ਪ੍ਰਸ਼ਨ: ਕੀ ਭਗਤ ਧੰਨਾ ਜੀ ਨੇ ਪੱਥਰ ਵਿਚੋਂ ਰੱਬ ਪਾਇਆ ਸੀ?
ਉੱਤਰ: ਭਗਤ ਧੰਨਾ ਜੀ ਨੇ
ਆਪਣੀ ਬਾਣੀ ਵਿੱਚ ਆਪ ਹੀ ਸਪਸ਼ਟ ਕੀਤਾ ਹੈ ਕਿ ਉਹਨਾਂ ਨੂੰ ਵਾਹਿਗੁਰੂ ਦੀ ਪ੍ਰਾਪਤੀ ਕਿਵੇਂ ਹੋਈ।
ਪਰੰਤੂ, ਜਿਵੇਂ ਅਸੀਂ ਗੁਰੂ ਸਾਹਿਬਾਨ ਦੀਆਂ ਵੀ ਬਹੁਤ ਸਾਰੀਆਂ ਗੱਲਾਂ, ਜੋ ਗੁਰੂ ਗਰੰਥ ਸਾਹਿਬ
ਵਿੱਚ ਦਰਜ ਹਨ, ਉਹਨਾਂ `ਚ ਵਿਸ਼ਵਾਸ ਕਰਨ ਦੀ ਬਜਾਇ ਦੂਜਿਆਂ ਦੀਆ ਆਖੀਆਂ ਅਥਵਾ ਲਿੱਖੀਆਂ ਗੱਲਾਂ `ਤੇ
ਵਧੇਰੇ ਵਿਸ਼ਵਾਸ ਕਰੀ ਬੈਠੇ ਹਾਂ, ਉਸੇ ਤਰ੍ਹਾਂ ਭਗਤ ਧੰਨਾ ਜੀ ਨੇ ਇਸ ਪ੍ਰਸ਼ਨ ਦੇ ਉੱਤਰ ਵਿੱਚ ਜੋ
ਆਖਿਆ ਹੈ, ਅਸੀਂ ਉਸ ਨੂੰ ਮੰਣਨ ਦੀ ਬਜਾਇ, ਦੂਜਿਆਂ ਦੀਆਂ ਲਿਖਤਾਂ ਨੂੰ ਵਧੇਰੇ ਪ੍ਰਮਾਣੀਕ ਮੰਨ ਕੇ
ਇਹ ਸਵੀਕਾਰ ਕਰ ਲਿਆ ਕਿ ਭਗਤ ਧੰਨਾ ਜੀ ਨੇ ਪੱਥਰ ਵਿਚੋਂ ਪ੍ਰਮਾਤਮਤਾ ਪਾਇਆ ਸੀ। ਇਸ ਦਾ ਹੀ ਇਹ
ਸਿੱਟਾ ਹੈ ਕਿ ਇਹ ਆਮ ਹੀ ਆਖਿਆ ਜਾਂਦਾ ਹੈ ਕਿ, ਜੀ ਜੇਕਰ ਸੱਚੀ ਸ਼ਰਧਾ ਹੋਵੇ ਤਾਂ ਭਗਤ ਧੰਨੇ
ਵਾਂਗੂੰ ਪੱਥਰ ਵਿਚੋਂ ਵੀ ਪਰਮਾਤਮਾ ਪਾ ਸਕੀਦਾ ਹੈ। ਅਸੀਂ ਅਜਿਹਾ ਆਖਣ ਲਗਿਆਂ ਗੁਰੂ ਗਰੰਥ ਸਾਹਿਬ
ਦੀ ਇਸ ਸਿੱਖਿਆ ਨੂੰ ਭੁੱਲ ਜਾਂਦੇ ਹਾਂ, ਜਿਸ ਅਨੁਸਾਰ ਅਗਿਆਨ ਭਰਪੂਰ ਸ਼ਰਧਾ (ਵਿਸ਼ਵਾਸ, ਨਿਸ਼ਚਾ,
ਪਰਤੀਤ) ਨੂੰ ਕਿਸੇ ਵੀ ਰੂਪ ਵਿੱਚ ਪ੍ਰਵਾਨ ਨਹੀਂ ਕੀਤਾ ਗਿਆ। ਭਾਈ ਕਾਨ੍ਹ ਸਿੰਘ ਨਾਭਾ ਹੁਰੀਂ
ਗੁਰਮਤਿ ਦੇ ਇਸ ਸਿਧਾਂਤ ਦੇ ਸਬੰਧ ਵਿੱਚ ਲਿੱਖਦੇ ਹਨ, “ਰੇਤ ਵਿੱਚ ਖੰਡ ਦਾ ਵਿਸ਼ਵਾਸ, ਸੂਰਜ ਦੀ
ਕਿਰਨ ਨਾਲ ਚਮਕਦੇ ਮਾਰੂਥਲ ਦੀ ਤ੍ਰਿਸ਼ਨਾ ਜਲ ਤੋਂ ਪਿਆਸ ਮਿਟਣ ਦਾ ਵਿਸ਼ਵਾਸ, ਕਿਸੇ ਮੰਤ੍ਰ ਜੰਤ੍ਰ
ਤੋਂ ਰੋਗ ਦੀ ਨਿਵ੍ਰਿਤੀ ਅਤੇ ਸੰਤਾਨ ਧਨ ਆਦਿ ਦੀ ਪ੍ਰਾਪਤੀ ਦਾ ਨਿਸ਼ਚਾ ਮਿਥਯਾ ਵਿਸ਼ਵਾਸ ਹਨ ਜਿਨ੍ਹਾਂ
ਤੋਂ ਕਲੇਸ਼ ਅਤੇ ਪਛਤਾਵੇ ਤੋਂ ਛੁਟ ਹੋਰ ਕੋਈ ਫਲ ਨਹੀਂ।” ਭਾਈ ਸਾਹਿਬ ਫਿਰ ਸੱਚੀ ਸ਼ਰਧਾ ਦੀ ਚਰਚਾ
ਕਰਦਿਆਂ ਲਿੱਖਦੇ ਹਨ, “ਖੰਡ ਵਿੱਚ ਖੰਡ ਦਾ ਵਿਸ਼ਵਾਸ, ਖੂਹ ਨਦ (ਦਰਿਆ) ਸਰੋਵਰ ਤੋਂ ਪਿਆਸ ਬੁਝਣ ਦਾ
ਵਿਸ਼ਵਾਸ, ਔਖਧ ਤੋਂ ਰੋਗ ਦੂਰ ਹੋਣ ਦਾ ਵਿਸ਼ਵਾਸ ਅਤੇ ਬੁਧਿ ਵਿਦਯਾ ਬਲ ਨਾਲ ਧਨ ਪ੍ਰਾਪਤੀ ਦਾ
ਵਿਸ਼ਵਾਸ, ਸਤਯ ਵਿਸ਼ਵਾਸ ਹਨ।” (ਗੁਰੁਮਮਤ ਮਾਰਤੰਡ)। ਸੋ, ਇਹ ਧਾਰਣਾ ਗੁਰਮਤਿ ਅਨੁਕੂਲ ਨਹੀਂ ਕਿ
ਕੇਵਲ ਸ਼ਰਧਾ ਹੋਣੀ ਚਾਹੀਦੀ ਹੈ; ਸ਼ਰਧਾ ਦਾ ਕੇਵਲ ਯਥਾਰਥ ਰੂਪ ਹੀ ਪ੍ਰਵਾਨ ਹੈ। ਖ਼ੈਰ, ਇਸ ਸਮੇਂ ਅਸੀਂ
ਭਗਤ ਧੰਨਾ ਜੀ ਦੇ ਬਾਰੇ ਗੱਲ ਕਰ ਰਹੇ ਹਾਂ ਕਿ ਉਹਨਾਂ ਨੇ ਪ੍ਰਮਾਤਮਾ ਕਿਸ ਤਰ੍ਹਾਂ ਪਾਇਆ, ਇਸ ਲਈ
ਸ਼ਰਧਾ ਬਾਰੇ ਹੋਰ ਕੁਛ ਲਿੱਖਣ ਤੋਂ ਸੰਕੋਚ ਕਰਦੇ ਹੋਏ ਅਸਲ ਪ੍ਰਸ਼ਨ ਵਲ ਆਉਂਦੇ ਹਾਂ। ਭਗਤ ਜੀ ਬਾਰੇ
ਪ੍ਰਚਲਤ ਕਹਾਣੀ ਜਿਸ ਅਨੁਸਾਰ ਆਪ ਜੀ ਨੇ ਰੱਬ ਨੂੰ ਪਰੇਮਾ ਭਗਤੀ ਰਾਂਹੀ ਨਹੀਂ ਬਲਕਿ ਪੱਥਰ ਵਿਚੋਂ
ਲੱਭਾ ਹੈ, ਦਾ ਜ਼ਿਕਰ ਕਰਨ ਤੋਂ ਸੰਕੋਚ ਕਰਦੇ ਹੋਏ ਕੇਵਲ ਭਗਤ ਜੀ ਨੇ ਇਸ ਬਾਰੇ ਜੋ ਆਪ ਆਖਿਆ ਹੈ, ਉਸ
ਦਾ ਹੀ ਜ਼ਿਕਰ ਕਰ ਰਹੇ ਹਾਂ। ਭਗਤ ਜੀ ਰਾਗ ਆਸਾ ਵਿਚਲੇ ਆਪਣੇ ਪਹਿਲੇ ਸ਼ਬਦ ਵਿੱਚ ਹੀ ਇਸ ਗੱਲ ਦਾ
ਖ਼ੁਲਾਸਾ ਕਰਦੇ ਹਨ ਕਿ ਉਹਨਾਂ ਨੂੰ ਕਿਸ ਤਰ੍ਹਾਂ ਨਾਲ ਵਾਹਿਗੁਰੂ ਦੀ ਪ੍ਰਾਪਤੀ ਹੋਈ। ਪੂਰਾ ਸ਼ਬਦ ਇਸ
ਤਰ੍ਹਾਂ ਹੈ:-
ਭ੍ਰਮਤ ਫਿਰਤ ਬਹੁ ਜਨਮ ਬਿਲਾਨੇ ਤਨੁ ਮਨੁ ਧਨੁ ਨਹੀ ਧੀਰੇ ॥ ਲਾਲਚ ਬਿਖੁ
ਕਾਮ ਲੁਬਧ ਰਾਤਾ ਮਨਿ ਬਿਸਰੇ ਪ੍ਰਭ ਹੀਰੇ ॥੧॥ ਰਹਾਉ ॥ ਬਿਖੁ ਫਲ ਮੀਠ ਲਗੇ ਮਨ ਬਉਰੇ ਚਾਰ ਬਿਚਾਰ ਨ
ਜਾਨਿਆ ॥ ਗੁਨ ਤੇ ਪ੍ਰੀਤਿ ਬਢੀ ਅਨ ਭਾਂਤੀ ਜਨਮ ਮਰਨ ਫਿਰਿ ਤਾਨਿਆ ॥੧॥ ਜੁਗਤਿ ਜਾਨਿ ਨਹੀ ਰਿਦੈ
ਨਿਵਾਸੀ ਜਲਤ ਜਾਲ ਜਮ ਫੰਧ ਪਰੇ ॥ ਬਿਖੁ ਫਲ ਸੰਚਿ ਭਰੇ ਮਨ ਐਸੇ ਪਰਮ ਪੁਰਖ ਪ੍ਰਭ ਮਨ ਬਿਸਰੇ ॥੨॥
ਗਿਆਨ ਪ੍ਰਵੇਸੁ ਗੁਰਹਿ ਧਨੁ ਦੀਆ ਧਿਆਨੁ ਮਾਨੁ ਮਨ ਏਕ ਮਏ ॥ ਪ੍ਰੇਮ ਭਗਤਿ ਮਾਨੀ ਸੁਖੁ ਜਾਨਿਆ
ਤ੍ਰਿਪਤਿ ਅਘਾਨੇ ਮੁਕਤਿ ਭਏ ॥੩॥ ਜੋਤਿ ਸਮਾਇ ਸਮਾਨੀ ਜਾ ਕੈ ਅਛਲੀ ਪ੍ਰਭੁ ਪਹਿਚਾਨਿਆ ॥ ਧੰਨੈ ਧਨੁ
ਪਾਇਆ ਧਰਣੀਧਰੁ ਮਿਲਿ ਜਨ ਸੰਤ ਸਮਾਨਿਆ ॥੪॥੧॥ {ਪੰਨਾ ੪੮੭}
ਭਗਤ ਜੀ ਇਸ ਸ਼ਬਦ ਵਿੱਚ ਸਪਸ਼ਟ ਕਰਦੇ ਹਨ ਕਿ ਉਹਨਾਂ ਨੂੰ ਗੁਰੂ ਨੇ ਨਾਮ ਧਨ ਦਿੱਤਾ ਹੈ, ਸੰਤ ਅਥਵਾ
ਗੁਰੂ ਦੀ ਸੰਗਤ ਵਿੱਚ ਵਿਚੋਂ ਪ੍ਰਮਾਤਮਾ ਮਿਲਿਆ ਹੈ। ਅਸੀਂ ਭਗਤ ਜੀ ਉੱਤੇ ਵਿਸ਼ਵਾਸ ਕਰਨ ਦੀ ਬਜਾਏ
ਆਪਣੇ ਸੁਆਰਥ ਲਈ ਲੋਕਾਂ ਨੂੰ ਕਰਮਕਾਂਡਾਂ ਵਿੱਚ ਉਲਝਾ ਕੇ, ਆਪਣਾ ਉੱਲੂ ਸਿੱਧਾ ਕਰਨ ਵਾਲੀ ਸ਼੍ਰੇਣੀ
ਰਾਹੀਂ ਪ੍ਰਚਾਰੀ ਹੋਈ ਕਹਾਣੀ ਨੂੰ ਸੱਚ ਮੰਨ ਲਿਆ ਕਿ ਭਗਤ ਧੰਨਾ ਜੀ ਨੇ ਰੱਬ ਨੂੰ ਪੱਥਰ `ਚੋਂ ਪਾਇਆ
ਸੀ।
ਗੁਰੂ ਅਰਜਨ ਸਾਹਿਬ ਦੇ ਸਮੇਂ ਵੀ ਅਜਿਹੀ ਸ਼੍ਰੇਣੀ ਵਲੋਂ ਭਗਤ ਜੀ ਬਾਰੇ ਇਹੋ ਜਿਹਾ ਪ੍ਰਚਾਰ ਕੀਤਾ ਜਾ
ਰਿਹਾ ਸੀ, ਇਸ ਲਈ ਗੁਰੂ ਅਰਜਨ ਮਹਾਰਾਨ ਨੇ ਭਗਤ ਜੀ ਦੇ ਇਸ ਸ਼ਬਦ ਪਿੱਛੋਂ ਆਪਣਾ ਇੱਕ ਸ਼ਬਦ ਦਰਜ ਕੀਤਾ
ਹੈ ਜਿਸ ਵਿੱਚ ਇਸ ਗੁਮਰਾਹ ਕੁੰਨ ਪ੍ਰਚਾਰ ਤੋਂ ਲੋਕਾਈ ਨੂੰ ਸੁਚੇਤ ਕਰਦਿਆਂ ਹੋਇਆਂ ਇਹ ਸਪਸ਼ਟ ਕੀਤਾ
ਹੈ ਕਿ ਭਗਤ ਧੰਨਾ ਜੀ ਦੇ ਮਨ ਵਿੱਚ ਪ੍ਰਭੂ ਭਗਤੀ ਦਾ ਚਾਉ ਕਿਵੇਂ ਪੈਦਾ ਹੋਇਆ। ਹਜ਼ੂਰ ਫ਼ਰਮਾਉਂਦੇ
ਹਨ:-
ਮਹਲਾ ੫ ॥ ਗੋਬਿੰਦ ਗੋਬਿੰਦ ਗੋਬਿੰਦ ਸੰਗਿ ਨਾਮਦੇਉ ਮਨੁ ਲੀਣਾ ॥ ਆਢ
ਦਾਮ ਕੋ ਛੀਪਰੋ ਹੋਇਓ ਲਾਖੀਣਾ ॥੧॥ ਰਹਾਉ ॥ ਬੁਨਨਾ ਤਨਨਾ ਤਿਆਗਿ ਕੈ ਪ੍ਰੀਤਿ ਚਰਨ ਕਬੀਰਾ ॥ ਨੀਚ
ਕੁਲਾ ਜੋਲਾਹਰਾ ਭਇਓ ਗੁਨੀਯ ਗਹੀਰਾ ॥੧॥ ਰਵਿਦਾਸੁ ਢੁਵੰਤਾ ਢੋਰ ਨੀਤਿ ਤਿਨਿ ਤਿਆਗੀ ਮਾਇਆ ॥ ਪਰਗਟੁ
ਹੋਆ ਸਾਧਸੰਗਿ ਹਰਿ ਦਰਸਨੁ ਪਾਇਆ ॥੨॥ ਸੈਨੁ ਨਾਈ ਬੁਤਕਾਰੀਆ ਓਹੁ ਘਰਿ ਘਰਿ ਸੁਨਿਆ ॥ ਹਿਰਦੇ ਵਸਿਆ
ਪਾਰਬ੍ਰਹਮੁ ਭਗਤਾ ਮਹਿ ਗਨਿਆ ॥੩॥ ਇਹ ਬਿਧਿ ਸੁਨਿ ਕੈ ਜਾਟਰੋ ਉਠਿ ਭਗਤੀ ਲਾਗਾ ॥ ਮਿਲੇ ਪ੍ਰਤਖਿ
ਗੁਸਾਈਆ ਧੰਨਾ ਵਡਭਾਗਾ ॥੪॥੨॥ {ਪੰਨਾ 487}
ਗੁਰੂ ਨਾਨਕ ਜੋਤ ਦੇ ਪੰਜਵੇਂ ਪ੍ਰਕਾਸ਼ ਗੁਰੂ ਅਰਜਨ ਮਹਾਰਾਜ ਸਪਸ਼ਟ ਕਰਦੇ ਹਨ ਕਿ ਧੰਨਾ ਜੀ ਨੇ ਨਾਮ
ਦੇਵ, ਕਬੀਰ, ਰਵਿਦਾਸ, ਸੈਣ ਦੀ ਸੋਭਾ ਸੁਣੀ ਕਿ ਕਿਵੇਂ ਇਨ੍ਹਾਂ ਭਗਤਾਂ ਨੇ ਪ੍ਰਭੂ ਭਗਤੀ ਰਾਹੀਂ
ਉੱਚਾ ਮਰਾਤਬਾ ਹਾਸਲ ਕੀਤਾ ਹੈ, ਤਾਂ ਆਪ ਦੇ ਮਨ ਵਿੱਚ ਵੀ ਪ੍ਰਮਾਤਮਾ ਦੀ ਪ੍ਰੇਮਾ ਭਗਤੀ ਦਾ ਚਾਉ
ਪੈਦਾ ਹੋਇਆ। ਆਪ ਵੀ ਪਰਮੇਸਰ ਦੀ ਬੰਦਗੀ ਵਿੱਚ ਜੁਟ ਗਏ ਅਤੇ “ਗੁਣ ਕਹਿ ਗੁਣੀ ਸਮਾਵਣਿਆਂ” ਦੇ
ਗੁਰਵਾਕ ਅਨੁਸਾਰ ਉਸ ਅਕਾਲ ਪੁਰਖ ਨਾਲ ਇੱਕ ਮਿਕ ਹੋ ਗਏ।
ਭਾਈ ਗੁਰਦਾਸ ਜੀ ਨੇ ਆਪਣੀ ਦਸਵੀਂ ਵਾਰ, (ਜਿਸ ਦੇ ਸਬੰਧ ਵਿੱਚ ਗਿਆਨੀ ਹਜ਼ਾਰਾ ਸਿੰਘ ਜੀ ਵਾਰ ਦੇ
ਸ਼ੁਰੂ ਵਿੱਚ ਹੀ ਫੁਟ ਨੋਟ ਵਿੱਚ ਲਿੱਖਦੇ ਹਨ:-
“ਇਸ ਵਾਰ ਵਿੱਚ ਲੋਕ ਪ੍ਰਸਿੱਧ ਕਥਾਵਾਂ ਦ੍ਰਿਸ਼ਟਾਂਤ ਦੇ ਢੰਗ ਪਰ ਕਹੀਆਂ ਹਨ, ਜਿਨ੍ਹਾਂ ਵਿਚੋਂ
ਪਰਮਾਰਥ ਦੇ ਬੜੇ ਬੜੇ ਉਪਦੇਸ਼ ਨਿਕਲਦੇ ਹਨ। ਭਾਈ ਸਾਹਿਬ ਜੀ ਇਤਿਹਾਸ ਨਹੀਂ ਲਿਖ ਰਹੇ ਦ੍ਰਿਸ਼ਟਾਂਤ
ਦੇਕੇ ਆਪਣੇ ਉਪਦੇਸ਼ ਨੂੰ ਪ੍ਰਕਾਸ਼ ਕਰਦੇ ਹਨ, ਦ੍ਰਿਸ਼ਟਾਂਤ ਦਾ ਸਦਾ ਇੱਕ ਅੰਗ ਲਈਦਾ ਹੈ, ਜੇ ਦੋ ਦੋ
ਅੰਗ ਲਏ ਗਏ ਤਦ ਭਾਈ ਸਾਹਿਬ ਜੀ ਦੀ ਬਾਣੀ ਪਰ ਪਰਸਪਰ ਵਿਰੋਧ ਦਾ ਦੂਸ਼ਨ ਲਗੇਗਾ।” ਗਿਆਨੀ ਹਜ਼ਾਰਾ
ਸਿੰਘ ਜੀ ਅੱਗੇ ਲਿੱਖਦੇ ਹਨ, ਸਾਡੀ ਵਿਦਯਾ ਦਾ ਆਮ ਅਸੂਲ ਹੈ ਕਿ ਦ੍ਰਿਸ਼ਟਾਂਤ ਦਾ ਸਦਾ ਇੱਕ ਅੰਗ
ਲੈਣਾ ਹੈ। ਦੂਜੇ ਪ੍ਰਸਿੱਧ ਕਥਾਵਾਂ ਨੂੰ ਉਪਦੇਸ਼ ਮਾਤ੍ਰ ਕਹਿਣਾ ਕਰਤਾ ਨੂੰ ਇਤਿਹਾਸਕ ਸਤਯਤਾ ਦਾ
ਜ਼ਿੰਮੇਵਾਰ ਬੀ ਨਹੀਂ ਠਹਿਰਾਉਂਦਾ। ਉਹ ਪੱਖ ਜੁਦਾ ਹੈ, ਇਹ ਪੱਖ ਜੁਦਾ ਹੈ, ਪਾਠਕ ਜਨ ਰਲਾ ਮਿਲਾ ਕੇ
ਰੌਲੇ ਵਿੱਚ ਨਾ ਪੈ ਜਾਣ।” ) ਵਿੱਚ ਭਗਤ ਜੀ ਬਾਰੇ ਪ੍ਰਚਲਤ ਕਥਾ ਦਾ ਹੀ ਜ਼ਿਕਰ ਕਰਦਿਆਂ, ਭੋਲਾ ਭਾਉ
ਗੋਬਿੰਦੁ ਮਿਲਾਵੈ ਵਾਲਾ ਗੁਰਮਤਿ ਦਾ ਸਿਧਾਂਤ ਦਰਸਾਇਆ ਹੈ।
ਸੋ, ਸੰਖੇਪ ਵਿੱਚ ਇਹੀ ਆਖਿਆ ਜਾ ਸਕਦਾ ਹੈ ਕਿ ਭਗਤ ਧੰਨਾ ਜੀ ਨੇ ਪੱਥਰ ਚੋਂ ਰੱਬ ਨਹੀਂ ਪਾਇਆ ਬਲਕਿ
ਵਾਹਿਗੁਰੂ ਦੀ ਪ੍ਰੇਮਾ ਭਗਤੀ ਰਾਹੀਂ ਪਾਇਆ ਸੀ। ਪੱਥਰ ਵਿਚੋਂ ਪ੍ਰਮਾਤਮਾ ਨੂੰ ਪਾਉਣ ਵਾਲੀ ਗੱਲ
ਉਹਨਾਂ ਲੋਕਾਂ ਨੇ ਪਰਚਾਰੀ ਹੈ ਜਿਹੜੇ ਆਮ ਲੋਕਾਂ ਨੂੰ ਕਰਮਕਾਂਡਾ ਵਿੱਚ ਹੀ ਉਲਝਾ ਕੇ ਆਪਣੇ ਸਵਾਰਥ
ਦੀ ਸਿੱਧੀ ਵਿੱਚ ਵਿਸ਼ਵਾਸ ਰੱਖਦੇ ਹਨ।
ਨੋਟ: ਇਤਿਹਾਸ ਵਿੱਚ ਸੁਆਮੀ ਰਾਮਾਨੰਦ ਜੀ ਦੇ ਚੇਲਿਆਂ ਵਿੱਚ ਭਗਤ ਧੰਨਾ ਜੀ ਦਾ ਵੀ ਨਾਮ ਆਉਂਦਾ ਹੈ।
ਇਹ ਤੱਥ ਵੀ ਧੰਨਾ ਜੀ ਬਾਰੇ ਪ੍ਰਚਲਤ ਕਹਾਣੀ ਨੂੰ ਝੁਠਲਾਉਂਦਾ ਹੈ। ਹੋਰ ਵਧੇਰੀ ਜਾਣਕਾਰੀ ਲਈ ਮਹਾਨ
ਕੋਸ਼ (ਭਾਈ ਕਾਨ੍ਹ ਸਿੰਘ ਨਾਭਾ) ਅਤੇ ਹਿੰਦੀ ਵਿਸ਼ਵ ਕੋਸ਼ ਆਦਿ ਦੇਖੇ ਜਾ ਸਕਦੇ ਹਨ। ਗਿਆਨੀ ਗੁਰਦਿੱਤ
ਸਿੰਘ ਜੀ ਦੀ ਪੁਸਤਕ ਗੁਰੂ ਗਰੰਥ ਸਾਹਿਬ ਦਾ ਇਤਿਹਾਸ ਵੀ ਵੇਖਣ ਯੋਗ ਹੈ। ਪਰੰਤੂ ਗੁਰੂ ਕੇ ਸਿੱਖ ਲਈ
ਗੁਰੂ ਗਰੰਥ ਸਾਹਿਬ ਦੀ ਗਵਾਹੀ ਦੇ ਹੁੰਦਿਆਂ ਕਿਸੇ ਹੋਰ ਗਵਾਹੀ ਦੀ ਲੋੜ ਪ੍ਰਤੀਤ ਨਹੀਂ ਹੋਣੀ
ਚਾਹੀਦੀ। ਗੁਰੂ ਗਰੰਥ ਸਾਹਿਬ `ਤੇ ਹੀ ਵਿਸ਼ਵਾਸ ਕਰਨ ਦੀ ਲੋੜ ਹੈ।
ਉੱਤਰ ਲੰਬੇਰਾ ਹੋਣ ਦੇ ਡਰ ਕਾਰਨ ਗੁਰਮਤਿ ਦਾ ਇਹ ਪੱਖ ਨਹੀਂ ਵਿਚਾਰਿਆ ਗਿਆ ਕਿ ਗੁਰੂ ਗਰੰਥ ਸਾਹਿਬ
ਅਨੁਸਾਰ ਪ੍ਰਮਾਤਮਾ ਦਾ ਸਰੂਪ ਕੀ ਹੈ ਅਤੇ ਰੱਬ ਨੂੰ ਪਾਉਣਾ ਅਰਥਾਤ ਮਿਲਣਾ ਕੀ ਹੈ?
ਜਸਬੀਰ ਸਿੰਘ ਵੈਨਕੂਵਰ