ਗੁਰੂ ਨਾਨਕ ਪਾਤਸ਼ਾਹ ਜੀ ਦੇ ਉਪਦੇਸ਼ ਅਤੇ ਅੱਜ ਅਸੀਂ
ਗੁਰਸ਼ਰਨ ਸਿੰਘ ਕਸੇਲ
ਗੁਰੂ ਨਾਨਕ ਪਾਤਸ਼ਾਹ ਜੀ ਦਾ ਆਗਮਨ1469 ਈ: ਨੂੰ ਨਨਕਾਣਾ ਸਾਹਿਬ ਵਿੱਖੇ
ਹੋਇਆ। ਉਹਨਾ ਪਹਿਲਾਂ ਤੋਂ ਚਲੀਆਂ ਆ ਰਹੀਆਂ ਧਾਰਮਿਕ ਪ੍ਰੰਪਰਾਵਾਂ ਨੂੰ ਤਰਕ ਨਾਲ ਵੀਚਾਰਿਆ। ਉਹਨਾ
ਨੇ ਹਮੇਸ਼ਾਂ ਹੀ ਪ੍ਰੰਪਰਾਵਾਦੀ ਧਾਰਮਿਕ ਲੀਡਰਾਂ ਅਤੇ ਆਮ ਲੋਕਾਂ ਵਿੱਚ ਤਰਕ ਦੀ ਦਲੀਲ ਨਾਲ ਗੱਲਬਾਤ
ਕੀਤੀ, ਜਿਵੇਂ ਕਿ ਜਨੇਉ ਪਾਉਣਾ, ਇੱਕ ਅਕਾਲ ਪੁਰਖ ਤੋਂ ਸਵਾਏ ਉਸਦੀ ਕ੍ਰਿਤ ਨੂੰ ਪੁਜਣਾ, ਜਿਵੇਂ
ਸੂਰਜ ਨੂੰ ਪਾਣੀ ਦੇਣਾ, ਸੂਤਕ ਪਾਤਕ, ਔਰਤ ਨੂੰ ਬਰਾਬਰ ਅਧਿਕਾਰ ਦੇਣਾ ਆਦਿਕ ਕਈ ਵਿੱਸ਼ੇ ਸਨ।
ਉਨ੍ਹਾਂ ਨੇ ਸਮੇਂ ਦੇ ਹਾਕਮਾਂ ਵੱਲੋਂ ਲਤਾੜੀ ਜਾ ਰਹੀ ਜੰਤਾ ਪ੍ਰਤੀ ਅਵਾਜ਼ ਵੀ ਉਠਾਈ ਗੁਰੂ ਜੀ ਨੇ
ਭਾਰਤੀ ਸਮਾਜ ਵਿੱਚ ਸਦੀਆਂ ਤੋਂ ਚਲੀ ਆ ਰਹੀ ਮਨੁੱਖਾ ਸਰੀਰ ਜਾਂ ਪੱਥਰ ਦੀ ਮੂਰਤੀ ਨੂੰ ਗੁਰੂ ਮੰਨਣ
ਵਾਲੀ ਪ੍ਰੰਪਰਾ ਦੀ ਥਾਂ ਸੱਚ ਦੇ ਗਿਆਨ ਨੂੰ ਮੰਨਣ ਦਾ ਉਪਦੇਸ਼ ਕੀਤਾ: ਸਬਦੁ ਗੁਰੂ, ਸੁਰਤਿ ਧੁਨਿ
ਚੇਲਾ॥ (ਪੰਨਾ ੯੪੨) ਉਹਨਾ ਕਰੋੜਾਂ ਦੇਵੀ-ਦੇਵਤਿਆਂ ਦੀ ਪੂਜਾ ਕਰਨ ਦੀ ਬਜਾਏ ੴ ਇੱਕ ਅਕਾਲ
ਪੁਰਖ ਦੇ ਉਪਾਸ਼ਕ ਬਣਨ ਦਾ ਉਪਦੇਸ਼ ਵੀ ਦਿੱਤਾ। ਉਸ ਸਮੇਂ ਨੂੰ ਭਾਂਵੇ ਅੱਜ ਅਸੀਂ ਪਿਛੜਿਆਂ ਅਤੇ
ਅਨਪੜ੍ਹਤਾ ਵਾਲਾ ਸਮਾਂ ਆਖਦੇ ਹਾਂ, ਫਿਰ ਵੀ ਉਸ ਸਮੇਂ ਦੇ ਲੋਕਾਂ ਨੇ ਗੁਰੂ ਜੀ ਦੀ ਦਲੀਲ-ਭਰਪੂਰ
ਗੱਲ ਨੂੰ ਸੁਣਿਆਂ ਤੇ ਮੰਨਿਆਂ ਵੀ। ਕੀ ਅੱਜ ਅਸੀਂ ਆਪਣੇ ਆਪ ਨੂੰ ਗੁਰੂ ਨਾਨਕ ਜੀ ਦੇ ਨਾਮ ਲੇਵਾ
ਅਖਵਾਉਣ ਵਾਲੇ ਆਪਸ ਵਿੱਚ ਕਿਸੇ ਧਾਰਮਿਕ ਮਸਲੇ ਤੇ ਦਲੀਲ ਨਾਲ ਵਿਚਾਰ-ਵਿਟਾਂਦਰਾ ਕਰ ਸਕਦੇ ਹਾਂ?
ਜਿਹਨਾ ਅੰਧਵਿਸ਼ਵਾਸਾਂ, ਵਹਿਮਾਂ-ਭਰਮਾਂ ਤੇ ਕਰਮਕਾਂਡਾਂ ਤੋਂ ਗੁਰੂ ਜੀ ਨੇ ਤਕਰੀਬਨ ਪੰਜ ਸੌ ਸਾਲ
ਤੋਂ ਪਹਿਲਾਂ ਲੋਕਾਈ ਨੂੰ ਕੱਢਿਆ ਸੀ, ਕੀ ਅੱਜ ਅਸੀਂ ਇੱਕਵੀ ਸਦੀ ਵਿੱਚ ਰਹਿਣ ਵਾਲੇ ਤੇ ਅਗਾਹ ਵਧੂ
ਧਰਮ ਦੇ ਪੈਰੋਕਾਰ ਅਖਵਾਉਣ ਦੀ ਖਾਹਿਸ਼ ਰੱਖਣ ਵਾਲੇ, ਅੱਜ ਕਿਥੇ ਖੜ੍ਹੇ ਹਾਂ; ਸ਼ਾਇਦ ਅਸੀਂ ਇਹ
ਵੀਚਾਰਨ ਦੀ ਲੋੜ ਹੀ ਮਹਿਸੂਸ ਨਹੀਂ ਕਰਦੇ। ਅੱਜ ਅਸੀਂ "ਸ਼ਬਦ ਗੁਰੂ’ ਨੂੰ ਸਮਝਣ ਅਤੇ ਉਸ ਅਨੁਸਾਰ
ਜੀਵਣ ਜੀਉਂਣ ਦੀ ਬਜਾਏ, ਕਰਾਮਾਤੀ ਕਹਾਣੀਆਂ ਸੁਣਨੀਆਂ ਅਤੇ ਆਪੇ ਬਣੇ ਸੰਤ ਬਾਬਿਆਂ ਦੇ ਗਪੋੜਿਆਂ
`ਤੇ ਅੰਧਾ ਵਿਸ਼ਵਾਸ ਬਣਾਈ ਬੈਠੇ ਹਾਂ। ਆਓ, ਆਪਣੇ-ਆਪਣੇ ਅੰਦਰ ਧਿਆਨ ਮਾਰਕੇ ਵੇਖਦੇ ਹਾਂ ਕਿ ਗੁਰੂ
ਜੀ ਨੇ ਸਾਨੂੰ ਕੀ ਸਿਖਿਆ ਦਿਤੀ ਹੈ ਅਤੇ ਅਸੀਂ ਅੱਜ ਕਿੰਨੇ ਕੁ ਇਸ ਸਿਖਿਆ ਦੇ ਧਾਰਨੀ ਬਣੇ ਹਾਂ।
ਆਮ ਤੌਰ ਤੇ ਗੁਰਦੁਆਰਿਆਂ ਵਿੱਚ ਪ੍ਰਚਾਰਕਾਂ ਵਲੋਂ ਇਹ ਸਾਖੀ ਸੁਣਾਈ ਜਾਂਦੀ
ਹੈ, ਕਿ ਜਦੋਂ ਪੰਡਤ ਗੁਰੂ ਜੀ ਨੂੰ ਹਿੰਦੂ ਧਰਮ ਦੀ ਪ੍ਰੰਪਰਾ ਅਨੁਸਾਰ ਜਨੇਉ ਪਾਉਣ ਲੱਗਾ ਸੀ ਤਾਂ
ਗੁਰੂ ਜੀ ਨੇ ਪੰਡਤ ਨੂੰ ਕਿਹਾ ਸੀ, ਕਿ ਮੈਂ ਅਜਿਹਾ ਧਾਗੇ ਦਾ ਜਨੇਉ ਨਹੀਂ ਪਾਉਣਾ ਜਿਸ ਦਾ ਕੋਈ ਲਾਭ
ਨਾ ਹੋਵੇ ਅਤੇ ਫਿਰ ਸਾਡੇ ਪ੍ਰਚਾਰਕ ਗੁਰੂ ਜੀ ਦਾ ਇਹ ਸ਼ਬਦ ਪੜ੍ਹਕੇ ਸੁਣਾਉਂਦੇ ਹਨ:
ਦਇਆ ਕਪਾਹ ਸੰਤੋਖੁ ਸੂਤੁ ਜਤੁ ਗੰਢੀ ਸਤੁ ਵਟੁ॥ ਏਹੁ ਜਨੇਊ ਜੀਅ ਕਾ ਹਈ
ਤ ਪਾਡੇ ਘਤੁ॥ ਨਾ ਏਹੁ ਤੁਟੈ ਨ ਮਲੁ ਲਗੈ ਨਾ ਏਹੁ ਜਲੈ ਨ ਜਾਇ॥ ਧੰਨੁ ਸੁ ਮਾਣਸ ਨਾਨਕਾ ਜੋ ਗਲਿ
ਚਲੇ ਪਾਇ॥ ਚਉਕੜਿ ਮੁਲਿ ਅਣਾਇਆ ਬਹਿ ਚਉਕੈ ਪਾਇਆ॥ ਸਿਖਾ ਕੰਨਿ ਚੜਾਈਆ ਗੁਰੁ ਬ੍ਰਾਹਮਣੁ ਥਿਆ॥ ਓਹੁ
ਮੁਆ ਓਹੁ ਝੜਿ ਪਇਆ ਵੇਤਗਾ ਗਇਆ॥ (ਮ: 1, ਪੰਨਾ ੪੭੧)
ਹੁਣ ਤਾਂ ਸ੍ਰੀ ਦਰਬਾਰ ਸਾਹਿਬ ਤੋਂ ਆਸਾ ਕੀ ਵਾਰ ਵਿੱਚ ਵੀ ਬਹੁਤੇ ਸਿੱਖ
ਰੋਜ ਹੀ ਇਹ ਸ਼ਬਦ ਸੁਣਦੇ ਹਨ, ਪਰ ਇੰਜ਼ ਲੱਗਦਾ ਹੈ ਕਿ ਜਿਵੇਂ ਸਿੱਖ ਸੋਚਦੇ ਹੋਣ ਇਹ ਗੱਲਾਂ ਤਾਂ
ਗੁਰੂ ਜੀ ਨੇ ਸਿਰਫ ਪੰਡਤ ਨੂੰ ਹੀ ਆਖੀਆਂ ਹਨ ਸਾਡੇ `ਤੇ ਤਾਂ ਇਹ ਲਾਗੂ ਨਹੀਂ ਹੁੰਦੀਆਂ। ਸ਼ਾਇਦ ਏਸੇ
ਕਰਕੇ ਹੀ ਕਈ ਡੇਰਿਆਂ ਦੇ ਸਾਧ ਬਾਬੇ ਅਤੇ ਉਨ੍ਹਾਂ ਬਾਬਿਆਂ ਨੂੰ ਪੂਜਣ ਵਾਲਿਆਂ ਵਿੱਚੋਂ ਕਈਆਂ ਨੇ
ਤਾਂ ਡੋਰੀ ਵਾਲੀ ਨਿਕੀ ਜਿਹੀ ਬਗੈਰ ਮਿਆਨ ਤੋਂ ਕ੍ਰਿਪਾਨ ਦੀ ਸ਼ਕਲ ਵਰਗੀ ਕਮੀਜ ਦੇ ਥਲੇ ਪਾਈ ਹੁੰਦੀ
ਹੈ। ਕਈ ਤਾਂ ਬਹੁਤ ਹੀ ਅੱਗੇ ਲੰਘ ਗਏ ਲੱਗਦੇ ਹਨ, ਉਨ੍ਹਾਂ ਨੇ ਤਾਂ ਧਾਗੇ ਵਿੱਚ ਕੜਾ, ਕੰਘਾ,
ਕ੍ਰਿਪਾਨ ਪਰੋਕੇ ਗੱਲ ਵਿੱਚ ਪਾਏ ਹੁੰਦੇ ਹਨ ਅਤੇ ਸਮਝਦੇ ਹਨ ਕਿ ਅਸੀਂ ਪੰਜ ਕਕਾਰਾਂ ਦੇ ਧਾਰਨੀ
ਹਾਂ। ਰੱਬ ਮੇਹਰ ਰਖੇ, ਕਿਤੇ ਇਹ ਨਾ ਹੋਵੇ ਕਿ ਅਜਿਹੀ ਸੋਚ ਵਾਲੇ ਕੱਲ੍ਹ ਨੂੰ ਧਾਗੇ ਵਿੱਚ ਕੜਾ,
ਕੰਘਾ, ਕ੍ਰਿਪਾਨ ਦੇ ਨਾਲ ਬਾਕੀ ਦੇ ਕਕਾਰ ਵੀ ਇਸ ਵਿੱਚ ਪਰੋਕੇ ਪਾਉਣ ਲੱਗ ਪੈਣ! ਕੀ ਅਜਿਹੇ ਕਕਾਰ
ਪਾਉਣ ਨੂੰ ਗੁਰੂ ਸਾਹਿਬ ਨੇ ਆਖਿਆ ਸੀ? ਕੀ ਇਹ ਜਨੇਉ ਦਾ ਹੀ ਰੂਪ ਨਹੀਂ ਹਨ? ਕੀ ਜਿਸ ਮਕਸਦ ਲਈ
ਕਕਾਰ ਪਾਏ ਜਾਂਦੇ ਹਨ, ਅਜਿਹੇ ਅਖੌਤੀ ਕਕਾਰ ਉਹ ਮਕਸਦ ਪੂਰਾ ਕਰਦੇ ਹਨ?
ਗੁਰੂ ਸਾਹਿਬ ਨੇ ਪੱਥਰ ਨੂੰ ਪੂਜਣਾ ਜਾਂ ਅਨਮੱਤੀ ਧਰਮ ਵਾਲਿਆਂ ਵੱਲੋਂ ਮੰਨੇ
ਜਾਂਦੇ ਦੇਵੀ-ਦੇਵਤਿਆਂ ਦੀ ਪੂਜਾ ਕਰਨ ਦਾ ਖੰਡਣ ਕੀਤਾ ਹੈ; ਕਿਉਂਕਿ ਉਹਨਾਂ ਦਾ ਮੰਨਣਾ ਹੈ ਕਿ ਇੰਜ਼
ਅਕਾਲ ਪੁਰਖ ਦੀ ਪ੍ਰਾਪਤੀ ਨਹੀਂ ਹੋ ਸਕਦੀ ਅਤੇ ਮੰਨੇ ਜਾਂਦੇ ਦੇਵੀ–ਦੇਵਤਿਆਂ ਦੇ ਹੱਥ ਵਿੱਚ ਕੁੱਝ
ਨਹੀਂ ਹੈ। ਅਸੀਂ ਇਨ੍ਹਾਂ ਸ਼ਬਦਾਂ ਨੂੰ ਕਈ ਵਾਰ ਪੜ੍ਹਦੇ ਹਾਂ ਤੇ ਸਡੇ ਪ੍ਰਚਾਰਕ ਵੀ ਕਥਾ ਤੇ ਕੀਰਤਨ
ਕਰਦੇ ਰਹਿੰਦੇ ਹਨ, ਪਰ ਕੀ ਅੱਜ ਅਸੀਂ ਇਨ੍ਹਾਂ ਵਹਿਮਾਂ-ਭਰਮਾਂ ਤੋਂ ਛੁੱਟ ਸਕੇ ਹਾਂ। ਅੱਜ ਵੀ ਕਈ
ਸਿੱਖ ਘਰਾਂ ਵਿੱਚ ਹਿੰਦੂ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਜਾਂ ਫੋਟੋ ਵੇਖੀਆਂ ਜਾ ਸਕਦੀਆਂ ਹਨ
ਜਿੰਨਾਂ ਨੂੰ ਪੂਜਿਆ ਜਾਂਦਾ ਹੈ। ਅੱਜ ਤਾਂ ਅਸੀਂ "ਸ਼ਬਦ ਗੁਰੁ" ਤੋਂ ਗਿਆਨ ਲੈਣ ਦੀ ਬਜਾਏ ਇਸ ਨੂੰ
ਵੀ ਦੇਹ ਵਾਂਗੂ ਪੂਜਣ ਲੱਗ ਪਏ ਹਾਂ। ਉਂਝ ਅਸੀਂ ਪੜ੍ਹੀ- ਸੁਣੀ ਇਸ ਸ਼ਬਦ ਨੂੰ ਜਾਂਦੇ ਹੀ ਹਾਂ:
ਪਾਖਾਨ ਗਢਿ ਕੈ ਮੂਰਤਿ ਕੀਨੀ=, ਦੇ ਕੈ ਛਾਤੀ ਪਾਉ॥ ਜੇ ਏਹ ਮੂਰਤਿ ਸਾਚੀ ਹੈ ਤਉ ਗੜ੍ਹਣਹਾਰੇ
ਖਾਉ॥ 3॥ (ਭਗਤ ਕਬੀਰ ਜੀ, ਪੰਨਾ 479)
ਦੇਵੀ ਦੇਵਾ ਪੂਜੀਐ ਭਾਈ ਕਿਆ ਮਾਗਉ ਕਿਆ ਦੇਹਿ॥ ਪਾਹਣੁ ਨੀਰਿ ਪਖਾਲੀਐ ਭਾਈ
ਜਲ ਮਹਿ ਬੂਡਹਿ ਤੇਹਿ॥ (ਮ: ੧, ਪੰਨਾ ੬੩੭)
ਹਿੰਦੂ ਮੂਲੇ ਭੂਲੇ ਅਖੁਟੀ ਜਾਂਹੀ॥ ਨਾਰਦਿ ਕਹਿਆ ਸਿ ਪੂਜ ਕਰਾਂਹੀ॥ ਅੰਧੇ
ਗੁੰਗੇ ਅੰਧ ਅੰਧਾਰੁ॥ ਪਾਥਰੁ ਲੇ ਪੂਜਹਿ ਮੁਗਧ ਗਵਾਰ॥ ਓਹਿ ਜਾ ਆਪਿ ਡੁਬੇ ਤੁਮ ਕਹਾ ਤਰਣਹਾਰੁ॥ (ਮ:
੧, ਪੰਨਾ ੫੫੬)
ਗੁਰੂ ਸਾਹਿਬ ਜੀ ਦੀ ਹਰਿਦੁਆਰ ਜਾ ਕੇ ਪੂਰਬ ਵੱਲ ਪਾਣੀ ਦੇਣ ਦੀ ਬਜਾਏ ਪੱਛਮ
ਵੱਲ ਪਾਣੀ ਦੇਣ ਵਾਲੀ ਸਾਖੀ ਵੀ ਸਾਡੇ ਗੁਰਦੁਆਰਿਆਂ ਵਿੱਚ ਪ੍ਰਚਾਰਕ ਆਮ ਹੀ ਸੁਣਾਉਂਦੇ ਹਨ। ਵੇਖੋ
ਸਾਧ ਸੰਗਤ ਜੀ, ਗੁਰੂ ਜੀ ਨੇ ਹਰਿਦੁਆਰ ਦੇ ਮੇਲੇ ਜਾ ਕੇ ਸੂਰਜ ਨੂੰ ਪਾਣੀ ਦੇ ਰਹੇ ਹਿੰਦੂਆਂ ਦੇ
ਉਲਟ ਆਪ ਪਾਣੀ ਪੱਛਮ ਵੱਲ ਦੇਣ ਲੱਗ ਪਏ ਸਨ। ਜਦੋਂ ਲੋਕਾਂ ਨੇ ਇਸ ਦਾ ਕਾਰਨ ਪੁੱਛਿਆ ਤਾਂ ਗੁਰੂ ਜੀ
ਨੇ ਦੱਸਿਆ ਕਿ ਮੈਂ ਆਪਣੇ ਖੇਤਾਂ ਨੂੰ ਪਾਣੀ ਦੇ ਰਿਹਾ ਹਾਂ, ਤਾਂ ਸਾਰੇ ਲੋਕ ਹੱਸ ਪਏ, ਕਿ ਏਡੀ ਦੂਰ
ਤੇਰਾ ਪਾਣੀ ਕੇਵੇ ਜਾਵੇਗਾ। ਉਸ ਸਮੇਂ ਗੁਰੂ ਜੀ ਨੇ ਕਿਹਾ ਜੇਕਰ ਤੁਹਾਡਾ ਪਾਣੀ ਸੂਰਜ ਤੱਕ ਜਾ ਸਕਦਾ
ਹੈ ਤਾਂ ਮੇਰਾ ਪਾਣੀ ਤਲਵੰਡੀ ਕਿਉ ਨਹੀਂ ਜਾ ਸਕਦਾ ਆਦਿਕ। ਇਹ ਸਾਖੀ ਤਕਰੀਬਨ ਭਾਂਵੇਂ ਸਾਰੇ ਸਿੱਖ
ਜਾਣਦੇ ਹਨ, ਪਰ ਫਿਰ ਵੀ ਇਸੇ ਤਰ੍ਹਾਂ ਦੀ ਮਨਮੱਤ ਕਰੀ ਜਾਂਦੇ ਹਨ, ਉਹ ਵੀ ਗੁਰੂ ਨਾਨਕ ਸਾਹਿਬ ਜੀ
ਵੱਲੋਂ ਬਖਸ਼ੇ ‘ਸ਼ਬਦ ਗੁਰੂ’ ਦੇ ਅੱਗੇ-ਅੱਗੇ। ਇਸ ਸਾਖੀ ਰਾਹੀਂ ਅਸੀਂ ਹਿੰਦੂ ਲੋਕਾਂ ਦਾ ਸੂਰਜ ਨੂੰ
ਪਾਣੀ ਦੇਣਾ ਦੱਸਕੇ ਖੁਸ਼ ਹੁੰਦੇ ਹਾਂ ਪਰ ਆਪ ਅਸੀਂ ਖੁਦ ਉਸੇ ਅਗਿਆਨਤਾ ਵਿੱਚ ਫਸੇ ਹੋਏ ਹਾਂ। ਅੱਜ
ਅਸੀਂ ਉਨ੍ਹਾਂ ਤੋਂ ਕਿਵੇਂ ਪਿੱਛੇ ਰਹਿ ਗਏ ਹਾਂ, ਅਸੀਂ ਸੂਰਜ ਦੀ ਬਜਾਏ ਉਹੀ ਕਰਮਕਾਂਡ ਸ੍ਰੀ ਗੁਰੂ
ਗ੍ਰੰਥ ਸਾਹਿਬ ਦੀ ਸਵਾਰੀ ਦੇ ਅੱਗੇ-ਅੱਗੇ ਤੁੱਪਕਾ-ਤੁੱਪਕਾ ਪਾਣੀ ਤਰਾਉਂਕ ਕੇ ਕਰੀ ਜਾ ਰਹੇ ਹਾਂ।
ਕੀ ਤੁੱਪਕਾ-ਤੁੱਪਕਾ ਪਾਣੀ ਤਰੋਂਕਣ ਨਾਲ ਜਮੀਨ ਸੁੱਚੀ ਹੋ ਜਾਂਦੀ ਹੈ ਜਾਂ ਕੀ ਗੁਰਮਤਿ ਇਸ ਤਰ੍ਹਾਂ
ਦੀ ਅਖੌਤੀ ਪਵਿੱਤਰਤਾ ਨੂੰ ਮੰਨਦੀ ਹੈ? ਕਈ ਸਾਡੇ ਪ੍ਰਚਾਰਕ ਤਾਂ ਇਸ ਤੋਂ ਵੀ ਅੱਗੇ ਲੰਘ ਗਏ ਹਨ, ਉਹ
ਲੰਗਰ ਵਿੱਚੋਂ ਕੜਾਹ ਪ੍ਰਸ਼ਾਦਿ ਤਿਆਰ ਕਰਕੇ ਜਦ ਲੈਕੇ ਆਉਂਦੇ ਹਨ ਤਾਂ ਅੱਗੇ-ਅੱਗੇ ਪਣੀ ਤਰੋਂਕਣ
ਵਾਲੀ ਇਹ ਹੀ ਕਰਮਕਾਂਡੀ ਪਿਰਤ ਪਾ ਰਹੇ ਹਨ। ਇਹ ਤਾਂ ਅਸੀਂ ਵੀਚਾਰ ਹੀ ਨਹੀਂ ਕਰਦੇ ਕਿ ਜਿਸ ਸੱਚ ਦੇ
ਗਿਆਨ ਅੱਗੇ ਅਸੀਂ ਇਹ ਕਰਮਕਾਂਡ ਕਰ ਰਹੇ ਹਾਂ, ਅਜਿਹੇ ਕਰਮਕਾਂਡ ਨਾਂ ਕਰਨ ਲਈ ਹੀ ਤਾਂ ਗੁਰੂ ਜੀ ਨੇ
ਪੱਛਮ ਵੱਲ ਪਾਣੀ ਦੇਕੇ ਸਾਨੂੰ ਸੋਝੀ ਦਿੱਤੀ ਸੀ। ਪਤਾ ਨਹੀਂ ਅਜਿਹੇ ਸਿੱਖ ਤੁੱਪਕਾ-ਤੁੱਪਕਾ ਪਾਣੀ
ਨਾਲ ਗੁਰੂ ਜੀ ਦਾ ਕੀ ਸਤਿਕਾਰ ਕਰਦੇ ਹਨ? ਅਸੀਂ ਉਸ ਸਾਖੀ ਤੋਂ ਕੀ ਸਿਖਿਆ ਹੈ? ਕੀ ਅੱਜ ਸਾਨੂੰ
‘ਸਬਦੁ ਗੁਰੂ, ਸੁਰਤਿ ਧੁਨਿ ਚੇਲਾ’ ਦਾ ਸਿਧਾਂਤ ਯਾਦ ਹੈ?
ਅੱਜ ਸਾਡੇ ਪ੍ਰਚਾਰਕ ਤੇ ਲੇਖਕ ਉਸ ਸੱਜਣ ਠੱਗ ਦੀ ਗੱਲ ਸੁਣਾਉਂਦੇ ਤੇ ਲਿਖਦੇ
ਹਨ, ਪਰ ਉਹ ਜਿਹੜੇ ਅੱਜ ਹਜਾਰਾਂ ਹੀ ਸੱਜਣ ਠੱਗਾਂ ਨੂੰ ਸੰਤ, ਮਹਾਪੁਰਖ, ਬ੍ਰਹਿਮਗਿਆਨੀ (108 ਜਾਂ
1008) ਜਾਂ ਸਾਧ ਆਦਿਕ ਸਤਿਕਾਰ ਯੋਗ ਨਾਵਾਂ ਦੀ ਆੜ੍ਹ ਹੇਠ ਅਸੀਂ ਪੂਜਦੇ ਫਿਰਦੇ ਹਾਂ, ਉਹ ਸਾਨੂੰ
ਕਿਉਂ ਨਹੀਂ ਦਿਸਦੇ? ਉਸ ਸਮੇਂ ਕੁੱਝ ਹੀ ਸੱਜਣ ਠੱਗ ਵਰਗੇ ਸਨ, ਪਰ ਅੱਜ ਤਾਂ ਹਜ਼ਾਰਾਂ ਹੀ ਉਸਦਾ ਰੂਪ
ਧਾਰੀ ਬੈਠੇ ਹਨ, ਪਰ ਅਸੀਂ ਅਜਿਹੇ ਬਹਿਰੂਪੀਆਂ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲੋਂ ਵੱਧ ਸਤਿਕਾਰ
ਕਰਦੇ ਵੇਖੇ ਜਾ ਸਕਦੇ ਹਾਂ। ਅੱਜ ਸਾਨੂੰ ਗੁਰਬਾਣੀ ਨਾਲੋਂ ਵੱਧ ਯਕੀਨ ਉਸ ਆਪੇ ਬਣੇ ਸੰਤ ਸਾਧ ਜਾਂ
ਬ੍ਰਹਿਮਗਿਆਨੀ ਦੇ ਛੱਡੇ ਗਪੋੜਾਂ ਤੇ ਹੁੰਦਾ ਹੈ। ਕੀ ਗੁਰੂ ਨਾਨਕ ਸਾਹਿਬ ਦਾ ਇਹ ਸ਼ਬਦ ਅੱਜ ਦੇ ਆਪੇ
ਬਣੇ ਮਹਾਪੁਰਖਾਂ ਤੇ ਨਹੀਂ ਢੁੱਕਦਾ:
ੴ ਸਤਿਗੁਰ ਪ੍ਰਸਾਦਿ॥ ਉਜਲੁ ਕੈਹਾ ਚਿਲਕਣਾ ਘੋਟਿਮ ਕਾਲੜੀ ਮਸੁ॥ ਧੋਤਿਆ
ਜੂਠਿ ਨ ਉਤਰੈ ਜੇ ਸਉ ਧੋਵਾ ਤਿਸੁ॥ ੧॥ ਸਜਣ ਸੇਈ ਨਾਲਿ ਮੈ ਚਲਦਿਆ ਨਾਲਿ ਚਲੰਨਿ=॥ ਜਿਥੈ ਲੇਖਾ
ਮੰਗੀਐ ਤਿਥੈ ਖੜੇ ਦਿਸੰਨਿ॥ ੧॥ ਰਹਾਉ॥ ਕੋਠੇ ਮੰਡਪ ਮਾੜੀਆ ਪਾਸਹੁ ਚਿਤਵੀਆਹਾ॥ ਢਠੀਆ ਕੰਮਿ ਨ
ਆਵਨੀ= ਵਿਚਹੁ ਸਖਣੀਆਹਾ॥ ੨॥ ਬਗਾ ਬਗੇ ਕਪੜੇ ਤੀਰਥ ਮੰਝਿ ਵਸੰਨਿ=॥ ਘੁਟਿ ਘੁਟਿ ਜੀਆ ਖਾਵਣੇ ਬਗੇ
ਨਾ ਕਹੀਅਨਿ=॥ ੩॥ ਸਿੰਮਲ ਰੁਖੁ ਸਰੀਰੁ ਮੈ ਮੈਜਨ ਦੇਖਿ ਭੁਲੰਨਿ=॥ ਸੇ ਫਲ ਕੰਮਿ ਨ ਆਵਨੀ= ਤੇ ਗੁਣ
ਮੈ ਤਨਿ ਹੰਨਿ=॥ (ਮ: 1, ਪੰਨਾ 729)
ਅਸੀਂ ਤਾਂ ਅਜਿਹੇ ਠੱਗਾਂ ਦੀ ਰੀਸ ਕਰਦੇ ਹੋਏ ਗੁਰੂ ਨਾਨਕ ਪਾਤਸ਼ਾਹ ਨੂੰ ਵੀ
ਨਹੀਂ ਬਖਸ਼ਿਆ। ਗੁਰੂ ਜੀ ਦੀਆਂ ਮਨੋਕਲਪਤ ਤਸਵੀਰਾਂ ਬਣਾ ਕੇ ਉਨ੍ਹਾਂ ਨੂੰ ਵੀ ਮਾਲਾ, ਸਿਮਰਨਿਆਂ ਨਾਲ
ਸ਼ਿਗਾਰ ਦਿਤਾ ਹੈ। ਜਿਸ ਦਾ ਗੁਰੂ ਸਾਹਿਬਾਨ ਨੇ ਆਪਣੀ ਸਾਰੀ ਜਿੰਦਗੀ ਵਿਰੋਧ ਕੀਤਾ ਹੈ। ਕਾਰਨ ਇੱਕ
ਹੀ ਜਾਪਦਾ ਹੈ, ਕਿਉਕਿ ਸਾਡੇ ਸੰਤ ਜੀ ਮਾਲਾ ਸਿਮਰਨੇ ਪਾਉਂਦੇ ਤੇ ਫੇਰਦੇ ਹਨ; ਪਰ ਅਸੀਂ ਗੁਰੂ ਜੀ
ਦੇ ਇਨ੍ਹਾਂ ਪਵਿਤੱਰ ਬਚਨਾ ਦੀ ਪ੍ਰਵਾਹ ਨਹੀਂ ਕਰਦੇ: ਧੋਤੀ ਊਜਲ ਤਿਲਕੁ
ਗਲਿ
ਮਾਲਾ॥ ਅੰਤਰਿ ਕ੍ਰੋਧੁ ਪੜਹਿ
ਨਾਟ ਸਾਲਾ॥ ਨਾਮੁ ਵਿਸਾਰਿ ਮਾਇਆ ਮਦੁ
ਪੀਆ॥ ਬਿਨੁ ਗੁਰ ਭਗਤਿ ਨਾਹੀ ਸੁਖੁ ਥੀਆ॥ (ਮ:
੧, ਪੰਨਾ ੮੩੨)
ਸਲੋਕ॥ ਸਚੁ ਵਰਤੁ, ਸੰਤੋਖੁ ਤੀਰਥੁ, ਗਿਆਨੁ ਧਿਆਨੁ ਇਸਨਾਨੁ॥ ਦਇਆ
ਦੇਵਤਾ, ਖਿਮਾ ਜਪਮਾਲੀ, ਤੇ ਮਾਣਸ ਪਰਧਾਨ॥ ਜੁਗਤਿ ਧੋਤੀ, ਸੁਰਤਿ ਚਉਕਾ, ਤਿਲਕੁ ਕਰਣੀ ਹੋਇ॥ ਭਾਉ
ਭੋਜਨੁ ਨਾਨਕਾ, ਵਿਰਲਾ ਤ ਕੋਈ ਕੋਇ॥ (ਮ: 1, ਪੰਨਾ ੧੨੪੫)
ਆਸਾ॥ ਗਜ ਸਾਢੇ ਤੈ ਤੈ ਧੋਤੀਆ, ਤਿਹਰੇ ਪਾਇਨਿ ਤਗ॥ ਗਲੀ ਜਿਨਾ=
ਜਪਮਾਲੀਆ, ਲੋਟੇ ਹਥਿ ਨਿਬਗ॥ ਓਇ ਹਰਿ ਕੇ ਸੰਤ ਨ ਆਖੀਅਹਿ, ਬਾਨਾਰਸਿ ਕੇ ਠਗ॥ ੧॥ ਐਸੇ ਸੰਤ, ਨ ਮੋ
ਕਉ ਭਾਵਹਿ॥ ਡਾਲਾ ਸਿਉ ਪੇਡਾ ਗਟਕਾਵਹਿ॥ ੧॥ ਰਹਾਉ॥ (ਕਬੀਰ ਜੀ, ਪੰਨਾ ੪੭੬)
ਕੀ ਅੱਜ ਅਸੀਂ ਗੁਰੂ ਜੀ ਵੱਲੋਂ ਔਰਤ ਜਾਤ ਨੂੰ ਦਿਤਾ ਬਰਾਬਰੀ ਦਾ ਹੱਕ ਦੇ
ਰਹੇ ਹਾਂ। ਮੇਰੇ ਖਿਆਲ ਵਿੱਚ ਤਾਂ ਬਿਲਕੁਲ ਨਹੀਂ ਦੇ ਰਹੇ; ਕਿਉਂਕਿ ਜੇ ਅਸੀਂ ਇਹ ਬਰਾਬਰਤਾ ਸਮਝਦੇ
ਹੁੰਦੇ ਤਾਂ ਫਿਰ ਲੜਕੀ ਨੂੰ ਮਾਂ ਦੇ ਪੇਟ ਵਿੱਚ ਮਾਰਨ ਤੇ ਨਵਜਨਮੀ ਬੱਚੀ ਨੂੰ ਰੂੜੀ ਜਾਂ ਕੂੜੇ ਦੇ
ਢੇਰ ਤੇ ਕੋਈ ਨਾ ਸੁਟਦਾ ਅਤੇ ਨਾ ਹੀ ਦਹੇਜ ਲੈਣ ਦੀ ਝਾਕ ਜਾਂ ਮੰਗਣ ਵਾਲੀ ਲਾਹਨਤ ਸਾਡੇ ਵਿੱਚਂ
ਹੋਣੀ ਸੀ। ਮਰਦਾਂ ਵੱਲੋਂ ਬਰਾਬਰਤਾ ਦੇਣ ਦੀ ਤਾਂ ਗੱਲ ਹੀ ਛੱਡੋਂ, ਸਾਡੇ ਡੇਰਿਆਂ ਤੇ ਠਾਠਾਂ ਵਿੱਚ
ਠਾਠਾਂ ਮਾਰ ਰਹੇ ਸਾਡੇ ਆਪੇ ਬਣੇ ਸੰਤ ਬਾਬੇ ਜਿਨ੍ਹਾਂ ਨੂੰ ਅਸੀਂ ਰੱਬ ਸਮਝਦੇ ਹਾਂ, ਉਹ ਤਾਂ ਸ੍ਰੀ
ਦਰਬਾਰ ਸਾਹਿਬ ਵਿੱਚ ਬੀਬੀਆਂ ਨੂੰ ਕੀਰਤਨ ਵੀ ਨਹੀਂ ਕਰਨ ਦੇਂਦੇ; ਅਜੇ ਪੰਜ ਪਿਆਰਿਆਂ ਵਿੱਚ ਸ਼ਾਮਲ
ਕਰਨਾਂ ਤਾਂ ਦੂਰ ਦੀ ਗੱਲ ਹੈ, ਭਾਂਵੇ ਕਿ ਪੰਥਕ ਰਹਿਤ ਮਰਿਯਾਦਾ ਵਿੱਚ ਲਿਖਤੀ ਤੌਰ ਤੇ ਇਹ ਹੱਕ
ਦਿੱਤਾ ਗਿਆ ਹੈ। ਹਾਂ, ਸਿੱਖਾਂ ਦੀਆਂ ਜੇਬਾਂ ਵਿੱਚੋਂ ਪੈਸੇ ਕੱਢਣ ਜਾਂ ਵਿਖਾਵੇ ਦੇ ਤੌਰ ਤੇ ਜ਼ਰੂਰ
ਇਹ ਸ਼ਬਦ ਪੜ੍ਹਦੇ ਵੇਖੇ ਜਾਂਦੇ ਹਨ:
ਭੰਡਿ ਜੰਮੀਐ ਭੰਡਿ ਨਿੰਮੀਐ ਭੰਡਿ ਮੰਗਣੁ ਵੀਆਹੁ॥ ਭੰਡਹੁ ਹੋਵੈ ਦੋਸਤੀ
ਭੰਡਹੁ ਚਲੈ ਰਾਹੁ॥ ਭੰਡੁ ਮੁਆ ਭੰਡੁ ਭਾਲੀਐ ਭੰਡਿ ਹੋਵੈ ਬੰਧਾਨੁ॥ ਸੋ ਕਿਉ ਮੰਦਾ ਆਖੀਐ ਜਿਤੁ
ਜੰਮਹਿ ਰਾਜਾਨ॥ ਭੰਡਹੁ ਹੀ ਭੰਡੁ ਊਪਜੈ ਭੰਡੈ ਬਾਝੁ ਨ ਕੋਇ॥ ਨਾਨਕ ਭੰਡੈ ਬਾਹਰਾ ਏਕੋ ਸਚਾ ਸੋਇ॥
ਜਿਤੁ ਮੁਖਿ ਸਦਾ ਸਾਲਾਹੀਐ ਭਾਗਾ ਰਤੀ ਚਾਰਿ॥ ਨਾਨਕ ਤੇ ਮੁਖ ਊਜਲੇ ਤਿਤੁ ਸਚੈ ਦਰਬਾਰਿ॥ (ਮ: 1,
ਪੰਨਾ ੪੭੩)
ਇਸ ਸਮੇਂ ਦੇਸ਼ ਵਿਦੇਸ਼ਾਂ ਵਿੱਚ ਸਿੱਖਾਂ ਦੇ ਸ਼ਰਾਬ ਪੀਣ, ਡਰਗ ਖਾਣ ਜਾਂ ਵੇਚਣ
ਅਤੇ ਔਰਤਾਂ ਨੂੰ ਕੁੱਟਮਾਰ ਕਰਨ ਵਿੱਚ ਪੂਰੀ ਮਸ਼ਹੂਰੀ ਹੋ ਰਹੀ ਹੈ। ਅੱਜ ਕਈ ਸਿੱਖ ਲੜਕੀਆਂ ਇਸੇ
ਕਰਕੇ ਬਾਬੇ ਨਾਨਕ ਪਾਤਸ਼ਾਹ ਦੇ ਸਿੱਖ ਅਖਵਾਉਣ ਵਾਲਿਆਂ ਨਾਲੋਂ ਹੋਰਨਾਂ ਧਰਮਾਂ ਦੇ ਮੁੰਡਿਆਂ ਨਾਲ
ਵਿਆਹ ਕਰਨ ਵੱਲ ਝੁਕਾਅ ਕਰ ਰਹੀਆਂ ਹਨ। ਜਿਹੜੇ ਸਿੱਖ ਗੁਰਦੁਆਰੇ ਜਾਂਦੇ ਹਨ ਜਾਂ ਗੁਰਬਾਣੀ ਪੜ੍ਹਦੇ
ਹਨ ਜੇਕਰ ਉਹ ਹੀ ਸ਼ਰਾਬ ਪੀਣ ਜਾਂ ਹੋਰ ਤਰ੍ਹਾਂ ਦੇ ਨਸ਼ੇ ਕਰਨੋ ਹੱਟ ਜਾਣ ਤੇ ਔਰਤਾਂ ਨੂੰ ਮਾਰਨਾ
ਕੁੱਟਣਾ ਛੱਡ ਦੇਣ ਤਾਂ ਸਮਾਜ ਵਿੱਚ ਕਾਫੀ ਸੁਧਾਰ ਹੋ ਸਕਦਾ ਹੈ। ਪਰ ਅਸੀਂ ਸਿਰਫ (ਠੇਕੇ ਦੇ ਪਾਠ)
ਅਖੰਡ ਪਾਠ ਜਾਂ ਸੁਖਮਨੀ ਸਾਹਿਬ ਦਾ ਪਾਠ ਕਰਕੇ ਜਾਂ ਪੈਸੇ ਦੇ ਕਰਵਾ ਕੇ ਜਾਂ ਪ੍ਰਕਾਸ਼ ਪੁਰਬ,
ਗੁਰਪੁਰਬ ਆਦਿਕ ਮਨਾ ਕੇ ਹੀ ਗੁਰੂ ਜੀ ਦੇ ਸਿੱਖ ਬਣ ਜਾਂਦੇ ਹਾਂ; ਪਰ ਕੀ ਅਸੀਂ ਗੁਰਬਾਣੀ ਦੇ
ਇਨ੍ਹਾਂ ਸ਼ਬਦਾਂ ਵੱਲ ਧਿਆਨ ਵੀ ਦੇਂਦੇ ਹਾਂ:
ਕਲਿ ਕਲਵਾਲੀ ਕਾਮੁ ਮਦੁ ਮਨੂਆ ਪੀਵਣਹਾਰੁ॥ ਕ੍ਰੋਧ ਕਟੋਰੀ ਮੋਹਿ ਭਰੀ,
ਪੀਲਾਵਾ ਅਹੰਕਾਰੁ॥ ਮਜਲਸ ਕੂੜੇ ਲਬ ਕੀ ਪੀ ਪੀ ਹੋਇ ਖੁਆਰੁ॥ ਮ: ੧, ਪੰਨਾ ੫੫੩)
ਮਾਣਸੁ ਭਰਿਆ ਆਣਿਆ ਮਾਣਸੁ ਭਰਿਆ ਆਇ॥ ਜਿਤੁ ਪੀਤੈ ਮਤਿ ਦੂਰਿ ਹੋਇ ਬਰਲੁ
ਪਵੈ ਵਿਚਿ ਆਇ॥ ਆਪਣਾ ਪਰਾਇਆ ਨ ਪਛਾਣਈ ਖਸਮਹੁ ਧਕੇ ਖਾਇ॥ ਜਿਤੁ ਪੀਤੈ ਖਸਮੁ ਵਿਸਰੈ ਦਰਗਹ ਮਿਲੈ
ਸਜਾਇ॥ ਝੂਠਾ ਮਦੁ ਮੂਲਿ ਨ ਪੀਚਈ ਜੇ ਕਾ ਪਾਰਿ ਵਸਾਇ॥ ਨਾਨਕ ਨਦਰੀ ਸਚੁ ਮਦੁ ਪਾਈਐ ਸਤਿਗੁਰੁ ਮਿਲੈ
ਜਿਸੁ ਆਇ॥ ਸਦਾ ਸਾਹਿਬ ਕੈ ਰੰਗਿ ਰਹੈ ਮਹਲੀ ਪਾਵੈ ਥਾਉ॥ (ਮ: 3, ਪੰਨਾ ੫੫੪)
ਗੁਰੂ ਜੀ ਨੇ ਸਾਨੂੰ ਥਿਤ ਵਾਰ ਨੂੰ ਪੂਜਣ ਦੀ ਬਜਾਏ ਇੱਕ ਅਕਾਲ ਪੁਰਖ ਦੇ
ਉਪਾਸ਼ਕ ਬਣਾਇਆਂ ਹੈ ਪਰ ਅਸੀਂ ਸੂਰਜ (ਸੰਗਰਾਂਦ) ਚੰਦਰਮਾਂ (ਮੱਸਿਆ, ਪੂਰਨਮਾਸ਼ੀ, ਪੁੰਨਿਆਂ ਆਦਿਕ)
ਦੇ ਪੂਜਾਰੀ ਬਣਕੇ ਰਹਿ ਗਏ ਹਾਂ। ਕੀ ਅਸੀ ਗੁਰੂ ਨਾਨਕ ਜੀ ਵੱਲੋਂ ਬਖਸ਼ੀ ਗੁਰਬਾਣੀ ਦੇ ਇਨ੍ਹਾਂ
ਸ਼ਬਦਾਂ ਤੇ ਯਕੀਨ ਕਰਦੇ ਹਾਂ:
ਬੇ ਦਸ ਮਾਹ ਰੁਤੀ ਥਿਤੀ ਵਾਰ ਭਲੇ॥ ਘੜੀ ਮੂਰਤ ਪਲ, ਸਾਚੇ ਆਏ ਸਹਜਿ
ਮਿਲੇ॥ ਪ੍ਰਭ ਮਿਲੇ ਪਿਆਰੇ ਕਾਰਜ ਸਾਰੇ ਕਰਤਾ ਸਭ ਬਿਧਿ ਜਾਣੈ॥ ਜਿਨਿ ਸੀਗਾਰੀ ਤਿਸਹਿ ਪਿਆਰੀ ਮੇਲੁ
ਭਇਆ ਰੰਗੁ ਮਾਣੈ॥ ਘਰਿ ਸੇਜ ਸੁਹਾਵੀ ਜਾ ਪਿਰਿ ਰਾਵੀ ਗੁਰਮੁਖਿ ਮਸਤਕਿ ਭਾਗੋ॥ ਨਾਨਕ ਅਹਿਨਿਸਿ ਰਾਵੈ
ਪ੍ਰੀਤਮੁ ਹਰਿ ਵਰੁ ਥਿਰੁ ਸੋਹਾਗੋ॥ (ਮ: 1, ਪੰਨਾ ੧੧੦੯)
ਇਸ ਸ਼ਬਦ ਰਾਹੀਂ ਗੁਰੂ ਜੀ ਸਮਝਾਊਂਦੇ ਹਨ ਕਿ
ਜਿਹੜਾ ਮਨੁੱਖ ਪਰਮਾਤਮਾ ਦੀ ਸਿਫ਼ਤਿ-ਸਾਲਾਹ ਨੂੰ
ਆਪਣੀ ਜ਼ਿੰਦਗੀ ਦਾ ਆਸਰਾ ਬਣਾਂਦਾ ਹੈ, ਉਸ ਨੂੰ ਕਿਸੇ ਸੰਗ੍ਰਾਂਦ ਮੱਸਿਆ ਆਦਿਕ ਦੀ ਖ਼ਾਸ ਪਵਿੱਤ੍ਰਤਾ
ਦਾ ਭਰਮ-ਭੁਲੇਖਾ ਨਹੀਂ ਰਹਿੰਦਾ ।
ਉਹ ਮਨੁੱਖ ਕਿਸੇ ਵੀ ਕੰਮ ਨੂੰ ਸ਼ੁਰੂ ਕਰਨ ਵਾਸਤੇ ਕੋਈ ਖ਼ਾਸ ਮੁਹੂਰਤ ਨਹੀਂ ਭਾਲਦਾ, ਉਸ ਨੂੰ ਯਕੀਨ
ਹੁੰਦਾ ਹੈ ਕਿ ਪਰਮਾਤਮਾ ਦਾ ਆਸਰਾ ਲਿਆਂ ਸਭ ਕੰਮ ਰਾਸ ਆ ਜਾਂਦੇ ਹਨ ।
ਅੱਜ ਤਾਂ ਅਸੀਂ ਗੁਰਬਾਣੀ ਨਾਲੋਂ ਵੀ ਵੱਧ ਕੇ ਪੰਡਤ ਦੇ ਟੇਵੇ ਤੇ ਪਤਰੀ `ਤੇ
ਵਿਸ਼ਵਾਸ ਬਣਾਈ ਬੈਠੇ ਹਾਂ। ਇਸੇ ਕਰਕੇ ਹੀ ਤਾਂ ਸਾਡੇ ਵਿਆਹ ਸ਼ਾਦੀਆਂ ਦੇ ਮਹੁਰਤ ਕੱਢੇ ਜਾਂਦੇ ਹਨ।
ਅੱਜ ਬਹੁਗਿਣਤੀ ਸਿੱਖ ਅਖਵਾਉਣ ਵਾਲਿਆਂ ਦੇ ਗੁਟਾਂ ਤੇ ਮੌਲੀ ਦੇ ਧਾਗੇ ਬੰਨ੍ਹੇ ਹੁੰਦੇ ਹਨ ਕੜਾ
ਭਾਵੇਂ ਨਾਂ ਵੀ ਹੋਵੇ। ਗੁਰੂ ਸਾਹਿਬ ਨੇ ਇਹ ਸੰਦੇਸ਼ ਇੱਕਲੇ ਪੁਜਾਰੀ ਨੂੰ ਨਹੀਂ ਸੀ ਦਿੱਤਾ, ਇਹ
ਸਾਡੇ ਵਾਸਤੇ ਵੀ ਹੈ:
ਸਾਹਾ ਗਣਹਿ ਨ ਕਰਹਿ ਬੀਚਾਰੁ॥ ਸਾਹੇ ਊਪਰਿ ਏਕੰਕਾਰੁ॥ ਜਿਸੁ ਗੁਰੁ ਮਿਲੈ
ਸੋਈ ਬਿਧਿ ਜਾਣੈ॥ ਗੁਰਮਤਿ ਹੋਇ ਤ ਹੁਕਮੁ ਪਛਾਣੈ॥ ੧॥
ਝੂਠੁ ਨ ਬੋਲਿ ਪਾਡੇ ਸਚੁ ਕਹੀਐ॥ ਹਉਮੈ ਜਾਇ ਸਬਦਿ ਘਰੁ ਲਹੀਐ॥ ੧॥
ਰਹਾਉ॥ (ਮ: ੧, ਪੰਨਾ ੯੦੪)
ਅੱਜ ਦੇ ਸਮੇਂ ਸ਼ਾਇਦ ਹੀ ਕੋਈ ਡੇਰੇਦਾਰ ਸਾਧ ਬਾਬਾ ਅਜਿਹਾ ਹੋਵੇ ਜੋ ਸਿੱਖਾਂ
ਨੂੰ ਅੰਧਵਿਸ਼ਵਾਸ ਤੇ ਕਰਮਕਾਂਡ ਵਿੱਚ ਫਸਾਉਣ ਤੋਂ ਬਿਨ੍ਹਾਂ ਸਿਰਫ਼ ‘ਸ਼ਬਦ ਗੁਰੂ’ ਦੇ ਸਿਧਾਂਤ ਅਨੁਸਾਰ
ਪ੍ਰਚਾਰ ਕਰਦਾ ਹੋਵੇ, ਬਹੁਤੇ ਤਾਂ ਸਿੱਖਾਂ ਦੀ ਸੋਚ ਨੂੰ ਧਰਮ ਦੇ ਨਾਂਅ ਹੇਠ ਕਰਮਕਾਂਡਾਂ ਤੇ
ਵਹਿਮਾਂ-ਭਰਮਾਂ ਵਿੱਚ ਹੀ ਫਸਾਉਣਾ ਚਾਹੁੰਦੇ ਹਨ। ਜਿਹੜੇ ਡੇਰਿਆਂ ਦੇ ਪ੍ਰਬੰਧਕ ਅਖੰਡ ਪਾਠ ਜਾਂ
ਸਧਾਰਨ ਪਾਠ ਰੱਖਣ ਸਮੇਂ ਲਾਗੇ ਕੁੰਭ, ਲਾਲ ਕਪੜੇ ਵਿੱਚ ਮੌਲੀ ਨਾਲ ਲਪੇਟ ਕੇ ਨਾਰੀਅਲ, ਜੋਤ ਆਦਿਕ
ਰੱਖਦੇ ਹਨ, ਜੇ ਕੋਈ ਅਜਿਹੇ ਪ੍ਰਬੰਧਕਾਂ ਤੇ ਪਾਠੀਆਂ ਨੂੰ ਪੁੱਛੇ ਕਿ ਇਨ੍ਹਾਂ ਹਿੰਦੂਆਂ ਦੇ ਮੰਨੇ
ਜਾਂਦੇ ਦੇਵਤਿਆਂ ਕੋਲੋ ਅੱਜ ਤੀਕ ਤੁਹਾਨੂੰ ਕਿਹੜਾ ਗਿਆਨ ਦਾ ਚਮਤਕਾਰ ਹੋ ਗਿਆ ਹੈ ਜੋ ਇਕੱਲੇ
ਗੁਰਬਾਣੀ ਦੇ ਗਿਆਨ ਨਾਲ ਨਹੀਂ ਸੀ ਹੋ ਸਕਦਾ? ਕੀ ਗੁਰੂ ਨਾਨਕ ਪਾਤਸ਼ਾਹ ਜਦੋ ਸਿੱਖਾਂ ਨੂੰ ਬਾਣੀ
ਸੁਣਾਉਂਦੇ ਜਾਂ ਵਿਚਾਰ-ਵਿਟਾਂਦਰਾ ਕਰਦੇ ਸਨ ਤਾਂ ਇਹ ਸਾਰੀਆਂ ਵਸਤਾਂ ਪਹਿਲਾਂ ਲਾਗੇ ਰੱਖਦੇ ਸਨ? ਪਰ
ਕੌਣ ਪੁੱਛੇ ਇਨ੍ਹਾਂ ਨੂੰ! ਇੰਜ਼ ਲੱਗਦਾ ਹੈ ਕਿ ਜਿਵੇਂ ਸਿੱਖਾਂ ਕੌਮ ਨੇ ਇਸ ਪਾਸੇ ਸੋਚਣਾ ਹੀ ਛੱਡ
ਦਿੱਤਾ ਹੋਵੇ?
ਗੁਰੂ ਜੀ ਨੇ ਤਾਂ ਉਸ ਸਮੇਂ ਦੇ ਰਾਜੇ ਨੂੰ ਜੰਤਾ ਨਾਲ ਅਨਿਆ ਕਰਦੇ ਵੇਖ ਕੇ
ਚੁੱਪ ਨਹੀਂ ਰਹੇ ਸਨ, ਅਤੇ ਕਿਹਾ ਸੀ:
ਰਾਜੇ ਸੀਹ ਮੁਕਦਮ ਕੁਤੇ॥ ਜਾਇ ਜਗਾਇਨਿ= ਬੈਠੇ ਸੁਤੇ॥ (ਮ: ੧, ਪੰਨਾ ੧੨੮੮)
ਪਰ ਪਤਾ ਨਹੀਂ ਉਹ ਸਮਾਂ ਕਦੋਂ ਆਵੇਗਾ ਜਦ ਸਿੱਖ ਧਰਮ ਦੇ ਨਾਂਅ ਤੇ ਅਜਿਹੇ ਕਰਮਕਾਂਡ ਤੇ ਵਹਿਮ-ਭਰਮ
ਫੈਲਾਉਣ ਵਾਲਿਆਂ ਨੂੰ ਸਿੱਖ ਪੁੱਛਣ ਦੀ ਹਿਮੰਤ ਕਰਨਗੇ?
ਅੱਜ ਵੀ ਬਹੁਤੇ ਅਖੌਤੀ ਪ੍ਰਚਾਰਕਾਂ ਦੀ ਮੇਹਰਬਾਨੀ ਸਦਕਾ ਅਸੀਂ ਗੁਰੂ ਨਾਨਕ
ਪਾਤਸ਼ਾਹ ਵੱਲੋਂ ਦਿੱਤੇ ਅਨਮੋਲ ‘ਸ਼ਬਦ ਗੁਰੂ’ ਦੇ ਸਿਧਾਂਤ ਨੂੰ ਨਹੀਂ ਸਮਝ ਸਕੇ। ਇਸੇ ਕਰਕੇ ਹੀ ਤਾਂ
ਕਈ ਸਾਡੇ ਪ੍ਰਬੰਧਕ ਤੇ ਬਹੁਤੇ ਡੇਰਿਆਂ ਦੇ ਪ੍ਰਚਾਰਕ ਨਾਂ ਸਮਝੀ ਕਾਰਨ ਸ੍ਰੀ ਗੁਰੂ ਗ੍ਰੰਥ ਸਾਹਿਬ
ਅੱਗੇ ਅਰਦਾਸ ਕਰਦੇ ਸਮੇਂ "ਕੜਾਹ ਪ੍ਰਸ਼ਾਦਿ ਦੀ ਦੇਗ ਪ੍ਰਵਾਨ ਹੋਵੇ", ਕਹਿਣ ਦੀ ਬਜਾਏ ‘ਭੋਗ’ ਲਾਉਣ
ਲਈ ਗੁਰੂ ਗੰਥ ਸਾਹਿਬ ਅੱਗੇ ਅਰਦਾਸ ਕਰਦੇ ਹਨ। ਅਜਿਹੇ ਪੁਜਾਰੀ ਉਸ ਸਮੇਂ ਇਹ ਸ਼ਬਦ ਪੜ੍ਹਦੇ ਹਨ:
ਅਨਿਕ ਪ੍ਰਕਾਰ ਭੋਜਨ ਬਹੁ ਕੀਏ ਬਹੁ ਬਿੰਜਨ ਮਿਸਟਾਏ॥ ਕਰੀ ਪਾਕਸਾਲ ਸੋਚ
ਪਵਿਤ੍ਰਾ ਹੁਣਿ ਲਾਵਹੁ ਭੋਗੁ ਹਰਿ ਰਾਏ॥ (ਮ: ੫, ਪੰਨਾ ੧੨੬੬)
ਇਹ ਤਾਂ ਅਕਾਲ ਪੁਰਖ ਹੀ ਜਾਣੇ ਅਜਿਹੇ ਸਿੱਖਾਂ ਨੂੰ ਗੁਮਰਾਹ ਕਰਨ ਵਾਲੇ
ਪ੍ਰਚਾਰਕ ਜਾਂ ਪ੍ਰਬੰਧਕ ਗੁਰੂ ਜੀ ਦੇ ਪ੍ਰਕਾਸ਼ ਉਤਸਵ ਜਾਂ ਗੁਰ ਪੁਰਬ ਕਿਸ ਨੀਅਤ ਨਾਲ ਮੰਨਾਉਂਦੇ
ਹਨ।
ਗੁਰੂ ਸਾਹਿਬ ਨੇ ਹੱਕ ਹਲਾਲ ਦੀ ਕਮਾਈ ਨਾਲ ਜੀਵਨ ਬਤੀਤ ਕਰਨ ਅਤੇ ਉਸ ਕਮਾਈ
ਵਿੱਚੋਂ ਕਿਸੇ ਲੋੜਵੰਦ ਦੀ ਮੱਦਦ ਕਰਨ ਨੂੰ ਬਹੁਤ ਅਹਿਮੀਅਤ ਦਿੱਤੀ ਹੈ। ਅੱਜ ਅਸੀਂ ਗੁਰੂ ਜੀ ਦੀ ਇਸ
ਉਪਦੇਸ਼ ਤੇ ਕਿੰਨਾ ਕੁ ਪਹਿਰਾ ਦੇ ਰਹੇ ਹਾਂ: ਘਾਲਿ ਖਾਇ ਕਿਛੁ ਹਥਹੁ ਦੇਇ॥ ਨਾਨਕ ਰਾਹੁ ਪਛਾਣਹਿ
ਸੇਇ॥ (ਮ: 1, ਪੰਨਾ ੧੨੪੫)
ਗੁਰੂ ਜੀ ਨੇ ਪਰਾਇਆ ਹੱਕ ਖਾਣ ਤੇ ਝੂਠ ਬੋਲਣ ਨੂੰ ਮੁਰਦਾਰ ਖਾਣ ਦੇ ਬਰਾਬਰ
ਕਿਹਾ ਹੈ। ਇਸ ਬਾਰੇ ਅਸੀਂ ਕਿੰਨਾ ਕੁ ਸੋਚਦੇ ਹਾ। ਇਸ ਵਿੱਸ਼ੇ ਬਾਰੇ ਤਾਂ ਸ਼ਬਦ ਵੀ ਬਹੁਤ ਹਨ, ਪਰ
ਫਿਰ ਵੀ ਅਸੀਂ ਕਦੀ ਇਸ ਮੁਰਦਾਰ ਨੂੰ ਖਾਣ ਜਾਂ ਨਾਂ ਖਾਣ ਬਾਰੇ ਤਾਂ ਵੀਚਾਰ ਹੀ ਨਹੀਂ ਕਰਦੇ। ਅਸੀਂ
ਤਾਂ ਸਮਝਦੇ ਹਾਂ ਕਿ ਚਲੋ, ਕਿਸੇ ਸਰੋਵਰ ਵਿੱਚ ਇਕ-ਦੋ ਚੁਭੀਆਂ ਮਾਰ ਲਵਾਂਗੇ ਜਾਂ ਨਹਾ-ਧੋਹ ਕੇ
ਅਸੀਂ ਸੁੱਚੇ ਹੋ ਜਾਣਾ ਹੈ। ਪਰ ਗੁਰੂ ਜੀ ਦੇ ਦਿਤੇ ਉਪਦੇਸ਼ ਵੱਲ ਤਾਂ ਨਜਰ ਨਹੀਂ ਮਾਰਦੇ, ਜਦ ਕਿ
ਉਹਨਾ ਨੇ ਬਹੁਤ ਹੀ ਸੋਖੇ ਤੇ ਸਪੱਸ਼ਟ ਲਫ਼ਜਾਂ ਵਿੱਚ ਸਮਝਾਇਆ ਹੈ:
ਕੂੜੁ ਬੋਲਿ ਮੁਰਦਾਰੁ ਖਾਇ॥ ਅਵਰੀ ਨੋ ਸਮਝਾਵਣਿ ਜਾਇ॥ ਮੁਠਾ ਆਪਿ ਮੁਹਾਏ
ਸਾਥੈ॥ ਨਾਨਕ ਐਸਾ ਆਗੂ ਜਾਪੈ॥ (ਮ: 1, ਪੰਨਾ ੧੪੦)
ਹਕੁ ਪਰਾਇਆ ਨਾਨਕਾ, ਉਸ ਸੂਅਰੁ ਉਸ ਗਾਇ॥ ਗੁਰੁ ਪੀਰੁ ਹਾਮਾ ਤਾ ਭਰੇ,
ਜਾ ਮੁਰਦਾਰੁ ਨ ਖਾਇ॥ ਗਲੀ ਭਿਸਤਿ ਨ ਜਾਈਐ ਛੁਟੈ ਸਚੁ ਕਮਾਇ॥ ਮਾਰਣ ਪਾਹਿ ਹਰਾਮ ਮਹਿ, ਹੋਇ ਹਲਾਲੁ
ਨ ਜਾਇ॥ ਨਾਨਕ ਗਲੀ ਕੂੜੀਈ, ਕੂੜੋ ਪਲੈ ਪਾਇ॥ (ਮ: 1, ਪੰਨਾ ੧੪੧)
ਮਨਿ ਜੂਠੈ ਤਨਿ ਜੂਠਿ ਹੈ ਜਿਹਵਾ ਜੂਠੀ ਹੋਇ॥ ਮੁਖਿ ਝੂਠੇ ਝੂਠੁ ਬੋਲਣਾ
ਕਿਉਕਰਿ ਸੂਚਾ ਹੋਇ॥ ਬਿਨੁ ਅਭ ਸਬਦ ਨ ਮਾਂਜੀਐ ਸਾਚੇ ਤੇ ਸਚੁ ਹੋਇ॥ (ਮ: ੧, ਪੰਨਾ ੫੬)
ਇੰਜ਼ ਜਾਪਦਾ ਹੈ, ਕਿ ਅੱਜ ਅਸੀਂ ਬਹੁਤਿਆਂ ਨੇ ਤਾਂ ਗੁਰੂ ਸਾਹਿਬਾਨ ਦਾ
ਗੁਰਪੁਰਬ ਮਨਾਉਣਾ ਜਾਂ ਪ੍ਰਕਾਸ਼ ਉਤਸਵ ਮਨਾਉਣਾ ਸਿਰਫ ਗੁਰਦੁਆਰਿਆਂ ਵਿੱਚ ਆ ਕੇ ਸ੍ਰੀ ਗੁਰੂ ਗ੍ਰੰਥ
ਸਾਹਿਬ ਜੀ ਨੂੰ ਮੱਥਾ ਟੇਕਣਾ, ਰਾਗੀਆਂ, ਢਾਡੀਆਂ ਤੇ ਕਥਾ ਵਾਚਕਾਂ ਨੂੰ ਪੈਸੇ ਦੇਣੇ ਤੇ ਫਿਰ ਲੰਗਰ
ਵਿੱਚ ਹਾਜਰੀ ਲੱਗਵਾ ਕੇ ਘਰ ਚਲੇ ਜਾਣ ਨੂੰ ਹੀ ਸੱਭ ਕੁੱਝ ਸਮਝ ਲਿਆ ਹੈ। ਕੋਈ ਵਿਰਲਾ ਹੀ ਸਿੱਖ
ਗੁਰੂ ਸਾਹਿਬਾਨ ਦੇ ਉਪਦੇਸ਼ ਨੂੰ ਆਪਣੇ ਜੀਵਨ ਵਿੱਚ ਢਾਲਣ ਦਾ ਪ੍ਰਣ ਕਰਦਾ ਹੋਵੇਗਾ। ਵਿਚਾਰਨ ਵਾਲੀ
ਗੱਲ ਹੈ ਕਿ, ਕੀ ਅਸੀਂ ਗੁਰੂ ਨਾਨਕ ਪਾਤਸ਼ਾਹ ਜੀ ਦੀਆਂ ਅਜਿਹੀਆਂ ਕਰਮਕਾਂਡ, ਵਹਿਮ ਭਰਮ ਤੇ
ਅੰਧਵਿਸ਼ਵਾਸਾਂ ਤੋਂ ਨਿਜ਼ਾਤ ਦਿਵਾਉਣ ਵਾਲੀਆਂ ਸਾਖੀਆਂ ਸੁਣ-ਪੜ੍ਹਕੇ ਉਨ੍ਹਾਂ ਤੋਂ ਕੁੱਝ ਸਿੱਖ ਵੀ
ਰਹੇ ਹਾਂ, ਕਿ ਨਹੀਂ; ਇਹ ਵੀਚਾਰਨ ਵਾਲੀ ਜ਼ਰੂਰੀ ਗੱਲ ਹੈ।
ਗੁਰੂ ਨਾਨਕ ਪਾਤਸ਼ਾਹ ਜੀ ਦੇ ਪ੍ਰਕਾਸ਼ ਉਤਸਵ ਵਾਲੇ ਦਿਨ ਭਾਈ ਗੁਰਦਾਸ ਜੀ ਦੀ
ਇਸ ਵਾਰ ਨੂੰ ਕਈ ਵਾਰ ਪੜ੍ਹਿਆ ਜਾਂਦਾ ਹੈ। ਭਾਈ ਸਾਹਿਬ ਨੇ ਆਪਣੀ ਪਹਿਲੀ ਵਾਰ ਦੀ 27ਵੀਂ ਪਾਉੜੀ
ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਵੱਲੋਂ ਲੋਕਾਈ ਵਿੱਚ ਸੱਚ ਦੇ ਗਿਆਨ ਦਾ ਪ੍ਰਚਾਰ ਕਰਨ ਤੋਂ ਪਹਿਲਾਂ
ਵਾਲੀ ਮਾਨਸਿਕ ਹਾਲਤ ਅਤੇ ਫਿਰ ਪ੍ਰਚਾਰ ਕਰਨ ਨਾਲ ਲੋਕਾਈ ਦੀ ਮਾਨਸਿਕ ਹਾਲਤ ਬਾਰੇ ਇੰਜ਼ ਲਿਖਿਆ ਹੈ:
ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧ ਜਗ ਚਾਨਣ ਹੋਆ॥
ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ॥
ਸਿੰਘ ਬੁਕੇ ਮਿਰਗਾਵਲੀ ਭੰਨੀ ਜਾਏ ਨ ਧੀਰ ਧਰੋਆ॥
ਜਿਥੈ ਬਾਬਾ ਪੈਰ ਧਰੈ ਪੂਜਾ ਆਸਣ ਥਾਪਣ ਸੋਆ॥
ਸਿਧ ਆਸਣ ਸਭ ਜਗਤ ਦੇ ਨਾਨਕ ਆਦ ਮਤੇ ਜੇ ਕੋਆ॥
ਘਰ ਘਰ ਅੰਦਰ ਧਰਮਸਾਲ ਹੋਵੈ ਕੀਰਤਨ ਸਦਾ ਵਿਸੋਆ॥
ਬਾਬੇ ਤਾਰੇ ਚਾਰ ਚਕ ਨੌ ਖੰਡ ਪ੍ਰਿਥਮੀ ਸਚਾ ਢੋਆ॥
ਗੁਰਮੁਖ ਕਲਿ ਵਿੱਚ ਪਰਗਟ ਹੋਆ॥ ੨੭॥
ਜਿਵੇਂ ਭਾਈ ਗੁਰਦਾਸ ਜੀ ਨੇ ਇਸ ਵਾਰ ਵਿੱਚ ਲਿਖਿਆ ਹੈ ਕਿ ‘ਮਿਟੀ ਧੁੰਧ ਜਗ
ਚਾਨਣ ਹੋਆ’ ਕੀ ਵਾਕਿਆ ਹੀ ਸਿੱਖਾਂ ਦੇ ਮਨਾ ਵਿੱਚੋਂ ਅਧਿਆਤਕ ਅਗਿਆਨਤਾ ਦਾ ਹਨੇਰਾ ਨਿਕਲ ਗਿਆ ਹੈ?
ਕੀ ਅੱਜ ਸਿੱਖ ਗੁਰੂ ਨਾਨਕ ਪਾਤਸ਼ਾਹ ਜੀ ਦੇ ਉਪਦੇਸ਼ ਪੜ੍ਹ, ਸੁਣ ਜਾਂ ਗਾਇਨ ਕਰਕੇ ਅੰਧਵਿਸ਼ਵਾਸਾਂ,
ਵਹਿਮਾਂ-ਭਰਮਾਂ ਤੇ ਕਰਮਕਾਂਡਾਂ ਤੋਂ ਛੁੱਟ ਕਾਰਾ ਪਾ ਚੁੱਕੇ ਹਾਂ? ਕੀ ਅੱਜ ਸਿੱਖ ਸਿਰਫ ਤੇ ਸਿਰਫ
ਇੱਕ ਅਕਾਲ ਪੁਰਖ ਦੇ ਉਪਾਸ਼ਕ ਅਤੇ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ (ਸ਼ਬਦ ਗੁਰੂ) ਨੂੰ ਹੀ ਆਪਣਾ
ਗੁਰੂ ਮੰਨਦੇ ਹਨ? ਇਹ ਅਸੀਂ ਆਪਣੇ ਅੰਦਰ ਖੁਦ ਝਾਤੀ ਮਾਰਕੇ ਵੇਖ ਸਕਦੇ ਹਾਂ ਕਿ ਅਸੀਂ ਗੁਰੂ ਨਾਨਕ
ਪਾਤਸ਼ਾਹ ਦੇ ਕਿੰਨੇ ਕੁ ਉਪਾਸ਼ਕ ਹਾਂ। ਸਾਡਾ ਗੁਰਪੁਰਬ ਮਨਾਉਣੇ ਤਾਂ ਹੀ ਸਫਲ ਹਨ ਜੇਕਰ ਅਸੀਂ ਗੁਰੁ
ਸਾਹਿਬਾਨ ਵੱਲੋਂ ਦੱਸੀਆਂ ਸਿਖਿਆਵਾਂ ਤੇ ਵੀ ਅਮਲ ਕਰੀਏ ਅਤੇ ਅਖੌਤੀ ਗੁਰਮਤਿ ਪ੍ਰਚਾਰਕਾਂ ਦੇ ਵੱਲੋਂ
ਫਲਾਏ ਅੰਧਵਿਸ਼ਵਾਸਾਂ ਅਤੇ ਕਰਮਕਾਂਡਾ ਤੋਂ ਸੁਚੇਤ ਹੋਈਏ।