ਐ ਦੁਨੀਆਂ ਨੂੰ ਸੱਚ ਨਾਲ ਜੋੜ ਕੇ ਜੀਵਨ ਮੁਕਤ ਕਰਨ ਵਾਲੇ ਸਤਿਗੁਰੂ ਜੀ! ਇਹ
ਤਾਂ ਸੀ ਤੁਹਾਡੇ ਬਖ਼ਸ਼ਸ਼ ਕੀਤੇ ਗਿਆਨ ਦੇ ਖ਼ਜ਼ਾਨੇ `ਚ ਕੁਛ ਕੁ ਅਣਮੋਲ ਰਤਨਾਂ ਦੀ ਝਲਕ। ਜਿਹਨਾ ਦੀ
ਅਸੀਂ ਹਰੇਕ ਹੀ ਪੁਰਬ ਤੇ ਬੜੇ ਹੀ ਵਿਸਥਾਰ ਨਾਲ ਚਰਚਾ ਕਰਦੇ ਹਾਂ। ਹਾਂ ਮਹਾਰਾਜ, ਅਸੀਂ ਹਰੇਕ ਸਾਲ
ਹੀ ਤੁਹਾਡੇ ਇਹਨਾਂ ਉਪਦੇਸ਼ਾਂ ਨੂੰ ਬੜੀ ਹੀ ਸ਼ਰਧਾ ਨਾਲ ਚੇਤੇ ਕਰਦੇ ਰਹਿੰਦੇ ਹਾਂ। ਪਰ ਫਿਰ ਵੀ ਸਾਡੇ
ਉੱਤੇ ਕੁੱਝ ਪ੍ਰਾਣੀ ਇਹ ਦੋਸ਼ ਲਾਉਂਦੇ ਰਹਿੰਦੇ ਹਨ ਕਿ ਅਸੀਂ ਤੁਹਾਡੇ ਉਪਦੇਸ਼ ਨੂੰ ਭੁਲਾ ਦਿੱਤਾ ਹੈ;
ਕਿਉਂਕਿ ਇਸ ਤਰ੍ਹਾਂ ਦੀ ਸੋਚ ਰੱਖਣ ਵਾਲੇ ਇਹ ਸਮਝਦੇ ਹਨ ਕਿ ਅਸੀਂ ਤੁਹਾਡੇ ਇਹਨਾਂ ਵਿਚਾਰਾਂ ਨੂੰ
ਅਮਲੀ ਜਾਮਾ ਨਹੀਂ ਪਹਿਣਾ ਸਕੇ। ਪਰ ਬਾਬਾ ਜੀ! ਇਹ ਉਹ ਲੋਕ ਹਨ ਜਿਹਨਾਂ ਨੂੰ ਤੁਹਾਡੇ ਖ਼ਾਲਸਾ ਪੰਥ
ਨੇ, ਨਾ ਤਾਂ ਗੁਰਦੁਆਰਿਆਂ ਦੀ ਸੇਵਾ ਸੰਭਾਲ ਦਾ ਮੌਕਾ ਦਿੱਤਾ ਹੈ ਅਤੇ ਨਾ ਹੀ ਇਹਨਾਂ `ਚ ਬਹੁਤਿਆਂ
ਨੂੰ ਗੁਰਦੁਆਰਿਆਂ ਦੀ ਸਟੇਜਾਂ `ਤੇ ਬੋਲਣ ਦਿੱਤਾ ਜਾਂਦਾ ਹੈ। ਇਹਨਾਂ ਦੀ ਕੋਈ ਵੀ ਕਿਸੇ ਤਰ੍ਹਾਂ
ਦੀ ਤੁਹਾਡੇ ਨਾਮ ਲੇਵਿਆਂ ਵਿੱਚ ਪੁੱਛ ਪ੍ਰਤੀਤ ਨਹੀਂ ਹੈ। ਅਤੇ ਨਾ ਹੀ ਇਹਨਾਂ ਨੂੰ ਗੁਰਮਤਿ ਦੇ
ਫ਼ਲਸਫੇ ਦੀ ਸੋਝੀ ਹੈ। ਜੇਕਰ ਇਹਨਾਂ ਨੂੰ ਗੁਰਮਤਿ ਦੀ ਵਿਚਾਰਧਾਰਾ ਦੀ ਸਮਝ ਹੁੰਦੀ ਤਾਂ ਕੀ ਇਹ ਇਨੀ
ਕੁ ਗੱਲ ਵੀ ਇਹਨਾਂ ਦੀ ਸਮਝ ਵਿੱਚ ਨਾ ਆਉਂਦੀ ਕਿ ਤੁਸੀਂ ਇਹ ਉਪਦੇਸ਼ ਤਾਂ ਪੰਡਤ, ਕਾਜ਼ੀ, ਮੁੱਲਾਂ,
ਜੋਗੀ ਆਦਿ ਨੂੰ ਮੁਖ਼ਾਤਬ ਕਰਕੇ ਆਖਿਆ ਸੀ। ਤੁਸੀਂ ਤਾਂ ਉਸ ਸਮੇਂ ਦੇ ਜ਼ਾਲਮ ਹੁਕਮਰਾਨਾਂ ਅਤੇ ਉਹਨਾਂ
ਵੱਢੀਖ਼ੋਰੇ ਮੁਲਾਜ਼ਮਾਂ ਪ੍ਰਤੀ ਆਖਿਆ ਸੀ। ਹਾਂ ਬਾਬਾ! ਤੁਸੀਂ ਤਾਂ ਮਲਕ ਭਾਗੋ, ਕੌਡੇ ਰਾਖਸ਼, ਸੱਜਨ
ਠੱਗ ਵਰਗਿਆਂ ਨੂੰ ਇਹ ਸੱਚ ਦਾ ਉਪਦੇਸ਼ ਦ੍ਰਿੜ ਕਰਾਇਆ ਸੀ। ਅਸੀਂ ਤਾਂ ਤੁਹਾਡੇ ਆਪਣੇ ਪਿਆਰੇ ਸਿੱਖ
ਹਾਂ, ਜਮਾਂਦਰੂ ਸਿੱਖ ਹਾਂ, ਕਈ ਪੀੜੀਆਂ ਤੋਂ ਇਹ ਸਿੱਖੀ ਸਾਡੇ ਪਰਵਾਰਾਂ ਵਿੱਚ ਚਲੀ ਆ ਰਹੀ ਹੈ। ਇਸ
ਲਈ ਐ ਨਾਨਕ ਨਿਰੰਕਾਰੀ ਜੀਓ! ਅਜੇਹੇ ਵਿਅਕਤੀਆਂ ਦੇ ਅਜੇਹਾ ਆਖਣ ਵਿੱਚ ਕਿਸੇ ਤਰ੍ਹਾਂ ਦੀ ਵੀ ਸਚਾਈ
ਨਹੀਂ ਹੈ। ਇਹ ਇਲਜ਼ਾਮ ਬਿਲਕੁਲ ਹਾਂ ਸਰਾਸਰ ਗ਼ਲਤ ਹੈ ਕਿ ਅਸੀਂ ਤੁਹਾਡੇ ਇਹਨਾਂ ਬਚਨਾਂ ਨੂੰ ਬਿਲਕੁਲ
ਹੀ ਵਿਸਾਰੀ ਬੈਠੇ ਹਾਂ। ਹੇ ਦੁਨੀਆਂ ਨੂੰ ਵਹਿਮਾਂ ਭਰਮਾਂ ਵਿਚੋਂ ਕੱਢ ਕੇ ਆਤਮਕ ਜ਼ਿੰਦਗੀ ਦੀ ਦਾਤ
ਬਖ਼ਸ਼ਸ਼ ਕਰਨ ਵਾਲੇ ਸਤਿਗੁਰੂ ਜੀਓ! ਇਹ ਗੱਲ ਤਾਂ ਪੰਥ ਦੇ ਅਜੇਹੇ ਦੋਖੀ ਵੀ ਮੰਨਦੇ ਹਨ ਕਿ ਜਿੰਨੀ
ਬਾਣੀ ਅਸੀਂ ਪੜ੍ਹਦੇ ਹਾਂ ਇਤਨੀ ਤਾਂ ਕੋਈ ਵੀ ਹੋਰ ਮਤ ਵਾਲਾ ਆਪਣੇ ਧਰਮ ਗਰੰਥ ਨਹੀ ਪੜ੍ਹਦਾ ਹੋਣਾ।
ਹੇ ਕਰਮਕਾਂਡਾਂ ਤੋਂ ਮਨੁੱਖ ਨੂੰ ਛੁਟਕਾਰਾ ਦਿਵਾ ਕੇ ਜੀਵਨ ਮੁਕਤੀ ਦਾ ਪਾਠ ਪੜ੍ਹਾਉਣ ਵਾਲੇ ਗੁਰਦੇਵ
ਜੀਓ! ਇਹ ਬਿਲਕੁਲ ਸੱਚ ਹੈ ਕਿ ਬਾਣੀ ਨੂੰ ਪੜ੍ਹਣ ਦੇ ਪੱਖੋਂ ਅਸੀਂ ਦੂਜੇ ਧਰਮਾਂ ਦੇ ਪੈਰੋਕਾਰਾਂ
ਨਾਲੋਂ ਬਹੁਤ ਅੱਗੇ ਹਾਂ। ਅਖੰਡ ਪਾਠਾਂ ਦੀਆਂ ਲੜੀਆਂ ਤਾਂ ਅਸੀ ਟੁੱਟਣ ਹੀ ਨਹੀਂ ਦੇਂਦੇ ਹਾਂ। ਕੁੱਝ
ਇਤਿਹਾਸਕ ਯਾਨੀ ਕਿ ਤੁਹਾਡੀ ਚਰਨ ਛੋਹ ਮਾਣਨ ਵਾਲੇ ਗੁਰਦੁਆਰਿਆਂ ਵਿਖੇ ਤਾਂ ਅਖੰਡ ਪਾਠ ਕਰਾਉਣ ਲਈ
ਕਈ ਕਈ ਸਾਲ ਉਡੀਕਣ ਪੈਂਦਾ ਹੈ; ਵੇਟਿੰਗ ਲਿਸਟ ਬੜੀ ਹੀ ਲੰਬੀ ਹੈ। ਹਾਂ, ਇਹ ਠੀਕ ਹੈ ਕਿ ਸਾਡੇ
ਵਿੱਚ ਜ਼ਿਆਦਾਤਰ ਆਪ ਗੁਰੂ ਗਰੰਥ ਸਾਹਿਬ ਯਾਨੀ ਕਿ ਤੁਹਾਡਾ ਬਖ਼ਸ਼ਸ਼ ਕੀਤਾ ਗਿਆਨ ਪੜ੍ਹ ਨਹੀਂ ਸਕਦੇ।
ਸੋ, ਇਸ ਮਜਬੂਰੀ ਕਾਰਨ ਹਜ਼ੂਰ ਅਸੀਂ ਤੁਹਾਡੇ ਹੀ ਬਖ਼ਸ਼ੇ ਖ਼ਜ਼ਾਨਿਆਂ `ਚੋਂ ਜਥਾ ਜੋਗ ਮਾਇਆ ਦੇਕੇ ਗੁਰੂ
ਗਰੰਥ ਸਾਹਿਬ ਦਾ ਪਾਠ ਜ਼ਰੂਰ ਕਰਾ ਦੇਂਦੇ ਹਾਂ। ਰੁਝੇਵਿਆਂ ਕਾਰਨ ਭਾਵੇਂ ਸਾਡੇ ਪਾਸ ਗੁਰੂ ਗਰੰਥ
ਸਾਹਿਬ ਦੀ ਹਜ਼ੂਰੀ ਵਿੱਚ ਬੈਠ ਕੇ ਪਾਠ ਸੁਣਨ ਦੀ ਵੇਹਲ ਨਹੀਂ ਹੁੰਦੀ, ਕਿਉਂਕਿ ਸਾਨੂੰ ਹੋਰ ਜ਼ਰੂਰੀ
ਰੁਝੇਵੇਂ ਜੁ ਹੋਏ! ਜੇਕਰ ਸਮਾਂ ਹੋਵੇ ਵੀ ਤਾਂ ਇਹ ਕੰਮ ਸਾਡਾ ਤਾਂ ਨਹੀਂ ਨਾ ਕਿ ਅਸੀਂ ਤੁਹਾਡੇ ਪਾਸ
ਆਕੇ ਬੈਠ ਜਾਈਏ। ਇਹ ਕੰਮ ਤਾਂ ਭਾਈਆਂ ਆਦਿ ਦਾ ਹੈ; ਇਹਨਾਂ ਦਾ ਇਹ ਕੰਮ ਜੁ ਹੋਇਆ। ਇਹਨਾਂ ਪਾਠ ਕਰਨ
ਵਾਲਿਆਂ ਪਾਠੀਆਂ ਨੂੰ ਭੇਟਾ ਵੀ ਤਾਂ ਅਸੀਂ ਇਸ ਗੱਲ ਦੀ ਹੀ ਤਾਂ ਦੇਂਦੇ ਹਾਂ ਕਿ ਉਹ ਸ਼ਰਧਾ ਪਿਆਰ
ਨਾਲ ਪਾਠ ਕਰਨ, ਜੇਕਰ ਅਸੀਂ ਹੀ ਗੁਰੂ ਗਰੰਥ ਸਾਹਿਬ ਪਾਸ ਬੈਠਣਾ ਸੀ ਤਾਂ ਸਾਨੂੰ ਪਾਠੀਆਂ ਨੂੰ ਭੇਟਾ
ਦੇਣ ਦੀ ਕੀ ਜ਼ਰੂਰਤ ਹੈ? ਜੇਕਰ ਗੁਰੂ ਗਿਆਨ ਦੇ ਪਾਸ ਬੈਠਕੇ ਅਸੀਂ ਹੀ ਪਾਠ ਸੁਣਨਾ ਹੈ ਤਾਂ ਫਿਰ
ਗਰੰਥੀ ਸਿੰਘਾਂ ਨੂੰ ਕਾਹਦੇ ਲਈ ਰੱਖਿਆ ਹੋਇਆ ਹੈ? ਜਿਸ ਤਰ੍ਹਾਂ ਨਾਲ ਅਸੀਂ ਤੁਹਾਡੇ ਬਚਨਾਂ ਦਾ
ਸਤਿਕਾਰ ਕਰਦੇ ਹਾਂ ਇਹੋ ਜੇਹਾ ਸਤਿਕਾਰ ਤਾਂ ਕਿਸੇ ਵੀ ਧਰਮ ਦਾ ਪੈਰੋਕਾਰ ਆਪਣੇ ਗੁਰੂ ਪੀਰ ਪੈਕੰਬਰ
ਅਵਤਾਰ ਆਦਿ ਦੇ ਬਚਨਾਂ ਦਾ ਨਹੀਂ ਕਰਦਾ। ਸਤਿਕਾਰ ਕਰਨ ਵਿੱਚ ਅਸੀਂ ਕਦੇ ਵੀ ਅਵੇਸਲਾਪਣ ਨਹੀਂ
ਦਿਖਾਉਂਦੇ।
ਐ ਅਗਿਆਨਤਾ ਦਾ ਹਨੇਰਾ ਗਿਆਨ ਨਾਲ ਦੂਰ ਕਰਨ ਵਾਲੇ ਪਾਤਸ਼ਾਹ ਜੀਓ! ਇੱਕ ਹੋਰ
ਨਿਰਾਲੀ ਗੱਲ ਅਸੀਂ ਕਰਦੇ ਹਾਂ, ਜੇਹੜੀ ਅਨਮਤ ਵਾਲਿਆਂ ਬਾਰੇ ਕਦੇ ਨਹੀਂ ਸੁਣੀ। ਉਹ ਇਹ ਕਿ ਅਸੀਂ
ਇੱਕ ਦੂਜੇ ਨੂੰ ਗਾਲੀ ਗਲੌਚ, ਇੱਕ ਦੂਜੇ ਦੀ ਪੱਗ ਲਾਹੁਣ ਦਾ ਅਭਿਆਸ ਵੀ ਗੁਰਦੁਆਰੇ ਭਾਵ ਗੁਰੂ ਗਰੰਥ
ਸਾਹਿਬ ਦੀ ਹਜ਼ੂਰੀ ਯਾਨੀ ਕਿ ਤੁਹਾਡੀ ਹਜ਼ੂਰੀ ਵਿੱਚ ਹੀ ਕਰਦੇ ਹਾਂ। (ਨੋਟ: ਭਾਂਵੇ ਇਹੋ ਜੇਹੀ ਹਰਕਤ
ਕਿਸੇ ਵੀ ਥਾਂ `ਤੇ ਗੁਰੂ ਕੇ ਸਿੱਖ ਲਈ ਵਿਵਰਜਤ ਹੈ, ਪਰ ਚੂੰਕਿ ਇੱਥੇ ਉਸ ਅਸਥਾਨ ਦੀ ਗੱਲ ਕੀਤੀ ਜਾ
ਰਹੀ ਹੈ ਜਿੱਥੋਂ ਸਿੱਖ ਨੇ ਗੁਰਮਤਿ ਦੀ ਸੰਥਿਆਂ ਲੈਣੀ ਸੀ, ਇਸ ਲਈ ਇਸ ਕਥਨ ਨੂੰ ਇੱਥੋਂ ਤਕ ਹੀ
ਸੀਮਤ ਰੱਖਿਆ ਗਿਆ ਹੈ।) ਕਈ ਵਾਰ ਸਾਨੂੰ ਅਜੇਹਾ ਕਰਦਿਆਂ ਦੇਖ ਕੇ ਕਈ ਸੱਜਨ ਇਸ ਤਰ੍ਹਾਂ ਦਾ ਸਾਲਾਹ
ਮਸਵਰਾ ਦੇਣ ਲੱਗ ਪੈਂਦੇ ਹਨ ਕਿ ਅਸੀਂ ਤੁਹਾਡੀ ਹਜ਼ੂਰੀ ਵਿੱਚ ਇਸ ਤਰ੍ਹਾਂ ਦਾ ਅਭਿਆਸ ਨਾ ਕਰਿਆ
ਕਰੀਏ। ਪਰ ਇਹੋ ਜੇਹੀ ਸਾਲਾਹ ਦੇਣ ਵਾਲੇ ਸੱਜਨਾਂ ਨੇ, ਇੰਝ ਪ੍ਰਤੀਤ ਹੁੰਦਾ ਹੈ ਕਿ ਕਦੇ ਗੁਰੂ ਗਰੰਥ
ਸਾਹਿਬ ਨੂੰ ਧਿਆਨ ਨਾਲ ਪੜ੍ਹਿਆ ਵਿਚਾਰਿਆ ਨਹੀਂ ਹੈ। ਜੇਕਰ ਅਜੇਹੀ ਸਾਲਾਹ ਦੇਣ ਵਾਲਿਆਂ ਨੇ ਧਿਆਨ
ਨਾਲ ਗੁਰੂ ਗਰੰਥ ਸਾਹਿਬ ਭਾਵ ਤੁਹਾਡੇ ਬਚਨਾਂ ਨੂੰ ਪੜ੍ਹਿਆ ਹੁੰਦਾ ਤਾਂ ਉਹ ਅਜੇਹੀ ਗੱਲ ਕਦੀ ਵੀ
ਮੂੰਹੋਂ ਨਾ ਕੱਢਦੇ। ਕਿਉਂਕਿ ਫਿਰ ਤਾਂ ਉਹਨਾਂ ਨੂੰ ਪਤਾ ਹੁੰਦਾ ਕਿ ਤੁਸੀਂ ਤਾਂ ਆਖਿਆ ਹੈ ਕਿ
ਵਾਹਿਗੁਰੂ ਤਾਂ ਹਰ ਥਾਂ ਹਾਜ਼ਰ ਨਾਜ਼ਰ ਹੈ। ਜੇਕਰ ਅਕਾਲ ਪੁਰਖ ਸਾਰੀਆਂ ਹੀ ਥਾਂਵਾ ਵਿੱਚ ਮੌਜੂਦ ਹੈ
ਫਿਰ ਕਿਉਂ ਨਾ ਗੁਰਦੁਆਰਿਆ ਵਿੱਚ ਹੀ ਇਹੋ ਜੇਹੀਆਂ ਆਪ - ਹੁਦਰੀਆਂ ਗੱਲਾਂ ਦਾ ਵੀ ਅਭਿਆਸ ਕੀਤਾ
ਜਾਵੇ? ਨਾਲੇ ਸਾਡਾ ਧਰਮ ਅਤੇ ਸਿਆਸਤ ਇੱਕਠੇ ਜੁ ਹੋਏ! ਇੱਨਾ ਹੀ ਨਹੀਂ ਇੱਥੇ ਅਖਾੜਾ ਬਣਾਉਣ ਨਾਲ
ਪੁਲੀਸ ਦਾ ਡਰ ਵੀ ਨਾ ਮਾਤਰ ਹੀ ਹੁੰਦਾ ਹੈ। ਜੇਕਰ ਸਾਨੂੰ ਯਾਨੀ ਕਿ ਤੁਹਾਡੇ ਲਾਡਲਿਆਂ ਨੂੰ ਆਪਸ
ਵਿੱਚ ਗੁੱਥਮ -ਗੁੱਥਾ, ਗਾਲ਼ੀ - ਗਲ਼ੋਚ ਕਰਦਿਆਂ, ਫਿਰ ਦਸਤਾਰਾਂ ਨੂੰ ਪੈਰਾਂ ਵਿੱਚ ਰੁਲਦਿਆਂ ਅਤੇ
ਇੱਕ ਦੂਜੇ ਦੀਆਂ ਬੀਬੀਆਂ ਦਾਹੜੀਆਂ ਨੂੰ ਹੱਥ ਪਾਉਂਦਿਆਂ ਦੇਖ ਕੇ ਜੇਕਰ ਕੋਈ ਪੰਥ ਦੋਖੀ ਪੁਲਿਸ ਨੂੰ
ਫ਼ੋਨ ਕਰ ਦੇਵੇ ਤਾਂ ਪਲਿਸ ਭਾਂਵੇ ਤੁਹਾਡੇ ਨਿਆਰੇ ਖ਼ਾਲਸੇ ਦੇ ਇਹੋ ਜੇਹੇ ਕਾਰਿਆਂ ਤੋਂ ਭਲੀਭਾਂਤ
ਜਾਣੂੰ ਹੋਣ ਕਾਰਨ ਕਈ ਵਾਰ ਤਾਂ ਆਉਂਦੀ ਹੀ ਨਹੀਂ। ਪਰ ਜੇਕਰ ਪੁਲਿਸ ਕਿਧਰੇ ਆ ਵੀ ਜਾਵੇ ਤਾਂ
ਤੁਹਾਡਾ ਦੂਲਾ ਸ਼ੇਰ ਇਸ ਬੇਅਦਬੀ ਨੂੰ ਕਿਵੇਂ ਬਰਦਾਸ਼ਤ ਕਰ ਸਕਦਾ ਹੈ ਕਿ ਪੁਲਿਸ ਬੂਟਾ ਸਮੇਤ ਅਤੇ
ਨੰਗੇ ਸਿਰ ਗੁਰਦੁਆਰੇ ਅੰਦਰ ਦਾਖ਼ਲ ਹੋਕੇ ਗੁਰਦੁਆਰੇ ਦੀ ਪਵਿਤ੍ਰੱਤਾ ਨੂੰ ਭੰਗ ਕਰੇ? ਅਜੇਹੇ ਸੰਕਟਮਈ
ਸਮੇਂ ਖ਼ਾਲਸਾ ਆਪਣੇ ਆਪਸੀ ਮੱਤ - ਭੇਦ ਭੁਲਾ ਕੇ ਇੱਕ ਪਲੇਟ ਫਾਰਮ `ਤੇ ਇੱਕਠਾ ਹੋ ਜਾਂਦਾ ਹੈ।
(ਜੇਹੜਾ ਖ਼ਾਲਸਾ ਪੰਥ ਦੀ ਚੜ੍ਹਦੀ ਕਲਾ ਜਾਂ ਗੁਰਮਤਿ ਦੇ ਸਿਧਾਂਤਾਂ ਆਦਿ ਨੂੰ ਵਿਚਾਰਨ ਲਈ ਕਦੀ ਵੀ
ਇੱਕ ਮੰਚ `ਤੇ ਇਕੱਠਾ ਹੋ ਕੇ ਨਹੀਂ ਬੈਠ ਸਕਦਾ) ਪੁਲਸ ਦੇ ਨੰਗੇ ਸਿਰ ਅਤੇ ਬੂਟੇ ਸਮੇਤ ਗੁਰਦੁਆਰੇ
ਦੇ ਅੰਦਰ ਦਾਖ਼ਲ ਹੋ ਕੇ ਸਾਡੇ ਇੱਕ ਦੂਜੇ ਦੀ ਘੁੱਟਕੇ ਫੜੀ ਹੋਈ ਦਾਹੜੀ ਨੂੰ ਛੁਡਾਉਣ ਦੀ, ਨਾ ਕਾਬਲੇ
ਬਰਦਾਸ਼ ਗ਼ਲਤੀ ਨੂੰ ਦੇਖਕੇ ਖ਼ਾਲਸਾ ਕਿਵੇਂ ਅਣਡਿੱਠ ਕਰ ਸਕਦਾ ਹੈ? ਸਾਡਾ ਖੂਨ ਖੌਲ ਉੱਠਦਾ ਹੈ। ਖ਼ੈਰ,
ਬਾਬਾ ਜੀ ਤੁਹਾਨੂੰ ਪਤਾ ਹੀ ਹੈ ਕਿ ਅਸੀਂ ਗੁਰਦੁਆਰਿਆਂ ਦੀ ਪਵਿਤੱਤਰਤਾ ਕਾਇਮ ਰੱਖਣ ਲਈ ਵਡੀ ਤੋਂ
ਵਡੀ ਕੁਰਬਾਨੀ ਕਰਨ ਤੋਂ ਵੀ ਪਿੱਛੇ ਨਹੀ ਹੱਟਦੇ। ਪੰਥ ਦੋਖੀ ਤਾਕਤਾਂ ਦੇ ਵਿਰੁੱਧ ਉਤਨਾ ਚਿਰ ਅਸੀਂ
ਧਰਮ ਯੁੱਧ ਮੋਰਚਾ ਜਾਰੀ ਰੱਖਦੇ ਹਾਂ ਜਿੰਨਾ ਚਿਰ ਉਹ ਆਪਣੀ ਗ਼ਲਤੀ ਦਾ ਅਹਿਸਾਸ ਕਰਕੇ ਮਾਫ਼ ਨਾ ਮੰਗ
ਲੈਣ।
ਵੈਸੇ ਬਾਬਾ ਜੀਓ! ਤੁਸੀਂ ਵਾਹਿਗੁਰੂ ਬਾਰੇ ਡੰਕੇ ਦੀ ਚੋਟ ਨਾਲ ਐਲਾਣ
ਕਰਦਿਆਂ ਆਖਿਆ ਸੀ ਕਿ ਉਹ ਜ਼ੱਰੇ ਜ਼ੱਰੇ ਵਿੱਚ ਮੌਜੂਦ ਹੈ; ਸਾਰੀਆਂ ਹੀ ਥਾਵਾਂ ਵਿੱਚ ਇਕੋ ਜੇਹੀ ਉਹ
ਜੋਤ ਵਿਅਪਕ ਹੈ। ਕੋਈ ਵਿਸ਼ੇਸ਼ ਸਥਾਨ ਜਾਂ ਮੰਦਰ ਪ੍ਰਭੂ ਦਾ ਮੰਦਰ ਨਹੀਂ ਹੋ ਸਕਦਾ। ਅਕਾਲ ਪੁਰਖ ਦੀ
ਕਿਰਤ ਉਸ ਕਰਤੇ ਦਾ ਮੰਦਰ ਨਹੀਂ ਬਣਾ ਸਕਦੀ। ਤੁਸੀਂ ਸੰਸਾਰ ਵਿੱਚ ਵਿਚਰਦਿਆਂ ਸੰਗਤਾਂ ਕਾਇਮ
ਕੀਤੀਆਂ, ਹਾਂ ਬਾਬਾ ਤੁਸੀਂ ਧਰਮਸਾਲਾਂ ਕਾਇਮ ਕੀਤੀਆਂ ਸਨ, ਜਿਹਨਾਂ ਨੂੰ ਅਸੀਂ ਫਿਰ ਪੂਜਾ ਸਥਾਨ
ਵਿੱਚ ਬਦਲ ਕੇ, ਤੁਹਾਨੂੰ ਹੀ ਪੂਜਾ ਸਥਾਨ `ਤੇ ਸਸ਼ੋਭਿਤ ਕਰ ਕੇ ਤੁਹਾਡੀ ਪੂਜਾ ਸ਼ੁਰੂ ਕਰ ਦਿੱਤੀ ਹੈ।
ਹੈ ਨਾ ਬਾਬਾ ਤੁਹਾਡੇ ਖ਼ਾਲਸੇ ਦਾ ਕਮਾਲ!
ਸਦੀਆਂ ਤੋਂ ਬੁਰੀ ਤਰ੍ਹਾਂ ਦੁਰਕਾਰੀ ਜਾ ਰਹੀ ਇਸਤ੍ਰੀ ਜਾਤੀ ਦੇ ਹੱਕ ਵਿੱਚ
ਅਵਾਜ਼ ਬੁਲੰਧ ਕਰਨ ਵਾਲੇ ਗੁਰੂ ਨਾਨਕ ਜੀਓ! ਅਸੀਂ ਤੁਹਾਡੇ ਨਾਮ ਧਾਰੀਕ ਸਿੱਖ ਅੱਜ ਧੀਆਂ ਨੂੰ ਜਨਮ
ਤੋਂ ਪਹਿਲਾਂ ਹੀ ਮਾਰ ਖਪਾਉਣ ਵਿੱਚ ਦੂਜਿਆਂ ਨਾਲੋਂ ਕਿਤੇ ਜ਼ਿਆਦਾ ਅੱਗੇ ਹਾਂ। ਪਰ ਜੇਕਰ ਸਾਡੀ ਇਹੋ
ਜੇਹੀ ਕਰਣੀ ਨੂੰ ਦੇਖ ਕੇ ਕੋਈ ਇਹ ਆਖਣ ਦੀ ਗੁਸਤਾਖ਼ੀ ਕਰੇ ਕਿ ਤੁਹਾਡੇ ਮੱਤ ਭਾਵ ਸਿੱਖ ਧਰਮ ਵਿੱਚ
ਇਸਤ੍ਰੀ ਨੂੰ ਮਰਦ ਦੇ ਬਰਾਬਰ ਨਹੀਂ ਸਮਝਿਆ ਜਾਂਦਾ ਤਾਂ ਅਸੀਂ ਕਦੀ ਵੀ ਇਹ ਬਰਦਾਸ਼ ਨਹੀਂ ਕਰਦੇ ਕਿ
ਤੁਹਾਡੇ ਨਿਰਮਲ ਪੰਥ ਬਾਰੇ ਇਹੋ ਜੇਹੀ ਕੋਈ ਗ਼ਲਤ ਬਿਆਨੀ ਕਰੇ। ਅਸੀਂ ਝੱਟ ਹੀ ਹਰਕਤ ਵਿੱਚ ਆ ਜਾਂਦੇ
ਹਾਂ, ਅਤੇ ਤੁਹਾਡੇ ਫ਼ਰਮਾਨ ਦਾ ਹਵਾਲਾ ਦੇਕੇ ਦੁਨੀਆਂ ਨੂੰ ਦੱਸਦੇ ਹਾਂ ਕਿ ਕਿਵੇਂ ਤੁਸੀਂ ਇਸਤ੍ਰੀ
ਜਾਤੀ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਦਿਆਂ ਕਿਹਾ ਸੀ: ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ।
ਧਾਰਮਿਕ ਸਥਾਨਾਂ ਦੀ ਸੇਵਾ ਸੰਭਾਲ ਕਰਨ ਵਾਲਿਆਂ ਦਾ ਧਿਆਨ ਤੁਹਾਡੀ ਪਵਿੱਤਰ
ਵਿਚਾਰਧਾਰਾ ਨੂੰ ਪ੍ਰਚਾਰਨ ਦੀ ਥਾਂ ਗੋਲਕ ਵਿੱਚ ਕਿਵੇਂ ਵਾਧਾ ਹੋ ਸਕਦਾ ਹੈ, ਇਸ ਪਾਸੇ ਹੀ ਲੱਗਾ
ਰਹਿੰਦਾ ਹੈ। ਇਸ ਲਈ ਹਰੇਕ ਉਹ ਢੰਗ ਵਰਤਿਆ ਜਾਂਦਾ ਹੈ ਜਿਸ ਨਾਲ ਸੰਗਤਾਂ ਵੱਧ ਤੋਂ ਵੱਧ ਆਉਣ,
ਭਾਂਵੇ ਸੰਗਤਾਂ ਦੀ ਗਿਣਤੀ `ਚ ਵਾਧਾ ਕਰਨ ਵਾਲਾ ਢੰਗ ਗੁਰਮਤਿ ਸਿਧਾਂਤਾ ਤੋਂ ਬਿਲਕੁਲ ਹੀ ਉਲਟ ਕਿਉਂ
ਨਾ ਹੋਵੇ। ਚੂੰਕਿ ਜ਼ਿਆਦਾਤਰ ਧਾਰਮਿਕ ਸਥਾਨਾਂ ਦਾ ਪ੍ਰਬੰਧ ਉਹਨਾਂ ਲੋਕਾਂ ਦੇ ਹੱਥਾਂ ਵਿੱਚ ਹੈ
ਜਿਹਨਾਂ ਦਾ ਗੁਰਮਤਿ ਦੀਆ ਕਦਰਾਂ ਕੀਮਤਾਂ ਵਿੱਚ ਵਿਸਵਾਸ਼ ਹੀ ਨਹੀਂ ਹੈ। ਗੁਰੂ ਦੀ ਭਾਵ ਆਪ ਜੀ ਦੀ
ਭੈ ਭਾਵਨੀ ਤੋਂ ਕੋਹਾਂ ਦੂਰ ਹਨ। ਗੁਰੂ ਕੀ ਗੋਲਕ ਦੀ ਦੁਰ ਵਰਤੋਂ ਤਾਂ ਅਜੇਹੇ ਵਿਅਕਤੀਆਂ ਲਈ
ਸਾਧਾਰਨ ਜੇਹੀ ਗੱਲ ਹੈ, ਗੁਰੂ ਕੀ ਗੋਲਕ ਇਹਨਾਂ ਦੀ ਆਪਣੀ ਜੂ ਹੋਈ। ਇਹੀ ਹਾਲ ਪ੍ਰਚਾਰਕ ਸ਼੍ਰੇਣੀ ਦਾ
ਹੈ, ਜਿਨ੍ਹਾਂ ਦਾ ਮੁੱਖ ਮਨੋਰਥ ਵੀ ਗੁਰਮਤਿ ਸਿਧਾਂਤਾਂ ਨੂੰ ਪ੍ਰਚਾਰਨ ਦੀ ਥਾਂ ਕੇਵਲ ਧਨ ਕਮਾਉਣਾ
ਹੀ ਬਣ ਚੁਕਾ ਹੈ। ਇਸ ਕਾਰਨ ਐ ਗਿਆਨ ਦੀਆਂ ਕਿਰਨਾਂ ਨਾਲ ਅਗਿਆਨਤਾ ਦੇ ਅੰਧੇਰੇ ਨੂੰ ਦੂਰ ਕਰਨ ਵਾਲੇ
ਸਤਿਗੁਰੂ ਜੀ! ਜਿਹਨਾਂ ਧਾਰਮਿਕ ਸਥਾਨਾਂ `ਚ ਸਿੱਖ ਨੇ ਗੁਰਮਤਿ ਦੀ ਗੂੜ੍ਹਤੀ ਲੈ ਕੇ ਆਪਣੀ ਅਗਿਆਨਤਾ
ਨੂੰ ਮਿਟਾਉਣਾ ਸੀ ਉਹਨਾਂ ਥਾਂਵਾਂ ਤੇ ਅਸੀਂ ਵਧੇਰੇ ਅਗਿਆਨਤਾ ਦਾ ਸ਼ਿਕਾਰ ਹੋ ਰਹੇ ਹਾਂ। (ਨੋਟ:
ਅਸੀਂ ਉਹਨਾਂ ਪ੍ਰਬੰਧਕ ਸੱਜਨਾਂ, ਜੇਹੜੇ ਗੁਰੂ ਅਤੇ ਵਾਹਿਗੁਰੂ ਦੇ ਭੈ ਵਿੱਚ ਵਿਚਰਦੇ ਹੋਏ ਸੇਵਾ
ਨਿਭਾ ਰਹੇ ਹਨ ਜਾਂ ਗੁਰਮਤਿ ਦੇ ਪ੍ਰਚਾਰ ਵਿੱਚ ਜੁਟੇ ਉਹਨਾਂ ਵੀਰਾਂ ਭੈਣਾਂ ਦੀ ਗੱਲ ਨਹੀਂ ਕਰ ਰਹੇ
ਜੇਹੜੇ ਗੁਰਮਤਿ ਦਾ, ਗੁਰੂ ਗਰੰਥ ਸਾਹਿਬ ਦੇ ਆਸ਼ੇ ਅਨੁਕੂਲ ਪ੍ਰਚਾਰ ਕਰ ਰਹੇ ਹਨ। ਅਸੀਂ ਤਾਂ ਅਜੇਹੇ
ਗੁਰਸਿੱਖਾਂ ਅੱਗੇ ਆਪਣਾ ਸਿਰ ਝੁਕਾਉਂਦੇ ਹਾਂ, ਜੇਹੜੇ ਸ਼ੁੱਧ ਭਾਵਨਾ ਨਾਲ ਅਜੇਹੀ ਵਡਮੁੱਲੀ ਸੇਵਾ
ਨਿਭਾਅ ਰਹੇ ਹਨ। ਸਾਡੀ ਅਕਾਲ ਪੁਰਖ ਦੇ ਚਰਨਾਂ ਵਿੱਚ ਅਰਦਾਸ ਹੈ ਕਿ ਅਜੇਹੇ ਸੱਜਨਾਂ ਨੂੰ ਇਸੇ
ਤਰ੍ਹਾਂ ਸੇਵਾ ਕਰਨ ਦਾ ਬਲ ਉਦਮ ਬਖ਼ਸ਼ਸ਼ ਕਰੀ ਰੱਖਣ) ਸਾਡੇ ਧਾਰਮਿਕ ਆਗੂ ਵੀ ਤੁਹਾਡੀਆਂ ਪਰਕਰਮਾਂ ਕਰਨ
ਦੀ ਬਜਾਇ ਇਹਨਾਂ ਲੋਕਾਂ ਦੀਆਂ ਪਰਕਰਮਾਂ ਕਰਨ ਵਿੱਚ ਹੀ ਆਪਣੀ ਭਲਾਈ ਸਮਝੀ ਬੈਠਾ ਹੈ। ਪ੍ਰਚਾਰਕ
ਸ਼੍ਰੇਣੀ ਅਤੇ ਧਾਰਮਿਕ ਅਦਾਰਿਆਂ ਦਾ ਪ੍ਰਬੰਧ ਕਰਨ ਵਾਲਿਆਂ ਦਾ ਤੁਹਾਡੇ ਉੱਤੇ ਭਰੋਸਾ ਨਾ ਮਾਤਰ ਹੀ
ਹੋਣ ਕਾਰਨ, ਇਹ ਦੋਵੇਂ ਧਿਰਾਂ ਹੀ ਸਿਆਸੀ ਆਗੂਆਂ, ਜਿਹਨਾਂ `ਚ ਜ਼ਿਆਦਾਤਰ ਭ੍ਰਿਸ਼ਟਾਚਾਰ ਦੀ ਦਲਦਲ
ਵਿੱਚ ਬੁਰੀ ਤਰ੍ਹਾਂ ਖੁੱਭੇ ਹੋਏ ਹਨ (ਨੋਟ: ਸਾਡਾ ਭਾਵ ਸਾਫ ਸੁਥਰੀ ਦਿੱਖ ਅਤੇ, ਉੱਚ ਕਿਰਦਾਰ ਦੇ
ਮਾਲਕ ਸਿਆਸਤ ਦਾਨਾਂ ਤੋਂ ਨਹੀਂ ਹੈ, ਕੇਵਲ ਭ੍ਰਿਸ਼ਟ ਸਿਆਸਤਦਾਨਾਂ ਤੋਂ ਹੀ ਹੈ।) , ਦੀਆਂ ਪਰਕਰਮਾਂ
ਕਰਨ ਵਿੱਚ ਹੀ ਰੁੱਝੀਆਂ ਹੋਈਆਂ ਹਨ। ਧਾਰਮਿਕ ਸਥਾਨਾਂ ਦੀ ਵਡਮੁੱਲੀ ਸੇਵਾ ਨਿਭਾਉਣ ਵਾਲੇ ਕਈ
ਸੇਵਾਦਾਰ ਤਾਂ ਧਾਰਮਿਕ ਸਥਾਨਾਂ ਦੀ ਸੇਵਾ ਸੰਭਾਲ ਨੂੰ ਐਮ ਐਲੇ ਜਾਂ ਐਮ ਪੀ ਬਣਨ ਲਈ ਇੱਕ ਪਉੜੀ ਦੀ
ਤਰ੍ਹਾਂ ਦੀ ਵਰਤਦੇ ਹਨ। ਇਹਨਾਂ ਧਰਮ ਤੋਂ ਕੋਹਿਆਂ ਦੂਰ ਆਗੂਆਂ ਦੀ ਰਹਿਨੁਮਾਈ ਵਿੱਚ ਤੁਹਾਡਾ ਪੁਰਬ
ਮਣਾਇਆ ਜਾਂਦਾ ਹੈ। ਇਸ ਪਰਿਸੱਿਥਤੀ ਵਿੱਚ ਇਹ ਕੌਣ ਆਖਣ ਦੀ ਹਿੰਮਤ ਕਰੇ ਗਾ ਅੱਜ ਵੀ ਸੱਚ ਰੂਪੀ
ਚੰਦਰਮਾ ਕਿਧਰੇ ਵੀ ਦਿਖਾਈ ਨਹੀਂ ਦੇ ਰਿਹਾ, ਹਰ ਪਾਸੇ ਕੂੜ ਦੀ ਅਮਾਵਸ ਹੀ ਛਾਈ ਹੋਈ ਹੈ। ਧਾਰਮਿਕ,
ਸਮਾਜਕ ਅਤੇ ਰਾਜਸੀ ਆਗੂ ਸੱਚ ਦੇ ਮਾਰਗ ਤੋਂ ਭਟਕੇ ਹੋਏ ਹਨ। ਤੁਸੀਂ ਆਪ ਹੀ ਦੱਸੋ ਇਸ ਹਾਲਤ ਵਿੱਚ
ਤੁਹਾਡੇ ਸੱਚੇ ਸੁੱਚੇ ਉਪਦੇਸ਼ ਬਾਰੇ ਇਹ ਕੋਈ ਕਿਵੇਂ ਆਖੇ ਗਾ ਕਿ ਅਸੀਂ ਇਸ ਤੋਂ ਕੋਹਾਂ ਦੂਰ ਹਾਂ।
ਜੇਕਰ ਕੋਈ ਗੁਰਮੁੱਖ ਦੀਦਾ ਦਲੇਰੀ ਕਰਕੇ ਇਸ ਪਖੰਡ ਦੇ ਖ਼ਿਲਾਫ ਆਵਾਜ਼ ਉਠਾਉਂਦਾ ਹੈ ਤਾਂ ਉਸ ਨੂੰ ਪੰਥ
ਤੋਂ ਹੀ ਛੇਕ ਕੇ, ਉਸ ਨੂੰ ਮੁੱਖ ਧਾਰਾ ਨਾਲੋਂ ਅਲੱਗ -ਥਲੱਗ ਕਰ ਦਿੱਤਾ ਜਾਂਦਾ ਹੈ। ਇਹ ਗੱਲ ਵੱਖਰੀ
ਹੈ ਨਾਨਕ ਨਿਰੰਕਾਰੀ ਜੀਓ ਕਿ ਅੱਜ ਤੁਹਾਡੇ ਸਿੱਖਾਂ ਵਿੱਚ ਥੋਹੜੀ ਕੁ ਜਾਗਰਤੀ ਆ ਗਈ ਹੈ, ਇਸ ਲਈ
ਗ਼ਫ਼ਲਤ ਦੀ ਨੀਂਦ ਵਿੱਚ ਘੂਕ ਸੁੱਤੇ ਖ਼ਾਲਸਾ ਪੰਥ ਨੂੰ ਜਗਾਉਣ ਵਾਲੇ ਪੰਥ ਦੇ ਸੱਚੇ ਦਰਦੀਆਂ ਨੂੰ,
ਕਥਿੱਤ ਜੱਥੇਦਾਰਾਂ ਵਲੋਂ ਛੇਕਣ ਦੇ ਬਾਵਜੂਦ ਵੀ, ਆਪਣੇ ਗਲ਼ ਨਾਲ ਲਾਈ ਰੱਖਦੇ ਹਨ।
ਇਹਨਾਂ ਕੁੱਝ ਕਾਰਨਾਂ ਦੇ ਕਾਰਨ ਹੀ ਨਿਰੰਕਾਰੀ ਦਾਤਾ ਜੀਓ! ਹਰੇਕ ਗੁਰਪੁਰਬ
ਤੇ ਇਸੇ ਗੱਲ ਉੱਤੇ ਹੀ ਜ਼ੋਰ ਦਿੱਤਾ ਜਾਂਦਾ ਹੈ ਕਿ ਤੁਹਾਡੇ ਆਉਣ ਤੋਂ ਪਹਿਲਾਂ ਇਹੋ ਜੇਹੇ ਧਾਰਮਿਕ,
ਸਮਾਜਕ, ਅਤੇ ਰਾਜਸੀ ਹਾਲਾਤ ਸਨ। ਇਸ ਦੇ ਨਾਲ ਨਾਲ ਫਿਰ ਤੁਸੀਂ ਜਿਨ੍ਹਾਂ ਜਿਨ੍ਹਾਂ ਨੂੰ ਸੱਚ ਦਾ
ਉਪਦੇਸ਼ ਦ੍ਰਿੜ ਕਰਾਇਆ ਭਾਵ ਜਿਹਨਾਂ ਜਿਨ੍ਹਾਂ ਨੇ ਤੁਹਾਡੇ ਉਪਦੇਸ਼ ਨੂੰ ਸੁਣ ਕੇ ਮੰਨ ਲਿਆ, ਉਹਨਾਂ
ਦਾ ਵਿਸਥਾਰ ਸਹਿਤ ਵਰਣਨ ਕੀਤਾ ਜਾਂਦਾ ਹੈ। ਇਸ ਤਰ੍ਹਾਂ ਨਾਲ ਤੁਹਾਡਾ ਪ੍ਰਕਾਸ਼ ਉਤਸਵ ਹਰੇਕ ਸਾਲ ਹੀ
ਬੜੀ ਹੀ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ। ਪਰ ਉਹ ਅਗਿਆਨਤਾ ਦੀ ਧੁੰਧ ਜਿਸ ਨੂੰ ਤੁਸੀਂ ਗਿਆਨ ਨਾਲ
ਮਿਟਾਇਆ ਸੀ, ਉਹ ਅੱਜ ਵੀ ਜਿਉਂ ਦੀ ਤਿਉਂ ਕਾਇਮ ਹੈ। ਉਹ ਗਿਆਨ ਦਾ ਸੂਰਜ ਤਾਂ ਅੱਜ ਵੀ ਸਾਡੇ ਕੋਲ
ਗੁਰੂ ਗਰੰਥ ਸਾਹਿਬ ਦੇ ਰੂਪ ਵਿੱਚ ਮੌਜੂਦ ਹੈ ਪਰ ਇਸ ਗਿਆਨ ਦੇ ਸੂਰਜ ਨੂੰ ਅਸੀਂ ਕੁੱਝ ਅਜੇਹੇ ਢੰਗ
ਨਾਲ ਢੱਕਿਆ ਹੋਇਆ ਹੈ ਕਿ ਦੀਆਂ ਕਿਰਨਾਂ ਨੂੰ ਨਾ ਤਾਂ ਅਸੀਂ ਆਪ ਆਪਣੇ ਮਨ ਦੀ ਅੰਧਕਾਰ ਰੂਪੀ ਕੋਠੜੀ
ਤੱਕ ਅਪੜਨ ਦੇਂਦੇ ਹਾਂ ਅਤੇ ਨਾ ਹੀ ਦੂਜਿਆਂ ਤੱਕ ਪਹੁੰਚਣ ਦੇਂਦੇ ਹਾਂ। ਪਰ ਐ ਗਿਆਨ ਦਾ ਸੂਰਜ ਇਸ
ਰੂਪ ਵਿੱਚ ਮਨੁੱਖਤਾ ਨੂੰ ਪ੍ਰਦਾਨ ਕਰਨ ਵਾਲੇ ਦਾਤਾ ਜੀਓ! ਇਸ ਦਾ ਇਹ ਅਰਥ ਨਹੀਂ ਕਿ ਅਸੀਂ ਇਸ ਗਿਆਨ
ਦੇ ਸੂਰਜ ਅਰਥਾਤ ਗੁਰੂ ਗਰੰਥ ਸਾਹਿਬ ਦਾ ਸਤਿਕਾਰ ਨਹੀਂ ਕਰਦੇ ਜਾਂ ਇਹਨਾਂ ਦੀ ਪੂਜਾ ਨਹੀਂ ਕਰਦੇ।
ਸਤਿਕਾਰ ਕਰਨ ਵਿੱਚ ਅਸੀਂ ਮਹਾਰਾਜ ਕੋਈ ਕਸਰ ਬਾਕੀ ਨਹੀਂ ਰਹਿਣ ਦੇਂਦੇ। ਅਸੀਂ ਤੁਹਾਡੇ ਗਿਆਨ (ਗੁਰੂ
ਗਰੰਥ ਸਾਹਿਬ) ਦਾ ਪ੍ਰਕਾਸ਼ ਮੰਜੀ ਸਾਹਿਬ ਤੇ ਕਰਨ ਦੀ ਬਜਾਇ ਸੁੰਦਰ ਪਾਲਕੀ `ਚ ਕਰਦੇ ਹਾਂ ਅਤੇ ਕਈ
ਥਾਂਈ ਤਾਂ ਸੋਨੇ ਦੀ ਪਾਲਕੀ `ਚ ਗੁਰੂ ਗਰੰਥ ਸਾਹਿਬ ਦਾ ਪ੍ਰਕਾਸ਼ ਕਰਦੇ ਹਾਂ। ਐ ਜ਼ਾਹਰ ਪੀਰ ਜਗਤ
ਗੁਰੂ ਬਾਬਾ ਜੀਓ! ਤੁਸੀਂ ਭਾਂਵੇ ਸੋਨੇ ਨੂੰ ਵੀ ਰਸ ਆਖ ਕੇ ਬੇਲੋੜੇ ਸੋਨੇ ਦੀ ਵਰਤੋਂ ਤੋਂ ਸਾਨੂੰ
ਵਰਜਿਆ ਸੀ, ਪਰ ਸਾਨੂੰ ਇਹ ਗੱਲ ਬਿਲਕੁਲ ਹੀ ਚੰਗੀ ਨਹੀਂ ਲੱਗਦੀ ਕਿ ਪੁਰਾਣੇ ਸਮੇਂ ਵਾਂਗ ਹੁਣ ਵੀ
ਗੁਰ ਗਰੰਥ ਸਾਹਿਬ ਨੂੰ ਕੋਠੇ ਸਾਹਿਬ ਤੋਂ ਸਿਰ ਉੱਤੇ ਚੁੱਕ ਕੇ ਪੈਦਲ ਹੀ ਦਰਬਾਰ ਸਾਹਿਬ ਵਿਖੇ ਅਤੇ
ਫਿਰ ਦਰਬਾਰ ਸਾਹਿਬ ਤੋਂ ਕੋਠਾ ਸਾਹਿਬ ਵਿਖੇ ਲਿਆਂਦਾ ਜਾਵੇ। ਇਸ ਲਈ ਅਸੀਂ ਸੁਨਹਿਰੀ ਪਾਲਕੀ ਦੀ
ਵਰਤੋਂ ਕਰਦੇ ਹਾਂ। ਪਵਿਤੱ੍ਰਤਾ ਆਦਿ ਦੇ ਭਰਮ ਕਾਰਨ ਅਸੀਂ ਐ ਬਾਬਾ ਇਸ ਪਾਲਕੀ ਨੂੰ ਬੀਬੀਆਂ ਨੂੰ
ਹੱਥ ਲਾਉਣ ਦੀ ਸਖ਼ਤ ਮਨਾਹੀ ਕੀਤੀ ਹੋਈ ਹੈ।
ਐ, ਸੋ ਕਿਉਂ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ, ਆਖਣ ਵਾਲੇ ਸਤਿਗੁਰੂ ਜੀਓ!
ਅਸੀਂ ਬੀਬੀਆਂ ਨੂੰ ਦਰਬਾਰ ਸਾਹਿਬ ਕੀਰਤਨ ਕਰਨ ਦੀ ਵੀ ਆਗਿਆ ਨਹੀਂ ਦੇਂਦੇ। ਤੁਹਾਡੀ ਮੌਜੂਦਗੀ
(ਗੁਰੂ ਗਰੰਥ ਸਾਹਿਬ ਦੇ ਪ੍ਰਕਾਸ਼ ਸਮੇਂ) ਵਿੱਚ ਤਾਂ ਇਸਤ੍ਰੀ ਜਾਤੀ ਨੂੰ ਇਹੋ ਜੇਹੀ ਸੇਵਾ ਨਿਭਾਉਣ
ਦੀ ਇਜ਼ਾਜ਼ਤ ਦੇਣੀ ਤਾਂ ਦੂਰ ਦੀ ਗੱਲ ਰਹੀ, ਅਸੀਂ ਤਾਂ ਦਰਬਾਰ ਸਾਹਿਬ ਦੇ ਅੰਦਰ ਗੁਰੂ ਗਰੰਥ ਸਾਹਿਬ
ਦੇ ਪ੍ਰਕਾਸ਼ ਤੋਂ ਪਹਿਲਾਂ ਵੀ ਇਸਤ੍ਰੀ ਨੂੰ ਕਿਸੇ ਤਰ੍ਹਾਂ ਦੀ ਵੀ ਸੇਵਾ ਕਰਨ ਦੀ ਇਜਾਜ਼ਤ ਨਹੀਂ
ਦੇਂਦੇ। ਆਖ਼ਿਰ ਮਹਾਰਾਜ ਇਹ ਸਾਧਾਰਨ ਥਾਂ ਤਾਂ ਹੈ ਨਹੀਂ, ਜਿਸ ਥਾਂ `ਤੇ ਤੁਹਾਡੀ ਜੋਤ ਗੁਰ ਗਰੰਥ
ਸਾਹਿਬ ਦਾ ਪ੍ਰਕਾਸ਼ ਕੀਤਾ ਜਾਂਦਾ ਹੈ! ਤੁਹਾਡੇ ਗਿਆਨ ਨਾਲੋਂ ਸਥਾਨ ਦੀ ਮਹਿਮਾਂ ਵਾਲੇ ਭਰਮ -
ਭੁਲੇਖੇ ਦਾ ਸ਼ਿਕਾਰ ਹੋਏ ਖ਼ਾਲਸੇ ਦਾ, ਸਥਾਨ ਦੀ ਅਹਿਮੀਅਤ ਨੂੰ ਸਮਝਕੇ ਇਸ ਤਰ੍ਹਾਂ ਦਾ ਕਦਮ ਉਠਾਉਣਾ
ਤਾਂ ਸੁਭਾਵਿਕ ਹੀ ਹੈ ਨਾ! ਜਿੱਥੋਂ ਤੱਕ ਗੁਰੂ ਗਰੰਥ ਸਾਹਿਬ ਦੀ ਪੂਜਾ ਦੀ ਗੱਲ ਹੈ, ਇਸ ਬਾਰੇ ਤਾਂ
ਪੁੱਛੋ ਹੀ ਨਾ। ਭਾਂਵੇ ਇਹ ਗੱਲ ਸੌ ਪ੍ਰਤੀਸ਼ਤ ਸੱਚ ਹੈ ਕਿ ਤੁਸੀਂ ਸਾਨੂੰ ਇਸ ਗਿਆਨ ਦੀ ਪੂਜਾ ਤੋਂ
ਵਰਜਦਿਆਂ ਆਖਿਆ ਸੀ ਕਿ ਇਹ ਗਿਆਨ ਦਾ ਖ਼ਜ਼ਾਨਾ ਪੂਜਾ ਲਈ ਨਹੀਂ ਬਲਕਿ ਵਿਚਾਰਕੇ ਅਸੀਂ ਆਪਣਾ ਜੀਵਨ
ਬਣਾਉਣਾ ਹੈ। ਹਾਂ ਬਾਬਾ, ਸਾਨੂੰ ਯਾਦ ਹੈ ਕਿ ਤੁਸੀਂ ਸਾਨੂੰ ਇਸ ਗਿਆਨ ਅਨੁਸਾਰ ਆਪਣਾ ਆਚਰਣ ਢਾਲਣ
ਲਈ ਹੀ ਆਖਿਆ ਸੀ। ਪਰ ਨਿਰੰਕਾਰੀ ਦਾਤਾ ਜੀਓ! ਅਸੀਂ ਤਾਂ ਫਿਰ ਅਸੀਂ ਹੀ ਹਾਂ ਨਾ! ਸਾਨੂੰ ਜਿਵੇਂ
ਤੁਹਾਡੇ ਹੋਰ ਅਨੇਕਾਂ ਬਚਨ ਭੁੱਲ ਗਏ ਹਨ ਇਸੇ ਤਰ੍ਹਾਂ ਤੁਹਾਡਾ ਇਹ ਬਚਨ ਵੀ ਸਾਨੂੰ ਭੁੱਲ ਗਿਆ ਹੈ।
ਸਾਡਾ ਤਾਂ ਕਿਸੇ ਸ਼ਾਇਰ ਦੇ ਕਹਿਣ ਮੂਜਬ, ‘ਹਮ ਜਬ ਭੀ ਤੁਮਾਰੇ ਦਰ ਪੈ ਗਏ, ਹਾਥੋਂ ਮੇਂ ਲੇਕਰ ਫੂਲ
ਗਏ। ਵੋਹ ਫਿਰਨਾ ਹਰਸੂ ਮੱਕੇ ਕਾ, ਵੋਹ ਰੁਕਨਾ ਗਿਰਤੇ ਪਰਬਤ ਕਾ, ਹਰ ਚੀਜ਼ ਤੁਮਾਰੀ ਯਾਦ ਰਹੀ ਪੈਗ਼ਾਮ
ਤੁਮਾਰਾ ਭੂਲ ਗਏ।’ ਵਾਲਾ ਹਾਲ ਹੈ। ਤੁਹਾਡੇ ਪੈਗ਼ਾਮ ਨੂੰ ਭੁੱਲਣ ਕਾਰਨ ਹੀ ਅਸੀਂ ਜਿਸ ਗਿਆਨ ਨੂੰ
ਵਿਚਾਰ ਕੇ, ਇਸ ਅਨੁਸਾਰ ਆਪਣਾ ਜੀਵਨ ਢਾਲਣਾ ਸੀ, ਇਸ ਦੀ ਪੂਜਾ ਕਰਨੀ ਸ਼ੁਰੂ ਕਰ ਦਿੱਤੀ। ਅਸੀਂ ਇਸ
ਗਿਆਨ ਨੂੰ ਕੇਵਲ ਸੁੰਦਰ ਰੁਮਾਲੇ `ਚ ਲਪੇਟਣ, ਮੱਥਾ ਟੇਕਣ, ਮਨੋਕਾਮਨਾ ਪੂਰੀਆਂ ਕਰਨ ਵਾਲਾ, ਅਤੇ
ਹੋਰ ਬਹੁਤ ਕੁੱਝ ਅਜੇਹਾ ਜਿਸ ਨੂੰ ਦੱਸਣ ਲਗਿਆਂ ਵੀ…, ਤੱਕ ਹੀ ਸੀਮਤ ਕਰ ਦਿੱਤਾ ਹੈ। (ਨੋਟ: ਸਾਡਾ
ਕਹਿਣ ਦਾ ਇਹ ਹਰਗ਼ਿਜ਼ ਭਾਵ ਨਹੀਂ ਕਿ ਗੁਰੂ ਗਰੰਥ ਸਾਹਿਬ ਜੀ ਨੂੰ ਰੁਮਾਲੇ ਵਿੱਚ ਨਾ ਲਪੇਟਿਆ ਜਾਵੇ
ਜਾਂ ਮੱਥਾ ਨਾ ਟੇਕਿਆ ਜਾਵੇ। ਸਾਡਾ ਭਾਵ ਕੇਵਲ ਇਤਨਾ ਕੁ ਹੀ ਹੈ ਕਿ ਗੁਰੂ ਗਰੰਥ ਸਾਹਿਬ ਜੀ ਦਾ ਜਿਸ
ਲਈ ਇਹ ਸਤਿਕਾਰ ਕਰੀ ਦਾ ਹੈ ਉਸ ਦੇ ਮੁੱਖ ਪਹਿਲੂ ਵੱਲ ਧਿਆਨ ਦਿਵਾਉਣ ਤੋਂ ਹੈ) ਐ ਸੰਸਾਰ ਨੂੰ ਕੇਵਲ
ਸੱਚ ਨਾਲ ਹੀ ਜੋੜਣ ਵਾਲੇ ਗੁਰਦੇਵ ਜੀਓ! ਅਸੀਂ ਇਹ ਸਮਝੀ ਬੈਠੇ ਹਾਂ ਕਿ ਇਸ ਗਿਆਨ ਦਾ ਸਤਿਕਾਰ ਕੇਵਲ
ਇਸ ਤਰ੍ਹਾਂ ਕਰਕੇ ਇਸ ਨੂੰ ਸਿਰਫ ਪੜ੍ਹਣਾ ਹੀ ਹੈ। ਕੇਵਲ ਪੜ੍ਹਿਆਂ ਹੀ ਸਾਡੀ ਕਲਿਆਣ ਹੋ ਜਾਵੇ ਗੀ।
ਇਸ ਲਈ ਇਸ ਗਿਆਨ ਨੂੰ ਸਮਝ ਕੇ ਹਿਰਦੇ ਵਿੱਚ ਧਾਰਨ ਕਰਨ ਦੀ ਕਦੇ ਲੋੜ ਮਹਿਸੂਸ ਹੀ ਨਹੀਂ ਹੋਈ।
ਸੰਖੇਪ ਵਿੱਚ ਮਨੁੱਖ ਨੂੰ ਇਸ ਭਵ ਸਾਗਰ ਦੀਆਂ ਘੁੰਮਣਘੇਰੀਆਂ ਵਿਚੋਂ ਪਾਰ
ਲੰਘਾ ਕੇ ਜੀਵਨ ਮੁਕਤ ਕਰਨ ਵਾਲੇ ਸਤਿਗੁਰੂ ਜੀ ਇਹੀ ਆਖਿਆ ਜਾ ਸਕਦਾ ਹੈ:
"ਗੁਰਪੁਰਬ ਅਸਾਂ ਬਹੁਤ ਮਨਾਏ। ਕਥਾ ਕੀਰਤਨ ਸੁਣੇ ਸੁਣਾਏ।
ਬਹੁਤ ਕਿਹਾ ਤੇ ਸੁਣਿਆ ਕੰਨੀ। ਪਰ ਬਾਬਾ! ਤੇਰੀ ਇੱਕ ਨਾ ਮੰਨੀ।"