ਭਾਈ ਸਾਹਿਬ ਭਾਈ ਗੁਰਦਾਸ ਜੀ ਆਪਣੀ ਵਾਰ ਵਿੱਚ ਸਿੱਖ ਦੇ ਗੁਰੂ ਦੀ ਮੂਰਤ
(ਸ਼ਕਲ) ਬਾਰੇ ਸਿੱਖਾਂ ਨੂੰ ਸਮਝਾਉਂਦੇ ਹਨ ਕਿ ਸਿੱਖ ਦਾ ਗੁਰੂ ਕੌਣ ਹੈ? ਉਸਦੀ ਸ਼ਕਲ ਕਿਹੋ ਜਿਹੀ ਹੈ?
ਆਪ ਜੀ ਜ਼ਿਕਰ ਕਰਦੇ ਹਨ:
ਗੁਰ ਮੂਰਤਿ ਗੁਰ ਸ਼ਬਦ ਹੈ, ਸਾਧ ਸੰਗਤਿ ਵਿਚਿ ਪਰਗਟੀ ਆਇਆ॥
(ਵਾਰ- 24: 25)
ਅਸਲ ਵਿੱਚ ਇਹ ਗੱਲ ਜਗਤ ਗੁਰੂ, ਗੁਰੂ ਨਾਨਕ ਸਾਹਿਬ ਜੀ ਨੇ ਪਹਿਲੇ ਜਾਮੇ
ਵਿੱਚ ਹੀ ਸਮਝਾ ਦਿੱਤੀ ਸੀ, ਕਿ ਸਿੱਖ ਦਾ ਗੁਰੂ ਕੇਵਲ ਸ਼ਬਦ ਹੈ। ਜਿਸਦੀ ਗਵਾਹੀ ਸਾਨੂੰ ਗੁਰੂ ਸਾਹਿਬ
ਜੀ ਨਾਲ ਸਿੱਧਾਂ ਦੀ ਹੋਈ ਵਿਚਾਰ ਚਰਚਾ, ਜੋ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਸਿਧ
ਗੋਸਟਿ ਦੇ ਸਿਰਲੇਖ ਹੇਠ ਰਚੀ ਬਾਣੀ ਤੋਂ ਮਿਲਦੀ ਹੈ। ਜਦੋਂ ਸਿੱਧਾਂ ਦੇ ਸਵਾਲ ਦਾ ਜੁਆਬ ਦਿੰਦਿਆਂ
ਗੁਰੂ ਪਾਤਸ਼ਾਹ ਜੀ ਨੇ ਫ਼ੁਰਮਾਇਆ ਸੀ:
ਸਬਦ ਗੁਰੂ ਸੁਰਤਿ ਧੁਨਿ ਚੇਲਾ॥
(ਰਾਮਕਲੀ ਮ. 1, ਪੰਨਾ 943)
ਅਤੇ ਇਸ ਗੱਲ ਦੀ ਪ੍ਰੋੜਤਾ ਅਗਲੇ ਜਾਮਿਆਂ ਵਿੱਚ ਵੀ ਇੰਜ ਹੀ ਕੀਤੀ ਗਈ ਅਤੇ
ਸਾਰੇ ਗੁਰੂਆਂ ਨੇ ਹੀ ਸ਼ਬਦ ਗੁਰੂ ਦੀ ਗੱਲ ਕੀਤੀ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ
ਵੀ ਭਾਈ ਨੰਦ ਲਾਲ ਜੀ ਦੇ ਇੱਕ ਸਵਾਲ ਦੇ ਜਵਾਬ ਵਿੱਚ ਕਿਹਾ ਸੀ:
ਤੀਨ ਰੂਪ ਹੈਂ ਮੋਹਿ ਕੇ, ਸੁਣਹੁ ਨੰਦ ਚਿਤ ਲਾਇ॥
ਨਿਰਗੁਣੁ, ਸਰਗੁਣ, ਗੁਰਸਬਦ ਜੀ ਕਹਹੁ ਤੋਹਿ ਸਮਝਾਇ॥
ਕਿ ਭਾਈ ਨੰਦ ਲਾਲ ਮੇਰੇ ਤਿੰਨ ਰੂਪ ਹਨ ਇੱਕ ਮੇਰਾ ਨਿਰਗੁਣ ਸਰੂਪ ਹੈ, ਜੋ
ਤਿੰਨਾ ਗੁਣਾਂ ਤੋਂ ਪਰ੍ਹੇ ਹੈ ਅਤੇ ਸੰਸਾਰ ਤੋਂ ਨਿਰਲੇਪ ਹੈ। ਦੂਜਾ ਸਰੂਪ ਮੇਰਾ ਸਰਗੁਣ ਸਰੂਪ ਹੈ,
ਜੋ ਮੇਰੇ ਦਰਸ਼ਨ ਤੁਸੀਂ ਪ੍ਰਕ੍ਰਿਤੀ ਵਿੱਚ ਕਰ ਸਕਦੇ ਹੋ। ਤੀਜਾ ਰੂਪ ਮੇਰਾ ਸ਼ਬਦ ਰੂਪ ਹੈ, ਜਿਸ ਤੇ
ਚਲਦਿਆਂ ਮੇਰੇ ਦਰਸ਼ਨ ਕਰਨ ਦੀ ਲਾਲਸਾ ਪੂਰੀ ਹੋ ਜਾਵੇਗੀ।
ਪਰ ਅੱਜ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਗੁਰੂ ਸਾਹਿਬ ਵੱਲੋਂ 10 ਜਾਮੇ
ਧਾਰਨ ਕਰਨ ਉਪਰੰਤ, 250 ਸਾਲ ਦੇ ਲਗਭਗ ਦਾ ਲੰਮਾ ਸਮਾਂ ਲਗਾ ਕੇ ਅਤੇ ਅੰਤਲੇ ਸਮੇਂ ਸੱਚ ਖੰਡ ਪਿਆਨਾ
ਕਰਨ ਵੇਲੇ ਸਿੱਖਾਂ ਨੂੰ ਹੁਕਮ ਦੇ ਕੇ ਕਿ "ਸਭੁ ਸਿੱਖਣ ਕੋ ਹੁਕਮੁ ਹੈ, ਗੁਰੂ ਮਾਨਿਓ ਗ੍ਰੰਥ।"
ਅਤੇ ਨਾਲ ਇਹ ਤਾਕੀਦ ਵੀ ਕੀਤੀ ਕਿ "ਜਬ ਇਹ ਗਹੈ ਬਿਪ੍ਰਨ ਕੀ ਰੀਤਿ, ਮੈਂ ਨ ਕਰਉਂ ਇਨਕੀ
ਪ੍ਰਤੀਤ।" ਭਾਵ ਕਿ ਸ਼ਬਦ ਗੁਰੂ ਨੂੰ ਮੰਨਣਾ ਹੈ, ਕਿਸੇ ਵੀ ਅਜਿਹੀ ਬਿਪਰਵਾਦੀ ਰੀਤ ਦੇ ਧਾਰਨੀ
ਨਹੀਂ ਹੋਣਾ ਜਿਸਦਾ ਗੁਰੂ ਨਾਨਕ ਦੇ ਘਰ ਵਿੱਚ ਵਿਰੋਧ ਹੋਇਆ ਹੋਵੇ ਅਤੇ ਜਿਸਦੀ ਪੂਜਾ ਕਰਨੀ ਬੇਸਿੱਟਾ
ਹੋਵੇ। ਪਰ ਅਸੀ ਸਿੱਖਾਂ ਨੇ ਗੁਰੂ ਸਾਹਿਬ ਨੂੰ ਚਕਮਾ ਦੇਣ ਦੀ ਕੋਸ਼ਿਸ਼ ਕਰਦਿਆਂ ਰੀਤਾਂ ਮੁੱੜ ਉਹੀ
(ਬਿਪਰਵਾਦੀ) ਧਾਰਨ ਕਰਦਿਆਂ ਨਾਮ ਅਤੇ ਸ਼ਕਲਾਂ ਬਦਲ ਦਿੱਤੀਆਂ। ਪੱਥਰਾਂ ਦੀਆਂ ਮੂਰਤੀਆਂ, ਬੁੱਤ ਪੂਜਾ
ਗੁਰੂ ਸਾਹਿਬ ਦੀਆਂ ਕਾਲਪਨਿਕ ਫੋਟੋਆਂ ਰਾਹੀਂ ਸ਼ੁਰੂ ਕਰ ਦਿੱਤੀ। ਜਿਸ ਤੋਂ ਕਿ ਸਤਿਗੁਰੂ ਜੀ ਨੇ
ਸਾਨੂੰ ਸਖਤੀ ਨਾਲ ਵਰਜਿਆ ਸੀ।
ਗੁਰੂ ਆਗਮਨ ਤੋਂ ਪਹਿਲਾਂ ਲੰਮੇ ਸਮੇਂ ਤੋਂ ਦੇਵੀ-ਦੇਵਤਿਆਂ ਦੀਆਂ ਮੂਰਤੀਆਂ
ਬਣਾ ਕੇ, ਦੀਵਾਰਾਂ ਜਾਂ ਕੰਧਾਂ ਉਪਰ ਚਿੱਤਰਕਾਰੀ ਕਰਕੇ ਉਹਨਾਂ ਦੀ ਪੂਜਾ ਕਰਨ ਦੀ ਰੀਤ ਚਲੀ ਆ ਰਹੀ
ਸੀ। ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਅਕਾਲ ਪੁਰਖ ਦੇ ਨਾਮ ਸਿਮਰਨ ਨੂੰ ਹੀ ਅਸਲੀ ਪੂਜਾ ਦੱਸਦਿਆਂ
ਕਿਹਾ ਕਿ ਨਾਮ ਤੋਂ ਬਿਨ੍ਹਾਂ ਹੋਰ ਕੋਈ ਪੂਜਾ ਨਹੀਂ। ਜੈਸਾ ਕਿ:
ਪੂਜਾ ਕੀਚੈ ਨਾਮੁ ਧਿਆਈਐ, ਬਿਨੁ ਨਾਵੈ ਪੂਜ ਨ ਹੋਇ॥
(ਗੂਜਰੀ ਮ. 1, ਪੰਨਾ- 489)
ਅਤੇ ਹੋਰ ਵੀ ਗੁਰਬਾਣੀ ਵਿੱਚ ਕਈ ਥਾਈਂ ਲਿਖ ਦਿੱਤਾ ਕਿ:
ਦੇਵੀ ਦੇਵਾ ਪੂਜੀਐ ਭਾਈ ਕਿਆ ਮਾਗਉ ਕਿਆ ਦੇਹਿ॥
ਪਾਹਣੁ ਨੀਰਿ ਪਖਾਲੀਐ ਭਾਈ ਜਲ ਮਹਿ ਬੂਡਹਿ ਤੇਹਿ॥
(ਸੋਰਠਿ ਮ. 1, ਪੰਨਾ- 637)
ਜੋ ਪਾਥਰ ਕਉ ਕਹਤੇ ਦੇਵ॥ ਤਾ ਕੀ ਬਿਰਥਾ ਹੋਵੈ ਸੇਵ॥
(ਭੈਰਉ ਮ. 5, ਪੰਨਾ-1160)
ਭਾਵ ਕਿ ਇਸ ਪ੍ਰਚੱਲਿਤ ਅਖੌਤੀ ਮੂਰਤੀ, ਤਸਵੀਰ, ਬੁੱਤ ਪੂਜਾ ਨੂੰ ਪੂਰੀ
ਤਰ੍ਹਾਂ ਰੱਦ ਕਰਦਿਆਂ, ਬਿਨ੍ਹਾਂ ਕਿਸੇ ਵਿਸ਼ੇਸ਼ ਵਸਤੂ ਵੱਲ ਧਿਆਨ ਧਾਰਿਆਂ, ਸਿੱਧਾ ਹੀ ਸ਼ਬਦ ਅਤੇ
ਸੂਰਤ ਨਾਲ ਅਕਾਲ ਪੁਰਖ ਵਿੱਚ ਅਭੇਦ ਹੋਣ ਦੀ ਜੁਗਤ ਦੱਸੀ।
ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਪੰਥ ਪ੍ਰਵਾਣਿਤ ਸਿੱਖ ਰਹਿਤ ਮਰਿਯਾਦਾ ਜੋ
ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵੱਲੋਂ ਲੱਖਾਂ ਦੀ ਗਿਣਤੀ ਵਿੱਚ
ਛਾਪੀ ਅਤੇ ਵੰਡੀ ਜਾ ਰਹੀ ਹੈ, ਵਿੱਚ ਵੀ ਪੰਨਾ ਨੰ. 10 ਪਹਿਰਾ ਨੰ (ਕ) ਵਿੱਚ ਲਿਖਿਆ ਹੈ ਕਿ "ਗੁਰਦੁਆਰਿਆਂ
ਵਿੱਚ ਮੂਰਤੀਆਂ (ਬੁੱਤ) ਬਨਾਉਣੀਆਂ ਜਾਂ ਰੱਖਣੀਆਂ,
ਗੁਰੂ ਸਾਹਿਬਾਨ ਜਾਂ ਸਿੱਖ ਬਜੁਰਗਾਂ ਦੀਆਂ
ਤਸਵੀਰਾਂ ਅੱਗੇ ਮੱਥੇ ਟੇਕਣੇ, ਇਹੋ ਜਿਹੇ ਕਰਮ
ਮਨਮੱਤ ਹਨ।" ਪਰ ਇਹ ਕਲਪਿਤ ਤਸਵੀਰਾਂ ਸ਼ਰੋਮਣੀ ਕਮੇਟੀ ਦੇ ਬਹੁਤਿਆਂ
ਗੁਰਦੁਆਰਿਆਂ ਵਿੱਚ ਲੱਗੀਆਂ ਦੇਖੀਆ ਜਾ ਸਕਦੀਆਂ ਹਨ। ਇੱਥੋਂ ਤੱਕ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ
ਕੁੱਝ ਦੂਰੀ ਤੇ ਹੀ ਦਰਬਾਰ ਸਾਹਿਬ ਦੀ ਪ੍ਰਕਰਮਾ ਵਿੱਚ ਵੀ ਬਾਬਾ ਦੀਪ ਸਿੰਘ ਜੀ ਦੇ ਅਸਥਾਨ ਤੇ ਬਾਬਾ
ਦੀਪ ਸਿੰਘ ਜੀ ਦੀ ਵੱਡ ਆਕਾਰੀ ਤਸਵੀਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਰੱਖੀ ਹੋਈ ਹੈ ਅਤੇ
ਸੰਗਤ ਉਸਨੂੰ ਮੱਥਾ ਟੇਕੇ ਬਿਨ੍ਹਾਂ ਅੱਗੇ ਨਹੀਂ ਜਾਂਦੀ। ਦੱਸੋ ਹੁਣ ਕਿਸ ਨੂੰ ਸਮਝਾਈਐ? ਖ਼ੈਰ
ਵਾਹਿਗੁਰੂ ਇਹਨਾਂ ਪ੍ਰਬੰਧਕਾਂ ਨੂੰ ਸੁਮੱਤ ਬਖਸ਼ੇ।
ਅੱਜ ਸਾਡੇ ਘਰਾਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੰਪੂਰਨ ਰੂਪ ਵਿੱਚ,
ਸੈਂਚੀਆਂ ਦੇ ਰੂਪ ਵਿੱਚ ਤਾਂ ਕੀ ਹੋਣਾ ਸੀ ਸਗੋਂ ਬਹੁਤੇ ਸਿੱਖਾਂ ਦੇ ਘਰਾਂ ਵਿੱਚ ਗੁਟਕੇ ਜਾਂ ਹੋਰ
ਛੋਟੀਆਂ ਪੋਥੀਆਂ ਵੀ ਬੜੀ ਤਰਸਯੋਗ ਹਾਲਤ ਵਿੱਚ ਮਿਲਦੀਆਂ ਹਨ, ਪਰ ਇਸ ਦੇ ਉਲਟ ਦਸੇ ਗੁਰੂ ਸਾਹਿਬਾਨ
ਦੀਆਂ ਕਲਪਿਤ ਪ੍ਰਚੱਲਿਤ ਤਸਵੀਰਾਂ ਹਰ ਕਮਰੇ, ਵਰਾਂਡੇ, ਡਿਉੜੀ ਜਾਂ ਘਰ ਦੇ ਬਾਹਰ ਵੀ ਲੱਗੀਆਂ
ਹੋਈਆਂ ਮਿਲ ਜਾਣਗੀਆਂ। ਜਦਕਿ ਕਿਸੇ ਵੀ ਗੁਰੂ ਸਾਹਿਬਾਨ ਦੇ ਵੇਲੇ ਦੀ ਉਹਨਾਂ ਦੀ ਅਸਲੀ ਤਸਵੀਰ
ਪ੍ਰਾਪਤ ਹੋਣ ਦਾ ਕੋਈ ਵੀ ਇਤਿਹਾਸਕ ਜਾਂ ਠੋਸ ਹਵਾਲਾ ਨਹੀਂ ਮਿਲਦਾ।
ਇੱਥੋਂ ਤੱਕ ਕੇ ਇਹਨਾਂ ਚਿੱਤਰਕਾਰਾਂ ਨੇ ਆਪਣੀ ਮਰਜ਼ੀ ਨਾਲ ਤਸਵੀਰਾਂ ਤਿਆਰ
ਕਰ ਕੇ ਲੋਕਾਈ ਅਤੇ ਸਿੱਖਾਂ ਨੂੰ ਮਨਮੱਤੀ ਕਰਮਕਾਂਢਾਂ, ਅੰਧ ਵਿਸ਼ਵਾਸ਼ਾਂ, ਅਤੇ ਚਮਤਕਾਰਾਂ ਨਾਲ ਜੋੜ
ਛੱਡਿਐ। ਮਿਸਾਲ ਦੇ ਤੌਰ ਤੇ ਗੁਰੂ ਨਾਨਕ ਸਾਹਿਬ ਜੀ ਨੂੰ ਸੱਪ ਵੱਲੋਂ ਛਾਂ ਕਰਦਿਆਂ ਦੀ ਤਸਵੀਰ,
ਬੀਬੀ ਨਾਨਕੀ ਜੀ ਵੱਲੋਂ ਗੁਰੂ ਨਾਨਕ ਸਾਹਿਬ ਜੀ ਨੂੰ ਰੱਖੜੀ ਬੰਨ੍ਹਦਿਆਂ ਦੀ ਤਸਵੀਰ, ਭਾਈ ਬਾਲਾ ਜੀ
ਨੂੰ ਗੁਰੂ ਨਾਨਕ ਸਾਹਿਬ ਜੀ ਨਾਲ ਵਿਖਾਉਣਾ, ਗੁਰੂ ਸਾਹਿਬਾਨ ਦੀਆਂ ਤਸਵੀਰਾਂ ਪਿੱਛੇ ਚਮਤਕਾਰੀ ਚੱਕਰ
ਘੁੰਮਦਾ ਵਿਖਾਉਣਾ, ਛੋਟੇ ਸਾਹਿਬਜ਼ਾਦਿਆਂ ਦੀ ਤਸਵੀਰ ਵਿੱਚ ਮਾਤਾ ਗੁਜ਼ਰੀ ਜੀ ਦੇ ਕੰਨਾਂ ਵਿੱਚ
ਵਾਲੀਆਂ ਭਾਵ ਕੰਨ ਵਿੰਨ੍ਹੇ ਹੋਏ ਵਿਖਾਉਣਾ, ਗੁਰੂ ਸਾਹਿਬਾਨ ਦੇ ਗਲਾਂ ਵਿੱਚ ਮਾਲਾਵਾਂ ਅਤੇ ਹੱਥਾ
ਵਿੱਚ ਮਾਲਾ ਫੜੀ ਹੋਈ ਵਿਖਾਉਣਾ ਆਦਿ ਸਾਰੇ ਦ੍ਰਿਸ਼ ਗੁਰਮਤਿ ਵਿਰੋਧੀ ਹਨ। ਕਿਉਂਕਿ ਗੁਰਬਾਣੀ ਵਿੱਚ
ਮਾਲਾ ਫੇਰਣ ਦੀ ਸਖਤ ਮਨਾਹੀ ਕੀਤੀ ਗਈ ਹੈ। ਇਸ ਬਾਰੇ ਪੰਚਮ ਪਾਤਸ਼ਾਹ ਜੀ ਨੇ ਫੁਰਮਾਣ ਕੀਤਾ ਹੈ:
ਹਰਿ ਹਰਿ ਅਖਰ ਦੁਇ ਇਹ ਮਾਲਾ॥
ਜਪਤ ਜਪਤ ਭਏ ਦੀਨ ਦਇਆਲਾ॥
(ਆਸਾ ਮ. 5, ਪੰਨਾ-388)
ਭਗਤ ਕਬੀਰ ਜੀ ਵੀ ਫ਼ੁਰਮਾਣ ਕਰਦੇ ਹਨ:
ਕਬੀਰ ਜਪਨੀ ਕਾਠ ਕੀ ਕਿਆ ਦਿਖਲਾਵਹਿ ਲੋਇ॥
ਹਿਰਦੈ ਰਾਮ ਨ ਚੇਤਹੀ, ਇਹ ਜਪਨੀ ਕਿਆ ਹੋਇ॥
(ਸਲੋਕ, ਭਗਤ ਕਬੀਰ ਜੀ, ਪੰਨਾ-1368)
ਸੋ ਸਪੱਸ਼ਟ ਹੁੰਦਾ ਹੈ ਕਿ ਸਿੱਖ ਨੂੰ ਸਿੱਧਾ ਸ਼ਬਦ ਗੁਰੂ ਦੇ ਚਰਨੀਂ ਲੱਗਣਾ
ਚਾਹੀਦਾ ਹੈ ਨਾ ਕਿ ਤਸਵੀਰਾਂ ਅਤੇ ਫੋਟੋਆਂ ਦੇ ਅਤੇ ਨਾ ਹੀ ਸਰੀਰਾਂ (ਦੇਹਧਾਰੀਆਂ) ਦੇ। ਕਿਉਂਕਿ
ਤਸਵੀਰ ਅਤੇ ਸਰੀਰ ਦੋਵੇਂ ਹੀ ਨਾਸ਼ਵਾਨ ਹਨ। ਪਰ ਸਿੱਖ ਦਾ ਗੁਰੂ ਪ੍ਰਮਤਾਮਾ ਤਾਂ:
ਆਦਿ ਸਚੁ ਜੁਗਾਦਿ ਸਚੁ॥ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ॥
ਹੈ। ਨਾਲ ਹੀ:
ਸਤਿਗੁਰ ਮੇਰਾ ਸਦਾ ਸਦਾ ਨਾ ਆਵੈ ਨ ਜਾਇ॥
ਓਹੁ ਅਬਿਨਾਸੀ ਪੁਰੁਖ ਹੈ ਸਭ ਮਹਿ ਰਹਿਆ ਸਮਾਇ॥
(ਸੂਹੀ ਮ. 4, ਪੰਨਾ-759)
ਕਈ ਵਾਰ ਘਰਾਂ ਵਿੱਚ ਵੀ ਸ੍ਰੀ ਅਖੰਡ ਪਾਠ ਸਾਹਿਬ ਜਾਂ ਸਹਿਜ ਪਾਠ ਕਰਨ ਵੇਲੇ
ਕਈ ਪਾਠੀ ਸਿੰਘ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਫੋਟੋਆਂ ਰੱਖ ਦਿੰਦੇ ਹਨ ਜੋ ਕਿ ਸਰਾਸਰ ਮਨਮੱਤ ਹੈ।
ਕਈ ਬੀਬੀਆਂ ਵੀ ਬਾਜ਼ਾਰ ਵਿੱਚੋਂ ਤਸਵੀਰਾਂ ਖਰੀਦ ਕੇ ਘਰ ਦੀ ਕਿਸੇ ਨੁੱਕਰ ਵਿੱਚ ਰੱਖ ਕੇ ਧੂਪ-ਬੱਤੀ,
ਦੀਵਾ, ਮੱਥਾ ਟਕਣਾ ਆਦਿ ਕਰਮ ਸ਼ੁਰੂ ਕਰ ਦਿੰਦੀਆਂ ਹਨ, ਜੋ ਕਿ ਮੂਰਤੀ ਪੂਜਾ ਦਾ ਹੀ ਇੱਕ ਹਿੱਸਾ ਬਣ
ਜਾਂਦਾ ਹੈ।
ਸਿੱਖਾਂ ਨੇ ਪੂਜਾ, ਸਤਿਕਾਰ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਗੁਰਬਾਣੀ
ਦੀਆਂ ਪੋਥੀਆਂ, ਗੁਟਕੇ ਆਦਿਕ ਦਾ ਹੀ ਕਰਨਾ ਹੈ, ਜ੍ਹਿਨਾਂ ਨੂੰ ਸਾਫ ਸੁੱਥਰੀ ਅਤੇ ਚੰਗੀ ਥਾਂ ਤੇ
ਰੁਮਾਲਿਆਂ ਵਿੱਚ ਲਪੇਟ ਕੇ ਰੱਖਣਾ ਹੈ। ਤਾਂ ਕਿ ਸ਼ਬਦ ਗੁਰੂ ਦੇ ਸਿਧਾਂਤ ਨੂੰ ਸਮਝ ਕੇ, ਜਿੰਦਗੀ
ਵਿੱਚ ਉਸ ਮਹਾਨ ਅਸੂਲਾਂ ਨੂੰ ਅਪਣਾ ਕੇ ਅਮਲ ਵਿੱਚ ਲਿਆ ਕੇ ਜੀਵਨ ਸਫਲ ਕੀਤਾ ਜਾ ਸਕੇ। ਕਿਸੇ ਵੀ
ਪ੍ਰਕਾਰ ਦੀਆਂ ਕਾਲਪਨਿਕ ਫੋਟੋਆਂ ਅੱਗੇ ਆਰਤੀਆਂ ਕਰਨੀਆਂ, ਧੂਪ ਅਗਰਬੱਤੀ ਕਰਨਾ, ਮੱਥੇ ਟੇਕਣੇ ਆਦਿ
ਸਾਰੇ ਕੰਮਾ ਨੂੰ ਛੱਡ ਕੇ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਅਤੇ ਨਿਰਮਲ ਵੀਚਾਰਧਾਰਾ
ਨਾਲ ਜੁੜਨਾ ਹੈ।
****************
ਦਾਸਰਾ:
-ਇਕਵਾਕ ਸਿੰਘ ਪੱਟੀ
ਅੰਮ੍ਰਿਤਸਰ। ਮੋ. 098150-24920