ਅਰਦਾਸ ਦਾ ਮੂਲ ਅਰਜ਼-ਦਾਸ਼ਤ ਹੈ, ਜੋ ਕਿ ਫ਼ਾਰਸੀ ਭਾਸ਼ਾ ਦਾ ਲਫ਼ਜ਼ ਹੈ। ਇਸ ਦੇ
ਲਈ ਬੇਨਤੀ, ਅਰਜ਼ੋਈ, ਬਿਨੈ, ਪ੍ਰਾਰਥਨਾ, ਅਰਜ਼ ਆਦਿ ਸ਼ਬਦ ਵੀ ਵਰਤੇ ਜਾਂਦੇ ਹਨ। ਪਾਵਣ ਗੁਰਬਾਣੀ ਵਿੱਚ
ਪ੍ਰਾਰਥਣਾ ਲਈ ਬੇਸ਼ੱਕ ਹੋਰ ਸ਼ਬਦ ਵੀ ਵਰਤੇ ਗਏ ਹਨ, ਪਰ ਅਰਦਾਸ ਸ਼ਬਦ ਜ਼ਿਆਦਾਤਰ ਵਰਤਿਆ ਗਿਆ ਹੈ। ਕਿਸੇ
ਵੀ ਸੰਕਟ, ਸੁੱਖ-ਦੁੱਖ, ਖ਼ੁਸ਼ੀ ਜਾਂ ਗ਼ਮੀ ਵੇਲੇ ਸਿੱਖ ਨੂੰ ਹਦਾਇਤ ਹੈ ਕਿ ਉਹ ਪ੍ਰਭੂ ਪ੍ਰਮਾਤਮਾ
ਅੱਗੇ ਅਰਦਾਸ ਬੇਨਤੀ ਕਰ ਕੇ ਹੀ ਅਗਲੇਰੀ ਕਾਰਾਵਾਈ ਕਰੇ। ਮਹਾਨ ਵਿਦਵਾਨ ਭਾਈ ਕਾਹਨ ਸਿੰਘ ਜੀ ਨਾਭਾ
ਅਨੁਸਾਰ ਸ਼ੁੱਧ ਮਨੋਰਥਾਂ ਦੀ ਸਫਲਤਾ, ਭੁੱਲ ਅਪਰਾਧਾਂ ਦੀ ਮੁਆਫੀ, ਕਰਣੀ ਦਾ ਅਭਿਮਾਨ ਤਿਆਗ ਕੇ
ਬਖਸ਼ਿਸ਼ ਦੀ ਮੰਗ ਅਤੇ ਕਰਤਾਰ ਦੀ ਰਜ਼ਾ ਅੰਦਰ ਰਹਿ ਕੇ ਆਤਮ ਸਮਰਪਣ ਲਈ ਸਤਿਗੁਰਾਂ ਨੇ ਅਰਦਾਸ ਵਿਧਾਨ
ਕੀਤੀ ਹੈ ਜਿਸ ਦਾ ਮੂਲ ਅਰਗ਼ਦਾਸਤ ਅਤਵਾ ਆਰਦ-ਆਸ਼ਾ ਹੈ। ਗੁਰਮਤਿ ਮਾਰਤੰਡ ਦੇ ਸਫਾ 36 ਤੇ ਲਿਖਿਆ ਹੈ
"ਪਰ ਧਨ ਪਰ ਇਸਤ੍ਰੀ ਦੀ ਪ੍ਰਾਪਤੀ, ਚੋਰੀ, ਜੂਏ ਵਿੱਚ ਸਫਲਤਾ, ਝੂਠੇ ਮੁਕੱਦਮੇ ਵਿੱਚ ਕਾਮਯਾਬੀ,
ਕਿਸੇ ਨੂੰ ਨੁਕਸਾਨ ਪਹੁੰਚਾਉਣ ਦਾ ਮਨੋਰਥ ਇਤਯਾਦਿਕ ਮੰਦ ਮਨੋਰਥਾਂ ਦੀ ਸਫਲਤਾ ਲਈ ਅਰਦਾਸ ਕਰਨ
ਕਰਵਾਉਣ ਵਾਲੇ ਸਿੱਖੀ ਦੇ ਸਿਧਾਂਤ ਤੋਂ ਅਗਿਯਾਤ ਹਨ।"
ਸੋ ਆਉ! ਹੁਣ ਅਸੀਂ ਅਰਦਾਸ ਦੇ ਵਿਸ਼ੇ ਤੇ ਵੀਚਾਰ ਕਰੀਏ ਕਿ:
ਅਰਦਾਸ ਕੀ ਹੈ ਅਤੇ ਇਸਦੀ ਕੀ ਮਹੱਤਤਾ ਹੈ? ਅਰਦਾਸ ਕਿਵੇਂ ਕੀਤੀ ਜਾਵੇ?
ਪਹਿਲਾਂ ਸਮਝੀਏ ਕਿ ਅਰਦਾਸ ਕੀ ਹੈ?
ਜਦੋਂ ਮਨੁੱਖ ਆਪਣੀ ਸਾਰੀ ਤਾਕਤ, ਸਮਰੱਥਾ ਅਨੁਸਾਰ ਆਪਣਾ ਕਾਰਜ ਕਰਦਾ ਹੈ,
ਪਰ ਵੱਡੀ ਸਫ਼ਲਤਾ ਹੱਥ ਨਹੀਂ ਆਉਂਦੀ ਤਾਂ ਉਸਨੂੰ ਲੋੜ ਹੁੰਦੀ ਹੈ ਆਪਣੇ ਤੋਂ ਵੱਡੇ ਅਤੇ ਕਿਸੇ ਵਧੇਰੇ
ਤਾਕਤਵਾਰ ਸ਼ਕਤੀ ਦੀ, ਜੋ ਉਸਦਾ ਕਾਰਜ ਸੰਪੰਨ ਕਰ ਸਕੇ। ਉਸ ਸਮੇਂ ਉਹ ਮਨੁੱਖ ਉਸ ਸ਼ਕਤੀਸ਼ਾਲੀ ਅੱਗੇ
ਅਰਦਾਸ ਕਰਦਾ ਹੈ, ਕਿਉਂਕਿ ਇੱਹ ਗੱਲ ਪੱਕੀ ਹੈ ਕਿ ਮਨੁੱਖ ਸੁਭਾਵਕ ਤੌਰ ਤੇ ਕਮਜ਼ੋਰ ਹੁੰਦਾ ਹੈ।
ਸੰਸਾਰ ਵਿਚਲੇ ਬੇਅੰਤ ਤਰ੍ਹਾਂ ਦੇ ਬਦਲਾਵਾਂ ਅਤੇ ਘਟਨਾਵਾਂ ਦਾ ਤੂਫਾਨ ਚਲਦਾ ਹੈ, ਜਿਸ ਕਰਕੇ
ਮਨੁੱਖੀ ਮਨ ਦ੍ਰਿੜ ਰੱਖਣਾ ਮੁਸ਼ਕਿਲ ਹੋ ਜਾਂਦਾ ਹੈ ਅਤੇ ਕਈ ਵਾਰ ਮਨ ਉਚਾਟ ਹੋ ਕੇ ਡੋਲਦਾ ਹੈ ਅਤੇ
ਉਸਨੂੰ ਕਿਸੇ ਅਗੰਮੀ, ਸ਼ਕਤੀਸ਼ਾਲੀ, ਤਾਕਤਵਾਰ ਸ਼ਕਤੀ ਦੀ ਟੇਕ ਦੀ ਲੋੜ ਹੁੰਦੀ ਹੈ। ਜੋ ਮਨੁੱਖ ਜਾਂ ਉਸ
ਦੁਆਰਾ ਬਣਾਈ ਗਈ ਮਸ਼ੀਨਰੀ ਦੀ ਤਾਕਤ ਸਮਰੱਥਾ ਤੋਂ ਵਧੇਰੇ ਸ਼ਕਤੀਸ਼ਾਲੀ ਅਤੇ ਮਨੁੱਖ ਨਾਲੋਂ ਵਧੇਰੇ
ਸਾਧਨਾਂ ਦਾ ਮਾਲਕ ਹੋਵੇ ਅਤੇ ਉਹ ਸ਼ਕਤੀ ਅਕਾਲ ਪੁਰਖ ਪ੍ਰਭੂ-ਪ੍ਰਮਾਤਮਾ ਆਪ ਹੈ, ਜੋ ਸਭ ਕੁੱਝ ਕਰਨ
ਦੇ ਸਮਰੱਥ ਹੈ। ਫਿਰ ਉਸ ਅੱਗੇ ਅਰਦਾਸ ਬੇਨਤੀ ਕਰਨ ਨਾਲ ਸਾਡੇ ਮਨ ਨੂੰ ਇੱਕ ਸ਼ਾਂਤੀ ਮਿਲਦੀ ਹੈ, ਆਸ
ਬੱਝਦੀ ਹੈ ਅਤੇ ਉਮੀਦ ਜਾਗਦੀ ਹੈ। ਮਨੁੱਖ ਨੂੰ ਇੱਕ ਭਰੋਸਾ ਹੁੰਦਾ ਹੈ ਕਿ ਉਹ ਇੱਕ ਵੱਡੀ ਸ਼ਕਤੀ ਨਾਲ
ਜੁੜਿਆ ਹੈ। ਜਿਸ ਨਾਲ ਸਾਡੇ ਅੰਦਰ ਵਿਸ਼ਵਾਸ਼ ਬੱਝਦਾ ਹੈ, ਅਤੇ ਜਿਸਨੂੰ ਪ੍ਰਗਟ ਕਰਨ ਲਈ ਜੋ ਸ਼ਬਦ ਅਸੀਂ
ਵਰਤਦੇ ਹਾਂ ਉਸਨੂੰ ਅਰਦਾਸ ਕਿਹਾ ਜਾਂਦਾ ਹੈ।
ਅਰਦਾਸ ਨਾਲ ਸਾਨੂੰ ਪ੍ਰਭੂ ਪ੍ਰਮਾਤਮਾ ਨਾਲ ਸਾਂਝ ਹੋਈ ਪ੍ਰਤੀਤ ਹੁੰਦੀ ਹੈ,
ਕਿਉਂਕਿ ਸਿੱਖ ਧਰਮ ਵਿੱਚ ਪ੍ਰਮਾਤਮਾ ਨਾਲ ਸਾਂਝ ਪਾਉਣ, ਵਾਹਿਗੁਰੂ ਨਾਲ ਨੇੜਤਾ ਕਾਇਮ ਕਰਨਾ ਅਤੇ
ਇੱਕ ਮਿੱਕ ਹੋ ਜਾਣਾ ਹੀ ਮਨੁੱਖਾ ਜਿੰਦਗੀ ਦਾ ਪ੍ਰਯੋਜਨ ਹੈ ਅਤੇ ਉਸ ਸੱਚੇ ਵਾਹਿਗੁਰੂ ਅੱਗੇ ਅਰਦਾਸ
ਕਿਸੇ ਦੇ ਬੁਰੇ ਲਈ ਨਹੀਂ ਬਲਕਿ ਸਰਬੱਤ ਦੇ ਭਲੇ ਲਈ ਕੀਤੀ ਜਾਂਦੀ ਹੈ।
ਅਰਦਾਸ ਕਿਵੇਂ ਕੀਤੀ ਜਾਵੇ?
ਗੁਰਬਾਣੀ ਵਿੱਚ ਅਰਦਾਸ ਕਰਨ ਦੇ ਨਿਯਮ ਸਪੱਸ਼ਟ ਹਨ ਕਿ ਕੇਵਲ ਪ੍ਰਭੂ
ਪ੍ਰਮਾਤਮਾ ਦੇ ਅੱਗੇ ਹੀ ਅਰਦਾਸ ਕਰੋ। ਅਰਦਾਸ ਕਿਸੇ ਕਲਪਿਤ ਦੇਵੀ ਦੇਵਤੇ, ਮੰਦਿਰਾਂ ਅਤੇ ਵਸਤਾਂ
ਅੱਗੇ ਨਹੀਂ ਕਰਨੀ ਚਾਹੀਦੀ। (ਹਵਾਲਾ: ਗੁਰਮਤਿ ਮਾਰਤੰਡ ਸਫਾ 37)
ਅਰਦਾਸ ਹੱਥ ਜੋੜ ਕੇ, ਖੜ੍ਹੇ ਹੋ ਕੇ, ਉਸ ਅਕਾਲ ਪੁਰਖ ਨੂੰ ਹਾਜ਼ਿਰ-ਨਾਜ਼ਰ
ਜਾਣਦਿਆਂ ਉਸ ਅੱਗੇ ਅਰਦਾਸ ਕਰਨੀ ਚਾਹੀਦੀ ਹੈ। ਜੈਸਾ ਕਿ ਗੁਰਬਾਣੀ ਫ਼ੁਰਮਾਣ ਹੈ:
ਆਪੇ ਜਾਣੈ ਕਰੇ ਆਪਿ ਆਪੇ ਆਣੈ ਰਾਸਿ॥
ਤਿਸੈ ਅਗੈ ਨਾਨਕਾ ਖਲਿਇ ਕੀਚੈ ਅਰਦਾਸਿ॥
(ਮਾਰੂ ਵਾਰ-1, ਮ. 2, ਪੰਨਾ 1093)
ਅਤੇ ਪੰਚਮ ਪਾਤਸ਼ਾਹ ਜੀ ਦੇ ਬਚਨ ਹਨ:
ਦੁਇ ਕਰ ਜੋੜਿ ਕਰਉ ਅਰਦਾਸਿ॥
(ਸੂਹੀ ਮ. 5, ਪੰਨਾ 737)
ਅਰਦਾਸ ਕਰਨ ਵੇਲੇ ਨਿਮਰਤਾ ਜ਼ਰੂਰੀ ਹੈ। ਪਤਾ ਹੋਣਾ ਚਾਹੀਦਾ ਹੈ ਕਿ ਜਿਸ
ਅੱਗੇ ਅਰਦਾਸ ਕੀਤੀ ਜਾ ਰਹੀ ਹੈ ਉਹ ਪ੍ਰਭੂ ਕਿੰਨਾ ਬੇਅੰਤ, ਸ਼ਕਤੀਮਾਨ, ਬਖਸਿੰਦ ਹੈ। ਇਸ ਤਰ੍ਹਾਂ ਦੇ
ਨਿਮਰ ਭਾਵ ਵਿੱਚ ਕੀਤੀ ਅਰਦਾਸ ਪ੍ਰਵਾਨ ਹੁੰਦੀ ਹੈ। ਅਰਦਾਸ ਕਰਨ ਵੇਲੇ ਆਪਾ ਭਾਵ ਤਿਆਗ ਕੇ ਉਸ ਉਪਰ
ਪੂਰਨ ਨਿਸਚੈ ਦੀ ਲੋੜ ਪੈਂਦੀ ਹੈ। ਜਿੱਥੇ ਅਰਦਾਸ ਕੀਤੀ ਜਾ ਰਹੀ ਉਸ ਉਪਰ ਪੂਰਾ ਭਰੋਸਾ ਹੋਣਾ ਵੀ
ਜ਼ਰੂਰੀ ਹੈ। ਮਨ ਦੀ ਅਵਸਥਾ ਐਸੀ ਹੋਣੀ ਚਾਹੀਦੀ ਹੈ ਕਿ:
ਮੈ ਤਾਣੁ ਦੀਬਾਣੁ ਤੂਹੈ ਮੇਰੇ ਸੁਆਮੀ ਮੈ ਤੁਧੁ ਆਗੈ ਅਰਦਾਸਿ॥
ਮੈ ਹੋਰੁ ਥਾਉ ਨਾਹੀ ਜਿਸੁ ਪਹਿ ਕਰਉ ਬੇਨੰਤੀ ਮੇਰਾ ਸੁਖੁ ਸੁਖੁ ਤੁਝ ਹੀ
ਪਾਸਿ॥
(ਸੂਹੀ ਮ. 4, ਪੰਨਾ 735)
ਮੈ ਸਭੁ ਕਿਛੁ ਛੋਡਿ ਪ੍ਰਭ ਤੁਹੀ ਧਿਆਇਆ॥
(ਆਸਾ ਮ. 5, ਪੰਨਾ 371)
ਅਰਦਾਸ ਦੀ ਮਹੱਤਤਾ-
ਵਿਦਵਾਨ ਏਮਰਸਨ ਦਾ ਕਹਿਣਾ ਹੈ ਕਿ "ਪ੍ਰਮਾਤਮਾ ਹਰੇਕ ਹਿਰਦੇ ਵਿੱਚ ਦਾਖ਼ਲ
ਹੁੰਦਾ ਹੈ, ਪਰ ਇੱਕ ਖਾਸ ਰਸਤੇ ਰਾਹੀਂ। ਉਹ ਰਸਤਾ ਹੈ ਅਰਦਾਸ। ਕਈ ਵਾਰ ਕੁੱਝ ਭੁੱਲੜ ਸਿੱਖ ਜਾਂ
ਗੁਰਬਾਣੀ ਦੇ ਪਾਵਣ ਅਤੇ ਅਟੱਲ ਸਿਧਾਂਤਾਂ ਤੋਂ ਅਣਜਾਨ ਅਰਦਾਸ ਦੇ ਸਬੰਧ ਵਿੱਚ ਕਈ ਟਪਲੇ ਖਾ ਜਾਂਦੇ
ਹਨ ਅਤੇ ਇਤਰਾਜ਼ ਕਰਦੇ ਹਨ ਕਿ:
- ਜੇ ਪ੍ਰਮਾਤਮਾ ਪ੍ਰਭੂ ਸਾਡੇ ਅੰਦਰ ਵੱਸਦਾ ਹੈ, ਸਾਡੀਆਂ ਮਨ ਦੀਆਂ ਗੱਲਾਂ ਜਾਨਣ ਵਾਲਾ ਹੈ,
ਫ਼ਿਰ ਉਸ ਨੂੰ ਕੁੱਝ ਕਹਿਣ ਦੀ ਕੀ ਲੋੜ ਹੈ?
- ਜੋ ਪ੍ਰਮਾਤਮਾ ਨੇ ਸਾਡੇ ਕਰਮ ਲਿਖੇ ਹਨ ਅਤੇ ਬਦਲੇ ਨਹੀਂ ਜਾ ਸਕਦੇ ਤਾਂ ਫਿਰ ਅਰਦਾਸ ਕਰਨ
ਦੀ ਮਹੱਤਤਾ ਹੀ ਕੀ ਰਹਿ ਜਾਂਦੀ ਹੈ?
ਤਾਂ ਸਪੱਸ਼ਟ ਰੂਪ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਪ੍ਰਮਾਤਮਾ ਜਾਨੀਜਾਨ
ਅੰਤਰਯਾਮੀ ਹੈ। ਸਭ ਉਸਦੀ ਮਰਜ਼ੀ ਵਿੱਚ ਹੋ ਰਿਹਾ ਹੈ, ਪਰ ਅਸੀਂ ਉਸਦੀ ਕ੍ਰਿਪਾ, ਨਦਰ, ਬਖਸ਼ਿਸ਼ ਦੀ
ਮੰਗ ਕਰਦੇ ਹਾਂ। ਮੰਗ ਚੰਗੀ ਹੈ ਜਾਂ ਮਾੜੀ ਇਸ ਗੱਲ ਨੂੰ ਵਧੇਰੇ ਪ੍ਰਮਾਤਮਾ ਜਾਣਦਾ ਹੈ। ਰਹੀ ਕਰਮਾਂ
ਦੀ ਗੱਲ ਤਾਂ ਇਹ ਕਰਮ ਫਿਲਾਸਫੀ ਮੱਤ ਹੈ। ਸਿੱਖ ਜਿਹੜਾ ਹੈ, ਇਹ ਆਪਣੇ ਵਾਹਿਗੁਰੂ ਪ੍ਰਮਾਤਮਾ ਦੀ
ਬਖਸ਼ਿਸ਼ ਉਪਰ ਵੀ ਭਰੋਸਾ ਰੱਖਦਾ ਹੈ, ਕੇਵਲ ਕਰਮਾਂ ਵਿੱਚ ਵਿਸ਼ਵਾਸ਼ ਨਹੀਂ ਕਰਦਾ। ਕਿਉਂਕਿ ਸਿੱਖ ਦਾ
ਫ਼ਰਜ਼ ਹੈ ਕਿ ਅਕਾਲ ਪੁੱਰਖ ਅੱਗੇ ਅਰਦਾਸ ਕਰਨੀ। ਸਿੱਖ ਦੀ ਕੀਤੀ ਹੋਈ ਅਰਦਾਸ ਪ੍ਰਵਾਨ ਜਾਂ ਅਪ੍ਰਵਾਨ
ਕਰਨਾ ਤਾਂ ਉਸ ਬੇਅੰਤ ਪ੍ਰਭੂ ਦੀ ਮਰਜ਼ੀ ਹੈ:
ਦੁਇ ਕਰ ਜੋੜਿ ਕਰਉ ਅਰਦਾਸਿ॥
ਤੁਧੁ ਭਾਵੈ ਤਾ ਆਣਹਿ ਰਾਸਿ॥
(ਸੂਹੀ ਮ. 5, ਪੰਨਾ 737)
ਅਕਸਰ ਸਾਫ਼ ਅਤੇ ਸ਼ੁੱਧ ਮਨ ਨਾਲ ਕੀਤੀ ਅਰਦਾਸ ਵਾਹਿਗੁਰੂ ਦੇ ਦਰ ਤੇ ਪ੍ਰਵਾਨ
ਹੁੰਦੀ ਹੈ, ਐਸਾ ਨਿਸ਼ਚਾ ਹੈ ਸਿੱਖ ਦਾ। ਇਤਿਹਾਸ ਵਿੱਚ ਵੀ ਜ਼ਿਕਰ ਆਉਂਦਾ ਹੈ ਜਦੋਂ ਜਗਤ ਗੁਰੂ, ਗੁਰੂ
ਨਾਨਕ ਦੇਵ ਜੀ ਸੱਚੇ ਪਾਤਸ਼ਾਹ ਜੀ ਤਲਵੰਡੀ ਤੋਂ ਸੁਲਤਾਨਪੁਰ ਨੂੰ ਜਾਣ ਲੱਗੇ ਤਾਂ ਰਾਇ ਬੁਲਾਰ ਨੇ
ਗੁਰੂ ਨਾਨਕ ਸਾਹਿਬ ਜੀ ਕੋਲ ਆ ਕੇ ਫਰਿਆਦ ਕੀਤੀ ਕਿ "ਸਤਿਗੁਰੂ ਜੀਉ! ਪਤਾ ਨਹੀਂ ਮੁੜ ਕਦੋਂ ਆਪ ਜੀ
ਦੇ ਦਰਸ਼ਨ ਹੋਣਗੇ, ਇਸ ਲਈ ਕੋਈ ਉਪਦੇਸ਼ ਹੀ ਕਰਦੇ ਜਾਵੋ।"
ਤਾਂ ਪਾਤਸ਼ਾਹ ਜੀ ਦਾ ਜਵਾਬ ਸੀ: "ਸਾਡੀ ਸਿੱਖਿਆ ਇਹੀ ਹੈ, ਜਦੋਂ ਆਪਣੀ ਤਾਕਤ
ਜਾਂ ਬਲ ਕੰਮ ਕਰਨਾ ਬੰਦ ਕਰ ਦੇਵੇ ਤਾਂ ਦੋਵੇਂ ਹੱਥ ਜੋੜ ਕਰਕੇ ਪ੍ਰਮਾਤਮਾ ਦੇ ਚਰਣਾਂ ਵਿੱਚ ਅਰਦਾਸ
ਕਰਨੀ।"
ਪੁਰਾਤਨ ਪ੍ਰੰਪਰਾ ਅਨੁਸਾਰ ਇੱਕ ਰਿਵਾਜ਼ ਰਿਹਾ ਹੈ ਕਿ ਆਪਣੀ ਅਰਦਾਸ ਆਪ ਕਰਨ
ਦੀ ਬਜਾਇ ਕਿਸੇ ਦੂਸਰੇ ਗੁਰਸਿੱਖ ਕੋਲੋਂ ਕਰਵਾਈ ਜਾਂਦੀ ਸੀ। ਅਰਦਾਸ ਬਾਰੇ ਇੱਕ ਹੋਰ ਬੜੀ ਸੁਆਦਲੀ
ਗੱਲ ਸਾਹਮਣੇ ਆਉਂਦੀ ਹੈ ਕਿ ਮੌਜੂਦਾ ਸਮੇਂ ਵਿੱਚ ਜੋ ਅਰਦਾਸ ਪੰਥ ਵੱਲੋਂ ਪ੍ਰਵਾਣਿਤ ਕੀਤੀ ਗਈ ਹੈ।
ਉਸ ਨੂੰ ਲਿਖਣ ਵਾਲੇ ਕਿਸੇ ਇੱਕ ਗੁਰਸਿੱਖ ਜਾਂ ਵਿਸ਼ੇਸ਼ ਵਿਅਕਤੀ ਦਾ ਨਾਮ ਸਪੱਸ਼ਟ ਰੂਪ ਵਿੱਚ ਸਾਹਮਣੇ
ਨਹੀਂ ਆਉਂਦਾ, ਪਰ ਜਿਸ ਵੀ ਵਿਦਵਾਨਾਂ, ਬੁੱਧੀਜੀਵੀਆਂ, ਜਾਂ ਵਿਸ਼ੇਸ਼ ਵਿਅਕਤੀ ਨੇ ਇਸਨੂੰ ਤਿਆਰ ਕੀਤਾ
ਹੈ, ਉਹ ਹੈ ਵੈਸੇ ਕਮਾਲ ਦੀ ਪੇਸ਼ਕਾਰੀ। ਜਿਸਨੂੰ ਅਸੀਂ ਕਹਿ ਸਕਦੇ ਹਾਂ ਕਿ ਕੁੱਜੇ ਵਿੱਚ ਸਮੁੰਦਰ
ਬੰਦ ਕੀਤਾ ਹੈ।
ਜਿਸ ਵਿੱਚ ਦਸਾਂ ਪਾਤਸ਼ਾਹੀਆਂ ਜੀ ਦੇ ਪਵਿੱਤਰ ਨਾਮ ਲੈਣ ਦੇ ਨਾਲ ਹੀ ਉਹਨਾਂ
ਵੱਲੋਂ ਦਿੱਤੇ ਗਏ ਆਤਮਿਕ, ਰੂਹਾਨੀ ਗੁਣਾਂ ਦੀ ਯਾਦ ਤਾਜ਼ਾ ਹੋ ਜਾਂਦੀ ਹੈ। ਉਪਰੰਤ ਪੰਜਾਂ ਪਿਆਰਿਆਂ
ਜ੍ਹਿਨਾਂ ਨੇ ਆਪਣਾ ਆਪਾ, ਗੁਰੂ ਨੂੰ ਸੱਚੇ ਦਿਲੋਂ ਸਮਰਪਤ ਕਰ ਕੇ ਸਾਨੂੰ ਵੀ ਸੇਧ ਦਿੱਤੀ ਕਿ ਕਿਸ
ਤਰ੍ਹਾਂ ਗੁਰੂ ਦਾ ਹੁਕਮ ਮੰਨਣ ਵਿੱਚ ਦੇਰੀ ਨਹੀਂ ਲਾਉਣੀ ਚਾਹੀਦੀ। ਨਾਲ ਹੀ ਦਸਮੇਸ਼ ਪਿਤਾ ਜੀ ਦੇ
ਚਾਰ ਸਾਹਿਬਜ਼ਾਦਿਆਂ ਦੀ ਯਾਦ ਜ੍ਹਿਨਾਂ ਦੀ ਕੁਰਬਾਣੀ ਸੰਸਾਰ ਵਿੱਚ ਇੱਕ ਵਿਲੱਖਣ ਮਿਸਾਲ ਪੈਦਾ ਕਰਦੀ
ਹੈ ਅਤੇ ਸਾਡਾ ਮਾਰਗ ਦਰਸ਼ਨ ਕਰਦੀ ਹੈ ਕਿ ਗੁਰੂ ਦੀ ਬਖਸ਼ੀ ਸਿੱਖੀ ਨੂੰ ਕਿਵੇਂ ਕਾਇਮ ਰੱਖਿਆ ਜਾ ਸਕਦਾ
ਹੈ। ਚਾਲੀ ਮੁਕਤੇ, ਸ਼ਹੀਦਾਂ, ਦਾਨੀਆਂ, ਭਗਤਾਂ, ਸੂਰਬੀਰ ਪੁਰਸ਼ਾਂ ਦੀ ਯਾਦ ਤਾਜ਼ਾ ਹੁੰਦੀ ਹੈ। ਅਰਦਾਸ
ਦੇ ਤੀਸਰੇ ਬੰਦ ਵਿੱਚ ਸਿੱਖ ਕੌਮ ਦੇ ਪੰਜਾਂ ਤਖਤਾਂ, ਸਮੂਹ ਗੁਰਦੁਆਰਿਆਂ ਦਾ ਚਿੰਤਨ ਕੀਤਾ ਜਾਂਦਾ
ਹੈ। ਉਪਰੰਤ ਸਮੁਚੇ ਖ਼ਾਲਸਾ ਪੰਥ ਦੇ ਵੱਲੋਂ ਸਾਂਝੀ ਜਿਹੀ ਬਿਨੈ, ਜੋਦੜੀ ਉਸ ਅਕਾਲ ਪੁਰਖ ਅੱਗੇ ਕੀਤੀ
ਜਾਂਦੀ ਹੈ ਕਿ ਇਸ ਖਾਲਸੇ ਨੂੰ ਉਸ ਪ੍ਰਭੂ ਦਾ ਨਾਮ ਕਦੇ ਨਾ ਵਿਸਰੇ। ਹਮੇਸ਼ਾਂ ਹੀ ਪ੍ਰਭੂ ਦਾ ਨਾਮ
ਚੇਤੇ ਰਹੇ, ਜਿਸ ਨਾਲ ਹਰ ਪਾਸੇ ਸੁੱਖ ਰਹੇ। ਕਿਉਂਕਿ:
ਡਿਠਾ ਸਭੁ ਸੰਸਾਰੁ ਸੁਖੁ ਨ ਨਾਮੁ ਬਿਨੁ॥
(ਗਉੜੀ ਵਾਰ-2, ਮ. 5, ਪੰਨਾ 322)
ਪ੍ਰਮਾਤਮਾ ਜੀਉ ਆਪਣੇ ਖ਼ਾਲਸੇ ਦੀ ਰੱਖਿਆ ਕਰਨੀ। ਤੇਰਾ ਖ਼ਾਲਸਾ ਹਰ ਮੈਦਾਨ
ਫ਼ਤਹਿ ਹਾਸਿਲ ਕਰੇ। ਸ੍ਰੀ ਸਾਹਿਬ ਖ਼ਾਲਸੇ ਕੀ ਸਹਾਈ ਹੋਵੇ।
ਇਸ ਪਿਛੋਂ ਪ੍ਰਮਾਤਮਾ ਕੋਲ ਮੰਗ ਕੀਤੀ ਜਾਂਦੀ ਹੈ, ਸਿੱਖਾਂ ਨੂੰ ਸਿੱਖੀ
ਦਾਨ, ਕੇਸ ਦਾਨ, ਰਹਿਤ ਦਾਨ, ਬਿਬੇਕ ਦਾਨ, ਭਰੋਸਾ ਦਾਨ ਅਤੇ ਫਿਰ ਨਾਮ ਦਾਨ ਜੋ ਸਭ ਤੋਂ ਵੱਧ ਕੀਮਤੀ
ਹੈ ਦੀ ਮੰਗ ਕੀਤੀ ਜਾਂਦੀ ਹੈ। ਅੰਮ੍ਰਿਤਸਰ ਜੀ ਦੇ ਇਸ਼ਨਾਨ ਦੀ ਪ੍ਰਾਰਥਨਾ ਵੀ ਨਾਲ ਹੀ ਕੀਤੀ ਜਾਂਦੀ
ਹੈ। ਇੱਥੇ ਇੱਕ ਗੱਲ ਵਿਸ਼ੇਸ਼ ਗ਼ੌਰ ਕਰਨ ਵਾਲੀ ਹੈ ਕਿ ਗੁਰਬਾਣੀ ਵਿੱਚ ਵਿਸ਼ੇਸ਼ ਰੂਪ ਨਾਲ ਕਿਸੇ ਇੱਛਾ
ਨੂੰ ਮੁੱਖ ਰੱਖ ਕੇ ਅੰਧਵਿਸ਼ਵਾਸ਼ ਜਾਂ ਕਰਮਕਾਂਢ ਅਧੀਨ ਕੀਤੇ ਗਏ ਤੀਰਥ ਇਸ਼ਨਾਨ ਦੀ ਕੋਈ ਮਾਨਤਾ ਨਹੀਂ
ਹੈ। ਪਰ ਕਿਉਂਕਿ ਜ਼ਾਲਮ ਮੁਗਲ ਰਾਜ ਦੇ ਸਮੇਂ ਦੌਰਾਨ ਸਿੱਖਾਂ ਉਤੇ ਸ੍ਰੀ ਦਰਬਾਰ ਸਾਹਿਬ ਜਾਣ ਅਤੇ
ਸਰੋਵਰ ਵਿੱਚ ਇਸ਼ਨਨ ਕਰਨ ਦੀ ਪਾਬੰਧੀ ਲਗਾਈ ਦਿੱਤੀ ਗਈ ਸੀ, ਹੋ ਸਕਦਾ ਹੈ ਕਿ ਉਸ ਸਮੇਂ ਗੁਰਸਿੱਖਾਂ
ਨੇ ਪ੍ਰਮਾਤਮਾ ਕੋਲੋਂ ਇਹ ਮੰਗ ਵੀ ਕਰ ਲਈ ਹੋਵੇ। ਕਿਉਂਕਿ ਗੁਰੂ ਸਾਹਿਬਾਨ ਵੱਲੋਂ ਸਰੋਵਰ ਬਣਾਉਣ ਦਾ
ਮੁੱਖ ਮਕਸਦ ਤਾਂ ਉਸ ਸਮੇਂ ਪਾਣੀ ਦੀ ਲੋੜ ਨੂੰ ਪੂਰਾ ਕਰਨਾ, ਜ਼ਾਤ-ਪਾਤ ਜਾਂ ਛੁਤ-ਛਾਤ ਨੂੰ ਖ਼ਤਮ
ਕਰਨਾ ਸੀ। ਖ਼ੈਰ ਅਸੀਂ ਵਿਸ਼ੇ ਤੋਂ ਬਾਹਰ ਨਾ ਜਾਈਏ।
ਉਪਰੰਤ ਸਿੱਖੀ ਦੇ ਝੰਡੇ, ਬੁੰਗੇ, ਨਿਸ਼ਾਨ ਸਾਹਿਬ ਨੂੰ ਯਾਦ ਕੀਤਾ ਜਾਂਦਾ
ਹੈ, ਕਿਉਂਕਿ ਝੰਡਾ, ਪਰਚਮ ਜਾਂ ਨਿਸ਼ਾਨ ਕਿਸੇ ਕੌਮ, ਮਜ਼ਹਨ, ਦੇਸ ਦੇ ਸਤੁੰਤਰ ਹੋਣ ਦੀ ਸ਼ਾਅਦੀ ਭਰਦਾ
ਹੈ। ਇਸ ਤੋਂ ਬਾਅਦ ਮਨ ਨੀਵਾਂ (ਹੰਕਾਰ ਤੋਂ ਮੁਕਤ, ਨਿਮਰਤਾ ਨਾਲ ਭਰਪੂਰ), ਮਤ ਉਚੀ (ਦੂਰ ਅੰਦੇਸ਼ੀ
ਸੋਚ) ਦੀ ਮੰਗ ਕੀਤੀ ਜਾਂਦੀ ਹੈ। ਫਿਰ ਪੰਥ ਤੋਂ ਵਿਛੜੇ ਗੁਰਧਾਮਾਂ ਨੂੰ ਯਾਦ ਕਰਦਿਆਂ ਉਹਨਾਂ ਦੇ
ਖੁਲ੍ਹੇ ਦਰਸ਼ਨ-ਦੀਦਾਰਿਆਂ ਦੀ ਮੰਗ ਕੀਤੀ ਜਾਂਦੀ ਹੈ ਅਤੇ ਉਸ ਵਾਹਿਗੁਰੂ ਅੱਗੇ ਪੰਜਾਂ ਵਿਕਾਰਾਂ ਤੋਂ
ਬਚਾਈ ਰੱਖਣ ਦੀ ਜੋਦੜੀ ਹੁੰਦੀ ਹੈ ਅਤੇ ਫਿਰ ਸਾਰੇ ਸਾਰੇ ਸੰਸਾਰ, ਸਾਰੀ ਦੁਨੀਆ ਦੇ ਮਨੁੱਖ ਮਾਤਰ
ਜੀਵਾਂ ਦੇ ਭਲੇ ਦੀ ਮੰਗ ਕਰਦਿਆਂ ਅਰਦਾਸ ਨੂੰ ਸਮਾਪਿਤ ਕੀਤਾ ਜਾਂਦਾ ਹੈ:
ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਇਹੀ ਅਰਦਾਸ ਦੀ
ਮਹੱਤਤਾ ਹੈ। ਕਿਉਂਕਿ ਅਰਦਾਸ ਇੱਕ ਅਜਿਹਾਂ ਵਸੀਲਾ ਹੈ, ਜਿਸ ਨਾਲ ਪ੍ਰਮਾਤਮਾ ਨਾਲ ਸਾਡੀ ਸਿੱਧੀ ਤਾਰ
(ਲਿਵ) ਜੁੜ ਜਾਂਦੀ ਹੈ ਭਾਵ ਕਿ ਸਿੱਧੀ ਗੱਲਬਾਤ ਹੋ ਰਹੀ ਹੁੰਦੀ ਹੈ। ਅਰਦਾਸ ਕਰਦੇ ਸਮੇਂ ਮਨ ਵਿੱਚ
ਛਲ, ਕਪਟ, ਫ਼ਰੇਬ ਨਹੀਂ ਹੋਣਾ ਚਾਹੀਦਾ ਸਗੋ ਨਿਰਮਲ ਅਤੇ ਨਿਮਰਤਾ ਦੀ ਭਾਵਨਾਂ ਹੋਣੀ ਚਾਹੀਦੀ ਹੈ।
ਅਰਦਾਸ ਨਾਲ ਸਾਡਾ ਭਰੋਸਾ ਉਸ ਪ੍ਰਮਾਤਮਾ ਤੇ ਬੱਝਦਾ ਹੈ ਕਿ ਉਹ ਮੌਜੂਦ ਹਸਤੀ ਵਾਲਾ ਹੈ ਅਤੇ ਜਿਸ
ਅੱਗੇ ਅਸੀਂ ਅਰਦਾਸ ਕਰ ਰਹੇ ਹਾਂ, ਉਹ ਕਿੰਨ੍ਹਾਂ ਬੇਅੰਤ, ਸ਼ਕਤੀਸ਼ਾਲੀ ਅਤੇ ਬਖਸ਼ਿੰਦ ਹੈ। ਇਸ ਤਰ੍ਹਾਂ
ਦੇ ਨਿਮਰ ਭਾਵ ਵਿੱਚ ਆ ਕੇ ਕੀਤੀ ਅਰਦਾਸ ਹੀ ਪ੍ਰਵਾਨ ਹੁੰਦੀ ਹੈ।
ਆਉ! ਇਸ ਲਈ ਜਦੋਂ ਵੀ ਅਰਦਾਸ ਕਰੀਏ ਸੱਚੇ ਮਨ ਨਾਲ ਚੜ੍ਹਦੀ ਕਲਾ ਨਾਲ ਕਰੀਏ।
ਅਰਦਾਸ ਵਿੱਚ ਕਦੇ ਵੀ ਕਿਸੇ ਦਾ ਬੁਰਾ ਨਹੀਂ ਮੰਗਣਾ ਸਗੋਂ ਭਲਾ ਹੀ ਮੰਗਣਾ ਹੈ ਅਤੇ ਪ੍ਰਣ ਕਰੀਏ ਕਿ
ਸਾਡਾ ਇਤਨਾ ਕੁ ਭਰੋਸਾ ਉਸ ਪ੍ਰਮਾਤਮਾ ਤੇ ਬੱਝ ਜਾਵੇ ਕਿ ਹਰ ਕਾਰਜ ਕਰਨ ਤੋਂ ਪਹਿਲਾਂ ਉਸ ਪ੍ਰਭੂ
ਵਾਹਿਗੁਰੂ ਦਾ ਓਟ ਆਸਰਾ ਲੈ ਕੇ, ਅਰਦਾਸ ਕਰ ਕੇ ਹੀ ਆਪਣਾ ਕਾਰਜ ਆਰੰਭ ਕਰੀਏ।
*************************
ਦਾਸਰਾ:
-ਇਕਵਾਕ ਸਿੰਘ ਪੱਟੀ
ਜੋਧ ਨਗਰ, ਸੁਲਤਾਨਵਿੰਡ ਰੋਡ,
ਅੰਮ੍ਰਿਤਸਰ। ਮੋ. 98150-24920