# ਨਾਮ ਜਪੋ, ਕਿਰਤ ਕਰੋ, ਵੰਡ ਛਕੋ—ਦਸਵੰਧ—ਇਕ ਮਨੁੱਖ,
ਇੱਕ ਪ੍ਰਮਾਤਮਾ, ਇੱਕ ਗੁਰੂ, ਇਕੋ ਇਲਾਹੀ ਧਰਮ, ਇਕੋ ਮਨੁੱਖੀ ਭਾਈਚਾਰਾ-ਪ੍ਰਭੂ ਦੀ ਰਜ਼ਾ ਤੇ
ਭਾਣੇ `ਚ ਜੀਊਣਾ, ਅਜੇਹੇ ਸੰਸਾਰ ਪੱਧਰ ਦੇ ਸਿਧਾਂਤ ਕੇਵਲ "ਗੁਰੂ ਗ੍ਰੰਥ ਸਾਹਿਬ" ਜੀ
ਦੀ ਹੀ ਦੇਣ ਹਨ।
# ਦੁਨੀਆਂ ਭਰ ਦਾ ਇਕੋ-ਇਕ ਗ੍ਰੰਥ ਜਿਸ `ਚ 6 ਗੁਰੂ ਸਰੂਪਾਂ ਸਮੇਤ
35 ਲਿਖਾਰੀ ਹਨ, ਅਤੇ 1430ਪੰਨਿਆਂ ਦੇ ਵੱਡੇ ਆਕਾਰ ਦੇ ਬਾਵਜੂਦ, ਕਿਧਰੇ ਵਿਚਾਰ
ਜਾਂ ਸਿਧਾਂਤ ਵਿਰੋਧ ਨਹੀਂ। ਇਥੇ "ਇਕਾ ਬਾਣੀ ਇਕੁ ਗੁਰੁ, ਇਕੋ ਸਬਦੁ ਵੀਚਾਰਿ" (ਪੰ:
646) ਦਾ ਅਟੱਲ ਨਿਯਮ ਕੰਮ ਕਰ ਰਿਹਾ ਹੈ।
# ਲਿਖਾਰੀਆਂ ਨੂੰ ਨਾਲ ਲੈਣ ਲੱਗੇ ਉਹਨਾਂ ਦੀ ਜਨਮ-ਜਾਤ-ਕੁਲ ਨੂੰ ਮੁਖ ਨਹੀਂ
ਰਖਿਆ ਗਿਆ। ਬਿਨਾ ਵਿਤਕਰਾ ਸਾਰੇ ਭਗਤ ਅਖੌਤੀ ਸ਼ੂਦਰਾਂ, ਕਹੇ ਜਾਂਦੇ ਉੱਚ ਜਾਤੀ ਬ੍ਰਾਹਮਣਾਂ,
ਮੁਸਲਮਾਨਾਂ ਚੋਂ ਵੀ ਹਨ। ਕੇਵਲ ਮਨੁੱਖਤਾ ਅਤੇ ਇਲਾਹੀ ਸੱਚ ਦੇ ਸਿਧਾਂਤ ੴਨੂੰ ਹੀ ਮੁੱਖ ਰਖਿਆ ਗਿਆ
ਹੈ।
# ਪੰਜ ਤੋਂ ਵੱਧ ਸਦੀਆਂ ਬੀਤ ਚੁੱਕੀਆਂ ਹਨ, ਦੁਨੀਆਂ ਪੱਧਰ ਦੇ
ਵੱਡੇ-ਤੋਂ-ਵੱਡੇ ਵਿਦਵਾਨਾਂ ਨੇ ਗੁਰਬਾਣੀ ਦੀ ਅਜ਼ਮਤ ਅੱਗੇ ਸਿਰ ਤਾਂ ਝੁਕਾਇਆ ਹੈ ਪਰ ਸੰਸਾਰ ਪੱਧਰ
ਦਾ ਇੱਕ ਵੀ ਵਿਦਵਾਨ ਜਾਂ ਵਿਚਾਰਵਾਨ ਗੁਰਬਾਣੀ ਦੇ ਕਿਸੇ ਇੱਕ ਸਿਧਾਂਤ ਨੂੰ ਵੀ ਨਹੀਂ ਝੁਠਲਾ ਸਕਿਆ।
# ਗੁਰੂ ਗ੍ਰੰਥ ਸਾਹਿਬ ਵਿਚੋਂ ਇੱਕ-ਇੱਕ ਸਿਧਾਂਤ ਨੂੰ ਲੈ ਕੇ ਜਾਂ ਉਸਦੀ
ਕੁਵਰਤੋਂ ਕਰ ਕੇ ਅਨੇਕਾਂ ਨੇ ਆਪਣੀਆਂ ਦੁਕਾਨਾਂ-ਡੇਰੇ ਤਾਂ ਚਮਕਾ ਲਏ। ਜੇ ਇਹੀ ਲੋਕ ਨੇਕ-ਨਿਯਤੀ
ਨਾਲ, ਇਸ ਖਜ਼ਾਨੇ ਨਾਲ ਜੁੜ ਜਾਣ ਤਾਂ-ਆਪ ਵੀ ਉੱਚਾ-ਸੁੱਚਾ ਜੀਵਨ ਬਿਤਾਉਣ ਤੇ ਦੁਨੀਆਂ `ਚ ਵੀ ਠੰਢ
ਵਰਤ ਸਕਦੇ ਹਨ। ਕਿਉਂਕਿ "ਸਚੈ ਮਾਰਗਿ ਚਲਦਿਆ ਉਸਤਤਿ ਕਰੇ ਜਹਾਨ" (ਪੰ: 136)।
# ਗੁਰਬਾਣੀ ਗਿਆਤਾ, ਸੂਰਜ-ਚੰਦ-ਧਰਤੀ ਦਾ ਪੁਜਾਰੀ ਨਹੀਂ ਰਹਿੰਦਾ। ਉਸ `ਚੋਂ
ਸੂਰਜ-ਚੰਦ ਗ੍ਰਹਿਣਾਂ ਵਾਲੇ ਵਹਿਮ-ਭਰਮ, ਤੀਰਥਾਂ ਦੇ ਬੇਲੋੜੇ ਇਸ਼ਨਾਨਾਂ ਦੇ ਭੁਲੇਖੇ ਆਪਣੇ ਆਪ ਮੁੱਕ
ਜਾਂਦੇ ਹਨ। ਸੰਗ੍ਰਾਂਦਾਂ, ਮਸਿਆਂਵਾਂ, ਪੂਰਨਮਾਸ਼ੀਆਂ, ਨੌਰਾਤੇ, ਸਰਾਧ, ਅਸ਼ਟਮੀਆਂ, ਸਨੀਚਰ, ਮੰਗਲ,
ਸਵੇਰ-ਸ਼ਾਮ ਆਦਿ ਉਸ ਲਈ ਖਾਸ ਦਿਨ, ਵੱਕਤ ਜਾਂ ਤਿਉਹਾਰ ਨਹੀਂ ਰਹਿ ਜਾਂਦੇ।
# ਸਾਇੰਸ ਦੀਆਂ ਨਿੱਤ ਹੋ ਰਹੀਆਂ ਖੋਜਾਂ ਅਤੇ ਤਰੱਕੀ ਕਾਰਣ, ਸੰਸਾਰ ਦੇ
ਬਹੁਤੇ ਧਰਮ-ਵਿਚਾਰਧਾਰਾਵਾਂ ਪੱਤਝੜ ਦੇ ਪੱਤਿਆਂ ਦੀ ਤਰ੍ਹਾਂ, ਫੜ-ਫੜਾ ਰਹੀਆਂ ਹਨ। ਹੋਂਦ ਨੂੰ ਕਾਇਮ
ਰੱਖਣ ਲਈ, ਉਹ ਲੋਕ ਨਿੱਤ ਨਵੀਆਂ ਪ੍ਰੀਭਾਸ਼ਾਵਾਂ ਢੂੰਡ ਰਹੇ ਹਨ। ਇਸ ਦੇ ਉਲਟ, ਵਾਹਿਦ ‘ਸ੍ਰੀ ਗੁਰੂ
ਗ੍ਰੰਥ ਸਾਹਿਬ ਜੀ’ ਅਜੇਹੀ ਹਸਤੀ ਹਨ, ਜਿਉਂ ਜਿਉਂ ਸਾਇੰਸ ਉੱਨਤੀ ਕਰਦੀ ਹੈ, ਗੁਰਬਾਣੀ ਵਿਚਾਰਧਾਰਾ
ਹੋਰ ਤੇ ਹੋਰ ਨਿੱਖਰਦੀ ਹੈ। ਗੁਰਬਾਣੀ ਦੇ ਅਸੀਮ ਚਾਨਣ ਸਾਹਮਣੇ, ਵਿਗਿਆਨ ਦੀ ਹਰੇਕ ਨਵੀਂ ਤੋਂ ਨਵੀਂ
ਖੋਜ ਤੇ ਕਾਢ, ਮਾਤਰ ਦੀਵਾ ਹੀ ਸਾਬਤ ਹੁੰਦੀ ਹੈ। ਕਾਰਣ- ਵਿਗਿਆਨ ਕੁਦਰਤ ਚੋਂ ਪੈਦਾ ਹੁੰਦੀ,
ਜਦਕਿ ਗੁਰਬਾਣੀ ਕੁਦਰਤ ਦੇ ਕਾਦਿਰ ੴਦਾ ਪ੍ਰਗਟਾਵਾ ਅਤੇ ਮਿਲਾਵਾ ਹੈ।
# ਛੂਤ-ਛਾਤ, ਵਰਨ-ਵੰਡ, ਊਚ-ਨੀਚ, ਜਾਤ-ਪਾਤ, ਮਹਿਲਾ-ਉੱਥਾਨ, ਦਹੇਜ-ਪ੍ਰਥਾ,
ਸਤੀ-ਪ੍ਰਥਾ, ਫਿਰਕਾਪ੍ਰਸਤੀ, ਵਹਿਮ-ਭਰਮ, ਜਨੂੰਨ-ਜਹਾਲਤਾਂ, ਟੂਣੇ-ਪ੍ਰਛਾਵੇਂ ਆਦਿ ਅੱਜ ਭਾਰਤ
ਸਰਕਾਰ ਜਿਨ੍ਹਾਂ ਅਨੇਕਾਂ ਮਸਲਿਆਂ ਨਾਲ ਦੋ-ਚਾਰ ਹੈ। ਜੇਕਰ ਨੇਕ ਨਿਯਤੀ ਨਾਲ ਗੁਰਬਾਣੀ ਦੀ ਸ਼ਰਣ `ਚ
ਆ ਜਾਈਏ ਤਾਂ ਸਾਰਿਆਂ ਦਾ ਸਦੀਵੀ ਹੱਲ ਕੇਵਲ ਗੁਰਬਾਣੀ ਪਾਸ ਹੀ ਹੈ, ਬਾਹਰੋਂ ਨਹੀਂ ਮਿਲੇਗਾ।
# ਰੰਗ-ਨਸਲ-ਲਿੰਗ ਦੇ ਵਿਤਕਰੇ, ਹਥਿਆਰਾਂ ਦੀ ਹੋੜ, ਜੁਰਮ-ਡਰੱਗ-ਨਸ਼ੇ,
ਮਾਨਸਕ ਤਨਾਵ ਦੀ ਉਪਜ ਜਿਵੇਂ ਹਿੱਪੀ ਮਸਲਾ, ਬੇਅੰਤ ਐਕਸੀਡੈਂਟ-ਮੁਕਦਮੇਬਾਜ਼ੀਆਂ, ਸਰੀਰਕ- ਮਾਨਸਕ
ਰੋਗਾਂ ਦੀ ਜਕੜ ਸੰਸਾਰ ਤੱਲ ਦੇ ਸਾਰੇ ਮਸਲਿਆਂ ਦਾ ਕੇਵਲ "ਗੁਰੂ ਗ੍ਰੰਥ ਸਾਹਿਬ" ਹੀ ਸਦੀਵੀ ਹੱਲ
ਹਨ।
# ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਪ੍ਰਾਪਤ ਜੀਵਨ ਜਾਚ-ਬਿਨਾ
ਵਿਤਕਰਾ ਰੰਗ-ਨਸਲ, ਇਸਤ੍ਰੀ-ਪੁਰਖ, ਬੱਚਾ-ਬਿਰਧ, ਥਾਨ-ਦਿਸ਼ਾ, ਸਮਾਂ-ਵਾਰ, ਊਚ-ਨੀਚ,
ਬੋਲੀ-ਭਾਸ਼ਾ-ਧਰਮ-ਰਹਿਣੀ ਸਰਬ ਸੰਸਾਰ ਦੀ ਇਕੋ ਜਿਹੀ ਸਦੀਵੀ ਲੋੜ ਤੇ ਅਗਵਾਈ ਕਰਣ ਦੇ ਸਮ੍ਰਥ ਹਨ।
ਇਥੋਂ ਤਾਂ ਸੁਚੱਜਾ-ਸ਼ਾਂਤ ਮਈ ਤੇ ਮਨੁੱਖੀ ਪਿਆਰ ਨਾਲ ਭਰਪੂਰ ਸੰਤੋਖੀ ਟਿਕਾਅ ਵਾਲਾ ਜੀਵਨ ਪ੍ਰਾਪਤ
ਹੁੰਦਾ ਹੈ।
# ਇਹ ਗੁਰਬਾਣੀ ਹੀ ਹੈ ਜਿਸ ਨੇ ਸਭ ਤੋਂ ਪਹਿਲਾਂ ਸਾਫ਼ ਕੀਤਾ ਕਿ ਸੀਤਲਾ
(ਚੇਚਕ) ਬੀਮਾਰੀ ਹੈ, ਮਾਤਾ ਜਾਂ ਦੇਵੀ ਨਹੀਂ। ਇਸਦੇ ਇਲਾਜ ਦੀ ਲੋੜ ਹੈ। ਚੇਚਕ ਦੇ ਟੀਕੇ ਤਾਂ ਕਲ੍ਹ
ਦੀ ਖੋਜ ਹਨ। ਇਸੇ ਤਰ੍ਹਾਂ ਕਿਸੇ ਫਰਜ਼ੀ ਸਰਸਤੀ ਦੀ ਪੂਜਾ ਨਾਲ ਜਹਾਲਤਾਂ ਦੂਰ ਨਹੀਂ ਹੋ ਸਕਦੀਆਂ।
ਦੀਵਾਲੀਆਂ, ਲੱਛਮੀ ਪੂਜਾ-ਕੰਗਾਂਲਤਾ ਦੂਰ ਨਹੀਂ ਕਰ ਸਕਦੀਆਂ। ਦੇਵੀਆਂ-ਦੇਵਤੇ ਕੇਵਲ ਕਲਪਣਾ ਹਨ ਤੇ
ਕੁੱਝ ਦੀ ਰੋਟੀ-ਰੋਜ਼ੀ ਦਾ ਵਸੀਲ਼ਾ ਹਨ। ਸਰਬਵਿਆਪੀ ਅਜੂਨੀ, ਸੈਭੰ ਕਰਤੇ ਤੋਂ ਬਿਨਾ ਕੋਈ ਭਗਵਾਨ ਨਹੀਂ
ਹੋ ਸਕਦਾ।