ਪ੍ਰਸ਼ਨ: ਵੇਦੀਨਾ ਕੀ ਦੋਸਤੀ ਵੇਦੀਨਾ ਕਾ ਖਾਣੁ ॥ ਪੰਗਤੀ ਵਿੱਚ ਵੇਦੀਨਾ ਦਾ ਕੀ ਅਰਥ ਹੈ?
ਉੱਤਰ: ਵੇਦੀਨਾ ਦਾ ਅਰਥ ਹੈ ਅਧਰਮੀ, ਦੀਨ ਤੋਂ ਰਹਿਤ। ਅਧਰਮੀ ਤੋਂ
ਇੱਥੇ ਕੀ ਭਾਵ ਹੈ ਅਰਥਾਤ ਵੇਦੀਨ ਕਿਸ ਨੂੰ ਆਖਿਆ ਹੈ, ਇਸ ਨੂੰ ਸਮਝਣ ਲਈ ਪੂਰੇ ਸ਼ਬਦ ਨੂੰ ਵਿਚਾਰਨ
ਦੀ ਲੋੜ ਹੈ। ਇਹ ਪੰਗਤੀ ਸੂਹੀ ਦੀ ਵਾਰ ਦੀ 14ਵੀਂ ਪਉੜੀ ਦੇ ਨਾਲ ਜੋ ਪਹਿਲਾ ਸ਼ਲੋਕ ਹੈ, ਉਸ ਦੀ
ਦੂਜੀ ਪੰਗਤੀ ਹੈ। ਸ਼ਲੋਕ ਗੁਰੂ ਨਾਨਕ ਮਹਾਰਾਜ ਦਾ ਉਚਾਰਣ ਕੀਤਾ ਹੋਇਆ ਹੈ: ਪੂਰਾ ਸ਼ਲੋਕ ਇਸ ਤਰ੍ਹਾਂ
ਹੈ:
ਸਲੋਕ ਮਹਲਾ ੧ ॥ ਚੋਰਾ ਜਾਰਾ ਰੰਡੀਆ ਕੁਟਣੀਆ ਦੀਬਾਣੁ ॥ ਵੇਦੀਨਾ ਕੀ ਦੋਸਤੀ
ਵੇਦੀਨਾ ਕਾ ਖਾਣੁ ॥ ਸਿਫਤੀ ਸਾਰ ਨ ਜਾਣਨੀ ਸਦਾ ਵਸੈ ਸੈਤਾਨੁ ॥ ਗਦਹੁ ਚੰਦਨਿ ਖਉਲੀਐ ਭੀ ਸਾਹੂ ਸਿਉ
ਪਾਣੁ ॥ ਨਾਨਕ ਕੂੜੈ ਕਤਿਐ ਕੂੜਾ ਤਣੀਐ ਤਾਣੁ ॥ ਕੂੜਾ ਕਪੜੁ ਕਛੀਐ ਕੂੜਾ ਪੈਨਣੁ ਮਾਣੁ ॥੧॥ {ਪੰਨਾ
790}
ਸ਼ਲੋਕ ਦਾ ਅਰਥ
ਹੈ
:
ਚੋਰਾਂ, ਲੁੱਚੇ ਬੰਦਿਆਂ, ਵਿਭਚਾਰਨ ਔਰਤਾਂ ਤੇ ਦੱਲੀਆਂ ਦਾ ਆਪੋ ਵਿਚ ਬਹਿਣ ਖਲੋਣ ਹੁੰਦਾ ਹੈ,
ਇਹਨਾਂ ਧਰਮ ਤੋਂ ਵਾਂਜਿਆਂ ਦੀ ਆਪੋ ਵਿਚ ਮਿਤ੍ਰਤਾ ਤੇ ਆਪੋ ਵਿਚ ਖਾਣ ਪੀਣ ਹੁੰਦਾ ਹੈ; ਰੱਬ ਦੀ
ਸਿਫ਼ਤਿ-ਸਾਲਾਹ ਕਰਨ ਦੀ ਇਹਨਾਂ ਨੂੰ ਸੂਝ ਨਹੀਂ ਹੁੰਦੀ, (ਇਹਨਾਂ ਦੇ ਮਨ ਵਿਚ, ਮਾਨੋ) ਸਦਾ ਸ਼ੈਤਾਨ
ਵੱਸਦਾ ਹੈ। (ਸਮਝਾਇਆਂ ਭੀ ਸਮਝਦੇ ਨਹੀਂ, ਜਿਵੇਂ) ਖੋਤੇ ਨੂੰ ਜੇ ਚੰਦਨ ਨਾਲ ਮਲੀਏ ਤਾਂ ਭੀ ਉਸ ਦੀ
ਵਰਤੋਂ ਵਿਹਾਰ ਸੁਆਹ ਨਾਲ ਹੀ ਹੁੰਦੀ ਹੈ (ਪਿਛਲੇ ਕੀਤੇ ਕਰਮਾਂ ਦਾ ਗੇੜ ਇਸ ਮੰਦੇ ਰਾਹ ਤੋਂ ਹਟਣ
ਨਹੀਂ ਦੇਂਦਾ)।
ਹੇ ਨਾਨਕ! "ਕੂੜ" (ਦਾ ਸੂਤਰ) ਕੱਤਣ ਨਾਲ "ਕੂੜ" ਦਾ ਹੀ ਤਾਣਾ ਚਾਹੀਦਾ ਹੈ,
"ਕੂੜ" ਦਾ ਹੀ ਕੱਪੜਾ ਕੱਛੀਦਾ ਹੈ ਤੇ ਪਹਿਨੀਦਾ ਹੈ (ਇਸ "ਕੂੜ"-ਰੂਪ ਪੁਸ਼ਾਕ ਦੇ ਕਾਰਨ "ਕੂੜ" ਹੀ
ਵਡਿਆਈ ਮਿਲਦੀ ਹੈ (ਭਾਵ, "ਖਤਿਅਹੁ ਜੰਮੇ ਖਤੇ ਕਰਨਿ ਤ ਖਤਿਆ ਵਿਚਿ ਪਾਹਿ")।੧।
ਸੋ, ਸਾਰੇ ਸ਼ਲੋਕ ਨੂੰ ਪੜ੍ਹਨ ਨਾਲ ਵੇਦੀਨਾ ਦਾ ਅਰਥ ਸਪਸ਼ਟ ਹੋ ਗਿਆ ਹੈ ਕਿ
ਵੇਦੀਨਾ ਦਾ ਇਸ ਪੰਗਤੀ ਵਿੱਚ ਅਰਥ ਹੈ
:
ਚੋਰ, ਲੁੱਚੇ ਬੰਦੇ , ਵਿਭਚਾਰਨ ਤੇ ਦੱਲੀਆਂ ਔਰਤਾਂ ।
ਪ੍ਰਸ਼ਨ: ਗੁਰੂ ਗ੍ਰੰਥ ਸਾਹਿਬ ਵਿੱਚ ਨਾਮ ਅਤੇ ਨਾਮ ਸਿਮਰਨ ਤੋਂ ਕੀ ਭਾਵ ਹੈ?
(ਭਾਈ ਪ੍ਰੀਤਮ ਸਿੰਘ ਵੈਨਕੂਵਰ)
ਉੱਤਰ: ਗੁਰੁ ਗ੍ਰੰਥ ਸਾਹਿਬ ਵਿੱਚ ਗੁਰਮੱਤ ਪ੍ਰਕਾਸ਼ ਤੋਂ ਪਹਿਲਾਂ
ਇਸਲਾਮ ਜਾਂ ਵੈਦਕ ਆਦਿ ਮੱਤ ਵਿੱਚ ਅਕਾਲ ਪੁਰਖ ਲਈ ਵਰਤੇ ਜਾਂਦੇ ਕਿਰਤਮ (ਕਲਪਿਤ) ਨਾਵਾਂ (ਕਿਰਤਮ
ਨਾਮ ਕਥੇ ਤੇਰੇ ਜਿਹਬਾ ॥ (ਪੰਨ1008) ) ਦੀ ਬਿਨਾਂ ਕਿਸੇ ਭੇਦ ਭਾਵ ਦੇ ਵਰਤੋਂ ਕੀਤੀ ਗਈ ਹੈ।
ਪ੍ਰਭੂ ਦੇ ਕਿਸੇ ਵੀ ਨਾਮ ਨੂੰ ਵਧੇਰੇ ਮਹੱਤਵ ਪੂਰਨ ਜਾਂ ਮਹੱਤਵ ਹੀਨ ਨਹੀਂ ਸਮਝਿਆ ਗਿਆ। ਸਤਿਗੁਰੂ
ਤਾਂ ਪ੍ਰਭੂ ਨੂੰ ਮੁਖ਼ਾਤਬ ਕਰਦਿਆ ਇੱਥੋਂ ਤੱਕ ਆਖਦੇ ਹਨ:
ਬਲਿਹਾਰੀ ਜਾਉ ਜੇਤੇ ਤੇਰੇ ਨਾਵ ਹੈ ॥
ਅਰਥ: ਹੇ ਪ੍ਰਭੂ! ਜਿਤਨੇ ਭੀ ਤੇਰੇ ਨਾਮ ਹਨ ਮੈਂ ਉਹਨਾਂ ਤੋਂ ਕੁਰਬਾਨ ਜਾਂਦਾ ਹਾਂ (ਤੇਰੇ ਇਹ
ਬੇਅੰਤ ਨਾਮ ਤੇਰੇ ਬੇਅੰਤ ਗੁਣਾਂ ਨੂੰ ਵੇਖ ਵੇਖ ਕੇ ਤੇਰੇ ਬੰਦਿਆਂ ਨੇ ਬਣਾਏ ਹਨ।) ਗੁਰੁ ਗ੍ਰੰਥ
ਦਰਪਣ ਪ੍ਰੋ: ਸਾਹਿਬ ਸਿੰਘ। (ਪੰਨਾ1168)
"ਸ੍ਰੀ ਗੁਰੁ ਗ੍ਰੰਥ ਸਾਹਿਬ ਦੇ ਹਰੇਕ ਸ਼ਬਦ ਵਿੱਚ (ਲਗਪਗ) ਕਿਸੇ ਵਿਸ਼ੇਸ਼
ਸਦਾਚਾਰਕ ਗੁਣ ਲਈ ਲੋਚਾ ਕੀਤੀ ਹੈ ਤੇ ਉਥੇ ਉਹ ਗੁਣ ਹੀ ਪਰਮਾਤਮਾ ਦਾ ਨਾਮ ਦਸਿਆ ਹੈ।" (ਡ: ਤਾਰਨ
ਸਿੰਘ ਬਾਰਹਮਾਹਾ ਦਰਪਣ) ਸੋ ਗੁਰੁ ਗ੍ਰੰਥ ਸਾਹਿਬ ਵਿੱਚ ਵਾਹਿਗੁਰੂ ਲਈ ਹੀ ਨਾਮ ਸ਼ਬਦ ਵਰਤਿਆ ਗਿਆ
ਹੈ। (ਨਾਮ ਕੇ ਧਾਰੇ ਸਗਲੇ ਜੰਤ ॥ ਨਾਮ ਕੇ ਧਾਰੇ ਖੰਡ ਬ੍ਰਹਮੰਡ ॥) (ਪੰਨਾ 284) ਜਿਸ ਤਰ੍ਹਾਂ
ਅਕਾਲ ਪੁਰਖ ਦੇ ਅਨਗਿਣਤ ਕਲਪਿਤ ਨਾਮ ਉਸ ਦੇ ਵੱਖ ਵੱਖਰੇ ਗੁਣਾਂ ਦੇ ਲਖਾਇਕ ਹਨ, ਨਾਮ ਵੀ ਉਸੇ
ਤਰ੍ਹਾਂ ਹਰੀ ਦੇ ਗੁਣਾਂ ਦਾ ਹੀ ਲਖਾਇਕ ਹੈ। ਹਾਂ, ਅੰਤਰ ਕੇਵਲ ਇੱਨਾ ਕੁ ਹੀ ਹੈ ਜਿੱਥੇ ਵਾਹਿਗੁਰੂ
ਦੇ ਕ੍ਰਿਤਮਨਾਮ ਵਿੱਚ ਉਸ ਦੇ ਕਿਸੇ ਇੱਕ ਵਿਸ਼ੇਸ਼ ਗੁਣ ਹੀ ਦਾ ਵਰਣਨ ਹੈ (ਕਰੀਮ, ਨਿਰਵੈਰ, ਨਿਰੰਜਨ
ਆਦਿ), ਉੱਥੇ ਨਾਮ ਸ਼ਬਦ ਕਿਸੇ ਇੱਕ ਗੁਣ ਦਾ ਨਹੀਂ ਬਲਕਿ ਸਮੂਹ ਗੁਣਾਂ ਦਾ ਲਖਾਇਕ ਹੈ।
ਗੁਰੁ ਗ੍ਰੰਥ ਸਾਹਿਬ ਵਿੱਚ ਮਨੁੱਖ ਜਨਮ ਦਾ ਮਨੋਰਥ ਦਰਸਾਉਂਦਿਆਂ ਆਖਿਆ ਹੈ:
ਆਇਓ ਸੁਨਨ ਪੜਨ ਕਉ ਬਾਣੀ ॥
ਨਾਮੁ ਵਿਸਾਰਿ ਲਗਹਿ ਅਨ ਲਾਲਚਿ ਬਿਰਥਾ ਜਨਮੁ ਪਰਾਣੀ ॥੧॥ ਰਹਾਉ ॥(ਪੰਨਾ1219)
ਇਸ ਬਾਣੀ ਨੂੰ ਪੜ੍ਹ ਸੁਣ ਵਿਚਾਰ ਕੇ ਜੀਵਨ ਦੇ ਪਰਯੋਜਨ ਅਥਵਾ ਮਨੋਰਥ ਨੂੰ ਹਾਸਲ ਕਰਨ ਲਈ ਕਈ ਢੰਗਾਂ
ਨਾਲ ਪ੍ਰਾਣੀ ਨੂੰ ਪ੍ਰੇਰਨਾ ਦਿੱਤੀ ਗਈ ਹੈ। ਜਿਵੇਂ:
ਸਾਸਿ ਸਾਸਿ ਸਿਮਰਹੁ ਗੋਬਿੰਦ ॥ ਮਨ ਅੰਤਰ ਕੀ ਉਤਰੈ ਚਿੰਦ ॥(ਪੰਨਾ 286)
ਗੋਬਿੰਦ ਗੋਬਿੰਦ ਕਰਿ ਹਾਂ ॥ ਹਰਿ ਹਰਿ ਮਨਿ ਪਿਆਰਿ ਹਾਂ ॥ (ਪੰਨਾ 409)
ਵਾਹੁ ਵਾਹੁ ਕਰਤਿਆ ਰੈਣਿ ਸੁਖਿ ਵਿਹਾਇ ॥ ਵਾਹੁ ਵਾਹੁ ਕਰਤਿਆ ਸਦਾ ਅਨੰਦੁ
ਹੋਵੈ ਮੇਰੀ ਮਾਇ ॥(ਪੰਨਾ 514)
ਗੁਨ ਕਹੁ ਹਰਿ ਲਹੁ ਕਰਿ ਸੇਵਾ ਸਤਿਗੁਰ ਇਵ ਹਰਿ ਹਰਿ ਨਾਮੁ ਧਿਆਈ ॥ (ਪੰਨਾ
669)
ਜਪਿ ਮਨ ਸਤਿ ਨਾਮੁ ਸਦਾ ਸਤਿ ਨਾਮੁ ॥ ਹਲਤਿ ਪਲਤਿ ਮੁਖ ਊਜਲ ਹੋਈ ਹੈ ਨਿਤ
ਧਿਆਈਐ ਹਰਿ ਪੁਰਖੁ ਨਿਰੰਜਨਾ ॥ ਰਹਾਉ ॥(ਪੰਨਾ 669)
ਐਸਾ ਗਿਆਨੁ ਜਪਹੁ ਮਨ ਮੇਰੇ ॥ ਹੋਵਹੁ ਚਾਕਰ ਸਾਚੇ ਕੇਰੇ ॥੧॥ ਰਹਾਉ ॥(ਪੰਨਾ
728)
ਜਿਹਵੇ ਅੰਮ੍ਰਿਤ ਗੁਣ ਹਰਿ ਗਾਉ ॥ ਹਰਿ ਹਰਿ ਬੋਲਿ ਕਥਾ ਸੁਨਿ ਹਰਿ ਕੀ
ਉਚਰਹੁ ਪ੍ਰਭ ਕੋ ਨਾਉ ॥੧॥ ਰਹਾਉ ॥(ਪੰਨਾ1219)
ਰਾਮੁ ਸਿਮਰਿ ਰਾਮੁ ਸਿਮਰਿ ਇਹੈ ਤੇਰੈ ਕਾਜਿ ਹੈ ॥ (ਪੰਨਾ 1352)
ਗੁਨ ਗੋਬਿੰਦ ਗਾਇਓ ਨਹੀ ਜਨਮੁ ਅਕਾਰਥ ਕੀਨੁ ॥ (ਪੰਨਾ 1426)
ਸੁਆਸ ਸੁਆਸ ਗੋਬਿੰਦ ਨੂੰ ਸਿਮਰਨਾ, ਗੋਬਿੰਦ ਗੋਬਿੰਦ ਕਰਨਾ, ਵਾਹ ਵਾਹ
ਕਰਨਾ, ਪ੍ਰਭੂ ਦੇ ਗੁਣ ਗਾਉਣੇ, ਸਤਿਨਾਮ ਜਪਣਾ, ਗਿਆਨ ਨੂੰ ਜਪਣਾ, ਜੀਭ ਨਾਲ ਅੰਮ੍ਰਿਤ ਗੁਣ ਗਾਉਣੇ
ਜਾਂ ਰਾਮ ਨੂੰ ਸਿਮਰਨਾ ਆਦਿ ਦਾ ਭਾਵ ਵਾਹਿਗੁਰੂ ਨੂੰ ਸਿਮਰਨਾ ਹੀ ਹੈ। ਸਿਮਰਨ ਤੋਂ ਭਾਵ ਹਰੀ ਦੇ
ਗੁਣ ਗਾ ਉਨ੍ਹਾਂ ਗੁਣਾਂ ਨੂੰ ਧਾਰਨ ਕਰਨਾ ਹੈ। ਕੇਵਲ ਰਸਨਾ ਨਾਲ ਕਿਸੇ ਇੱਕ ਸ਼ਬਦ ਜਾਂ ਵਧੇਰੇ ਸ਼ਬਦਾਂ
ਦਾ ਰਟਨਾ ਜਾਂ ਦੋਹਰਾਉਣਾ, ਪਰ ਪ੍ਰਭੂ ਗੁਣਾਂ ਨੂੰ ਧਾਰਣ ਨਾ ਕਰਨਾ, ਸਿਮਰਨ ਨਹੀਂ ਹੈ।
ਭਾਈ ਕਾਨ੍ਹ ਸਿੰਘ ਨਾਭਾ ਇਸ ਸਬੰਧ ਵਿੱਚ ਲਿੱਖਦੇ ਹਨ, "ਸਿਧਾਂਤ ਇਹ ਹੈ ਕਿ
ਜੋ ਨਿਰਭਉ ਸਿਮਰ ਕੇ ਭਯ ਰਹਿਤ ਨਹੀਂ ਹੋਇਆ, ਨਿਰਵੈਰ ਨੂੰ ਧਿਆਕੇ ਕਿਸੇ ਨਾਲ ਦਿਲੀ ਵੈਰ ਰਖਦਾ ਹੈ,
ਪਤਿਤ ਪਾਵਨ ਆਖਦਾ ਹੋਇਆ ਛੂਤਛਾਤ ਦੇ ਬੰਧਨ ਵਿੱਚ ਬੱਧਾ ਹੈ …. . ਉਸ ਦਾ ਨਾਮ ਜਪ ਅਥਵਾ ਕਥਨ ਮਾਤ੍ਰ
ਸਿਮਰਣ ਕੇਵਲ ਪਾਖੰਡ ਹੈ, ਵਾਸਤਵ ਵਿੱਚ ਉਸ ਨੇ ਨਾਮ ਨੂੰ ਮੰਨਿਆ ਹੀ ਨਹੀਂ" (ਗੁਰਮਤ ਮਾਰਤੰਡ-ਭਾਗ
ਦੂਜਾ)॥
ਸੋ, ਸੰਖੇਪ ਵਿੱਚ ਇਹੀ ਆਖਿਆ ਜਾ ਸਕਦਾ ਹੈ ਕਿ ਗੁਰੁ ਗ੍ਰੰਥ ਸਾਹਿਬ ਵਿੱਚ
ਨਾਮ ਤੋਂ ਭਾਵ ਪ੍ਰਭੂ ਤੋਂ ਅਰਥਾਤ ਉਸ ਦੇ ਗੁਣਾਂ ਤੋਂ ਹੀ ਹੈ। ਨਾਮ ਸਿਮਰਨ ਦਾ ਅਰਥ ਗੁਰੁਬਾਣੀ ਨੂੰ
ਵਿਚਾਰ ਨਾਲ ਪੜਣਾਂ, ਸੁਣਨਾ ਵਿਚਾਰਨਾ ਅਤੇ ਇਸ ਵਿੱਚ ਵਰਣਨ ਕੀਤੇ ਵਾਹਿਗੁਰੂ ਜੀ ਦੇ ਗੁਣਾਂ ਨੂੰ
ਧਾਰਨ ਕਰ ਵਾਹਿਗੁਰੂ ਦੀ ਰਜ਼ਾ ਵਿੱਚ ਰਾਜ਼ੀ ਰਹਿਣਾ ਹੀ ਪ੍ਰਭੂ ਨੂੰ ਸਿਮਰਨਾ ਹੈ। ਇਸ ਨੂੰ ਅਸੀਂ ਇਸ
ਤਰ੍ਹਾਂ ਵੀ ਆਖ ਸਕਦੇ ਹਾਂ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਨੂੰ ਅਮਲੀ ਰੂਪ ਵਿੱਚ ਜੀਵਨ ਵਿੱਚ
ਅਪਣਾਉਣਾ ਹੀ ਵਾਹਿਗੁਰੂ ਦਾ ਨਾਮ ਸਿਮਰਨ ਹੈ।
ਸੋਰਠਿ ਮਹਲਾ ੯ ॥ ਜੋ ਨਰੁ ਦੁਖ ਮੈ ਦੁਖੁ ਨਹੀ ਮਾਨੈ ॥ ਸੁਖ ਸਨੇਹੁ ਅਰੁ ਭੈ
ਨਹੀ ਜਾ ਕੈ ਕੰਚਨ ਮਾਟੀ ਮਾਨੈ॥੧॥ ਰਹਾਉ ॥ ਨਹ ਨਿੰਦਿਆ ਨਹ ਉਸਤਤਿ ਜਾ ਕੈ ਲੋਭੁ ਮੋਹੁ ਅਭਿਮਾਨਾ ॥
ਹਰਖ ਸੋਗ ਤੇ ਰਹੈ ਨਿਆਰਉ ਨਾਹਿ ਮਾਨ ਅਪਮਾਨਾ ॥੧॥ ਆਸਾ ਮਨਸਾ ਸਗਲ ਤਿਆਗੈ ਜਗ ਤੇ ਰਹੈ ਨਿਰਾਸਾ ॥
ਕਾਮੁ ਕ੍ਰੋਧੁ ਜਿਹ ਪਰਸੈ ਨਾਹਨਿ ਤਿਹ ਘਟਿ ਬ੍ਰਹਮੁ ਨਿਵਾਸਾ ॥੨॥ ਗੁਰ ਕਿਰਪਾ ਜਿਹ ਨਰ ਕਉ ਕੀਨੀ
ਤਿਹ ਇਹ ਜੁਗਤਿ ਪਛਾਨੀ ॥ ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਨੀ ਸੰਗਿ ਪਾਨੀ ॥੩॥(633)
ਜਸਬੀਰ ਸਿੰਘ ਵੈਨਕੂਵਰ