ਪ੍ਰੋ: ਗੁਰਬਚਨ ਸਿੰਘ ਥਾਈਲੈਂਡ ਵਾਲੇ
ਮਨ, ਖੋਜਿ ਮਾਰਗੁ
ਡਾਕਟਰ ਕਿਰਪਾਲ ਸਿੰਘ ਜੀ ਜਨਮ ਸਾਖੀ ਪ੍ਰੰਪਰਾ ਵਿੱਚ ਲਿਖਦੇ ਹਨ ਕਿ ਗੁਰੂ
ਨਾਨਕ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਜਾਂ ਤਾਂ ਸੂਫ਼ੀ ਮਤ ਦੀਆਂ ਕਰਾਮਾਤਾਂ ਵਿੱਚ ਪੇਸ਼ ਕੀਤਾ ਗਿਆ
ਹੈ ਜਾਂ ਫਿਰ ਬ੍ਰਹਾਮਣੀ ਕਰਮ ਕਾਂਡ ਦੇ ਸਾਹਿਤ ਵਿੱਚ ਪੇਸ਼ ਕੀਤਾ ਗਿਆ ਹੈ। ਦੂਸਰਾ ਗੁਰ-ਬਿਲਾਸ ਤੇ
ਬਚਿਤ੍ਰ ਨਾਟਕ ਵਰਗੇ ਗ੍ਰੰਥ ਹੋਂਦ ਵਿੱਚ ਆਉਣ ਨਾਲ ਗੁਰੂ ਸਾਹਿਬ ਜੀ ਦਾ ਜੀਵਨ ਤੇ ਉਹਨਾਂ ਦੀ ਸਾਰੀ
ਫਿਲਾਸਫ਼ੀ ਨੂੰ ਰਲ਼-ਗਡ ਕਰਕੇ ਪੇਸ਼ ਕੀਤਾ ਗਿਆ ਹੈ, ਜਿਸ ਦਾ ਨਤੀਜਾ ਇਹ ਨਿਕਲਿਆ ਹੈ ਕਿ ਗੁਰੂ ਗ੍ਰੰਥ
ਸਾਹਿਬ ਜੀ ਦੀ ਵਿਚਾਰ-ਧਾਰਾ ਦਾ ਵਿਰੋਧ ਕਰ ਰਹੀਆਂ ਸਾਰੀਆਂ ਪ੍ਰੰਪਰਾ ਸੁਤੇ ਸਿੱਧ ਹੀ ਅਸੀਂ ਅਪਨਾ
ਲਈਆਂ ਹਨ। ਜਿਸ ਸਿਧਾਂਤ ਨੂੰ ਗੁਰ-ਗਿਆਨ ਰੱਦ ਕਰਦਾ ਹੈ ਉਹ ਸਾਰੇ ਰੂੜੀ-ਵਾਦੀ ਅੱਜ ਸਾਡੇ ਜੀਵਨ
ਵਿਚੋਂ ਦੇਖੇ ਜਾ ਸਕਦੇ ਹਨ। ਇਹ ਇੱਕ ਵਿਚਾਰਨ ਵਾਲਾ ਵਿਸ਼ਾ ਹੈ। ਸ਼ਬਦ ਵੀਚਾਰ ਕਰਨ ਲਈ ਦੇਸ਼ ਵਿਦੇਸ਼
ਜਾਣ ਦਾ ਅਕਸਰ ਅਵਸਰ ਬਣਦਾ ਹੀ ਰਹਿੰਦਾ ਹੈ ਤੇ ਹਰ ਥਾਂ ਤੇ ਹੀ ਕੋਈ ਨਾ ਕੋਈ ਨਵੀਂ ਮਰਯਾਦਾ ਦੇਖਣ
ਨੂੰ ਮਿਲ ਜਾਂਦੀ ਹੈ। ਹਰ ਜੱਥੇਬੰਦੀ, ਟਕਸਾਲ, ਡੇਰਾਵਾਦੀ ਸਾਧੜੇ ਹਾਕੜਖ਼ਾਂ ਨਿਸ਼ਕਾਮੀਏ ਸੇਵਕ ਪੰਥ
ਪ੍ਰਵਾਨਤ ਰਹਿਤ-ਮਰਯਾਦਾ ਤੋਂ ਬਾਗੀ ਹੋ ਕੇ ਪੂਜਾ ਤੇ ਸਿਰਫ ਸਿਮਰਨ ਤਕ ਦੀ ਵੱਲ਼ਗਣ ਵਿੱਚ ਵਲ਼ੇ ਗਏ
ਦਿਸ ਆਉਂਦੇ ਹਨ। ਕੋਈ ਵਾਹਿਗੁਰੂ ਦੇ ਅਖ਼ਰਾਂ ਨੂੰ ਤੋੜ ਕੇ ਸਿਮਰਨ ਕਰ ਰਿਹਾ ਹੈ ਤੇ ਕੋਈ ਬੱਤੀਆਂ
ਬੰਦ ਕਰਕੇ ਕੂਕਾਂ ਮਾਰ ਮਾਰ ਹਾਲੋਂ ਬੇ-ਹਾਲ ਹੋਈ ਜਾ ਰਹੇ ਹਨ। ਇੱਕ ਵੀਰ ਹੁਣੇ ਹੀ ਗੱਲ ਸੁਣਾ ਕੇ
ਗਿਆ ਹੈ ਕਿ ਭਾਅ ਜੀ ਮੈਂ ਅੰਬਾਲ਼ੇ ਦਾ ਰਹਿਣ ਵਾਲਾ ਹਾਂ। ਸਾਡੇ ਲਾਗੇ ਇੱਕ ਗੁਰਦੁਆਰਾ ਹੈ ਜਿਸ ਵਿੱਚ
ਸਵੇਰੇ ਤੜਕੇ ਵੀਰ ਨਾਮ ਸਿਮਰਨ ਕਰਨ ਲਈ ਅਉਂਦੇ ਹਨ। ਬੱਤੀਆਂ ਬੰਦ ਕਰਕੇ ਖ਼ੂਬ ਰਗੜਾ ਲਗਾਉਂਦੇ ਹਨ।
ਇੱਕ ਦਿਨ ਕੀ ਹੋਇਆ ਕਿ ਗ੍ਰੰਥੀ ਸਾਹਿਬ ਅਖੰਡ-ਪਾਠ ਦੀ ਰੌਲ ਲਗਾਉਣ ਕਰਕੇ ਪ੍ਰਕਾਸ਼ ਕਰਨ ਲਈ ਲੇਟ ਹੋ
ਗਏ। ਨਾਮ ਜੱਪਣ ਵਾਲੇ ਸ਼ਰਧਾਲੂਆਂ ਨੇ ਗੁਰਦੁਆਰੇ ਦੇ ਅੰਦਰ ਹੀ ਗੁਰੂ ਗ੍ਰੰਥ ਦੇ ਗ੍ਰੰਥੀ ਨੂੰ
ਨੰਗੀਆਂ ਗ਼ਾਲ਼ਾਂ ਚਿੱਟੇ ਦਿਨ ਵਾਂਗ ਕੱਢੀਆਂ। ਉਸ ਨੇ ਪੁੱਛਿਆ ਕੀ ਨਾਮ ਸਿਮਰਨ ਕਰਨ ਵਾਲਿਆਂ ਦੇ
ਹਿਰਦੇ ਵਿੱਚ ਹਲੀਮੀ ਵਰਗੀ ਵਸਤੂ ਨਹੀਂ ਆਈ? ਮੈਂ ਕਿਹਾ ਵੀਰਿਆ ਜਿਨਾਂ ਚਿਰ ਗੁਰਬਾਣੀ ਨੂੰ ਅਸੀਂ
ਸਮਝਦੇ ਨਹੀਂ ਹਾਂ ਉਤਨਾ ਚਿਰ ਕਰਮ-ਕਾਂਡ ਤਾਂ ਜ਼ਰੂਰ ਕਰਾਂਗੇ ਪਰ ਸੁਭਾਅ, ਜੀਵਨ ਵਿੱਚ ਤਬਦੀਲੀ ਨਹੀਂ
ਆ ਸਕਦੀ। ਸਿਰੀ ਰਾਗ ਦੇ ਇੱਕ ਸ਼ਬਦ ਵਿੱਚ ਗੁਰੂ ਅਰਜਨ ਪਾਤਸ਼ਾਹ ਜੀ ਕਹਿ ਰਹੇ ਕਿ ਐ ਮੇਰੇ ਮਨ ਤੂੰ ਉਹ
ਰਸਤਾ ਅਖ਼ਤਿਆਰ ਕਰ ਜਿਸ ਨਾਲ ਰੱਬੀ ਰਾਹ ਦੀ ਪਹਿਛਾਣ ਹੋ ਸਕੇ ਤੇ ਇੱਕ ਚੰਗਾ ਸ਼ਹਿਰੀ ਬਣ ਸਕੇਂ। ਇਸ
ਗੱਲ ਨੂੰ ਸਮਝਣ ਲਈ ਪੂਰਾ ਸ਼ਬਦ ਹੇਠਾਂ ਅੰਕਤ ਹੈ –
ਸਿਰੀਰਾਗੁ ਮਹਲਾ 5 ਘਰੁ 5॥ ਜਾਨਉ ਨਹੀ, ਭਾਵੈ ਕਵਨ ਬਾਤਾ॥ ਮਨ, ਖੋਜਿ
ਮਾਰਗੁ॥ 1॥ ਰਹਾਉ॥ ਧਿਆਨੀ ਧਿਆਨੁ ਲਾਵਹਿ॥ ਗਿਆਨੀ ਗਿਆਨੁ ਕਮਾਵਹਿ॥ ਪ੍ਰਭੂ ਕਿਨ ਹੀ ਜਾਤਾ॥ 1॥
ਭਗਉਤੀ ਰਹਤ ਜੁਗਤਾ॥ ਜੋਗੀ ਕਹਤ ਮੁਕਤਾ॥ ਤਪਸੀ ਤਪਹਿ ਰਾਤਾ॥ 2॥ ਮੋਨੀ ਮੋਨਿ ਧਾਰੀ॥ ਸਨਿਆਸੀ
ਬ੍ਰਹਮਚਾਰੀ॥ ਉਦਾਸੀ ਉਦਾਸਿ ਰਾਤਾ॥ 3॥ ਭਗਤਿ ਨਵੈ ਪਰਕਾਰਾ॥ ਪੰਡਿਤੁ ਵੇਦੁ ਪੁਕਾਰਾ॥ ਗਿਰਸਤੀ
ਗਿਰਸਤਿ ਧਰਮਾਤਾ॥ 4॥ ਇਕਸਬਦੀ ਬਹੁਰੂਪਿ ਅਵਧੂਤਾ॥ ਕਾਪੜੀ ਕਉਤੇ ਜਾਗੂਤਾ॥ ਇਕਿ ਤੀਰਥਿ ਨਾਤਾ॥ 5॥
ਨਿਰਹਾਰ ਵਰਤੀ ਆਪਰਸਾ॥ ਇਕਿ ਲੂਕਿ ਨ ਦੇਵਹਿ ਦਰਸਾ॥ ਇਕਿ ਮਨ ਹੀ ਗਿਆਤਾ॥ 6॥ ਘਾਟਿ ਨ ਕਿਨ ਹੀ
ਕਹਾਇਆ॥ ਸਭ ਕਹਤੇ ਹੈ ਪਾਇਆ॥ ਜਿਸੁ ਮੇਲੇ ਸੋ ਭਗਤਾ॥ 7॥ ਸਗਲ ਉਕਤਿ ਉਪਾਵਾ॥ ਤਿਆਗੀ ਸਰਨਿ ਪਾਵਾ॥
ਨਾਨਕੁ ਗੁਰ ਚਰਣਿ ਪਰਾਤਾ॥ 8॥ 2॥ 27॥ {ਪੰਨਾ 71}
ਰਹਾਉ ਦੀਆਂ ਤੁਕਾਂ ਵਿੱਚ ਗੁਰੂ ਸਾਹਿਬ ਜੀ ਕਹਿ ਰਹੇ ਹਨ ਕਿ ਮੈਂ ਨਹੀਂ
ਜਾਣਦਾ ਪਰਮਾਤਮਾ ਕਿੰਨ੍ਹਾਂ ਗੱਲਾਂ ਨਾਲ ਖੁਸ਼ ਹੁੰਦਾ ਹੈ – ‘ਜਾਨਉ ਨਹੀ, ਭਾਵੈ ਕਵਨ ਬਾਤਾ’॥ ਹਰ
ਬੰਦਾ ਆਪਣੇ ਆਪਣੇ ਹਿਸਾਬ ਨਾਲ ਪਰਮਾਤਮਾ ਨੂੰ ਖੁਸ਼ ਕਰਨ ਵਿੱਚ ਲੱਗਿਆ ਹੋਇਆ ਹੈ। ਹੇ ਮੇਰੇ ਮਨ! ਤੂੰ
ਉਹ ਰਸਤਾ ਲੱਭ ਜਿਸ ਨਾਲ ਪਰਮਾਤਮਾ ਨਾਲ ਤੇਰਾ ਮਿਲਾਪ ਹੋ ਸਕੇ। ‘ਮਨ, ਖੋਜਿ ਮਾਰਗੁ’ ਇਸ ਦਾ ਅਰਥ ਹੈ
ਜਿਹਨਾਂ ਰਸਤਿਆਂ `ਤੇ ਆਮ ਲੋਕ ਤੁਰ ਰਹੇ ਉਹ ਸਾਰੇ ਰਸਤੇ ਗੁਰੂ ਸਾਹਿਬ ਜੀ ਨੂੰ ਪਰਵਾਨ ਨਹੀਂ। ਜਨੀ
ਕਿ ਉਹ ਸਾਰੇ ਰਸਤੇ ਗੁਰੂ ਸਾਹਿਬ ਰੱਦ ਕਰਦੇ ਹਨ। ਲੋਕਾਂ ਦੀ ਰੋਜ਼-ਮਰਾ ਜ਼ਿੰਦਗੀ ਕਿਹੋ ਜੇਹੀ ਸੀ ਜਾਂ
ਲੋਕਾਂ ਧਰਮ ਦੀ ਦੁਨੀਆਂ ਵਿੱਚ ਕਿੰਜ ਵਿਚਰ ਰਹੇ ਸਨ ਉਹਨਾਂ ਸਾਰਿਆਂ ਰਸਤਿਆਂ ਨੂੰ ਗੁਰਬਾਣੀ ਰੱਦ
ਕਰਦੀ ਹੈ ਪਰ ਅਫਸੋਸ ਹੁੰਦਾ ਹੈ ਜਦੋਂ ਗੁਰੂ ਦਾ ਸਿੱਖ ਵੀ ਰੱਦ ਕੀਤਿਆਂ ਰਸਤਿਆਂ `ਤੇ ਤੁਰ ਰਿਹਾ
ਹੋਵੇ।
ਧਿਆਨ ਤੇ ਧਿਆਨੀ---ਪਹਿਲੀ ਤੁਕ ਵਿੱਚ ਧਿਆਨ ਲਾਉਣ ਵਾਲਿਆਂ ਨੂੰ
ਪੁੱਛਿਆ ਹੈ ਕਿ ਤੁਸੀਂ ਧਿਆਨ ਕਿਸ ਦਾ ਰੱਖਦੇ ਹੋ ਜਦੋਂ ਕਿ ਪਰਮਾਤਮਾ ਤਾਂ ਤੁਹਾਡੇ ਹਿਰਦੇ ਵਿੱਚ ਹੀ
ਬੈਠਾ ਹੈ। ਸ਼ੁਭ ਗੁਣਾਂ ਨੂੰ ਤਾਂ ਤੁਸਾਂ ਸਮਝਿਆ ਕੋਈ ਨਹੀਂ ਏ, ਕੀ ਜੋ ਸਮਾਧੀ ਨਹੀਂ ਲਗਾਉਂਦਾ ਉਹ
ਰੱਬ ਨੂੰ ਪਰਵਾਨ ਨਹੀਂ ਹੁੰਦਾ? ‘ਧਿਆਨੀ ਧਿਆਨੁ ਲਾਵਹਿ’ ਧਿਆਨ ਤਾਂ ਆਪਣੀ ਕਿਰਤ ਵਿੱਚ ਹੋਣਾ
ਚਾਹੀਦਾ ਸੀ ਕਿ ਮੈਂ ਧਿਆਨ ਨਾਲ ਤੇ ਜ਼ਿੰਮੇਵਾਰੀ ਨਾਲ ਆਪਣਾ ਕਰਾਂ। ਕਈਆਂ ਨੇ ਇੰਜ ਸਮਝ ਲਿਆ ਹੈ ਕਿ
ਗੁਰਦੁਆਰੇ ਜਾ ਕੇ ਜਾਂ ਸਵੇਰੇ ਸ਼ਾਮ ਕੁੱਝ ਸਮਾਂ ਅੱਖਾਂ ਮੀਟ ਲਈਆਂ ਤੇ ਇਸ ਨੂੰ ਧਿਆਨ ਧਰਿਆ ਸਮਝ
ਲਿਆ ਗਿਆ। ਬੰਦੇ ਨੇ ਇਹ ਵੀ ਭੁਲੇਖਾ ਪਾ ਲਿਆ ਕਿ ਅੱਖਾਂ ਮੀਟ ਲੈਣ ਨਾਲ ਰੱਬ ਜੀ ਸਾਡੇ ਸਾਰੇ ਕੰਮ
ਕਰ ਦਿਆ ਕਰਨਗੇ। ਬੱਤੀਆਂ ਬੰਦ ਕਰਕੇ ਧਿਆਨ ਲਗਾ ਲਿਆ ਤੇ ਸਮਝ ਲਿਆ ਅਸਾਂ ਧਿਆਨ ਰੱਖ ਲਿਆ ਹੈ। ਫੋਕਟ
ਦੇ ਧਿਆਨ ਨੂੰ ਗੁਰਬਾਣੀ ਸਿਧਾਂਤ ਨੇ ਮੁੱਢੋਂ ਹੀ ਰੱਦ ਕੀਤਾ ਹੈ। ਕੱਚ-ਕ੍ਰੋੜ ਧਰਮੀ ਪਰਚਾਰਕਾਂ ਨੇ
ਕਈ ਪਰਕਾਰ ਦੀਆਂ ਜੁੱਗਤੀਆਂ ਦੱਸੀਆਂ ਹਨ, ਕਈ ਕਹਿੰਦੇ ਹਨ ਕਿ ਬਾਬਾ ਜੀ ਦੀ ਤਸਵੀਰ `ਤੇ ਧਿਆਨ ਧਰਿਆ
ਜਾਏ, ਕਈ ਕਹਿੰਦੇ ਹਨ ਕਿ ਮੱਥੇ ਦੀ ਵਿਚਾਕਾਰਲੀ ਜਗ੍ਹਾ ਭਾਵ ਨੱਕ ਦੇ ਉੱਪਰ ਧਿਆਨ ਧਰਿਆ ਜਾਏ। ਅਸਲ
ਵਿੱਚ ਤਾਂ ਗੁਰੂ ਦੇ ਉਪਦੇਸ਼ਾਂ ਨੂੰ ਹਮੇਸ਼ਾਂ ਧਿਆਨ ਵਿੱਚ ਰੱਖ ਕੇ ਆਪਣੀ ਜ਼ਿੰਮੇਵਾਰੀ ਨੂੰ ਧਿਆਨ ਨਾਲ
ਨਿਭਾ ਲੈਣ ਨੂੰ ਹੀ ਧਿਆਨ ਰੱਖਣਾ ਹੈ। ਬਗਲੇ ਵਰਗੇ ਧਿਆਨ ਦੀ ਸਿੱਖੀ ਵਿੱਚ ਕੋਈ ਥਾਂ ਨਹੀਂ ਹੈ।
ਧਿਆਨੀ ਧਿਆਨੁ ਲਾਵਹਿ॥
ਗਿਆਨ ਤੇ ਗਿਆਨੀ--- ਸ਼ਬਦ ਦੀ ਦੂਜੀ ਤੁੱਕ ਵਿੱਚ ਚੁੰਚ ਗਿਆਨੀਆਂ ਦੇ
ਗਿਆਨ ਦੀ ਚਰਚਾ ਕਰਦਿਆਂ ਇਹ ਸਮਝਾਉਣ ਦਾ ਯਤਨ ਹੈ ਕਿ ਜਿਸ ਗੱਲ ਦਾ ਮਨੁੱਖ ਨੂੰ ਗਿਆਨ ਨਹੀਂ ਹੈ ਉਸ
ਗਿਆਨ ਦੀ ਹੀ ਮਨੁੱਖ ਅਕਸਰ ਚਰਚਾ ਕਰਦਾ ਰਹਿੰਦਾ ਹੈ। ਸਕੂਲ ਦੀ ਜ਼ਿੰਦਗੀ ਤੋਂ ਲੈ ਕੇ ਨੌਕਰੀ ਪੇਸ਼ਾ
ਕਰਦਿਆਂ ਤਮਾਮ ਆਦਮੀ ਥੋੜਾ ਜੇਹਾ ਸਮਾਂ ਵੀ ਮਿਲਣ `ਤੇ ਆਪੌ ਆਪਣੇ ਗੱਪੜ ਗਿਆਨ ਦੇ ਢੇਰ ਲਗਾਉਣੇ
ਸ਼ੁਰੂ ਕਰ ਦੇਂਦੇ ਹਨ। ਇੱਕ ਸਿੱਧ-ਪੱਧਰਾ ਤੇ ਹਰ ਗੱਲ ਵਿੱਚ ਚਲਾਕੀ ਦਰਸਾਉਣ ਵਾਲਾ ਤੇ ਆਪਣੇ ਆਪ ਨੂੰ
ਸਭ ਤੋਂ ਵੱਧ ਗਿਆਨਵਾਨ ਸਮਝਦਾ ਹੋਇਆ ਆਪਣੇ ਹੀ ਗਿਆਨ ਵਿੱਚ ਫਸ ਗਿਆ। ਕਿਸੇ ਵੀ ਦੇਸ਼ ਦੀ ਗੱਲ ਹੋਣੀ
ਇਸ ਨੇ ਫੱਟ ਕਹਿ ਦੇਣਾ ਮੈਂ ਇਸ ਮੁਲਕ ਵਿੱਚ ਦੋ ਵਾਰ ਜਾਂ ਤਿੰਨ ਵਾਰ ਗਿਆ ਹਾਂ। ਕਿਸੇ ਨੇ ਕਿਹਾ
ਜਪਾਨ ਗਿਆ ਏਂ ਇਸ ਨੇ ਕਿਹਾ ਮੈਂ ਓੱਥੇ ਵੀ ਤਿੰਨ ਦਫ਼ਾ ਗਿਆ ਹਾਂ। ਪੁੱਛਣ ਵਾਲਾ ਵੀ ਓਦੋਂ ਵੱਧ
ਸ਼ੈਤਾਨ ਸੀ ਉਹ ਕਹਿੰਦਾ ਤਾਂ ਤੇ ਫਿਰ ਤੈਨੂੰ ਜੌਗ਼ਰਫ਼ੀ ਦਾ ਬਹੁਤ ਗਿਆਨ ਹੋਣਾ ਏਂ? ਗੱਪੀ ਗਿਆਨ ਵਾਲਾ
ਕਹਿੰਦਾ ਮੈਂ ਓੱਥੇ ਵੀ ਚਾਰ ਵਾਰ ਜਾ ਆਇਆ ਹਾਂ। ਧਰਮ ਦਾ ਅਧਾਰ ਤਾਂ ਹੈ ਹੀ ਗਿਆਨ `ਤੇ ਹੈ ਪਰ
ਕਰਮ-ਕਾਂਡੀ, ਅੰਧ-ਵਿਸਵਾਸ਼ੀ ਤੇ ਫੋਕਟ ਦੀ ਬਹਿਸ ਦਾ ਨਾਂ ਗਿਆਨ ਨਹੀਂ ਹੈ ਤੇ ਨਾ ਹੀ ਇਸ ਚੁੰਜ ਗਿਆਨ
ਦੁਆਰਾ ਕੋਈ ਜੀਵਨ ਦੀ ਪ੍ਰਾਪਤੀ ਹੈ।
ਗਿਆਨੀ ਗਿਆਨੁ ਕਮਾਵਹਿ॥
ਵੈਸ਼ਨੋ, ਜੋਗੀ, ਤਪੀ---ਵਿਸ਼ਨੂੰ ਦਾ ਭਗਤ ਹੋਣਾ ਕੋਈ ਰੱਬੀ ਕਰਾਮਾਤ
ਨਹੀਂ ਹੈ। ਹੁਣ ਤੇ ਭੋਲੇ ਸਿੱਖ ਵੀ ਕਹੀ ਜਾਂਦੇ ਹਨ ਕਿ ਜੀ ਅਸੀਂ ਵੈਸ਼ਨੋ ਹਾਂ ਭਾਵ ਕਿ ਵਿਸ਼ਨੂੰ ਦੇ
ਭਗਤ ਹਾਂ। ਵੈਸ਼ਨੋ ਲੋਕ ਵਰਤ ਰੱਖਦੇ ਤੁਲਸੀ ਦੀ ਮਾਲ਼ਾ ਘਮਾਉਂਦੇ, ਤੀਰਥਾਂ `ਤੇ ਜਾ ਕੇ ਇਸ਼ਨਾਨ ਕਰਕੇ
ਇਹ ਸਮਝਦੇ ਹਨ ਕਿ ਅਸਾਂ ਰੱਬ ਜੀ ਨੂੰ ਪਾ ਲਿਆ। ਰੱਬ ਜੀ ਨੂੰ `ਤੇ ਨਹੀਂ ਪਾਇਆ ਪਰ ਹੰਕਾਰ ਜ਼ਰੂਰ
ਇੱਕਠਾ ਕਰ ਲਿਆ। ਕੰਨਾਂ ਵਿੱਚ ਮੁੰਦਰਾਂ ਪਾ ਲੈਣੀਆਂ ਸਰੀਰ `ਤੇ ਸਵਾਹ ਮਲ਼ ਲੈਣੀ ਤੇ ਕਹਿਣਾ ਅਸੀਂ
ਮਨ ਨੂੰ ਸਮਝ ਲਿਆ ਹੈ। ਰੱਬ ਜੀ ਦੀ ਪ੍ਰਾਪਤੀ ਤਾਂ ਭਾਵੇਂ ਨਾ ਹੋਈ ਹੋਵੇ ਸਰੀਰ ਨੂੰ ਸਵਾਹ ਨਾਲ
ਜ਼ਰੂਰ ਲਿਬੇੜ ਲਿਆ ਹੈ। ਭਾਰਤ ਵਿੱਚ ਇੱਕ ਹੋਰ ਕਿਰਦਾਰ ਹੈ ਤਪ ਕਰਨ ਵਾਲਿਆਂ ਦਾ ਜੋ ਹਾੜਾਂ ਦਿਆਂ
ਦਿਨਾਂ ਵਿੱਚ ਅੱਗ ਬਾਲ ਕੇ ਵਿਚਕਾਰ ਬੈਠੇ ਰਹਿੰਦੇ ਹਨ। ਅੱਜ ਵੀ ਸਿੱਖੀ ਸਰੂਪ ਵਿੱਚ ਕਈ ਵੀਰ ਚਲੀਹੇ
ਕੱਟ ਕੱਟ ਔਖੇ ਹੋ ਹੋ ਕੇ ਕਹਿ ਰਹੇ ਹਨ ਕਿ ਜੀ ਅਸਲੀ ਸਿੱਖੀ ਦਾ ਰਸਤਾ ਤਾਂ ਇਹ ਹੀ ਹੈ। ਵੈਸ਼ਨੋ
ਭਗਤ, ਜੋਗੀ ਤੇ ਤਪੀ ਵਰਗੇ ਮਾਰਗ ਨੂੰ ਗੁਰਬਾਣੀ ਰੱਦ ਕਰਦੀ ਹੈ। ਪਰ ਇਹ ਸਾਰੀਆਂ ਬਿਮਾਰੀਆਂ ਸਿੱਖੀ
ਵਿੱਚ ਆ ਗਈਆਂ ਹਨ।
ਭਗਉਤੀ
ਰਹਤ ਜੁਗਤਾ॥ ਜੋਗੀ ਕਹਤ ਮੁਕਤਾ॥ ਤਪਸੀ ਤਪਹਿ ਰਾਤਾ॥
ਮੋਨੀ, ਸੰਨਿਆਸੀ, ਬ੍ਰਹਮਚਾਰੀ ਤੇ ਉਦਾਸੀ – ਕਹਿੰਦੇ ਨੇ ਇੱਕ ਡੇਰੇ
ਵਿੱਚ ਰੌਲ਼ਾ ਬਹੁਤ ਪੈ ਰਿਹਾ ਸੀ ਪੁੱਛਿਆ ਕਿ ਇਹ ਡੇਰਾ ਕਿੰਨ੍ਹਾਂ ਦਾ ਹੈ ਅੱਗੋਂ ਉੱਤਰ ਮਿਲਿਆ ਕਿ
ਜੀ ਇਹ ਡੇਰਾ ਮੋਨਧਾਰੀਆਂ ਦਾ ਹੈ ਭਾਵ ਜੋ ਸਦਾ ਹੀ ਚੁੱਪ ਰਹਿੰਦੇ ਹਨ ਬੋਲਦੇ ਨਹੀਂ ਹਨ। ਅਗਲੇ ਡੇਰੇ
ਵਿੱਚ ਗਏ ਜਿੱਥੇ ਚੰਮ ਚੰਮ ਕਰਦੀਆਂ ਕਾਰਾਂ ਤੇ ਹਾਥੀ ਘੋੜੇ ਇਤਿਆਦਿਕ ਬੱਧੇ ਹੋਏ ਸਨ, ਪੁੱਛਿਆ ਇਹ
ਡੇਰਾ ਕਿੰਨ੍ਹਾਂ ਦਾ ਹੈ ਅੱਗੋਂ ਉੱਤਰ ਮਿਲਿਆ ਕਿ ਜੀ ਇਹ ਡੇਰਾ ਸੰਨਿਆਸੀਆਂ ਦਾ ਹੈ। ਭਾਵ ਇਹਨਾਂ ਨੇ
ਸੰਸਾਰ ਤੋਂ ਸੰਨਿਆਸ ਲਿਆ ਹੋਇਆ ਹੈ ਤੇ ਇਹਨਾਂ ਦੀ ਸੰਸਾਰਿਕ ਵਸਤੂ ਨਾਲ ਕੋਈ ਵੀ ਲਗਾਓ ਨਹੀਂ ਹੈ।
ਫਿਰਦੇ ਫਿਰਦੇ ਅੱਗਲੇ ਡੇਰੇ ਵਿੱਚ ਚੱਲੇ ਗਏ ਜਿੱਥੇ ਬੱਚਿਆਂ ਦੀ ਕੁਰਬਲ਼ ਕੁਰਬਲ਼ ਹੋ ਰਹੀ ਸੀ ਪੁੱਛਿਆ
ਕਿ ਜੀ ਇਹ ਡੇਰਾ ਕਿੰਨ੍ਹਾਂ ਦਾ ਹੈ ਅੱਗੋਂ ਉੱਤਰ ਮਿਲਿਆ ਕਿ ਜੀ ਇਹ ਡੇਰਾ ਬ੍ਰਹਿਮਚਾਰੀਆਂ ਦਾ ਹੈ
ਭਾਵ ਕਿ ਇਹਨਾਂ ਨੇ ਵਿਆਹ ਵਰਗੀ ਪਵਿੱਤਰ ਵਸਤੂ ਤੋਂ ਪਰਹੇਜ਼ ਕੀਤਾ ਹੋਇਆ ਹੈ ਪਰ ਨਿਆਣੇ ਫਿਰ ਵੀ ਹੋ
ਗਏ ਹਨ। ਸਦਕੇ ਜਾਈਏ ਅਜੇਹੇ ਬ੍ਰਾਹਮਚਾਰੀਆਂ ਦੇ। ਲੇਖਕ ਵਿਆਂਗ ਕਰਦਿਆਂ ਅੱਗੇ ਲਿਖਦਾ ਹੈ ਕਿ ਥੋੜਾ
ਹੋਰ ਅੱਗੇ ਗਏ ਜਿੱਥੇ ਸਾਧੂ ਤਾਸ਼ ਦੇ ਪੱਤਿਆਂ ਨੂੰ ਕੁੱਟ ਰਹੇ ਸਨ ਤੇ ਮੰਦਰ ਵਿੱਚ ਚੜ੍ਹਾਵੇ ਦਾ ਵੀ
ਢੇਰ ਲੱਗਿਆ ਹੋਇਆ ਸੀ ਪੁੱਛਣ ਤੇ ਦੱਸਿਆ ਗਿਆ ਕਿ ਜੀ ਇਹ ਡੇਰਾ ਉਦਾਸੀਆਂ ਦਾ ਹੈ ਤੇ ਸੰਸਾਰਿਕ
ਬਿਰਤੀਆਂ ਤੋਂ ਬਹੁਤ ਉੱਪਰ ਚੱਲੇ ਗਏ ਹਨ। ਮੋਨੀ, ਬ੍ਰਾਹਮਚਾਰੀ, ਸੰਨਿਆਸੀ ਤੇ ਉਦਾਸੀ ਸਿੱਖੀ ਵਿਚੋਂ
ਥੋਕ ਰੂਪ ਵਿੱਚ ਦੇਖੇ ਜਾ ਸਕਦੇ ਹਨ। ਜਿਸ ਵਿਚਾਰਧਾਰਾ ਨੂੰ ਗੁਰੂ ਨਾਨਕ ਸਾਹਿਬ ਜੀ ਨੇ ਰੱਦ ਕੀਤਾ
ਹੈ ਅੱਜ ਉਹ ਹੀ ਵਿਚਾਰਧਾਰਾ ਸਿੱਖੀ ਵਿਚੋਂ ਦੇਖੀ ਜਾ ਸਕਦੀ ਹੈ।
ਮੋਨਿ ਧਾਰੀ॥ ਸਨਿਆਸੀ ਬ੍ਰਹਮਚਾਰੀ॥
ਉਦਾਸੀ ਉਦਾਸਿ ਰਾਤਾ॥
ਭਗਤੀ, ਪੰਡਿਤ ਤੇ ਗ੍ਰਹਿਸਤੀ—ਮਰੀਜ਼ ਜਦੋਂ ਬਹੁਤਾ ਬਿਮਾਰ ਹੋ ਜਾਏ ਜਾਂ
ਉਸ ਦੇ ਬਚਣ ਦੇ ਆਸਾਰ ਬਿਲਕੁਲ ਹੀ ਖਤਮ ਹੋ ਜਾਣ ਤਾਂ ਫਿਰ ਡਾਕਟਰ ਉਸ ਨੂੰ ਬਚਾਉਣ ਦੀ ਬਜਾਏ ਉਸ `ਤੇ
ਕਈ ਪਰਕਾਰ ਦੇ ਤਜਰਬੇ ਕਰਦਾ ਹੈ ਕਿ ਮਰੀਜ਼ ਨੇ ਰਹਿਣਾ ਤਾਂ ਨਹੀਂ ਹੈ ਚਲੋ ਤਜ਼ਰਬਾ ਹੀ ਕਰ ਲਓ। ਕੁੱਝ
ਸਿੱਖ ਧਰਮ ਨਾਲ ਵੀ ਇੰਝ ਹੀ ਹੋਇਆ ਹੈ। ਗੁਰੂ ਨਾਨਕ ਸਾਹਿਬ ਜੀ ਦੇ ਬੁਨਿਆਦੀ ਨੁਕਤਿਆਂ ਨੂੰ ਨਾ
ਸਮਝਦਿਆਂ ਹੋਇਆਂ ਵੱਖ ਵੱਖ ਕਿਸਮ ਦੀਆਂ ਧਰਮ ਦੇ ਨਾਂ `ਤੇ ਸਿੱਖੀ ਵਿੱਚ ਭਗਤੀਆਂ ਇਕੱਠੀਆਂ ਕਰ ਲਈਆਂ
ਹਨ। ਨੌਂ ਪ੍ਰਕਾਰ ਦੀ ਭਗਤੀ ਵਿਚੋਂ ਕੋਈ ਕੀਰਤਨ ਨੂੰ ਸਿਰਮੋਰ ਭਗਤੀ ਗਿਣੀ ਜਾ ਰਿਹਾ ਹੈ ਤੇ ਕੋਈ
ਸਿਮਰਨ ਦੀਆਂ ਵਿੱਧੀਆਂ ਦੱਸ ਦੱਸ ਕੇ ਮਗ਼ਜ਼ ਖਪਾਈ ਕਰੀ ਜਾ ਰਿਹਾ ਹੈ। ਸੁਣਨਾ, ਚਰਨ-ਸੇਵਾ, ਅਰਚਨਾ,
ਬੰਦਨਾ, ਮਿੱਤ੍ਰ ਭਾਵ ਤੇ ਆਪਣਾ ਆਪ ਅਰਪਨ ਕਰਨ ਵਿਚੋਂ ਇੱਕ ਇੱਕ ਪੱਖ ਤੇ ਅਸਵਾਰ ਹੋ ਕੇ ਕਹਿ ਰਿਹਾ
ਜੀ ਮੈਂ ਤੇ ਬਹੁਤ ਭਗਤੀ ਕਰ ਰਿਹਾ ਹਾਂ। ਜੀਵਨ ਦੇ ਚੱਜ ਅਚਾਰ ਦਾ ਨਾਂ ਹੀ ਅਸਲ ਭਗਤੀ ਹੈ। ਪੰਡਿਤ
ਉੱਚੀ ਉੱਚੀ ਵੇਦ ਪੜ੍ਹ ਕੇ ਲੋਕਾਂ ਨੂੰ ਕਰਮ-ਕਾਂਡ ਦੀ ਦਲ਼-ਦਲ਼ ਵਿੱਚ ਧੱਸ ਰਿਹਾ ਹੈ। ਅਸੀਂ ਉੱਚੀ
ਉੱਚੀ ਕੀਰਤਨ ਦਰਬਾਰ ਅਖੰਡ-ਪਾਠਾਂ ਦੀਆਂ ਲੜੀਆਂ ਤੇ ਸਿਮਰਨ ਦੀ ਅਨੇਕ ਪਰਕਾਰ ਦੀਆਂ ਅਵਾਜ਼ਾਂ ਵਿੱਚ
ਗਵਾਚ ਗਏ ਹਾਂ। ਗ੍ਰਹਿਸਤੀ ਜੀਵਨ ਦੀ ਹਕੀਕਤ ਨੂੰ ਨਾ ਸਮਝਦਾ ਹੋਇਆਂ ਸਰੀਰਾਂ ਦੀ ਪੂਰਤੀ ਤੀਕ ਹੀ
ਸਿਮਟ ਕੇ ਰਹਿ ਗਿਆ ਹੈ। ਗ੍ਰਹਿਸਤੀ ਪੰਡਿਤ ਦੀ ਥਾਂ `ਤੇ ਸਾਧੜਿਆਂ ਪਾਸੋਂ ਅਰਦਾਸਾਂ ਕਰਵਾ ਰਿਹਾ
ਹੈ। ਗ੍ਰਹਿਸਤੀ ਆਪਣੀਆਂ ਗ਼ਰਜ਼ਾਂ ਦਾ ਮਾਰਿਆ ਹੋਇਆ ਲੋਟੂ ਪੰਡਿਤ ਭਾਵ ਸਾਧਲਾਣੇ ਅਨੁਸਾਰ ਭਗਤੀ ਕਰ
ਰਿਹਾ ਹੈ।
ਭਗਤਿ ਨਵੈ
ਪਰਕਾਰਾ॥ ਪੰਡਿਤੁ ਵੇਦੁ ਪੁਕਾਰਾ॥ ਗਿਰਸਤੀ ਗਿਰਸਤਿ ਧਰਮਾਤਾ॥
ਸਿਮਰਨ, ਲੰਬੇ ਚੋਲ਼ੇ, ਰੈਣ ਸਬਾਈ ਤੇ ਤੀਰਥ ਦਾ ਇਸ਼ਨਾਨ—ਇਕ ਉਹ ਲੋਕ ਹਨ
ਜੋ ਕੇਵਲ ਇੱਕ ਸ਼ਬਦ ਦਾ ਹੀ ਜਾਪ ਕਰ ਰਹੇ। ਸਿੱਖ ਧਰਮ ਵਿੱਚ ਅਜੇਹੇ ਲੋਕਾਂ ਦੇ ਆਮ ਦਰਸ਼ਨ ਹੁੰਦੇ ਹਨ
ਜੋ ਹਰ ਵੇਲੇ ਆਪਣੇ ਬੁੱਲਾਂ ਨੂੰ ਫ਼ਰਕਾਈ ਰੱਖਣ ਨੂੰ ਹੀ ਸਿਮਰਨ ਸਮਝ ਰਹੇ ਹਨ। ਕਈ ਢਾਈ ਘੰਟੇ
ਲਗਾਤਾਰ ਚੌਂਕੜਾ ਮਾਰ ਕੇ ਬੈਠੇ ਰਹਿੰਦੇ ਤੇ ਆਖਦੇ ਹਨ ਕਿ ਜੀ ਸਾਡੇ ਜਿੰਨ੍ਹਾਂ ਤਾਂ ਕੋਈ ਸਿਮਰਨ ਹੀ
ਨਹੀਂ ਕਰਦਾ। ਚਾਹੀਦਾ ਤਾਂ ਇਹ ਸੀ ਕਿ ਇਹਨਾਂ ਵਿੱਚ ਠਰ੍ਹਮਾ ਸਹਿਣ--ਸ਼ੀਲਤਾ ਆਉਂਦੀ ਪਰ ਸਦਕੇ ਜਾਈਏ
ਇਹਨਾਂ ਦੀ ਡਾਂਗ ਦੇ, ਵਿਚਾਰ ਨਾਲ ਗੱਲ ਕਰਨ ਦੀ ਥਾਂ `ਤੇ ਮਰਨ ਮਾਰਨ `ਤੇ ਉੱਤਰਦੇ ਆਉਂਦੇ ਹਨ ਇਹ
ਧਰਮੀ ਯੋਧੇ। ਨਿਰ੍ਹਾ ਸਿਮਰਨ ਹੀ ਨਹੀਂ ਕਰਦੇ ਸਗੋਂ ਲੰਬੇ ਚੋਲ਼ੇ ਵੀ ਇਹਨਾਂ ਨੇ ਪਾਏ ਹੁੰਦੇ ਹਨ ਜੋ
ਗਿੱਟਿਆਂ ਤੋਂ ਤਿੰਨ ਇੰਚ ਉੱਚੇ ਹੁੰਦੇ ਨੇ। ਹੱਥਾਂ ਵਿੱਚ ਲੋਹੇ ਦੀਆਂ ਮਾਲਾ ਵੀ ਪਾਈਆਂ ਹੁੰਦੀਆਂ
ਹਨ ਜਿਸ ਨੂੰ ਗੁਰਬਾਣੀ ਨੇ ਰੱਦ ਕੀਤਾ ਹੋਇਆ ਹੈ। ਬਹਾਰਲੇ ਮੁਲਕਾਂ ਵਿੱਚ ਇੱਕ ਹੋਰ ਰੁਝਾਨ ਵੀ ਦੇਖਣ
ਨੂੰ ਮਿਲ ਰਿਹਾ ਹੈ ਕਿ ਛੋਟੇ ਛੋਟੇ ਬੱਚਿਆਂ ਨੂੰ ਸਿਰਫ ਚੋਲ਼ੇ ਪਹਿਨਾ ਦਿੱਤਾ ਜਾਣ ਤੇ ਸਮਝ ਲਿਆ ਇਹ
ਧਰਮੀ ਹੋ ਗਏ ਹਨ। ਆਪਣੇ ਆਪ ਨੂੰ ਕੁੱਝ ਵੱਖਰਾ ਦੱਸਣ ਲਈ ਕਈ ਵਿਚਾਰਿਆਂ ਨੇ ਤਾਂ ਚੋਲ਼ੇ ਤੇ ਇੱਕ ਹੋਰ
ਲੰਬਾ ਚੋਲ਼ਾ ਪਾਇਆ ਹੁੰਦਾ ਹੈ। ਸਿੱਖੀ ਵਿੱਚ ਇੱਕ ਉਹ ਵੀਰ ਵੀ ਹਨ ਜੋ ਕੇਵਲ ਰੈਣ ਸਬਾਈਆਂ ਨੂੰ ਹੀ
ਸਿੱਖੀ ਦਾ ਧਰਮ ਸਮਝ ਰਹੇ ਹਨ। ਬਹੁਤੀ ਥਾਈਂ ਤਾਂ ਗੁਰਬਾਣੀ ਸ਼ਬਦ ਦੀ ਥਾਂ `ਤੇ ਕੇਵਲ ਵਾਹਿਗੁਰੂ ਦੇ
ਸ਼ਬਦ ਦਾ ਹੀ ਕੀਰਤਨ ਹੁੰਦਾ ਹੈ ਜੋ ਕਿ ਸਿੱਖੀ ਸਿਧਾਂਤ ਦੇ ਬਿਲਕੁਲ ਵਿਰੋਧ ਵਿੱਚ ਜਾਂਦਾ ਹੈ। ਕੁੱਝ
ਵੀਰ ਅਜੇਹੇ ਵੀ ਹਨ ਜੋ ਤੀਰਥ ਯਾਤਰਾ ਨੂੰ ਹੀ ਜ਼ਿੰਦਗੀ ਦਾ ਅਸਲੀ ਮਕਸਦ ਸਮਝੀ ਬੈਠੇ ਹਨ। ਹਾਂ ਆਪਣੇ
ਇਤਿਹਾਸਕ ਥਾਵਾਂ `ਤੇ ਜਾਣਾ ਕੋਈ ਮਾੜੀ ਗੱਲ ਨਹੀਂ ਪਰ ਏੱਥੇ ਤਾਂ ਮਰ ਚੁੱਕੇ ਸਾਧਾਂ ਦੀਆਂ ਮੜੀਆਂ
ਨੂੰ ਹੀ ਤੀਰਥ ਯਾਤਰਾ ਸਮਝ ਲਿਆ ਗਿਆ ਹੈ। ਗੁਰ੍ਹ ਨਾਨਕ ਸਾਹਿਬ ਜੀ ਦੀ ਫਿਲਾਸਫ਼ੀ ਦੇ ਅਨੁਸਾਰ ਤਾਂ
ਤੀਰਥ ਕੇਵਲ ਸ਼ਬਦ ਦੀ ਵਿਚਾਰ ਹੀ ਹੈ। ਸਿਤਮਗ਼ਿਰੀ ਦੀ ਬਾਤ ਦੇਖੋ ਜਿਸ ਕਰਮ-ਕਾਂਡ ਦੇ ਭਾਂਡੇ ਨੂੰ
ਦੁਨੀਆਂ ਦੇ ਚੁਰਾਹੇ ਵਿੱਚ ਭੰਨਿਆ ਸੀ ਅੱਜ ਉਹਨਾਂ ਹੀ ਕਰਮ-ਕਾਂਡਾਂ ਨੇ ਸਿੱਖੀ ਨੂੰ ਨਿਗ਼ਲ਼ ਲਿਆ
ਹੋਇਆ ਹੈ।
ਇਕਸਬਦੀ ਬਹੁਰੂਪਿ
ਅਵਧੂਤਾ॥ ਕਾਪੜੀ ਕਉਤੇ ਜਾਗੂਤਾ॥ ਇਕਿ ਤੀਰਥਿ ਨਾਤਾ॥
ਭੁੱਖੇ ਰਹਿਣਾ, ਹੱਥ ਨਾ ਲੱਗਣ ਦੇਣਾ, ਭੋਰੇ ਵਿੱਚ ਰਹਿਣਾ ਤੇ ਮਨ ਦੇ ਭਰਮ
ਨੂੰ ਗਿਆਨ ਕਹਿਣਾ—ਵਾਹ ਸਿੱਖੀਏ ਤੇਰੇ ਰੰਗ ਨਿਆਰੇ, ਤੂੰ ਹਰ ਪਰਕਾਰ ਦੇ ਪਾਖੰਡ ਨੂੰ ਸਿਰੇ ਤੋਂ
ਮਾਨਤਾ ਦੇਣੀ ਸ਼ੁਰੂ ਕਰ ਦਿੱਤੀ ਹੈ। ਕਈ ਲੋਕਾਂ ਨੇ ਭੋਲ਼ੀ ਜੰਤਾ ਵਿੱਚ ਆਪਣੀ ਭੱਲ ਬਣਾਉਣ ਲਈ ਇਹ
ਕਹਿਣਾ ਸ਼ੁਰੂ ਕਰ ਦਿੱਤਾ ਕਿ ਜੀ ਆਹ ਸੰਗਲ਼ਾਂ ਵਾਲੇ ਬਾਬੇ ਦਿਨ ਵਿੱਚ ਕੇਵਲ ਇੱਕ ਵਾਰ ਹੀ ਰੋਟੀ ਦਾ
ਸੇਵਨ ਕਰਦੇ ਹਨ ਤੇ ਦੂਜੇ ਏਦੂੰ ਵੱਧ ਕੇ ਜੀ ਸਾਡੇ ਬਾਬੇ ਤਾਂ ਰੋਟੀ ਖਾਂਦੇ ਹੀ ਨਹੀਂ ਹਨ, ਲੱਖ
ਲਾਹਨਤ ਹੈ ਏਹੋ ਜੇਹੇ ਗਪੌੜਿਆਂ ਦੇ। ਜਿਸ ਬਾਬੇ ਨੇ ਅੱਧਾ ਕਿਲੋ ਕੀਮਾ ਜਾਂ ਪਨੀਰ ਨੂੰ ਦੇਸੀ ਘਿਓ
ਵਿੱਚ ਤਲ਼ ਕੇ ਖਾਧਾ ਹੋਵੇ ਉਸ ਨੂੰ ਭੁੱਖ ਕਿਉਂ ਲੱਗੇਗੀ? ਕੁੱਝ ਅਜੇਹੇ ਲੋਕ ਵੀ ਹੋ ਗਏ ਹਨ ਜੋ ਇੱਕ
ਦੂਜੇ ਦੇ ਨੂੰ ਛੂੰਹਣ ਦੇ ਨਾਲ ਹੀ ਸਮਝਦੇ ਹਨ ਕਿ ਜੀ ਸਾਡਾ ਤਾਂ ਧਰਮ ਭ੍ਰਿਸ਼ਟ ਹੋ ਗਿਆ। ਟੂਟੀਆਂ
ਨੂੰ ਮਾਂਜੀ ਜਾਣਾ, ਹੱਥਾਂ ਨੂੰ ਮਿੱਟੀ ਨਾਲ ਘਸਾਈ ਜਾਣਾ ਹੀ ਸਿੱਖੀ ਦਾ ਆਖਰੀ ਡੰਡਾ ਸਮਝ ਲਿਆ ਹੈ।
ਵਾਹ ੳਹ ਬ੍ਰਾਮਣ ਦੇਵਤਾ! ਤੈਨੂੰ ਨਮਸਕਾਰ ਕਰਨੀ ਬਣਦੀ ਹੈ ਕਿ ਮਹਾਨ ਸਿੱਖੀ ਨੂੰ ਭੋਰਿਆਂ ਵਿੱਚ ਬੰਦ
ਕਰਕੇ ਰੱਖ ਦਿੱਤਾ ਈ। ਆਮ ਸਾਧਾਂ ਦੇ ਡੇਰਿਆਂ ਵਿੱਚ ਭੋਰੇ ਬਣੇ ਹੋਏ ਮਿਲ ਜਾਣਗੇ ਕਿ ਇਹ ਬਾਬਾ ਜੀ
ਬਹੁਤ ਹੀ ਪਾਹੁੰਚੇ ਹੋਏ ਹਨ ਜੋ ਕਿ ਭੋਰੇ ਵਿੱਚ ਬੈਠ ਕਿ ਬੰਦਗੀ ਕਰਦੇ ਹਨ। ਕਈਆਂ ਬਾਬਿਆਂ ਦੀ
ਕੁਰਸੀ ਲੱਗਦੀ ਹੈ ਜਦੋਂ ਉਹ ਭੋਰੇ ਵਿਚੋਂ ਬਾਹਰ ਆਉਂਦੇ ਹਨ। ਕਈ ਬਾਬਿਆਂ ਦੇ ਭੋਰਿਆਂ ਦੀਆਂ
ਬਦਫੈਲੀਆਂ ਅਕਸਰ ਅਖ਼ਬਾਰਾਂ ਦੀਆਂ ਸੁਰਖੀਆਂ ਬਣਦੀਆਂ ਰਹਿੰਦੀਆਂ ਹਨ। ਵੱਧ ਤੋਂ ਵੱਧ ਭਰਮ ਦੱਸਣ ਵਾਲੇ
ਨੂੰ ਸਿਰੇ ਦਾ ਗਿਆਨਵਾਨ ਸਮਝਿਆ ਜਾਂਦਾ ਹੈ। ਕੜੇ ਨਾਲ ਲਾਲ ਧਾਗਾ ਬੰਨ੍ਹ ਲੈਣਾ, ਮੁੰਦੀਆਂ ਵਿੱਚ ਨਗ
ਜੜ ਲੈਣਾ ਤੇ ਜੋਤਸ਼ੀਆਂ ਨੂੰ ਹੱਥ ਦਿਖਾ ਲੈਣਾ ਹੀ ਧਰਮ ਦਾ ਗਿਆਨ ਸਮਝੀ ਜਾਂਦੇ ਹਨ। ਭਗਤ ਮਾਲਾ ਦੀਆਂ
ਸਾਖੀਆਂ ਨੂੰ ਸੁਣਾਈ ਜਾਣ ਨੂੰ ਹੀ ਬ੍ਰਹਮ ਗਿਆਨ ਦੀਆਂ ਗੱਲਾਂ ਸਮਝੀ ਜਾਂਦੇ ਹਨ।
ਨਿਰਹਾਰ ਵਰਤੀ ਆਪਰਸਾ॥ ਇਕਿ ਲੂਕਿ ਨ
ਦੇਵਹਿ ਦਰਸਾ॥ ਇਕਿ ਮਨ ਹੀ ਗਿਆਤਾ॥
ਕੋਈ ਵੀ ਘੱਟ ਨਹੀਂ, ਸਾਰੇ ਕਹਿੰਦੇ ਨੇ ਰੱਬ ਜੀ ਲੱਭ ਲਿਆ ਪਰ ਸ਼ੁਭ ਗੁਣਾਂ
ਵਾਲਾ ਹੀ ਭਗਤ ਹੈ---ਮਨੁੱਖ ਦੀ ਆਕੜ ਸਬੰਧੀ ਵਿਅੰਗ ਹੈ ਕਿ ਜਦੋਂ ਰੱਬ ਜੀ ਨੇ ਮਨੁੱਖ ਨੂੰ
ਪੈਦਾ ਕੀਤਾ ਤਾਂ ਇਸ ਦੇ ਕੰਨ ਵਿੱਚ ਫੂਕ ਮਾਰ ਦਿੱਤੀ ਕਿ ਜਾ ਤੇਰੇ ਵਰਗਾ ਹੋਰ ਕੋਈ ਵੀ ਨਹੀਂ ਹੈ,
ਇਸ ਲਈ ਇਹ ਤੁਰਦਾ ਫਿਰਦਾ ਮੱਥਾ ਟੇਕਦਾ ਇੰਜ ਲੱਗਦਾ ਹੈ ਜਿਵੇਂ ਕਿ ਸਿਰਫ ਮੈਂ ਹੀ ਸੰਸਾਰ ਵਿੱਚ ਆਇਆ
ਹੋਵਾਂ। ਵਿਆਹਾਂ ਸ਼ਾਦੀਆਂ ਵਿੱਚ ਇੱਕ ਦੂਜੇ ਨਾਲੋਂ ਵੱਧ ਤੋਂ ਵੱਧ ਵਿਖਾਵਾ ਕਰਕੇ ਇਹ ਦੱਸਣ ਦਾ ਯਤਨ
ਕਰਨਾ ਕਿ ਮੈਂ ਤੇਰੇ ਨਾਲੋਂ ਘੱਟ ਨਹੀਂ ਹਾਂ। ਰੈਣ ਸਬਾਈਆਂ ਕਰਕੇ, ਸਿਮਰਨ ਕਰਕੇ, ਅਖੰਡ-ਪਾਠਾਂ
ਦੀਆਂ ਲੜੀਆਂ ਚਲਾ ਕੇ, ਕੀਰਤਨ ਦਰਬਾਰਾਂ ਦੀਆਂ ਹਾਜ਼ਰੀਆਂ ਭਰ ਕੇ ਤੀਰਥਾਂ `ਤੇ ਇਸ਼ਨਾਨ ਕਰਕੇ, ਚਲੀਹੇ
ਕੱਟ ਕੇ ਕਹਿ ਦੇਣਾ ਕਿ ਜੀ ਅਸੀਂ ਰੱਬ ਜੀ ਨੂੰ ਲੱਭ ਲਿਆ ਹੈ। ਅਸਲ ਵਿੱਚ ਭਗਤ ਉਸ ਨੂੰ ਕਹਿ ਸਕਦੇ
ਹਾਂ ਜਿਸ ਨੇ ਸ਼ੁਭ ਗੁਣਾਂ ਨੂੰ ਆਪਣੇ ਹਿਰਦੇ ਵਿੱਚ ਵਸਾ ਲਿਆ ਹੈ। ਸ਼ੇਖ਼ ਫ਼ਰੀਦ ਜੀ ਭਗਤ ਦੀ ਪ੍ਰੀਭਾਸ਼ਾ
ਕਰਦਿਆਂ ਲਿਖਦੇ ਹਨ --
ਮਤਿ
ਹੋਦੀ ਹੋਇ ਇਆਣਾ॥ ਤਾਣ ਹੋਦੇ ਹੋਇ ਨਿਤਾਣਾ॥ ਅਣਹੋਦੇ ਆਪੁ ਵੰਡਾਏ॥ ਕੋਈ ਐਸਾ ਭਗਤੁ ਸਦਾਏ॥ 128॥
(ਪੰਨਾ 1384)
ਸਮਾਜ ਵਿੱਚ ਇਹ ਹੋੜ ਲੱਗੀ ਹੋਈ ਹੈ ਕਿ ਮੈਂ ਕਿਸੇ ਨਾਲੋਂ ਕੋਈ ਵੀ ਘੱਟ
ਨਹੀਂ ਹਾਂ ਤੇ ਰੱਬ ਜੀ ਨਾਲ ਸਾਡੇ ਬਜ਼ੁਰਗ ਨੇ ਅਜੇ ਰਾਤੀਂ ਗੱਲਾਂ ਕੀਤੀਆਂ ਹਨ –
ਘਾਟਿ
ਨ ਕਿਨ ਹੀ ਕਹਾਇਆ॥ ਸਭ ਕਹਤੇ ਹੈ ਪਾਇਆ॥ ਜਿਸੁ ਮੇਲੇ ਸੋ ਭਗਤਾ॥
ਹੁਣ ਆਪਣੀਆਂ ਸੋਚਾਂ ਤੇ ਕਰਮ-ਕਾਂਡੀ ਉਪਾਅ ਛੱਡ ਦਿੱਤੇ ਹਨ, ਕਿਉਂਕਿ
ਗੁਰ-ਗਿਆਨ ਦੀ ਸਮਝ ਆ ਗਈ ਹੈ ---- ਸੱਜਣ ਆਪਣਾ ਸੁਭਾਅ ਤਬਦੀਲ ਕਰ ਗਿਆ, ਕੌਡਾ ਸਿੱਖੀ ਦਾ ਊਘਾ
ਪਰਚਾਰਕ ਬਣ ਗਿਆ ਤੇ ਬਿੱਧੀ ਚੰਦ ਇੱਕ ਜਰਨੈਲ ਦੇ ਰੂਪ ਵਿੱਚ ਪ੍ਰਗਟ ਹੋਇਆ ਓਦੋਂ ਜਦੋਂ ਗੁਰ-ਉਪਦੇਸ਼
ਦੀ ਸਮਝ ਆ ਗਈ। ਸਿੱਖੀ `ਤੇ ਸਿੱਖੀ ਨਹੀਂ ਟਿੱਕ ਸਕਦੀ ਦੀ ਸਮਝ ਜਦੋਂ ਭਾਈ ਮੰਝ ਜੀ ਨੂੰ ਆ ਗਈ ਤਾਂ
ਚਿਰਾਂ ਦਾ ਬਣਿਆ ਹੋਇਆ ਪੀਰ ਖ਼ਾਨਾਂ ਢਾਹ ਦਿੱਤਾ। ਭਾਈ ਬਹਿਲੋਂ ਸਭ ਤੋਂ ਪਹਿਲੋਂ ਤਾਂ ਹੀ ਅਖਵਾ
ਸਕਿਆ ਜਦੋਂ ਗੁਰ-ਉਪਦੇਸ਼ ਨੂੰ ਮਨ ਵਿੱਚ ਵਸਾ ਲਿਆ।
ਸਗਲ ਉਕਤਿ ਉਪਾਵਾ॥ ਤਿਆਗੀ ਸਰਨਿ
ਪਾਵਾ॥ ਨਾਨਕੁ ਗੁਰ ਚਰਣਿ ਪਰਾਤਾ॥
ਗੁਰ ਚਰਣਿ ਪਰਾਤਾ ਤੋਂ ਮੁਰਾਦ ਹੈ ਰਸਤੇ `ਤੇ ਤੁਰ ਪੈਣਾ। ਸਿਖੀ ਅੱਜ
ਬਾਹਰਲੇ ਕਰਮਕਾਂਡ ਵਿੱਚ ਫਸ ਕੇ ਰਹਿ ਗਈ ਹੈ, ਗੁਰੂ ਗ੍ਰੰਥ ਸਾਹਿਬ ਜੀ ਵਿੱਚ ਜੋ ਕੁੱਝ ਲਿਖਿਆ ਹੈ
ਉਸ ਨੂੰ ਸਮਝਣਾ ਦਾ ਸਾਨੂੰ ਯਤਨ ਕਰਨਾ ਚਾਹੀਦਾ ਹੈ।
ਮ: 3॥ ਜਿਨੀ ਸਤਿਗੁਰੁ ਸੇਵਿਆ ਤਿਨੀ
ਨਾਉ ਪਾਇਆ, ਬੁਝਹੁ ਕਰਿ ਬੀਚਾਰੁ॥ ਸਦਾ ਸਾਂਤਿ ਸੁਖੁ ਮਨਿ ਵਸੈ, ਚੂਕੈ ਕੂਕ ਪੁਕਾਰ॥ ਆਪੈ ਨੋ ਆਪੁ
ਖਾਇ, ਮਨੁ ਨਿਰਮਲੁ ਹੋਵੈ, ਗੁਰ ਸਬਦੀ ਵੀਚਾਰੁ॥ ਨਾਨਕ ਸਬਦਿ ਰਤੇ ਸੇ ਮੁਕਤੁ ਹੈ, ਹਰਿ ਜੀਉ ਹੇਤਿ
ਪਿਆਰੁ॥ 2॥ {ਪੰਨਾ 86}