. |
|
ਦਿਵਾਲੀ ਕੀ ਰਾਤ ਦੀਵੇ…? ਅਤੇ ਅਜੋਕੇ ਸਿੱਖ ਆਗੂ
ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ, ਪ੍ਰਿੰਸੀਪਲ ਗੁਰਮਤਿ ਐਜੁਕੇਸ਼ਨ ਸੈਂਟਰ,
ਦਿੱਲੀ, ਮੈਬਰ, ਧਰਮ ਪ੍ਰਚਾਰ ਕਮੇਟੀ, ਦਿ: ਸਿ: ਗੁ: ਪ੍ਰ: ਕ: ਦਿੱਲੀ: ਫਾਊਂਡਰ ਸਿੱਖ ਮਿਸ਼ਨਰੀ
ਲਹਿਰ 1956
"ਦੀਵਾਲੀ ਕੀ ਰਾਤਿ, ਦੀਵੇ. . ?" ਹੋਰ ਤਾਂ ਹੋਰ ਦਿਵਾਲੀ ਦੇ ਦਿਨਾਂ
`ਚ ਸਿੱਖ ਧਰਮ ਦੇ ਕੇਂਦਰ ਦਰਬਾਰ ਸਾਹਿਬ ਤੋਂ ਹੀ ਅਰੰਭ ਹੋ ਕੇ ਅੱਜ ਸਾਡੇ ਬਹੁਤੇ ਪ੍ਰਚਾਰਕ-ਰਾਗੀ-
"ਦੀਵਾਲੀ ਕੀ ਰਾਤਿ, ਦੀਵੇ ਬਾਲੀਅਨਿ" ਪੰਕਤੀ ਨੂੰ ਮੂਲ ਅਰਥਾਂ ਦੇ ਬਿਲਕੁਲ ਉਲਟ ਪੇਸ਼ ਕਰ
ਰਹੇ ਹੁੰਦੇ ਹਨ। ਅਸਲ `ਚ ਭਾਈ ਗੁਰਦਾਸ ਜੀ ਦੀ ਵਾਰ 19/6
ਦੀ ਇਹ ਪਹਿਲੀ ਪੰਕਤੀ ਹੈ ਅਤੇ ਪਉੜੀ ਇਸ
ਤਰ੍ਹਾਂ ਹੈ: "ਦੀਵਾਲੀ ਕੀ ਰਾਤਿ, ਦੀਵੇ ਬਾਲੀਅਨਿ॥ ਤਾਰੇ ਜਾਤਿ ਸਨਾਤਿ, ਅੰਬਰ ਭਾਲੀਅਨਿ॥
ਫੁਲਾਂ ਦੀ ਬਾਗਾਤਿ, ਚੁਣਿ ਚੁਨਿ ਚਾਲਿਆਣਿ॥ ਤੀਰਥ ਜਾਤੀ ਜਾਤਿ ਨੈਣਿ ਨਿਹਾਲੀਅਣਿ॥ ਹਰਿ ਚੰਦਉਰੀ
ਝਾਤਿ, ਵਸਾਇ ਉਚਾਲੀਅਣਿ॥ ਗੁਰਮੁਖਿ ਸੁਖ ਫਲਦਾਤਿ, ਸਬਦਿ ਸਮਾਲੀਅਣਿ॥" ਅਰਥ ਹਣ; "ਜਿਵੇਂ
ਦੀਵਾਲੀ ਦੀ ਰਾਤ ਨੂੰ ਲੋਕੀਂ ਦੀਵੇ ਬਾਲਦੇ ਹਨ ਪਰ ਇਹ ਰੌਸ਼ਨੀ ਕੁੱਝ ਦੇਰ ਲਈ ਹੀ ਹੁੰਦੀ ਹੈ। ਰਾਤ
ਨੂੰ ਤਾਰੇ ਦਿਖਾਈ ਦੇਂਦੇ ਹਨ, ਕੇਵਲ ਦਿਨ ਚੜ੍ਹਣ ਤੀਕ। ਪੋਦਿਆਂ ਨਾਲ ਫੁਲ ਖਿੱੜਦੇ ਹਨ ਪਰ ਲੱਗੇ
ਰਹਿਣ ਲਈ ਨਹੀਂ। ਤੀਰਥਾਂ ਤੇ ਜਾਣ ਵਾਲੇ ਯਾਤ੍ਰੀ ਦਿਖਾਈ ਤਾਂ ਦੇਂਦੇ ਹਨ, ਪਰ ਉਥੇ ਰਹਿਣ ਨਹੀਂ
ਜਾਂਦੇ। ਬੱਦਲਾਂ ਦੇ ਆਕਾਸ਼ੀ ਮਹੱਲ ਨਜ਼ਰ ਆਉਂਦੇ ਹਨ ਪਰ ਉਹਨਾਂ ਦੀ ਹੋਂਦ ਨਹੀਂ ਹੁੰਦੀ। ਅੰਤ
ਫ਼ੈਸਲਾ ਦੇਂਦੇ ਹਨ- "ਗੁਰਮੁਖ ਸੰਸਾਰ ਦੀ ਇਸ ਨਸ਼ਵਰਤਾ ਨੂੰ ਪਛਾਣ ਲੈਂਦੇ ਹਨ ਤੇ ਇਸ `ਚ ਖੱਚਤ ਨਹੀਂ
ਹੁੰਦੇ। ਗੁਰਮੁਖ ਪਿਅਰੇ, ਗੁਰੂ ਦੇ ਸ਼ਬਦ ਨਾਲ ਜੁੜ ਕੇ ਆਪਣੇ ਜੀਵਨ ਦੀ ਸੰਭਾਲ ਕਰਦੇ ਹਨ।"
ਅੰਦਾਜ਼ਾ ਲਗਾਓ! ਸਮਝਣਾ ਤਾਂ ਹੈ ਕਿ ਪਉੜੀ ਦਾ ਫ਼ੈਸਲਾ ਕੀ ਹੈ? ਉਲਟਾ ਪਉੜੀ `ਚ ਆਏ ਪ੍ਰਮਾਣ
ਨੂੰ ਟੇਕ ਬਣਾ ਰਹੇ ਹਾਂ। ਆਖਿਰ ਪ੍ਰਚਾਰ ਕਿਸ ਗੱਲ ਦਾ ਕਰ ਰਹੇ ਹਾਂ? ਗੁਰਮਤਿ ਦਾ ਜਾਂ ਅਨਮੱਤ ਦਾ?
ਇੰਨਾ ਹੀ ਨਹੀਂ, ਗੁਰਬਾਣੀ `ਚ ਲਫ਼ਜ਼ ਦੀਵਾ ਹੋਰ ਵੀ ਬਹੁਤ ਵਾਰੀ ਆਇਆ ਹੈ,
ਕਿਥੇ ਤੇ ਕਿਸ ਅਰਥ `ਚ ਆਇਆ, ਕਿਸੇ ਨੂੰ ਇਸ ਨਾਲ ਲੈਣ-ਦੇਣਾ ਨਹੀਂ। ਦਿਵਾਲੀ ਦੇ ਦਿਹਾੜੇ ਸੰਬੰਧਤ
ਸ਼ਬਦਾਂ ਨੂੰ ਇਸ ਪ੍ਰਭਾਵ `ਚ ਲਿਆ ਜਾ ਰਿਹਾ ਹੁੰਦਾ ਹੈ ਕਿ ਸੰਗਤਾਂ ਨੂੰ ਗੁਰਬਾਣੀ ਵਿਚਾਰਧਾਰਾ ਤੋਂ
ਤੋੜ ਕੇ ਅਨਮੱਤੀ ਵਿਸ਼ਵਾਸਾਂ `ਚ ਉਲਝਾਇਆ ਜਾਵੇ। ਕੀ ਇਹੀ ਹੈ ਅੱਜ ਦਾ ਸਾਡਾ ਗੁਰਮਤਿ ਪ੍ਰਚਾਰ?
ਇਸ ਤਰ੍ਹਾਂ ਜਿੱਥੇ ਸਾਡੇ ਅਜੇਹੇ ਰਾਗੀ-ਪ੍ਰਚਾਰਕ, ਗੁਰਮਤਿ-ਗੁਰਬਾਣੀ ਵਿਰੁਧ
ਪ੍ਰਚਾਰ ਦੇ ਦੋਸ਼ੀ ਹੁੰਦੇ ਹਨ ਉਥੇ ਨਾਲ ਹੀ ਭੋਲੀਆਂ ਭਾਲੀਆਂ ਸੰਗਤਾਂ ਨੂੰ ਗੁਮਰਾਹ ਕਰਣ ਦਾ ਵੀ
ਕਾਰਨ ਬਣਦੇ ਹਨ। ਆਖਿਰ ਕਾਹਦੇ ਲਈ? ਜਾਣੇ-–ਅਣਜਾਣੇ ਬਹੁਤਾ ਕਰਕੇ ਆਪਣੇ ਹੱਲਵੇ ਮਾਂਡੇ,
ਨੋਟਾਂ-ਡਾਲਰਾਂ-ਪੌਂਡਾਂ ਲਈ। ਅਸਲ `ਚ ਅਜੇਹੇ ਪ੍ਰਚਾਰਕ ਸੰਗਤਾਂ ਨੂੰ ਨਿਰੋਲ ਬ੍ਰਾਹਮਣੀ
‘ਦਿਵਾਲੀਆਂ’ `ਚ ਉਲਝਾਉਣ ਵਾਲਾ ਬਜਰ ਗੁਨਾਹ ਹੀ ਕਰ ਰਹੇ ਹੁੰਦੇ ਹਨ, ਗੁਰਮਤਿ ਪ੍ਰਚਾਰ ਨਹੀਂ। ਲੋੜ
ਹੈ ਤਾਂ ਸੰਗਤਾਂ ਨੂੰ ਜਾਗਣ ਦੀ।
ਦੀਵਾਲੀ ਦਾ ਤਿਉਹਾਰ ਹੈ ਕੀ? ‘ਦਿਵਾਲੀ’ ਜਾਂ ਦੀਪਾਵਲੀ’ - ਅਰਥ ਹੈ
ਦੀਵਿਆਂ ਦਾ ਤਿਉਹਾਰ। ਜਿਨ੍ਹਾਂ ਦਿਨ੍ਹਾਂ `ਚ ਇਸ ਦਾ ਅਰੰਭ ਹੋਇਆ, ਰੋਸ਼ਨੀ ਦਾ ਸਾਧਨ ਹੀ ਦੀਵੇ ਸਨ।
ਵਹਿਮੀ ਤੇ ਤਿਉਹਾਰ ਨਾਲ ਸੰਬੰਧਤ ਲੋਕ ਅੱਜ ਵੀ ਰੌਸ਼ਨੀ ਦੇ ਅਨੇਕਾਂ ਮਾਧਮਾਂ ਦੇ ਹੁੰਦੇ ਦੀਵੇ
ਬਾਲਣਾ, ਆਪਣਾ ਧਰਮ ਮੰਣਦੇ ਹਨ। ਦਿਵਾਲੀ ਦਾ ਪਿਛੋਕੜ ਹੈ-ਪਹਿਲਾ, ਬ੍ਰਾਹਮਣ ਨੇ ਸਮਾਜ ਨੂੰ
ਚਾਰ ਵਰਣਾ `ਚ ਵੰਡਿਆ ਹੋਇਆ ਹੈ-ਬ੍ਰਾਹਮਣ, ਖਤ੍ਰੀ, ਵੈਸ਼, ਸ਼ੂਦਰ। ਹੋਰ ਵਿੱਤਕਰਿਆ ਵਾਂਙ ਤਿਉਹਾਰ ਵੀ
ਵੱਖ-ਵੱਖ ਵਰਣਾ ਲਈ ਮਿੱਥੇ ਹੋਏ ਸਨ। ਬ੍ਰਾਹਮਣਾ ਲਈ ‘ਵਿਸਾਖੀ’, ਖੱਤ੍ਰੀਆਂ ਲਈ ‘ਦੁਸਿਹਰਾ’, ਅਖੌਤੀ
ਸ਼ੂਦਰਾਂ ਲਈ ਘੱਟਾ-ਮਿੱਟੀ ਉਡਾਉਣ-ਖੜਮੱਸਤੀਆਂ ਲਈ ‘ਹੋਲੀਆਂ’। ਵੈਸ਼ਾਂ ਭਾਵ ਕੀਰਤੀਆਂ, ਕਾਮਿਆਂ,
ਬਾਬੂਆਂ ਲਈ ਦਿਵਾਲੀ। ਦਿਵਾਲੀ ਦੇ ਦਿਨ ਇਹ ਲੋਕ ‘ਧੰਨ ਦੀ ਦੇਵੀ’ ‘ਲੱਛਮੀ’ ਦੀ ਪੂਜਾ ਕਰਦੇ
ਹਨ। ਦੂਜਾ- ਦਿਵਾਲੀ ਨਾਲ ਸ੍ਰੀ ਰਾਮ ਚੰਦ੍ਰ ਰਾਹੀਂ ਰਾਵਣ ਨੂੰ ਮਾਰ ਕੇ ਅਜੁਧਿਆ ਵਾਪਸ ਆਉਣ
ਦੀ ਘੱਟਨਾ ਵੀ ਜੁੜੀ ਹੋਈ ਹੈ। ਇਸ ਤਰ੍ਹਾਂ ਇਹ ਤਿਉਹਾਰ ਸ੍ਰੀ ਰਾਮਚੰਦ੍ਰ ਨੂੰ ਅਵਤਾਰ ਮੰਨਣ ਵਾਲਿਆਂ
ਨਾਲ ਵੀ ਸੰਬੰਧਤ ਹੈ। ਸਾਰੇ ਦੇ ਉਲਟ ਗੁਰਬਾਣੀ ਨਾ ਹੀ ਬ੍ਰਾਹਮਣੀ ਵਰਣ-ਵੰਡ `ਚ ਵਿਸ਼ਵਾਸ ਰਖਦੀ ਹੈ,
ਨਾ ਧੰਨ ਆਦਿ ਦੇਵੀ-ਦੇਵ ਪੂਜਾ `ਚ ਤੇ ਨਾ ਅਵਤਾਰ ਵਾਦ `ਚ।
ਦਿਵਾਲੀ ਵਿਸਾਖੀ ਦੇ ਪੰਥਕ ਇਕੱਠ- ਸਾਲ `ਚ ਦਿਵਾਲੀ-ਵਿਸਾਖੀ ਦੋ ਦਿਨ
ਹਨ, ਜਦੋਂ ਪੰਥ ਦੇ ਦੋ ਭਾਰੀ ਇਕੱਠ ਹੋਇਆ ਕਰਦੇ ਸਨ। ਗੁਰੂ ਨਾਨਕ ਸਾਹਿਬ ਦਾ ਆਗਮਨ ਵਿਸਾਖ ਸੁਦੀ
ਦੂਜ ( 15
ਅਪ੍ਰੈਲ) ਕਾਰਨ ਵਿਸਾਖੀ। ਚੂੰਕਿ ਸਾਲ ਦੀ ਵਿੱਥ ਲੰਮੀ ਸੀ, ਤੀਜੇ ਪਾਤਸ਼ਾਹ ਨੇ ਇਸ ਨੂੰ
ਦਿਵਾਲੀ-ਵਿਸਾਖੀ `ਚ ਬਦਲ ਦਿੱਤਾ। ਦੇਸੀ ਹਿਸਾਬ ਨਾਲ ਇਹਨਾ `ਚ ਛੇ ਮਹੀਨੇ ਦਾ ਅੰਤਰ ਹੈ ਤੇ ਸੰਗਤਾ
ਨੂੰ ਵੀ ਚੇਤੇ ਰਖਣਾ ਆਸਾਨ ਹੁੰਦਾ ਸੀ। ਉਂਝ ਸਿੱਖ ਧਰਮ `ਚ, ਇਹ ਦੋਵੇਂ ਇਕੱਠ, ਬ੍ਰਾਹਮਣੀ
ਤਿਉਹਾਰਾਂ ਵਜੋਂ ਕਦੇ ਨਹੀਂ ਸਨ ਜਿਵੇਂ ਪੰਥ ਅੱਜ ਇਸ ਜਿੱਲਣ `ਚ ਫੱਸ ਕੇ, ਸਿੱਖ ਪਨੀਰੀ ਨੂੰ
ਬ੍ਰਾਹਮਣੀ ਸਭਿਅਤਾ ਵੱਲ ਧੱਕਣ ਦਾ ਜਿੰਮੇਂਵਾਰ ਬਣਿਆ ਪਿਆ ਹੈ। ਦੋਨਾਂ ਸਮਾਗਮਾਂ ਸਮੇਂ, ਜਿੱਥੇ
ਕਿੱਥੇ ਵੀ ਗੁਰੂ ਸਾਹਿਬ ਹੁੰਦੇ, ਸੰਗਤਾਂ ਉਥੇ ਪੁੱਜ ਕੇ ਅਗਵਾਈ ਲੈਂਦੀਆਂ। ਪਾਤਸ਼ਾਹ ਵੀ
ਦੂਰੋਂ-ਪਾਰੋਂ ਪੁੱਜੀਆਂ ਸੰਗਤਾਂ ਦੀਆਂ ਤਕਲੀਫਾਂ-ਲੋੜਾਂ-ਦੁੱਖਾਂ-ਦਰਦਾਂ ਨੂੰ ਸੁੰਣਦੇ `ਤੇ ਹਲ
ਦੇਂਦੇ। ਸਿੱਖਾਂ ਲਈ ਦਿਵਾਲੀ-ਦੀਵਿਆਂ, ਮਠਿਆਈਆਂ, ਆਤਿਸ਼ਬਾਜ਼ੀਆਂ ਦਾ ਤਿਉਹਾਰ ਕਦੇ ਵੀ ਨਹੀਂ ਸੀ।
ਛੇਵੇਂ ਸਤਿਗੁਰੂ ਅਤੇ ਦਿਵਾਲੀ- ਜਿਵੇਂ ਗੁਰੂ ਨਾਨਕ ਸਾਹਿਬ ਵੀ ਬਾਬਰ
ਦੀ ਕੈਦ `ਚੋਂ ਤਾਂ ਹੀ ਬਾਹਰ ਆਏ ਜਦੋਂ ਉਸ ਨੇ ਸਾਰੇ ਕੈਦੀਆਂ ਨੂੰ ਰਿਹਾਅ ਕੀਤਾ। ਛੇਵੇਂ ਪਾਤਸ਼ਾਹ,
ਗੁਰੂ ਹਰਿਗੋਬਿੰਦ ਜੀ ਛੇ ਮਹੀਨੇ ਦੀ ਕੈਦ ਬਾਅਦ ਅਗਸਤ 1621
ਨੂੰ ਗਵਾਲੀਅਰ ਦੀ ਜੇਲ੍ਹ `ਚੋਂ 52
ਪਹਾੜੀ ਹਿੰਦੂ ਰਾਜਿਆਂ ਨੂੰ ਆਪਣੇ ਨਾਲ ਰਿਹਾ ਕਰਵਾ ਕੇ ਲਿਆਏ। ਉਸ ਦਿਨ ਤੋਂ ਆਪ ਦਾ ਨਾਂ ‘ਬੰਦੀ
ਛੋੜ’ ਛੇਵੇਂ ਸਤਿਗੁਰੂ ਵੀ ਪ੍ਰਚਲਤ ਹੋ ਗਿਆ। ਰਿਹਾਈ ਬਾਅਦ ਦਿਵਾਲੀ, ਪੰਥ ਦਾ ਪਹਿਲਾ ਵੱਡਾ ਇਕੱਠ
ਸੀ। ਪ੍ਰਚਲਣ ਹੈ, ਓਦੋਂ ਦਰਬਾਰ ਸਾਹਿਬ ਭਾਰੀ ਦੀਪਮਾਲਾ ਕੀਤੀ ਗਈ। ਫਿਰ ਜਦੋਂ ਇਸ ਦੀਪਮਾਲਾ ਨੂੰ ਵੀ
ਬ੍ਰਹਮਗਿਆਨੀ ਬਾਬਾ ਬੁੱਢਾ ਜੀ ਨਾਲ ਜੋੜਿਆ ਜਾਂਦਾ ਹੈ ਤਾਂ ਉਹ ਬ੍ਰਾਹਮਣੀ ਮਿਲਾਵਟ ਹੀ ਸਾਬਤ ਹੁੰਦੀ
ਹੈ। ਉਪ੍ਰੰਤ ਦਸਵੇਂ ਪਾਤਸ਼ਾਹ ਤੀਕ ਦਰਬਾਰ ਸਾਹਿਬ ਵਿਖੇ ਕਿਸੇ ਦਿਵਾਲੀ-ਦੀਪਮਾਲਾ ਦੀ ਸੂਚਨਾ ਨਹੀਂ
ਅਤੇ ਨਾ ਹੀ ਅਠਵੇਂ ਤੇ ਦਸਵੇਂ ਪਾਤਸ਼ਾਹ ਕਦੇ ਅੰਮ੍ਰਿਤਸਰ ਪਧਾਰੇ ਹੀ। ਹੋਰ, ਜੇ ਕਰ ਰਿਹਾਈ ਹੀ ਪੰਥ
ਲਈ ਵੱਡਾ ਖੁਸ਼ੀ ਦਾ ਵਿਸ਼ਾ ਸੀ ਤਾਂ ਉਨ੍ਹੀਂ ਦਿਨੀ ਹੋਈ ਪੰਜਵੇਂ ਪਾਤਸ਼ਾਹ ਦੀ, ਤਸੀਹੇ ਭਰਪੂਰ ਸ਼ਹਾਦਤ
ਬਾਰੇ ਕੀ ਕਿਹਾ ਜਾਵੇਗਾ? ਊਪ੍ਰੰਤ ਨੌਵੇਂ ਪਾਤਸ਼ਾਹ ਦੀ ਸ਼ਹਾਦਤ ਬਾਰੇ ਪੰਥ ਦੀ ਕੀ ਸੋਚ ਹੋਵੇਗੀ?
ਕਿਉਂਕਿ ਅਜੇਹੇ ਖੁਸ਼ੀ-ਗ਼ਮ ਦੇ ਉਚੇਚੇ ਪ੍ਰਗਟਾਵੇ ਗੁਰਬਾਣੀ ਸਿਧਾਂਤ ਨਾਲ ਵੀ ਮੇਲ ਨਹੀਂ ਖਾਂਦੇ। ਤਾਂ
ਫ਼ਿਰ ਅੱਜ ਹਰ ਸਾਲ ਦਰਬਾਰ ਸਾਹਿਬ ਵਿਖੇ ਦੀਪਮਾਲਾ, ਆਤਿਸ਼ਬਾਜ਼ੀ ਕਿਉਂ?
ਭਾਈ ਮਨੀ ਸਿੰਘ `ਤੇ ਦਿਵਾਲੀ-ਪਿਛਲੇ ਲੰਮੇਂ ਸਮੇਂ ਤੋਂ ਹੀ ਪੰਥ `ਤੇ
ਭੀੜਾ ਬਣੀ ਰਹਿਣ ਕਾਰਨ ਵਿਸਾਖੀ-ਦਿਵਾਲੀ ਦੇ ਇਕੱਠ ਨਹੀਂ ਸਨ ਹੋ ਸਕੇ। ਕਾਫੀ ਸਮਾਂ ਬਾਅਦ ਸੰਨ
1737 `ਚ ਭਾਈ
ਮਨੀ ਸਿੰਘ ਜੀ ਨੇ ਸਿੱਖਾਂ ਦੇ ‘ਦਿਵਾਲੀ ਇਕੱਠ’ ਦਾ ਫ਼ੈਸਲਾ ਕੀਤਾ। ਇਹ ਇਕੱਠ, ਸਰਕਾਰੀ ਮਨਜ਼ੂਰੀ ਨਾਲ
ਹੀ ਕੀਤਾ ਜਾ ਰਿਹਾ ਸੀ ਪਰ ਭੇਦ ਖੁੱਲਣ ਤੇ ਕਿ ਸਰਕਾਰ ਦੀ ਨੀਯਤ ਸਾਫ਼ ਨਹੀਂ; ਰੋਕ ਦਿੱਤਾ ਗਿਆ। ਭਾਈ
ਮਨੀ ਸਿੰਘ ਜੀ ਨੇ ਆਪਣੇ ਬੰਦ ਬੰਦ ਤਾਂ ਕਟਵਾ ਲਏ ਪਰ ਸੰਗਤ ਦਾ ਇੱਕ ਪੈਸਾ ਵੀ ਸਰਕਾਰੀ ਖਜ਼ਾਨੇ `ਚ
ਟੈਕਸ-ਜੁਰਮਾਨੇ ਆਦਿ ਵਜੋਂ ਦੇਣ ਤੋਂ ਸਾਫ਼ ਮਨ੍ਹਾ ਕਰ ਦਿੱਤਾ। ਉਤੱਰ ਸੀ ਜੇ ਇਕੱਠ ਹੋ ਜਾਂਦਾ ਤਾਂ
ਟੈਕਸ ਦੇਣਾ ਸੀ, ਜੇ ਇਕੱਠ ਹੀ ਨਹੀਂ ਤਾਂ ਟੈਕਸ ਦੇਣਾ ਸੰਗਤ ਦੇ ਪੈਸੇ ਦੀ ਕੁਵਰਤੋਂ ਹੈ। ਸੱਚਾਈ ਹੈ
ਕਿ ਗੁਰੂ ਕੀ ਗੋਲਕ ਦੀ ਜੋ ਕੁਵਰਤੋਂ ਅੱਜ ਹੋ ਰਹੀ ਹੈ, ਉਸੇ ਦਾ ਨਤੀਜਾ ਹੈ ਕਿ ਪੰਥ ਪੂਰਨ ਤੱਬਾਹੀ
ਵਾਲੀ ਹਾਲਤ `ਚ ਪੁੱਜ ਚੁੱਕਾ ਹੈ, ਸਿੱਖੀ ਅਲੋਪ ਹੋ ਰਹੀ ਹੈ। ਚੰਗਾ ਹੁੰਦਾ, ਜੇਕਰ ਭਾਈ ਮਨੀ ਸਿੰਘ
ਜੀ ਦੀ ਮਹਾਨ ਸ਼ਹਾਦਤ ਤੋਂ ਹੀ ਕੁੱਝ ਸਬਕ ਲੈ ਸਕਦੇ। ਖੈਰ! ਇਹ ਘੱਟਣਾ ਵੀ ਅਜੇਹੀ ਨਹੀਂ ਕਿ ਜਿਸ ਨਾਲ
ਜੋੜ ਕੇ ਦਰਬਾਰ ਸਾਹਿਬ-ਅੰਮ੍ਰਿਤਸਰ ਵਿਖੇ ਪੰਥ ਹਰ ਸਾਲ ਦਿਵਾਲੀਆਂ ਮਨਾਏ ਤੇ ਦੀਪਮਾਲਾਵਾਂ,
ਆਤਿਸ਼ਬਾਜ਼ੀਆਂ ਕਰੇ। ਯਕੀਨਣ ਦਿਵਾਲੀ ਵਜੋਂ ਇਹਨਾ ਦੀਪਮਾਲਾਵਾਂ, ਆਤਿਸ਼ਬਾਜ਼ੀਆਂ, ਮਠਿਆਈਂਆਂ ਆਦਿ ਨਾਲ਼
ਸਿੱਖ ਧਰਮ ਦਾ ਉੱਕਾ ਸੰਬੰਧ ਨਹੀਂ। #030Gs97.8s08#
ਨੋਟ: ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ ਜੀ ਦੀ ਆਗਿਆ ਨਾਲ ਸਨਿਮ੍ਰ
ਬੇਨਤੀ ਹੈ ਕਿ ਪ੍ਰਿੰਸੀਪਲ ਸਾਹਿਬ ਜੀ ਦਾ ਕੋਈ ਵੀ ਗੁਰਮਤਿ ਪਾਠ-ਕੋਈ ਵੀ ਪੰਥਕ ਸੱਜਣ, ਸੰਸਥਾ,
ਮੈਗ਼ਜ਼ੀਨ ਅਥਵਾ ਨੀਊਜ਼ ਪੇਪਰ ਜਾਂ ਵੈਬ ਸਾਈਟ; ਬਿਨਾ ਤਬਦੀਲੀ, ਹੂ-ਬ-ਹੂ ਅਤੇ ਲੇਖਕ ਨਾਮ ਸਹਿਤ, ਕੇਵਲ
ਅਤੇ ਕੇਵਲ ਗੁਰਮਤਿ ਪ੍ਰਸਾਰ ਦੇ ਆਸ਼ੇ ਨੂੰ ਮੁੱਖ ਰਖਦੇ ਹੋਏ ਬਿਨਾ ਕਿਸੇ ਹੋਰ ਆਗਿਆ ਛਾਪ ਅਤੇ ਲੋਡ
ਕਰ ਸਕਦਾ ਹੈ। ਬੇਨਤੀ ਕਰਤਾ-ਗੁਰਮਤਿ ਐਜੁਕੇਸ਼ਨ ਸੈਂਟਰ, ਦਿੱਲੀ
ਵੇਰਵੇ ਲਈ ਗੁਰਮਤਿ ਪਾਠ ਨੰ: 17 ‘ਦਿਵਾਲੀ ਅਤੇ ਸਿੱਖ’ ਡੀਲਕਸ ਕਵਰ `ਚ
ਸੰਗਤਾਂ `ਚ ਵੰਡਣ ਲਈ ਪ੍ਰਾਪਤ ਹੈ।
|
. |