.

ਪ੍ਰੋ: ਗੁਰਬਚਨ ਸਿੰਘ ਥਾਈਲੈਂਡ ਵਾਲੇ

ਗੁਰਮਤਿ ਵਿੱਚ ਆਤਮਾ ਦਾ ਸੰਕਲਪ

ਭਾਗ ਤੀਜਾ

ਆਤਮਾ ਕੁਦਰਤ ਦੀ ਇੱਕ ਨਿਯਮਾਵਲੀ ਹੈ--

ਆਮ ਇੱਕ ਧਾਰਨਾ ਹੈ ਕਿ ਚਾਰ ਖਾਣੀਆਂ ਦੁਆਰਾ ਸੰਸਾਰ ਦੀ ਉਤਪਤੀ ਹੁੰਦੀ ਹੈ ਪਰ ਗੁਰਬਾਣੀ ਨੇ ਇਹ ਮਿੱਥਾਂ ਰੱਦ ਕਰਦਿਆਂ ਕਿਹਾ ਹੈ ਕਿ— ‘ਕੇਤੀਆ ਖਾਣੀ, ਕੇਤੀਆ ਬਾਣੀ, ਕੇਤੇ ਪਾਤ ਨਰਿੰਦ’ ਗੁਰਬਾਣੀ ਦੇ ਕੁੱਝ ਹੋਰ ਵਾਕਾਂ ਰਾਂਹੀ ਇਹ ਦੇਖਣ ਦਾ ਯਤਨ ਕੀਤਾ ਜਾਏਗਾ ਕਿ ‘ਆਤਮਾ’ ਸੰਸਾਰ ਵਿੱਚ ਕਿੰਜ ਆਉਂਦੀ ਹੈ। ਵਿਗਿਆਨੀ ਇਹ ਮੰਨਦੇ ਹਨ ਕਿ ਟਾਈਮ, ਪ੍ਰੈਸ਼ਰ ਤੇ ਟੈਂਪਰੇਚਰ ਜਦੋਂ ਤਿੰਨ ਚੀਜ਼ਾਂ ਇਕੱਠੀਆਂ ਹੋਣ ਤਾਂ ਚੌਥੀ ਦਾ ਜਨਮ ਹੁੰਦਾ ਹੈ। ਜਨੀ ਕਿ ਸਾਰੇ ਸੰਸਾਰ ਵਿੱਚ ਕੁਦਰਤੀ ਨਿਯਮਾਵਲੀ ਇੱਕ ਬੱਝਵੇਂ ਨੇਮ ਵਿੱਚ ਚੱਲ ਰਹੀ ਹੈ ਤੇ ਬੱਚੇ ਦੇ ਜਨਮ ਸਬੰਧੀ ਗੁਰਬਾਣੀ ਦਾ ਫਰਮਾਣ ਹੈ ---

ਜੈਸੇ ਮਾਤ ਪਿਤਾ ਬਿਨੁ ਬਾਲੁ ਨ ਹੋਈ॥

ਬਿੰਬ ਬਿਨਾ ਕੈਸੇ ਕਪਰੇ ਧੋਈ॥

ਰਾਗ ਗੋਂਡ ਬਾਣੀ ਕਬੀਰ ਜੀ ਕੀ ਪੰਨਾ 872--

ਜਿਸ ਤਰ੍ਹਾਂ ਕਣਕ ਦੇ ਦਾਣੇ ਵਿੱਚ ਇੱਕ ਬੂਟੇ ਦੀ ਹੋਂਦ ਹੈ ਤੇ ਨਾਲ ਹੀ ਉਸ ਵਿੱਚ ਖ਼ੂਨ ਵੀ ਭਰਿਆ ਪਿਆ ਹੈ। ਜੇ ਕਣਕ ਦੇ ਦਾਣੇ ਨੂੰ ਤਿਆਰ ਕੀਤੀ ਹੋਈ ਜ਼ਮੀਨ ਮਿਲ ਗਈ ਤਾਂ ਉਹ ਬੂਟੇ ਦੇ ਰੂਪ ਵਿੱਚ ਪਰਗਟ ਹੋ ਜਾਏਗਾ ਪਰ ਜੇ ਉਸੇ ਦਾਣੇ ਨੂੰ ਮਨੁੱਖ ਨੇ ਆਪਣੇ ਦੰਦਾਂ ਨਾਲ ਚਿੱਥ ਕੇ ਖਾ ਲਿਆ ਤਾਂ ਉਹੀ ਦਾਣਾ ਖ਼ੂਨ ਦਾ ਦੌਰਾ ਕਰਨ ਤੋਂ ਸੰਕੋਚ ਨਹੀਂ ਕਰੇਗਾ। ਹੋਰ ਦੇਖੋ, ਪਾਣੀ ਦੀ ਇੱਕ ਬੂੰਦ ਸਮੁੰਦਰ ਦੀ ਸਮਰੱਥਾ ਰੱਖਦੀ ਹੈ ਤੇ ਸਮੁੰਦਰ ਵਿੱਚ ਬੂੰਦਾਂ ਭਰੀਆਂ ਪਈਆਂ ਹਨ। ਬੂੰਦਾਂ ਨੂੰ ਇਕੱਠਾ ਕਰ ਲਈਏ ਤਾਂ ਵਿਸ਼ਾਲ ਸਮੁੰਦਰ ਦਾ ਰੂਪ ਧਾਰਨ ਕਰ ਜਾਂਦੀ ਹੈ। ਮਨੁੱਖੀ ਤੱਤ ਦੀ ਇੱਕ ਬੂੰਦ ਵਿੱਚ ਇਨਸਾਨ ਦੀ ਘਾੜਤ ਮੌਜੂਦ ਹੈ ਤੇ ਇਸ ਬੂੰਦ ਵਿੱਚ ਹੀ ਸੰਸਾਰ ਦੀ ਵਿਸ਼ਾਲਤਾ ਦਾ ਸਰੂਪ ਲੁਕਿਆ ਹੋਇਆ ਹੈ---ਇਸ ਸਬੰਧੀ ਗੁਰਬਾਣੀ ਦਾ ਪਿਆਰਾ ਵਾਕ ਹੈ --

ਸਾਗਰ ਮਹਿ ਬੂੰਦ ਬੂੰਦ ਮਹਿ ਸਾਗਰੁ ਕਵਣੁ ਬੁਝੈ ਬਿਧਿ ਜਾਣੈ॥

ਉਤਭੁਜ ਚਲਤ ਆਪਿ ਕਰਿ ਚੀਨੈ ਆਪੇ ਤਤੁ ਪਛਾਣੈ॥

ਰਾਮਕਲੀ ਮਹਲਾ ੧--ਪੰਨਾ ੮੭੮--

ਜਿਵੇਂ ਸਮੁੰਦਰ ਵਿੱਚ ਬੂੰਦਾਂ ਹਨ ਤੇ ਜਿਵੇਂ ਬੂੰਦਾਂ ਵਿੱਚ ਸਮੁੰਦਰ ਵਿਆਪਕ ਹੈ ਤਿਵੇਂ ਸਾਰੇ ਜੀਵ ਜੰਤ ਪਰਮਾਤਮਾ ਵਿੱਚ ਜ਼ਿਉਂਦੇ ਹਨ ਅਤੇ ਸਾਰੇ ਜੀਵਾਂ ਵਿੱਚ ਪਰਮਾਤਮਾ ਵਿਆਪਕ ਹੈ। ‘ਉਤਭੁਜ’ ਚਾਰ ਖਾਣੀਆਂ ਭਾਵ ਸਾਰੀ ਸ੍ਰਿਸ਼ਟੀ ਦੀ ਰਚਨਾ ਵੱਖ ਵੱਖ ਤਰੀਕਿਆ ਨਾਲ ਰੱਚ ਕੇ ਆਪ ਹੀ ਆਪਣੇ ਨਿਯਮ ਨਾਲ ਸੰਭਾਲ਼ ਕਰ ਰਿਹਾ ਹੈ। ਕੋਈ ਵਿਰਲਾ ਮਨੁੱਖ ਹੀ ਇਸ ਭੇਤ ਨੂੰ ਬੁਝਦਾ ਤੇ ਇਸ ਵਿਉਂਤ ਨੂੰ ਸਮਝਦਾ ਹੈ। ਇੱਕ ਨਿਯਮ ਦੇ ਤਹਿਤ ਸਾਰੀ ਕਾਇਨਾਤ ਚੱਲ ਰਹੀ ਹੈ। ਇਸ ਭੇਤ ਨੂੰ ਜਿਸ ਨੇ ਵੀ ਸਮਝ ਲਿਆ ਉਸ ਨੇ ਹੀ ਵਿਕਾਰਾਂ ਵਲੋਂ ਮੁਕਤੀ ਹਾਸਲ ਕਰਕੇ ਇਨਸਾਨੀ ਕਦਰਾਂ ਕੀਮਤਾਂ ਨੂੰ ਸਮਝਿਆ ਤੇ ਚੰਗੇ ਸਮਾਜ ਦੀ ਸਿਰਜਣਾ ਵਿੱਚ ਆਪਣਾ ਯੋਗ-ਦਾਨ ਪਾਇਆ ਹੈ। ਜਿਹਾ ਕਿ--

ਐਸਾ ਗਿਆਨੁ ਬੀਚਾਰੈ ਕੋਈ॥ ਤਿਸ ਤੇ ਮੁਕਤਿ ਪਰਮ ਗਤਿ ਹੋਈ॥

ਪੰਨਾ 878--879

ਬੰਦਾ ਮਰਨ ਤੋਂ ਬਆਦ ਦੀ ਮੁਕਤੀ ਭਾਲਣ ਵਿੱਚ ਲੱਗਾ ਹੋਇਆ ਹੈ ਪਰ ਗੁਰੂ ਤਾਂ ਸਿੱਧਾ ਹੀ ਸਮਝਾ ਰਹੇ ਹਨ ਕਿ ਜੇ ਤੂੰ ਹੁਣ ਆਤਮਿਕ ਸੂਝ ਦਾ ਗਿਆਨ ਨੂੰ ਲੈ ਲਏਂ ਤਾਂ ਵਿਕਾਰਾਂ ਵਲੋਂ ਮੁਕਤੀ ਮਿਲ ਸਕਦੀ ਹੈ। ਮਨੁੱਖ ਦੀ ਇੱਕ ਧਾਰਨਾ ਰਹੀ ਹੈ ਕਿ ਜਦੋਂ ਰੱਬ ਜੀ ਦੀ ਕਰੋਪੀ ਹੁੰਦੀ ਹੈ ਓਦੋਂ ਭੁਚਾਲ, ਹੜ੍ਹ, ਹਨੇਰੀਆਂ, ਝੱਖੜ ਤੇ ਬਦਲਾਂ ਦੀ ਗੜਗੜਾਹਟ ਆਉਂਦੀ ਹੈ ਜੋ ਮਨੁੱਖੀ ਤਬਾਹੀ ਦਾ ਕਾਰਨ ਬਣਦੀ ਹੈ। ਪਰ ਇਹ ਮਨੁੱਖੀ ਸੋਚ ਦੇ ਵਿਕਾਸ ਵਿੱਚ ਆਈ ਖੜੋਤ ਹੈ। ਇਹ ਤੇ ਸਾਰੀ ਕਾਇਨਾਤ ਇੱਕ ਬੱਝਵੇਂ ਨਿਯਮ ਵਿੱਚ ਚੱਲ ਰਹੀ ਹੈ। ਮਨੁੱਖੀ ਤਲ਼ ਇਹ ਮੰਨੀ ਬੈਠਾ ਹੈ ਕਿ ਰੱਬ ਜੀ ਜਦੋਂ ਚਾਹੁੰਣ ਰਾਤ ਹੁੰਦੀ ਹੈ ਤੇ ਜਦੋਂ ਚਾਹੁੰਣ ਦਿਨ ਹੁੰਦਾ ਹੈ। ਕਈਆਂ ਦਾ ਤੇ ਇਹ ਵੀ ਖ਼ਿਆਲ ਹੈ ਕਿ ਰੱਬ ਜੀ ਦਾ ਇੱਕ ਬਹੁਤ ਵੱਡਾ ਸਾਰਾ ਸਾਡੀ ਧਰਤੀ ਵਰਗਾ ਇੱਕ ਦਫ਼ਤਰ ਹੈ ਜਿਸ ਵਿੱਚ ਬੈਠ ਕੇ ਸਾਰੀ ਮਨੁੱਖਤਾ ਦਾ ਹਿਸਾਬ-ਕਿਤਾਬ ਰੱਖਿਆ ਜਾ ਰਿਹਾ ਹੈ ਤੇ ਉਸ ਦਫ਼ਤਰ ਵਿਚੋਂ ਹੀ ਹੁਕਮ ਹੁੰਦਾ ਹੈ ਕਿ ਅੱਜ ਦਿਨ ਚੜ੍ਹਨਾ ਚਾਹੀਦਾ ਹੈ ਤੇ ਅੱਜ ਦਿਨ ਨਹੀਂ ਚੜ੍ਹਨਾ ਚਾਹੀਦਾ। ਗੁਰੂ ਨਾਨਕ ਸਾਹਿਬ ਨੇ ਇਸ ਸਾਰੀ ਖੇਡ ਨੂੰ ਹੁਕਮ ਦਾ ਨਾਂ ਦਿੱਤਾ ਹੈ। ਇਹ ਹੁਕਮ ਇੱਕ ਬੱਝਵੇਂ ਨਿਯਮ ਵਿੱਚ ਚੱਲ ਰਿਹਾ ਹੈ ਤੇ ਇਸ ਹੁਕਮ ਦਾ ਨਾਂ ਹੀ ਰੱਬ ਹੈ ---

ਦਿਨ ਮਹਿ ਰੈਣਿ ਰੈਣਿ ਮਹਿ ਦਿਨੀਅਰੁ ਉਸਨ ਸੀਤ ਬਿਧਿ ਸੋਈ॥ 878--879

ਤਾ ਕੀ ਗਤਿ ਮਿਤਿ ਅਵਰੁ ਨ ਜਾਣੈ ਗੁਰ ਬਿਨੁ ਸਮਝ ਨ ਹੋਈ॥

ਦਿਨ ਦਾ ਚਾਨਣ ਰਾਤ ਦੇ ਹਨੇਰੇ ਵਿੱਚ ਲੀਨ ਹੋ ਜਾਂਦਾ ਹੈ ਤੇ ਰਾਤ ਦਾ ਹਨੇਰਾ ਦਿਨ ਦੇ ਚਾਨਣ ਵਿੱਚ ਲੀਨ ਹੋ ਜਾਂਦਾ ਹੈ। ਏਹੀ ਹਾਲਤ ਗਰਮੀ ਤੇ ਠੰਡ ਦੀ ਹੈ ਪਰ ਇਹ ਸਾਰੀਆਂ ਖੇਡਾਂ ਕੁਦਰਤ ਦੀ ਇੱਕ ਨਿਯਮਾਵਲੀ ਦੇ ਤਹਿਤ ਹੀ ਚੱਲ ਰਹੀਆਂ ਹਨ। ਅਰਬ ਮੁਲਕਾਂ ਵਿੱਚ ਦਿਨੇ ਤੇਜ਼ ਗਰਮੀ ਹੁੰਦੀ ਹੈ ਪਰ ਰਾਤ ਨੂੰ ਮਿੱਠੀ ਮਿੱਠੀ ਠੰਡ ਹੋ ਜਾਂਦੀ ਹੈ। ਪਰ ਗੁਰ-ਗਿਆਨ ਤੋਂ ਬਿਨਾਂ ਆਤਮਿਕ ਸੂਝ ਦਾ ਉਤਪੰਨ ਹੋਣਾ ਮੁਸ਼ਕਲ ਹੈ। ਦੇਖਣ ਵਾਲਾ ਇਹ ਨੁਕਤਾ ਹੈ ਕਿ ਦਿਨ ਵਿੱਚ ਰਾਤ ਹੈ ਤੇ ਰਾਤ ਵਿੱਚ ਦਿਨ ਹੈ ਇੰਜ ਇਨਸਾਨ ਵਿੱਚ ਹੀ ਇਨਸਾਨ ਹੈ। ਜਿਸ ਦਾ ਵਿਸਥਾਰ ਅਗਲ਼ੀ ਤੁਕ ਵਿੱਚ ਆਇਆ ਹੈ –

ਪੁਰਖ ਮਹਿ ਨਾਰਿ ਨਾਰਿ ਮਹਿ ਪੁਰਖਾ ਬੂਝਹੁ ਬ੍ਰਹਮ ਗਿਆਨੀ॥ 878--879

ਧੁਨਿ ਮਹਿ ਧਿਆਨੁ ਧਿਆਨ ਮਹਿ ਜਾਨਿਆ ਗੁਰਮੁਖਿ ਅਕਥ ਕਹਾਨੀ॥

ਇਹਨਾਂ ਤੁਕਾਂ ਦੇ ਅਖ਼ਰੀਂ ਅਰਥ ਤਾਂ ਏਹੀ ਬਣਦੇ ਹਨ ਕਿ— ਹੇ ਪਰਮਾਤਮਾ ਨਾਲ ਡੂੰਘੀ ਸਾਂਝ ਰੱਖਣ ਵਾਲੇ! ਵੇਖ ਅਸਚਰਜ ਖੇਡ ਕਿ ਮਨੁੱਖਾਂ ਦੇ ਵੀਰਜ ਤੋਂ ਇਸਤ੍ਰੀਆਂ ਪੈਦਾ ਹੁੰਦੀਆਂ ਹਨ ਤੇ ਇਸਤ੍ਰੀਆਂ ਤੋਂ ਮਨੁੱਖ ਜੰਮਦੇ ਹਨ। ਪਰਮਾਤਮਾ ਦੀ ਕੁਦਰਤ ਦੀ ਕਹਾਣੀ ਬਿਆਨ ਨਹੀਂ ਹੋ ਸਕਦੀ। ਪਰ ਜਿਹੜਾ ਮਨੁੱਖ ਗੁਰੂ ਦੇ ਦੱਸੇ ਰਾਹ `ਤੇ ਤੁਰਦਾ ਹੈ, ਉਹ ਪ੍ਰਭੂ ਦੀ ਸਿਫਤ ਸਾਲਾਹ ਵਿੱਚ ਆਪਣੀ ਸੁਰਤ ਜੋੜਦਾ ਹੈ ਤੇ ਉਸ ਸੁਰਤ ਵਿਚੋਂ ਪਰਮਾਤਮਾ ਦੀ ਪਹਿਛਾਣ ਪਾ ਲੈਂਦਾ ਹੈ। ਗੁਰਬਾਣੀ ਦਾ ਆਸ਼ਾ ਸੱਚ ਦੇ ਅਧਾਰਤ ਹੈ ਜੋ ਮਨੁੱਖ ਨੂੰ ਕੁਦਰਤੀ ਜ਼ਿੰਦਗੀ ਜਿਉਣ ਦੀ ਜਾਚ ਸਿਖਾਉਂਦਾ ਹੈ। ਸਿੱਧੇ ਰੂਪ ਵਿੱਚ ਗੁਰਬਾਣੀ ਮੈਡੀਕਲ ਸਾਇੰਸ ਨਹੀਂ ਹੈ ਹਾਂ ਰੱਬ ਦੀ ਕੁਦਰਤ ਵਿਚੋਂ ਹੀ ਵਿਗਿਆਨੀਆਂ ਨੇ ਕੁੱਝ ਬਹੁਤ ਕੀਮਤੀ ਲੱਭਤਾਂ ਲੱਭੀਆਂ ਹਨ। ਅੱਜ ਦੀ ਮੈਡੀਕਲ ਖੋਜ ਇਹ ਆਖਦੀ ਹੈ ਕਿ ਬੱਚਾ ਪੈਦਾ ਕਰਨ ਲਈ ਮਨੁੱਖ ਦੇ ਪਾਸ ਇੱਕ ਐਕਸ ਹੈ ਤੇ ਦੂਜਾ ਵਾਈ ਰੂਪੀ ਦੋ ਤੱਤ ਹਨ, ਪਰ ਮਾਂ ਦੇ ਪਾਸ ਕੇਵਲ ਤੱਤ ਐਕਸ ਹੀ ਹੈ, ਸਿੱਧੇ ਸ਼ਬਦਾਂ ਵਿੱਚ ਮਾਂ ਨੇ ਜ਼ਮੀਨ ਹੀ ਦੇਣੀ ਹੈ। ‘ਪੁਰਖ ਮਹਿ ਨਾਰਿ’ ਜੇ ਮਨੁੱਖ ਦਾ ਐਕਸ ਰੂਪੀ ਤੱਤ ਚੱਲਿਆ ਗਿਆ ਤਾਂ ਨਾਰੀ ਦਾ ਰੂਪ ਪ੍ਰਗਟ ਹੁੰਦਾ ਹੈ ਤੇ ਜੇ ਵਾਈ ਰੂਪੀ ਤੱਤ ਤਰੱਕੀ ਕਰ ਗਿਆ ਤਾਂ ਕੁਦਰਤੀ ਪੁਰਸ਼ ਦਾ ਰੂਪ ਸਾਕਾਰ ਹੋਣ ਵਿੱਚ ਦੇਰੀ ਨਹੀਂ ਲੱਗਦੀ। ਦੂਜੇ ਪਾਸੇ ‘ਨਾਰਿ ਮਹਿ ਪੁਰਖਾ’ ਇਸਤ੍ਰੀ ਨੇ ਕੇਵਲ ਐਕਸ ਦੇ ਕੇ ਜ਼ਮੀਨ ਹੀ ਦੇਣੀ ਹੈ ਪਰ ਜੇ ਵਾਈ ਤੱਤ ਆਪਣੀ ਮਿਹਨਤ ਵਿੱਚ ਸਫ਼ਲ ਹੁੰਦਾ ਹੈ ਤਾਂ ਕੁਦਰਤੀ ਪੁਰਸ਼ ਦਾ ਢਾਂਚਾ ਦੁਨੀਆਂ ਵਿੱਚ ਦੇਖਣ ਨੂੰ ਮਿਲੇਗਾ।

ਕੋਈ ਚੀਜ਼ ਬਾਹਰੋਂ ਨਹੀਂ ਆਉਂਦੀ, ਗ੍ਰਹਿਸਤ ਦੀ ਦੁਨੀਆਂ ਵਿੱਚ ਪ੍ਰਵੇਸ਼ ਕਰਨ ਸਮੇਂ ਕਦੇ ਇਹ ਨਹੀਂ ਹੋਇਆ ਕਿ ਕੋਈ ਵਸਤੂ ਬਾਹਰੋਂ ਆ ਕੇ ਪਹਿਲਾਂ ਬੈਠੀ ਹੋਵੇ ਤੇ ਇਹ ਆਖੇ ਪਹਿਲੇ ਮੈਨੂੰ ਅੰਦਰ ਬੈਠਣ ਦਿਓ। ਇਹ ਵੀ ਕਦੇ ਨਹੀਂ ਹੋਇਆ ਕਿ ਪਰਮਾਤਮਾ ਕਹੇ ਕਿ ਪਹਿਲਾਂ ਮੈਨੂੰ ਅੰਦਰ ਜਾਣ ਦਿਓ ਫਿਰ ਤੁਸੀਂ ਗ੍ਰਹਿਸਤ ਦੀਆਂ ਜ਼ਿੰਮੇਵਾਰੀਆਂ ਨਿਭਾਇਆ ਜੇ। ਫਿਰ ਇੰਜ ਵੀ ਕਦੇ ਨਹੀਂ ਹੋਇਆ ਕਿ ਕੋਈ ਕਹੇ ਕਿ ਮੈਂ ਤੇ ਫਲਾਣੀ ਆਤਮਾ ਹਾਂ, ਤੁਸੀਂ ਗ੍ਰਹਿਸਤ ਬਆਦ ਵਿੱਚ ਨਿਭਾਇਆ ਜੇ ਪਹਿਲਾਂ ਮੈਨੂੰ ਅੰਦਰ ਬੈਠਣ ਦਿਆ ਜੇ। ਮਨੁੱਖੀ ਤੱਤ ਵਿੱਚ ਜੇ ਜ਼ਿਉਂਦੀ ਜਾਗਦੀ ਹਰਕਤ ਹੈ ਤਾਂ ਮਾਂ ਰੂਪੀ ਜ਼ਮੀਨ ਸਮੇਂ ਸਿਰ ਮਿਲਣ `ਤੇ ਉਸ ਨੇ ਆਪਣਾ ਰੂਪ ਸਾਕਾਰ ਕਰਨਾ ਹੀ ਹੈ। ਇਸ ਜ਼ਿਉਂਦੇ ਤੱਤ `ਚੇਤੰਤਾ’ ਦਾ ਨਾਂ ਹੀ ‘ਆਤਮਾ’ ਹੈ। ਕਿਸੇ ਬੀਜ ਨੂੰ ਸਾਕਾਰ ਹੋਣ ਲਈ ਬੀਜ ਦਾ ਪੂਰਾ ਮਕੰਮਲ ਹੋਣਾ, ਜ਼ਮੀਨ ਦੀ ਤਿਆਰੀ ਤੇ ਰੁੱਤ ਦਾ ਅਨੁਕੂਲ ਹੋਣਾ ਲਾਜ਼ਮੀ ਹੈ। ਗੁਰਬਾਣੀ ਨੇ ਇਸ ਰੱਬ ਦੀ ਨਿਯਮਾਵਲੀ ਨੂੰ ਇੰਜ ਪ੍ਰਗਟ ਕੀਤਾ ਹੈ –

ਜੇ ਇਕੁ ਹੋਇ ਤ ਉਗਵੈ ਰੁਤੀ ਹੂ ਰੁਤਿ ਹੋਇ॥ ਪੰਨਾ 468--

ਦੂਸਰਾ ---

ਕੁਰੁਤਾ ਬੀਜੁ ਬੀਜੇ ਨਹੀ ਜੰਮੈ ਸਭੁ ਲਾਹਾ ਮੂਲੁ ਗਵਾਇਦਾ॥

ਪਰਮਾਤਮਾ ਦੀ ਕੁਦਰਤ ਵਿੱਚ ਸੰਸਾਰ ਦੀ ਉਤਪਤੀ ਲਈ ਬਹਾਰ ਦਾ ਹੋਣਾ ਜ਼ਰੂਰੀ ਹੈ। ਬੀਜ ਦਾ ਸਾਬਤ ਹੋਣਾ, ਜ਼ਮੀਨ ਦਾ ਤਿਆਰ ਹੋਣਾ ਤੇ ਮੌਸਮ ਦਾ ਅਨੁਕੂਲ ਹੋਣਾ ਹੀ ਅਗਲੀ ਪਨੀਰੀ ਦੀ ਪ੍ਰਾਪਤੀ ਹੈ। ਮਨੁੱਖੀ ਜ਼ਿਉਂਦੇ ਤੱਤ ਨੂੰ ਬਹਾਰ ਅਨੁਸਾਰ ਜ਼ਿਉਂਦੇ ਤੱਤ ਭਰਪੂਰ ਜ਼ਮੀਨ ਮਿਲ ਗਈ ਤਾਂ ਮਨੁੱਖੀ ਸਰੀਰ ਦੀ ਹੋਂਦ ਵੱਟ `ਤੇ ਪਈ ਹੈ। ‘ਧੁਨਿ’ ਤੇ ‘ਧਿਆਨ’ ਦੀ ਅਵਸਥਾ ਰੱਖੀ ਹੈ ਭਾਵ ਰੱਬੀ ਕਨੂੰਨ ਦੀ ਸਮਝ ਗੁਰੂ ਦੇ ਸਿਧਾਂਤ ਨੂੰ ਸਮਝਿਆਂ ਹੀ ਆ ਸਕਦੀ ਹੈ। ਜੇ ਅਧਿਆਪਕ ਦੀ ਅਵਾਜ਼ ਵਿੱਚ ਬੱਚਾ ਧਿਆਨ ਨਾ ਰੱਖੇ ਤਾਂ ਉਸ ਨੂੰ ਕਦੇ ਵੀ ਸਬਕ ਦੀ ਸਮਝ ਨਹੀਂ ਆ ਸਕਦੀ ਤੇ ਗੁਰੂ ਦੇ ਉਪਦੇਸ਼ (ਧੁਨਿ) ਨੂੰ ਧਿਆਨ ਨਾਲ ਸੁਣਨਾ ਹੈ। ਦੁਖਾਂਤ ਇਹ ਹੋ ਗਿਆ ਹੈ ਕਿ ਅਸੀਂ ਬ੍ਰਹਾਮਣੀ ਕਰਮ-ਕਾਂਡ ਨੂੰ ਕਦਾਚਿੱਤ ਵੀ ਛੱਡਣ ਲਈ ਤਿਆਰ ਨਹੀਂ ਹਾਂ। ਕੁਦਰਤੀ ਹੁਕਮ ਦੀ ਹੋਰ ਵਿਆਖਿਆ ਕਰਦਿਆਂ ਏਸੇ ਸ਼ਬਦ ਦੀਆਂ ਅਖ਼ੀਰਲੀਆਂ ਤੁਕਾਂ ਵਿੱਚ ਦੱਸਿਆ ਹੈ ਕਿ ਮਨ ਦੇ ਵਿੱਚ ਪਰਮਾਤਮਾ ਦੀ ਜੋਤ ਹੈ ਤੇ ਏਸੇ ਜੋਤ (ਚੇਤੰਤਾ) ਵਿੱਚ ਹੀ ਮਨ ਟਿਕਿਆ ਹੋਇਆ ਹੈ ---

ਮਨ ਮਹਿ ਜੋਤਿ ਜੋਤਿ ਮਹਿ ਮਨੂਆ ਪੰਚ ਮਿਲੇ ਗੁਰ ਭਾਈ॥

ਨਾਨਕ ਤਿਨ ਕੈ ਸਦ ਬਲਿਹਾਰੀ ਜਿਨ ਏਕ ਸਬਦਿ ਲਿਵ ਲਾਈ॥

‘ਮਨ’ ਮਹਾਨ ਕੋਸ਼ ਵਿੱਚ ‘ਮਨ’ ਦੇ ਅਰਥ ਹਨ—ਜਾਮਨ, ਮੰਨਤ ਵਾਲਾ, ਜਿੰਮੇਵਾਰ— ‘ਮਨ’ ਨੂੰ ਦਿਲ ਵੀ ਕਿਹਾ ਹੈ ਜੋ ਸਰੀਰ ਦੀ ਅੰਦਰਲੀ ਗਰਮੀ ਕਰਕੇ ਹਰਕਤ ਕਰਦਾ ਹੈ। ‘ਮਨ’ ਅੰਤਹਕਰਣ ਦੇ ਰੂਪ ਵਿੱਚ ਵੀ ਆਇਆ ਹੈ। ਖ਼ਿਆਲ, ਜੀਵਾਤਮਾ, ਮਨਨ ਵਿੱਚ ਮਨ ਤੇ ਚਿੰਤਨ ਵਿੱਚ ਚਿੱਤ। ਇਸਤ੍ਰੀ ਪੁਰਸ਼ ਹੀ ਨਹੀਂ ਸਗੋਂ ਸਾਰੀ ਕਾਇਨਾਤ ਵਿੱਚ ਵੀ ਏਹੀ ਨਿਯਮ ਕੰਮ ਕਰਦਾ ਹੈ। ਨਰ ਤੇ ਮਦੀਨ ਦੇ ਮੇਲ ਤੋਂ ਨਵੀਂ ਉਤੇਜਨ, ਨਵਾਂ ਰੂਪ ਪੈਦਾ ਹੁੰਦਾ ਹੈ ਬ-ਸ਼ਰਤੇ ਕਿ ਬੀਜ, ਧਰਤੀ ਤੇ ਮੌਸਮ ਅਨੁਕੂਲ ਹੋਵੇ। ਪਿਤਾ ਦੇ ਜੀਨ ਵਿੱਚ ਬ-ਕਾਇਦਾ ਜਾਨ ਤਥਾ ਚੇਤੰਤਾ ਹੈ ਤਾਂ ਤਿਆਰ ਧਰਤੀ ਦੁਆਰਾ ਦੋ ਜੀਵਾਂ ਤੋਂ ਤੀਜੇ ਜੀਵ ਦੀ ਉਤਪਤੀ ਹੈ। ਪਰ ਸਾਡਾ ਖ਼ਿਆਲ ਬਣਿਆ ਹੋਇਆ ਹੈ ਕਿ ਸ਼ਾਇਦ ਅਕਾਸ਼ ਵਿੱਚ ਆਤਮਾਂਵਾਂ ਉੱਡ ਰਹੀਆਂ ਹਨ ਤੇ ਜਦੋਂ ਜੀ ਕਰਦਾ ਹੈ ਕਿਸੇ ਸਰੀਰ ਵਿੱਚ ਆ ਜਾਂਦੀਆਂ ਹਨ। ਮਨ ਵਿੱਚ ਜੋਤ ਦਾ ਭਾਵ ਜੀਨ ਦਾ ਜ਼ਿਉਂਦਾ ਹੋਣਾ ਤੇ ਜੋਤ ਦੁਆਰਾ ਹੀ ਮਨ ਹੈ। ਇਹਨਾਂ ਦੇ ਵਿਕਾਸ ਦੁਆਰਾ ਹੀ ਅਗਾਂਹ ਗਿਆਨ ਇੰਦਰਿਆਂ ਦਾ ਆਪਸੀ ਮਿਲਾਪ ਹੈ। ਕੁਦਰਤ ਦਾ ਇਹ ਇੱਕ ਬੱਝਵਾਂ ਨਿਯਮ (ਜੋਤ) ਹੈ ਜੋ ਸਾਰੀ ਕਾਇਨਾਤ ਵਿੱਚ ਚੇਤੰਤਾ ਦੇ ਰੂਪ ਵਿੱਚ ਕੰਮ ਕਰ ਰਿਹਾ ਹੈ। ਗੁਰ-ਗਿਆਨ ਦੀ ਸੋਝੀ ਰਾਂਹੀ ਜੋਤ ਨੂੰ ਸਮਝ ਕੇ ਸੁਭਾਅ ਵਿਚੋਂ ਵਿਕਾਰਾਂ ਨੂੰ ਖਤਮ ਕੀਤਾ ਜਾ ਸਕਦਾ ਹੈ। ਸ਼ਬਦ ਦਾ ਸੰਕਲਪ ਆਤਮਿਕ ਜੀਵਨ ਦੀ ਰੂਹਾਨੀਅਤ ਹੈ ਪਰ ਸੁਰਤੀ ਨਾਲ ਸਮਝਣ ਦੀ ਲੋੜ ਹੈ।

‘ਆਤਮਾ’ ਪੰਜਾਂ ਤੱਤਾਂ ਦਾ ਸੁਮੇਲ ਹੈ ਤੇ ਪੰਜਾਂ ਤੱਤਾਂ ਦਾ ਹੀ ਸਰੀਰ ਬਣਿਆ ਹੈ –

ਸਾਹਿਬ ਰੰਗਿ ਰਾਤਾ ਸਚ ਕੀ ਬਾਤਾ ਜਿਨਿ ਬਿੰਬ ਕਾ ਕੋਟੁ ਉਸਾਰਿਆ॥

ਪੰਚ ਭੂ ਨਾਇਕੋ ਆਪਿ ਸਿਰੰਦਾ ਜਿਨਿ ਸਚ ਕਾ ਪਿੰਡੁ ਸਵਾਰਿਆ॥

ਸੂਹੀ ਮਹਲਾ 1—ਪੰਨਾ 766-

‘ਬਿੰਬ’ ਕਾ ਕੋਟੁ ਉਸਾਰਿਆ’ ਇੱਕ ਪਾਣੀ ਦੀ ਬੂੰਦ (ਦੋ ਮੌਲੀਕਿਉਜ਼) ਤੋਂ ਸਰੀਰ ਰੂਪੀ ਕਿਲ੍ਹਾ ਉਸਾਰਿਆ ਗਿਆ ਹੈ ਤੇ ਪੰਜਾਂ ਤੱਤਾਂ ਦਾ ਹੀ ਵਿਸਥਾਰ ਹੋ ਕੇ ਇੱਕ ਆਕਾਰ ਸਾਕਾਰ ਹੋਇਆ ਹੈ। ਇੰਜ ਵੀ ਸਮਝਿਆ ਜਾ ਸਕਦਾ ਹੈ ਕਿ ਪਰਮਾਤਮਾ ਨੇ ਆਪਣਾ ਆਪ ਹੀ ਸਾਜਿਆ ਹੈ ਤੇ ਆਪ ਹੀ ਵਿੱਚ ਬੈਠਾ ਹੈ।

ਜੀਵਾਂ ਦੇ ਨੱਚਣ ਲਈ ਸਾਰੀ ਧਰਤੀ ਇੱਕ ਅਖਾੜਾ ਹੈ ਤੇ ਇਸ ਦੇ ਉੱਪਰ ਇੱਕ ਅਕਾਸ਼ ਦਾ ਚੰਦੋਆ ਤਣਿਆ ਹੋਇਆ ਹੈ। ਜਿਹੜਾ ਸਰੀਰ ਇੱਕ ਪਾਣੀ ਦੀ ਬੂੰਦ ਤੋਂ ਬਣਿਆ ਹੋਇਆ ਹੈ ਇਸ ਨੂੰ ਚੱਲਦਾ ਰੱਖਣ ਲਈ ਹਰੇਕ ਸੁਆਸ ਹੈ। ਪਿਛੱਲੇ ਕੀਤੇ ਕਰਮ ਦੁਆਰਾ ਭਾਵ ਮਾਤਾ ਪਿਤਾ ਦੇ ਗ੍ਰਹਿਸਤੀ ਕਰਮ ਦੁਆਰਾ ਹੀ ਸਰੀਰ ਸੰਸਾਰ ਨੂੰ ਦੇਖਣ ਦੇ ਕਾਬਲ ਹੋਇਆ ਹੈ ---

ਆਖਾਰ ਮੰਡਲੀ ਧਰਣਿ ਸਬਾਈ ਊਪਰਿ ਗਗਨੁ ਚੰਦੋਆ॥

ਪਵਨੁ ਵਿਚੋਲਾ ਕਰਤ ਇਕੇਲਾ ਜਲ ਤੇ ਓਪਤਿ ਹੋਆ॥

ਪੰਚ ਤਤੁ ਕਰਿ ਪੁਤਰਾ ਕੀਨਾ ਕਿਰਤ ਮਿਲਾਵਾ ਹੋਆ॥

ਰਾਮਕਲੀ ਮਹਲਾ ੫ –ਪੰਨਾ ੮੮੪—

‘ਕਿਰਤ ਮਿਲਾਵਾ ਹੋਆ’ —ਜੀਵ ਦਾ ਪਿੱਛਲਾ ਕਰਮ ਭਾਵ ਮਾਤਾ ਪਿਤਾ ਦੇ ਗ੍ਰਹਿਸਤੀ ਕਰਮ ਦੁਆਰਾ, ਪਾਣੀ ਦੀ ਬੂੰਦ ਤੋਂ, ਪੰਜਾਂ ਤੱਤਾਂ ਦਾ ਵਜੂਦ ਹੋਂਦ ਵਿੱਚ ਆਉਣਾ ਤੇ ਸਵਾਸਾਂ ਦੀ ਪ੍ਰਕਿਰਿਆ ਦੁਆਰਾ ਸਰੀਰ ਦਾ ਢਾਂਚਾ ਖੜਾ ਹੋ ਗਿਆ। ਸਾਰੀ ਕਾਇਨਾਤ ਦਾ ਵੀ ਏਹੀ ਨਿਯਮ ਹੈ।

‘ਪੰਜ ਤੱਤ’ ਪ੍ਰਿਥਿਵੀ, ਜਲ, ਅਗਨ, ਪਵਨ ਅਤੇ ਅਕਾਸ਼ ਦਾ ਨਿਯਮ ਅਨੁਸਾਰ ਇਕੱਠੇ ਹੋਣ ਤੋਂ ਸਰੀਰ ਦੀ ਬਣਤਰ ਬਣ ਗਈ ---ਮੰਨ ਲਓ ਇੱਕ ਪਸ਼ੂ ਮਰਦਾ ਹੈ ਤੇ ਅਸੀਂ ਉਸ ਨੂੰ ਜ਼ਮੀਨ ਵਿੱਚ ਦੱਬ ਦੇਂਦੇ ਹਾਂ, ਕੁੱਝ ਸਮੇਂ ਉਪਰੰਤ ਉਸ ਪਸ਼ੂ ਦਾ ਸਰੀਰਕ ਢਾਂਚਾ ਮਿੱਟੀ ਦੇ ਤੱਤਾਂ ਨਾਲ ਮਿਲ ਗਿਆ। ਜਦੋਂ ਫਸਲ ਬੀਜੀ ਜਾਂਦੀ ਹੈ ਤਾਂ ਅਸੀਂ ਕੀ ਦੇਖਦੇ ਹਾਂ ਕਿ ਜਿਸ ਥਾਂ `ਤੇ ਪਸ਼ੂ ਦੱਬਿਆ ਹੁੰਦਾ ਹੈ ਉਸ ਥਾਂ `ਤੇ ਆਮ ਜ਼ਮੀਨ ਨਾਲੋਂ ਫਸਲ ਜ਼ਿਆਦਾ ਹੁੰਦੀ ਹੈ। ਉਸ ਫਸਲ ਨੂੰ ਕੱਟ ਕੇ ਘਰ ਲੈ ਆਉਂਦੇ ਹਾਂ ਜੋ ਸਾਡੀ ਖ਼ੁਰਾਕ ਦਾ ਹਿੱਸਾ ਬਣਦੀ ਹੈ ਤੇ ਖ਼ੁਰਾਕ ਖਾਣ ਨਾਲ ਸਾਡਾ ਸਰੀਰ ਬਰਕਰਾਰ ਰਹਿੰਦਾ ਹੈ। ਇੰਜ ਤੱਤਾਂ ਤੋਂ ਅਗਾਂਹ ਤੱਤ ਬਣਦੇ ਹਨ। ਜਨੀ ਕੇ ਪੰਜਾਂ ਤੱਤਾਂ ਤੋਂ ਪੈਦਾ ਹੋਏ ਪੰਜਾਂ ਤੱਤਾਂ ਵਿੱਚ ਮਿਲ ਗਏ ਭਾਵ ਕਿ ਜ਼ਮੀਨ ਤੋਂ ਪੈਦਾ ਹੋਏ ਜ਼ਮੀਨ ਵਿੱਚ ਹੀ ਸਮਾਅ ਗਏ ---

ਪੰਚ ਤਤੁ ਮਿਲਿ ਕਾਇਆ ਕੀਨੀੑ, ਤਤੁ ਕਹਾ ਤੇ ਕੀਨੁ ਰੇ॥

ਕਰਮ ਬਧ ਤੁਮ ਜੀਉ ਕਹਤ ਹੌ, ਕਰਮਹਿ ਕਿਨਿ ਜੀਉ ਦੀਨੁ ਰੇ॥

ਰਾਗ ਗੋਂਡ ਬਾਣੀ ਕਬੀਰ ਜੀ ਕੀ ਪੰਨਾ ੮੭੦

ਪਾਂਚ ਤਤ ਕੋ ਤਨੁ ਰਚਿਓ ਜਾਨਹੁ ਚਤੁਰ ਸੁਜਾਨ॥

ਜਿਹ ਤੇ ਉਪਜਿਓ ਨਾਨਕਾ ਲੀਨ ਤਾਹਿ ਮੈ ਮਾਨੁ॥

ਸਲੋਕ ਮਹਲਾ ੯ ਪੰਨਾ ੧੪੨੭--

ਹੇ ਨਾਨਕ! ਆਖ, ਹੇ ਚਤੁਰ ਮਨੁੱਖ! ਹੇ ਸਿਆਣੇ ਮਨੁੱਖ! ਤੂੰ ਜਾਣਦਾ ਹੈਂ ਕਿ ਤੇਰਾ ਸਰੀਰ ਪਰਮਾਤਮਾ ਨੇ ਪੰਜਾਂ ਤੱਤਾਂ ਤੋਂ ਬਣਾਇਆ ਹੋਇਆ ਹੈ। ਇਹ ਵੀ ਜਾਣ ਕਿ ਜਿਹਨਾਂ ਤੱਤਾਂ ਤੋਂ ਤੇਰਾ ਸਰੀਰ ਬਣਿਆ ਹੋਇਆ ਹੈ ਤੂੰ ਉਹਨਾਂ ਤੱਤਾਂ ਦੇ ਵਿੱਚ ਫਿਰ ਮਿਲ਼ ਜਾਣਾ ਹੈ। ਇਸ ਦਾ ਅਰਥ ਹੈ ‘ਆਤਮਾ’ ਕੋਈ ਅਸਮਾਨ ਵਿਚੋਂ ਨਹੀਂ ਡਿੱਗੀ ਇਹ ਤੇ ਪੰਜ ਤੱਤ ਰੂਪੀ ਸਰੀਰਾਂ ਦੇ ਮਿਲਾਪ ਤੋਂ ਪੈਦਾ ਹੋਈ ਹੈ ਜੋ ਤੱਤ ਜ਼ਮੀਨ ਵਿਚੋਂ ਪ੍ਰਾਪਤ ਕੀਤੇ ਉਹ ਹੀ ਸਾਕਾਰ ਹੋਏ।

ਇਹ ਸਾਰੀ ਸ੍ਰਿਸ਼ਟੀ ਪੰਜਾਂ ਤੱਤਾਂ ਦੀ ਬਣੀ ਹੋਈ ਹੈ --- ‘ਪੰਚ ਤਤੁ ਕਰਿ ਤੁਧੁ ਸ੍ਰਿਸਟਿ ਸਭ ਸਾਜੀ’

ਇਸ ਵਿਚਾਰ ਨੂੰ ਸਮਝਣ ਲਈ ਥੋੜਾ ਹੋਰ ਵਿਸਥਾਰ ਵਿੱਚ ਜਾਂਵਾਂਗੇ--- ਗੁਰੂ ਅਮਰਦਾਸ ਜੀ ਫਰਮਾਉਂਦੇ ਹਨ ਕਿ ਪਰਮਾਤਮਾ ਨੇ ਇਸ ਸਰੀਰ ਵਿੱਚ ਜੋਤ ਰੱਖੀ ਤਾਂ ਇਹ ਸੰਸਾਰ ਵਿੱਚ ਆਇਆ ਹੈ ----

ਏ ਸਰੀਰਾ ਮੇਰਿਆ ਹਰਿ ਤੁਮ ਮਹਿ ਜੋਤਿ ਰਖੀ ਤਾ ਤੂ ਜਗ ਮਹਿ ਆਇਆ॥

ਹਰਿ ਜੋਤਿ ਰਖੀ ਤੁਧੁ ਵਿਚਿ, ਤਾ ਤੂ ਜਗ ਮਹਿ ਆਇਆ॥

ਹਰਿ ਆਪੇ ਮਾਤਾ ਆਪੇ ਪਿਤਾ ਜਿਨਿ ਜੀਉ ਉਪਾਇ ਜਗਤੁ ਦਿਖਾਇਆ॥

ਗੁਰ ਪਰਸਾਦੀ ਬੁਝਿਆ ਤਾ ਚਲਤੁ ਹੋਆ ਚਲਤੁ ਨਦਰੀ ਆਇਆ॥

ਕਹੈ ਨਾਨਕੁ ਸ੍ਰਿਸਟਿ ਕਾ ਮੂਲੁ ਰਚਿਆ ਜੋਤਿ ਰਾਖੀ ਤਾ ਤੂ ਜਗ ਮਹਿ ਆਇਆ॥

‘ਅਨੰਦ’ ਰਾਮਕਲੀ ਮਹਲਾ ੩ ਪੰਨਾ ੯੨੨--

ਅਖ਼ਰੀਂ ਅਰਥ—ਮੇਰੇ ਸਰੀਰ! ਤੂੰ ਦੁਨੀਆਂ ਦੇ ਪਦਾਰਥਾਂ ਵਿਚੋਂ ਅਨੰਦ ਢੂੰਢਦਾ ਹੈਂ ਪਰ ਅਨੰਦ ਦਾ ਸੋਮਾ ਤਾਂ ਪਰਮਾਤਮਾ ਤੇਰੇ ਅੰਦਰ ਵੱਸਦਾ ਹੈ। ਤੂੰ ਜਗਤ ਵਿੱਚ ਆਇਆ ਹੀ ਓਦੋਂ ਜਦੋਂ ਹਰੀ ਨੇ ਜੋਤ ਤੇਰੇ ਵਿੱਚ ਰੱਖ ਦਿੱਤੀ। ਜਦੋਂ ਪਰਮਾਤਮਾ ਨੇ ਤੇਰੇ ਵਿੱਚ ਜੋਤ ਰੱਖੀ ਤਦੋਂ ਤੂੰ ਜੰਮਿਆ। ਜਿਹੜਾ ਪਰਮਾਤਮਾ ਜੀਵ ਪੈਦਾ ਕਰਕੇ ਉਸ ਨੂੰ ਜਗਤ ਵਿੱਚ ਭੇਜਦਾ ਹੈ, ਉਹ ਆਪ ਹੀ ਇਸ ਦਾ ਪਿਤਾ ਹੈ ਤੇ ਆਪ ਹੀ ਇਸ ਦੀ ਮਾਂ ਹੈ। ਪ੍ਰਭੂ ਆਪ ਹੀ ਮਾਪਿਆਂ ਵਾਂਗ ਜੀਵ ਨੂੰ ਹਰ ਤਰ੍ਹਾਂ ਦਾ ਸੁੱਖ ਦੇਂਦਾ ਹੈ। ਸੁੱਖ ਅਨੰਦ ਦਾ ਦਾਤਾ ਪ੍ਰਭੂ ਆਪ ਹੈ। ਪਰ ਜੀਵ ਜਗਤ ਦੇ ਮਾਇਕ ਪਦਾਰਥਾਂ ਵਿਚੋਂ ਅਨੰਦ ਲੱਭਣ ਦੇ ਯਤਨ ਵਿੱਚ ਹੈ। ਜਦੋਂ ਗੁਰ-ਗਿਆਨ ਦੁਆਰਾ ਜੀਵ ਨੂੰ ਸੋਝੀ ਆਉਂਦੀ ਹੈ ਤਾਂ ਫਿਰ ਉਹ ਜਗਤ ਨੂੰ ਮਦਾਰੀ ਦਾ ਇੱਕ ਤਮਾਸ਼ਾ ਹੀ ਦੇਖਦਾ ਹੈ ਤੇ ਸਮਝਦਾ ਹੈ ਕਿ ਇਹ ਸਦਾ ਰਹਿਣ ਵਾਲਾ ਸੁੱਖ ਨਹੀਂ ਹੈ। ਨਾਨਕ ਆਖਦਾ ਹੈ--- ਕਿ ਹੇ ਮੇਰੇ ਸਰੀਰ! ਜਦੋਂ ਪ੍ਰਭੂ ਨੇ ਜਗਤ ਰਚਨਾ ਦਾ ਮੁੱਢ ਬੱਧਾ ਤੇਰੇ ਅੰਦਰ ਆਪਣੀ ਜੋਤ ਪਾਈ ਤਦੋਂ ਤੂੰ ਜਗਤ ਵਿੱਚ ਆਇਆ। ਸਵਾਲ ਪੈਦਾ ਹੁੰਦਾ ਹੈ ਕਿ ਕੀ ਪਹਿਲਾਂ ਪਰਮਾਤਮਾ ਨੇ ਵੱਡਾ ਸਾਰਾ ਸਰੀਰ ਦਾ ਢਾਂਚਾ ਬਣਾਇਆ ਫਿਰ ਇਸ ਵਿੱਚ ਜੋਤ ਨੂੰ ਟਿਕਾਇਆ ਹੈ? ਜੇ ਅਜੇਹਾ ਨਹੀਂ ਤਾਂ ਫਿਰ ਜੋਤ ਨੇ ਸਰੀਰ ਦਾ ਰੂਪ ਕਦੋਂ ਧਾਰਨ ਕੀਤਾ?

ਗੱਲ ਸਪੱਸ਼ਟ ਹੈ ਕਿ ਹੇ ਮੇਰੇ ਸਰੀਰ! ਤੇਰੀ ਹੋਂਦ ਓਦੋਂ ਹੀ ਸਾਕਾਰ ਹੋਈ ਜਦੋਂ ਤੇਰੇ ਸਰੀਰ ਵਿੱਚ ਜੋਤ ਨੂੰ ਟਿਕਾਇਆ ਗਿਆ। ਇਸ ਜੋਤ ਦੀ ਉਤਪਤੀ ਮਾਤਾ ਪਿਤਾ ਦੁਆਰਾ ਹੋਈ ਹੈ ਤੇ ਮਾਤਾ ਪਿਤਾ ਵਿੱਚ ਵੀ ਤੇਰੀ ਹੀ ਜੋਤ ਹੈ---ਸਰਬ ਜੋਤਿ ਤੇਰੀ ਪਸਰਿ ਰਹੀ॥ ਜਹ ਜਹ ਦੇਖਾ ਤਹ ਨਰਹਰੀ॥ ਇਹ ਜੋਤ ਭਾਵ ਇਹ ਨਿਯਮਾਵਲੀ ਸਾਰੇ ਸੰਸਾਰ ਵਿੱਚ ਇਕਸਾਰ ਵਿਚਰ ਰਹੀ ਹੈ। ‘ਹਰਿ ਤੁਮ ਮਹਿ ਜੋਤਿ (ਚੇਤੰਤਾ) ਰਖੀ’ ਭਾਵ ਜ਼ਿਉਂਦਾ ‘ਜੀਨ’ ਹੀ ਜੋਤ ਹੈ। ਜਿਸ ਤਰ੍ਹਾਂ ਸੁੱਕੇ ਸੜੇ ਦਾਣੇ ਜ਼ਮੀਨ ਵਿਚੋਂ ਨਹੀਂ ਉੱਗਦੇ ਇੰਜ ਹੀ ਮਰਿਆ ਹੋਇਆ ‘ਜੀਨ’ ਕਦੇ ਵੀ ਸਾਕਾਰ ਨਹੀਂ ਹੁੰਦਾ। ਸਾਰੀ ਸ੍ਰਿਸਿਟੀ ਦਾ ਮੂਲ ਪਰਮਾਤਮਾ ਦੀ ਜੋਤ ਹੈ। ਨਰ ਤੇ ਮਦੀਨ ਦੇ ਟਿਸ਼ੂ ਲੈ ਕੇ ਏਸੇ ਨਿਯਮ ਦੇ ਤਹਿਤ ਅੱਜ ਵਿਗਿਆਨੀਆਂ ਨੇ ਕਲੋਨ ਵਿਧੀ ਦੁਆਰਾ ਨਵੇਂ ਢਾਂਚੇ ਤਿਆਰ ਕਰਨ ਦੇ ਸਮਰੱਥ ਹੈ।

ਬਨਾਸਪਤੀ ਵਿੱਚ ਵੀ ਏਹੀ ਵਿਧੀ ਚੱਲਦੀ ਹੈ। ਖੇਤੀਬਾੜੀ ਦੇ ਮਹਿਕਮੇ ਵਿੱਚ ਮੇਰਾ ਮਿੱਤਰ ਡਾਕਟਰ, ਕਣਕ ਦੀ ਉਸ ਕਿਆਰੀ ਵਿੱਚ ਲੈ ਗਿਆ ਜਿੱਥੇ ਉਹ ਨਵੇਂ ਬੀਜ ਦੀ ਤਿਆਰੀ ਕਰ ਰਿਹਾ ਸੀ। ਕੁੱਝ ਬੂਟਿਆਂ ਦਿਆਂ ਸਿੱਟਿਆਂ ਨੂੰ ਉਸ ਨੇ ਕੱਜਿਆ ਹੋਇਆ ਸੀ ਤੇ ਕੁੱਝ ਸਿੱਟੇ ਉਸ ਨੇ ਹੋਰ ਬੂਟਿਆਂ ਨਾਲੋਂ ਕੱਟ ਕੇ ਲਿਆਂਦੇ, ਜੋ ਕੱਜੇ ਹੋਏ ਬੂਟਿਆਂ ਦੇ ਜੋ ਸਿੱਟੇ ਸਨ, ਉਸ ਨੇ ਉਹਨਾਂ `ਤੇ ਲਿਆਂਦੇ ਹੋਏ ਸਿੱਟਿਆਂ ਦਾ ਬੂਰ ਝਾੜ੍ਹ ਦਿੱਤਾ, ਮੇਰੇ ਦੇਖਦਿਆਂ ਦੇਖਦਿਆਂ ਹੀ ਝੜ੍ਹੇ ਹੋਏ ਬੂਰ ਨੂੰ ਕੱਜੇ ਹੋਏ ਸਿੱਟਿਆਂ ਨੇ ਆਪਣੇ ਵਿੱਚ ਸੁਮੋਅ ਲਿਆ। ਡਾਕਟਰ ਸਾਹਿਬ ਕਹਿਣ ਲੱਗੇ, "ਭਾਈ ਸਾਹਿਬ ਜੀ ਇਹ ਇਹਨਾਂ ਦਾ ਗ੍ਰਹਿਸਤੀ ਜੀਵਨ ਹੈ। ਅਗਲੀ ਕਣਕ ਤਾਂ ਹੀ ਤਿਆਰ ਹੋਏਗੀ ਜੇ ਕਰ ਇਹਨਾਂ ਦੇ ਨਰ `ਤੇ ਮਦੀਨ ਦਾ ਮਿਲਾਪ ਕਰਾਇਆ ਜਾਏ"। ਇੰਜ ਹੀ ਅਰਬ ਦੇਸ਼ਾਂ ਵਿੱਚ ਖਜੂਰਾਂ ਦਿਆਂ ਬੂਟਿਆਂ `ਤੇ ਨਰ ਬੂਟੇ ਦਾ ਬੂਰ ਝਾੜਿਆ ਜਾਂਦਾ ਹੈ ਤਦ ਹੀ ਸੁੰਦਰ ਖਜੂਰਾਂ ਖਾਣ ਨੂੰ ਮਿਲਦੀਆਂ ਹਨ।

ਅੱਜ ਤੋਂ ਘੱਟੋ ਘੱਟ ਪੰਜਤਾਲ਼ੀ ਕੁ ਸਾਲ ਪੁਰਾਣੀ ਘਟਨਾ ਹੈ ਸਾਡੇ ਪਿੰਡ ‘ਬਾਬੇ ਬਿੰਬਰ’ ਨੇ ਨਵਾਂ ਨਵਾਂ ਅਮਰੀਕਨ ਮਕਇਆ (ਮੱਕੀ) ਲਿਆ ਕਿ ਬੀਜਿਆ ਜੋ ਬਹੁਤ ਜ਼ਿਆਦਾ ਵੱਧ ਗਿਆ। ਮਕਏ ਦੇ ਬਹੁਤ ਲੰਬੇ ਬੂਟੇ ਹੋਣ ਕਰਕੇ ਉਹ ਘਬਰਾ ਗਏ ਖ਼ਵਰੇ ਇਹਨਾਂ ਨੂੰ ਛੱਲੀਆਂ ਵੀ ਲੱਗਣਗੀਆਂ ਕਿ ਨਹੀਂ। ਜਿੰਨੇ ਮੂੰਹ ਉਹਨੀਆਂ ਹੀ ਗੱਲਾਂ, ਕਿਸੇ ਨੇ ਕੋਈ ਸਲਾਹ ਦਿੱਤੀ ਕਿਸੇ ਨੇ ਕੋਈ ਸਲਾਹ ਦਿੱਤੀ। ਅਖ਼ੀਰ ਕਾਬ੍ਹਰੇ ਹੋਏ ‘ਬਾਬੇ ਬਿੰਬਰ’ ਨੇ ਨਾ ਆ ਦੇਖਿਆ ਤੇ ਨਾ ਤਾਅ ਦੇਖਿਆ। ਦੋ ਬੰਦੇ ਲੈ ਕੇ ਸਾਰੀ ਮਕਈ ਦੇ ਉੱਪਰਲੇ ਸਿੱਟਿਆਂ (ਝੰਡਿਆਂ) ਨੂੰ ਕੱਟ ਦਿੱਤਾ ਕਿ ਬੂਟੇ ਛੋਟੇ ਹੋ ਜਾਣ। ਬੱਸ ਫਿਰ ਕੀ ਸੀ, ਉਹਨਾਂ ਮਕਏ ਦੇ ਟਾਂਡਿਆਂ ਨੂੰ ਛੱਲੀਆਂ ਤਾਂ ਲੱਗੀਆਂ ਪਰ ਉਹਨਾਂ ਵਿੱਚ ਦਾਣੇ ਨਾ ਪਏ ਕਿਉਂਕਿ ਉੱਪਰਲੇ ਸਿੱਟਿਆਂ ਦਾ ਬੂਰ (ਪੋਲ੍ਹਨ) ਮਕੱਈ ਦੀਆਂ ਛੱਲੀਆਂ ਦੇ ਵਾਲ਼ਾਂ `ਤੇ ਨਾ ਡਿੱਗਾ ਜਿਸ ਕਰਕੇ ਦਾਣਿਆਂ ਦੀ ਥਾਂ `ਤੇ ਉਹਨਾਂ ਨੇ ਸੁੱਕਣਾ ਸ਼ੁਰੂ ਕਰ ਦਿੱਤਾ। ਸਾਰਾ ਪਿੰਡ ‘ਬਾਬੇ ਬਿੰਬਰ’ ਦੇ ਇਸ ਇਤਿਹਾਸਿਕ ਕਾਰਨਾਮੇ `ਤੇ ਕਈ ਸਾਲ ਚਟਕਾਰੇ ਲਾ ਲਾ ਹੱਸਦੇ ਰਹੇ ਜਿਨ੍ਹਾਂ ਚਿਰ ਬਾਬਾ ਬਿੰਬਰ ਜ਼ਿਉਂਦਾ ਰਿਹਾ। ਜਨੀ ਕਿ ਕੇਵਲ ਮਨੁੱਖ ਦੀ ‘ਆਤਮਾ’ ਕੋਈ ਬਾਹਰੋਂ ਨਹੀਂ ਆਉਂਦੀ ਇਹ `ਤੇ ਸੰਸਾਰ ਦੀ ਇੱਕ ਬੱਝਵੀਂ ਨਿਯਮਾਵਲੀ ਹੈ ਜਿਸ ਤਹਿਤ ਸਾਰੇ ਸੰਸਾਰ ਦੀ ਉਤਪਤੀ ਹੋ ਰਹੀ ਹੈ। ਬਨਾਸਪਤੀ, ਪਸ਼ੂ, ਪੰਛੀ, ਕੀੜੇ--ਮਕੌੜੇ ਤੇ ਇਨਸਾਨੀ ਜਾਮਾ ਇਹ ਸਭ ਕੁਦਰਤ ਦੇ ਨਿਯਮ ਅਨੁਸਾਰ ਜੰਮਦੇ ਮਰਦੇ ਹਨ ਤੇ ਇਹਨਾਂ ਦਾ ਨਿਰੰਤਰ ਵਿਕਾਸ ਵੀ ਹੋ ਰਿਹਾ ਹੈ।

ਇਸ ਭਾਗ ਵਿੱਚ ਅਸਾਂ ਇਹ ਦੇਖਿਆ ਹੈ ਕਿ ਜ਼ਿਉਂਦੇ ‘ਜੀਨ’ ਤੋਂ ਅਗਾਂਹ ਹੋਰ ‘ਜੀਨ’ ਪੈਦਾ ਹੋ ਜਾਂਦੇ ਹਨ। ਸਿਰਫ ਜ਼ਮੀਨ, ਮੌਸਮ (ਬਹਾਰ) ਤੇ ਬੀਜ ਦਾ ਸਾਬਤ ਹੋਣਾ ਜ਼ਰੂਰੀ ਹੈ ਜੋ ਕੁਦਰਤ ਦੀ ਸਦਾ

ਬਹਾਰ ਨਿਯਮਾਵਲੀ ਹੈ, ਜਿਸ ਨੂੰ ਗੁਰਬਾਣੀ ਨੇ ਹੁਕਮ ਦੀ ਖੇਢ ਕਿਹਾ ਹੈ।




.