੁ ਬਿਨੁ ਤੰਨੁ ਨ ਹੋਇ॥ ਜੋ ਸਹਿ ਰਤੇ
ਆਪਣੈ ਤਿਨ ਤਨਿ ਲੋਭ ਰਤੁ ਨ ਹੋਇ॥ ਭੈ ਪਇਐ ਤਨੁ ਖੀਣੁ ਹੋਇ ਲੋਭ ਰਤੁ ਵਿਚਹੁ ਜਾਇ॥ ਜਿਉ ਬੈਸੰਤਰਿ
ਧਾਤੁ ਸੁਧੁ ਹੋਇ ਤਿਉ ਹਰਿ ਕਾ ਭਉ ਦੁਰਮਤਿ ਮੈਲੁ ਗਵਾਇ॥ ਨਾਨਕ ਤੇ ਜਨ ਸੋਹਣੇ ਜੋ ਰਤੇ ਹਰਿ ਰੰਗੁ
ਲਾਇ॥ 1॥ {ਪੰਨਾ 949-950}
ਫਰੀਦਾ ਪਾੜਿ ਪਟੋਲਾ ਧਜ ਕਰੀ, ਕੰਬਲੜੀ ਪਹਿਰੇਉ॥ ਜਿਨੀ= ਵੇਸੀ ਸਹੁ ਮਿਲੈ,
ਸੇਈ ਵੇਸ ਕਰੇਉ॥ 103॥ {ਪੰਨਾ 1383}
ਮ: 3॥ ਕਾਇ ਪਟੋਲਾ ਪਾੜਤੀ, ਕੰਬਲੜੀ ਪਹਿਰੇਇ॥ ਨਾਨਕ ਘਰ ਹੀ ਬੈਠਿਆ ਸਹੁ
ਮਿਲੈ, ਜੇ ਨੀਅਤਿ ਰਾਸਿ ਕਰੇਇ॥ 104॥ {ਪੰਨਾ 1383}
ਮ: 5॥ ਫਰੀਦਾ ਗਰਬੁ ਜਿਨਾ= ਵਡਿਆਈਆ, ਧਨਿ ਜੋਬਨਿ ਆਗਾਹ॥ ਖਾਲੀ ਚਲੇ ਧਣੀ
ਸਿਉ, ਟਿਬੇ ਜਿਉ ਮੀਹਾਹੁ॥ 105॥ {ਪੰਨਾ 1383}
ਫਰੀਦਾ ਪਿਛਲ ਰਾਤਿ ਨ ਜਾਗਿਓਹਿ, ਜੀਵਦੜੋ ਮੁਇਓਹਿ॥ ਜੇ ਤੈ ਰਬੁ ਵਿਸਾਰਿਆ,
ਤ ਰਬਿ ਨ ਵਿਸਰਿਓਹਿ॥ 107॥ (ਪੰਨਾ 1383)
ਹੇ ਫਰੀਦ! ਜੇ ਤੂੰ ਅੰਮ੍ਰਿਤ ਵੇਲੇ ਨਹੀਂ ਜਾਗਿਆ ਤਾਂ (ਇਹ ਕੋਝਾ ਜੀਵਨ)
ਜਿਊਂਦਾ ਹੀ ਤੂੰ ਮਰਿਆ ਹੋਇਆ ਹੈਂ। ਜੇ ਤੂੰ ਰੱਬ ਨੂੰ ਭੁਲਾ ਦਿੱਤਾ ਹੈ, ਤਾਂ ਰੱਬ ਨੇ ਤੈਨੂੰ ਨਹੀਂ
ਭੁਲਾਇਆ (ਭਾਵ, ਪਰਮਾਤਮਾ ਹਰ ਵੇਲੇ ਤੇਰੇ ਅਮਲਾਂ ਨੂੰ ਵੇਖ ਰਿਹਾ ਹੈ)। 107.
ਨੋਟ: — ਪਿਛਲੀ ਰਾਤੇ ਕਿਉਂ ਜਾਗਣਾ ਹੈ? ਇਹ ਗੱਲ ਫਰੀਦ ਜੀ ਨੇ ਸਿਰਫ਼
ਇਸ਼ਾਰੇ-ਮਾਤ੍ਰ ਕਹੀ ਹੈ— ‘ਜੇ ਤੈ ਰਬੁ ਵਿਸਾਰਿਆ’, ਭਾਵ, ਪਿਛਲੀ ਰਾਤੇ ਜਾਗ ਕੇ ਰੱਬ ਨੂੰ ਯਾਦ ਕਰਨਾ
ਹੈ। ਗੁਰੂ ਅਰਜਨ ਦੇਵ ਜੀ ਫਰੀਦ ਜੀ ਦੇ ਇਸ ਭਾਵ ਨੂੰ ਅਗਲੇ ਸ਼ਲੋਕਾਂ ਵਿੱਚ ਵਧੀਕ ਸਪਸ਼ਟ ਕਰਦੇ ਹਨ।
ਮ: 5॥ ਫਰੀਦਾ ਕੰਤੁ ਰੰਗਾਵਲਾ, ਵਡਾ ਵੇਮੁਹਤਾਜੁ॥ ਅਲਹ ਸੇਤੀ ਰਤਿਆ, ਏਹੁ
ਸਚਾਵਾਂ ਸਾਜੁ॥ 108॥ {ਪੰਨਾ 1383}
ਹੇ ਫਰੀਦ! ਖਸਮ (ਪਰਮਾਤਮਾ) ਸੋਹਣਾ ਹੈ ਤੇ ਬੜਾ ਬੇ-ਮੁਥਾਜ ਹੈ। (ਅੰਮ੍ਰਿਤ
ਵੇਲੇ ਉੱਠ ਕੇ) ਜੇ ਰੱਬ ਨਾਲ ਰੰਗੇ ਜਾਈਏ ਤਾਂ (ਮਨੁੱਖ ਨੂੰ ਭੀ) ਰੱਬ ਵਾਲਾ ਇਹ (ਸੋਹਣਾ ਤੇ
ਬੇ-ਮੁਥਾਜੀ ਵਾਲਾ) ਰੂਪ ਮਿਲ ਜਾਂਦਾ ਹੈ (ਭਾਵ, ਮਨੁੱਖ ਦਾ ਮਨ ਸੁੰਦਰ ਹੋ ਜਾਂਦਾ ਹੈ, ਤੇ ਇਸ ਨੂੰ
ਕਿਸੇ ਦੀ ਮੁਥਾਜੀ ਨਹੀਂ ਰਹਿੰਦੀ)। 108.
ਪਹਿਲੈ ਪਹਰੈ ਫੁਲੜਾ, ਫਲੁ ਭੀ ਪਛਾ ਰਾਤਿ॥ ਜੋ ਜਾਗੰਨਿ=, ਲਹੰਨਿ ਸੇ, ਸਾਈ
ਕੰਨੋ ਦਾਤਿ॥ 112॥ {ਪੰਨਾ 1384}
ਨੋਟ: — ਅੰਮ੍ਰਿਤ ਵੇਲੇ ਉੱਠਣ ਬਾਰੇ ਇਥੇ ਫਰੀਦ ਜੀ ਦੇ ਸਿਰਫ਼ ਦੋ ਸ਼ਲੋਕ
ਹਨ—ਨੰ: 107 ਅਤੇ ਇਹ ਨੰ: 112. ਸ਼ਲੋਕ ਨੰ: 108, 109, 110 ਅਤੇ 111 ਗੁਰੂ ਅਰਜਨ ਦੇਵ ਜੀ ਦੇ
ਹਨ, ਜਿਨ੍ਹਾਂ ਵਿੱਚ ਦੱਸਿਆ ਹੈ ਕਿ ਅੰਮ੍ਰਿਤ ਵੇਲੇ ਦੀ ਬੰਦਗੀ ਵਿਚੋਂ ਇਹ ਲਾਭ ਨਿਕਲਣੇ ਚਾਹੀਦੇ
ਹਨ—ਬੇ-ਮੁਥਾਜੀ, ਪਾਪ ਦੀ ਨਵਿਰਤੀ, ਰਜ਼ਾ ਵਿੱਚ ਰਹਿਣਾ, ਮਾਇਆ ਦੀ ਮਾਰ ਤੋਂ ਬਚਾਉ। ਫਰੀਦ ਜੀ ਨੇ
ਦੋਹਾਂ ਸ਼ਲੋਕਾਂ ਵਿੱਚ ਸਿਰਫ਼ ਇਹ ਕਿਹਾ ਹੈ—ਅੰਮ੍ਰਿਤ ਵੇਲੇ ਉਸ ਦਾ ਨਾਮ ਜਪੋ, ਪਹਿਲੀ ਰਾਤੇ ਭੀ ਰੱਬ
ਦੀ ਯਾਦ ਵਿੱਚ ਹੀ ਸੌਣਾ ਚਾਹੀਦਾ ਹੈ, ਪਰ ਪਹਿਲੇ ਪਹਿਰ ਨਾਲੋਂ ਅੰਮ੍ਰਿਤ ਵੇਲਾ ਵਧੀਕ ਗੁਣਕਾਰੀ ਹੈ।
(ਰਾਤ ਦੇ) ਪਹਿਲੇ ਪਹਿਰ ਦੀ ਬੰਦਗੀ (ਮਾਨੋ) ਇੱਕ ਸੋਹਣਾ ਜਿਹਾ ਫੁੱਲ ਹੈ,
ਫਲ ਅੰਮ੍ਰਿਤ ਵੇਲੇ ਦੀ ਬੰਦਗੀ ਹੀ ਹੋ ਸਕਦੀ ਹੈ। ਜੋ ਬੰਦੇ (ਅੰਮ੍ਰਿਤ ਵੇਲੇ) ਜਾਗਦੇ ਹਨ ਉਹ
ਪਰਮਾਤਮਾ ਪਾਸੋਂ ਬਖ਼ਸ਼ਸ਼ ਹਾਸਲ ਕਰਦੇ ਹਨ। 112.
ਦਾਤੀ ਸਾਹਿਬ ਸੰਦੀਆ, ਕਿਆ ਚਲੈ ਤਿਸੁ ਨਾਲਿ॥ ਇਕਿ ਜਾਗੰਦੇ ਨਾ ਲਹਨਿ=,
ਇਕਨਾ= ਸੁਤਿਆ ਦੇਇ ਉਠਾਲਿ॥ 113॥ {ਪੰਨਾ 1384}
ਨੋਟ: — ਇਹ ਸ਼ਲੋਕ ਗੁਰੂ ਨਾਨਕ ਦੇਵ ਜੀ ਦਾ ਹੈ, ਜੋ ਫਰੀਦ ਜੀ ਦੇ ਉਪਰਲੇ
ਸ਼ਲੋਕ (ਨੰ: 112) ਦੀ ਵਿਆਖਿਆ ਵਾਸਤੇ ਉਚਾਰਿਆ ਗਿਆ ਹੈ। ਫਰੀਦ ਜੀ ਨੇ ਲਫ਼ਜ਼ ‘ਦਾਤਿ’ ਵਰਤ ਕੇ
ਇਸ਼ਾਰੇ-ਮਾਤ੍ਰ ਦੱਸਿਆ ਹੈ ਕਿ ਜੋ ਅੰਮ੍ਰਿਤ ਵੇਲੇ ਜਾਗ ਕੇ ਬੰਦਗੀ ਕਰਦੇ ਹਨ, ਉਹਨਾਂ ਉਤੇ ਰੱਬ
ਤੁ੍ਰੱਠਦਾ ਹੈ। ਗੁਰੂ ਨਾਨਕ ਦੇਵ ਜੀ ਨੇ ਸਪਸ਼ਟ ਕਰ ਕੇ ਕਹਿ ਦਿੱਤਾ ਹੈ ਕਿ ਇਹ ਤਾਂ ‘ਦਾਤਿ’ ਹੈ
‘ਦਾਤਿ’, ਹੱਕ ਨਹੀਂ ਬਣ ਜਾਂਦਾ। ਮਤਾਂ ਕੋਈ ਅੰਮ੍ਰਿਤ ਵੇਲੇ ਉੱਠਣ ਦਾ ਮਾਣ ਹੀ ਕਰਨ ਲੱਗ ਜਾਏ।
ਗੁਰੂ ਅਰਜਨ ਦੇਵ ਜੀ ਨੇ ਇਸ ਸ਼ਲੋਕ ਨੂੰ ਗੁਰੂ ਰਾਮਦਾਸ ਜੀ ਦੀ ਉਚਾਰੀ ਹੋਈ
‘ਸਿਰੀ ਰਾਗ’ ਦੀ ਵਾਰ ਦੀ ਦੂਜੀ ਪਉੜੀ ਨਾਲ ਭੀ ਵਰਤਿਆ ਹੈ। ਉਥੇ ਇਹ ਸ਼ਲੋਕ ਇਉਂ ਹੈ।
ਸਲੋਕ ਮ: 1॥ ਦਾਤੀ ਸਾਹਿਬ ਸੰਦੀਆ, ਕਿਆ ਚਲੈ ਤਿਸੁ ਨਾਲਿ॥ ਇਕਿ ਜਾਗੰਦੇ ਨਾ
ਲਹੰਨਿ ਇਕਨਾ= ਸੁਤਿਆ ਦੇਇ ਉਠਾਲਿ॥ 1॥ 2॥ . . . . . (ਸਿਰੀ ਰਾਗ ਕੀ ਵਾਰ ਮ: 4, ਪੰਨਾ 83)
ਇਥੇ ਦੂਜੀ ਤੁਕ ਦੇ ਦੋ ਲਫ਼ਜ਼ਾਂ ਦੇ ਜੋੜ ਵਿੱਚ ਰਤਾ ਕੁ ਫ਼ਰਕ ਹੈ— ‘ਲਹੰਨਿ’
ਅਤੇ ‘ਇਕਨਾ=’।
ਬਖ਼ਸ਼ਸ਼ਾਂ ਮਾਲਕ ਦੀਆਂ (ਆਪਣੀਆਂ) ਹਨ। ਉਸ ਮਾਲਕ ਨਾਲ (ਕਿਸੇ ਦਾ) ਕੀਹ ਜ਼ੋਰ
ਚੱਲ ਸਕਦਾ ਹੈ? ਕਈ (ਅੰਮ੍ਰਿਤ ਵੇਲੇ) ਜਾਗਦੇ ਭੀ (ਇਹ ਬਖ਼ਸ਼ਸ਼ਾਂ) ਨਹੀਂ ਲੈ ਸਕਦੇ, ਕਈ (ਭਾਗਾਂ
ਵਾਲਿਆਂ ਨੂੰ) ਸੁੱਤੇ ਪਿਆਂ ਨੂੰ (ਉਹ ਆਪ) ਜਗਾ ਦੇਂਦਾ ਹੈ (ਭਾਵ, ਕਈ ਅੰਮ੍ਰਿਤ ਵੇਲੇ ਜਾਗੇ ਹੋਏ
ਭੀ ਕਿਸੇ ਅਹੰਕਾਰ ਆਦਿਕ-ਰੂਪ ਮਾਇਆ ਵਿੱਚ ਸੁੱਤੇ ਰਹਿ ਜਾਂਦੇ ਹਨ, ਤੇ, ਕਈ ਗ਼ਾਫ਼ਿਲਾਂ ਨੂੰ ਮੇਹਰ ਕਰ
ਕੇ ਆਪ ਸੂਝ ਦੇ ਦੇਂਦਾ ਹੈ)। 113.
ਨੋਟ: — ਗੁਰੂ ਨਾਨਕ ਦੇਵ ਜੀ ਦੇ ਉੱਪਰ-ਦਿੱਤੇ ਸ਼ਲੋਕ ਨਾਲ ‘ਸਿਰੀ ਰਾਗ’ ਦੀ
ਵਾਰ ਵਿੱਚ ਗੁਰੂ ਨਾਨਕ ਦੇਵ ਜੀ ਦਾ ਦੂਜਾ ਸ਼ਲੋਕ ਇਉਂ ਹੈ—:
ਮ: 1॥ ਸਿਦਕ ਸਬੂਰੀ ਸਾਦਿਕਾ, ਸਬਰ ਤੋਸਾ ਮਲਾਇਕਾਂ। ਦੀਦਾਰੁ ਪੂਰੇ ਪਾਇਸਾ,
ਥਾਉ ਨਾਹੀ ਖਾਇਕਾ॥ 2॥ 2॥
ਇਹਨਾਂ ਦੋਹਾਂ ਸ਼ਲੋਕਾਂ ਨੂੰ ਇਕੱਠੇ ਪੜ੍ਹਿਆਂ ਇਹ ਸਿੱਖਿਆ ਪ੍ਰਤੱਖ ਦਿੱਸਦੀ
ਹੈ ਕਿ ਰੱਬ ਵਲੋਂ ‘ਦਾਤਿ’ ਤਾਂ ਹੀ ਮਿਲਦੀ ਹੈ ਜੇ ਬੰਦਾ ‘ਸਬਰੁ’ ਧਾਰਨ ਕਰੇ। ਇਸੇ ਤਰ੍ਹਾਂ ਫਰੀਦ
ਜੀ ਦੇ ਸ਼ਲੋਕ ਨੰ: 112 ਦੇ ਨਾਲ ਫਰੀਦ ਜੀ ਦੇ ਆਪਣੇ ਅਗਲੇ ਚਾਰ ਸ਼ਲੋਕ ਨੰ: 114 ਤੋਂ 117 ਤਕ ਭੀ
ਇਹੀ ਕਹਿੰਦੇ ਹਨ ਕਿ ‘ਦਾਤਿ’ ਤਾਂ ਹੀ ਮਿਲੇਗੀ ਜੇ ‘ਸਬਰੁ’ ਧਾਰੋਗੇ। ‘ਹੱਕ’ ਸਮਝ ਕੇ ਕਾਹਲੀ ਨਾਲ
ਕੋਈ ਹੋਰ ‘ਝਾਕ’ ਨਾ ਝਾਕਣੀ।
ਮ: 5॥ ਫਰੀਦਾ ਦੁਖੁ ਸੁਖੁ ਇਕੁ ਕਰਿ, ਦਿਲ ਤੇ ਲਾਹਿ ਵਿਕਾਰੁ॥ ਅਲਹ ਭਾਵੈ
ਸੋ ਭਲਾ, ਤਾਂ ਲਭੀ ਦਰਬਾਰੁ॥ 109॥ {ਪੰਨਾ 1383}
ਫਰੀਦਾ ਮੈ ਜਾਨਿਆ ਦੁਖੁ ਮੁਝ ਕੂ, ਦੁਖੁ ਸਬਾਇਐ ਜਗਿ॥ ਊਚੇ ਚੜਿ ਕੈ ਦੇਖਿਆ,
ਤਾਂ ਘਰਿ ਘਰਿ ਏਹਾ ਅਗਿ॥ 81॥ (ਪੰਨਾ 1382)
ਨੋਟ: —ਇਸ ਸ਼ਲੋਕ ਤੋਂ ਅੱਗੇ ਦੋ ਸ਼ਲੋਕ ਗੁਰੂ ਅਰਜਨ ਸਾਹਿਬ ਜੀ ਦੇ ਹਨ। ਆਪ
ਲਿਖਦੇ ਹਨ ਕਿ ਉਹੀ ਵਿਰਲੇ ਬੰਦੇ ਦੁੱਖਾਂ ਦੀ ਮਾਰ ਤੋਂ ਬਚੇ ਹੋਏ ਹਨ, ਜੋ ਸਤਿਗੁਰੂ ਦੀ ਸਰਨ ਪੈ ਕੇ
ਪਰਮਾਤਮਾ ਨੂੰ ਯਾਦ ਕਰਦੇ ਹਨ।
ਮਹਲਾ 5॥ ਫਰੀਦਾ ਭੂਮਿ ਰੰਗਾਵਲੀ, ਮੰਝਿ ਵਿਸੂਲਾ ਬਾਗ॥ ਜੋ ਜਨ ਪੀਰਿ
ਨਿਵਾਜਿਆ, ਤਿੰਨਾ= ਅੰਚ ਨ ਲਾਗ॥ 82॥ {ਪੰਨਾ 1382}
ਮਹਲਾ 5॥ ਫਰੀਦਾ ਉਮਰ ਸੁਹਾਵੜੀ, ਸੰਗਿ ਸੁਵੰਨੜੀ ਦੇਹ॥ ਵਿਰਲੇ ਕੇਈ
ਪਾਈਅਨਿ=, ਜਿੰਨਾ= ਪਿਆਰੇ ਨੇਹ॥ 83॥ {ਪੰਨਾ 1382}
ਫਰੀਦਾ ਦਰਵੇਸੀ ਗਾਖੜੀ, ਚੋਪੜੀ ਪਰੀਤਿ॥ ਇਕਨਿ ਕਿਨੈ ਚਾਲੀਐ, ਦਰਵੇਸਾਵੀ
ਰੀਤਿ॥ 118॥ {ਪੰਨਾ 1384}
ਹੇ ਫਰੀਦ! (ਇਹ ਸਬਰ ਵਾਲਾ ਜੀਵਨ ਅਸਲ) ਫ਼ਕੀਰੀ (ਹੈ, ਤੇ ਇਹ) ਔਖੀ (ਕਾਰ)
ਹੈ, ਪਰ (ਹੇ ਫਰੀਦ! ਰੱਬ ਨਾਲ ਤੇਰੀ) ਪ੍ਰੀਤ ਤਾਂ ਉਪਰੋਂ ਉਪਰੋਂ ਹੈ। ਫ਼ਕੀਰਾਂ ਦੀ (ਇਹ ਸਬਰ ਵਾਲੀ)
ਕਾਰ ਕਿਸੇ ਵਿਰਲੇ ਬੰਦੇ ਨੇ ਕਮਾਈ ਹੈ। 118.
ਤਨੁ ਤਪੈ ਤਨੂਰ ਜਿਉ, ਬਾਲਣੁ ਹਡ ਬਲੰਨਿ=॥ ਪੈਰੀ ਥਕਾਂ, ਸਿਰਿ ਜੁਲਾਂ, ਜੇ
ਮੂੰ ਪਿਰੀ ਮਿਲੰਨਿ=॥ 119॥ {ਪੰਨਾ 1384}
ਮੇਰਾ ਸਰੀਰ (ਬੇਸ਼ੱਕ) ਤਨੂਰ ਵਾਂਗ ਤਪੇ, ਮੇਰੇ ਹੱਡ (ਬੇਸ਼ੱਕ ਇਉਂ) ਬਲਣ
ਜਿਵੇਂ ਬਾਲਣ (ਬਲਦਾ) ਹੈ। (ਪਿਆਰੇ ਰੱਬ ਨੂੰ ਮਿਲਣ ਦੇ ਰਾਹ ਤੇ ਜੇ ਮੈਂ) ਪੈਰਾਂ ਨਾਲ (ਤੁਰਦਾ
ਤੁਰਦਾ) ਥੱਕ ਜਾਵਾਂ, ਤਾਂ ਮੈਂ ਸਿਰ ਭਾਰ ਤੁਰਨ ਲੱਗ ਪਵਾਂ। (ਮੈਂ ਇਹ ਸਾਰੇ ਔਖ ਸਹਾਰਨ ਨੂੰ ਤਿਆਰ
ਹਾਂ) ਜੇ ਮੈਨੂੰ ਪਿਆਰੇ ਰੱਬ ਜੀ ਮਿਲ ਪੈਣ (ਭਾਵ, ਰੱਬ ਨੂੰ ਮਿਲਣ ਵਾਸਤੇ ਜੇ ਇਹ ਜ਼ਰੂਰੀ ਹੋਵੇ ਕਿ
ਸਰੀਰ ਨੂੰ ਧੂਣੀਆਂ ਤਪਾ ਤਪਾ ਕੇ ਦੁਖੀ ਕੀਤਾ ਜਾਏ, ਤਾਂ ਮੈਂ ਇਹ ਕਸ਼ਟ ਸਹਾਰਨ ਨੂੰ ਭੀ ਤਿਆਰ ਹਾਂ)।
119.
ਤਨੁ ਨ ਤਪਾਇ ਤਨੂਰ ਜਿਉ, ਬਾਲਣੁ ਹਡ ਨ ਬਾਲਿ॥ ਸਿਰਿ ਪੈਰੀ ਕਿਆ ਫੇੜਿਆ,
ਅੰਦਰਿ ਪਿਰੀ ਨਿਹਾਲਿ॥ 120॥ {ਪੰਨਾ 1384}
ਨੋਟ: — ਇਹ ਸ਼ਲੋਕ ਗੁਰੂ ਨਾਨਕ ਦੇਵ ਜੀ ਦਾ ਹੈ। ‘ਸਲੋਕ ਵਾਰਾਂ ਤੇ ਵਧੀਕ
ਮਹਲਾ 1’ ਵਿੱਚ ਭੀ ਇਹ ਦਰਜ ਹੈ। ਉਥੇ ਇਹ ਇਉਂ ਹੈ:
ਤਨੁ ਨ ਤਪਾਇ ਤਨੂਰ ਜਿਉ, ਬਾਲਣੁ ਹਡ ਨ ਬਾਲਿ॥ ਸਿਰਿ ਪੈਰੀ ਕਿਆ ਫੇੜਿਆ,
ਅੰਦਰ ਪਿਰੀ ਸਮਾਲਿ॥ 18॥
ਇਥੇ ਸਿਰਫ਼ ਇੱਕ ਲਫ਼ਜ਼ ਦਾ ਫ਼ਰਕ ਹੈ ‘ਨਿਹਾਲਿ’ ਦੇ ਥਾਂ ਲਫ਼ਜ਼ ‘ਸਮਾਲਿ’ ਹੈ,
ਦੋਹਾਂ ਦਾ ਅਰਥ ਇਕੋ ਹੀ ਹੈ। ਜਿਵੇਂ ਸ਼ਲੋਕ ਨੰ: 113 ਵਿੱਚ ਵੇਖ ਆਏ ਹਾਂ, ਕਿ ਸਤਿਗੁਰੂ ਜੀ ਨੇ
ਫਰੀਦ ਜੀ ਦੇ ਸ਼ਲੋਕ ਨੰ: 113 ਦੀ ਵਿਆਖਿਆ ਕੀਤੀ ਹੈ, ਤਿਵੇਂ ਇਥੇ ਭੀ ਇਹੀ ਗੱਲ ਹੈ। ਫਰੀਦ ਜੀ ਦੀ
ਕਿਸੇ ‘ਉਕਾਈ’ ਨੂੰ ਸਹੀ ਨਹੀਂ ਕੀਤਾ। ਜੇ ਗੁਰਮਤਿ ਦੀ ਕਸਵੱਟੀ ਤੇ ਇਥੇ ਕੋਈ ‘ਉਕਾਈ’ ਹੁੰਦੀ, ਤਾਂ
ਗੁਰੂ-ਰੂਪ ਗੁਰਬਾਣੀ ਵਿੱਚ ‘ਉਕਾਈ’ ਨੂੰ ਥਾਂ ਕਿਉਂ ਮਿਲਦੀ? ਫਰੀਦ ਜੀ ਨੇ ਭੀ ਇਥੇ ਕਿਤੇ ਧੂਣੀਆਂ
ਤਪਾਣ ਦੀ ਲੋੜ ਨਹੀਂ ਦੱਸੀ।
ਹਉ ਢੂਢੇਦੀ ਸਜਣਾ, ਸਜਣੁ ਮੈਡੇ ਨਾਲਿ॥ ਨਾਨਕ ਅਲਖੁ ਨ ਲਖੀਐ, ਗੁਰਮੁਖਿ ਦੇਇ
ਦਿਖਾਲਿ॥ 121॥ {ਪੰਨਾ 1384}
ਨੋਟ: — ਇਹ ਸ਼ਲੋਕ ਗੁਰੂ ਰਾਮਦਾਸ ਜੀ ਦਾ ਹੈ। ਰਾਗ ਕਾਨੜੇ ਦੀ ਵਾਰ ਦੀ
ਪੰਦ੍ਰਵੀਂ ਪਉੜੀ ਵਿੱਚ ਆਇਆ ਹੈ, ਥੋੜਾ ਕੁ ਫ਼ਰਕ ਹੈ, ਉਥੇ ਇਉਂ ਹੈ—
ਸਲੋਕ ਮ: 4॥ ਹਉ ਢੂਢੇਦੀ ਸਜਣਾ, ਸਜਣੁ ਮੈਂਡੇ ਨਾਲਿ॥ ਜਨ ਨਾਨਕ ਅਲਖੁ ਨ
ਲਖੀਐ, ਗੁਰਮੁਖਿ ਦੇਇ ਦਿਖਾਲਿ॥ 1॥ 15॥
ਗੁਰੂ ਰਾਮਦਾਸ ਜੀ ਦਾ ਇਹ ਸ਼ਲੋਕ ਗੁਰੂ ਨਾਨਕ ਦੇਵ ਜੀ ਦੇ ਸ਼ਲੋਕ ਨੰ: 120 ਦੀ
ਵਿਆਖਿਆ ਹੈ।
ਗੁਰੂ ਨਾਨਕ ਸਾਹਿਬ ਤੇ ਗੁਰੂ ਅੰਗਦ ਪਾਤਸ਼ਾਹ ਦੀ ਬਾਣੀ ਦੀ ਆਪਸੀ ਸਾਂਝ।
ਗੁਰੂ ਨਾਨਕ ਸਾਹਿਬ ਨੇ ਗੁਰੂ ਅੰਗਦ ਪਾਤਸ਼ਾਹ ਨੂੰ ਗੁਰਤਾ ਗੱਦੀ ਦਿੰਦੇ ਸਮੇਂ
ਕਿਹਾ ਪੁਰਖਾ ਆਹ ਲੈ ਖਜਾਨਾ ਤੇ ਜਾ ਕੇ ਖੰਡੂਰ ਵਸਾ। ਇਹ ਖਜਾਨਾ ਓਹੀ ਕਿਤਾਬ ਸੀ ਜੋ ਗੁਰੂ ਨਾਨਕ
ਸਾਹਿਬ ਆਪਣੇ ਨਾਲ ਰੱਖਦੇ ਸਨ। ਹਵਾਲਾ ਭਾਈ ਗੁਰਦਾਸ
"ਆਸਾ ਹਥਿ ਕਿਤਾਬ ਕਛਿ ਕੂਜਾ ਬਾਂਗ ਮੁਸੱਲਾ ਧਾਰੀ। ਵਾਰ ਪਹਿਲੀ ਪਉੜੀ 32॥
ਸਲੋਕੁ॥ ਮ: 1॥ ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ॥ ਦਿਵਸੁ ਰਾਤਿ
ਦੁਇ ਦਾਈ ਦਾਇਆ ਖੇਲੈ ਸਗਲ ਜਗਤੁ॥ ਚੰਗਿਆਈਆ ਬੁਰਿਆਈਆ ਵਾਚੈ ਧਰਮੁ ਹਦੂਰਿ॥ ਕਰਮੀ ਆਪੋ ਆਪਣੀ ਕੇ
ਨੇੜੈ ਕੇ ਦੂਰਿ॥ ਜਿਨੀ ਨਾਮੁ ਧਿਆਇਆ ਗਏ ਮਸਕਤਿ ਘਾਲਿ॥ ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾਲਿ॥ 1॥
ਮ: 2॥ ਪਉਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ॥ ਦਿਨਸੁ ਰਾਤਿ ਦੁਇ ਦਾਈ
ਦਾਇਆ ਖੇਲੈ ਸਗਲ ਜਗਤੁ॥ ਚੰਗਿਆਈਆ ਬੁਰਿਆਈਆ ਵਾਚੇ ਧਰਮੁ ਹਦੂਰਿ॥ ਕਰਮੀ ਆਪੋ ਆਪਣੀ ਕੇ ਨੇੜੈ ਕੇ
ਦੂਰਿ॥ ਜਿਨੀ ਨਾਮੁ ਧਿਆਇਆ ਗਏ ਮਸਕਤਿ ਘਾਲਿ॥ ਨਾਨਕ ਤੇ ਮੁਖ ਉਜਲੇ ਹੋਰ ਕੇਤੀ ਛੁਟੀ ਨਾਲਿ॥ 2॥
{ਪੰਨਾ 146}
ਉਪਰਲੇ ਦੋਹਾ ਸਲੋਕਾਂ ਵਿਚ; ਪਵਣੁ= ਪਉਣ, ਦਿਵਸੁ=ਦਿਨਸੁ, ਵਾਚੈ= ਵਾਚੇ ਅਤੇ
ਦੂਸਰੇ ਪਾਤਸ਼ਾਹ ਇੱਕ ਅੱਖਰ ‘ਹੋਰ’ ਵਾਧੂ ਵਰਤਦੇ ਹਨ। ਬਾਕੀ ਸਾਰੇ ਸਲੋਕ ਦੀ ਬਣਤਰ ਬਿਲਕੁਲ ਹੂ-ਬਹੂ
ਇਹੀ ਹੈ ਜੋ ਪਹਿਲੇ ਗੁਰੂ ਜੀ ਦੇ ਸਲੋਕ ਦੀ ਹੈ। ਇਤਨੀ ਲੰਮੀ-ਚੌੜੀ ਸਾਂਝ ਐਵੇਂ ਨਹੀਂ ਬਣ ਜਾਂਦੀ।
ਇਸਦਾ ਮਤਲਬ ਹੈ ਕਿ ਪਹਿਲੇ ਗੁਰੂ ਜੀ ਦਾ ਇਹ ਸਲੋਕ ਦੂਸਰੇ ਪਾਤਸ਼ਾਹ ਕੋਲ ਬਾਣੀ ਲਿਖਣ ਸਮੇਂ ਮੌਜੂਦ
ਸੀ।
ਸਲੋਕੁ ਮ: 1॥ ਸਬਾਹੀ ਸਾਲਾਹ, ਜਿਨੀ ਧਿਆਇਆ ਇੱਕ ਮਨਿ॥ ਸੇਈ ਪੂਰੇ ਸਾਹ,
ਵਖਤੈ ਉਪਰਿ ਲੜਿ ਮੁਏ॥ ਦੂਜੇ ਬਹੁਤੇ ਰਾਹ, ਮਨ ਕੀਆ ਮਤੀ ਖਿੰਡੀਆ॥ ਬਹੁਤੁ ਪਏ ਅਸਗਾਹ, ਗੋਤੇ ਖਾਹਿ
ਨ ਨਿਕਲਹਿ॥ {ਪੰਨਾ 145-146}
ਮ: 2॥ ਸੇਈ ਪੂਰੇ ਸਾਹ, ਜਿਨੀ ਪੂਰਾ ਪਾਇਆ॥ ਅਠੀ ਵੇਪਰਵਾਹ, ਰਹਨਿ ਇਕਤੈ
ਰੰਗਿ॥ ਦਰਸਨਿ ਰੂਪਿ ਅਥਾਹ, ਵਿਰਲੇ ਪਾਈਅਹਿ॥ ਕਰਮਿ ਪੂਰੈ ਪੂਰਾ ਗੁਰੂ, ਪੂਰਾ ਜਾ ਕਾ ਬੋਲੁ॥ ਨਾਨਕ
ਪੂਰਾ ਜੇ ਕਰੇ, ਘਟੈ ਨਾਹੀ ਤੋਲੁ॥ 2॥ {ਪੰਨਾ 146}
ਇਨ੍ਹਾਂ ਸਲੋਕਾਂ ਵਿੱਚ ਵੀ ਕਈ ਸ਼ਬਦਾਂ ਦੀ ਸਾਂਝ ਹੈ ਜਿਵੇਂ; ‘ਸੇਈ ਪੂਰੇ
ਸਾਹ’। ਇਹ ਸਾਂਝ ਸਬੱਬ ਨਾਲ ਨਹੀਂ ਬਣ ਜਾਂਦੀ। ਪ੍ਰਤੱਖ ਤੌਰ ਤੇ ਪਹਿਲੇ ਗੁਰੂ ਜੀ ਨੇ ਜੋ ਵੀ ਖਜਾਨਾ
ਇਕੱਠਾ ਕੀਤਾ ਉਹ ਦੂਸਰੇ ਗੁਰੂ ਜੀ ਨੂੰ ਦਿੱਤਾ।
ਗੁਰੂ ਨਾਨਕ ਸਾਹਿਬ ਤੇ ਤੀਸਰੇ ਪਾਤਸ਼ਾਹ ਦੀ ਬਾਣੀ ਦੀ ਆਪਸੀ ਸਾਂਝ।
ਸਲੋਕੁ ਮ: 1॥ ਕਲਿ ਕਾਤੀ ਰਾਜੇ ਕਾਸਾਈ, ਧਰਮੁ ਪੰਖ ਕਰਿ ਉਡਰਿਆ॥ ਕੂੜੁ
ਅਮਾਵਸ ਸਚੁ ਚੰਦ੍ਰਮਾ, ਦੀਸੈ ਨਾਹੀ ਕਹ ਚੜਿਆ॥ ਹਉ ਭਾਲਿ ਵਿਕੁੰਨੀ ਹੋਈ॥ ਆਧੇਰੈ ਰਾਹੁ ਨ ਕੋਈ॥
ਵਿਚਿ ਹਉਮੈ ਕਰਿ ਦੁਖੁ ਰੋਈ॥ ਕਹੁ ਨਾਨਕ ਕਿਨਿ ਬਿਧਿ ਗਤਿ ਹੋਈ॥ 1॥ {ਪੰਨਾ 145}
ਮਾਝ ਦੀ ਵਾਰ ਵਿੱਚ ਗੁਰੂ ਨਾਨਕ ਸਾਹਿਬ ਉਪਰਲੇ ਸਲੋਕ `ਚ ਇੱਕ ਸਵਾਲ ਖੜਾ
ਕਰਦੇ ਹਨ, ‘ਕਹੁ ਨਾਨਕ ਕਿਨਿ ਬਿਧਿ ਗਤਿ ਹੋਈ’ ਤੇ ਸਲੋਕ ਸਮਾਪਤ ਹੋ ਜਾਂਦਾ ਹੈ। ਗੁਰੂ ਗ੍ਰੰਥ
ਸਾਹਿਬ ਦੀ ਬਣਤਰ ਦੇ ਅਸੂਲਾਂ ਦੇ ਮੁਤਾਬਕ ਤਾਂ ਪਹਿਲੇ ਗੁਰੂ ਸਾਹਿਬ ਦੇ ਮਾਝ ਰਾਗ ਦੇ ਸਾਰੇ ਸਲੋਕ
ਲਿਖਣ ਤੋਂ ਬਾਅਦ ਹੀ ਦੂਜੇ ਜਾਂ ਤੀਜੇ ਗੁਰੂ ਸਹਿਬਾਨ ਦੇ ਸਲੋਕ ਲਿਖੇ ਜਾ ਸਕਦੇ ਹਨ ਪਰ ਅਚਾਨਕ ਹੀ
ਗੁਰੂ ਅਰਜਨ ਪਾਤਸ਼ਾਹ ਤੀਸਰੇ ਗੁਰੂ ਜੀ ਦਾ ਅਗਲਾ ਸਲੋਕ ਲਿਖ ਦਿੰਦੇ ਹਨ। ਇਸ ਸਲੋਕ ਵਿੱਚ ਗੁਰੂ ਅਮਰ
ਦਾਸ ਜੀ ਗੁਰੂ ਨਾਨਕ ਸਾਹਿਬ ਵਲੋਂ ਪਾਏ ਸਵਾਲ ਦਾ ਜਵਾਬ ਦਿੰਦੇ ਹਨ ਤੇ ਫਿਰ ਤੋਂ ਗੁਰੂ ਨਾਨਕ ਸਾਹਿਬ
ਦੀ ਬਾਣੀ ਸ਼ੁਰੂ ਹੁੰਦੀ ਹੈ।
ਮ: 3॥ ਕਲਿ ਕੀਰਤਿ ਪਰਗਟੁ ਚਾਨਣੁ ਸੰਸਾਰਿ॥ ਗੁਰਮੁਖਿ ਕੋਈ ਉਤਰੈ ਪਾਰਿ॥
ਜਿਸ ਨੋ ਨਦਰਿ ਕਰੇ ਤਿਸੁ ਦੇਵੈ॥ ਨਾਨਕ ਗੁਰਮੁਖਿ ਰਤਨੁ ਸੋ ਲੇਵੈ॥ 2॥ {ਪੰਨਾ 145}
ਲਾਹੌਰ ਸਹਰੁ ਜਹਰੁ ਕਹਰੁ ਸਵਾ ਪਹਰੁ॥ 27॥ ਮਹਲਾ 3॥ ਲਾਹੌਰ ਸਹਰੁ ਅੰਮ੍ਰਿਤ
ਸਰੁ ਸਿਫਤੀ ਦਾ ਘਰੁ॥ 28॥ (ਪੰਨਾ 1412)
ਸਲੋਕ 27 ਗੁਰੂ ਨਾਨਕ ਸਾਹਿਬ ਦਾ ਹੈ ਤੇ 28ਵੇਂ ਸਲੋਕ ਦਾ ਸਿਰਲੇਖ ਹੀ
ਦੱਸਦਾ ਹੈ ਕਿ ਇਹ ਮਹਲੇ ਤੀਜੇ ਦਾ ਹੈ। ਗੱਲ ਲਹੌਰ ਸਹਿਰ ਦੀ ਹੈ ਤੇ ਗੁਰੂ ਗ੍ਰੰਥ ਸਾਹਿਬ ਦੀ ਲਿਖਣ
ਨਿਯਮਾਵਲੀ ਦੇ ਉਲਟ ਜਾ ਕੇ ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਵਿੱਚ ਤੀਸਰੇ ਪਾਤਸ਼ਾਹ ਦੇ ਇਸ ਸਲੋਕ ਦਾ
ਹੋਣਾ ਇਸ ਗੱਲ ਦਾ ਪ੍ਰਤੀਕ ਹੈ ਕਿ ਤੀਸਰੇ ਪਾਤਸਾਹ ਗੁਰੂ ਨਾਨਕ ਸਾਹਿਬ ਦੇ ਸਲੋਕ ਨੰਬਰ 27 ਬਾਰੇ
ਆਪਣੇ ਖਿਆਲ ਪ੍ਰਗਟ ਕਰਦੇ ਹਨ। ਇਹ ਇਸ ਗੱਲ ਦਾ ਸਬੂਤ ਹੈ ਕਿ ਤੀਸਰੇ ਪਾਤਸਾਹ ਕੋਲ ਪਹਿਲੇ ਪਾਤਸਾਹ
ਦੀ ਬਾਣੀ ਮੌਜੂਦ ਸੀ।
ਸਾਰੇ ਗੁਰੂ ਸਹਿਬਾਨ ਦੀ ਬਾਣੀ ਦੀ ਆਪਸੀ ਸਾਂਝ।
‘ਮਾਰੂ ਸੋਲਹੇ’ ਪੰਨਾ 1020 ਤੋਂ 1085 ਤਕ ਦਾ ਧਿਆਨ ਨਾਲ ਪਾਠ ਕਰਨ ਤੇ ਪਤਾ
ਚੱਲਦਾ ਹੈ ਕਿ ਜਿਸ ਤਰਜ਼ ਤੇ ਗੁਰੂ ਨਾਨਕ ਸਾਹਿਬ ਮਾਰੂ ਸੋਲਹੇ ਲਿਖਦੇ ਹਨ ਉਸੀ ਤਰਜ਼ ਤੇ ਹੀ ਤੀਜੇ,
ਚੌਥੇ ਤੇ ਪੰਜਵੇਂ ਪਾਤਸ਼ਾਹ ਜੀ ਮਾਰੂ ਸੋਲਹਿਆਂ ਦੀ ਬਾਣੀ ਉਚਾਰਣ ਕਰਦੇ ਹਨ। ਜੇ ਗੁਰੂ ਨਾਨਕ ਸਾਹਿਬ
ਤੁਕ ਬੰਦੀ ਆਇਆ, ਗਾਇਆ, ਅਪਣਾਇਆ ਨਾਲ ਕਰਦੇ ਹਨ ਤਾਂ ਤੀਸਰੇ, ਚੌਥੇ ਤੇ ਪੰਜਵੇਂ ਗੁਰੂ ਜੀ ਵੀ ਆਪਣੇ
ਆਪਣੇ ਮਾਰੂ ਸੋਲਹਿਆਂ ਦੀ ਤੁਕ-ਬੰਦੀ ਆਇਆ, ਗਾਇਆ, ਪਾਇਆ ਨਾਲ ਕਰਦੇ ਹਨ। ਜੇ ਪਹਿਲੇ ਗੁਰੂ ਜੀ
ਤੁਕ-ਬੰਦੀ ਜਾਈ ਹੇ, ਪਾਈ ਹੇ, ਸਮਾਈ ਹੇ ਨਾਲ ਕਰਦੇ ਹਨ ਤਾਂ ਬਾਕੀ ਦੇ ਗੁਰੂ ਸਹਿਬਾਨ ਵੀ ਇਸੇ
ਤਰ੍ਹਾਂ ਦੀ ਹੀ ਤੁਕ-ਬੰਦੀ ਕਰਦੇ ਹਨ। ਜੇ ਗੁਰੂ ਨਾਨਕ ਸਾਹਿਬ ਤੁਕ-ਬੰਦੀ ਆਵਣਿਆ, ਜਾਵਣਿਆ ਨਾਲ
ਕਰਦੇ ਹਨ ਤਾਂ ਤੀਜੇ, ਚੌਥੇ ਤੇ ਪੰਜਵੇਂ ਗੁਰੂ ਜੀ ਵੀ ਤੁਕ-ਬੰਦੀ ਇਸੇ ਤਰ੍ਹਾਂ ਹੀ ਕਰਦੇ ਹਨ। ਫਿਰ
ਜੇ ਗੁਰੂ ਨਾਨਕ ਸਾਹਿਬ ਜੀ ਨੇ ਆਸਾ ਰਾਗ ਵਿੱਚ ਪਟੀ ਲਿਖੀ ਹੈ ਤਾਂ ਤੀਸਰੇ ਗੁਰੂ ਜੀ ਨੇ ਵੀ ਇਸੇ
ਰਾਗ ਵਿੱਚ ਪਟੀ ਲਿਖਦੇ ਹਨ। ਇਹ ਇਸ ਗੱਲ ਦਾ ਪ੍ਰਤੀਕ ਹੈ ਕਿ ਪਹਿਲੇ ਗੁਰੂ ਜੀ ਦੀ ਬਾਣੀ ਤੀਸਰੇ
ਗੁਰੂ ਜੀ ਕੋਲ ਮੌਜੂਦ ਸੀ। ਇਸੇ ਹੀ ਤਰ੍ਹਾਂ ਭਗਤ ਕਬੀਰ ਜੀ ਦੀ ਬਾਵਨ ਅੱਖਰੀ ਤੇ ਗੁਰੂ ਅਰਜਨ
ਪਾਤਸ਼ਾਹ ਦੀ ਬਾਵਨ ਅੱਖਰੀ ਦਾ ਗਉੜੀ ਰਾਗ ਵਿੱਚ ਹੋਣਾ ਇਸ ਗੱਲ ਦਾ ਸਬੂਰ ਹੈ ਕਿ ਭਗਤ ਕਬੀਰ ਜੀ ਦੀ
ਬਾਣੀ ਗੁਰੂ ਅਰਜਨ ਪਾਤਸ਼ਾਹ ਕੋਲ ਗੁਰੂ ਗ੍ਰੰਥ ਸਾਹਿਬ ਦੀ ਬੀੜ ਤਿਆਰ ਕਰਨ ਤੋਂ ਪਹਿਲਾ ਮੌਜੂਦ ਸੀ।
ਬਹੁਤ ਸਾਰੇ ਰਾਗਾਂ ਵਿੱਚ ਜੇ ਕਰ ਗੁਰੂ ਨਾਨਕ ਸਾਹਿਬ ਭਾਈ ਰੇ ਜਾਂ ਮੇਰੇ ਮਨ ਨਾਲ ਕੋਈ ਸਲੋਕ ਸ਼ੁਰੂ
ਕਰਦੇ ਹਨ ਤਾਂ ਉਸੇ ਰਾਗ ਵਿੱਚ ਤੀਸਰੇ ਚੌਥੇ ਤੇ ਪੰਜਵੇਂ ਗੁਰੂ ਜੀ ਵੀ ਇਸੇ ਹੀ ਤਰ੍ਹਾਂ ਤੁਕ-ਬੰਦੀ
ਕਰਦੇ ਹਨ। ਇਤਨੀ ਸਾਂਝ ਸਬੱਬ ਨਾਲ ਨਹੀਂ ਬਣ ਜਾਂਦੀ।
ਗਉੜੀ ਗੁਆਰੇਰੀ ਮਹਲਾ 5॥ ਹਮ ਧਨਵੰਤ ਭਾਗਠ ਸਚ ਨਾਇ॥ ਹਰਿ ਗੁਣ ਗਾਵਹ ਸਹਜਿ
ਸੁਭਾਇ॥ 1॥ ਰਹਾਉ॥ ਪੀਊ ਦਾਦੇ ਕਾ ਖੋਲਿ ਡਿਠਾ ਖਜਾਨਾ॥ ਤਾ ਮੇਰੈ ਮਨਿ ਭਇਆ ਨਿਧਾਨਾ॥ 1॥ ਰਤਨ ਲਾਲ
ਜਾ ਕਾ ਕਛੂ ਨ ਮੋਲੁ॥ ਭਰੇ ਭੰਡਾਰ ਅਖੂਟ ਅਤੋਲ॥ 2॥ ਖਾਵਹਿ ਖਰਚਹਿ ਰਲਿ ਮਿਲਿ ਭਾਈ॥ ਤੋਟਿ ਨ ਆਵੈ
ਵਧਦੋ ਜਾਈ॥ 3॥ ਕਹੁ ਨਾਨਕ ਜਿਸੁ ਮਸਤਕਿ ਲੇਖੁ ਲਿਖਾਇ॥ ਸੁ ਏਤੁ ਖਜਾਨੈ ਲਇਆ ਰਲਾਇ {ਪੰਨਾ 186}
ਉੱਪਰ ਲਿਖੇ ਸਲੋਕ ਦੀ ਇਹ ‘ਪਿਊ ਦਾਦੇ ਕਾ ਖੋਲਿ ਡਿਠਾ ਖਜਾਨਾ’ ਵਾਲੀ ਪੰਗਤੀ
ਇਸ ਗੱਲ ਦਾ ਸੰਕੇਤ ਕਰਦੀ ਹੈ ਕਿ ਗੁਰੂ ਅਰਜਨ ਪਾਤਸ਼ਾਹ ਜੀ ਨੂੰ ਗੁਰਤਾ ਗੱਦੀ ਮਿਲਦੇ ਸਮੇਂ ਜਦੋਂ
ਬਾਣੀ ਦਾ ਖਜਾਨਾ ਮਿਲਿਆ ਤਾਂ ਉਨ੍ਹਾਂ ਨੇ ਖੋਲ੍ਹ ਕੇ ਡਿਠਾ। ਜੇ ਕਰ ਬਾਣੀ ਇਕੱਠੀ ਕਰਵਾਈ ਹੁੰਦੀ
ਤਾਂ ਗੁਰੂ ਜੀ ‘ਇਕੱਠਾ ਕਰਾਇਆ ਖਜਾਨਾ’ ਲਿਖ ਦਿੰਦੇ।
ਗੁਰੂ ਪੰਥ ਦਾ ਦਾਸ,
ਗੁਰਚਰਨ ਸਿੰਘ (ਜਿਉਣ ਵਾਲਾ) ਬਰੈਂਪਟਨ ਕੈਨੇਡਾ।
www.singhsabhacanada.com &
ਅਰਥਾਂ ਲਈ
www.gurugranthdarpan.com ਤੇ ਕਲਿਕ ਕਰੋ ਜੀ।