ਸਿੱਖ ਸਮੱਸਿਆਵਾਂ ਦੀ ਤਰਜਮਾਨੀ ਕਰਦਾ ਅਹਿਮ ਦਸਤਾਵੇਜ “ਤੇ ਸਿੱਖ ਵੀ ਨਿਗਲਿਆ ਗਿਆ”
ਕੁਝ ਮਨੁੱਖ ਇਤਿਹਾਸ ਸਿਰਜਦੇ ਹਨ,
ਕੁੱਝ ਇਤਿਹਾਸਕ ਤੱਥਾਂ ਦੇ ਸੱਚ ਦੀ ਵਿਆਖਿਆ ਕਰਦੇ ਹਨ ਤੇ ਕੁੱਝ ਇਸਨੂੰ ਸੰਭਾਲਦੇ ਹਨ। ਉਕਤ ਤਿੰਨਾਂ
ਕਾਰਜਾਂ ਤੋਂ ਵੀ ਅਹਿਮ ਕਾਰਜ ਉਹ ਲੋਕ ਕਰਦੇ ਹਨ, ਜੋ ਸਮੇਂ-ਸਮੇਂ ਸਿਰ ਲੋਕਾਂ ਨੂੰ ਇਸ ਦੀ ਯਾਦ
ਦਿਵਾਉਂਦੇ ਰਹਿੰਦੇ ਹਨ ਪਰ ਇਹੋ ਜਿਹੇ ਲੋਕ ਬਹੁਤ ਥੋੜ੍ਹੇ ਹੁੰਦੇ ਹਨ ਜਿਹੜੇ ਇਤਿਹਾਸ ਦੀ ਸਿਰਜਣਾ
ਕਰਨ ਵਿੱਚ ਹਿੱਸਾ ਵੀ ਪਾਉਂਦੇ ਹਨ ਅਤੇ ਲੋੜ ਪੈਣ `ਤੇ ਇਤਿਹਾਸ ਦੀ ਵਿਆਖਿਆ ਵੀ ਕਰਦੇ ਹਨ। ਸਵ:
ਕੁਲਬੀਰ ਸਿੰਘ ਕੌੜਾ ਇੱਕ ਇਹੋ ਜਿਹੇ ਹੀ ਸਖਸ਼ ਸਨ, ਜਿੰਨ੍ਹਾਂ ਨੇ ਕੌਮੀ ਸੱਦੇ `ਤੇ ਇਤਿਹਾਸ ਦੀ
ਸਿਰਜਣਾ ਕਰਨ ਵਿੱਚ ਹਿੱਸਾ ਵੀ ਪਾਇਆ ਅਤੇ ਇਤਿਹਾਸ ਦੀ ਵਿਆਖਿਆ ਕਰਨ ਦੀ ਸਫਲ ਕੋਸ਼ਿਸ਼ ਵੀ ਕੀਤੀ। ਇੱਕ
ਸਾਧਾਰਨ ਕਿਸਾਨੀ ਪਰਿਵਾਰ ਵਿੱਚੋਂ ਉਠ ਕੇ ਇਹ ਮਾਅਰਕਾ ਮਾਰਨ ਵਾਲਾ ਵਿਅਕਤੀ ਹਾਰੀ-ਸਾਰੀ ਮਨੁੱਖ
ਨਹੀਂ ਹੋ ਸਕਦਾ। ਸੱਚੀ-ਮੁੱਚੀ ਕੁਲਬੀਰ ਸਿੰਘ ਕੌੜਾ ਇੱਕ ਵੱਡੀ ਸਖਸ਼ੀਅਤ ਸਨ।
ਬੇਸ਼ੱਕ ਕੁਲਬੀਰ ਸਿੰਘ ਕੌੜਾ ਨੇ ਤਿੰਨ ਕਿਤਾਬਾਂ ਲਿਖੀਆਂ ਪਹਿਲੀ ਕਿਤਾਬ “ਪਾਰਲੀਮੈਂਟ ਉਡਾਉਣ ਦੀ
ਸਾਜਿਸ਼ ਬਨਾਮ ਸੀ. ਬੀ. ਆਈ”, ਦੂਜੀ “ਤੇ ਸਿੱਖ ਵੀ ਨਿਗਲਿਆ ਗਿਆ” ਅਤੇ ਤੀਜੀ ਪੁਸਤਕ “ਬੇਈਮਾਨ
ਅਕਾਲੀ ਰਾਜਨੀਤੀ ਵਿੱਚ ਫਸਿਆ ਅਕਾਲ ਤਖਤ ਸੀ” ਪਰ “ਤੇ ਸਿੱਖ ਵੀ ਨਿਗਲਿਆ ਗਿਆ” ਇੱਕ ਅਹਿਮ ਦਸਤਾਵੇਜ਼
ਸਮਝ ਕੇ ਹਰ ਸਿੱਖ ਪਰਿਵਾਰ ਲਈ ਇਸ ਨੂੰ ਸੰਭਾਲਣਾ ਬਹੁਤ ਜ਼ਰੂਰੀ ਹੈ। ਇਸ ਕਿਤਾਬ ਦੇ ਆਰੰਭ ਵਿੱਚ ਹੀ
ਪੇਸ਼ ਕੀਤੇ ਦੋ ਸ਼ਬਦ ਭਾਗ ਰਾਹੀਂ ਪੰਜ ਪੰਨਿਆਂ `ਤੇ ਹੀ ਉਸ ਨੇ ਕਾਫੀ ਕੁੱਝ ਸਮਝਾ ਦਿੱਤਾ ਅਤੇ ਬਾਕੀ
ਹਿੱਸੇ ਵਿੱਚ ਜੈਨ ਧਰਮ, ਬੁੱਧ ਧਰਮ, ਪਾਰਸੀ, ਸਿੱਖ, ਬ੍ਰਾਹਮਣ ਆਦਿ ਕੌਮਾਂ ਦੇ ਰਸਮਾਂ-ਰਿਵਾਜ਼ਾਂ ਤੇ
ਮੁਸ਼ਕਿਲਾਂ ਸਬੰਧੀ ਬੜਾ ਬਰੀਕੀ ਨਾਲ ਵਰਨਣ ਕੀਤਾ ਹੈ। ਇਸ ਕਿਤਾਬ ਵਿੱਚ ਉਸਨੇ ਸਪੱਸ਼ਟ ਕੀਤਾ ਹੈ ਕਿ
ਜਿਹੜੇ ਬਿਪਰਵਾਦ ਤੋਂ ਗੁਰੂ ਸਾਹਿਬ ਨੇ ਸਿੱਖਾਂ ਨੂੰ ਵਰਜਿਆ ਸੀ ਉਹ ਬਿਪਰਵਾਦ ਅੱਜ ਸਿੱਖ ਪੰਥ ਦੀਆਂ
ਰਗਾਂ ਵਿੱਚ ਕੈਂਸਰ ਬਣ ਕੇ ਵੜਿਆ ਹੋਇਆ ਹੈ। ਇਹ ਕਿਤਾਬ ਇਸ ਕੈਂਸਰ ਬਾਰੇ ਭਰਪੂਰ ਜਾਣਕਾਰੀ ਦਿੰਦੀ
ਹੈ। ਅਜੋਕੇ ਸਾਧਾਂ-ਸੰਤਾਂ ਬਾਰੇ ਲਿਖਣ ਤੋਂ ਪਹਿਲਾਂ ਆਪਣੀ ਕਿਤਾਬ ਦੇ ਆਰੰਭ ਵਿੱਚ ਸ. ਕੌੜਾ ਨੇ
ਸਪੱਸ਼ਟ ਕੀਤਾ ਹੈ ਕਿ ਉਹ ਅਖੌਤੀ ਸਾਧਾਂ-ਸੰਤਾਂ ਦੀਆਂ ਕਰਤੂਤਾਂ ਦਾ ਵੀਹਵਾਂ ਹਿੱਸਾ ਵੀ ਨਹੀਂ ਲਿਖ
ਰਿਹਾ। ਉਸ ਦਾ ਮੰਨਣਾ ਹੈ ਕਿ ਇਨ੍ਹਾਂ ਸਾਧਾਂ ਦੀ ਵਜ੍ਹਾ ਕਰਕੇ ਹੀ ਸਿੱਖੀ ਨੂੰ ਬਹੁਤੀ ਢਾਅ ਲੱਗੀ
ਹੈ ਤੇ ਲੋਕਾਂ ਦੀ ਸ਼ਰਧਾ ਵੀ ਟੁੱਟੀ ਹੈ। ਉਸਨੇ ਕੁੱਝ ਕੁ ਸਾਧਾਂ-ਸੰਤਾਂ ਦੀਆ ਕਰਤੂਤਾਂ ਦੇ ਉਹ ਪਾਜ਼
ਉਘੇੜੇ ਹਨ ਜਿੰਨ੍ਹਾਂ ਨੂੰ ਪੜ੍ਹ ਕੇ ਬਹੁਤ ਹੈਰਾਨੀ ਹੁੰਦੀ ਹੈ। ਜਿੰਨ੍ਹਾਂ ਸਾਧਾਂ-ਸੰਤਾਂ ਨੇ ਸਿੱਖ
ਸੰਘਰਸ਼ ਵਿੱਚ ਕੋਈ ਹਿੱਸਾ ਨਹੀਂ ਪਾਇਆ ਉਹਨਾਂ ਪ੍ਰਤੀ ਕੁਲਬੀਰ ਸਿੰਘ ਕੌੜਾ ਦਾ ਦ੍ਰਿਸ਼ਟੀਕੌਣ ਇਸ
ਕਿਤਾਬ ਵਿਚੋਂ ਸਾਫ ਝਲਕਦਾ ਹੈ। ਇਸੇ ਤਰ੍ਹਾਂ ਕਿਤਾਬ ਵਿੱਚ ਕਈ ਥਾਂਈ ਸੰਗਤ ਨੂੰ ਭੇਡਾਂ ਲਿਖਣ ਦੀ
ਮਾਫੀ ਮੰਗਦਿਆਂ ਉਸ ਨੇ ਦੱਸਿਆ ਹੈ ਕਿ ਇੱਕ ਸਾਧ ਦੇ ਡੇਰੇ ਨੂੰ ਦੁਰਾਹੇ ਦੇ ਲਾਗੋਂ ਰਸਤਾ ਮੁੜਦਾ
ਹੈ, ਜਿਸ ਨੂੰ ਜਰਗ ਵਾਲੇ ਸਾਧ ਕਹਿੰਦੇ ਹਨ। ਉਸ ਨੇ ਕਈ ਦਰਜਨ ਜੋੜੇ, ਲੱਥੀਆਂ ਹੋਈਆਂ ਜੁੱਤੀਆਂ ਦੇ,
ਸ਼ੀਸ਼ੇ ਵਾਲੀਆਂ ਅਲਮਾਰੀਆਂ ਵਿੱਚ ਸਜ਼ਾ ਕੇ ਰੱਖੇ ਹੋਏ ਹਨ। ਸੰਗਤ ਜਾਂਦੀ ਹੈ ਤੇ ਸਾਧ ਨੂੰ ਮੱਥਾ ਟੇਕਣ
ਤੋਂ ਪਹਿਲਾਂ ਵੱਡੇ ਸਾਧ ਦੀਆਂ ਜੁੱਤੀਆਂ ਨੂੰ ਮੱਥਾ ਟੇਕ ਕੇ ਫੇਰ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ
ਟੇਕਦੀ ਹੈ। ਬਾਬੇ ਦੀਆਂ ਦੋ ਵਿਦੇਸ਼ੀ ਕਾਰਾਂ ਗੈਰਿਜ਼ ਵਿੱਚ ਪਿਛੇ ਖੜੀਆਂ ਕੀਤੀਆਂ ਹੋਈਆਂ ਹਨ,
ਜਿੰਨ੍ਹਾਂ ਨੂੰ ਚੁੰਮ-ਚੁੰਮ ਕੇ ਸਾਧ ਦੀ ਚੇਲੀ ਰੂਪੀ ਸੰਗਤ ਨੇ ਕਾਰਾਂ ਦਾ ਕੰਮ ਫਿੱਕਾ ਕਰ ਛੱਡਿਆ
ਹੈ।
ਜਿਹੜੇ ਸਿੱਖ, ਸਿੱਖ ਸਿਧਾਤਾਂ ਪ੍ਰਤੀ ਕੌਰੇ ਅਤੇ ਅਣਜਾਣ ਸਨ ਉਹਨਾਂ ਨੂੰ ਸ. ਕੌੜਾ ਬੇਵਕੂਫ ਅਤੇ
ਪਾਗਲ ਕਹਿਣ ਤੱਕ ਜਾਂਦਾ ਹੈ। ਉਸ ਅਨੁਸਾਰ ਅੱਜ ਜਿਹੜਾ ਸਿੱਖ ਇਹ ਸਮਝਦਾ ਹੈ ਕਿ ਉਹ ਆਜ਼ਾਦ ਹੈ, ਉਹ
ਬੇਵਕੂਫ ਤਾਂ ਹੈ ਹੀ, ਸਗੋਂ ਪਾਗਲ ਵੀ ਹੈ। ਕੋਈ ਸਿੱਖ ਜਿੰਨ੍ਹਾ ਮਰਜ਼ੀ ‘ਪੇਮੀ ਦਾ ਨਿਆਣਾ’ ਬਣੀ
ਜਾਵੇ। ਉਹ ਭਾਰਤ ਦੀ ਸਰਕਾਰ ਭਾਵੇਂ ਉਹ ਕਿਸੇ ਵੀ ਪਾਰਟੀ ਦੀ ਹੋਵੇ, ਦੀ ਨਜ਼ਰ ਵਿੱਚ ਸ਼ੱਕੀ ਹੀ
ਰਹੇਗਾ। ਬਿਲਕੁਲ ਉਸੇ ਤਰ੍ਹਾਂ ਜਿਵੇਂ ਇੱਕ ਮੁਸਲਮਾਨ ਵੀਹ ਕੁਰਾਨ ਸਿਰ `ਤੇ ਚੁੱਕ ਕੇ ਸਹੁੰ ਖਾਵੇ
ਕਿ ਮੈਂ ਭਾਰਤ ਦਾ ਵਫ਼ਾਦਾਰ ਹਾਂ ਪਰ ਭਾਰਤ ਦੇ ਹਿੰਦੂਆਂ ਲਈ ਉਹ ਕਤਈ ਮੰਨਣਯੋਗ ਗੱਲ ਨਹੀਂ। ਪੰਜਾਬ
ਤੋਂ ਬਾਹਰਲੇ ਸਿੱਖਾਂ ਬਾਰੇ ਲਿਖਦਿਆਂ ਸ. ਕੌੜਾ ਕਹਿੰਦਾ ਹੈ ਕਿ ਦਿੱਲੀ ਦੇ ਸਿੱਖਾਂ ਨੇ ਤਾਂ
ਬੇਸ਼ਰਮੀ ਵਾਲੀ ਹੱਦ ਹੀ ਮੁਕਾ ਦਿੱਤੀ ਹੈ। ਭਾਰਤ ਸਰਕਾਰ ਦੇ ਕਾਂਗਰਸੀ ਅਤੇ ਜਨਸੰਘੀ ਮੰਤਰੀਆਂ ਦੇ ਘਰ
ਜਾ ਕੇ ਸਿਰੋਪਾ ਦੇ ਆਉਂਦੇ ਹਨ। ਜਦੋਂ ਚਾਰ-ਚੁਫੇਰਿਓਂ ਸਿਆਣੇ ਤੇ ਵਿਦਵਾਨ ਸਿੱਖਾਂ ਦੀ ਇਹ ਆਵਾਜ਼
ਉਠੀ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਤੋਂ ਬਿਨਾਂ ਤਾਂ ਸਿਰੋਪਾ ਦਿੱਤਾ ਹੀ ਨਹੀਂ
ਜਾ ਸਕਦਾ ਤਾਂ ਦਿੱਲੀ ਦੇ ਬੇਸ਼ਰਮ ਸਿੱਖ ਲੀਡਰ ਇਹ ਮਾੜੀ ਰਵਾਇਤ ਬੰਦ ਕਰਨ ਦੀ ਥਾਂ ਸਗੋਂ ਅਟੈਚੀ
ਵਿੱਚ ਪਾ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਵਜ਼ੀਰਾਂ ਤੇ ਗਵਰਨਰ ਦੇ ਘਰ ਲੈ ਕੇ ਜਾਣ ਲੱਗ ਪਏ ਹਨ।
ਇਸ ਤਰ੍ਹਾਂ ਜੋ ਵਿਹਾਰ ਪ੍ਰਧਾਨ ਮੰਤਰੀ ਜਾਂ ਕਿਸੇ ਵਜੀਰ ਦੇ ਘਰ ਜਾਣ ਵਾਲੇ ਬੰਦੇ ਦਾ ਸੁਰੱਖਿਆ ਦੇ
ਨਿਯਮਾਂ ਤਹਿਤ ਹੁੰਦਾ ਹੈ, ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਵੀ ਹੋਣ ਲੱਗ ਪਿਆ ਹੈ। ਸ਼੍ਰੋਮਣੀ
ਕਮੇਟੀ ਬਾਰੇ ਸ. ਕੌੜਾ ਦਾ ਕਹਿਣਾ ਹੈ ਕਿ ਸ਼੍ਰੋਮਣੀ ਕਮੇਟੀ ਵਾਲੇ ਸਿੱਖੀ ਦਾ ਜੋ ਜਲੂਸ ਕੱਢ ਰਹੇ ਹਨ
ਉਹ ਵੀ ਦਿੱਲੀ ਵਾਲਿਆਂ ਸਿੱਖਾਂ ਨਾਲੋਂ ਕਿਸੇ ਗੱਲੋਂ ਘੱਟ ਨਹੀਂ। ਰਾਜਨੀਤਿਕ ਵੰਡੀਆਂ ਕਾਰਨ ਕੋਈ
ਸਿੱਖ ਅਕਾਲੀ ਦਲ ਵਿੱਚ ਹੈ ਤੇ ਕੋਈ ਕਾਂਗਰਸ ਵਿੱਚ। ਜੇ ਤਾਂ ਕੋਈ ਟੁੱਚੀ ਜਿਹਾ ਅਕਾਲੀ ਜਾਂ ਉਹਨਾ
ਦੀ ਜੁੰਡਲੀ ਦਾ ਭਾਜਪਾ ਲੀਡਰ ਦਰਬਾਰ ਸਾਹਿਬ ਆਵੇ ਤਾਂ ਉਸ ਨੂੰ ਫੱਟ ਸਿਰੋਪਾ ਦੇ ਦਿੰਦੇ ਹਨ ਪਰ ਜੇ
ਕਾਂਗਰਸੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਜਿਸ ਦਾ ਪਰਿਵਾਰ ਕਈ ਪੀੜੀਆਂ ਤੋਂ ਸਿੱਖ ਹੈ,
ਦਰਬਾਰ ਸਾਹਿਬ ਜਾਵੇ ਤਾਂ ਉਸ ਨੂੰ ਨਹੀਂ। ਭਾਜਪਾ ਦੇ ਮਦਨ ਲਾਲ ਖੁਰਾਣੇ ਨੂੰ ਸਿਰੋਪਾ ਦੇਣ ਲੱਗਾ
ਦਰਬਾਰ ਸਾਹਿਬ ਵਿੱਚ ਇੱਕ ਗ੍ਰੰਥੀ ਇੰਨੇ ਜੋਸ਼ ਤੇ ਉਤਸ਼ਾਹ ਨਾਲ ਫੋਟੋ ਖਿਚਵਾਉਣ ਦਾ ਮਾਰਾ ਅੱਗੇ ਨੂੰ
ਵਧਿਆ ਕਿ ਮੂਧੇ-ਮੂੰਹ ਡਿੱਗ ਪੈਣਾ ਸੀ। ਲਾਹਨਤ ਹੈ ਇਹੋ ਜਿਹੇ ਸਿੱਖਾਂ ਦੇ!
ਕੁਲਬੀਰ ਸਿੰਘ ਕੌੜਾ ਨਾ ਸਿਰਫ ਵਰਤਮਾਨ ਪੀੜੀ ਦੇ ਬਲਕਿ ਆਪਣੇ ਤੋਂ ਪਹਿਲੀ ਪੀੜੀ ਦੇ ਅਕਾਲੀ ਆਗੂਆਂ
ਬਾਰੇ ਵੀ ਪੂਰੀ ਜਾਣਕਾਰੀ ਰੱਖਦਾ ਸੀ। ਉਹ ਇਹਨਾ ਅਕਾਲੀ ਆਗੂਆਂ ਦੀਆਂ ਕਮਜ਼ੋਰੀਆਂ ਨੂੰ ਪੂਰੀ ਤਰ੍ਹਾਂ
ਜਾਣਦਾ ਸੀ। ਹੁਣ ਤੱਕ ਜਿਹੜੇ ਲੋਕ ਗਿਆਨੀ ਕਰਤਾਰ ਸਿੰਘ ਨੂੰ ਪੰਥ ਦਾ ਦਿਮਾਗ ਦੱਸਦੇ ਰਹੇ ਹਨ ਅਤੇ
ਇਸ ਗੱਲ ਬਾਰੇ ਸਪੱਸ਼ਟ ਨਹੀਂ ਕਰਦੇ ਰਹੇ ਕਿ ਇਹੀ ਗਿਆਨੀ ਕਰਤਾਰ ਸਿੰਘ ਸਿੱਖ ਪੰਥ ਦੀ ਪਿੱਠ ਵਿੱਚ
ਛੁਰਾ ਮਾਰਨ ਲਈ ਕਿਵੇਂ ਕਾਂਗਰਸੀਆਂ ਦਾ ਹੱਥ ਠੋਕਾ ਬਣਿਆ ਰਿਹਾ।
ਕਾਰ ਸੇਵਾ ਵਾਲੇ ਸਾਧਾਂ ਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ `ਤੇ ਕਾਬਜ਼ ਲੋਕਾਂ ਨੇ ਜਿਵੇਂ
ਜੂਨ 1984 ਵਿੱਚ ਦਰਬਾਰ ਸਾਹਿਬ ਉੱਤੇ ਹੋਏ ਫੋਜੀ ਹਮਲੇ ਦੇ ਨਿਸ਼ਾਨ ਖਤਮ ਕੀਤੇ ਹਨ। ਉਨ੍ਹਾਂ ਤੋਂ ਸ.
ਕੁਲਬੀਰ ਸਿੰਘ ਕੌੜੇ ਨੂੰ ਪੂਰੀ ਨਫ਼ਰਤ ਸੀ। ਆਪਣੇ ਸਿਆਸੀ ਜੀਵਨ ਵਿੱਚ ਉਸਨੇ ਇਨ੍ਹਾਂ ਨਿਸ਼ਾਨਾਂ ਨੂੰ
ਜਿਉਂਦੇ ਰੱਖਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਉਸ ਦੀ ਕੋਈ ਵਾਹ ਨਾ ਗਈ। ਇਨ੍ਹਾਂ ਕੋਸ਼ਿਸ਼ਾਂ ਦਾ ਜਿਕਰ ਵੀ
ਉਸ ਨੇ ਬੜੀ ਦਰਦਮਈ ਭਾਸ਼ਾ ਵਿੱਚ ਕੀਤਾ ਹੈ। “ਵਿਦੇਸ਼ਾਂ ਵਿੱਚ ਜਾਓ ਤਾਂ ਇਟਲੀ ਵਿੱਚ ਉਹ ਥਾਂ ਅਜੇ ਵੀ
ਉਸੇ ਤਰ੍ਹਾਂ ਮੌਜੂਦ ਹੈ, ਜਿਥੇ ਸਾਨ੍ਹਾਂ ਨਾਲ ਲੜਾਈ ਹੁੰਦੀ ਸੀ। ਉਹ ਸਾਰੀ ਇਮਾਰਤ ਵਿਚੋਂ ਢੱਠੀ
ਹੋਈ ਹੈ ਪਰ ਉਨ੍ਹਾਂ ਨੇ ਜਾਣ ਬੁੱਝ ਕੇ ਹੀ ਇਸ ਤਰ੍ਹਾਂ ਦੀ ਰੱਖੀ ਹੋਈ ਹੈ”। ਇੰਗਲੈਡ ਦੀ
ਯੂਨੀਵਰਸਿਟੀ ਆਕਸਫੋਰਡ ਦੀਆਂ ਪੁਰਾਣੀਆਂ ਪੌੜੀਆਂ ਘਸ-ਘਸ ਕੇ ਪੀਪੂੰ ਹੋ ਗਈਆਂ ਹਨ, ਪੌੜੀ ਵਿੱਚ ਪਾਏ
ਹੋਏ ਸਰੀਏ ਵੀ ਅੱਧੇ-ਅੱਧੇ ਘਸ ਗਏ ਹਨ, ਲੋਕਾਂ ਨੇ ਸਰਕਾਰ `ਤੇ ਬੜਾ ਜ਼ੋਰ ਪਾਇਆ ਕਿ ਇਨ੍ਹਾਂ ਪੌੜੀਆਂ
ਦੀ ਮੁਰੰਮਤ ਕੀਤੀ ਜਾਵੇ, ਸਰਕਾਰ ਨੇ ਨਵੀਆਂ ਪੌੜੀਆਂ ਹੋਰ ਬਣਾ ਦਿੱਤੀਆਂ ਪਰ ਪੁਰਾਣੀਆਂ ਨੂੰ ਨਹੀਂ
ਛੇੜਿਆ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਇਤਿਹਾਸਕ ਪੌੜੀਆਂ ਹਨ, ਇਥੋਂ ਦੀ ਬੜੇ-ਬੜੇ ਸਕਾਲਰ ਤੇ
ਵਿਦਵਾਨ ਲੰਘ ਕੇ ਗਏ ਹਨ, ਉਨ੍ਹਾਂ ਦੀ ਯਾਦ ਇਨ੍ਹਾਂ ਪੌੜੀਆਂ ਰਾਹੀਂ ਤਾਜਾ ਰਹਿਣੀ ਚਾਹੀਦੀ ਹੈ ਪਰ
ਸਿੱਖਾਂ ਨੇ ਉਹ ਥਾਂ ਵੀ ਢਾਹ ਕੇ ਕਾਰ ਪਾਰਕਿੰਗ ਬਣਾ ਦਿੱਤੀ ਹੈ, ਜਿਸ ਮੁਗਲ ਕੋਤਵਾਲੀ ਵਿੱਚ ਸਾਹਿਬ
ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਤਸੀਹੇ ਦਿੱਤੇ ਗਏ ਸਨ।
ਸ. ਕੁਲਬੀਰ ਸਿੰਘ ਕੌੜੇ ਦਾ ਤਰਕ ਅਰਥਾਤ ਦਲੀਲਬਾਜ਼ੀ ਵੀ ਬੇਮਿਸਾਲ ਸੀ। ਉਸ ਨੇ ਬੜੀ ਤਿੱਖੀ ਨੀਝ ਨਾਲ
ਦੁਨੀਆਂ ਘੁੰਮ ਕੇ ਦੇਖੀ। ਇਸ ਤਿੱਖੀ ਨੀਝ ਅਤੇ ਤਾਂਘ ਸਦਕੇ ਹੀ ਉਸ ਨੂੰ ਪਤਾ ਲੱਗਾ ਕਿ “ਦੁਨੀਆਂ
ਵਿੱਚ ਜਿਹੜੀ ਚੀਜ ਇੱਕ ਥਾਂ `ਤੇ ਠੀਕ ਹੈ ਉਹ ਦੂਜੀ ਥਾਂ `ਤੇ ਗਲਤ ਹੈ। ਕਿਸੇ ਵੀ ਗੱਲ ਨੂੰ ਧਾਰਮਿਕ
ਕਸਵੱਟੀ `ਤੇ ਨਹੀਂ ਪਰਖਣਾ ਚਾਹੀਦਾ। ਸਿੱਖ ਧਰਮ ਇਸ ਗੱਲੋਂ ਬਹੁਤ ਵਿਸ਼ਾਲ ਤੇ ਮਾਡਰਨ ਹੈ। ਪਰ ਹੁਣ
ਉਹ ਸਾਧਾਂ ਦੇ ਆਖੇ ਲੱਗ ਕੇ ਸਿੱਖ ਰੂਪ ਵਿੱਚ ਹੁੰਦਾ ਹੋਇਆ ਵੀ ਹਿੰਦੂ ਧਰਮ ਵਿੱਚ ਵਿਲੀਨ ਹੁੰਦਾ ਜਾ
ਰਿਹਾ ਹੈ। ਇਹੋ ਹੀ ਸਿੱਖ ਦਾ ਨਿਗਲਿਆ ਜਾਣਾ ਹੈ। ਜਿਵੇਂ ਲੂਣ ਦੀ ਖਾਣ ਵਿੱਚ ਡਿੱਗੀ ਹੋਈ ਕੋਈ ਵੀ
ਚੀਜ਼ ਲੂਣ ਬਣ ਜਾਂਦੀ ਹੈ ਉਹੀ ਹਾਲ ਸਿੱਖਾਂ ਦਾ ਹੋਇਆ ਹੈ। ਹਿੰਦੂ ਰੂਪੀ ਖਾਣ ਵਿੱਚ ਡਿਗ ਕੇ ਉਹ
ਹਿੰਦੂ ਬਣ ਰਿਹਾ ਹੈ ਨਹੀਂ ਤਾਂ ਕੋਈ ਦੱਸੇ ਕਿ ਸੰਸਾਰ ਵਿੱਚ ਕਿਹੜੀ ਚੀਜ਼ ਚੰਗੀ ਹੈ ਅਤੇ ਕਿਹੜੀ
ਮਾੜੀ? ਬਾਰੇ ਸਾਰੀ ਸੇਧ ਤਾਂ ਗੁਰੂ ਗ੍ਰੰਥ ਸਾਹਿਬ ਵਿੱਚ ਹੈ, ਇੰਨ੍ਹਾਂ ਸਾਧਾਂ ਕੋਲ ਕੀ ਹੈ? ਪਰ ਜੇ
ਭੋਲੂ ਸਿੱਖ ਇੰਨ੍ਹਾਂ ਦੀ ਬਕ-ਬਕ ਨਾ ਸੁਣੇ ਤਾਂ ਇਹ ਵੀ ਕਿਹਨੂੰ ਸੁਣਾਉਣ। ਕਿਤਾਬ ਦੇ ਤਤਕਰੇ
ਅਨੁਸਾਰ ਪਹਿਲੇ ਭਾਗ ਜੈਨ ਧਰਮ ਦੇ ਵਿਸਥਾਰ ਵਿਚੋਂ ਉਸ ਨੇ ਪੰਨਾ ਨੰ: 22 `ਤੇ ਦੱਸਿਆ ਹੈ ਕਿ ਅੱਜ
ਹਾਲਾਤ ਇਹ ਹਨ ਕਿ ਜੇ ਕਿਸੇ ਤੁਰੇ ਜਾਂਦੇ ਬੰਦੇ ਨੂੰ ਸੱਪ ਲੜ ਜਾਵੇ ਤੇ ਕੋਈ ਆਖੇ ਕਿ ਕੋਈ ਜੈਨੀ
ਜਾਂ ਬੋਧੀ ਆ ਕੇ ਫੂਕ ਮਾਰ ਦੇਵੇ ਤਾਂ ਜ਼ਹਿਰ ਲੱਥ ਸਕਦਾ ਹੈ ਤਾਂ ਸ਼ਾਇਦ ਇਨ੍ਹਾਂ ਦੋਹਾਂ ਵਿਚੋਂ ਪੂਰੇ
ਪੰਜਾਬ ਵਿਚੋਂ ਕੋਈ ਵੀ ਨਾ ਮਿਲੇ। ਜੈਨੀਆਂ ਦੇ 24 ਤੀਰਥੰਕਰਾਂ ਵਿਚੋਂ ਇੱਕ ਔਰਤ ਤੀਰਥੰਕਰ, ਜਿਸ ਦਾ
ਨਾਂਅ ਮੱਲੀ ਬਾਈ ਸੀ, ਜੈਨੀਆਂ ਨੇ ਭੁਲਾ ਹੀ ਦਿੱਤੀ। ਜੈਨ ਧਰਮ ਨੂੰ ਆਪਣੇ ਵਿੱਚ ਸਮਾਅ ਲੈਣ ਵਾਲਿਆਂ
ਨੂੰ ਔਰਤ ਦਾ ਤੀਰਥੰਕਰ ਹੋਣਾ ਮਨਜੂਰ ਨਹੀਂ ਸੀ, ਇਸ ਲਈ ਉਨ੍ਹਾਂ ਨੇ ਉਸ ਦਾ ਨਾਂਅ ਬਦਲ ਕੇ ਮੱਲੀ
ਨਾਥ ਕਰ ਦਿੱਤਾ। ਜੇਨੀਆਂ ਦੇ ਗ੍ਰੰਥਾਂ ਵਿੱਚ ਵਾਰ-ਵਾਰ ਮੱਲੀ ਨਾਥ ਦਾ ਨਾਂਅ ਆਉਣ ਲੱਗ ਪਿਆ, ਇਸ ਲਈ
ਲੋਕ ਭੁੱਲ ਭਲਾ ਗਏ ਕਿ ਮੱਲੀ ਨਾਥ ਨਹੀਂ ਮੱਲੀ ਬਾਈ ਸੀ ਤੇ ਮੱਲੀ ਬਾਈ ਇੱਕ ਔਰਤ ਸੀ। ਇਸੇ ਭਾਗ ਦੇ
ਪੰਨਾ ਨੰ: 28 `ਤੇ ਉਹ ਲਿਖਦਾ ਹੈ ਕਿ ਕਿਸੇ ਵੀ ਮੁਸਲਮਾਨ ਦੇਸ਼ ਵਿੱਚ ਕੋਈ ਮੰਦਰ ਨਹੀਂ ਬਣ ਸਕਦਾ ਜੇ
ਸਿੱਖਾਂ ਨੇ ਕਿਤੇ ਮਿੰਨਤ ਤਰਲਾ ਕਰਕੇ ਗੁਰਦਵਾਰਾ ਬਣਾ ਵੀ ਲਿਆ ਹੈ ਤਾਂ ਉਸ ਦੇ ਮੁੱਖ ਦੁਆਰ `ਤੇ
ਹਿੰਦੂ ਮਸਜਿਦ ਲਿਖਣਾ ਜ਼ਰੂਰੀ ਹੈ। ਮੁਸਲਮਾਨ ਕਿਸੇ ਵੀ ਉਸ ਕਾਨੂੰਨ ਨੂੰ ਮਾਨਤਾ ਨਹੀਂ ਦਿੰਦੇ,
ਜਿਹੜਾ ਉਨ੍ਹਾਂ ਦੇ ਪਵਿੱਤਰ ਕੁਰਾਨ ਦੇ ਵਿਰੁੱਧ ਹੋਵੇ। ਰਿਸ਼ਵਤ ਦੇ ਮਾਮਲੇ ਵਿੱਚ ਉਹ ਸਪੱਸ਼ਟ ਲਿਖਦਾ
ਹੈ ਕਿ ਜਿੰਨਾ ਚਿਰ ਤੱਕ ਮੰਦਰਾਂ, ਗੁਰਦਵਾਰਿਆਂ ਤੇ ਮਸਜਿਦਾਂ ਵਿੱਚ ਚੜ੍ਹਾਵਾ ਚੜ੍ਹਾਉਣਾ ਬੰਦ ਨਹੀਂ
ਹੁੰਦਾ, ਉਨਾ ਚਿਰ ਤੱਕ ਰਿਸ਼ਵਤ ਬੰਦ ਨਹੀਂ ਹੋ ਸਕਦੀ। ਜੈਨੀਆਂ ਦੇ ਧਾਰਮਿਕ ਗ੍ਰੰਥਾਂ ਵਿੱਚ ਰਲਾਅ
ਤਾਂ ਪਿਆ ਪਰ ਉਨ੍ਹਾਂ ਦਾ ਅਹਿੰਸਾ ਦਾ ਅਸੂਲ ਅਜੇ ਵੀ ਜਿਉਂ ਦਾ ਤਿਉਂ ਹੈ। ਏਸ ਅਸੂਲ ਤੋਂ ਹੀ ਉਹ
ਆਪਣਾ ਸੁਧਾਰ ਕਰਨਾ ਚਾਹੁਣ ਤਾਂ ਸ਼ਾਇਦ ਸੰਭਵ ਹੋ ਸਕਦਾ ਹੋਵੇ ਪਰ ਸਿੱਖ ਧਰਮ ਦਾ ਤਾਂ ਹੁਣ ਕੋਈ ਅਸੂਲ
ਹੀ ਨਹੀਂ ਰਹਿ ਗਿਆ ਜਿਸ ਧਰਮ ਦੇ ਪੈਰ ਵੱਢੇ ਜਾਣ ਉਸ ਦਾ ਕੀ ਬਣ ਸਕਦਾ ਹੈ? ਗੁਰਦਵਾਰਿਆਂ ਦੇ
ਗ੍ਰੰਥੀ ਬ੍ਰਾਹਮਣ ਦਾ ਰੂਪ ਲੈ ਚੁੱਕੇ ਹਨ ਤੇ ਪੰਜਾਂ ਤਖਤਾਂ ਦੇ ਜਥੇਦਾਰ ਸ਼ੰਕਰਾਚਾਰੀਆ ਪੀਠਾਂ ਦਾ।
ਸਾਧਾਂ, ਸੰਤਾਂ ਨੇ ਲੋਕਾਂ ਦੇ ਦਿਮਾਗ ਬਿਮਾਰ ਕਰ ਦਿੱਤੇ ਹਨ ਅਤੇ ਝੂਠੀਆਂ ਸੱਚੀਆਂ ਸਾਖੀਆਂ
ਸੁਣਾ-ਸੁਣਾ ਕੇ ਏਨਾ ਕਚਰਾ ਭਰ ਦਿੱਤਾ ਹੈ ਜੋ ਹੁਣ ਕੱਢਿਆ ਨਹੀਂ ਜਾ ਸਕਦਾ। ਦਸ ਗੁਰੂ ਸਾਹਿਬਾਨ ਨੇ
ਪੂਰੇ 200 ਸਾਲ ਵਿੱਚ ਸਿੱਖਾਂ ਦਾ “ਰੂਪ ਤੇ ਸਿਧਾਂਤ” ਤਿਆਰ ਕੀਤਾ ਸੀ, ਅੱਜ ਡੇਰੇਦਾਰ ਸਾਧਾਂ,
ਸੰਤਾਂ ਦੀ ਧੂੜ ਵਿੱਚ ਆਮ ਸਿੱਖਾਂ ਦੀ ਪਛਾਣੋ ਬਾਹਰ ਹੋਣ ਦੀ ਨੋਬਤ ਤੱਕ ਆ ਗਿਆ ਹੈ। ਦਸ ਗੁਰੂ
ਸਾਹਿਬਾਨ ਨੇ ਜਿਹੜਾ ਕੰਮ ਸਿੱਖਾਂ ਨੂੰ ਨਾ ਕਰਨ ਦੀ ਹਦਾਇਤ ਕੀਤੀ ਸੀ, ਉਹ ਕੰਮ ਸਗੋਂ ਜ਼ਰੂਰ ਹੀ
ਕਰਵਾਉਣ ਲਈ ਸਾਧ, ਸੰਤ ਹਰ ਹੀਲਾ-ਵਸੀਲਾ ਵਰਤ ਰਹੇ ਹਨ। ਅੱਜ ਜੈਨੀਆਂ ਤੇ ਬੋਧੀਆਂ ਵਾਂਗ ਸਿੱਖ ਧਰਮ
ਵੀ ਪੂਰੀ ਤਰ੍ਹਾਂ ਹਿੰਦੂ ਰੂਪੀ ਅਜਗਰ ਦੇ ਵਲੇਵੇਂ ਵਿੱਚ ਫਸ ਚੁੱਕਾ ਹੈ। ਹੁਣ ਦਿਨ ਬ ਦਿਨ ਅਜਗਰ ਦੀ
ਘੁਟਣ ਵਧਦੀ ਜਾਵੇਗੀ ਤੇ ਸਿੱਖ ਦੀਆਂ ਹੱਡੀਆਂ ਦਾ ਚੂਰਾ ਬਣਨ ਦੇ ਨਾਲ-ਨਾਲ ਗਿੱਠ ਲੰਬੀ ਜੀਭ ਵੀ
ਬਾਹਰ ਨਿਕਲ ਆਵੇਗੀ। ਜਿਨ੍ਹਾ ਡੇਰੇ ਵਾਲੇ ਸੰਤਾਂ, ਸਾਧਾਂ ਨੇ ਆਮ ਸਿੱਖਾਂ ਦੀ ਅਗਵਾਈ ਕਰਕੇ ਉਨ੍ਹਾਂ
ਨੂੰ ਹਿੰਦੂ ਰੂਪੀ ਅਜਗਰ ਦੇ ਮੂੰਹ ਵਿਚੋਂ ਬਚਾਉਣਾ ਸੀ ਉਹ ਤਾਂ ਅਜਗਰ ਬਣ ਚੁੱਕੇ ਹਨ। ਪੰਨਾ ਨੰ: 83
`ਤੇ ਸ. ਕੁਲਬੀਰ ਸਿੰਘ ਕੌੜਾ ਲਿਖਦਾ ਹੈ ਕਿ ਜਿਹੜੀ ਰਾਸ਼ਟਰੀ ਸਿੱਖ ਸੰਗਤ ਅੱਜ ਗੁਰੂ ਗੋਬਿੰਦ ਸਿੰਘ
ਜੀ ਦੀ ਫੋਟੋ ਮਹਾਰਾਣਾ ਪ੍ਰਤਾਪ ਤੇ ਸ਼ਿਵਾ ਜੀ ਮਰਹੱਟਾ ਨਾਲ ਲਾਉਂਦੀ ਹੈ, ਕੱਲ ਨੂੰ ਪਹਾੜੀ ਰਾਜੇ
ਭੀਮ ਚੰਦ ਤੇ ਹਰੀ ਚੰਦ ਹੰਡੂਰੀਏ ਨਾਲ ਕਿਉਂ ਨਹੀਂ ਲਾਵੇਗੀ? ਇਸ ਗੱਲ ਦੀ ਸਿੱਖਾਂ ਕੋਲ ਕੀ ਗਰੰਟੀ
ਹੈ। ਕਈ ਸੱਜਣ ਪੁਰਸ਼ ਕਹਿੰਦੇ ਹਨ ਕਿ ਪੜ੍ਹੇ ਲਿਖੇ ਤੇ ਵਿਦਵਾਨ ਸਿੱਖ ਵੀ
ਮੰਨਦੇ ਹਨ ਕਿ ਦਸਮ ਗ੍ਰੰਥ ਗੁਰੂ ਜੀ ਨੇ ਹੀ ਲਿਖਿਆ ਹੈ। ਗੰਦੀ ਤੇ ਅਸ਼ਲੀਲ ਭਾਸ਼ਾ ਨੂੰ ਕਦੇ ਪੁਰਸਕਾਰ
ਨਹੀਂ ਮਿਲਦੇ। ਜੇ ਮਿਲਦੇ ਹੁੰਦੇ ਤਾਂ ਬੁੱਕ ਸਟਾਲਾਂ ਤੇ ਰੇਲਵੇ ਸਟੇਸ਼ਨਾਂ `ਤੇ ਬਹੁਤ ਸਾਰਾ ਗੰਦਾ
ਸਾਹਿਤ ਮਿਲਦਾ ਹੈ। ਹੁਣ ਤੱਕ ਕਈਆਂ ਨੂੰ ਸਾਹਿਤ ਅਕੈਡਮੀ ਦਾ ਐਵਾਰਡ ਮਿਲ ਚੁੱਕਾ ਹੁੰਦਾ।
ਦਸਮ ਗ੍ਰੰਥ ਦੇ ਤ੍ਰੀਆ ਚਰਿੱਤਰ ਨੂੰ ਵੀ ਸਾਹਿਤ ਦਾ ਦਰਜਾ ਨਹੀਂ ਦਿੱਤਾ ਜਾ ਸਕਦਾ ਪਰ ਡਾਕਟਰ ਤੇ
ਹੋਰ ਵਿਦਵਾਨ ਵਿਦਵਤਾ ਕਰਕੇ ਨਹੀਂ ਲਾਲਚ ਕਰਕੇ ਇਸ ਦੀ ਸਿਫਤ ਦੇ ਪੁੱਲ ਬੰਨਦੇ ਹਨ। ਜੇ ਇਹ ਜ਼ਰੂਰੀ
ਹੋਵੇ ਤਾਂ ਹਰ ਮਾਂ-ਪਿਓ ਆਪਣੇ ਬੱਚਿਆਂ ਨੂੰ ਚਰਿੱਤਰੋ ਪਾਖਿਆਨ ਦੀ ਸਿੱਖਿਆ ਦੇਵੇ ਪਰ ਦਸਮ ਗ੍ਰੰਥ
ਵਿੱਚ ਜਿਹੜੀਆਂ ਲਿਖਤਾਂ ਏਨੀਆਂ ਸ਼ੱਕੀ ਹਨ ਕਿ ਇਨ੍ਹਾਂ `ਤੇ ਇਤਬਾਰ ਕਰਨ ਦਾ ਸਵਾਲ ਹੀ ਪੈਦਾ ਨਹੀਂ
ਹੁੰਦਾ। ਅਫਸੋਸ ਇਥੇ ਤਾਂ ਏਸ ਸਾਹਿਤ ਦੇ ਆਧਾਰ `ਤੇ ਹੇਮਕੁੰਟ ਵਰਗਾ ਤੀਰਥ ਅਸਥਾਨ ਵੀ ਬਣ ਚੁੱਕਾ
ਹੈ। ਰਾਸ਼ਟਰੀ ਸਿੱਖ ਸੰਗਤ ਹੁਣ ਦਸਮ ਗ੍ਰੰਥ ਨੂੰ ਚਾਰ ਭਾਸ਼ਾਵਾਂ ਵਿੱਚ ਛਪਵਾ ਕੇ ਦੇਸ਼ ਵਿਦੇਸ਼ ਵਿੱਚ
ਵੰਡਣ ਦੇ ਆਹਰ ਵਿੱਚ ਹੈ। ਕੌੜਾ ਲਿਖਦਾ ਹੈ ਕਿ ਮਨੁੱਖ ਦੀ ਜਿੰਦਗੀ ਤੇ ਮੌਤ ਪੂਰੀ ਤਰ੍ਹਾਂ
ਪ੍ਰਮਾਤਮਾ ਦੇ ਹੱਥ ਵਿੱਚ ਹੈ, ਨਾ ਤਾਂ ਇਸ ਵਿੱਚ ਕੋਈ ਰੱਤੀ ਭਰ ਦਾ ਵਾਧਾ ਕਰ ਸਕਦਾ ਹੈ ਤੇ ਨਾ ਹੀ
ਇਸ ਨੂੰ ਘਟਾ ਸਕਦਾ ਹੈ। ਇੱਕ ਮਸ਼ਹੂਰ ਸੂਫੀ ਫਕੀਰ ਬਾਬਾ ਵਜੀਦ ਨੇ ਕਿਹਾ ਹੈ “ਪ੍ਰਮਾਤਮਾ ਜੋ ਮਰਜ਼ੀ
ਕਰੇ ਨਾ ਤਾਂ ਕੋਈ ਉਸ ਨੂੰ ਸਲਾਹ ਦੇ ਸਕਦਾ ਹੈ ਤੇ ਨਾ ਹੀ ਉਸ ਦੇ ਕੀਤੇ ਕੰਮ ਵਿੱਚ ਕੋਈ ਨੁਕਸ ਹੀ
ਕੱਢ ਸਕਦਾ ਹੈ”।
ਪੁੰਨਿਆ, ਮੱਸਿਆ, ਹੌਲੀ, ਲੋਹੜੀ, ਰੱਖੜੀ ਵਗੈਰਾ ਤਿਉਹਾਰ ਸਿੱਖਾਂ ਲਈ ਬੇਮਾਅਨਾ ਹਨ ਪਰ ਫਿਰ ਵੀ
ਸਿੱਖ ਹਿੰਦੂਆਂ ਦੀ ਵੇਖਾ-ਵੇਖੀ ਮਨਾਈ ਜਾਂਦੇ ਹਨ। ਸਿੱਖਾਂ ਲਈ ਕਿਤੇ ਵੀ ਗਾਂ ਦਾ ਮਾਸ ਖਾਣਾ ਮਨ੍ਹਾ
ਨਹੀਂ। ਸਤਿਗੁਰਾਂ ਨੇ ਸਪੱਸ਼ਟ ਨਿਖੇੜਾ ਕਰ ਦਿੱਤਾ ਹੈ “ਹੱਕ ਪਰਾਇਆ ਨਾਨਕਾ ਉਸ ਸੂਅਰ ਉਸ ਗਾਇ”। ਇੱਕ
ਮੁਸਲਮਾਨ ਲਈ ਤੇ ਦੂਜਾ ‘ਉਸ’ ਹਿੰਦੂ ਲਈ ਵਰਤਿਆ ਗਿਆ ਹੈ ਪਰ ਸਿੱਖਾਂ ਦਾ ਗਾਂ ਦਾ ਮਾਸ ਨਾ ਖਾਣਾ
ਖਿੱਤੇ ਦੇ ਰਿਵਾਜ਼ਾਂ ਦੀ ਇੱਜ਼ਤ ਕਰਨ ਕਰਕੇ ਹੈ ਨਹੀਂ ਤਾਂ ਮੈਂ ਅੱਧੀ ਦੁਨੀਆਂ ਵਿੱਚ ਘੁੰਮ ਕੇ ਵੇਖਿਆ
ਹੈ, ਬਾਹਰਲੇ ਦੇਸ਼ਾਂ ਦੇ 99 ਫੀਸਦੀ ਸਿੱਖ ਗਾਂ ਦਾ ਮਾਸ ਖਾਂਦੇ ਹਨ। ਰਾਸ਼ਟਰੀ ਸਿੱਖ ਸੰਗਤ ਜੋ ਸਿਰਫ
ਸਿੱਖੀ ਨੂੰ ਹੜੱਪ ਕਰਨ ਲਈ ਬਣਾਈ ਗਈ ਸੰਸਥਾ ਹੈ ਜਿਸ ਦਾ ਜਾਲ ਬਹੁਤ ਬਰੀਕ ਤੇ ਮਜਬੂਤ ਹੈ। ਬੀਬੀ
ਜਗੀਰ ਕੌਰ ਨੇ ਨਾਨਕਸ਼ਾਹੀ ਕੈਲੰਡਰ ਨੂੰ ਲਾਗੂ ਕਰਨ ਦਾ ਜੋ ਉਪਰਾਲਾ ਕੀਤਾ ਉਹ ਸ਼ਲਾਘਾ ਯੋਗ ਸੀ ਪਰ
ਅਕਾਲ ਤਖਤ ਦੇ ਸਰਕਾਰੀ ਜਥੇਦਾਰ ਪੂਰਨ ਸਿੰਘ ਨੇ ਹਜ਼ੂਰ ਸਾਹਿਬ ਜਾਂਦੇ ਸਮੇਂ ਮੱਧ ਪ੍ਰਦੇਸ਼ ਦੇ ਗੂਨਾਂ
ਕਸਬੇ ਤੋਂ ਫੈਕਸ ਭੇਜ ਕੇ ਬੀਬੀ ਜਗੀਰ ਕੌਰ ਨੂੰ ਪੰਥ ਵਿਚੋਂ ਛੇਕ ਦਿੱਤਾ। ਉਸ ਨੇ ਕਸਬੇ ਗੂਨੇ ਤੋਂ
ਹੀ ਪੂਰਨ ਸਿੰਘ ਨੇ ਫੈਕਸ ਕਿਉਂ ਭੇਜੀ ਕਿਉਂਕਿ ਉਹ ਆਰ. ਐਸ. ਐਸ. ਦਾ ਹੈੱਡ ਕੁਆਟਰ ਹੈ। ਬੇਸ਼ੱਕ ਸ.
ਕੁਲਬੀਰ ਸਿੰਘ ਕੌੜੇ ਦਾ ਬੇਵਕਤ ਅਕਾਲ ਚਲਾਣਾ ਉਸ ਦੇ ਪਰਿਵਾਰ ਲਈ ਅਸਹਿ ਅਤੇ ਸੰਘਰਸਸ਼ੀਲ ਸਿੱਖ
ਧਿਰਾਂ ਲਈ ਦੁਖਦਾਈ ਸੀ ਪਰ ਹਰ ਸਾਲ ਦੀ ਤਰ੍ਹਾਂ ਉਸ ਦਾ ਪਰਿਵਾਰ, ਸਿੱਖ ਵਿਦਵਾਨ, ਸੰਘਰਸਸ਼ੀਲ ਸਿੱਖ
ਧਿਰਾਂ ਉਸ ਦੀ ਚੋਥੀ ਬਰਸੀ ਮੌਕੇ ਉਸ ਨੂੰ ਯਾਦ ਕਰਕੇ ਸ਼ਰਧਾ ਦੇ ਫੁੱਲ ਭੇਂਟ ਕਰ ਰਹੀਆਂ ਹਨ।
ਗੁਰਿੰਦਰ ਸਿੰਘ ਮਹਿੰਦੀਰੱਤਾ, ਮੋਬ: 98728-10153