ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਾਵਨ ਬਚਨ ਹਨ:
ਜਾਤਿ ਜਨਮ ਨਹ ਪੂਛੀਐ ਸਚ ਘਰੁ ਲੇਹ ਬਤਾਇ॥ ਸਾ ਜਾਤਿ ਸਾ ਪਤ ਹੈ ਜੇਹੇ ਕਰਮ
ਕਮਾਇ॥
(ਪ੍ਰਭਾਤੀ ਮਹਲਾ 1, ਪੰਨਾ 1330)
ਗੁਰਮਤਿ ਵਿਚਾਰਧਾਰਾ ਅਨੁਸਾਰ ਸਾਰੇ ਮਨੁੱਖ ਉਸ ਪ੍ਰਮਾਤਮਾ ਦੀ ਅੰਸ਼ ਹੋਣ
ਕਰਕੇ ਇੱਕ ਹਨ। ਗੁਰਮਤਿ ਦੇ ਅਧਾਰ ਤੇ ਕੋਈ ਮਨੁੱਖ ਉਚਾ ਨਹੀਂ ਜਾਂ ਨੀਵਾਂ ਨਹੀਂ। ਪ੍ਰਭੂ ਭਗਤੀ ਅਤੇ
ਨੇਕ ਕੰਮ ਕਰਨ ਵਾਲੇ ਮਨੁੱਖ ਉਤੱਮ ਹਨ ਅਤੇ ਗੁਰੂ ਤੋਂ ਬੇ-ਮੁੱਖ ਭਾਵ ਮਾੜੇ ਕੰਮ ਕਰਨ ਵਾਲੇ ਨੀਵੇਂ
ਹੁੰਦੇ ਹਨ:
ਖਸਮੁ ਵਿਸਾਰਹਿ ਤੇ ਕਮਜਾਤਿ॥ ਨਾਨਕ ਨਾਵੈ ਬਾਝੁ ਸਨਾਤਿ॥
(ਆਸਾ ਮ. 1, ਪੰਨਾ 10)
ਸਾਡੇ ਦੇਸ਼ ਵਿੱਚ ਕਈ ਧਰਮਾਂ ਅਨੁਸਾਰ ਮਨੁੱਖ ਨੂੰ ਉਚਾ ਨੀਵਾਂ ਮੰਨਿਆ ਗਿਆ
ਹੈ। ਜੇਕਰ ਜਾਤ-ਪਾਤ ਦੇ ਸੰਬੰਧ ਵਿੱਚ ਬ੍ਰਾਹਮਣੀ ਮੱਤ ਅਨੁਸਾਰ ਵੱਖ-ਵੱਖ ਪੱਖਾਂ ਤੋਂ ਵਿਚਾਰ ਕੀਤੀ
ਜਾਵੇ ਤਾਂ ਇੱਕ ਬਹੁਤ ਵੱਡੀ ਅਤੇ ਭਿਆਨਕ ਪੁਸਤਕ ਤਿਆਰ ਹੋ ਸਕਦੀ ਹੈ। ਅਜੋਕੇ ਯੁੱਗ ਦੇ ਮਹਾਨ
ਵਿਦਵਾਨ, ਸਿਆਸਤਦਾਨ ਅਤੇ ਭਾਰਤੀ ਸੰਵਿਧਾਨ ਦੇ ਰਚੇਤਾ ਡਾ. ਅੰਬੇਦਕਰ ਜੀ ਦਾ ਕਥਨ ਹੈ ਕਿ "ਜਾਤ ਪਾਤ
ਨਾਲ ਭਰਪੂਰ ਵਿਤਕਰਾ ਹਿੰਦੂ ਧਾਰਮਿਕ ਸ਼ਾਸ਼ਤਰਾਂ ਵੱਲੋਂ ਹੀ ਪ੍ਰਚਲਤ ਹੋਇਆ ਹੈ।" ਇਹਨਾਂ ਗ੍ਰੰਥਾਂ
ਨੂੰ ਲਿਖਣ ਵਾਲਿਆਂ ਨੇ ਮਨੁੱਖਤਾ ਦੇ ਇੱਕ ਵੱਡੇ ਹਿੱਸੇ ਨਾਲ ਕਿਸ ਤਰ੍ਹਾਂ ਧੱਕਾ ਕੀਤਾ ਹੈ। ਮਿਸਾਲ
ਦੇ ਤੌਰ ਤੇ ਮੰਨੂ ਅਧਿਆਇ 8ਵਾਂ ਦੇ ਸਲੋਕ ਨੰਬਰ 270 ਵਿੱਚ ਮੰਨੂ ਜੀ ਆਪ ਲਿਖਦੇ ਹਨ ਕਿ: "ਪੈਰਾਂ
ਤੋਂ ਜੰਮਿਆ ਸ਼ੁਦਰ ਜੇਕਰ ਬ੍ਰਾਹਮਣ, ਖੱਤਰੀ ਜਾਂ ਵੈਸ਼ ਨੂੰ ਕੌੜਾ ਬਚਨ ਬੋਲੇ ਤਾਂ ਰਾਜਾ ਉਸਦੀ ਜੀਭ
ਕਟਵਾ ਦੇਵੇ।" 272ਵੇਂ ਸਲੋਕ ਵਿੱਚ ਲਿਖਦੇ ਹਨ ਕਿ ਜੇ ਕੋਈ ਸ਼ੂਦਰ ਕਿਸੇ ਨੂੰ ਧਰਮ ਦਾ ਉਪਦੇਸ਼ ਕਰੇ
ਤਾਂ ਰਾਜਾ ਉਸਦੇ ਮੂੰਹ ਅਤੇ ਕੰਨ ਵਿੱਚ ਉਬਲਦਾ ਤੇਲ ਪਾ ਦੇਵੇ। ਜੇ ਕੋਈ ਸ਼ੂਦਰ ਮੰਤਰ ਪੜ੍ਹੇ ਜਾਂ
ਪ੍ਰਭੂ ਦੀ ਭਗਤੀ ਕਰੇ ਤਾਂ ਉਸਦੀ ਜੀਭ ਕੱਟ ਦੇਣੀ ਚਾਹੀਦੀ ਹੈ। ਸ਼ਾਇਦ ਇਸੇ ਤਾਲੀਮ ਦਾ ਅਸਰ ਸੀ ਕਿ
ਸ੍ਰੀ ਰਾਮ ਚੰਦਰ ਜੀ ਨੇ ਸ਼ੰਬੂਕ ਦਾ ਸਿਰ ਇਸੇ ਲਈ ਕੱਟ ਦਿੱਤਾ ਸੀ ਕਿ ਉਹ ਸ਼ੂਦਰ ਸੀ। ਇਸ ਘਟਨਾ ਦਾ
ਜ਼ਿਕਰ ਬਾਲਮੀਕ ਰਮਾਇਣ ਦੇ ਉਤਰ ਕਾਂਢ 76 ਵਿੱਚ ਦਰਜ ਹੈ।
ਇਹੋ ਜਿਹੀਆਂ ਹੋਰ ਅਨੇਕਾਂ ਮਿਸਾਲਾਂ ਮਿਲ ਜਾਂਦੀਆਂ ਹਨ, ਪਰ ਸ੍ਰੀ ਗੁਰੂ
ਨਾਨਕ ਦੇਵ ਜੀ ਨੇ ਇੱਕ ਐਸੇ ਮੱਤ ਦੀ ਨੀਂਹ ਰੱਖੀ ਜੋ ਮੁਕੰਮਲ ਅਤੇ ਸੰਪੂਰਨ ਇਨਸਾਨੀਅਤ ਦਾ ਧਰਮ ਹੈ।
ਗੁਰੂ ਪਾਤਸ਼ਾਹ ਜੀ ਨੇ ਇਸ ਧਰਮ ਵਿੱਚ ਖ਼ੁਦੀ, ਬਖੀਲੀ, ਘ੍ਰਿਣਾ, ਈਰਖਾ, ਜਾਤ-ਪਾਤ ਆਦਿ ਵਿਤਕਰਿਆ ਨੂੰ
ਕੋਈ ਥਾਂ ਨਹੀਂ ਦਿੱਤੀ। ਸਗੋਂ ਜਾਤ ਦੇ ਅਭਿਮਾਨੀਆਂ ਨ੍ਹੂੰ ਡੰਕੇ ਦੀ ਚੋਟ ਨਾਲ ਲਲਕਾਰਿਆ:
ਜੌ ਤੂੰ ਬ੍ਰਾਹਮਣੁ ਬ੍ਰਾਮਨੀ ਜਾਇਆ॥ ਤਉ ਆਨ ਬਾਟ ਕਾਹੇ ਨਹੀਂ ਆਇਆ॥
ਤੁਮ ਕਤ ਬ੍ਰਾਹਮਣ ਹਮ ਕਤ ਸੂਦ॥ ਹਮ ਕਤ ਲਹੂ ਤੁਮ ਕਤ ਦੂਧ॥
(ਗਉੜੀ ਕਬੀਰ ਜੀ, ਪੰਨਾ 324)
ਆਪ ਜੀ ਨੇ ਜਾਤ ਪਾਤ ਦੀ ਇਸ ਗੰਦੀ ਵਿਚਾਰਧਾਰਾ ਨੂੰ ਖਤਮ ਕਰਨ ਲਈ ਭਰਪੂਰ
ਉਪਰਾਲੇ ਕੀਤੇ। ਆਪ ਜੀ ਨੇ ਜਾਤ ਅਭਿਮਾਨੀ ਲੋਕਾਂ ਨੂੰ ਨਜ਼ਰ-ਅੰਦਾਜ ਕਰਕੇ ਐਲਾਨ ਕਰ ਦਿੱਤਾ ਕਿ ਮੇਰੀ
ਦੋਸਤੀ ਹੀ ਨੀਚ ਕਹੇ ਜਾਣ ਵਾਲੇ ਲੋਕਾਂ ਨਾਲ ਹੈ।
ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ॥
ਨਾਨਕ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ॥
ਜਿਥੈ ਨੀਚ ਸਮਾਲੀਅਨ ਤਿਥੈ ਨਦਰਿ ਤੇਰੀ ਬਖਸੀਸ॥
(ਸਿਰੀ ਰਾਗ ਮ. 1, ਪੰਨਾ 671)
ੲ੍ਹਿਨਾਂ ਗੱਲਾਂ ਦੇ ਪ੍ਰਚਾਰ ਲਈ ਆਪ ਜੀ ਨੇ ਹਜ਼ਾਰਾਂ ਮੀਲ ਪੈਦਲ ਸਫ਼ਰ ਤਹਿ
ਕੀਤਾ। ਲੋਕਾਂ ਨੂੰ ਸੱਚ ਧਰਮ ਦਾ ਉਪਦੇਸ਼ ਦਿੱਤਾ ਅਤੇ ਅਹਿਸਾਸ ਕਰਵਾਇਆ ਕਿ
‘ਏਕ ਪਿਤਾ ਏਕਸ ਕੇ ਹਮ ਬਾਰਿਕ ਤੂ ਮੇਰਾ ਗੁਰ ਹਾਈ।।"
(ਸੋਰਠਿ ਮ. 5, ਪੰਨਾ-611)
ਆਪ ਜੀ ਨੇ ਸਾਰਿਆਂ ਪਰਚਾਰਕ ਦੌਰਿਆ ਦੌਰਾਨ ਕਹੀ ਜਾਂਦੀ ਅਖੌਤੀ ਮਿਰਾਸੀ ਜਾਤ
ਦੇ ਭਾਈ ਮਰਦਾਨਾ ਜੀ ਨੂੰ ਆਪਣੇ ਨਾਲ ਰੱਖਿਆ ਅਤੇ ਜਦੋਂ ਕੋਈ ਜਾਤ ਅਭਿਮਾਨੀ ਪੁਛ ਕਰਦਾ ਕਿ ਇਹ ਕੌਣ
ਹਨ? ਤਾਂ ਆਪ ਜੀ ਕਹਿ ਦੇਂਦੇ ਕਿ ਇਹ ਮੇਰਾ ਗੁਰ ਭਾਈ ਹੈ। ਜੇ ਕਿਸੇ ਨੇ ਗੁਰੂ ਨਾਨਕ ਸਾਹਿਬ ਜੀ ਤੋਂ
ਉਹਨਾਂ ਦੀ ਜਾਤ ਬਾਰੇ ਪੁੱਛਿਆ ਤਾਂ ਆਪ ਜੀ ਨੇ ਫੁਰਮਾਇਆ ਕਿ ਉਹਨਾਂ ਦੀ ਕੋਈ ਜਾਤ ਨਹੀਂ ਸਿਰਫ਼
ਪ੍ਰਭੂ ਸ੍ਵਾਂਗੀ ਹਾਂ। ਕਿਸੇ ਵੀ ਹੋਰ ਸ਼ਰੇਣੀ ਵਿੱਚ ਹੋਣ ਦਾ ਕੋਈ ਮਾਨ ਨਹੀਂ।
"ਤੂੰ ਸਾਹਿਬ, ਹਉਂ ਸਾਂਗੀ ਤੇਰਾ, ਪ੍ਰਣਵੈ ਨਾਨਕ ਜਾਤਿ ਕੈਸੀ॥"
(ਆਸਾ ਮ. 1, ਪੰਨਾ-358)
ਦੂਜੇ ਅਤੇ ਤੀਜੇ ਪਾਤਸ਼ਾਹ
ਜੀ ਨੇ ਵੀ ਜਾਤ ਪਾਤ ਦੇ ਕੋਹੜ ਨੂੰ ਖਤਮ ਕਰਨ ਲਈ ਸੰਗਤ ਪੰਗਤ ਦੀ ਮਰਿਆਦਾ ਨੂੰ ਹੋਰ ਮਜ਼ਬੂਤ ਕਰਕੇ
ਪ੍ਰਚਾਰਿਆ। ਜਿਸ ਵਿੱਚ ਬ੍ਹਿਨਾਂ ਕਿਸੇ ਜਾਤ-ਪਾਤ, ਛੁਤ-ਛਾਤ, ਰੰਗ ਨਸਲ ਆਦਿ ਦੇ ਵਿਤਕਰਿਆਂ ਤੋਂ ਸਭ
ਮਨੁੱਖ ਇਕੋ ਸੰਗਤ ਅਤੇ ਇੱਕੋ ਪੰਗਤ ਵਿੱਚ ਸਾਂਝੇ ਰੂਪ ਵਿੱਚ ਬੈਠ ਕੇ ਪ੍ਰਸ਼ਾਦਾ ਛਕਣ ਲੱਗ ਪਏ। ਤੀਜੇ
ਪਾਤਸ਼ਾਹ ਜੀ ਨੇ ਇਹ ਹੁਕਮ ਕਰ ਦਿੱਤਾ "ਪਹਿਲੇ ਪੰਗਤ ਪਾਛੈ ਸੰਗਤ"। ਗੁਰੂ ਅਮਰਦਾਸ ਜੀ ਨੇ ਗਇੰਦਵਾਲ
ਸਾਹਿਬ ਵਿਖੇ ਬਉਲੀ ਦਾ ਨਿਰਮਾਣ ਕੀਤਾ। ਸ੍ਰੀ ਗੁਰੂ ਰਾਮਦਾਸ ਜੀ ਨੇ ਅੰਮ੍ਰਿਤਸਰ ਵਿਖੇ ਜਾਤ ਪਾਤ ਦੇ
ਗ੍ਹੜ ਨੂੰ ਤੋੜਨ ਲਈ ਵੱਡੇ-ਵੱਡੇ ਸਰੋਵਰਾਂ ਦਾ ਨਿਰਮਾਣ ਕੀਤਾ। ਜਾਤ-ਪਾਤ ਨੂੰ ਖਤਮ ਕਰਨ ਲਈ ਪੰਜਵੇਂ
ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਤਾਂ ਹਰਿਮੰਦਰ ਸਾਹਿਬ ਜੀ ਦੀ ਨੀਂਹ ਇੱਕ ਮੁਸਲਮਾਨ ਸਾਈਂ
ਮੀਆਂ ਮੀਰ ਜੀ ਕੋਲੋਂ ਰਖਵਾ ਕੇ ਇਸ ਗੱਲ ਨੂੰ ਅਮਲੀ ਜਾਮਾ ਪਹਿਣਾ ਦਿੱਤਾ:
ਸਭੁ ਕੋ ਮੀਤੁ ਹਮ ਆਪਨ ਕੀਨਾ ਹਮੁ ਸਭਨਾ ਕੇ ਸਾਜਨ॥
(ਧਨਾਸਰੀ ਮ. 5, ਪੰਨਾ 671)
ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਤਾਂ ਸਭ ਤੋਂ ਵੱਡਾ ਅਤੇ
ਇਨਕਲਾਬੀ ਕਦਮ ਉਸ ਸਮੇਂ ਚੁਕਿਆ, ਜਦੋਂ ਸਰਬ ਮਾਨਵਤਾ ਦੇ ਰਹਿਬਰ ‘ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’
ਦੀ ਸੰਪਾਦਨਾ ਕਰ ਕੇ ਬਿਨਾਂ ਕਿਸੇ ਜਾਤ ਪਾਤ, ਰੰਗ-ਨਸਲ, ਭੇਦ-ਭਾਵ, ਦੇਸ਼-ਪ੍ਰਦੇਸ਼ ਆਦਿ ਦੇ
ਵਿਤਕਰਿਆਂ ਤੋਂ 35 ਮਹਾਂਪੁਰਸ਼ਾਂ ਜੀ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਕਰਕੇ
"ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ।
ਏਕ ਨੂਰੁ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ॥"
(ਪ੍ਰਭਾਤੀ ਭਗਤ ਕਬੀਰ ਜੀ, ਪੰਨਾ 134) ੁ
ਦੇ ਮਹਾਂਵਾਕ ਅਨੁਸਾਰ ਸਰਬ ਮਾਨਵਤਾ ਨੂੰ ਇੱਕ ਅਕਾਲ ਪੁਰਖ ਦੀ ਔਲਾਦ ਹੋਣ ਦਾ ਅਹਿਸਾਸ ਕਰਵਾਇਆ
ਦਸਮੇਸ਼ ਪਾਤਸ਼ਾਹ ਨੇ ਸੁਨਿਆਰੇ ਦੀ ਸੋ ਠੱਕ-ਠੱਕ ਨਾਲੋਂ ਲੁਹਾਰ ਦੀ ਇੱਕੋ ਠਾਹ
ਨਾਲ ਜਾਤ-ਪਾਤ ਦੇ ਇਸ ਮਜਬੂਤ ਕ੍ਹਿਲੇ ਨੂੰ ਢਾਹ ਢੇਰੀ ਕਰ ਦਿੱਤਾ। ਜਦੋਂ ਸਾਰੀਆਂ ਜਾਤਾਂ ਦੇ ਲੋਕਾਂ
ਨੂੰ ਇੱਕੋ ਬਾਟੇ ਵਿੱਚੋਂ ਅੰਮ੍ਰਿਤ ਛਕਾ ਕੇ, ਇੱਕੋ ਪਿਤਾ ਗੁਰੂ ਗੋਬਿੰਦ ਸਿੰਘ, ਇੱਕ ਮਾਤਾ ਸਾਹਿਬ
ਕੌਰ, ਇਕੋ ਜਨਮ ਅਸਥਾਨ ਸ਼੍ਰੀ ਕੇਸਗ੍ਹੜ ਸਾਹਿਬ ਅਤੇ ਵਾਸੀ ਸ੍ਰੀ ਅਨੰਦਪੁਰ ਸਾਹਿਬ ਬਣਾ ਕੇ ਆਪ
ਖ਼ਾਲਸੇ ਵਿੱਚ ਸਮੋ ਗਏ। ਗੁਰੂ ਜੀ ਨੇ ਮਨੁੱਖਤਾ ਵਿੱਚ ਪਈਆਂ ਵੰਡੀਆਂ ਦਾ ਹਮੇਸ਼ਾਂ-ਹਮੇਸ਼ਾਂ ਲਈ ਭੋਗ
ਪਾ ਕੇ ਅੇਲਾਨ ਕਰ ਦਿੱਤਾ ਕਿ,
ਹਿੰਦੂ ਤੁਰਕ ਕੋਊ ਰਾਫਜ਼ੀ ਇਮਾਮ ਸਾਫ਼ੀ,
ਮਾਨਸ ਕੀ ਜਾਤ ਸਭੈ, ਏਕੈ ਪਹਿਚਾਨਬੋ॥ (ਅਕਾਲ ਉਸਤਤਿ)
ਪਰ ਅੱਜ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਅੱਜ ਅਸੀਂ ਲੋਕਾਈ ਨੂੰ
ਗੁਰਮਤਿ ਦੀ ਰੋਸਨਿ ਵਿੱਚ "ਸਭੇ ਸਾਂਝੀਵਾਲ ਸਦਾਇਨਿ" ਦੇ ਉਪਦੇਸ਼ ਨਾਲ ਤਾਂ ਕੀ ਜਾਗ੍ਰਿਤ ਕਰਨਾ ਸੀ,
ਖੁਦ ਹੀ ਦੁਰਮਤ ਦੇ ਹਨ੍ਹੇਰੇ ਵਿੱਚ ਫਸ ਕੇ ਕੌਮ ਨੂ ਖੇਰੂੰ-ਖੇਰੂੰ ਕਰਕੇ ਰੱਖ ਦਿੱਤਾ ਹੈ। ਅੱਜ
ਸਤਿਗੁਰੂ ਜੀ ਦੀਆਂ ਸਿੱਖਿਆਵਾਂ ਨੂੰ ਭੁਲਾ ਕੇ ਅਸੀਂ ਆਪਣੇ ਨਾਵਾਂ ਪਿੱਛੇ ‘ਸਿੰਘ’ ਜਾਂ ‘ਕੌਰ’
ਲਗਾਉਣ ਦੀ ਥਾਂ ਸੇਠੀ, ਬੇਦੀ, ਭੱਲੇ, ਸਿੱਧੂ, ਸੈਣੀ, ਢਿਲੌਂ ਆਦਿ ਲਿਖਵਾ ਕੇ ਆਪਣੇ ਆਪ ਨੂੰ ਉਚਾ
ਦੱਸਣ ਦਾ ਯਤਨ ਕਰ ਰਹੇਂ ਹਾਂ। ਜਦਕਿ ਸਗਿੁਰੂ ਜੀ ਦੇ ਬਚਨ ਹਨ:
ਜਾਤਿ ਕਾ ਗਰਬੁ ਨ ਕਰਿ ਮੁਰਕ ਗਵਾਰਾ॥
ਇਸੁ ਗਰਬ ਤੇ ਚਲਹਿ ਬਹੁਤੁ ਵਿਕਾਰਾ॥
(ਭੈਰਉ ਮ. 3, ਪੰਨਾ 1127)
ਨੌਜਵਾਨ ਵੀ ਆਪਣੇ ਨਾਵਾਂ ਪਿੱਛੇ ਸਿੰਘ ਜਾਂ ਕੌਰ ਲਿਖਵਾਉਣ ਦੀ ਥਾਂ ਆਪਣੀ
ਜਾਤ, ਗੋਤ ਨੂੰ ਪਹਿਲ ਦੇ ਰਹੇ ਹਨ। ਜੋ ਕਿ ਨਿਰਾਸ਼ਾਜਨਕ ਕਾਰਾਵਾਈ ਹੈ। ਅੱਜ ਸਿੱਖੀ ਦੇ ਕੇਂਦਰ ਗੁਰੂ
ਦੇ ਦੁਆਰੇ ਨਾ ਹੋ ਕੇ ਜੱਟਾਂ ਦੇ, ਭਾਪਿਆਂ ਦੇ, ਰਵੀਦਾਸੀਆਂ ਦੇ ਜਾਂ ਰਾਮਗੜ੍ਹੀਆਂ ਦੇ ਗੁਰਦੁਆਰੇ
ਬਣ ਗਏ ਹਨ। ਘਰ ਵਿੱਚ ਬੱਚੇ-ਬੱਚੀਆਂ ਦੇ ਰਿਸ਼ਤਿਆਂ ਵੇਲੇ ਸਭ ਤੋਂ ਪਹਿਲਾਂ ਜਾਤ
ਪੁੱਛੀ ਜਾਂਦੀ ਹੈ ਬਾਕੀ ਸਭ ਬਾਅਦ ਵਿੱਚ ਪਰ ਯਾਦ ਰਖਿਓ ਸਤਿਗੁਰੂ ਜੀ ਦੇ ਪਾਵਨ ਬਚਨ ਹਨ:
ਜਾਣਹੁ ਜੋਤਿ ਨ ਪੂਛਹੁ ਜਾਤੀ ਆਗੇ ਜਾਤਿ ਨ ਹੇ॥
(ਆਸਾ ਮ 1, ਪੰਨਾ 349)
ਅਗੈ ਜਾਤਿ ਨ ਜੋਰੁ ਹੈ, ਅਗੈ ਜੀਉ ਨਵੇ॥
(ਵਾਰ-ਆਸਾ ਮ 1, ਪੰਨਾ469)
ਜਿੰਨਾ ਮਹਾਨ ਸਿਧਾਂਤਾਂ ਦੀ ਖਾਤਿਰ ਦਸਮੇਸ਼ ਪਿਤਾ ਜੀ ਨੇ ਆਪਣਾ ਸਰਬੰਸ ਵਾਰ
ਕੇ ਸਾਨੂੰ ਸਰਦਾਰੀ ਬਖ਼ਸ਼ਸ਼ ਕੀਤੀ ਸੀ, ਅਤੇ ਕਿਹਾ ਸੀ:
ਜਿਨਕੀ ਜਾਤ ਔਰ ਕੁਲ ਮਾਹੀ, ਸਰਦਾਰੀ ਨ ਭਈ ਕਦਾਹੀਂ,
ਇਨਕੀ ਕੋ ਸਰਦਾਰ ਬਣਾਊਂ, ਇਨਹੀਂ ਸੇ ਰਾਜੇ ਉਪਜਾਉਂੂ,
ਰਾਜ ਕਰਨ ਕੀ ਰੀਤ ਸਿਖਾਊਂ, ਤਬੈ ਗੋਬਿੰਦ ਸਿੰਘ ਨਾਮ ਕਹਾਊਂ।
ਜਦੋਂ ਪਹਾੜੀ ਅਤੇ ਜਾਤ ਅਭਿਮਾਨੀ ਲੋਕਾਂ ਨੇ ਗੁਰੂ ਸਾਹਿਬ ਅੱਗੇ ਸ਼ਰਤ ਰੱਖੀ
ਸੀ ਕਿ ਸਤਿਗੁਰੂ ਜੀ, ਜੇ ਤੁਸੀਂ ੲ੍ਹਿਨਾਂ ਸਾਰੇ ਗਰੀਬ ਤੇ ਸ਼ੂਦਰ ਲੋਕਾਂ ਨੂੰ ਪੰਥ ਵਿੱਚੋਂ ਕੱਢ
ਦੇਵੋ ਤਾਂ ਅਸੀ ਵੱਡੇ-ਵੱਡੇ ਸਾਰੇ ਲੋਕ ਤੁਹਾਡੇ ਸਿੱਖ ਬਣ ਜਾਵਾਂਗੇ। ਪਰ ਮਨੁੱਖਤਾ ਦੇ ਰਹਿਬਰ
ਦਸਮੇਸ਼ ਪਿਤਾ ਜੀ ਨੇ ਕਹਿ ਦਿੱਤਾ ਸੀ ਕਿ ਜਾਤ ਅਭਿਮਾਨੀ ਲੋਕੋ! ਮੈਂ ਤੁਹਾਡੀ ਇਹ ਸ਼ਰਤ ਹਰਗਿਜ਼ ਮੰਨਣ
ਲਈ ਤਿਆਰ ਨਹੀਂ। ਸਤਿਗੁਰੂ ਜੀ ਨੇ ੳ੍ਹੁਨਾਂ ਲੋਕਾਂ ਦੀ ਕੋਈ ਪ੍ਰਵਾਹ ਨਹੀਂ ਕੀਤੀ ਅਤੇ ਅੰਮ੍ਰਿਤ ਦੇ
ਬਾਟੇ ਵਿੱਚ ਵੰਡੀਆਂ ਨਹੀਂ ਪੈਣ ਦਿੱਤੀਆਂ।
ਪਰ ਅਫ਼ਸੋਸ, ਅਤਿ ਅਫ਼ਸੋਸ ਅੱਜ ੳ੍ਹੁਨਾਂ ਸਿੱਖਾਂ ਦੇ ਜਿਹੜੇ ਜਿਹੜੇ ਅੱਜ
ਸਿੱਖੀ ਦੇ ਠੇਕੇਦਾਰ ਬਣੇ ਹੋਏ ਹਨ ਅੰਮ੍ਰਿਤ ਦੀ ਮਹਾਨ ਮਰਿਯਾਦਾ ਅਤੇ ਅੰਮ੍ਰਿਤ ਦੇ ਬਾਟੇ ਨੂੰ ਵੀ
ਵੰਡ ਕੇ ਜੱਟਾਂ ਲਈ ਹੋਰ, ਸ਼ੁਦਰਾਂ ਲਈ ਹੋਰ ਅਤੇ ਬੀਬੀਆਂ ਲਈ ਹੋਰ ਅੰਮ੍ਰਿਤ ਤਿਆਰ ਕਰ ਕੇ ਛਕਾ ਰਹੇ
ਹਨ। ਅੱਜ ਸਾਡੇ ਧਾਰਮਿਕ ਅਤੇ ਰਾਜਨੀਤਿਕ ਲੀਡਰਾਂ ਦੀ ਚੋਣ ਹੀ ਬਰਾਦਰੀਆਂ ਜਾਂ ਜਾਤਾਂ ਪਾਤਾਂ ਦੇ
ਆਧਾਰ ਤੇ ਹੁੰਦੀ ਹੈ। ਸਿਰਫ ਵੋਟਾਂ ਦੀ ਖਾਤਿਰ ਕੌਮ ਵਿੱਚ ਜਾਤ-ਪਾਤ ਦ ਤੇ ਅਧਾਰਿਤ ਵੰਡੀਆਂ ਪਾਈਆਂ
ਜਾ ਰਹੀਆਂ ਹਨ। ਇੱਕ ਪਾਸੇ ਅਸੀ ਸਿੱਖ ਹਰਮੰਦਿਰ ਸਾਹਿਬ ਜੀ ਦੇ ਚਾਰ ਦਰਵਾਜਿਆਂ ਦੀਆਂ ਡੀਗਾਂ ਮਾਰਦੇ
ਨਹੀਂ ਨਹੀਂ ਹਟਦੇ, ਦੂਜੇ ਪਾਸੇ ਆਪ ਅਸੀ ਅੱਜ ਵੀ ਵੰਡੀਆਂ ਪਾਈ ਬੈਠੇ ਜਾਤਾਂ ਪਾਤਾਂ ਵਿੱਚ ਫਸੇ ਹੋਏ
ਹਾਂ ਪਤਾ ਨਹੀਂ ਕਦੋ ਨਿਕਲੂ ਸਿੱਖਾਂ ਵਿੱਚੋਂ ਜਾਤ-ਪਾਤ?
ਸ਼੍ਰੋਮਣੀ ਗੁਰਦੁਆਰਾ ਕਮੇਟੀ ਦੇ ਮੈਬਰ, ਮੁਲਾਜ਼ਮ, ਸੇਵਾਦਾਰ ਜਾਂ ਹੋਰ ਉਚ
ਔਹਦਿਆ ਤੇ ਬੈਠੇ ਵੀ ਜਾਤ-ਪਾਤ ਵਿੱਚ ਫ਼ਖਰ ਮਹਿਸੂਸ ਕਰਦੇ ਹਨ। ਅਜੇ ਵੀ ਸਮਾਂ ਹੈ ਕਿ ਗੁਰੂ ਪਾਤਸ਼ਾਹ
ਜੀ ਦੀ ਵੀਚਾਰਧਾਰਾ ਨੂੰ ਹਿਰਦੇ ਵਿੱਚ ਵਸਾ ਕੇ ਜੀਵਨ ਸਫਲ ਕਰੀਏ ਨਾਕਿ ਗੁਰਮਤਿ ਤੋਂ ਉਲਟ ਗੁਰੂ ਘਰ
ਨਾਲ ਵੈਰ ਕਮਾਈਏ।
ਅੰਤ ਵਿੱਚ ਮੈਂ ਸਮੂਹ ਸਿੱਖ ਭਾਈਚਾਰੇ ਨੂੰ ਦੋਵੇਂ ਹੱਥ ਜੋੜ ਕੇ ਬੇਨਤੀ
ਕਰਦਾ ਹਾਂ ਕਿ ਆਓ ਗੁਰੂ ਮੱਤ ਦੇ ਧਾਰਨੀ ਹੋ ਕੇ ਜਾਤ ਪਾਤ ਦੀ ਘਟੀਆ ਵਿਚਾਰਧਾਰਾ ਵਿੱਚੋਂ ਨਿਕਲੀਏ
ਅਤੇ ਖੰਡੇ ਬਾਟੇ ਦਾ ਅੰਮ੍ਰਿਤ ਛੱਕ ਕੇ ਦਸਮੇਸ਼ ਪਿਤਾ ਦੇ ਇਸ ਫੁਰਮਾਣ ਨੂੰ ਆਪਣੇ ਹਿਰਦੇ ਵਿੱਚ
ਵਸਾਈਏ।
ਜਬ ਲਗ ਖ਼ਾਲਸਾ ਰਹੈ ਨਿਆਰਾ।। ਤਬ ਲਗ ਤੇਜ ਦੀਊ ਮੈ ਸਾਰਾ।।
ਜਬ ਇਹ ਗਹੈ ਬਿਪਰਨ ਕੀ ਰੀਤ।। ਮੈ ਨ ਕਰਉਂ ਇਨਕੀ ਪ੍ਰਤੀਤ।।
**********************************************
ਦਾਸਰਾ:
-ਇਕਵਾਕ ਸਿੰਘ ‘ਪੱਟੀ’
ਅੰਮ੍ਰਿਤਸਰ। ਮੋ. 098150-24920