ਪ੍ਰੋ: ਗੁਰਬਚਨ ਸਿੰਘ ਥਾਈਲੈਂਡ ਵਾਲੇ
ਵੇਈਂ ਨਦੀ ਤੋਂ ਖਾਲਸੇ ਦੀ ਸਿਰਜਣਾ
ਮਨੁੱਖ ਇੱਕ ਸਮਾਜਿਕ ਜੀਵ ਹੈ ਇਸ ਲਈ ਇਹ ਸਮਾਜ ਵਿੱਚ ਹੀ ਰਹਿਣਾ ਪਸੰਦ ਕਰਦਾ
ਹੈ। ਪਰਵਾਰ, ਸਮਾਜ ਤੇ ਦੇਸ਼ ਤਦ ਹੀ ਕਾਇਮ ਰਹਿ ਸਕਦੇ ਹਨ ਜੇ ਇਸ ਦੀ ਕੋਈ ਨਿਯਮਾਵਲੀ ਨਿਰਧਾਰਿਤ
ਕੀਤੀ ਹੋਵੇ। ਰਾਜਨੀਤਿਕ ਉਦੇਸ਼ ਦੁਆਰਾ ਸਮਾਜ ਤੇ ਰਾਜ ਕੀਤਾ ਜਾ ਸਕਦਾ ਹੈ ਤੇ ਸਦਾਚਾਰਕ ਨਿਯਮ ਦੁਆਰਾ
ਮਨੁੱਖ ਦੀ ਅੰਦਰਲੀ ਬਣਤਰ ਬਣਦੀ ਹੈ। ਸਮਾਜ ਵਿੱਚ ਰਾਜਨੀਤਿਕ, ਧਾਰਮਿਕ ਸਦਾਚਾਰਕ ਕਦਰਾਂ ਕੀਮਤਾਂ ਤਦ
ਹੀ ਕਾਇਮ ਰਹਿ ਸਕਦੀਆਂ ਹਨ ਜੇ ਇਹ ਕੁਦਰਤੀ ਬਝਵੇਂ ਨਿਯਮ ਵਿੱਚ ਚੱਲ ਰਹੀਆਂ ਹੋਣ। ਜੇ ਇਹਨਾਂ ਵਿੱਚ
ਵਿਗਾੜ ਪੈਦਾ ਹੋ ਜਾਏ ਤਾਂ ਸਮਾਜ ਦੀ ਹਾਲਤ ਉਸ ਬੇੜੀ ਵਰਗੀ ਹੋਏਗੀ ਜੋ ਬਿਨ੍ਹਾਂ ਮਲਾਹ ਤੋਂ ਮੁਸਾਫ਼ਰ
ਲੈ ਕੇ ਆਪੇ ਹੀ ਦਰਿਆ ਵਿੱਚ ਚੱਲ ਪਏ। ਅਜੇਹੀ ਬੇੜੀ ਮੁਸਾਫ਼ਰਾਂ ਨੂੰ ਡੋਬੇਗੀ ਜ਼ਰੂਰ ਪਰ ਕਿਸੇ
ਤਣ-ਪੱਤਰ `ਤੇ ਨਹੀਂ ਲਗਾਏਗੀ। ਗੁਰੂ ਨਾਨਕ ਸਾਹਿਬ ਜੀ ਬਚਪਨ ਤੋਂ ਲੈ ਕੇ ਸੁਲਤਾਨਪੁਰ ਤੀਕ ਚੱਲਦਿਆਂ
ਮਨੁੱਖੀ ਸਮਾਜ ਦੇ ਹਰ ਪਹਿਲੂ ਨੂੰ ਚੰਗੀ ਤਰ੍ਹਾਂ ਨਿਹਾਰਿਆ, ਵਿਚਾਰਿਆ, ਪੜਚੋਲਿਆ ਤੇ ਸਮਝਿਆ।
ਧਾਰਮਿਕ, ਰਾਜਨੀਤਿਕ, ਸਮਾਜਿਕ, ਇਸਤ੍ਰੀ ਦੀ ਹਾਲਤ ਤੇ ਆਰਥਿਕ ਪੱਖ ਦੀਆਂ ਹਿੱਲੀਆਂ ਹੋਈਆਂ ਚੂਲ਼ਾਂ
ਦਾ ਜਾਇਜ਼ਾ ਲੈ ਕੇ ਮਨੁੱਖਤਾ ਦੀ ਅੰਦਰੂਨੀ ਤਸਵੀਰ ਸਮਾਜ ਦੇ ਸਾਹਮਣੇ ਰੱਖ ਦਿੱਤੀ। ਨਿਰ੍ਹਾ ਏਨ੍ਹਾ
ਹੀ ਨਹੀਂ ਸਗੋਂ ਨਵੇਂ ਸਮਾਜ ਦੀ ਬਣਤਰ ਜੋ ਹਲੇਮੀ ਰਾਜ ਦੀ ਰੂਪ-ਰੇਖਾ ਸੀ ਸੰਸਾਰ ਦੇ ਸਾਹਮਣੇ ਪੇਸ਼
ਕਰ ਦਿੱਤੀ। ਦੁਖਾਂਤ ਇਸ ਗੱਲ ਦਾ ਹੈ ਕਿ ਗੁਰੂ ਨਾਨਕ ਸਾਹਿਬ ਜੀ ਦੀ ਫਿਲਾਸਫ਼ੀ ਨੂੰ ਕੇਵਲ ਨਾਮ
ਸਿਮਰਣ, ਪੂਜਾ, ਦਸਮ-ਦੁਆਰ, ਜਨਮ-ਮਰਣ ਦਾ ਗੇੜ ਅਖੰਡ-ਪਾਠਾਂ ਦੀਆਂ ਲੜੀਆਂ, ਬ੍ਰਹਮ-ਗਿਆਨੀਆਂ ਦੀ
ਗਿਦੜ-ਭਰਮਾਰ ਤੇ ਪਹੁੰਚੇ ਹੋਏ ਵਿਚਾਰ-ਹੀਣ ਮਹਾਂਪੁਰਸ਼ਾਂ ਤੀਕ ਸੀਮਤ ਕਰ ਕੇ ਰੱਖ ਦਿੱਤੀ ਹੈ। ਮੁਲਕ
ਨੂੰ ਅਜ਼ਾਦ ਕਰਾਉਣ ਲਈ ਪ੍ਰਵਾਨੇ ਸ਼ਹੀਦੀਆਂ ਦੇਂਦੇ ਰਹੇ ਪਰ ਨਾਮ ਸਿਮਰਣ ਵਾਲੇ ਬੂਬਨੇ ਬਾਬੇ ਇਕੱਲੇ
ਗੁਰੂ ਨਾਨਕ ਸਾਹਿਬ ਜੀ ਨੂੰ ਭੋਰਿਆਂ ਵਿੱਚ ਬੈਠ ਕੇ ਪ੍ਰਸ਼ਾਦਾ ਛਕਾਉਣ ਵਿੱਚ ਹੀ ਰੱਝੇ ਰਹੇ ਤੇ
ਉਹਨਾਂ ਦੀ ਮਹਾਨ ਫਿਲਾਸਫ਼ੀ ਨੂੰ ਕਾਰ ਸੇਵਾ ਦੇ ਬਹਾਨੇ ਚਿੱਟੇ ਮਾਰਬਲ ਪੱਥਰਾਂ ਦੀਆਂ ਪਰਤਾਂ ਵਿੱਚ
ਲਕਾਉਂਦੇ ਰਹੇ।
ਡਾਕਟਰ ਕ੍ਰਿਪਾਲ ਸਿੰਘ ਜੀ ਜਨਮ ਸਾਖੀ ਪਰੰਪਰਾ ਪੁਸਤਕ ਦੀ ਪ੍ਰਵੇਸ਼ਕਾ ਵਿੱਚ
ਬਹੁਤ ਕੀਮਤੀ ਖ਼ਿਆਲ ਦੇਂਦੇ ਹਨ ਕਿ— "ਜਿੱਥੇ ਮੁਸਲਮਾਨੀ ਸਭਿਅਤਾ ਨੇ ਗੁਰੂ ਨਾਨਕ ਸਾਹਿਬ ਦੀਆਂ
ਰਵਾਇਤਾਂ ਨੂੰ ਕਰਾਮਾਤੀ ਰੰਗ ਦਿੱਤਾ ਸੀ ਓੁੱਥੇ ਹਿੰਦੂ ਧਾਰਮਿਕ ਸਾਹਿਤ ਨੇ ਇਹਨਾਂ ਰਵਾਇਤਾਂ ਵਿੱਚ
ਮਿਥਿਆਸਕ ਰੰਗ ਭਰਿਆ। ਗੁਰੂ ਨਾਨਕ ਨੂੰ ਰਾਜਾ ਜਨਕ ਦਾ ਅਵਤਾਰ ਕਹਿਣਾ ਅਰੰਭ ਕੀਤਾ। ਇਸੇ ਕਰਕੇ
ਦਾਬਿਸਤਾਨ, ਜੋ ਸਤਾਰਵੀਂ ਸਦੀ ਦੀ ਕਿਰਤ ਹੈ, ਵਿੱਚ ਲਿਖਿਆ ਹੈ ਕਿ ਗੁਰੂ ਨਾਨਕ ਨੂੰ ਰਾਜਾ ਜਨਕ ਦਾ
ਅਵਤਾਰ ਮੰਨਿਆਂ ਜਾਂਦਾ ਸੀ"। ਸਾਰਾ ਸਾਰਾ ਸਾਲ ਗੁਰਦੁਆਂਰਿਆਂ ਵਿੱਚ ਕਥਾ ਕੀਰਤਨ ਅਕਸਰ ਚੱਲਦੇ
ਰਹਿੰਦੇ ਹਨ ਤੇ ਇਹਨਾਂ ਵਿੱਚ ਕੇਵਲ ਕਰਾਮਾਤੀ ਸ਼ਕਤੀਆਂ ਜਾਂ ਹਿੰਦੂ-ਮਿਥਿਹਾਸ ਦੀਆਂ ਗੈਰ ਕੁਦਰਤੀ
ਕਹਾਣੀਆਂ ਹੀ ਸੁਣਾਈਆਂ ਜਾਂਦੀਆਂ ਹਨ। ਗੁਰੂ ਨਾਨਕ ਸਾਹਿਬ ਜੀ ਦੀ ਸਾਰੀ ਫਿਲਾਸਫ਼ੀ ਕੇਵਲ ਬੱਤੀਆਂ
ਬੰਦ ਕਰਕੇ, ਸਰੀਰ ਹਿਲਾ ਹਿਲਾ ਕੇ ਸਿਰ ਫੇਰ ਫੇਰ ਕੇ ਨਾਮ ਜੱਪਣ, ਦੁਪਹਿਰੇ, ਚੁਪਹਿਰੇ ਜਾਪ ਤਾਪ,
ਅਖੰਡ-ਪਾਠਾਂ ਦੀਆਂ ਲੜੀਆਂ, ਨਗਰ ਕੀਰਤਨਾਂ ਦੀ ਭਰਮਾਰ, ਕੀਰਤਨ ਦਰਬਾਰਾਂ ਤੇ ਬਿਨਾ ਲੋੜ ਤੋਂ ਸੜਕਾਂ
`ਤੇ ਲੰਗਰਾਂ ਵਰਤਾਉਣ ਵਿੱਚ ਸੁੰਘੜ ਕੇ ਰਹਿ ਗਈ ਹੈ।
ਸੁਲਤਾਨਪੁਰ ਰਹਿੰਦਿਆਂ ਗੁਰੂ ਸਾਹਿਬ ਜੀ ਨੇ ਮਨੁੱਖੀ ਜੀਵਨ ਦੇ ਹਰ ਪੱਖ ਨੂੰ
ਚੰਗੀ ਤਰ੍ਹਾਂ ਪੜਚੋਲਿਆ ਤੇ ਕਿਹਾ ਰਾਜਨੀਤੀ ਵਿਚੋਂ ਇਨਸਾਨੀਅਤ ਦਾ ਤੱਤ ਖਤਮ ਹੋਣ ਕਰਕੇ ਇਹ ਜ਼ੁਲਮ
ਦੀਆਂ ਹੱਦਾਂ ਬੰਨ੍ਹੇ ਟੱਪ ਗਈ ਹੈ ਜਿਸ ਕਰਕੇ ਧਰਮ ਵਰਗੀਆਂ ਸਚਾਈਆਂ ਪੰਛੀਆਂ ਦੇ ਖੰਭਾਂ ਵਾਂਗ ਉੱਡ
ਗਈਆਂ ਹਨ--
ਸਲੋਕੁ ਮ: 1॥
ਕਲਿ ਕਾਤੀ ਰਾਜੇ ਕਾਸਾਈ, ਧਰਮੁ ਪੰਖ ਕਰਿ ਉਡਰਿਆ॥
ਕੂੜੁ ਅਮਾਵਸ ਸਚੁ ਚੰਦ੍ਰਮਾ, ਦੀਸੈ ਨਾਹੀ ਕਹ ਚੜਿਆ॥
ਹਉ ਭਾਲਿ ਵਿਕੁੰਨੀ ਹੋਈ॥ ਆਧੇਰੈ ਰਾਹੁ ਨ ਕੋਈ॥
ਵਿਚਿ ਹਉਮੈ ਕਰਿ ਦੁਖੁ ਰੋਈ॥ ਕਹੁ ਨਾਨਕ ਕਿਨਿ ਬਿਧਿ ਗਤਿ ਹੋਈ॥ 1॥
{ਪੰਨਾ 145}
ਬੇ-ਇਨਸਾਫ਼ੀ ਦੀ ਖੁੰਢੀ ਛੁਰੀ ਨਾਲ ਰਾਜੇ ਪਰਜਾ ਨੂੰ ਛਿੱਲ ਰਹੇ ਸਨ ਤੇ
ਕਿਉਂਕਿ ਧਰਮ ਉਹਨਾਂ ਵਿਚੋਂ ਉੱਡ ਗਿਆ ਸੀ। ਕੂੜ-ਕੁਫ਼ਰ ਦੀ ਹਨ੍ਹੇਰੀ ਰਾਤ ਵਿੱਚ ਸੱਚ ਦਾ ਚੰਦ੍ਰਮਾ
ਭਾਲ਼ਿਆਂ ਵੀ ਨਹੀਂ ਲੱਭਦਾ ਸੀ। ਗੁਰੂ ਸਾਹਿਬ ਜੀ ਕਹਿ ਰਹੇ ਹਨ ਕਿ ਮੈਂ ਸੱਚ ਦੇ ਚੰਦ੍ਰਮਾਂ ਨੂੰ ਲੱਭ
ਲੱਭ ਕੇ ਵਿਆਕੁਲ ਹੋ ਗਿਆ ਹਾਂ, ਹਨ੍ਹੇਰੇ ਵਿੱਚ ਕੋਈ ਰਾਹ ਦਿੱਸਦਾ ਨਹੀਂ। ਅਸਲ ਦੁਨੀਆਂ ਵਿੱਚ
ਹਨ੍ਹੇਰੇ ਦਾ ਮੂਲ ਕਾਰਨ ਹਾਉਮੈ ਹੈ ਤੇ ਇਸ ਤੋਂ ਖਲਾਸੀ ਕਿਵੇਂ ਹੋਵੇ? ਇਨ੍ਹਾਂ ਡੂੰਘੀਆਂ ਵਿਚਾਰਾਂ
ਨੂੰ ਲੈ ਕੇ ਹੀ ਗੁਰੂ ਨਾਨਕ ਸਾਹਿਬ ਜੀ ਵੇਈਂ ਨਦੀ ਵਿੱਚ ਉੱਤਰੇ। ਤੱਤ ਦੀ ਗੱਲ ਸਮਝਣ ਦੀ ਥਾਂ `ਤੇ
ਗੁਰੂ ਸਾਹਿਬ ਜੀ ਨੂੰ ਗੈਰ-ਕੁਦਰਤੀ ਢੰਗ ਨਾਲ ਤਿੰਨ ਦਿਨ ਪਾਣੀ ਵਿੱਚ ਬਿਠਾ ਕੇ ਸਾਨੂੰ ਖੁਸ਼ੀ
ਪ੍ਰਤੀਤ ਹੁੰਦੀ ਹੈ। ਸਾਰੀਆਂ ਜਨਮ ਸਾਖੀਆਂ ਵਿੱਚ ਜੋ ਵੇਈਂ ਨਦੀ ਦੀ ਘਟਨਾ ਆਈ ਹੈ ਉਸ ਨੂੰ ਸਰਦਾਰ
ਕਿਰਪਾਲ ਸਿੰਘ ਜੀ ਨੇ ਇੱਕ ਥਾਂ `ਤੇ ਹੀ ਫੁੱਟ-ਨੋਟ ਦੇ ਰੂਪ ਵਿੱਚ ਦੇ ਦਿੱਤਾ ਹੈ ਜੇਹਾ ਕਿ—
"ਸੁਲਤਾਨਪੁਰ ਰਹਿੰਦਿਆਂ ਨਾਨਕ ਜੀ ਹਰ ਰੋਜ਼ ਵੇਈਂ ਨਦੀਂ ਵਿੱਚ ਇਸ਼ਨਾਨ ਕਰਨ
ਜਾਇਆ ਕਰਦੇ ਸਨ। ਜਿਸ ਥਾਂ `ਤੇ ਉਹ ਇਸ਼ਨਾਨ ਕਰਨ ਜਾਂਦੇ ਸਨ ਉਹ ਥਾਂ ਨਗਰ ਤੋਂ ਪੱਛਮ ਵੱਲ ਅੱਧ ਮੀਲ
ਦੂਰ `ਤੇ ਵੇਈਂ ਨਦੀ ਦੇ ਰਮਣੀਕ ਕਿਨਾਰੇ ਤੇ ਸੀ। ਸਥਾਨਕ ਰਵਾਇਤ ਅਨੁਸਾਰ ਇਸ ਥਾਂ ਦੇ ਨਾਲ ਹੀ ਇੱਕ
ਮੁਸਲਮਾਨ ਫ਼ਕੀਰ ਅੱਲਾ ਦਿੱਤੇ (ਖ਼ਰਬੂਜੇ ਸ਼ਾਹ) ਦੀ ਕੁਟੀਆ ਸੀ ਜਿਸ ਨਾਲ ਨਾਨਕ ਜੀ ਕਦੀਂ ਕਦੀਂ ਬਚਨ
ਬਿਲਾਸ ਕਰਿਆ ਕਰਦੇ ਸਨ"। ਭਾਈ ਬਾਲੇ ਵਾਲ਼ੀ ਜਨਮ ਸਾਖੀ ਵਿੱਚ ਲਿਖਿਆ ਹੈ ਕਿ ਰੋਜ਼ ਵਾਂਗ ਨਾਨਕ ਜੀ
ਇਸ਼ਨਾਨ ਕਰਨ ਗਏ ਪਰ ਕੁੱਝ ਸਮੇਂ ਤਾਈਂ ਨਾਨਕ ਜੀ ਬਾਹਰ ਨਾ ਆਏ ਤਾਂ ਟਹਿਲੀਏ ਨੇ ਘਰ ਜਾ ਕੇ ਦੱਸਿਆ
ਕਿ ਅੱਜ ਨਾਨਕ ਜੀ ਵੇਈਂ ਨਦੀ ਵਿਚੋਂ ਬਾਹਰ ਨਹੀਂ ਆਏ। ਡਾਕਟਰ ਕਿਰਪਾਲ ਸਿੰਘ ਜੀ ਲ਼ਿਖਦੇ ਹਨ ਕਿ
"ਇਉਂ ਜਾਪਦਾ ਹੈ ਕਿ ਗੁਰੂ ਨਾਨਕ ਜੀ ਵੇਈਂ ਨਦੀ ਦੇ ਦੂਸਰੇ ਕੰਢੇ `ਤੇ ਜਾ ਕੇ ਕਿਸੇ ਇਕਾਂਤ ਥਾਂ ਤੇ
ਪਰਮਾਤਮਾ ਨਾਲ ਜੁੜ ਗਏ"। ਅੱਗੇ ਲਿਖਦੇ ਹਨ ਕਿ "ਇਸ ਅਵਸਥਾ ਦਾ ਵੱਖ ਵੱਖ ਵਰਣਨ ਜਨਮ-ਸਾਖੀਆਂ ਵਿੱਚ
ਦਿੱਤਾ ਹੈ। ਵਲਾਇਤ ਵਾਲੀ ਜਨਮ ਸਾਖੀ ਵਿੱਚ ਲਿਖਿਆ ਹੈ ਕਿ ਆਗਿਆ ਪਰਮੇਸ਼ਰ ਕੀ ਨਾਲ ਸੇਵਕ ਲੈ ਗਏ
ਦਰਗਾਹ ਪ੍ਰਮੇਸ਼ਰ ਕੀ, ਸੇਵਕਾਂ ਜਾਇ ਅਰਜ਼ ਕੀਤੀ ਕੇ ਨਾਨਕ ਹਾਜ਼ਰ ਹੈ। ਅੰਮ੍ਰਿਤ ਦਾ ਕਟੋਰਾ ਭਰ ਭਰ
ਆਗਿਆ ਨਾਲ ਮਿਲਿਆ"। ਇਸ ਤਰ੍ਹਾਂ ਮਿਹਰਬਾਨ ਵਾਲੀ ਜਨਮ ਸਾਖੀ ਵਿੱਚ ਨਾਨਕ ਦਾ ਅਕਾਲ ਪੁਰਖ ਕੋਲ਼ ਜਾਣਾ
ਤੇ ਦੁੱਧ ਦਾ ਕਟੋਰਾ ਪੀਣਾ ਲਿਖਿਆ ਹੈ। ਗੁਰੂ ਨਾਨਕ ਸਾਹਿਬ ਜੀ ਨੇ ਰੱਬ ਸਬੰਧੀ ਜੋ ਵਿਚਾਰ ਦਿੱਤੇ
ਹਨ ਕਿ ਉਹ ਪਰਮਾਤਮਾ ਸਾਰਿਆਂ ਥਾਂਵਾਂ `ਤੇ ਮੌਜੂਦ ਹੈ ਸਾਰਿਆਂ ਹਿਰਦਿਆਂ ਵਿੱਚ ਪਰਮਾਤਮਾ ਦੀ ਜੋਤ
ਇਕਸਾਰ ਚੱਲ ਰਹੀ ਹੈ----
"ਸਭ
ਮਹਿ ਜੋਤਿ, ਜੋਤਿ ਹੈ ਸੋਇ॥ ਤਿਸ ਦੈ ਚਾਨਣਿ, ਸਭ ਮਹਿ ਚਾਨਣੁ ਹੋਇ"॥
ਗੁਰੂ ਸਾਹਿਬ ਜੀ ਹਿਰਦੇ ਵਿਚਲੇ ਰੱਬ ਜੀ ਪਾਸ ਗਏ ਭਾਵ ਆਪਣੇ ਹਿਰਦੇ ਦੀ
ਵੇਈਂ ਨਦੀ ਵਿੱਚ ਉਤਰ ਕੇ ਮਨੁੱਖਤਾ ਦੇ ਭਲੇ ਲਈ ਇੱਕ ਪ੍ਰੋਗਰਾਮ ਉਲੀਕਿਆ ਜਿਸ ਨੂੰ ਦਸ ਹਿੱਸਿਆਂ
ਵਿੱਚ ਵੰਡਿਆ ਤੇ ਅਦਰਸ਼ ਰੱਖਿਆ ‘ਸਚਿਆਰ ਮਨੁੱਖ’ ਬਣਨ ਦਾ।
ਹਿਰਦੇ ਦੀ ਵੇਈਂ ਨਦੀ ਵਿਚੋਂ ਬਾਹਰ ਆ ਕਿ ਨਾਨਕ ਜੀ ਨੇ ਜੋ ਪਹਿਲਾ ਉਪਦੇਸ਼
ਦਿੱਤਾ ਕਿ ਪਰਮਾਤਮਾ ਇੱਕ ਹੈ, ਨਾ ਕੋਈ ਹਿੰਦੂ ਹੈ ਤੇ ਨਾ ਕੋਈ ਮੁਸਲਮਾਨ ਹੈ ਅਸੀਂ ਸਾਰੇ ਇਨਸਾਨ
ਹਾਂ। ਹਰ ਮਨੁੱਖ ਨੂੰ ਜ਼ਿੰਦਗੀ ਜਿਉਣ ਦਾ ਹੱਕ ਹੈ। ਧਰਮੀ ਪੁਜਾਰੀ, ਰਾਜਨੀਤਿਕ ਆਗੂਆਂ ਨਾਲ ਮਿਲ ਕੇ
ਨਿਮਾਣੀ ਮਨੁੱਖਤਾ ਦਾ ਖੂਨ ਪੀ ਰਹੇ ਹਨ ਤੇ ਸਮੁੱਚੇ ਸਮਾਜ ਦੀ ਸਾਰੀ ਤਾਣੀ ਉਲ਼ਝੀ ਪਈ ਹੈ। ਜੋਗੀ,
ਮੁੱਲਾਂ-ਕਾਜ਼ੀ ਤੇ ਬ੍ਰਹਾਮਣ ਨੇ ਧਰਮ ਦੇ ਨਾਂ `ਤੇ ਆਪਣੇ ਮੱਕੜੀ ਜਾਲ ਵਿੱਚ ਫਸਾਇਆ ਹੋਇਆ ਸੀ ਇਹਨਾਂ
ਬਾਰੇ ਜੋ ਨਜ਼ਰੀਆ ਗੁਰੂ ਸਾਹਿਬ ਦਾ ਹੈ ਉਹ ਉਹਨਾਂ ਦੀ ਬਾਣੀ ਵਿੱਚ ਅੰਕਤ ਹੈ –
ਕਾਦੀ ਕੂੜੁ ਬੋਲਿ ਮਲੁ ਖਾਇ॥ ਬ੍ਰਾਹਮਣੁ ਨਾਵੈ ਜੀਆ ਘਾਇ॥
ਜੋਗੀ ਜੁਗਤਿ ਨ ਜਾਣੈ ਅੰਧੁ॥ ਤੀਨੇ ਓਜਾੜੇ ਕਾ ਬੰਧੁ॥ 2॥
ਧਨਾਸਰੀ ਮਹਲਾ ੧ ਪੰਨਾ ੬੬੨—
ਰਾਜੇ ਸ਼ੀਹਾਂ ਵਾਂਗ ਖੂੰਖਾਰ ਤੇ ਮਕੁੱਦਮ ਕੁੱਤਿਆਂ ਵਾਂਗ ਲੋਭੀ ਹੋ ਕੇ
ਤਿੱਖੀਆਂ ਨਹੁੰਦਰਾਂ ਨਾਲ ਪਰਜਾ ਦਾ ਮਾਸ ਨੋਚ ਰਹੇ ਸਨ—
ਰਾਜੇ ਸੀਹ ਮੁਕਦਮ ਕੁਤੇ॥ ਜਾਇ ਜਗਾਇਨਿ= ਬੈਠੇ ਸੁਤੇ॥
ਚਾਕਰ ਨਹਦਾ ਪਾਇਨਿ= ਘਾਉ॥ ਰਤੁ ਪਿਤੁ ਕੁਤਿਹੋ ਚਟਿ ਜਾਹੁ॥
ਜਿਥੈ ਜੀਆਂ ਹੋਸੀ ਸਾਰ॥ ਨਕੀਂ ਵਢੀਂ ਲਾਇਤਬਾਰ॥ 2॥
ਸਲੋਕ ਮ: ੧ ਪੰਨਾ ੧੨੮੮—
ਗੱਲ ਕੀ ਸਮਾਜ ਦੇ ਬਿੱਖਰ ਚੁੱਕੇ ਢਾਂਚੇ ਦੇ ਬਖੀਏ ਉਧੇੜਦਿਆਂ ਆਸਾ ਦੀ ਵਾਰ
ਵਿੱਚ ਗੁਰੂ ਨਾਨਕ ਸਾਹਿਬ ਜੀ ਨੇ ਹਰ ਪੱਖ ਨੂੰ ਉਜਾਗਰ ਕੀਤਾ ਹੈ। ਇੱਕ ਨਵੇਂ ਸਮਾਜ ਦੀ ਸਿਰਜਣਾ ਲਈ
ਗੁਰੂ ਸਾਹਿਬ ਜੀ ਇਸ ਕੂੜ-ਕੁਬਾੜ ਨੂੰ ਮਨੁੱਖੀ ਸੁਭਾਅ ਵਿਚੋਂ ਬਾਹਰ ਕੱਢਣਾ ਚਾਹੁੰਦੇ ਹਨ।
ਸਲੋਕ ਮ: ੧
ਲਬੁ ਪਾਪੁ ਦੁਇ ਰਾਜਾ ਮਹਤਾ ਕੂੜੁ ਹੋਆ ਸਿਕਦਾਰੁ॥ ਕਾਮੁ ਨੇਬੁ ਸਦਿ ਪੁਛੀਐ
ਬਹਿ ਬਹਿ ਕਰੇ ਬੀਚਾਰੁ॥ ਅੰਧੀ ਰਯਤਿ ਗਿਆਨ ਵਿਹੂਣੀ ਭਾਹਿ ਭਰੇ ਮੁਰਦਾਰੁ॥ ਗਿਆਨੀ ਨਚਹਿ ਵਾਜੇ
ਵਾਵਹਿ ਰੂਪ ਕਰਹਿ ਸੀਗਾਰੁ॥ ਊਚੇ ਕੂਕਹਿ ਵਾਦਾ ਗਾਵਹਿ ਜੋਧਾ ਕਾ ਵੀਚਾਰੁ॥ ਮੂਰਖ ਪੰਡਿਤ ਹਿਕਮਤਿ
ਹੁਜਤਿ ਸੰਜੈ ਕਰਹਿ ਪਿਆਰੁ॥ ਧਰਮੀ ਧਰਮੁ ਕਰਹਿ ਗਾਵਾਵਹਿ ਮੰਗਹਿ ਮੋਖ ਦੁਆਰੁ॥ ਜਤੀ ਸਦਾਵਹਿ ਜੁਗਤਿ
ਨ ਜਾਣਹਿ ਛਡਿ ਬਹਹਿ ਘਰ ਬਾਰੁ॥ ਸਭੁ ਕੋ ਪੂਰਾ ਆਪੇ ਹੋਵੈ ਘਟਿ ਨ ਕੋਈ ਆਖੈ॥ ਪਤਿ ਪਰਵਾਣਾ ਪਿਛੈ
ਪਾਈਐ ਤਾ ਨਾਨਕ ਤੋਲਿਆ ਜਾਪੈ॥ 2॥ {ਪੰਨਾ 469}
ਇਸ ਸਲੋਕ ਵਿੱਚ ਗਿਆਨ ਤੋਂ
ਹੀਣੇ ਅਗਿਆਨੀ, ਮੂਰਖ ਪੰਡਿਤ, ਗ਼ਰਜ਼ਾਂ ਵਿੱਚ ਅੰਨ੍ਹੀ ਹੋਈ ਪਰਜਾ, ਜ਼ਿੰਦਗੀ ਦੀਆਂ ਹਕੀਕਤਾਂ ਤੋਂ
ਭੱਜਣ ਵਾਲੇ ਜੋਗੀ-ਜਤੀਆਂ ਦੀ ਅਸਲੀਅਤ ਸੰਸਾਰ ਦੇ ਸਾਹਮਣੇ ਰੱਖ ਦਿੱਤੀ। ਗੁਰੂ ਨਾਨਕ ਜੀ ਦੇ ਸਾਹਮਣੇ
ਇਹ ਸਾਰੀਆਂ ਸਮਸਿੱਆਂਵਾਂ ਮੂੰਹ ਚਿੜਾ ਰਹੀਆਂ ਸਨ ਪਰ ਉਹ ਇੱਕ ਨਵੇਂ ਸਮਾਜ ਦੀ ਸਿਰਜਣਾ ਕਰਨੀ
ਚਾਹੁੰਦੇ ਸਨ ਜਿਸ ਵਿੱਚ ਸੱਚਿਆਰ ਮਨੁੱਖ ਰਹਿੰਦਾ ਹੋਵੇ। ਹਲੀਮੀ ਰਾਜ ਦੀ ਸਥਾਪਨਾ ਕਰਦਿਆਂ ਉਹਨਾਂ
ਨੇ ਬੇਗ਼ਮਪੁਰ ਤੇ ਕਰਤਾਪੁਰ ਦੇ ਵਾਸੀਆਂ ਦੀ ਨੀਂਹ ਕੁਦਰਤੀ ਹਕੀਕਤਾਂ `ਤੇ ਰੱਖੀ ਜੋ ਦੋ ਦੂਣੀ ਚਾਰ
ਵਾਂਗ ਸੱਚ ਹਨ—
ਮਿਠਤੁ ਨੀਵੀ ਨਾਨਕਾ ਗੁਣ ਚੰਗਿਆਈਆ ਤਤੁ॥ ਸਲੋਕ ਮ: 1 ਪੰਨਾ 470
ਨਾਨਕ ਫਿਕੈ ਬੋਲਿਐ ਤਨੁ ਮਨੁ ਫਿਕਾ ਹੋਇ॥ ਸਲੋਕ ਮ: ੧
ਨਾਨਕ ਦੁਖੀਆ ਸਭੁ ਸੰਸਾਰੁ॥ ਸਲੋਕ ਮ: 1 954
ਕੂੜ ਨਿਖੁਟੇ ਨਾਨਕਾ ਓੜਕਿ ਸਚਿ ਰਹੀ॥ 2॥ ਸਲੋਕ ਮ: 1 {ਪੰਨਾ 953}
ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ॥ ਸਲੋਕ ਮ: 1—473
ਸੰਸਾਰੁ ਰੋਗੀ ਨਾਮੁ ਦਾਰੂ ਮੈਲੁ ਲਾਗੈ ਸਚ ਬਿਨਾ॥ ਧਨਾਸਰੀ ਮਹਲਾ 1 ਪੰਨਾ 687
ਦੁਇ ਪੁੜ ਚਕੀ ਜੋੜਿ ਕੈ ਪੀਸਣ, ਆਇ ਬਹਿਠੁ॥ ਜੋ ਦਰਿ ਰਹੇ ਸੁ ਉਬਰੇ, ਨਾਨਕ ਅਜਬੁ ਡਿਠੁ॥
1॥ ਸਲੋਕ ਮ: 1 {ਪੰਨਾ 142}
ਪਵਨ ਅਰੰਭੁ, ਸਤਿਗੁਰ ਮਤਿ ਵੇਲਾ॥ ਸਬਦੁ ਗੁਰੂ, ਸੁਰਤਿ ਧੁਨਿ ਚੇਲਾ॥ ਰਾਮਕਲੀ ਮਹਲਾ 1
ਪੰਨਾ 943--
ਅੰਦਰਲੀ ਰੂਹਾਨੀਅਤ ਨੂੰ ਕਾਇਮ ਕਰਨ ਲਈ ਆਦਰਸ਼ਕ ਮਨੁੱਖ ਦਾ ਨਾਂ ਉਹਨਾਂ ਨੇ
‘ਸਚਿਆਰ’ ਰੱਖਿਆ। ਡਾਕਟਰ ਤਾਰਨ ਸਿੰਘ ਜੀ ਦੇ ਕਥਨ ਅਨੁਸਾਰ ਏਸੇ ‘ਸਚਿਆਰ’ ਨੂੰ ਗੁਰੂ ਅਗੰਦ ਪਾਤਸ਼ਾਹ
ਜੀ ਨੇ ‘ਆਸ਼ਕ’ ਤੇ ਗੁਰੂ ਅਮਰਦਾਸ ਜੀ ਨੇ ‘ਭਗਤ’ ਕਿਹਾ ਹੈ ਤੇ ਗੁਰੂ ਰਾਮਦਾਸ ਜੀ ਨੇ ‘ਸੇਵਕ’ ਗੁਰੂ
ਅਰਜਨ ਪਾਤਸ਼ਾਹ ਜੀ ਨੇ ‘ਸਿੱਖ’ ਕਹਿ ਕੇ ਵਡਿਆਇਆ ਹੈ। ਗੁਰੂ ਤੇਗ ਬਹਾਦਰ ਜੀ ਨੇ ‘ਨਰ’ ਸ਼ਬਦ ਨਾਲ
ਸੰਬੋਧਨ ਕੀਤਾ ਹੈ ਜਦੋਂ ਕਿ ਏਸੇ ਕਿਰਦਾਰ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ‘ਖਾਲਸਾ’ ਆਖਿਆ ਹੈ।
ਵੇਈ ਨਦੀਂ ਦੇ ਕੰਢੇ `ਤੇ ਬੈਠ ਕੇ ਤੇ ਹਿਰਦੇ ਦੀ ਵੇਈਂ ਨਦੀ ਵਿੱਚ ਉਤਰਦਿਆਂ
‘ਖਾਲਸ’ ਮਨੁੱਖ ਦੀ ਸਿਰਜਣਾ ਕਰ ਦਿੱਤੀ ਜਿਸ ਨੂੰ ਗੁਰੂ ਸਾਹਿਬ ਜੀ ਨੇ ‘ਸਚਿਆਰ’ ਕਿਹਾ ਹੈ। ਇਹ
ਅਜੇਹੀ ਸਿਰਜਣਾ ਸੀ ਜੋ ਹਰ ਪੱਖ ਤੋਂ ਮੁਕੰਮਲ ਸੀ ਪਰ ਜਦੋਂ ਅੱਜ ਦੇ ‘ਖਾਲਸਾ’ ਵਲ ਨਿਗਾਹ ਮਾਰਦੇ
ਹਾਂ ਤਾਂ ਇਹ ਬਾਬਾ ਵਾਦ ਦੇ ਡੇਰਾਵਾਦ ਤੇ ਚੋਲ਼ਾ-ਵਾਦ ਦਾ ਸ਼ਿਕਾਰ ਹੋ ਕੇ ਵੱਖ ਵੱਖ ਕਰਮਕਾਂਡਾਂ ਵਿੱਚ
ਫਸ ਕੇ ਰਹਿ ਗਿਆ ਹੈ। ਵੇਈਂ ਨਦੀ ਤੋਂ ਸ਼ੁਰੂ ਹੋ ਕੇ ‘ਸਚਿਆਰ’ ਨੇ ‘ਖਾਲਸੇ’ ਦੀ ਮੁਕੰਮਲਤਾ ਤੀਕ ਦਾ
ਇੱਕ ਲੰਬਾ ਸਫ਼ਰ ਤਹਿ ਕੀਤਾ ਹੈ। ਮੱਝਾਂ ਚਾਰਨੀਆਂ ਸੱਚਾ ਸੌਦਾ ਕਰਨਾ ਮੋਦੀ ਦੀ ਕਾਰ ਕਰਨੀ ਇਤਿਆਦਿਕ
ਖਾਲਸੇ ਦੀ ਸਿਰਜਣਾ ਵਿੱਚ ਮੋਤੀਆਂ ਵਾਂਗ ਜੜੇ ਹੋਏ ਦਿਸਦੇ ਹਨ ਪਰ ਸਹੀ ਅਰਥਾਂ ਵਿੱਚ ਖਾਲਸੇ ਦੀ
ਨੀਂਹ ਵੇਈਂ ਨਦੀ ਤੋਂ ਅਰੰਭ ਕੀਤੀ।
ਵੇਈ ਨਦੀ ਦਾ ਸਕੰਲਪ ਜਦੋਂ ਵੀ ਸਾਡੇ ਸਾਹਮਣੇ ਆਉਂਦਾ ਹੈ ਤਾਂ ਇਹ ਸਾਨੂੰ
ਦ੍ਰਿੜ ਫੈਸਲੇ ਲੈਣ ਦੀ ਪ੍ਰੇਰਨਾ ਦੇਂਦੀ ਹੈ।
ਵੇਈਂ ਨਦੀ ਪਰਵਾਰਕ ਮੋਹ ਤੋਂ ਉੱਪਰ ਉੱਠਣ ਦਾ ਸੁਨੇਹਾਂ ਦੇਂਦੀ ਹੈ।
ਵੇਈਂ ਨਦੀ ਸਰਕਾਰੀ ਨੌਕਰੀ ਕਰਨ ਵਾਲਿਆਂ ਨੂੰ ਪਾਰ-ਦਸ਼ਤਾ ਦਾ ਸਬੂਤ ਦੇ ਰਹੀ
ਹੈ।
ਵੇਈਂ ਨਦੀ ਦੁਕਾਨ-ਦਾਰੀ ਲਈ ਇੱਕ ਪ੍ਰੇਰਨਾ ਸਰੋਤ ਹੈ।
ਵੇਈਂ ਨਦੀ ਧਾਰਮਿਕ ਪੂਜਾਰੀ ਦੇ ਪਾਖੰਡਾਂ ਦਾ ਪਰਦਾ ਉਠਾਉਂਦੀ ਹੈ।
ਵੇਈਂ ਨਦੀ ਹਾਕਮ ਨੂੰ ਆਪਣੇ ਅੰਦਰ ਝਾਕਣ ਦਾ ਪਤਾ ਦੱਸਦੀ ਹੈ।
ਵੇਈਂ ਨਦੀ ਦੇ ਕਿਨਾਰੇ `ਤੇ ਬੈਠ ਕੇ ਹਿਰਦੇ ਰੂਪੀ ਵੇਈਂ ਨਦੀ ਵਿੱਚ ਉੱਤਰ
ਕੇ ਗੁਰੂ ਨਾਨਕ ਸਾਹਿਬ ਜੀ ਨੇ ਦੁਨੀਆਂ ਨੂੰ ਤਿੰਨ ਸਿਧਾਂਤ ਦਿੱਤੇ। ਪਹਿਲਾ ਕ੍ਰਿਤ ਕਰਨੀ ਭਾਵ
ਆਰਥਿਕ ਪੱਖ ਨੂੰ ਮਜ਼ਬੂਤ ਕਰਨਾ, ਵਿਹਲੜ ਸਾਧ ਲਾਣੇ ਤੋਂ ਕੌਮ ਨੂੰ ਮੁਕਤ ਕਰਾਇਆ। ਦੂਜਾ ਨਾਮ ਜੱਪਣਾ
ਭਾਵ ਆਪਣੇ ਫ਼ਰਜ਼ਾਂ ਦੀ ਪਹਿਛਾਣ ਕਰਨੀ ਪਰ ਡੇਰਾ ਵਾਦੀ ਬਿਰਤੀ ਨੇ ਨਾਮ ਜੱਪਣ ਨੂੰ ਰਿੱਧੀਆਂ ਸਿੱਧੀਆਂ
ਨਾਲ ਜੋੜ ਕੇ ਬੱਤੀਆਂ ਬੰਦ ਕਰਨ ਤੀਕ ਸੀਮਤ ਕਰ ਦਿੱਤਾ ਹੈ ਜੋ ਵੇਖਾ ਵੇਖੀ ਕਰਮ-ਕਾਂਡ ਦੀ ਭੇਟ ਚੜ੍ਹ
ਗਿਆ ਹੈ। ਤੀਜਾ ਵੰਡ ਕੇ ਛੱਕਣਾ ਜੋ ਸਮਾਜਿਕ ਬਰਾਬਰੀ ਦਾ ਪਹਿਰੇਦਾਰ ਹੋ ਕੇ ਰੂਹਾਨੀਆਤ ਦਾ ਲਖਾਇਕ
ਬਣਦਾ ਹੈ। ਭਾਈ ਗੁਰਦਾਸ ਜੀ ਨੇ ਇਹਨਾਂ ਤਿੰਨਾਂ ਸਿਧਾਂਤਾਂ ਦਾ ਨਾਂ ਨਿਰਮਲ ਪੰਥ ਰੱਖਿਆ ਹੈ।
"ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ"॥
ਹਲੀਮੀ ਰਾਜ ਵਿੱਚ ਰਹਿਣ ਵਾਲੇ ਅੰਦਰੋਂ ਬੇਗ਼ਮ ਤੇ ਬਾਹਰੋਂ ਕਰਤਾਰ ਨਾਲ ਜੁੜੇ
ਹੋਣ ਦੇ ਸੰਕਲਪ ਨੂੰ ਦਸ ਭਾਗਾਂ ਵਿੱਚ ਵੰਡ ਕੇ ਸੰਸਾਰ `ਤੇ ਇਸ ਦੀ ਮਹਿਕ ਵੰਡੀ ਹੈ। ਸਰੀਰ ਦਸ ਬਦਲੇ
ਹਨ ਪਰ ਸਿਧਾਂਤ (ਜੋਤ) ਇੱਕ ਹੀ ਰਿਹਾ ਹੈ----
ਜੋਤਿ
ਓਹਾ, ਜੁਗਤਿ ਸਾਇ, ਸਹਿ ਕਾਇਆ ਫੇਰਿ ਪਲਟੀਐ॥ {ਪੰਨਾ 966}
ਗੁਰੂ ਨਾਨਕ ਸਾਹਿਬ ਜੀ ਦੇ ਇੱਕ ਪਾਸੇ ਪਰਵਾਰਕ ਜ਼ਿੰਮੇਵਾਰੀਆਂ ਦਾ ਬੋਝ ਤੇ
ਦੂਸਰੇ ਪਾਸੇ ਸੜ ਰਿਹਾ ਸੰਸਾਰ ਜੋ ਪੁਰਾਣੀਆਂ ਰਜ਼ਾਈਆਂ ਵਿੱਚ ਉਂਘਲ਼ਾਈ ਜਾ ਰਿਹਾ ਸੀ, ਉਹਨਾਂ ਨੂੰ
ਨਵਾਂ ਜੀਵਨ ਦੇਣ ਲਈ ਆਪ ਸੰਸਾਰ ਦੀ ਯਾਤਰਾ ਤੇ ਨਿਕਲੇ। ਇੱਕ ਦ੍ਰਿੜ ਇਰਾਦਾ ਲੈ ਕੇ ਸੰਸਾਰ ਨੂੰ
ਕਿਹਾ ---
"ਹਰਿ ਬਿਨੁ ਜੀਉ
ਜਲਿ ਬਲਿ ਜਾਉ॥ ਮੈ ਆਪਣਾ ਗੁਰੁ ਪੂਛਿ ਦੇਖਿਆ ਅਵਰੁ ਨਾਹੀ ਥਾਉ"॥ 1॥
ਨਿਰਮਲ ਪੰਥ ਦੀ ਪੂਰਤੀ ਲਈ ਤੇ ਲੀਹੋਂ ਲੱਥੇ ਜੋਗੀਆਂ-ਜਤੀਆਂ, ਸਿੱਧਾਂ,
ਪੰਡਤਾਂ, ਮੁਲਾਂ-ਮੁਲਾਣਿਆਂ, ਰਾਜਿਆ, ਅਹਿਲਕਾਰਾਂ ਦੇ ਕਿਰਦਾਰ ਨੂੰ ਭਰਿਆਂ ਇਕੱਠਾਂ ਵਿੱਚ ਲੋਕਾਂ
ਦੇ ਸਾਹਮਣੇ ਰੱਖਿਆ। ਗੱਲ ਕੀ ਸਮਾਜ ਵਿੱਚ ਆਏ ਹਰ ਪਰਕਾਰ ਦੇ ਪਾਖੰਡ ਦਾ ਪਰਦਾ ਪਾਸ਼ ਕੀਤਾ। ਜ਼ਿੰਦਗੀ
ਦੇ ਅਖ਼ੀਰਲੇ ਪੜਾਅ `ਤੇ ਕਰਤਾਰ ਵਰਗਾ ਕਰਤਾਰਪੁਰ ਵਸਾ ਕੇ ਦੱਸ ਦਿੱਤਾ, ਕਿ ਨਵੇਂ ਮੁਲਕ ਦੀ ਰੂਪ
ਰੇਖਾ ਏਹੋ ਜੇਹੀ ਹੋਣੀ ਚਾਹੀਦੀ ਹੈ ਤੇ ਇੰਜ ਦੇ ਹੀ ਇਸ ਵਿੱਚ ‘ਸਚਿਆਰ’ ਮਨੁੱਖ ਰਹਿਣੇ ਚਾਹੀਦੇ ਹਨ
ਤੇ ਉਹਨਾਂ ਦਾ ਅਖ਼ੀਰਲਾ ਪੜਾਅ ਅਨੰਦਪੁਰ ਦਾ ਹੋਏਗਾ। ਇਹ ਸਾਰੀ ਤਰਤੀਬ ਭਾਈ ਲਹਿਣੇ ਨੂੰ ਸਮਝਾ ਕੇ
ਦੱਸ ਦਿੱਤਾ ਕਿ ਭਲਿਆ ਇਹ ਸਾਰਾ ਕੁੱਝ ਅਗਾਂਹ ਦੱਸੀ ਜਾਣਾ ਹੈ। ‘ਸਚਿਆਰ’ ਦੀ ਪੱਕਿਆਈ ਲਈ ਜਿੱਥੇ
ਗੁਰੂ ਸਾਹਿਬ ਜੀ ਨੇ ਆਪ ਬਾਣੀ ਉਚਾਰੀ ਹੈ ਓੱਥੇ ਆਪਣੇ ਨਾਲ ਮਿਲਦੇ ਖ਼ਿਆਲਾਂ ਨੂੰ ਵੀ ਇੱਕਠਾ ਕੀਤਾ
ਹੈ ਤੇ ਇਹ ਪੋਥੀ ਸਾਹਿਬ ਭਾਈ ਲਹਿਣੇ ਦੇ ਕੇ ਉਹਨਾਂ ਨੂੰ ਗੁਰਤਾ ਤੇ ਸਥਾਪਿਤ ਕਰ ਦਿੱਤਾ।
ਸਮਝਿਆ ਜਾਂਦਾ ਸੀ ਕਿ ਦੇਵਤਿਆਂ ਨੂੰ ਖ਼ੁਸ਼ ਕਰਨ ਲਈ ਕੇਵਲ ਸੰਸਕ੍ਰਿਤ ਬੋਲੀ
ਦੁਆਰਾ ਹੀ ਅਰਾਧਣਾ ਕੀਤੀ ਜਾ ਸਕਦੀ ਹੈ, ਇਸ ਭਰਮ ਨੂੰ ਮੁਢੋਂ ਰੱਦ ਕਰਦਿਆਂ, ਗੁਰੂ ਅੰਗਦ ਪਾਤਸ਼ਾਹ
ਜੀ ਨੇ ਖਾਲਸੇ ਦੀ ਸਿਰਜਣਾ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਦੇ ਹੁਕਮ ਅਨੁਸਾਰ ਮਾਂ ਬੋਲੀ ਨੂੰ ਅਪਨਉਣ
ਤੇ ਸਾਰਾ ਜ਼ੋਰ ਦਿੱਤਾ। ਗੁਰੂ ਸਾਹਿਬ ਜੀ ਨੇ ਆਪ ਛੋਟੇ ਬੱਚਿਆਂ ਨੂੰ ਗੁਰਮੁਖੀ ਅਖ਼ਰ ਪੜ੍ਹਾਏ ਤੇ
ਪੰਜਾਬੀ ਦੇ ਬਾਲਉਪਦੇਸ਼ ਕਾਇਦੇ ਤਿਆਰ ਕਰਵਾਏ। ਦੁਨੀਆਂ ਦੀ ਤਰੱਕੀ ਦਾ ਰਾਜ਼ ਵਿਦਿਆ ਹੈ, ਇਸ ਲਈ ਗੁਰੂ
ਸਾਹਿਬ ਜੀ ਨੇ ਖਾਲਸੇ ਦੀ ਸਿਰਜਣਾ ਲਈ ਵਿਦਿਆ ਨੂੰ ਪਹਿਲ ਦਿੱਤੀ –
ਸਤੀ ਪਹਰੀ ਸਤੁ ਭਲਾ, ਬਹੀਐ ਪੜਿਆ ਪਾਸਿ॥ ਓਥੈ ਪਾਪੁ ਪੁਨੁੰ ਬੀਚਾਰੀਐ,
ਕੂੜੈ ਘਟੈ ਰਾਸਿ॥
ਓਥੈ ਖੋਟੇ ਸਟੀਅਹਿ, ਖਰੇ ਕੀਚਹਿ ਸਾਬਾਸਿ॥ ਬੋਲਣੁ ਫਾਦਲੁ ਨਾਨਕਾ, ਦੁਖੁ
ਸੁਖੁ ਖਸਮੈ ਪਾਸਿ॥ 1॥ {ਪੰਨਾ 146} ਸਲੋਕ ਮ: ੨॥
ਜਰਮਨ ਗਿਆਂ ਇੱਕ ਪਰਵਾਰ ਬੇਟੀ ਨੂੰ ਲੈ ਕੇ ਆਏ ਤੇ ਕਹਿਣ
ਲੱਗੇ, "ਭਾਈ ਸਾਹਿਬ ਜੀ ਇਸ ਬੇਟੀ ਨੂੰ ਇੱਕ ਪਉੜੀ ਅੱਗੇ ਅੱਗੇ ਬੋਲ ਕੇ ਜ਼ਬਾਨੀ ਯਾਦ ਕਰਾ ਦਿਆ ਜੇ"।
ਮੈਂ ਕਿਹਾ, "ਇਸ ਨੂੰ ਪੰਜਾਬੀ ਨਹੀਂ ਆਉਂਦੀ" ਕਹਿਣ ਲੱਗੇ, "ਨਹੀਂ ਇਹ ਨਿਤ-ਨੇਮ ਅੰਗਰੇਜ਼ੀ ਵਿੱਚ
ਕਰਦੀ ਹੈ’ ਮੈਂ ਉਹਨਾਂ ਨੂੰ ਨਿੰਮ੍ਰਤਾ ਸਹਿਤ ਬੇਨਤੀ ਕੀਤੀ ਕਿ, "ਇਸ ਨੂੰ ਪੰਜਾਬੀ ਦੀ ਮੁਹਾਰਨੀ
ਸਿਖਾ ਦਿਉ ਇਹ ਆਪਣੇ ਆਪ ਹੀ ਗੁਰਬਾਣੀ ਪੜ੍ਹ ਕੇ ਜ਼ਬਾਨੀ ਯਾਦ ਕਰ ਲਏਗੀ"। ਉਹਨਾਂ ਗੱਲ ਮੰਨ ਲਈ ਤੇ
ਅੱਜ ਉਹ ਬੱਚੀ ਬਹੁਤ ਖੂਬਸੂਰਤ ਪਾਠ ਤੇ ਕੀਰਤਨ ਕਰਦੀ ਹੈ। ਕੈਲੇਫੋਰਨੀਆ ਦੇ ਇੱਕ ਗੁਰਦੁਆਰਾ ਵਿੱਚ
ਪੰਜਾਬੀ ਦੀਆਂ ਕਲਾਸਾਂ ਲੱਗ ਰਹੀਆਂ ਸਨ ਪਰ ਉਹ ਪੰਜਾਂ ਪਿਆਰਿਆਂ, ਚਾਰ ਸਹਿਬਜ਼ਾਦਿਆਂ ਦੇ ਨਾਂ
ਅੰਗਰੇਜ਼ੀ ਵਿੱਚ ਯਾਦ ਕਰਾ ਰਹੇ ਸਨ। ਉਹਨਾਂ ਨੂੰ ਵੀ ਬੇਨਤੀ ਕੀਤੀ ਕਿ ਭਾਈ ਬਿਮਾਰੀ ਜੜ੍ਹ ਵਿੱਚ ਹੈ
ਪਰ ਤੁਸੀਂ ਦਵਾਈ ਪੱਤਿਆਂ `ਤੇ ਪਾ ਰਹੇ ਹੋ। ਖਾਲਸੇ ਦੀ ਸਿਰਜਣਾ ਲਈ ਪਹਿਲਾ ਨੁਕਤਾ ਮਾਂ ਬੋਲੀ ਦਾ
ਸੀ ਜੋ ਅੱਜ ਤਰਸ ਦੀ ਪਾਤਰ ਬਣੀ ਹੋਈ ਹੈ। ਗੁਰਬਾਣੀ ਨੂੰ ਸਹੀ ਅਰਥਾਂ ਵਿੱਚ ਸਿੱਖਣ ਲਈ ਗੁਰਮੁਖੀ
ਅਖ਼ਰਾਂ ਦਾ ਆਉਣਾ ਜ਼ਰੂਰੀ ਹੈ। ਪੰਜਾਬੀ ਦਾ ਮੁਹਾਵਰਾ ਹੈ ਮਾਂ ਬੋਲੀ ਭੁੱਲ ਗਏ ਤਾਂ ਕਖਾਂ ਵਾਂਗੂੰ
ਰੁਲ਼ ਗਏ।
ਤੰਦਰੁਸਤ ਸਰੀਰ ਵਿੱਚ ਤੰਦਰੁਰਸਤ ਮਨ ਦੇ ਟਿਕਾਅ ਲਈ ਕੌਮੀ ਉਸਾਰੀ ਕਰਦਿਆਂ
ਮੱਲ਼ ਅਖਾੜਿਆਂ ਵਲ ਉਚੇਚਾ ਧਿਆਨ ਦਿੱਤਾ ਜੋ ਮਾਰਸ਼ਲ ਆਰਟ ਗੱਤਕੇ ਤੇ ਹੋਲੇ ਮਹੱਲੇ ਦੀ ਚਰਮ ਸੀਮਾ ਤੇ
ਪਾਹੁੰਚਿਆ। ਗੁਰਦੁਆਰਿਆਂ ਵਿੱਚ ਮੱਲ ਅਖਾੜਿਆਂ ਦੀ ਥਾਂ ਤੇ ਵੀਹਾਂ ਕੁ ਮੁੰਡਿਆਂ ਦੀ ਟੀਮ ਕਬੱਡੀ ਦੀ
ਖੇਢ ਤਕ ਸਿਮੱਟ ਕੇ ਰਹਿ ਗਈ ਹੈ ਜੋ ਨਸ਼ਿਆਂ ਦੇ ਅਖੀਰ ਤੀਕ ਪਾਹੁੰਚ ਗਈ ਹੈ। ਡੰਡ ਬੈਠਕਾਂ ਦੀ ਥਾਂ
`ਤੇ ਨਸ਼ਿਆਂ ਵਾਲੇ ਟੀਕੇ ਲਗਾ ਕੇ ਖੇਡਣ ਦੀ ਭਾਵਨਾ ਨੇ ਜਨਮ ਲੈ ਲਿਆ ਹੈ। ਅੱਜ ਖਾਲਸੇ ਨੂੰ ਸਵੈ
ਪੜਚੋਲ ਕਰਨ ਦੀ ਲੋੜ ਹੈ। ਇਹ ਅਨੰਦਪੁਰ ਦਾ ਵਾਸੀ ਹੈ ਜਾਂ ਨਸ਼ਈ-ਨਗਰ ਦੇ ਰਹਿਣ ਵਾਲਾ।
‘ਸਚਿਆਰ’ ਮਨੁੱਖ ਦੀ ਘਾੜਤ ਲਈ ਤੀਸਰੇ ਪਾਤਸ਼ਾਹ ਜੀ ਨੇ ਗੁਰੂ ਨਾਨਕ ਪਾਤਸ਼ਾਹ
ਜੀ ਦੇ ਰਸਤੇ `ਤੇ ਚਲਦਿਆਂ ਛੂਤ-ਛਾਤ ਤੇ ਜਾਤ-ਪਾਤ ਦੇ ਕੋਹੜ ਨੂੰ ਸਦਾ ਲਈ ਖਤਮ ਕਰਨ ਲਈ ---
"ਜਾਤਿ ਜਨਮੁ ਨਹ ਪੂਛੀਐ ਸਚ
ਘਰੁ ਲੇਹੁ ਬਤਾਇ॥ ਸਾ ਜਾਤਿ ਸਾ ਪਤਿ ਹੈ ਜੇਹੇ ਕਰਮ ਕਮਾਇ"॥
ਲੰਗਰ ਪੰਗਤ ਭਾਵ ਬਰਾਬਰ ਬੈਠਣ ਦੀ ਅਨੋਖੀ ਪ੍ਰੰਪਰਾ ਚਲਾ
ਕੇ, ‘ਬਾਬਾ ਆਖੇ ਹਾਜੀਆਂ ਸ਼ੁਭ ਅਮਲਾਂ ਬਾਝੋਂ ਦੋਨੋ ਰੋਈ’ ਨੂੰ ਅਮਲੀ ਜਾਮਾ ਪਹਿਨਾ ਦਿੱਤਾ। ਬਾਉਲੀ
ਸਾਹਿਬ ਦੀ ਸਥਾਪਨਾ ਕਰਾ ਕੇ ਇੱਕ ਥਾਂ `ਤੇ ਇਸ਼ਨਾਨ ਕਰਨ ਦੀ ਤਾਗ਼ੀਦ ਕਰਦਿਆਂ ਊਚ-ਨੀਚ ਦਾ ਭੇਦ-ਭਾਵ
ਸਦਾ ਲਈ ਮਿਟਾ ਦਿੱਤਾ ਸੀ। ਅੱਜ ਸਦਕੇ ਜਾਈਏ ਬਿਬੇਕੀ ਸਿੱਖਾਂ ਦੇ ਜੋ ਸਿੱਖ-ਭਾਈਚਾਰੇ ਵਲੋਂ ਬਣੇ
ਹੋਏ ਲੰਗਰ ਨੂੰ ਛੱਕਣਾ ਤਾਂ ਇੱਕ ਪਾਸੇ ਰਿਹਾ ਕੜਾਹ ਪ੍ਰਸ਼ਾਦ ਲੈਣ ਲਈ ਵੀ ਤਿਆਰ ਨਹੀਂ ਹਨ। ਗੁਰੂ
ਸਾਹਿਬ ਜੀ ਨੇ ਉਮਰਾਂ ਦੇ ਫਰਕ ਨੂੰ ਮਿਟਾਉਂਦਿਆਂ ਬਜ਼ੁਰਗੀ ਅਵਸਥਾ ਵਿੱਚ ਵੀ ਸੇਵਾ ਕਰਕੇ ਇੱਕ ਅਦਰਸ਼
ਕਾਇਮ ਕੀਤਾ। ਗੁਰੂ ਨਾਨਕ ਸਾਹਿਬ ਜੀ ਦੇ ਮਿਸ਼ਨ ਤੋਂ ਭਟਕਦਿਆਂ ਆਪੋ ਆਪਣੀਆਂ ਟਕਸਾਲਾਂ ਤੇ ਡੇਰਿਆਂ
ਨੂੰ ਵੱਡਾ ਦੱਸਦਿਆਂ ਜਾਤ-ਪਾਤ ਦੇ ਨਾਂ ਨੂੰ ਵੀ ਮਾਤ ਪਾ ਗਏ ਹਾਂ। ਆਪਣੇ ਆਪ ਨੂੰ ਸਿਰਮੋਰ
ਜੱਥੇਬੰਦੀਆਂ ਅਖਵਾਉਣ ਵਾਲੀਆਂ ਟਕਸਾਲਾਂ, ਬ੍ਰਹਾਮਣ ਦੇ ਬਣਾਏ ਹੋਏ ਨਿਯਮ ਨੂੰ ਚੰਗੀ ਤਰ੍ਹਾਂ ਲਾਗੂ
ਕਰਦਿਆਂ ਦਲਤ-ਵਰਗ ਨੂੰ ਚੌਥੇ ਪੌੜੇ ਦੇ ਕਹਿ ਕੇ ਪੰਗਤਾਂ ਵੱਖਰੀਆਂ ਲਗਾ ਰਹੇ ਹਨ।
ਹਿਰਦੇ ਦੀ ਵੇਈਂ ਨਦੀ ਵਿੱਚ ਉੱਤਰ ਕੇ ਗੁਰੂ ਸਾਹਿਬ ਜੀ ਨੇ ਕੌਮ ਦੀ ਮਜ਼ਬੂਤੀ
ਲਈ ਵਪਾਰ ਦਾ ਨੁਕਤਾ ਦਿੱਤਾ ਹੈ ਤੇ ਇਸ ਨੂੰ ਅਮਲੀ ਜਾਮਾ ਪਹਿਨਾਇਆ ਹੈ ਚੌਥੇ ਜਾਮੇ ਵਿਚ। ਗੁਰੂ
ਰਾਮਦਾਸ ਜੀ ਨੇ "ਗੁਰੂ ਕਾ ਚੱਕ" ਨਾਂ ਦਾ (ਸਿਰੀ ਅੰਮ੍ਰਿਤਸਰ) ਨਵਾਂ ਸ਼ਹਿਰ ਵਸਾਇਆ ਤੇ ਬੱਵੰਜਾ
ਕਿਸਮ ਦੇ ਕਿਰਤੀ ਵਸਾ ਕੇ ਸੰਸਾਰ ਪੱਧਰ ਦੀ ਅੰਤਰਰਾਸ਼ਟਰੀ ਮੰਡੀ ਕਾਇਮ ਕੀਤੀ। ਮੁਲਕਾਂ ਦੀ ਤਰੱਕੀ ਲਈ
ਆਰਥਿਕ ਪੱਖ ਦਾ ਮਜ਼ਬੂਤ ਹੋਣਾ ਬੜਾ ਜ਼ਰੂਰੀ ਹੈ ਤੇ ਏਸੇ ਲਈ ਸ਼ੇਰ-ਸ਼ਾਹ ਸੂਰੀ ਮਾਰਗ `ਤੇ ਇਹ ਸ਼ਹਿਰ
ਵਸਾਇਆ ਗਿਆ। ਜਿੱਥੇ ਕੌਮ ਵਿੱਚ ਚੰਗੇ ਵਪਾਰੀ ਪੈਦਾ ਹੋਏ ਹਨ ਓੱਥੇ ਕੌਮ ਅੰਦਰ ਕੁੱਝ ਉਹ ਲੋਕ ਵੀ ਹਨ
ਜਿਹਨਾਂ ਨੇ ਨਸ਼ਿਆਂ ਦਾ ਧੰਧਾ ਕਰਕੇ ਕੋਈ ਚੰਗੀਆਂ ਪਿਰਤਾਂ ਨਹੀਂ ਪਾਈਆਂ। ਸ਼ਹਿਰ ਵਾਸੀਆਂ ਲਈ ਪਾਣੀ
ਦੀਆਂ ਲੋੜਾਂ ਨੂੰ ਮਹਿਸੂਸ ਕਰਦਿਆਂ ਸਰੋਵਰਾਂ ਦੀ ਖ਼ੁਦਾਈ ਕਰਾ ਕੇ ਇਹ ਦੱਸ ਦਿੱਤਾ ਕਿ ‘ਖਾਲਸਾ’
ਦੁਨੀਆਂ ਵਿੱਚ ਚੰਗੇ ਸ਼ਹਿਰਾਂ ਦੀ ਨਿਰਮਾਣਤਾ ਕਰ ਸਕਦਾ ਹੈ ਤੇ ਆਪਣਾ ਚੰਗਾ ਯੋਗਦਾਨ ਪਾ ਸਕਦਾ ਹੈ।
ਜਦੋਂ ਕਿਸੇ ਇਮਾਰਤ ਦੀ ਉਸਾਰੀ ਕਰਨੀ ਹੋਵੇ ਤਾਂ ਉਸ ਦੀ ਮਜ਼ਬੂਤੀ ਲਈ ਹਰੇਕ
ਪਹਿਲੂ ਵਲ ਧਿਆਨ ਦਿੱਤਾ ਜਾਂਦਾ ਹੈ ਕਿ ਕਿਤੇ ਕੋਈ ਕਚਿਆਈ ਨਾ ਰਹਿ ਜਾਏ। ਖਾਲਸੇ ਦੀ ਸਿਰਜਣਾ ਲਈ
ਗੁਰੂ ਸਾਹਿਬ ਜੀ ਨੇ ਜੋ ਤਰਤੀਬ ਦਿੱਤੀ ਉਹ ਸਾਰੀ ਨਾਲ ਦੀ ਨਾਲ ਲਿਖਤ ਵਿੱਚ ਵੀ ਆਉਂਦੀ ਗਈ ਤੇ ਇਸ
ਲਿਖਤ ਦਾ ਨਾਂ ਰੱਖਿਆ ਪੋਥੀ ਸਾਹਿਬ। ਇੱਕ ਗੁਰੂ ਇੱਕ ਬਾਣੀ ਦੇ ਸਿਧਾਂਤ `ਤੇ ਚੱਲਦਿਆਂ---
ਮਃ
3॥ ਇਕਾ ਬਾਣੀ ਇਕੁ ਗੁਰੁ ਇਕੋ ਸਬਦੁ ਵੀਚਾਰਿ॥ ਸਚਾ ਸਉਦਾ ਹਟੁ ਸਚੁ ਰਤਨੀ ਭਰੇ ਭੰਡਾਰ॥ ਗੁਰ ਕਿਰਪਾ
ਤੇ ਪਾਈਅਨਿ ਜੇ ਦੇਵੈ ਦੇਵਣਹਾਰੁ॥ {ਪੰਨਾ 646}
ਪੰਜਵੇਂ ਜਾਮੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਤਿਆਰ ਕਰਾਈ। ਦੁਨੀਆਂ
ਵਿੱਚ ਕੇਵਲ ਏਹੀ ਇੱਕ ਗ੍ਰੰਥ ਹੈ ਜਿਸ ਨੂੰ ਗੁਰੂ ਆਰਜਨ ਪਾਤਸ਼ਾਹ ਜੀ ਨੇ ਆਪ ਸੰਪਾਦਤ ਕੀਤਾ ਤੇ ਆਪ
ਬਾਣੀ ਉਚਾਰਨ ਕੀਤੀ। ਅੱਜ ਸਿਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਬਚਿਤ੍ਰ ਨਾਟਕ ਵਰਗੀਆਂ ਲਿਖਤਾਂ
ਨੂੰ ਇਸ ਦੇ ਬਰਾਬਰ ਪ੍ਰਕਾਸ਼ ਕਰਕੇ ਇਸ ਦੀ ਮਹਾਨਤਾ ਨੂੰ ਘਟਾਇਆ ਜਾ ਰਿਹਾ ਹੈ। ਗੁਰੂ ਗ੍ਰੰਥ ਸਾਹਿਬ
ਜੀ ਦੀ ਮਹਾਨਤਾ ਸਰਬ-ਪੱਖੀ ਹੈ। ਸਭ ਤੋਂ ਪਹਿਲੀ ਕਿ ਭਾਰਤ ਵਿੱਚ ਅਖੌਤੀ ਜਾਤਾਂ ਨਾਲ ਸਬੰਧ ਰੱਖਣ
ਵਾਲਿਆਂ ਦੇ ਰੱਬੀ ਕਲਾਮ ਨੂੰ ਆਪਣੇ ਬਰਾਬਰ ਬਿਠਾ ਕੇ ਦੁਨੀਆਂ ਵਿੱਚ ਇੱਕ ਨਵੀਂ ਕ੍ਰਾਂਤੀ ਲਿਆਂਦੀ
ਹੈ। ਦੂਸਰਾ ਗੁਰੂ ਗ੍ਰੰਥ ਸਾਹਿਬ ਜੀ ਦਾ ਆਸ਼ਾ ਸੱਚ ਦੇ ਅਧਾਰਤ ਹੈ ਜਿਸ ਨੇ ਕਦੇ ਮੈਲਾ ਨਹੀਂ ਹੋਣਾ।
ਆਤਮਿਕ ਗਿਆਨ ਦਾ ਡੂੰਘਾ ਖ਼ਜ਼ਾਨਾ ਹੈ ਓੱਥੇ ਸੰਸਾਰ ਵਿੱਚ ਰਹਿਣ ਦਾ ਚੱਜ ਅਚਾਰ ਸਿਖਾਉਂਦਾ ਹੈ।
ਹੈਰਾਨਗੀ ਦੀ ਗੱਲ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਸ ਬੈਠ ਕੇ ਗੁਰ-ਬਿਲਾਸ ਵਰਗੇ ਗ੍ਰੰਥ ਦੀ
ਕਥਾ ਤੇ ਉਹਦੀਆਂ ਮਨ ਘੜਤ ਸਾਖੀਆਂ ਸੁਣਾਈਆਂ ਗਈਆਂ, ਤੇ ਜਾ ਰਹੀਆਂ ਹਨ। ਕੀ ਇਹਨਾਂ ਮਨ-ਘੜਤ ਸਾਖੀਆਂ
ਨਾਲ ਖਾਲਸੇ ਦਾ ਆਤਮਿਕ ਵਿਕਾਸ ਹੋ ਸਕਦਾ ਹੈ? ਪਿੱਛਲੇ ਕੁੱਝ ਸਮੇਂ ਤੋਂ ਸਿੱਖ ਧਰਮ ਦੀ ਵਿਆਖਿਆ ਇਸ
ਤਰ੍ਹਾਂ ਦੀ ਹੋ ਕੀਤੀ ਗਈ ਹੈ ਜਿਵੇਂ ਇਹਨੇ ਘਰ-ਬਾਹਰ ਤਿਆਗਣਾ ਤੇ ਕੇਵਲ ਭਟਕਿਆ ਹੋਇਆ ਸਾਧ ਬਣ ਕੇ
ਨਾਮ ਜੱਪਣਾ ਹੀ ਹੋਵੇ। ਦਿਨ-ਬ-ਦਿਨ ਕੀਰਤਨ ਦਰਬਾਰਾਂ ਦੇ ਛੌਰੇ ਥੱਲੇ ਖਾਲਸਾ ਪੰਥ ਦਾ ਕੱਦ ਬੌਣਾ
ਬਣਦਾ ਜਾ ਰਿਹਾ ਹੈ। ਸਚਿਆਰ ਮਨੁੱਖ ਦੀ ਪ੍ਰਪੱਕਤਾ ਲਈ ਤੇ ਇਸ ਰਸਤੇ `ਤੇ ਚੱਲਦਿਆਂ ਤੱਤੀ ਤਵੀ ਦੇ
ਰਸਤੇ ਨੂੰ ਪਾਰ ਕਰਦਿਆਂ ਉਬਲ਼ਦੀ ਦੇਗ਼ ਵਿੱਚ ਬੈਠਣਾ ਵੀ ਪ੍ਰਵਾਨ ਕੀਤਾ। ਅਸਲ ਵਿੱਚ ਤਾਂ ਇਹ ਜਾਨ ਨੂੰ
ਤਲ਼ੀ `ਤੇ ਰੱਖਣ ਦਾ ਰਾਹ ਸੀ ਜੇਹਾ ਕਿ –
ਜਉ ਤਉ ਪ੍ਰੇਮ ਖੇਲਣ ਕਾ ਚਾਉ॥ ਸਿਰੁ
ਧਰਿ ਤਲੀ ਗਲੀ ਮੇਰੀ ਆਉ॥ ਇਤੁ ਮਾਰਗਿ ਪੈਰੁ ਧਰੀਜੈ॥ ਸਿਰੁ ਦੀਜੈ ਕਾਣਿ ਨ ਕੀਜੈ॥ 20॥ (ਪੰਨਾ
1412)
ਛੇਵੇਂ ਪਾਤਸ਼ਾਹ ਜੀ ਨੇ ਮੀਰੀ ਪੀਰੀ ਦੀਆਂ ਦੋ ਤਲਵਾਰਾਂ ਪਹਿਨ ਕੇ ਇਹ ਦੱਸ
ਦਿੱਤਾ ਕਿ ਗੁਰੂ ਨਾਨਕ ਸਾਹਿਬ ਜੀ ਦੇ ਰਸਤੇ `ਤੇ ਚੱਲਦਿਆਂ ਅਣਖ਼ ਨਾਲ ਜ਼ਿੰਦਗੀ ਜਿਉਣੀ ਹੈ। ਕਿਸੇ ਦਾ
ਹੱਕ ਖੋਹਣਾ ਨਹੀਂ ਸਗੋਂ ਹੱਕਾਂ ਦੀ ਰਾਖੀ ਲਈ ਜੂਝਣਾ ਵੀ ਹੈ। ਹੱਕ ਇਨਸਾਫ਼, ਧਾਰਮਿਕ ਅਜ਼ਾਦੀ, ਸਮਾਜ
ਦਾ ਵਿਕਾਸ, ਇਸਤ੍ਰੀ ਨੂੰ ਬਰਾਬਰ ਦਾ ਦਰਜਾ, ਜਾਤ-ਪਾਤ ਦਾ ਖ਼ਾਤਮਾ ਤੇ ਲੋੜ ਪੈਣ `ਤੇ ਸ਼ਸ਼ਤਰ ਨੂੰ
ਉਠਾਉਣ ਲਈ ਮੀਰੀ –ਪੀਰੀ ਦੀਆਂ ਦੋ ਤਲਵਾਰਾਂ ਪਹਿਨ ਕੇ ਇਹ ਦੱਸ ਦਿੱਤਾ ਕਿ –--
ਮ: 1 ਸਲੋਕੁ॥ ਸੋ ਜੀਵਿਆ, ਜਿਸੁ ਮਨਿ
ਵਸਿਆ ਸੋਇ॥ ਨਾਨਕ ਅਵਰੁ ਨ ਜੀਵੈ ਕੋਇ॥ ਜੇ ਜੀਵੈ, ਪਤਿ ਲਥੀ ਜਾਇ॥ ਸਭੁ ਹਰਾਮੁ ਜੇਤਾ ਕਿਛੁ ਖਾਇ॥
ਰਾਜਿ ਰੰਗੁ, ਮਾਲਿ ਰੰਗੁ, ਰੰਗਿ ਰਤਾ, ਨਚੈ ਨੰਗੁ॥ ਨਾਨਕ ਠਗਿਆ ਮੁਠਾ ਜਾਇ॥ ਵਿਣੁ ਨਾਵੈ ਪਤਿ ਗਇਆ
ਗਵਾਇ॥ 1॥ {ਪੰਨਾ 142}
ਘੜੇ ਦੇ ਗਲ਼ ਨੂੰ ਬੰਨ੍ਹ ਕੇ ਹੀ ਖੂਹ ਵਿਚੋਂ ਪਾਣੀ ਕੱਢਿਆ ਜਾ ਸਕਦਾ ਹੈ,
ਕਾਲ਼ੇ ਨਾਗ਼ ਦੇ ਸਿਰ ਵਿਚਲੀ ਮਨੀ ਪ੍ਰਾਪਤ ਕਰਨ ਲਈ ਉਸ ਨੂੰ ਪਹਿਲੇ ਮਾਰਨਾ ਹੀ ਪਏਗਾ। ਗਿਰੀ ਦੀ
ਪ੍ਰਾਪਤੀ ਲਈ ਨਾਰੀਅਲ ਦਾ ਸਿਰ ਤੋੜਨਾ ਪਏਗਾ ਤੇ ਤਿਲਾਂ ਵਿਚੋਂ ਤੇਲ ਲੈਣ ਲਈ ਉਹਨਾਂ ਨੂੰ ਕੋਹਲੂ
ਵਿੱਚ ਪਾ ਕੇ ਪੀੜਨਾ ਪੈਣਾ ਹੈ ਤਾਂ ਹੀ ਕਿਤੇ ਜਾ ਕੇ ਤੇਲ ਮਿਲੇਗਾ। ਮੂਰਖ ਤੇ ਧੱਕਾ ਬੇ-ਇਨਸਾਫ਼ ਕਰਨ
ਵਾਲੇ ਸਿਰੇ ਦੇ ਜ਼ਾਲਮ ਹੈਂਕੜੀ ਨੂੰ ਬੰਦਾ ਬਣਾਉਣ ਲਈ ਪੁਚ ਪੁਚ ਕਰਨ ਦੀ ਥਾਂ `ਤੇ ਵੰਗਾਰਨ ਵਿੱਚ ਹੀ
ਬਿਹਤਰੀ ਹੈ।
੧ ਜਿਉ ਕਰ ਖੁਹਹੁ ਨਿਕਲੇ ਗਲ ਬਧੇ ਪਾਣੀ॥ ਜਿਉ ਮਣੀ ਕਾਲੇ ਸਪ ਸਿਰ ਹੱਸ ਦੇ
ਨਾ ਜਾਣੀ॥
੨ ਜਾਣ ਕਥੂਰੀ ਮ੍ਰਿਗ ਤਨ ਮਰ ਮੁੱਕੇ ਆਣੀ॥ ਤੇਲ ਤਿਲਹੁ ਕਿਉ ਨਿਕਲੇ ਵਿਣ
ਪੀੜੇ ਘਾਣੀ॥
੩ ਜਿਉ ਮੂੰਹ ਭੰਨੇ ਗਿਰੀ ਦੇ ਨਲ਼ੀਏਰ ਨਿਸ਼ਾਨੀ॥ ਬੇ ਮੁਖ ਲੋਹਾ ਸਾਧੀਐ ਵਗਦੀ
ਮਧਾਣੀ॥ ੩੪—੧੨
ਖਾਲਸੇ ਦੀ ਪੁਖਤਾ ਸਿਰਜਣਾ ਲਈ ਗੁਰੂ ਨਾਨਕ ਸਾਹਿਬ ਜੀ ਦੇ ਸਿਧਾਂਤ `ਤੇ
ਚੱਲਦਿਆਂ ਬੇ-ਇਨਸਾਫ਼ੀ ਤੇ ਜ਼ਾਲਮੀ ਸੋਚ ਦੇ ਵਿਰੋਧ ਵਿੱਚ ਚਾਰ ਜੰਗਾਂ ਲੜੀਆਂ ਤੇ ਜਿੱਤਾਂ ਪ੍ਰਾਪਤ
ਕੀਤੀਆਂ। ਨਵੇਂ ਸ਼ਹਿਰਾਂ ਦੀ ਸਿਰਜਣਾ ਵੀ ਕੀਤੀ।
ਬੰਦੇ ਨੂੰ ਸਰੀਰਕ ਤੇ ਆਤਮਿਕ ਤਲ਼ ਦੀਆਂ ਬਿਮਾਰੀਆਂ ਚਿੰਬੜੀਆਂ ਹੋਈਆਂ ਹਨ।
ਮਨੋ-ਬਲ ਉੱਚਾ ਚੁੱਕਣ ਲਈ ਗੁਰੂ ਸਾਹਿਬ ਜੀ ਨੇ ਗੁਰਬਾਣੀ ਦਿੱਤੀ ਹੈ ਜਦੋਂ ਕਿ ਸਰੀਰਕ ਬਿਮਾਰੀਆਂ ਵਲ
ਧਿਆਨ ਦੇਂਦਿਆਂ ਸਤਵੇਂ ਜਾਮੇ ਵਿੱਚ ਵੱਡ-ਅਕਾਰੀ ਦਵਾ-ਖਾਨਾ (ਹਸਪਤਾਲ) ਕੀਰਤ ਪੁਰ ਦੀ ਧਰਤੀ `ਤੇ
ਬਣਵਾਇਆ। ਬਾਈ ਸੌ ਘੋੜ ਸਵਾਰ ਰੱਖ ਕੇ ਅਜ਼ਾਦ ਹੋਂਦ ਦਾ ਪ੍ਰਗਟਾਵਾ ਬਰ-ਕਰਾਰ ਰੱਖਿਆ। ਕੁਦਰਤੀ
ਵਾਤਾਵਰਨ ਨੂੰ ਬਰਕਰਾਰ ਰੱਖਣ ਲਈ ਨਵੇਂ ਰੁੱਖ ਲਗਾਏ। ਅਠਵੇਂ ਜਾਮੇ ਵਿੱਚ ਭਾਰਤ ਦੀ ਕੌਮੀ ਸਰਕਾਰ
ਨਾਲ ਕੋਈ ਵੀ ਬੇ-ਜੋੜ ਰਾਜਨੀਤਿਕ ਜਾਂ ਗ਼ੈਰ-ਕੁਦਰਤੀ ਮੇਲ ਜੋਲ ਨਾ ਰੱਖਣ ਦਾ ਦ੍ਰਿੜ ਇਰਾਦਾ ਕੀਤਾ ਤੇ
ਸੰਗਤਾਂ ਨੂੰ ਇਸ ਫੈਸਲੇ ਤੋਂ ਜਾਣੂ ਵੀ ਕਰਾਇਆ। ਪਰ ਅੱਜ ਗੁਰੂ ਨਾਨਕ ਦੀ ਸੋਚ ਦੇ ਪਾਤਰਾਂ ਨੇ ਆਪਣੇ
ਨਿਜੀ ਲਾਭਾਂ ਜਾਂ ਪਰਵਾਰਾਂ ਦੇ ਲਾਭ ਦੀ ਖ਼ਾਤਰ ਸਰਕਾਰਾਂ ਨਾਲ ਸਮਝੌਤੇ ਹੀ ਨਹੀਂ ਕੀਤੇ ਸਗੋਂ ਸਿੱਖੀ
ਸਿਧਾਂਤ ਦਾਅ ਤੇ ਵੀ ਲਾਇਆ ਹੋਇਆ ਹੈ। ਸ਼ੂਦਰਾਂ ਨੂੰ ਵਿਦਿਆ ਪੜ੍ਹਨ ਦਾ ਕੋਈ ਅਧਿਕਾਰ ਨਹੀਂ ਸੀ ਪਰ
ਕੀਰਤਪੁਰ ਦੀ ਧਰਤੀ `ਤੇ ਪੜ੍ਹੇ ਹੋਏ ਸ਼ੂਦਰਾਂ ਨੇ ਹੰਕਾਰੀ ਲਾਲ ਚੰਦ ਵਰਗਿਆਂ ਨੂੰ ਦੱਸ ਦਿੱਤਾ ਕਿ
ਵਿਦਿਆ ਕੋਈ ਵੀ ਇਨਸਾਨ ਲੈ ਸਕਦਾ ਹੈ ਤੁਹਾਡਾ ਕੋਈ ਜਾਤੀ ਅਧਿਕਾਰ ਨਹੀਂ ਹੈ। ਬ੍ਰਹਾਮਣ ਦੀ ਸਦੀਆਂ
ਦੀ ਬਣੀ ਹੋਈ ਧਾਰਨਾ ਨੂੰ ਢਹਿ ਢੇਰੀ ਕਰ ਦਿੱਤਾ। ਵੇਈਂ ਨਦੀ `ਤੇ ਬੈਠ ਕੇ ਸੋਚੀ ਸੋਚ ਨੂੰ ਸਤਵੇਂ
ਜਾਮੇ ਵਿੱਚ ਮਨੁੱਖਤਾ ਦੇ ਭਲੇ ਲਈ ਦਵਾ ਖ਼ਾਨਾ ਬਣਾਇਆ ਤੇ ਅਠਵੇਂ ਜਾਮੇ ਵਿੱਚ ਕਿਸੇ ਵੀ ਬੇ ਅਸੂਲੀ
ਹਕੂਮਤ ਨਾਲ ਕੋਈ ਵੀ ਸਮਝੌਤਾ ਨਹੀਂ ਕੀਤਾ ਤੇ ਅਖੌਤੀ ਸ਼ੂਦਰਾਂ ਨੂੰ ਬ੍ਰਹਾਮਣ ਦੇ ਬਰਾਬਰ ਬੈਠਾ
ਦਿੱਤਾ।
ਬੋਹੜ ਦਾ ਬੀਜ ਦੇਖਣ ਨੂੰ ਬਹੁਤ ਹੀ ਛੋਟਾ ਜੇਹਾ ਹੈ ਪਰ ਜਦੋਂ ਰੁੱਖ ਦੇ ਰੂਪ
ਵਿੱਚ ਪ੍ਰਗਟ ਹੁੰਦਾ ਹੈ ਤਾਂ ਕਈ ਲੋਕ ਉਸ ਦੀ ਸੰਘਣੀ ਛਾਂ ਦਾ ਅਨੰਦ ਮਾਣ ਸਕਦੇ ਹਨ। ਇੰਜ ਹੀ
‘ਸਚਿਆਰ’ ਜਾਂ ‘ਖਾਲਸਾ ਦੇਖਣ ਨੂੰ ਬਹੁਤ ਹੀ ਛੋਟੇ ਜੇਹੇ ਸ਼ਬਦ ਲੱਗਦੇ ਹਨ ਪਰ ਇਹਨਾਂ ਦਾ ਵਿਸਥਾਰ
ਬਹੁਤ ਵੱਡਾ ਹੈ। ਨੌਵੇਂ ਜਾਮੇ ਵਿੱਚ ਅਣਖ਼ ਦੀ ਚੰਗਿਆੜੀ ਦਾ ਭਾਂਬੜ ਮਚਾਉਂਦਿਆਂ ਗੁਰੂ ਸਾਹਿਬ ਜੀ ਨੇ
ਕਹਿ ਦਿੱਤਾ ਕਿ –
ਭੈ ਕਾਹੂ
ਕਉ ਦੇਤ ਨਹਿ, ਨਹਿ ਭੈ ਮਾਨਤ ਆਨ॥ ਕਹੁ ਨਾਨਕ ਸੁਨਿ ਰੇ ਮਨਾ ਗਿਆਨੀ ਤਾਹਿ ਬਖਾਨਿ॥ 16॥ (ਪੰਨਾ
1427) ਹਰ ਮਨੁੱਖ ਨੂੰ ਆਪਣੀ ਸਵੈ ਅਜ਼ਾਦੀ ਨਾਲ
ਜਿਉਣ ਦਾ ਹੱਕ ਹੈ ਕੋਈ ਕਿਸੇ ਦੇ ਬੁਨਿਆਦੀ ਹੱਕਾਂ `ਤੇ ਛਾਪਾ ਕਿਉਂ ਮਾਰੇ। ਭਾਰਤ ਦੀ ਕੌਮੀ
ਰਾਜਨੀਤੀ ਵਿੱਚ ਦਿੱਲੀ ਪਤੀ ਔਰੰਗਜ਼ੇਬ ਨੇ ਆਪਣੇ ਪਿਤਾ ਨੂੰ ਕੈਦ ਵਿੱਚ ਪਾਇਆ, ਭਰਾਵਾਂ ਦਾ ਕਤਲ
ਕੀਤਾ, ਭਾਰਤੀਆਂ `ਤੇ ਜ਼ੁਲਮ ਢਾਏ ਓਦੋਂ ਵੇਈ ਨਦੀ ਦੇ ਕੰਢੇ ਤੇ ਸੋਚੀ ਹੋਈ ਸੋਚ ਅਨੁਸਾਰ ਗੁਰੂ ਤੇਗ
ਬਹਾਦਰ ਜੀ ਨੇ ਮਨੁੱਖੀ ਹੱਕਾਂ (ਹਿਊਮਨ ਰਾਈਟਸ) ਲਈ ਆਪਣੇ ਸਰੀਰ ਦੀ ਕੁਰਬਾਨੀ ਦਿੱਤੀ। ਗੁਰੂ ਨਾਨਕ
ਸਾਹਿਬ ਜੀ ਦੇ ਮਿਸ਼ਨ `ਤੇ ਚੱਲਣ ਵਾਲਿਆਂ ਦੀ ਇਹ ਦੂਜੀ ਸ਼ਹਾਦਤ ਸੀ। ਹਕੂਮਤ ਦੀ ਵੰਗਾਰ ਨੂੰ ਪ੍ਰਵਾਨ
ਕਰਦਿਆਂ ਦਿਨ-ਦੀਵੀਂ ਗੁਰੂ ਤੇਗ ਬਹਾਦਰ ਜੀ ਦੇ ਸੀਸ ਤੇ ਧੜ ਨੂੰ ਉਠਾਉਣਾ ਖਾਲਸੇ ਦਾ ਆਪਣੇ ਆਪ ਵਿੱਚ
ਇੱਕ ਪ੍ਰਗਟਾਅ ਸੀ। ਕੀ ਅੱਜ ਖਾਲਸਾ ਮਨੁੱਖਤਾ ਦੇ ਹੱਕਾਂ ਦੀ ਗੱਲ ਕਰ ਰਿਹਾ ਹੈ ਜਾਂ ਆਪਣੇ ਭਾਈ
ਭਤੀਜੇ ਲਈ ਪੀੜ੍ਹੀਆਂ ਦੀ ਰੋਟੀ ਜਮ੍ਹਾਂ ਕਰਨ ਵਿੱਚ ਲੱਗਿਆ ਹੈ। ਮਨੁੱਖਤਾ ਦੇ ਹੱਕਾਂ ਦੀ ਗੱਲ ਤਾਂ
ਦੂਰ ਦੀ ਰਹੀ ਇਹ ਤਾਂ ਹੁਣ ਆਪਣੀ ਕੌਮ ਲਈ ਵੀ ਸੋਚਣ ਲਈ ਤਿਆਰ ਨਹੀਂ ਹੈ। ਨਿਆਰੇ ਖਾਲਸੇ ਦੇ ਪਾਂਧੀ
ਮੁਕਟ ਸਜਾ, ਤਿਲਕ ਬੰਨ੍ਹ, ਰਮਾਇਣ ਦੇ ਦੋ ਸੌ ਪਾਠ ਕਰਾ, ਕੜੇ ਨਾਲ ਲਾਲ ਧਾਗਾ ਬੰਨ੍ਹ ਕੇ ਆਪਣੀ ਅਕਲ
ਦਾ ਜਨਾਜ਼ਾ ਕੱਢਦਿਆਂ ‘ਨਿਆਰੇ ਖਾਲਸੇ’ ਦੀ ਜੜ੍ਹੀਂ ਤੇਲ ਦੇਣ ਲੱਗਿਆ ਹੋਇਆ ਹੈ।
ਕਿਸੇ ਪੱਥਰ ਵਿਚੋਂ ਕੋਈ ਕਲਾ ਸਾਕਾਰ ਕਰਨੀ ਹੋਵੇ ਤਾਂ ਬੁੱਤ-ਘਾੜੇ ਨੂੰ
ਸਾਲਾਂ ਬੱਧੀ ਮਿਹਨਤ ਕਰਨੀ ਪੈਂਦੀ ਹੈ। ਦਿੱਸ ਰਹੀਆਂ ਉੱਚੀਆਂ ਸੋਹਣੀਆਂ ਇਮਾਰਤਾਂ ਨੂੰ ਬਣਾਉਣ ਲਈ
ਸਾਲਾਂ ਬੱਧੀ ਮਿਸਤਰੀਆਂ ਤੇ ਮਜ਼ਦੂਰਾਂ ਨੇ ਦਿਨ ਰਾਤ ਇੱਕ ਕਰਕੇ ਇਹਨਾਂ ਨੂੰ ਸਥਾਪਿਤ ਕੀਤਾ ਹੈ।
ਗੁਰੂ ਨਾਨਕ ਸਾਹਿਬ ਜੀ ਨੇ ਵੇਈਂ ਨਦੀ ਦੇ ਕੰਢੇ ਬੈਠ ਕੇ ਹਿਰਦੇ ਦੀ ਵੇਈਂ ਨਦੀ ਵਿੱਚ ਉਤਰਦਿਆਂ ਜਿਸ
ਖਾਲਸੇ ਦੀ ਸਿਰਜਣਾ ਕੀਤੀ ਸੀ ਉਹ ਦੋ ਸੌ ਤੀਹ ਸਾਲ ਉਪਰੰਤ ਅਨੰਦਪੁਰ ਦੀ ਧਰਤੀ `ਤੇ ਸਾਰੀ ਲੁਕਾਈ ਦੇ
ਸਾਹਮਣੇ ਪ੍ਰਗਟ ਕਰ ਦਿੱਤਾ। ਦਸਮੇਸ਼ ਪਿਤਾ ਜੀ ਨੇ ੧੬੯੯ ਈਸਵੀ ਨੂੰ ਉਹ ਖਾਲਸਾ ਪ੍ਰਗਟ ਕੀਤਾ ਜਿਸ
ਵਿੱਚ ਨੌ ਗੁਰੂ ਸਾਹਿਬ ਜੀ ਨੇ ਆਪਣਾ ਸਾਰਾ ਜੀਵਨ ਲਗਾ ਕੇ ਇਸ ਦੇ ਰੂਪ ਨੂੰ ਸਾਕਾਰ ਕੀਤਾ। ਅਨੰਦਪੁਰ
ਦੀ ਧਰਤੀ `ਤੇ ਦੂਰ ਦੂਰ ਤੋਂ ਆਈ ਸੰਗਤਾਂ ਦੇ ਇਕੱਠ ਵਿੱਚ ਸਾਰੀ ਸੋਚ ਨੂੰ ਸੰਗਤਾਂ ਨਾਲ ਸਾਂਝੀ
ਕਰਦਿਆ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਹਲੇਮੀ ਰਾਜ ਦੀ ਸਥਾਪਨਾ ਕਰਨ ਲਈ ਕੌਮਾਂਤਰੀ ਪੱਧਰ `ਤੇ
ਸਾਨੂੰ ਉਪਰਾਲੇ ਕਰਨ ਲਈ ਇੱਕ ਪਹਿਛਾਣ ਬਣਾਉਣੀ ਜ਼ਰੂਰੀ ਹੈ। ਗੁਰੂ ਸਾਹਿਬ ਜੀ ਨੇ ਸਾਰੀ ਸੰਗਤ ਨੂੰ
ਪਿੱਛਲੇ ਇਤਿਹਾਸ ਤੋਂ ਜਾਣੂੰ ਕਰਾਉਂਦਿਆਂ ਕਿਹਾ ਕਿ ਖਾਲਸਾ ਜੀ ਅੱਜ ਸਾਨੂੰ ਸ਼ਸਤਰ-ਧਾਰੀ ਹੋ ਕੇ
ਜ਼ੁਲਮ ਦੇ ਵਿਰੋਧ ਤੇ ਬੇਇਨਸਾਫ਼ੀ ਦੀ ਅੱਗ ਵਿੱਚ ਸੜ ਰਹੀ ਲੁਕਾਈ ਨੂੰ ਬਚਾਉਣ ਲਈ ਤੇ ਆਪਣੇ ਹੱਕਾਂ ਦੀ
ਰਾਖੀ ਲਈ ਮੈਦਾਨ ਵਿੱਚ ਜੂਝਣਾ ਵੀ ਪੈਣਾ ਹੈ। ਕੌਮੀ ਸਰਕਾਰ, ਸੂਬਾ ਸਰਕਾਰਾਂ ਦੇ ਜ਼ੁਲਮ ਤੇ
ਬ੍ਰਾਹਮਣੀ ਕਰਮ-ਕਾਂਡੀ ਦਲ਼-ਦਲ਼ ਵਿਚੋਂ ਲੁਕਾਈ ਨੂੰ ਬਾਹਰ ਕੱਢਣ ਹਿੱਤ, ਅਜ਼ਾਦੀ ਦਾ ਨਿੱਘ ਦੇਣ ਲਈ
ਗੁਰੂ ਸਾਹਿਬ ਜੀ ਨੇ ਗੁਰੂ ਨਾਨਕ ਵਾਲੇ ‘ਸਚਿਆਰ’ ਨੂੰ ‘ਖਾਲਸੇ’ ਦੇ ਰੂਪ ਪ੍ਰਗਟ ਕਰ ਦਿੱਤਾ।
ਨਾ-ਸਮਝੀ ਦੇ ਕਾਰਨ ਕਈ ਵਾਰੀ ਇਹ ਵੀ ਸੁਣਨ ਨੂੰ ਮਿਲਦਾ ਹੈ ਕਿ ਜੀ ਗੁਰੂ
ਨਾਨਕ ਸਾਹਿਬ ਵਾਲਾ ਰਸਤਾ ਠੀਕ ਸੀ ਕਿਉਂਕਿ ਉਹ ਕੇਵਲ ਨਾਮ ਜੱਪਣ ਦਾ ਹੀ ਸੀ ਪਰ ਗੁਰੂ ਗੋਬਿੰਦ ਸਿੰਘ
ਜੀ ਵਾਲਾ ਰਸਤਾ ਬਹੁਤ ਔਖਾ ਹੈ ਇਸ `ਤੇ ਚੱਲਣਾ ਸਾਰਿਆਂ ਦੇ ਵੱਸ ਦਾ ਰੋਗ ਨਹੀਂ ਹੈ। ਅਸਲ ਵਿੱਚ
ਅਸੀਂ ਗੁਰੂ ਨਾਨਕ ਸਾਹਿਬ ਜੀ ਦੇ ਰਸਤੇ ਨੂੰ ਸਹੀ ਢੰਗ ਨਾਲ ਸਮਝਿਆ ਹੀ ਨਹੀਂ ਹੈ। ਅੱਜ ਸਿੱਖੀ ਵਿੱਚ
ਕੀਰਤਨ ਦਰਬਾਰਾਂ, ਰੈਣ ਸਬਾਈਆਂ, ਨਗਰ ਕੀਰਤਨਾਂ ਜਾਂ ਜਾਗਰਤੀਆਂ, ਅਖੰਡ-ਪਾਠਾਂ, ਸੰਪਟ ਪਾਠਾਂ ਦੀਆਂ
ਲੜੀਆਂ, ਕਰਮ-ਕਾਂਡੀ ਤੇ ਜੋਗ-ਮਤ ਵਾਲੇ ਸਿਮਰਨ ਵਿੱਚ ਫਸ ਕੇ ਰਹਿ ਗਈ ਹੈ, ਗੁਰਮਤਿ ਦੇ ਤੱਤ ਤੋਂ
ਬਹੁਤ ਦੂਰੀ ਬਣਾ ਲਈ ਹੈ। ਸਿੱਖੀ ਨੇ ਵੇਈਂ ਨਦੀ ਤੋਂ ‘ਸਚਿਆਰ’ ਦੇ ਸਫ਼ਰ ਦੀ ਅਰੰਭਤਾ ਕੀਤੀ ਸੀ ਤੇ
ਅਨੰਦਪੁਰ ਸਾਹਿਬ ਜਾ ਕੇ ‘ਖਾਲਸੇ’ ਦੇ ਰੂਪ ਵਿੱਚ ਮੁਕੰਮਲਤਾ ਦੀ ਸਿੱਖਰ ਨੂੰ ਛੂਹਿਆ ਹੈ।
1) ਗੁਰੂ ਨਾਨਕ ਸਾਹਿਬ ਜੀ ਨੇ ਇੱਕ ਅਕਾਲ ਪੁਰਖ ਦੇ ਗੁਣਾਂ ਨੂੰ ਸਮਝ ਕੇ ਜੀਵਨ ਵਿੱਚ ਅਪਨਾਉਣ
ਦਾ ਵਿਧੀ-ਵਿਧਾਨ ਸਮਝਾਇਆ। ਜੋ ਅਕਾਲ ਪੁਰਖ ਦੇ ਗੁਣ ਹਨ ਉਹ ਹੀ ਹਰ ਇਨਸਾਨ ਵਿੱਚ ਹੋਣੇ ਚਾਹੀਦੇ ਹਨ
ਤਾਂ ਕਿ ਜ਼ਿਉਂਦੇ ਜੀ ਮਨੁੱਖ ਰੱਬ ਦਾ ਰੂਪ ਬਣ ਸਕੇ। ਏਸੇ ਕਿਰਦਾਰ ਨੂੰ ‘ਸਚਿਆਰ’ ਅਥਵਾ ‘ਖਾਲਸਾ’
ਕਿਹਾ ਹੈ।
2) ਗੁਰੂ ਅੰਗਦ ਪਾਤਸ਼ਾਹ ਜੀ ਨੇ ਖਾਲਸੇ ਦੀ ਸਿਰਜਣਾ ਵਿੱਚ ਮਾਂ ਬੋਲੀ, ਉੱਚ ਵਿਦਿਆ ਤੇ ਖੇਢ
ਪ੍ਰਤੀ ਭਾਵਨਾ ਨੂੰ ਉਜਾਗਰ ਕਰਦਿਆ ਆਦਰਸ਼ਕ ਸੇਵਕ ਬਣ ਕੇ ਦੱਸਿਆ।
30 ਗੁਰੂ ਅਮਰਦਾਸ ਜੀ ਨੇ ਮਨੁੱਖੀ ਬਰਾਬਰਤਾ ਲਈ ਪੰਗਤ-ਸੰਗਤ, ਜਾਤ-ਪਾਤ ਦਾ
ਕੋਹੜ ਵੱਢਿਆ। ਛੋਟੀ ਉਮਰ ਦੇ ਵਿਆਹਾਂ ਤੇ ਪਾਬੰਦੀ, ਵਿਧਵਾ ਦੇ ਪੁਨਰ ਵਿਆਹ ਤੇ ਜ਼ੋਰ ਦੇਣਾ, ਸਤੀ ਦੀ
ਰਸਮ ਨੂੰ ਬੰਦ ਕਰਨਾ ਤੇ ਕੁੜਮਾਚਾਰੀ ਤੋਂ ਉੱਪਰ ਉੱਠ ਕੇ ਸਿੱਖ ਬਣਨ ਦੀ ਜਾਚ ਸਿਖਾਈ।
4) ਗੁਰੂ ਰਾਮਦਾਸ ਜੀ ਨੇ ਖਾਲਸੇ ਨੂੰ ਵਪਾਰ ਕਰਨਾ ਸਿਖਾਇਆ ਤੇ ਗੁਰੂ ਕਾ
ਚੱਕ (ਅੰਮ੍ਰਿਤਸਰ) ਨਵੀਂ ਮੰਡੀ ਸਥਾਪਿਤ ਕਰਕੇ ਆਰਥਿਕ ਪੱਖ ਨੂੰ ਮਜ਼ਬੂਤੀ `ਤੇ ਲਿਆਂਦਾ। ਕੌਮਾਂ ਉਹ
ਹੀ ਤਰੱਕੀ ਕਰ ਸਕਦੀਆਂ ਹਨ ਜਿਹਨਾਂ ਦਾ ਆਰਥਿਕ ਪੱਖ ਨਿਰੋਇਆ ਹੈ।
5) ਗੁਰੂ ਅਰਜਨ ਪਾਤਸ਼ਾਹ ਜੀ ਨੇ ਇੱਕ ਗ੍ਰੰਥ ਦੀ ਸੰਪਾਦਨਾ ਕਰਕੇ ਸਦੀਵ-ਕਾਲ
ਲਈ ਅਕਾਲਪੁਰਖ ਦਾ ਰੂਪ ਬਣਨ ਲਈ ਤੇ ਮਨੁੱਖਤਾ ਦੀ ਸੰਸਾਰਿਕ ਤੇ ਆਤਮਿਕ ਭੁੱਖ ਦੂਰ ਕੀਤੀ। ਖਾਲਸੇ ਦੀ
ਸਿਰਜਣ ਦੇ ਸਿਧਾਂਤ ਨੂੰ ਕਾਇਮ ਰੱਖਣ ਲਈ ਤੱਤੀ ਤਵੀ, ਤੱਤਾ ਰੇਤਾ, ਉਬਲ਼ਦੀ ਦੇਗ ਤੇ ਰਾਵੀ ਦੇ ਠੰਡੇ
ਪਾਣੀਆਂ ਦਾ ਟਾਕਰਾ ਕਰਕੇ ਆਪਣੀ ਸ਼ਹੀਦੀ ਦਿੱਤੀ।
6) ਗੁਰੂ ਹਰਿ ਗੋਬਿੰਦ ਸਾਹਿਬ ਜੀ ਨੇ ਮੀਰੀ-ਪੀਰੀ ਦੇ ਸਿਧਾਂਤ ਨੂੰ ਖਾਲਸੇ ਵਿੱਚ ਭਰਿਆ ਤੇ ਚਾਰ
ਜੰਗਾਂ ਲੜ ਕੇ ਇਹ ਦੱਸ ਦਿੱਤਾ ਕਿ ਖਾਲਸਾ ਆਪਣੇ ਹੱਕਾਂ ਦੀ ਖ਼ਾਤਰ ਹੱਥ `ਤੇ ਹੱਥ ਰੱਖ ਕੇ ਨਹੀਂ
ਬੈਠੇਗਾ ਸਗੋਂ ਆਪਣੇ ਫੈਸਲੇ ਖ਼ੁਦ ਕਰਿਆ ਕਰੇਗਾ, ਇਸ ਲਈ ਅਕਾਲ ਤੱਖਤ ਨੂੰ ਹੋਂਦ ਵਿੱਚ ਲਿਆਂਦਾ।
ਅਕਾਲ ਤੱਖਤ ਇਮਾਰਤ ਦਾ ਨਾਂ ਨਹੀਂ ਇਹ ਸਗੋਂ ਖਾਲਸੇ ਦੀ ਅਜ਼ਾਦ ਹੋਂਦ ਦਾ ਪ੍ਰਤੀਕ ਹੈ।
7) ਗੁਰੂ ਹਰਿ ਰਾਏ ਸਾਹਿਬ ਜੀ ਨੇ ਦਵਾ ਖਾਨਾ ਖੋਹਲ ਕੇ ਤੇ ਘੋੜ ਸਵਾਰ ਭਰਤੀ ਕਰਕੇ ਖਾਲਸੇ ਨੂੰ
ਪਰਉਪਕਾਰੀ ਬਣਾਇਆ।
8) ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ ਨੇ ਦ੍ਰਿੜਤਾ ਦਾ ਸਬਕ ਯਾਦ ਕਰਾਉਂਦਿਆਂ ਇਹ ਕਿਹਾ ਕਿ ਖਾਲਸਾ
ਕਿਸੇ ਵੀ ਹਕੂਮਤ ਦਾ ਹੱਥ ਠੋਕਾ ਨਹੀਂ ਬਣੇਗਾ।
9) ਗੁਰੂ ਤੇਗ ਬਹਾਦਰ ਜੀ ਨੇ ਮਨੁੱਖਤਾ ਦੇ ਹੱਕਾਂ (ਹਿਊਮਨ-ਰਾਈਟਸ) ਲਈ ਆਪਣੀ ਕੁਰਬਾਨੀ ਦੇ ਕੇ
ਖਾਲਸੇ ਦੀ ਸਿਰਜਣਾ ਵਿੱਚ ਅਨੌਖਾ ਰੰਗ ਭਰਿਆ ਹੈ।
10) ਗੁਰੂ ਗੋਬਿੰਦ ਸਿੰਘ ਜੀ ਨੇ ਗੁਣਾਂ ਭਰਪੂਰ ਖਾਲਸੇ ਨੂੰ ਪ੍ਰਗਟ ਕਰਕੇ ਕਹਿ ਦਿੱਤਾ ਖਾਲਸਾ
ਇੱਕ ਅਕਾਲ ਪੁਰਖ ਦਾ ਸਰੂਪ ਹੈ ਇਸ ਵਿੱਚ ਉਹ ਸਾਰੇ ਗੁਣ ਹਨ ਜੋ ਗੁਰੂ ਨਾਨਕ ਸਾਹਿਬ ਜੀ ਸਾਡੇ ਲਈ
ਦਰਸ਼ਨ ਮਾਰਗ ਕੀਤੇ ਹਨ। ਪਰਵਾਰਕ ਮੋਹ ਦੀਆਂ ਹੱਦਾਂ ਨੂੰ ਤੋੜਦਿਆਂ ਪੁੱਤਰਾਂ ਦੀ ਸ਼ਹੀਦੀ ਦਿੱਤੀ।
ਅਖ਼ੀਰ ਸ਼ਬਦ ਗੁਰੂ ਨੂੰ ਸਦਾ ਲਈ ਸਥਾਪਿਤ ਕਰਕੇ ਦੱਸ ਦਿੱਤਾ ਕਿ ਖਾਲਸੇ ਦੀ ਹਮੇਸ਼ਾਂ ਲਈ ਅਗਵਾਈ ਸ਼ਬਦ
ਗੁਰੂ ਦੀ ਹੋਏਗੀ।
ਸੋ ਖਾਲਸੇ ਦੀ ਸਿਰਜਣਾ ਦਸ ਗੁਰੂ ਸਾਹਿਬਾਨ ਜੀ ਨੇ ਕੀਤੀ ਹੈ ਜਿਸ ਦੀ
ਅਰੰਭਤਾ ਵੇਈ ਨਦੀ ਤੋਂ ਹੋਈ ਤੇ ਮੁਕੰਮਲਤਾ ਅਨੰਦਪੁਰ ਸਾਹਿਬ ਜਾ ਕੇ ਹੋਈ। ਸਹਿਜ, ਵਿਚਾਰ, ਧੀਰਜ,
ਕੁਰਬਾਨੀ, ਸੇਵਾ ਤੇ ਗਿਆਨ ਦਾ ਨਾਂ ਦੇ ਕੇ ਖਾਲਸੇ ਦੇ ਰੂਪ ਵਿੱਚ ਪ੍ਰਗਟ ਕਰ ਦਿੱਤਾ।
ਸਰ ਬੁਲੰਦੀ ਸਰ ਫ਼ਰੋਸ਼ੀ ਇਨਕਸਾਰੀ ਆਸਤੀਂ।
ਇਨ ਹੀ ਕੀ ਯਕਜਾਈ ਕਾ ਤੋ ਨਾਮ ਇੱਕ ਖਾਲਸਾ।