. |
|
ਨਾਨਕ ਦਾ ਧੂਤਰੂ
ਹਾਂ ਜੀ, ਮੇਰਾ ਨਾਮ ਹੈ ‘ਮੱਖਣ ਸਿੰਘ ਪੁਰੇਵਾਲ’ ਅਤੇ ਮੈਂ ਹਾਂ ਗੁਰੂ ਨਾਨਕ
ਦਾ ਧੂਤਰੂ ਜੋ ਕਿ ਇਸ ‘ਸਿੱਖ ਮਾਰਗ’ ਵੈੱਬ ਸਾਈਟ ਨੂੰ ਪਿਛਲੇ ਕੋਈ ਦਸ ਕੁ ਸਾਲਾਂ ਤੋਂ ਚਲਾ ਰਿਹਾ
ਹੈ। ‘ਸਿੱਖ ਮਾਰਗ’ ਦਾ ਡੋਮੇਨ ਨਾਮ ਰਜ਼ਿਸਟਰ ਕਰਾਉਣ ਤੋਂ ਪਹਿਲਾਂ ਕੁੱਝ ਸਾਲ ਸਰਵਰ ਦੇ ਬਾਅਦ ਵਿੱਚ
ਆਪਣੇ ਨਾਮ ਤੇ ਵੀ ਕੁੱਝ ਸਾਲ ਆਪਣੀ ਵੈੱਬ ਸਾਈਟ ਚਲਾਈ ਹੈ। ਉਸ ਟਾਈਮ ਤੇ ਸਾਰਾ ਕੁੱਝ ਹੀ ਬਹੁਤ
ਮਹਿੰਗਾ ਸੀ ਅਤੇ ਸਿੱਖ ਧਰਮ ਨਾਲ ਸੰਬੰਧਿਤ ਸਾਈਟਾਂ ਵੀ ਕੋਈ ਦਰਜ਼ਨ ਦੇ ਕਰੀਬ ਹੀ ਸਨ ਅਤੇ ਸਾਰੀਆਂ
ਹੈਣ ਵੀ ਸਨ ਅੰਗ੍ਰੇਜ਼ੀ ਵਿਚ। ‘ਸਿੱਖ ਮਾਰਗ’ ਦਾ ਅੰਗ੍ਰੇਜ਼ੀ ਵਾਲਾ ਭਾਗ ਬਹੁਤਾ ਉਸ ਸਮੇਂ ਦਾ ਹੀ ਹੈ।
ਉਸ ਵੇਲੇ ਨਾ ਤਾਂ ਵੈੱਬ ਬਰਾਉਸਰ ਹੀ ਪੰਜਾਬੀ ਡਿਸਪਲੇਅ ਕਰਦੇ ਸਨ ਅਤੇ ਨਾ ਹੀ ਕੋਈ ਪ੍ਰੋਗਰਾਮ ਹੀ
ਹੁੰਦਾ ਸੀ। ਕਿਉਂਕਿ ਫੌਂਟ ਫੇਸ ਉਸ ਸਮੇਂ ਨਹੀਂ ਸੀ ਚਲਦਾ। ਪੰਜਾਬੀ ਦੀਆਂ ਲਿਖਤਾਂ ਜਾਂ ਤਾਂ ਪੀ.
ਡੀ. ਐੱਫ. ਫੌਰਮੇਟ ਵਿੱਚ ਪਾਈਆਂ ਜਾਦੀਆਂ ਸਨ ਅਤੇ ਜਾਂ ਫਿਰ ਇਮਜ਼ ਬਣਾ ਕੇ ਪਾਏ ਜਾਂਦੇ ਸਨ। ਜਦੋਂ
ਮੈਂ ‘ਸਿੱਖ ਮਾਰਗ’ ਤੇ ਦਸਮ ਗ੍ਰੰਥ ਦੇ ਵਿਰੋਧ ਵਿੱਚ ਲੇਖ ਪਉਣੇਂ ਸ਼ੁਰੂ ਕੀਤੇ ਤਾਂ ਜਿਹੜੇ ਸੱਜਣ
ਦਸਮ ਗ੍ਰੰਥ ਦੇ ਹਮਾਇਤੀ ਸਨ ਅਤੇ ਸੀ ਭੀ ਮੇਰੇ ਜਾਣ-ਪਛਾਣ ਵਾਲੇ, ਉਹ ਕਹਿਣ ਕਿ ਇਹ ਤੂੰ ਕੀ ਕਰਨ
ਲੱਗ ਪਿਆ? ਇਹਨਾ ਨੂੰ ਹਟਾ ਦੇ ਇਥੋਂ ਅਤੇ ਜਿਹੜੇ ਉਂਜ ਹੀ ‘ਸਿੱਖ ਮਾਰਗ’ ਦੇ ਵਿਰੋਧੀ ਸਨ ਉਹਨਾ ਨੇ
ਕਹਿਣਾਂ ਸ਼ੁਰੂ ਕਰ ਦਿੱਤਾ ਕਿ ਇਹ ਤਾਂ ਕਾਲੇ ਅਫ਼ਗਾਨੇ ਦਾ ਮੋਹਰਾ (ਧੂਤਰੂ) ਹੈ। ਹੁਣ ਵੀ ਜਿਹੜਾ
ਪਹਿਲੀ ਵਾਰੀ ਕੋਈ ‘ਸਿੱਖ ਮਾਰਗ’ ਤੇ ਆਉਂਦਾ ਹੈ ਤਾਂ ਉਹ ਸਮਝਦਾ ਹੈ ਕਿ ਮੈਂ ਸ਼ਾਇਦ ਫਲਾਨੇ ਦਾ
ਮੋਹਰਾ ਬਣਿਆ ਹੋਇਆ ਹਾਂ। ਮੈਨੂੰ ਨਹੀਂ ਪਤਾ ਕਿ ਉਹਨਾ ਦੀ ਇਹ ਬੌਣੀ ਸੋਚਣੀ ਕਿਉਂ ਹੈ।
ਦਸਮ ਗ੍ਰੰਥ ਬਾਰੇ ਮੇਰੇ ਵਿਚਾਰ:-
ਅੱਜ ਤੋਂ ਕੋਈ 30 ਕੁ ਸਾਲ ਪਹਿਲਾਂ ਜਦੋਂ ਪਹਿਲੀ ਵਾਰੀ ਜਾਪ ਸਾਹਿਬ ਦਾ ਪਾਠ ਕੀਤਾ ਤਾਂ ਕੋਈ 45
ਮਿੰਟ ਲੱਗੇ ਸਨ। ਕਈ ਸ਼ਬਦ ਉਚਾਰਨ ਔਖੇ ਲਗਦੇ ਸਨ। ਮੈਨੂੰ ਨਹੀਂ ਸੀ ਪਤਾ ਕਿ ਦਸਮ ਗ੍ਰੰਥ ਵਿੱਚ ਕੀ
ਕੁੱਝ ਹੈ। ਸਿਰਫ ਨਾਮ ਹੀ ਸੁਣਿਆਂ ਹੋਇਆ ਸੀ ਕਿ ਇਸ ਨਾਮ ਦਾ ਕੋਈ ਗ੍ਰੰਥ ਹੈ ਜਿਹੜਾ ਕਿ ਦਸਵੇਂ
ਪਾਤਸ਼ਾਹ ਦਾ ਕਹਿਆ ਜਾਂਦਾ ਹੈ। ਥੋੜਾ ਜਿਹਾ ਸਮਾਂ ਪਾਠ ਕਰਨ ਤੋਂ ਬਾਅਦ ਮਨ ਵਿੱਚ ਸ਼ੰਕੇ ਉਤਪਨ ਹੋਣੇ
ਸ਼ੁਰੂ ਹੋ ਗਏ ਕਿ ਇਸ ਵਿੱਚ ਨਾਨਕ ਦਾ ਨਾਮ ਕਿਉਂ ਨਹੀਂ? ਮਹਲਾ ਕਿਉਂ ਨਹੀਂ? ਜੇ ਕਰ ਇਹ ਦਸਮ ਬਾਣੀ
ਹੈ ਤਾਂ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ਼ ਕਿਉਂ ਨਹੀਂ ਕੀਤੀ ਗਈ? ਇਸ ਬਾਰੇ ਕਈ ਗਿਆਨੀਆਂ ਨੂੰ
ਪੁੱਛਦਾ ਤਾਂ ਜਵਾਬ ਮਿਲਦਾ, "ਗੁਰੂ ਗ੍ਰੰਥ ਸਾਹਿਬ ਤਾਂ ਪਹਿਲਾਂ ਹੀ ਸੰਪੂਰਨ ਹੋ ਚੁੱਕੇ ਸਨ ਅਤੇ
ਜਾਂ ਫਿਰ ਕਹਿਣਾ ਕਿ ਸ਼ੰਕਾ ਨਹੀਂ ਕਰੀਦਾ, ਗੁਰੂ ਦੀਆਂ ਗੁਰੂ ਹੀ ਜਾਣੇ, ਬਸ ਬਾਣੀ ਵੱਧ ਤੋਂ ਵੱਧ
ਪੜ੍ਹੋ ਅਤੇ ਜਬਾਨੀ ਯਾਦ ਕਰੋ। ਪੁਰਾਤਨ ਸਿੰਘ ਬਾਣੀ ਬਹੁਤ ਪੜ੍ਹਦੇ ਹੁੰਦੇ ਸਨ ਅਤੇ ਪੁਰਾਤਨ ਰਹਿਰਾਸ
ਵੀ ਬਹੁਤ ਵੱਡੀ ਹੁੰਦੀ ਸੀ। ਆਹ ਹੁਣ ਵਾਲੀ ਤਾਂ ਪੜ੍ਹਿਆਂ ਲਿਖਿਆਂ ਨੇ ਘਟਾ ਦਿੱਤੀ ਹੈ ਤਾਂਹੀਂ ਤਾਂ
ਸਿੱਖੀ ਦਾ ਪਰਤਾਪ ਵੀ ਬਹੁਤ ਘਟ ਗਿਆ ਹੈ"। ਲਓ ਜੀ ਫਿਰ ਕੀ ਸੀ, ਅਸੀਂ ਉਹ ਵੱਡੀ ਰਹਿਰਾਸ ਵੀ
ਪੜ੍ਹਨੀ ਸ਼ੁਰੂ ਕਰ ਦਿੱਤੀ ਅਤੇ ਛੇਤੀਂ ਹੀ ਜ਼ਬਾਨੀ ਵੀ ਯਾਦ ਹੋ ਗਈ। ਹਰ ਰੋਜ਼ ਹੀ ਰਾਮ ਕਥਾ
ਜ਼ੁੱਗ-ਜ਼ੁੱਗ ਅਟੱਲ ਅਤੇ ਹੋਰ ਸਾਰੇ ਅੜਿੱਲ ਪੜ੍ਹਨੇ। ਸ਼ਾਇਦ ਸਾਲ ਕੁ ਭਰ ਪੱਕਾ ਕਰਮਕਾਂਡੀ ਅਤੇ
ਅੰਧ-ਵਿਸ਼ਵਾਸ਼ੀ ਬਣ ਕੇ ਇਸ ਤਰ੍ਹਾਂ ਕੀਤਾ ਸੀ। ਸੁੱਚ-ਭਿੱਟ ਵੀ ਪੂਰੀ ਰੱਖਦਾ ਸੀ। ਫਿਰ ਹੌਲੀ-ਹੌਲੀ
ਗੁਰਬਾਣੀ ਪੜ੍ਹਦਿਆਂ ਬਾਣੀ ਦੀ ਸਮਝ ਪੈਣ ਲੱਗ ਗਈ ਅਤੇ ਇਹ ਵੀ ਮਹਿਸੂਸ ਹੋਣ ਲੱਗਾ ਕਿ ਇਹ ਜੋ ਚੌਪਈ
ਹੈ ਇਸ ਦਾ ਸਿਧਾਂਤ ਗੁਰਬਾਣੀ ਨਾਲ ਮੇਲ ਨਹੀਂ ਖਾਂਦਾ ਇਸ ਦਾ ਕਾਰਣ ਕੀ ਹੈ? ਇਸ ਬਾਰੇ ਹੋਰ ਜਾਨਣ ਦੀ
ਮਨ ਵਿੱਚ ਖਾਹਿਸ਼ ਪੈਦਾ ਹੋਈ।
ਸੰਨ 1980 ਵਿੱਚ ਮੈਂ ਇੰਡੀਆ ਗਿਆ ਸੀ। ਸਾਡੇ ਪਿੰਡ ਨਿਹੰਗ ਸਿੰਘ ਰਹਿੰਦੇ
ਹੁੰਦੇ ਸਨ। ਉਹਨਾ ਨਾਲ ਦਸਮ ਗ੍ਰੰਥ ਬਾਰੇ ਗੱਲ ਕੀਤੀ ਅਤੇ ਇਹ ਵੀ ਕਿਹਾ ਕਿ ਦਸਮ ਗ੍ਰੰਥ ਦੀਆਂ
ਸੈਂਚੀਆਂ ਜੇ ਕਰ ਮਿਲ ਸਕਣ ਤਾਂ ਮੈਂ ਉਹ ਆਪਣੇ ਨਾਲ ਕਨੇਡਾ ਲਿਜਾਣੀਆਂ ਚਾਹੁੰਦਾ ਹਾਂ। ਉਹਨਾ ਕੋਲ
ਸੈਂਚੀਆਂ ਤਾਂ ਨਹੀਂ ਸਨ ਪਰ ਛੋਟੇ ਅਕਾਰ ਦੀ ਬੀੜ ਜਰੂਰ ਸੀ ਅਤੇ ਉਹਨਾ ਨੇ ਉਹ ਬੀੜ ਹੀ ਮੈਨੂੰ ਦੇ
ਦਿੱਤੀ ਅਤੇ ਮੈਂ ਉਹ ਰਮਾਲੇ ਵਿੱਚ ਚੰਗੀ ਤਰ੍ਹਾਂ ਲਪੇਟ ਕੇ ਇੱਥੇ ਲੈ ਆਇਆ ਜੋ ਕਿ ਸ਼ਾਇਦ ਹਾਲੇ ਵੀ
ਗੁਰਦੁਆਰੇ ਵਿੱਚ ਪਈ ਹੋਵੇ। ਇਸ ਨੂੰ ਘਰ ਰੱਖ ਕੇ ਥੋੜਾ ਕੁ ਪੜ੍ਹਿਆ ਵੀ ਪਰ ਪੂਰੀ ਸਮਝ ਨਹੀਂ ਸੀ ਆ
ਰਹੀ। ਇਸ ਸਮੇਂ ਦੁਹਰਾਨ ਹੀ ਗਿਆਨੀ ਸੰਤ ਸਿੰਘ ਮਸਕੀਨ ਵੀ ਇੱਥੇ ਪ੍ਰਚਾਰਕ ਦੌਰਿਆਂ ਤੇ ਅਉਣ ਲੱਗ
ਪਏ। ਆਂਮ ਸੰਗਤਾਂ ਉਸ ਦੀ ਕਥਾ ਨੂੰ ਸਾਹ ਰੋਕ ਕੇ ਸੁਣਦੀਆਂ ਸਨ। ਉਹ ਦਸਮ ਗ੍ਰੰਥ ਦੇ ਪੱਕੇ ਸ਼ਰਧਾਲੂ
ਸਨ ਅਤੇ ਕਥਾ ਦੇ ਦੌਰਾਨ ਗਿਆਨੀ ਭਾਗ ਸਿੰਘ ਤੇ ਤਵਾ ਲਾਉਣੋਂ ਵੀ ਨਹੀਂ ਸੀ ਭੁੱਲਦੇ। ਦਸਮ ਕਥਾ
ਭਗਾਉਤ ਕੀ ਭਾਖਾ ਕਰੀ ਬਨਾਇ ਵਾਲੀ ਪੰਗਤੀ ਉਹ ਆਮ ਹੀ ਦੁਹਰਾਇਆ ਕਰਦੇ ਸਨ।
ਕਿਤਾਬਾਂ ਪੜ੍ਹਦਿਆਂ ਅਤੇ ਬਾਣੀ ਪੜ੍ਹਦਿਆਂ ਸਮਾਂ ਬੀਤਦਾ ਗਿਆ ਅਤੇ ਮੇਰੇ ਮਨ
ਵਿੱਚ ਦਸਮ ਗ੍ਰੰਥ ਬਾਰੇ ਹੋਰ ਜਾਣਕਾਰੀ ਲੈਣ ਦੀ ਇੱਛਾ ਪ੍ਰਗਟ ਹੁੰਦੀ ਗਈ। ਸ਼ਾਇਦ ਸਾਲ 1983 ਦੀ ਗੱਲ
ਹੈ ਕਿ ਮੈਂ ਇੱਕ ਅਖਬਾਰ ਵਿੱਚ ਪੜ੍ਹਿਆ ਕਿ ਪ੍ਰਿੰ: ਹਰਿਭਜਨ ਸਿੰਘ ਇੱਥੇ ਵੈਨਕੂਵਰ ਆਏ ਹੋਏ ਹਨ।
ਮੈਂ ਉਹਨਾ ਦੀਆਂ ਕੁੱਝ ਕਿਤਾਬਾਂ ਪੜ੍ਹੀਆਂ ਹੋਈਆਂ ਸਨ ਪਰ ਉਂਜ ਮੈਂ ਉਹਨਾ ਨੂੰ ਬਿੱਲਕੁੱਲ ਵੀ ਨਹੀਂ
ਸੀ ਜਾਣਦਾ ਅਤੇ ਨਾ ਹੀ ਉਹ ਮੈਨੂੰ ਜਾਣਦੇ ਸਨ। ਮੈਨੂੰ ਉਹ ਆਮ ਸਿੱਖਾਂ ਨਾਲੋਂ (ਪੜ੍ਹੀਆਂ ਹੋਈਆਂ
ਕਿਤਾਬਾਂ ਦੇ ਅਧਾਰ ਤੇ) ਕੁੱਝ ਸੂਝਵਾਨ ਲੱਗਦੇ ਸਨ। ਮੇਰੇ ਮਨ ਵਿੱਚ ਉਹਨਾ ਨਾਲ ਵਿਚਾਰ ਕਰਨ ਦੀ
ਇੱਛਾ ਜ਼ਾਹਿਰ ਹੋਈ। ਸਾਡੇ ਸ਼ਹਿਰ ਵਿੱਚ ਇੱਕ ਹਫਤੇ ਲਈ ਢਾਡੀ ਜਥੇ ਨੇ ਆਉਣਾ ਸੀ। ਕਮੇਟੀ ਦਾ ਸੈਕਟਰੀ
ਜੋ ਬਾਹਰੋਂ ਜਥੇਂ ਮੰਗਵਾਉਂਣ ਦੀ ਜ਼ੁੰਮੇਵਾਰੀ ਕਰਦਾ ਸੀ, ਉਹ ਮੇਰਾ ਦੋਸਤ ਸੀ। ਉਸ ਕੋਲ ਜਦੋਂ ਮੈਂ
ਆਪਣੀ ਇਹ ਗੱਲ ਕੀਤੀ ਤਾਂ ਉਹ ਕਹਿੰਦਾ ਕਿ ਅਸੀਂ ਤਾਂ ਹੁਣ ਢਾਡੀ ਜਥੇ ਨੂੰ ਮੰਗਵਾਉਣਾਂ ਹੈ ਅਤੇ ਜੇ
ਤੂੰ ਹਰਿਭਜਨ ਸਿੰਘ ਨੂੰ ਸੱਦਣਾਂ ਹੈ ਤਾਂ ਆਪਣੇ ਖਰਚੇ ਤੇ ਸੱਦ ਲੈ ਪਰ ਅਸੀਂ ਉਸ ਨੂੰ ਟਾਈੰਮ ਜਰੂਰ
ਦੇ ਦੇਵਾਂਗੇ। ਇਸ ਤਰ੍ਹਾਂ ਹੀ ਹੋਇਆ, ਉਹ ਆਏ ਅਤੇ ਮੇਰੇ ਕੋਲ ਹੀ ਰਹੇ ਅਤੇ ਮੈਂ ਉਹਨਾ ਕੋਲੋਂ
ਗੁਰਦੁਆਰੇ ਵਿੱਚ ਕੁੱਝ ਲੈਕਚਰ ਦਸਮ ਗ੍ਰੰਥ ਬਾਰੇ ਵੀ ਕਰਵਾਏ। ਦਸਮ ਗ੍ਰੰਥ ਬਾਰੇ ਉਹਨਾ ਦੀ ਵਿਚਾਰ
ਦਾ ਮੁੱਖ ਭਾਵ ਇਹੀ ਸੀ ਕਿ ਇਸ ਵਿੱਚ ਬਹੁਤ ਕੁੱਝ ਗਲਤ ਵੀ ਹੈ ਅਤੇ ਪੰਥ ਦੇ ਵਿਦਵਾਨਾਂ ਨੂੰ ਇਕੱਠੇ
ਹੋ ਕੇ ਇਸ ਬਾਰੇ ਕੋਈ ਨਿਰਨਾ ਜ਼ਰੂਰ ਕਰਨਾ ਚਾਹੀਦਾ ਹੈ।
ਉਹ ਹਫਤਾ ਕੁ ਇੱਥੇ ਮੇਰੇ ਕੋਲ ਰਹੇ ਅਤੇ ਅਸੀਂ ਗੁਰਮਤਿ ਵਿਚਾਰਾਂ ਕਰਦੇ ਰਹੇ
ਅਤੇ ਖਾਸ ਕਰਕੇ ਦਸਮ ਗ੍ਰੰਥ ਬਾਰੇ। ਜਦੋਂ ਮੈਂ ਚੌਪਈ ਬਾਰੇ ਸਵਾਲ ਕੀਤਾ ਕਿ ਇਸ ਦਾ ਸਿਧਾਂਤ
ਗੁਰਬਾਣੀ ਨਾਲ ਮੇਲ ਨਹੀਂ ਖਾਂਦਾ ਤਾਂ ਝੱਟ ਬੋਲੇ ਕਿ ਮੇਰਾ ਤਾਂ ਇਹ ਪੱਕਾ ਵਿਚਾਰ ਹੈ ਕਿ ਇਹ ਗੁਰੂ
ਸਾਹਿਬ ਨੇ ਖੰਡੇ ਦੀ ਪਹੁਲ ਤਿਆਰ ਕਰਨ ਵੇਲੇ ਇਹ ਨਹੀਂ ਪੜ੍ਹੀ ਜੇ ਪੜ੍ਹੀ ਹੋਉ ਤਾਂ ਦੂਸਰੀ ਅਕਾਲ
ਉਸਤਤ ਵਾਲੀ ਪੜ੍ਹੀ ਹੋਵੇਗੀ। ਉਹਨਾ ਨੇ ਇਹ ਵੀ ਦੱਸਿਆ ਕਿ ਪ੍ਰੋ: ਸਾਹਿਬ ਸਿੰਘ ਜੀ ਦੇ ਵੀ ਇਹੀ
ਵਿਚਾਰ ਸਨ। ਇਹ ਤਾਂ ਮੈਨੂੰ ਬਾਅਦ ਵਿੱਚ ਪਤਾ ਲੱਗਿਆ ਕਿ ਪ੍ਰੋ: ਸਾਹਿਬ ਸਿੰਘ ਜੀ ਨੇ ਨਿਤਨੇਮ ਦੀਆਂ
ਬਾਣੀਆਂ ਦੇ ਅਰਥ ਕਰਨ ਵੇਲੇ ਇਸ ਚੌਪਈ ਦੇ ਅਰਥ ਹੀ ਨਹੀਂ ਕੀਤੇ ਸਨ। ਇੱਥੇ ਪਾਠਕਾਂ ਨੂੰ ਇਹ ਵੀ ਯਾਦ
ਦਿਲਾਇਆ ਜਾਂਦਾ ਹੈ ਕਿ ਪ੍ਰੋ: ਸਾਹਿਬ ਸਿੰਘ ਤੋਂ ਬਾਅਦ ਪ੍ਰਿੰ: ਹਰਿਭਜਨ ਸਿੰਘ ਜੀ ਸ਼ਹੀਦ ਸਿੱਖ
ਮਿਸ਼ਨਰੀ ਕਾਲਜ਼ ਦੇ ਪ੍ਰਿੰ: ਰਹੇ ਸਨ। ਮੈਂ ਉਹਨਾ ਤੋਂ ਦਸਮ ਗ੍ਰੰਥ ਬਾਰੇ ਛਪੀਆਂ ਕਿਤਾਬਾਂ ਬਾਰੇ
ਜਾਣਕਾਰੀ ਲਈ ਅਤੇ ਗਿਆਨੀ ਭਾਗ ਸਿੰਘ ਦੀ ਕਿਤਾਬ ਬਾਰੇ ਵੀ ਪੁੱਛਿਆ। ਕਿਉਂਕਿ ਉਸ ਵੇਲੇ ਕੋਈ ਪੂਰਾ
ਟੀਕਾ ਤਾਂ ਹਾਲੇ ਛਪਿਆ ਹੋਇਆ ਮਿਲਦਾ ਨਹੀਂ ਸੀ ਇਸ ਲਈ ਉਹਨਾ ਨੇ ਮੈਨੂੰ ਯੂਨੀਵਰਸਿਟੀ ਵਲੋਂ ਤਿੰਨ
ਭਾਗਾਂ ਵਿਚਲੇ ਸ਼ਬਦਾਰਥ ਮੰਗਵਾ ਕੇ ਪੜ੍ਹਨ ਦੀ ਸਲਾਹ ਦਿੱਤੀ। ਮੈਂ ਇਹ ਮੰਗਵਾ ਕੇ ਪੜ੍ਹੇ ਪਰ ਸਮੱਸਿਆ
ਤਾਂ ਇਹ ਸੀ ਕਿ ਇਸ ਵਿੱਚ ਚੌਪਈ ਤੇ ਤ੍ਰਿਆ ਚਰਿੱਤਰ ਨਹੀਂ ਸੀ। ਦਸਮ ਗ੍ਰੰਥ ਦੇ ਹੱਕ ਵਿੱਚ ਅਤੇ
ਵਿਰੋਧ ਵਿੱਚ ਜੋ ਵੀ ਕਿਤਾਬਾਂ ਮਿਲ ਸਕਦੀਆਂ ਸਨ ਮੰਗਵਾ ਕੇ ਪੜ੍ਹੀਆਂ, ਗਿਆਨੀ ਭਗਤ ਸਿੰਘ ਦੇ ਸੰਤ
ਸਿਪਾਹੀ ਵਿੱਚ ਦਸਮ ਗ੍ਰੰਥ ਦੇ ਹੱਕ ਵਿੱਚ ਛਪਦੇ ਲੇਖ ਪੜ੍ਹੇ ਪਰ ਪੂਰੀ ਤਸੱਲੀ ਨਾ ਹੋਈ। ਫਿਰ ਸੰਨ
1990 ਤੋਂ ਬਾਅਦ ਪੰਡਿਤ ਨਰੈਣ ਸਿੰਘ ਦਾ ਦਸਮ ਗ੍ਰੰਥ ਬਾਰੇ ਟੀਕਾ ਮਿਲਣਾ ਸ਼ੁਰੂ ਹੋਇਆ ਤਾਂ ਪਤਾ
ਕੀਤਾ ਤਾਂ ਉਸ ਵੇਲੇ 7 ਸੈਂਚੀਆਂ (1000 ਕੁ ਪੰਨੇ ਤੱਕ) ਛਪ ਚੁੱਕਾ ਸੀ। ਉਹ ਸਾਰੀਆਂ ਮੰਗਵਾ ਲਈਆਂ।
ਹਾਲੇ ਥੋੜੀਆਂ ਹੀ ਪੜ੍ਹੀਆਂ ਸਨ ਕਿ ਤਸੱਲੀਆਂ ਹੋ ਗਈਆਂ ਮਨ ਚੀਕ ਉਠਿਆ ਕਿ ਆਹ ਲੱਚਰ ਸਾਹਿਤ ਤੇ
ਨਿਰਾ ਝੂਠ ਗੁਰੂ ਸਾਹਿਬ ਕਤਈ ਨਹੀਂ ਲਿਖ ਸਕਦੇ। ਇਹ ਤਾਂ ਦਸਵੇਂ ਗੁਰੂ ਨਾਨਕ ਨੂੰ ਬਦਨਾਮ ਕਰਨ ਦੀ
ਕੋਈ ਬਹੁਤ ਵੱਡੀ ਸਾਜਿਸ਼ ਹੈ। ਮੈਂ ਆਪਣੀ ਸਾਰੀ ਜਿੰਦਗੀ ਵਿੱਚ ਇਸ ਤਰ੍ਹਾਂ ਦਾ ਕੋਈ ਲੱਚਰ ਸਾਹਿਤ
ਨਹੀਂ ਸੀ ਪੜ੍ਹਿਆ ਜੋ ਇਸ ਦਸਮ ਗ੍ਰੰਥ ਵਿੱਚ ਪੜ੍ਹਿਆ ਹੈ। ਉਦੋਂ ਤੋਂ ਲੈ ਕੇ ਹੁਣ ਤੱਕ ਮੇਰੇ ਇਹ
ਪੱਕੇ ਵਿਚਾਰ ਹਨ ਕਿ ਦਸਮ ਗ੍ਰੰਥ ਗੁਰੂ ਸਾਹਿਬ ਜੀ ਦੀ ਰਚਨਾ ਬਿੱਲਕੁੱਲ ਨਹੀਂ ਹੈ। ਜੋ ਕਹਾਣੀਆਂ ਤੇ
ਦਲੀਲਾਂ ਇਸ ਦੇ ਹੱਕ ਵਿੱਚ ਹੁਣ ਤੱਕ ਪੜ੍ਹੀਆਂ ਸੁਣੀਆਂ ਸਨ ਉਹ ਸਭ ਥੋਥੀਆਂ ਹੀ ਹਨ। ਜਿਸ ਵਿਸ਼ੇ
ਬਾਰੇ ਗੁਰਬਾਣੀ ਦੇ ਅਧਾਰ ਤੇ ਮੇਰੇ ਮਨ ਨੂੰ 100% ਤਸੱਲੀ ਹੋ ਜਾਵੇ ਕਿ ਆਹ ਗੱਲ ਠੀਕ ਹੈ ਅਤੇ ਆਹ
ਗਲਤ ਹੈ ਉਸ ਬਾਰੇ ਮੈਂ ਪੁਰੀ ਦਿੜਿਤਾ ਨਾਲ ਸਟੈਂਡ ਕਰਦਾ ਹਾਂ ਭਾਵੇਂ ਕੁੱਝ ਵੀ ਹੋ ਜਾਵੇ, ਕਿਸੇ
ਫਤਵੇ ਦੀ ਕੋਈ ਪਰਵਾਹ ਨਹੀਂ, ਕਿਸੇ ਮਿੱਤਰ ਦੋਸਤ ਦੇ ਨਰਾਜ਼ ਹੋਣ ਦੀ ਕੋਈ ਪਰਵਾਹ ਨਹੀਂ। ਇਸ ਬਾਰੇ
ਪਹਿਲਾਂ ਵੀ ਮੇਰੇ ਨਾਲ ਬੀਤ ਚੁੱਕੀ ਹੈ ਅਤੇ ਅੱਗੇ ਨੂੰ ਵੀ ਜੋ ਬੀਤੇ ਸੋ ਬੀਤੇ ਕੋਈ ਪਰਵਾਹ ਨਹੀਂ।
ਸੰਨ 1998 ਵਿੱਚ ਲੰਗਰ ਬਾਰੇ ਜੋ ਹੁਕਮਨਾਮਾ ਜਾਰੀ ਹੋਇਆ ਸੀ ਜਿਸ ਨੂੰ ਕਿ ਮੈਂ ਗੁਰੂ ਕੀ ਨਿੰਦਾ
ਵਾਲਾ ਪਖੰਡਨਾਮਾ ਕਹਿੰਦਾ ਹਾਂ, ਇਸ ਬਾਰੇ ਤੁਸੀਂ ਮੇਰਾ ਇੱਕ ਲੇਖ ਵੀ ‘ਸਿੱਖ ਮਾਰਗ’ ਤੇ ਪੜ੍ਹ ਸਕਦੇ
ਹੋ। ਇਸ ਬਾਰੇ ਮੇਰੇ ਪਹਿਲਾਂ ਵੀ ਇਹੀ ਵਿਚਾਰ ਸਨ ਹੁਣ ਵੀ ਇਹੀ ਹਨ ਅਤੇ ਅਖੀਰਲੇ ਸਾਹ ਤੱਕ ਵੀ ਇਹੀ
ਰਹਿਣਗੇ। ਇਹੀ ਗੱਲ ਮੈਂ ਹੁਣ ਦਸਮ ਗ੍ਰੰਥ ਬਾਰੇ ਕਹਿੰਦਾ ਹਾਂ।
ਪ੍ਰੋ: ਸਾਹਿਬ ਸਿੰਘ, ਭਾਈ ਕਾਨ੍ਹ ਸਿੰਘ ਨਾਭਾ ਅਤੇ ਪ੍ਰਿੰ: ਤੇਜਾ ਸਿੰਘ
ਸ਼ਬਦਾਰਥ ਵਾਲੇ:-
ਇਹਨਾ ਤਿੰਨਾਂ ਨੇ ਸਿੱਖ ਜਗਤ ਦੀ ਝੋਲੀ ਵਿੱਚ ਕਾਫੀ ਲਿਖਤ
ਯੋਗਦਾਨ ਪਾਇਆ ਹੈ। ਪ੍ਰੋ: ਸਾਹਿਬ ਸਿੰਘ ਦਾ ਟੀਕਾ, ਭਾਈ ਕਾਨ੍ਹ ਸਿੰਘ ਨਾਭਾ ਦਾ ਮਹਾਨ ਕੋਸ਼ ਅਤੇ
ਗੁਰਮਤਿ ਮਾਰਤੰਡ ਅਤੇ ਪ੍ਰਿੰ: ਤੇਜਾ ਸਿੰਘ ਜੀ ਦਾ ਸ਼ਬਦਾਰਥ ਇਹ ਇਹਨਾਂ ਦੀਆਂ ਮਹਾਨ ਘਾਲਣਾਂ ਹਨ। ਇਹ
ਆਪਣੇ ਸਮੇਂ ਦੇ ਮਹਾਨ ਵਿਦਵਾਨ ਹੋਏ ਹਨ। ਪਰ ਇਹ ਜਰੂਰੀ ਨਹੀਂ ਕਿ ਜੋ ਕੁੱਝ ਵੀ ਇਹਨਾ ਨੇ ਲਿਖਿਆ ਹੈ
ਉਹ ਸਾਰਾ ਹੀ ਠੀਕ ਹੀ ਹੋਵੇਗਾ। ਖਾਸ ਕਰਕੇ ਦਸਮ ਗ੍ਰੰਥ ਬਾਰੇ। ਕਿਉਂਕਿ ਉਸ ਵੇਲੇ ਇਸ ਬਾਰੇ ਖੋਜ ਹੀ
ਬਹੁਤ ਘੱਟ ਹੋਈ ਸੀ। ਇਸ ਦੇ ਉਲਟ ਕਥਿਤ ਮਹਾਂਪੁਰਸ਼ਾਂ ਦੇ ਚੇਲੇ ਬਾਲਕੇ ਆਪਣੇ ਮਹਾਂਪੁਰਸ਼ਾਂ ਨੂੰ ਰੱਬ
ਤੋਂ ਘੱਟ ਮੰਨਣ ਨੂੰ ਤਿਆਰ ਹੀ ਨਹੀਂ ਇਸੇ ਲਈ ਹੀ ਉਹ ਉਹਨਾਂ ਦੀ ਸੋਚਣੀ ਤੋਂ ਉਲਟ ਹਰ ਗੱਲ ਗਲਤ ਹੈ।
ਜਿੱਡਾ ਵੱਡਾ ਗੱਪੀ ਉੱਡਾ ਵੱਡਾ ਮਹਾਂਪੁਰਸ਼:-
ਜਿਹੜਾ ਵੀ ਕੋਈ ਕਥਿਤ ਮਹਾਂਪੁਰਸ਼ ਧਰਮ ਦੇ ਨਾਮ ਤੇ
ਬੜੀਆਂ ਵੱਡੀਆਂ ਗੱਪਾਂ ਮਾਰੇ ਆਪਣੇ ਚੇਲਿਆਂ ਦੀਆਂ ਨਜ਼ਰਾਂ ਵਿੱਚ ਉਹ ਉਤਨਾ ਹੀ ਵੱਡਾ ਮਹਾਂਪੁਰਸ਼
ਅਖਵਾਉਂਦਾ ਹੈ। ਜੇ ਕਰ ਸ਼ੱਕ ਹੋਵੇ ਤਾਂ ਇਹਨਾਂ ਸਾਰਿਆਂ ਬਾਰੇ ਸੋਚ ਵਿਚਾਰ ਕਰ ਕੇ ਦੇਖ ਲੈਣੀ ਅਤੇ
ਇਹ ਵੀ ਦੇਖ ਲੈਣਾਂ ਕਿ ਇਹਨਾਂ ਦੀਆਂ ਗੱਪਾਂ ਆਪਸ ਵਿੱਚ ਮਿਲਦੀਆਂ ਕਿਉਂ ਨਹੀਂ? ਇਹਨਾਂ ਦੇ ਚੇਲਿਆਂ
ਦੀ ਸੋਚ ਇਹਨਾਂ ਦੇ ਕਥਿਤ ਮਹਾਂਪੁਰਸ਼ਾਂ ਦੇ ਪ੍ਰਛਾਵੇਂ ਤੋਂ ਅਗਾਂਹ ਜਾ ਹੀ ਨਹੀਂ ਸਕਦੀ। ਇਹਨਾਂ ਨੂੰ
ਇਹ ਵੀ ਨਹੀਂ ਪਤਾ ਕਿ ਕਰਾਮਾਤ ਕਿਸੇ ਦੇ ਵਰਤਾਂਇਆਂ ਨਹੀਂ ਵਰਤਦੀ ਆਪਣੇ ਆਪ ਹੀ ਕੁਦਰਤ ਵਿੱਚ ਵਰਤ
ਜਾਂਦੀ ਹੈ। ਇਸ ਦੀ ਇੱਕ ਮਿਸਾਲ ਮੈਂ ਇੱਥੇ ਦੇਣੀਂ ਚਾਹੁੰਦਾ ਹਾਂ। ਸਾਡੇ ਇਸ ਬੀ. ਸੀ. ਦੇ ਸੂਬੇ
ਵਿੱਚ ਪਿਛਲੇ ਹਫਤੇ ਜਾਣੀ ਕਿ 16 ਨਵੰਬਰ 2008 ਨੂੰ ਇੱਕ ਛੋਟੇ ਜਿਹੇ ਹਵਾਈ ਜਹਾਜ਼ ਦਾ ਹਾਦਸਾ ਹੋ
ਗਿਆ। ਉਸ ਵਿੱਚ 8 ਸਵਾਰ ਸਨ। ਜਿਹਨਾ ਵਿਚੋਂ 7 ਮਾਰੇ ਗਏ ਅਤੇ ਇੱਕ ਬਚ ਗਿਆ। ਜੋ ਬਚ ਗਿਆ ਹੈ ਉਸ
ਨੂੰ ਕੁੱਝ ਹਫਤਿਆਂ ਤੱਕ ਹਸਪਤਾਲ ਤੋਂ ਛੁੱਟੀ ਮਿਲ ਜਾਵੇਗੀ ਅਤੇ ਜੋ 7 ਮਾਰੇ ਗਏ ਹਨ ਉਹਨਾਂ ਦੀ
ਸ਼ਨਾਖਤ ਵੀ ਦੰਦਾਂ ਤੋਂ ਜਾਂ ਡੀ. ਐੱਨ. ਏ. ਤੋਂ ਹੋ ਸਕੇਗੀ। ਬਚ ਗਏ ਦੇ ਭਰਾ ਨੇ ਮੀਡੀਏ ਸਾਹਮਣੇ
ਕਿਹਾ ਸੀ ਕਿ ਮੈਂ ਤਾਂ ਕੋਈ ਧਾਰਮਿਕ ਬੰਦਾ ਨਹੀਂ ਹਾਂ ਪਰ ਵਰਤੀ ਇਹ ਕੋਈ ਕਰਾਮਾਤ ਹੈ ਜਿਸ ਦਾ ਮੇਰੇ
ਕੋਲ ਕੋਈ ਜਵਾਬ ਨਹੀਂ ਹੈ। ਇਹੀ ਗੱਲ ਡਾਕਟਰਾਂ ਅਤੇ ਹੋਰਨਾ ਨੇ ਵੀ ਕਹੀ ਹੈ। ਇਸ ਵਿੱਚ ਸਾਰੇ ਸਵਾਰ
ਗੋਰੇ ਸਨ। ਜੇ ਕਰ ਕੋਈ ਇਸ ਤਰ੍ਹਾਂ ਦੇ ਹਾਦਸੇ ਵਿਚੋਂ ਬਚਣ ਵਾਲਾ ਸਿੱਖ ਧਰਮ ਨੂੰ ਮੰਨਣ ਵਾਲਾ
ਹੁੰਦਾ ਤਾਂ ਕਈ ਕਥਿਤ ਮਹਾਂਪੁਰਸ਼ਾਂ ਨੇ ਜਾਂ ਉਹਨਾਂ ਦੇ ਚੇਲਿਆਂ ਨੇ ਕਰੈਡਿਟ ਲੈਣ ਦੀ ਕੋਸ਼ਿਸ਼ ਕਰਨੀ
ਸੀ ਕਿ ਇਸ ਨੂੰ ਤਾਂ ਸਾਡੇ ਮਹਾਂਪੁਰਸ਼ਾਂ ਨੇ ਹੱਥ ਦੇ ਕੇ ਬਚਾਇਆ ਹੈ!
ਫੋਟੋਆਂ ਬਾਰੇ:-
ਦਸ ਗੁਰੂ ਸਾਹਿਬਾਨ ਜੀ ਦੀਆਂ ਨਕਲੀ ਫੋਟੋਆਂ ਨਾਂ
ਤਾਂ ਅਸੀਂ ਅੱਜ ਤੱਕ ‘ਸਿੱਖ ਮਾਰਗ’ ਤੇ ਪਾਈਆਂ ਹਨ ਅਤੇ ਨਾਂ ਹੀ ਕਦੀ ਪਉਣੀਆਂ ਹਨ। ਇਹਨਾਂ ਤੋਂ
ਬਿਨਾਂ ਹੋਰ ਫੋਟੋਆਂ ਅਸੀਂ ਪਹਿਲਾਂ ਤੋਂ ਹੀ ਪਉਂਦੇ ਆ ਰਹੇ ਹਾਂ ਅਤੇ ਅੱਗੋਂ ਤੇ ਵੀ ਇਸੇ ਤਰ੍ਹਾਂ
ਪਉਂਦੇ ਰਹਾਂਗੇ। ਜਿਹਨਾਂ ਚਾਰ ਸਿੱਖਾਂ ਦੀਆਂ ਫੋਟੋਆਂ ਪਾਠਕਾਂ ਵਾਲੇ ਪੰਨੇ ਤੇ ਹਨ ਇਹ ਉਹੀ ਹਨ
ਜਿਹਨਾ ਨੇ ਕੇ ਦਸਮ ਗ੍ਰੰਥ ਬਾਰੇ ਜਾਗਰਤ ਕੀਤਾ ਅਤੇ ਛੇਕੇ ਜਾਣ ਤੋਂ ਬਾਅਦ ਪੁਜਾਰੀਆਂ ਅੱਗੇ ਆਪਣੀ
ਧੌਣ ਨਹੀਂ ਝੁਕਾਈ। ਭਾਂਵੇ ਕਿ ਗਿਆਨੀ ਸੰਤ ਸਿੰਘ ਮਸਕੀਨ ਨੇ ਗਿਆਨੀ ਭਾਗ ਸਿੰਘ ਤੋਂ ਧੋਖੇ ਨਾਲ
ਮੁਆਫੀ ਵਾਲਾ ਨਾਟਕ ਜ਼ਰੂਰ ਰਚਿਆ ਸੀ। ਇਸ ਦਾ ਮਤਲਬ ਇਹ ਵੀ ਨਹੀਂ ਕਿ ਇਹਨਾਂ ਦੀ ਹਰ ਗੱਲ ਨਾਲ ਮੈਂ
ਸਹਿਮਤ ਹਾਂ। ਸਾਡਾ ਮਤਲਬ ਤਾਂ ਇਹਨਾ ਵਲੋਂ ਦਸਮ ਗ੍ਰੰਥ ਬਾਰੇ ਲਿਖੀਆਂ ਲਿਖਤਾਂ ਤੱਕ ਹੀ ਸੀਮਤ ਹੈ
ਹੋਰ ਕਿਸੇ ਲਿਖਤ ਨਾਲ ਨਹੀਂ। ਇਹਨਾ ਨੂੰ ਛੇਕੇ ਹੋਏ-ਛੇਕੇ ਹੋਏ ਕਹਿ ਕੇ ਦੁਰ-ਦੁਰ ਦੇ ਉਲਟ ਸਨਮਾਨ
ਦੇਣਾ ਹੈ। ਇਹਨਾ ਵਿਚੋਂ ਪਹਿਲੇ ਦੋ ਸਿੱਖ ਇਸ ਦੁਨੀਆਂ ਤੇ ਨਹੀਂ ਰਹੇ ਇਸ ਲਈ ਉਹਨਾ ਦੇ ਫੋਟੋ ਹਟਾਉਣ
ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ ਅਤੇ ਦੂਸਰੇ ਦੋ ਹਾਲੇ ਜ਼ਿੰਦਾ ਹਨ ਜੇ ਕਰ ਉਹ ਕੋਈ ਗੀਦੀਪੁਣਾਂ
ਕਰ ਗਏ ਤਾਂ ਉਹ ਜ਼ਰੂਰ ਫਿਰ ਹਟਾ ਦੇਵਾਂਗੇ, ਉਦਾਂ ਨਹੀਂ। ਇਸ ਲਈ ਕਿਸੇ ਵੀ ਪਾਠਕ ਨੂੰ ਇਸ ਬਾਰੇ
ਸਾਨੂੰ ਲਿਖਣ ਦੀ ਕੋਈ ਲੋੜ ਨਹੀਂ ਹੈ। ਜੇ ਕਰ ‘ਸਿੱਖ ਮਾਰਗ’ ਚੰਗਾ ਲਗਦਾ ਹੈ ਪੜ੍ਹੋ, ਨਹੀਂ ਚੰਗਾ
ਲਗਦਾ ਨਾ ਪੜ੍ਹੋ ਅਤੇ ਨਾ ਹੀ ਲਿਖੋ। ਜੇ ਕਰ ਕੋਈ ਤੁਹਾਡੀ ਲਿਖਤ ‘ਸਿੱਖ ਮਾਰਗ’ ਤੇ ਛਪ ਚੁੱਕੀ ਹੈ
ਤਾਂ ਉਹ ਜਦੋਂ ਤੁਸੀਂ ਕਹੋਂ ਕੱਢ ਦੇਵਾਂਗੇ। ਹਾਂ, ਇੱਕ ਇਸ ਗੱਲ ਦਾ ਜ਼ਰੂਰ ਖਿਆਲ ਰੱਖੋ ਕਿ ਚਿੱਠੀ
ਪੱਤਰ ਇਤਨੀਆਂ ਫਾਈਲਾਂ ਵਿਚੋਂ ਕੱਢਣੇ ਮੁਸ਼ਕਲ ਹਨ ਇਸ ਲਈ ਇਹ ਸੋਚ ਸਮਝ ਕੇ ਹੀ ਲਿਖਿਆ ਕਰੋ। ਇਹ
ਅਸੂਲ ਸਭ ਤੇ ਹੀ ਲਾਗੂ ਹਨ।
ਚੰਗੀ ਸ਼ਬਦਾਵਲੀ ਬਾਰੇ:-
ਇਸ ਬਾਰੇ ਅਸੀਂ ਪਹਿਲਾਂ ਵੀ ਕਈ ਵਾਰੀ ਲਿਖ ਚੁੱਕੇ
ਹਾਂ ਕਿ ਅਤੇ ਹੁਣ ਫਿਰ ਯਾਦ ਕਰਵਾਉਂਦੇ ਹਾਂ ਕਿ ਇੱਕ ਦੂਸਰੇ ਪ੍ਰਤੀ ਚੰਗੀ ਸ਼ਬਦਾਵਲੀ ਦੀ ਵਰਤੋਂ
ਕਰੋ। ‘ਸਿੱਖ ਮਾਰਗ’ ਸਭ ਦਾ ਸਾਂਝਾ ਹੈ। ਇੱਥੇ ਹਰ ਇੱਕ ਨੂੰ ਜੀ ਆਇਆਂ ਕਿਹਾ ਜਾਂਦਾ ਹੈ ਪਰ ਰੋਅਬ
ਦੇਣ ਨੂੰ ਨਹੀਂ। ਇੱਥੇ ਦਸਮ ਗ੍ਰੰਥ ਦਾ ਪ੍ਰਚਾਰ ਨਹੀਂ ਹੋ ਸਕਦਾ ਇਸ ਬਾਰੇ ਵਿਚਾਰ ਹੋ ਸਕਦੀ ਹੈ।
ਮਿਥਿਹਾਸ ਦਾ ਪ੍ਰਚਾਰ ਨਹੀਂ ਹੋ ਸਕਦਾ ਵਿਚਾਰ ਹੋ ਸਕਦੀ ਹੈ। ਅਸੀਂ ਆਪਣੇ ਵਲੋਂ ਕਿਸੇ ਨੂੰ ਜਾਣ
ਬੁੱਝ ਕੇ ਕੋਈ ਗਲਤ ਸ਼ਬਦਾਵਲੀ ਨਹੀਂ ਲਿਖਦੇ ਇਸ ਲਈ ਕਿਸੇ ਹੋਰ ਦਾ ਗੁੱਸਾ ਸਾਡੇ ਤੇ ਨਾ ਕੱਢੋ।
ਕਿਸੇ ਵੀ ਸਿਆਸੀ ਪਾਰਟੀ ਨਾਲ ਕੋਈ ਸੰਬੰਧ ਨਹੀਂ:-
ਸਾਡਾ ਦੇਸ਼ ਬਿਦੇਸ਼ ਵਿੱਚ ਕਿਸੇ ਵੀ ਸਿਆਸੀ ਪਾਰਟੀ
ਨਾਲ ਕੋਈ ਵੀ ਸੰਬੰਧ ਨਹੀਂ ਹੈ। ਇੰਡੀਆ ਵਿੱਚ ਤਾਂ ਦਰਜਨਾਂ ਕੁ ਜਿਹੜੇ ਅਕਾਲੀ ਦਲ ਬਣੇ ਹੋਏ ਹਨ ਉਹ
ਸਾਰੇ ਹੀ ਡੇਰਾਵਾਦੀ ਸੋਚ ਨੂੰ ਸਮਰਪਿਤ ਹਨ। ਇਹਨਾ ਵਿੱਚ ਡੇਰੇ ਉਹ ਵੀ ਹਨ ਜਿਹੜੇ ਕਿ ਡੇਰੇ ਦੇ
ਮੁਖੀ ਨੂੰ ਹੀ ਸਭ ਕੁੱਝ ਸਮਝਦੇ ਹਨ ਅਤੇ ਉਹ ਵੀ ਹਨ ਜਿਹਨਾਂ ਨੇ ਦਿਖਾਵੇ ਮਾਤਰ ਗੁਰੂ ਗ੍ਰੰਥ ਸਾਹਿਬ
ਨੂੰ ਵੀ ਰੱਖਿਆ ਹੋਇਆ ਹੈ ਪਰ ਚਲਦੇ ਆਪਣੇ ਡੇਰਾਵਾਦੀ ਸਾਧ ਦੀ ਸੋਚ ਮੁਤਾਬਕ ਹੀ ਹਨ।
ਸਾਹਿਬੁ ਮੇਰਾ ਏਕੋ ਹੈ:-
ਹਾਂ ਜੀ ਮੇਰਾ ਸਾਹਿਬ ਤਾਂ ਇੱਕ ਅਕਾਲ ਪੁਰਖ ਹੀ
ਹੈ। ਜਿਸ ਦੀ ਸੋਝੀ ਗੁਰੂ ਨਾਨਕ ਨੇ ਆਪਣੀ ਬਾਣੀ ਵਿੱਚ ਕਰਵਾਈ ਹੈ। ਇਸ ਲਈ ਮੈਂ ਸਿਰਫ ਗੁਰੂ ਨਾਨਕ
ਦਾ ਹੀ ਧੂਤਰੂ ਬਣ ਕੇ ਇਸ ਸਾਈਟ ਨੂੰ ਚਲਾ ਰਿਹਾ ਹਾਂ ਹੋਰ ਕਿਸੇ ਬੰਦੇ ਦਾ ਨਹੀਂ। ਜੇ ਕਰ ਮੈਂ ਹਰ
ਕਿਸੇ ਦੇ ਮਗਰ ਲੱਗ ਕੇ ਹਰ ਇੱਕ ਦੀ ਗੱਲ ਮੰਨਦਾ ਤਾਂ ਹੁਣ ਤੱਕ ਚੁਫੇਰਗੜੀਆ ਬਣਿਆਂ ਹੁੰਦਾ। ਮੈਂ
ਕਿਸੇ ਤੋਂ ਕੁੱਝ ਨਹੀਂ ਲੈਂਦਾ ਅਤੇ ਨਾ ਹੀ ਲੋੜ ਹੈ। ਇੱਥੇ ਪੈਸੇ ਦੀ ਵੀ ਕੋਈ ਗੱਲ ਨਹੀਂ ਪਰ ਸਮਾਂ
ਢੇਰ ਸਾਰਾ ਦੇਣਾਂ ਪੈਂਦਾ ਹੈ। ਮੈਂ ਹਫਤੇ ਦੇ ਕੋਈ 15 ਘੰਟੇ ਤੋਂ ਉਪਰ ਇਸ ਸਾਈਟ ਤੇ ਲਾਉਂਦਾ ਹਾਂ।
ਇਸ ਤੋਂ ਮੈਨੂੰ ਮਿਲਦਾ ਤਾਂ ਕੁੱਝ ਨਹੀਂ ਸਿਵਾਏ ਨੁਕਤਾ ਚੀਨੀ ਦੇ। ਥੋੜੇ ਹੀ ਹਨ ਜੋ ਕਿ ਸਹੀ ਗੱਲ
ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਨ ਪਰ ਵਿਰੋਧੀ ਬਹੁਤੇ ਹਨ। ਅਖੀਰ ਤੇ ਇਸ ਪੰਗਤੀ ਨਾਲ ਸਮਾਪਤੀ ਕਰਦਾ
ਹਾਂ।
ਸਾਹਿਬੁ ਮੇਰਾ ਏਕੋ ਹੈ॥ ਏਕੋ ਹੈ ਭਾਈ ਏਕੋ ਹੈ॥ 1॥ ਪੰਨਾ 350॥
ਮੱਖਣ ਸਿੰਘ ਪੁਰੇਵਾਲ,
ਨਵੰਬਰ 23, 2008.
|
. |