ਗੁਰੂ ਨਾਨਕ ਸਾਹਿਬ ਜੀ ਦੇ ਮੁਢਲੇ ਉਪਦੇਸ਼ ਕਿਰਤ ਕਰੋ, ਨਾਮ ਜਪੋ ਅਤੇ ਵੰਡ
ਛਕੋ ਸਰਬ ਪ੍ਰਵਾਨ ਹੋਏ। ਕਿਰਤ ਦੀ ਲੋੜ ਗ੍ਰਿਹਸਥੀ ਸਮਾਜ ਨੂੰ ਹੈ। ਗ੍ਰਿਹਸਥੀ ਜੀਵਨ ਹੀ ਅਜਿਹੀਆਂ
ਲੋੜਾਂ ਨੂੰ ਜਨਮ ਦਿੰਦਾ ਹੈ ਜੋ ਕਿਰਤ ਵੱਲ ਪ੍ਰੇਰਤ ਕਰਦੀਆਂ ਹਨ।
ਨਿਰਵਿਰਤੀ ਮਾਰਗ ਦੇ ਪਾਂਧੀ ਦੀਆਂ ਲੋੜਾਂ ਬੜੀਆਂ ਹੀ ਸੀਮਤ ਹੁੰਦੀਆਂ ਹਨ।
ਰੋਟੀ ਤੇ ਕਪੜੇ ਨਾਲ ਨਿਰਵਿਰਤੀ ਦਾ ਗੁਜ਼ਰਾਨ ਹੋ ਜਾਂਦਾ ਹੈ। ਰੋਟੀ ਤੇ ਕਪੜੇ ਨਾਲ ਰਹਿਣ ਲਈ ਮਕਾਨ
ਦੀ ਲੋੜ ਗ੍ਰਿਹਸਥੀ ਦੀ ਹੈ। ਗ੍ਰਿਹਸਥ ਤੋਂ ਭਗੌੜਾ ਮਨੁੱਖ ਕਦੀ ਵੀ ਸੱਚਾ ਕਿਰਤੀ ਨਹੀਂ ਬਣਦਾ, ਉਹ
ਤਾਂ ਸਰੀਰਕ ਸੁਖਾਂ ਨਾਲ ਸਬੰਧਤ ਸੁਖ ਸਹੂਲਤਾਂ ਦੁਆਲੇ ਘੁੰਮਦਿਆਂ ਹੀ ਜੀਵਨ ਬਤੀਤ ਕਰ ਜਾਂਦਾ ਹੈ,
ਜਦ ਕਿ ਗ੍ਰਿਹਸਥੀ, ਕੌਮੀ ਜੀਵਨ ਜਿਊਣ ਦਾ ਊੜਾ, ਐੜਾ ਪਰਵਾਰਕ ਜੀਵਨ ਵਿੱਚ ਰਹਿੰਦਿਆਂ ਹੀ ਸਿਖਣਾ
ਸ਼ੁਰੂ ਕਰ ਦੇਂਦਾ ਹੈ।
ਨਿਰਵਿਰਤੀ ਮਾਰਗ ਵਿੱਚ ਕਾਮ, ਕ੍ਰੋਧ, ਲੋਭ, ਮੋਹ ਅਤੇ ਹੰਕਾਰ ਜਿਨ੍ਹਾਂ ਨੂੰ
ਵਿਸ਼ੇ ਵਿਕਾਰ ਆਖਿਆ ਜਾਂਦਾ ਹੈ, ਪ੍ਰਵਿਰਤੀ ਮਾਰਗ ਵਿੱਚ ਸਹਿਜੇ ਹੀ ਇਨ੍ਹਾਂ ਦਾ ਰੂਪਾਂਤਰਣ ਹੋ ਕੇ
‘ਕਾਮ` ਰੱਬੀ ਹੁਕਮ ਵਿੱਚ ਉਤਪਤੀ ਦਾ ਕਾਰਣ, ‘ਕ੍ਰੋਧ` ਕੌਮੀ ਅਣਖ ਦਾ ਪ੍ਰਤੀਕ, ‘ਲੋਭ` ਛੋਟੇ ਜਿਹੇ
ਜੀਵਨ ਵਿੱਚ ਵੱਡੀਆਂ ਘਾਲਣਾਵਾਂ ਘਾਲਣ ਦਾ ਪ੍ਰੇਰਣਾ ਸ੍ਰੋਤ, ‘ਮੋਹ` ਭਾਈਚਾਰਕ ਸਾਂਝ ਦੀ ਮਜਬੂਤੀ ਦਾ
ਸੋਮਾ ਅਤੇ ਅਤੇ ‘ਹੰਕਾਰ` ਆਪਣਾ ਰੂਪ ਬਦਲ ਕੇ ਸਵੈਮਾਣ, ਅਣਖ਼ ਅਤੇ ਅਜ਼ਾਦੀ ਲਈ ਮਾਰਗ ਦਰਸ਼ਨ ਕਰਦਾ ਹੈ
ਤਦੇ ਹੀ ਤਾਂ ਗੁਰਬਾਣੀ ਨੇ ਪਹਿਲੜੀ ਲਾਂਵ ਰਾਹੀਂ ਪ੍ਰਵਿਰਤੀ ਕਰਮ ਦ੍ਰਿੜ ਕਰਨ ਦਾ ਉਪਦੇਸ਼ ਦਿੱਤਾ
ਹੈ।
ਗ੍ਰਿਹਸਥ ਧਰਮ ਪ੍ਰਤਿ ਅਥਾਹ ਪਿਆਰ ਕਰਕੇ ਹੀ ਗੁਰੂ ਜੀ ਨੇ ਬਾਬਾ ਸ੍ਰੀ ਚੰਦ
ਨੂੰ ਛੱਡ ਕੇ ਬਾਬਾ ਲਹਿਣਾ ਜੀ ਨੂੰ ਨਿਵਾਜ਼ਿਆ।
ਅਜੋਕੇ ਡੇਰਾਵਾਦ ਦੇ ਬਹੁਤੇ ਆਗੂ ਗ੍ਰਿਹਸਥ ਤੋਂ ਬਾਗੀ ਹੋਕੇ ਤਿਆਗੀ ਹੋਣ ਦਾ
ਨਾਟਕ ਕਰਦੇ ਹਨ ਪਰ ਇਹ ਅਖੌਤੀ ਬਹਿੰਗਮਾਂ ਦਾ ਦੰਭੀ ਜੀਵਨ ਉਦੋਂ ਧਰਮ ਦੇ ਨਾਮ ਉਪਰ ਧੱਬਾ ਬਣ ਜਾਂਦਾ
ਹੈ, ਜਦੋਂ ਧਰਮ ਦੇ ਇਹਨਾਂ ਅਸਥਾਨਾਂ (ਠਾਠਾਂ ਤੇ ਗੁਫਾਵਾਂ) ਵਿਚੋਂ ਬਲਾਤਕਾਰ ਦੀਆਂ ਸ਼ਿਕਾਰ
ਅਬਲਾਵਾਂ ਦੀਆਂ ਚੀਕਾਂ ਮੀਡੀਏ ਰਾਹੀਂ ਜਨ-ਸਧਾਰਨ ਦੇ ਕੰਨਾਂ ਤੱਕ ਅੱਪੜਦੀਆਂ ਹਨ।
ਹੈਰਾਨੀ ਦੀ ਗੱਲ ਹੈ ਕਿ ਆਪਣੇ-ਆਪ ਨੂੰ ਤਿਆਗੀ ਹੋਣ ਦਾ ਢੰਡੋਰਾ ਪਿੱਟਣ
ਵਾਲਿਆਂ ਨੂੰ ਸੁਖ-ਸਹੂਲਤਾਂ ਦੀ ਲੋੜ ਗ੍ਰਹਿਸਥੀਆਂ ਤੋਂ ਕਿਤੇ ਵੱਧ ਹੈ। ਮਹਿੰਗੀਆਂ ਸੇਜਾਂ ਤੋਂ ਲੈ
ਕੇ, ਮਹਿੰਗੀਆਂ ਸਵਾਰੀਆਂ, ਚੰਗੇ ਹਥਿਆਰ, ਕੀਮਤੀ ਪੁਸ਼ਾਕਾਂ, ਨੌਕਰ-ਚਾਕਰਾਂ ਦੇ ਰੂਪ ਵਿੱਚ ਚੇਲੇ,
ਹਵਸ ਪੂਰਤੀ ਲਈ ਦੇਵਦਾਸੀਆਂ ਦੇ ਰੂਪ ਵਿੱਚ ਕੁੱਝ ਕਿਸ਼ੋਰ ਮੁਟਿਆਰਾਂ ਜਾਂ ਮਜਬੂਰ ਅਬਲਾਵਾਂ ਪ੍ਰਤਿ
ਹਵਸ ਅਕਸਰ ਹੀ ਇਨ੍ਹਾਂ ਬਹਿਰੂਪੀਆਂ ਦੀਆਂ ਅੱਖਾਂ ਵਿੱਚ ਦੇਖੀ ਜਾ ਸਕਦੀ ਹੈ।
ਬੀਤੇ ਸਮੇਂ ਦੇ ਜਗੀਰਦਾਰਾਂ ਵਾਂਗ ਜਦੋਂ ਇਹ ਆਪਣੇ ਚੇਲਿਆਂ-ਚੱਪਟਿਆਂ ਨਾਲ
ਹੱਥਿਆਰਬੰਦ ਹੋ ਕੇ ‘ਕਾਰ-ਸੇਵਾ` ਵਾਲੀਆਂ ਗੱਡੀਆਂ ਲੈ ਕੇ ਕਿਰਤੀਆਂ ਦੇ ਖੇਤਾਂ ਵਿੱਚੋਂ ਜਿਣਸ
ਲੁੱਟਕੇ ਲਿਜਾਂਦੇ ਹਨ ਤਾਂ ਗੁਰ ਨਾਨਕ ਸਾਹਿਬ ਦੀ ਘਾਲਣਾ ਤੇ ਕਮਾਈ ਉਦੋਂ ਅੱਖਾਂ ਵਿੱਚੋਂ ਹੰਝੂ ਕੇਰ
ਰਹੀ ਹੁੰਦੀ ਹੈ ਕਿਉਂਕਿ ਗਰੀਬ ਕਿਰਤੀ (ਭਾਈ ਲਾਲੋ ਜੀ ਵਰਗੇ) ਗੁਰੂ ਨਾਨਕ ਸਾਹਿਬ ਦੀ ਫ਼ਸਲ ਹਨ, ਜਿਸ
ਨੂੰ ਇਹ ਬੇਲਗਾਮ ਪਸ਼ੂ ਉਜਾੜਦੇ ਹਨ। ਇਹ ਸਨਾਤਨੀ ਮੱਤ ਦੇ ਪੁਜ਼ਾਰੀ ਬ੍ਰਹਮਣ ਵਾਂਗ ਪਰਾਭੌਤਿਕ ਸ਼ਕਤੀਆਂ
ਦਾ ਡਰ ਪਾਕੇ ਦਾਨ ਦੇ ਨਾਮ ਤੇ ਲੁੱਟ ਮਚਾਂਉਂਦੇ ਹਨ। ਅਗਲੇ ਲੋਕ ਨੂੰ ਸਵਾਰਣ ਲਈ ਜਿੱਥੇ ਬ੍ਰਹਮਣ ਨੇ
ਬਨਾਰਸ ਵਿੱਚ ਆਰਾ ਲਾ ਕੇ ਕਿਹਾ ਸੀ ਕਿ ਆਪਣੀ ਜ਼ਮੀਨ-ਜਾਇਦਾਦ ਮੇਰੇ ਨਾਮ ਕਰਕੇ, ਆਪਣੀ ਤੀਵੀਂ ਮੈਨੂੰ
ਸੌਂਪ ਕੇ, ਆਪਣੀਆਂ ਧੀਆਂ ਦੇਵਦਾਸੀਆਂ ਬਣਾ ਕੇ, ਆਰੇ ਥੱਲੇ ਸਿਰ ਕਰ ਦਿਉ ਸ਼ਿਵਜੀ ਤੁਹਾਨੂੰ ਸ਼ਿਵਪੁਰੀ
ਲੈ ਜਾਣਗੇ। ਉਨ੍ਹਾ ਵਾਂਗ ਇਹ ਬਨਾਰਸੀ ਠੱਗ ਵੀ ਗ੍ਰਹਿਸਥੀ ਲੋਕਾਂ ਦੀ ਆਰਥਿਕਤਾ ਨੂੰ ਲਗੀਆਂ ਜੋਕਾਂ
ਹਨ ਜੋ ਗੁੰਬਦਾਂ ਤੇ ਸੋਨੇ ਦੀ ਕਾਰਸੇਵਾ ਦੇ ਨਾਮ ਤੇ ‘ਸ਼ਰਧਾਲੂ ਔਰਤਾਂ` ਦੇ ਗਹਿਣੇ, ਲੰਗਰ ਸੇਵਾ ਦੀ
ਆੜ ਵਿੱਚ ਕਿਰਤੀਆਂ ਦੀ ਜਿਨਸ (ਆਲੂ, ਝੋਨਾ ਤੇ ਕਣਕ ਆਦਿਕ) ਅਤੇ ਡੇਰਿਆਂ ਵਿੱਚ ਦਰਗਾਹੀ ਸੇਵਾ ਦੇ
ਨਾਮ ਤੇ ਗ੍ਰਿਹਸਥੀਆਂ ਦੇ ਸਮੇਂ ਦੀ ਬਰਬਾਦੀ ਕਰਦਿਆਂ ਹੋਇਆਂ ਲੋਕਾਂ ਦਾ ਖੂਨ ਚੂਸ ਰਹੇ ਹਨ।
ਹਾਲ ਹੀ ਵਿੱਚ ਪਿੰਡ ਸ਼ੇਰਪੁਰਾ (ਜਗਰਾਉਂ) ਵਿਖੇ ਚਰਨ ਸਿੰਘ ਵਲੋਂ ਬਾਬਾ ਨੰਦ
ਸਿੰਘ ਦੀ ਤਸਵੀਰ ਨੂੰ ਸੋਨੇ ਦੀ ਪਾਲਕੀ ਵਿੱਚ ਰੱਖ ਕੇ ਚਵਰ ਤੇ ਛਤ੍ਰ ਝੁਲਾਉਂਦਿਆਂ ਕੱਢਿਆ ਗਿਆ
ਅਖੌਤੀ ਨਗਰ ਕੀਰਤਨ ਇਨ੍ਹਾਂ ਡੇਰੇਦਾਰਾਂ ਵਲੋਂ ਮਚਾਈ ਲੁੱਟ ਦਾ ਪ੍ਰਤੱਖ ਪ੍ਰਮਾਣ ਹੈ। ਗੁਰੂ ਗ੍ਰੰਥ
ਸਾਹਿਬ ਜੀ ਦੇ ਸਤਿਕਾਰ ਦਾ ਠੇਕਾ ਲੈਣ ਵਾਲੀ ਇਸ ਸੰਪਰਦਾ ਨੇ ਜਿੰਨਾ ਕੌਮੀ ਬੇੜਾ ਗਰਕ ਕਰਨ ਵਿੱਚ
ਰੋਲ ਅਦਾ ਕੀਤਾ ਹੈ ਇਸ ਨੂੰ ਤਵਾਰੀਖ਼ ਕਾਲੇ ਅੱਖਰਾਂ ਵਿੱਚ ਕੌਮੀ ਵਾਰਿਸਾਂ ਲਈ ਸੰਭਾਲ ਕੇ ਰੱਖੇਗੀ
ਜਿਸਨੂੰ ਪੜ੍ਹ ਕੇ ਸਾਡੇ ਵਾਰਿਸ ਨਿਸ਼ਾਨਦੇਹੀ ਕਰਨਗੇ ਕਿ ਇਹ ‘ਠਾਠਾਂ` ਵਿੱਚ ਠਾਠ ਨਾਲ ਰਹਿਣ ਵਾਲੇ
ਸਾਡੇ ਸੁਨਿਹਰੀ ਧਰਮ ਨੂੰ ਕਿੰਨਾਂ ਪਿਛੇ ਪਾ ਗਏ ਹਨ।
ਇਹ ਉਹੀ ਸੰਪਰਦਾ ਹੈ ਜੋ ਬਾਬਾ ਨੰਦ ਸਿੰਘ ਜੀ ਨੂੰ ਗੁਰੂ ਨਾਨਕ ਸਾਹਿਬ ਤੋਂ
ਬਾਅਦ ‘ਗੁਰੂ` ਸਿੱਧ ਕਰਨ ਲਈ ਤਰਲੋਮੱਛੀ ਹੋ ਰਹੀ ਹੈ। ਜਦੋਂ ਕਦੀ ਇਨ੍ਹਾਂ ਦੇ ਪ੍ਰਚਾਰਕ ਕਥਾ ਵਖਿਆਨ
ਕਰਦੇ ਸੁਣੀਦੇ ਹਨ ਤਾਂ ਕੇਵਲ ‘ਬਾਬਾ ਜੀ ਦੇ ਬਚਨਾਂ` ਦੀ ਗੱਲ ਕਰਦੇ ਹਨ। ਉਹ ਨਾ ਤਾਂ ਗੁਰਬਾਣੀ ਦਾ
ਕੋਈ ਪ੍ਰਮਾਣ, ਨਾ ਹੀ ਗੁਰੂ ਨਾਨਕ ਸਾਹਿਬ ਤੋਂ ਬਾਅਦ ਦਾ ਗੁਰੂ ਇਤਹਾਸ ਤੇ ਨਾ ਹੀ ਸ਼ਹੀਦ ਸਿੰਘਾਂ
ਦੀਆਂ ਘਾਲਨਾਵਾਂ ਨੂੰ ਮਾਨਤਾ ਦੇਂਦੇ ਹਨ, ਇਸ ਗੱਲ ਦਾ ਪ੍ਰਤੱਖ ਸਬੂਤ ਇਨ੍ਹਾਂ ਦੇ ਡੇਰੇ ਦੀ ਵੱਖਰੀ
ਅਰਦਾਸ ਤੋਂ ਮਿਲ ਜਾਂਦਾ ਹੈ ਜੋ ਇਨ੍ਹਾਂ ਨੇ ਪੰਥ ਤੋਂ ਭਗੌੜੇ ਹੋ ਕੋ ਬਦਲ ਦਿੱਤੀ ਹੈ।
ਇਨ੍ਹਾਂ ਦੇ ਡੇਰਿਆਂ ਤੇ ਰੱਖੀਆਂ ਆਦਮ ਕੱਦ ਤਸਵੀਰਾਂ ਸਾਨੂੰ ਹਜ਼ਾਰਾਂ ਸਾਲ
ਪਹਿਲਾਂ ਦੇ ਮੰਦਰਾਂ ਦੀ ਯਾਦ ਦਿਵਾੳਂਦੀਆਂ ਹਨ ਜਿਥੇ ਕੇਵਲ ਮੂਰਤੀ ਦੀ ਪੂਜਾ ਕੀਤੀ ਜਾਂਦੀ ਸੀ
ਕਿਉਂਕਿ ਮੂਰਤੀ ਕਦੀ ਵੀ ਬੋਲਕੇ ਉਪਦੇਸ਼ ਨਹੀਂ ਕਰਦੀ ਅਤੇ ਤਸਵੀਰਾਂ ਨੇ ਵੀ ਕਦੋਂ ਬੋਲਣਾ ਹੋਇਆ।
ਕੌਮੀ ਆਜ਼ਾਦੀ ਦੇ ਪ੍ਰਤੀਕ ‘ਨਿਸ਼ਾਨ ਸਾਹਿਬ` ਨੂੰ ਨਾ ਝੁਲਾਉਣਾ, ਕੜਾਹ ਪ੍ਰਸ਼ਾਦ ਦੀ ਥਾਂ ਤੇ ਮਿਸ਼ਰੀ,
ਸੇਬਾਂ ਤੇ ਖਿੱਲਾਂ ਦਾ ਪ੍ਰਸ਼ਾਦ ਚਲਾ ਕੇ ਇਸ ਸੰਪ੍ਰਦਾ ਨੇ ਨਾਨਕ ਪੰਥ ਦਾ ਮਜ਼ਾਕ ਉਡਾਇਆ ਹੈ।
ਸਿਖ ਕੌਮ ਦੀ ਰੀੜ੍ਹ ਦੀ ਹੱਡੀ ‘ਲੰਗਰ ਪ੍ਰਬੰਧ` ਨੂੰ ਇਨ੍ਹਾਂ ਨੇ ਤਾਰਪੀਡੋ
ਕਰ ਕੇ ਰੱਖ ਦਿਤਾ ਹੈ, ਇਸੇ ਸੰਪ੍ਰਦਾ ਦੇ ਡੇਰੇ ‘ਭੁੱਚੋ` ਵਿਖੇ ਗੁਰਸਿੱਖਾਂ ਕੋਲੋਂ ਲੰਗਰ ਛਕਣ ਤੋਂ
ਪਹਿਲਾਂ ‘ਜਾਤ` ਪੁੱਛੀ ਜਾਂਦੀ ਹੈ। ਇਨ੍ਹਾ ਦੇ ਡੇਰਿਆਂ ਤੇ ਪੱਕਿਆ-ਪਕਾਇਆ ਲੰਗਰ ਮੰਗਵਾਇਆ ਜਾਂਦਾ
ਹੈ ਕਿਉਂਕਿ ਡੇਰੇ ਵਿੱਚ ਅੱਗ ਬਾਲਣ ਦੀ ਮਰਿਆਦਾ ਨਹੀਂ ਪਰ ਨਿੱਜੀ ਰਹਾਇਸ਼ਾਂ ਵਿੱਚ ਗੈਸ ਸੈਲੰਡਰ
ਰੱਖੇ ਹੋਏ ਹਨ। ਇਸ ਤਰ੍ਹਾਂ ਦੇ ਪਖੰਡ ਨੂੰ ਸਿੱਖੀ ਵਿੱਚ ਕਿਤੇ ਵੀ ਮਾਨਤਾ ਨਹੀਂ ਹੈ।
ਗੁਰਮਤਿ ਦੇ ਉਲਟ ਸੰਪਟ, ਸਹਿਜ ਸੰਪਟ, ਸਪਤਾਹ ਪਾਠ ਆਦਿਕ ਭਰਮ ਰਾਹੀਂ ਲੋਕਾਂ
ਨੂੰ ਸ਼ਰਧਾ ਦੇ ਨਾਮ ਹੇਠ ਲੁਟਿਆ ਜਾ ਰਿਹਾ ਹੈ। ਇਨ੍ਹਾਂ ਵਲੋਂ ਮਨਘੜਤ ਤੁਕਬੰਦੀ ਨੂੰ ਬਾਣੀ ਵਾਂਗ
ਗੁਟਕਿਆਂ ਵਿੱਚ ਛਾਪਿਆ ਜਾ ਰਿਹਾ ਹੈ। ਆਪਣੇ ਤੋਂ ਪਿਛਲੇ ਡੇਰੇਦਾਰਾਂ ਦੀਆਂ ਨਿਜ ਵਸਤਾਂ ਨੂੰ ਬਾਣੀ
ਤੋਂ ਵੱਧ ਸਤਿਕਾਰ ਦੇ ਕੇ ਪੂਜਿਆ ਜਾ ਰਿਹਾ ਹੈ। ਇਥੋਂ ਤੱਕ ਕਿ ਕਈ ਵਸਤਾਂ ਨੂੰ ਵੇਖਣ ਲਈ ਗੁਰਬਾਣੀ
ਨੂੰ ਭੇਟਾ ਵਜੋਂ ਰੱਖਿਆ ਗਿਆ ਹੈ।
ਸੋ ਇਨ੍ਹਾਂ ਡੇਰਿਆਂ, ਸੰਪਰਦਾਵਾਂ ਤੇ ਬਾਬਿਆਂ ਦਾ ਗੁਰੂ ਗ੍ਰੰਥ ਸਾਹਿਬ ਜੀ
ਦੀ ਗੁਰਤਾਗੱਦੀ ਸ਼ਤਾਬਦੀ ਵਰ੍ਹੇ ਵਿਸ਼ੇਸ਼ ਉਭਾਰ ਪੰਥ ਲਈ ਖਤਰੇ ਦੀ ਘੰਟੀ ਹੈ। ਕੌਮੀ ਦਰਦ ਰੱਖਣ ਵਾਲੇ
ਸਮੂਹ ਚਿੰਤਕਾਂ ਨੂੰ ਇਸ ਖਤਰੇ ਪ੍ਰਤੀ ਗੰਭਰਿਤਾ ਨਾਲ ਵਿਚਾਰ ਕਰਕੇ ਵਿਹਾਰਕ ਰੂਪ ਵਿੱਚ ਕੋਈ ਠੋਸ
ਨੀਤੀ ਉਲੀਕਣੀ ਚਾਹੀਦੀ ਹੈ।
ਗੁਰਮੀਤ ਸਿੰਘ ‘ਮਹਿਰੋਂ’