ਸੰਤਾਂ ਦੇ ਕੌਤਕ .....?
(ਭਾਗ ਤੀਜਾ, ਕਿਸ਼ਤ ਨੰ: 48)
ਭਾਈ ਸੁਖਵਿੰਦਰ ਸਿੰਘ ‘ਸਭਰਾ’
ਵਰਤ ਰੱਖਣੇ
ਦੀਆਂ ਮਨਮਤੀ ਝੂਠੀਆਂ ਕਹਾਣੀਆਂ!
ਹਿੰਦੂ ਸੁਹਾਗਣਾਂ ਵਾਂਙ ਕਈ ਸਿੱਖ
ਬੀਬੀਆਂ ਵੀ ਕਰਵਾ ਚੌਥ ਦਾ ਵਰਤ ਰੱਖਦੀਆਂ ਹਨ, ਕਈਆਂ ਬੀਬੀਆਂ ਨੂੰ ਸਹੁਰੇ ਪਰਿਵਾਰ ਵਲੋਂ ਇਹ ਵਰਤ
ਰੱਖਣ ਲਈ ਮਜ਼ਬੂਰ ਕੀਤਾ ਜਾਂਦਾ ਹੈ ਜਿਵੇਂ ਕਿ ਇੱਕ ਸਿੱਖ ਬੀਬੀ ਨੇ ਪੁੱਛਣ ਤੇ ਦਸਿਆ ਕਿ “ਮੈਨੂੰ
ਪਤਾ ਹੈ ਗੁਰਮਤਿ ਵਰਤ ਰੱਖਣ ਵਰਗੇ ਕਰਮ ਕਾਂਡਾਂ ਦਾ ਖੰਡਨ ਕਰਦੀ ਹੈ, ਪਰ ਜੇ ਮੈਂ ਨਾ (ਕਰਵਾ ਚੌਥ
ਦਾ) ਵਰਤ ਰੱਖਾਂ ਤਾਂ ਮੇਰੇ ਘਰ ਵਿੱਚ ਦਰਾਣੀਆਂ-ਜਠਾਣੀਆਂ ਸੱਸ ਤੇ ਨਣਦ ਕਲੇਸ਼ ਖੜ੍ਹਾ ਕਰ ਦਿੰਦੀਆਂ
ਹਨ। ਇਸ ਲਈ ਮੈਂ ਪਤੀ ਦੀ ਮਾਰ ਤੋਂ ਡਰਦੀ ਤੇ ਘਰ ਵਿੱਚ ਕਲੇਸ਼ ਪੈਦਾ ਹੋਣ ਤੋਂ ਡਰਦੀ ਹੀ ਇਹ
‘ਸਿਆਪਾ’ ਕਰਦੀ ਹਾਂ।”
ਕਰਵਾ ਚੌਥ ਨਾਲ ਜੁੜੀ ਕਹਾਣੀ ਜੋ ਉਸ ਦਿਨ ਬ੍ਰਾਹਮਣੀ, ਵੰਨ-ਸੁਵੰਨੇ ਕੱਪੜੇ ਪਾ ਕੇ ਵਰਤ ਰੱਖਣ
ਵਾਲੀਆਂ ਬੀਬੀਆਂ ਭੈਣਾਂ ਨੂੰ ਸੁਣਾਉਂਦੀ ਹੈ ਉਹ ਇਸ ਤਰ੍ਹਾ ਹੈ:-
ਵੀਰੋ ਸੱਤਾਂ ਭਰਾਵਾਂ ਦੀ ਲਾਡਲੀ ਭੈਣ ਇੱਕ ਰਾਜੇ ਦੀ ਪਤਨੀ ਹੁੰਦੀ ਸੀ, ਵਰਤ ਵਾਲੇ ਦਿਨ ਉਸ ਦੇ
ਭਰਾਵਾਂ ਨੇ ਤਾਂ ਰੋਟੀ ਖਾ ਲਈ ਪਰ ਉਸ ਨੇ ਨਾ ਖਾਧੀ। ਉਸ ਨੂੰ ਰੋਟੀ ਖੁਆਉਣ ਲਈ ਭਰਾਵਾਂ ਨੇ ਇੱਕ
ਚਾਲ ਚੱਲੀ। ਉਨ੍ਹਾਂ ਬੇਲੇ ਵਿੱਚ ਅੱਗ ਲਾ ਦਿੱਤੀ ਤੇ ਅੱਗੇ ਕੱਪੜਾ ਤਾਣ ਕੇ ਭੈਣ ਨੂੰ ਕਹਿਣ ਲੱਗੇ
ਕਿ ਵੇਖ ਚੰਦਰਮਾ ਚੜ੍ਹ ਪਿਆ ਹੈ। ਉਹ ਚੰਦਰਮਾਂ ਦੀ ਕਿਤਨੀ ਰੋਸ਼ਨੀ (ਚਾਦਰੇ ਵਾਲੇ ਪਾਸੇ) ਪ੍ਰਤੀਤ ਹੋ
ਰਹੀ ਹੈ। ਇਸ ਲਈ ਤੂੰ ਰੋਟੀ ਖਾ ਲੈ। ਵੀਰੋ ਨੇ ਰੋਟੀ ਖਾ ਲਈ। ਉਸ ਦਾ ਪਤੀ ਜੋ ਉਸ ਸਮੇਂ ਸ਼ਿਕਾਰ
ਖੇਡਣ ਗਿਆ ਹੋਇਆ ਸੀ, ਤੜਫਦਾ-ਤੜਫਦਾ ਮਹੱਲ ਵਿੱਚ ਵਾਪਸ ਆਇਆ। ਉਸ ਦੇ ਰੋਮ ਰੋਮ ਵਿੱਚ ਸੂਈਆਂ
ਖੁਭੀਆਂ ਹੋਈਆਂ ਸਨ, ਸਿਰ ਵਿੱਚ ਵੀ, ਵੀਰੋ ਉਸ ਦਾ ਸਿਰ ਆਪਣੇ ਪੱਟਾਂ ਉਤੇ ਰੱਖ ਕੇ ਸੂਈਆਂ ਕੱਢਣ
ਲੱਗੀ ਅਤੇ ਸਾਰਾ ਸਾਲ ਕੱਢਦੀ ਰਹੀ ਤੇ ਉਹ ਸਾਰਾ ਸਾਲ ਬੇਹੋਸ਼ ਪਿਆ ਰਿਹਾ। ਸਾਲ ਮਗਰੋਂ ਫਿਰ ਕਰਵਾ
ਚੌਥ ਦਾ ਵਰਤ ਆ ਗਿਆ। ਜਦ ਰਾਜੇ ਦੇ ਸਿਰ ਵਿੱਚ ਇੱਕ ਸੂਈ ਰਹਿ ਗਈ ਤਾਂ ਬਾਹਰੋਂ ਕਰਵੇ ਵੇਚਣ ਵਾਲੇ
ਦੀ ਆਵਾਜ ਸੁਣ ਕੇ ਵੀਰੋ ਆਪਣੀ ਗੋਲੀ ਨੂੰ ਸੂਈ ਕੱਢਣ ਲਈ ਕਹਿ ਕੇ ਆਪ ਕਰਵਾ ਲੈਣ ਬਾਹਰ ਚਲੀ ਗਈ।
(ਕਰਵਾ ਮਿੱਟੀ ਦੇ ਕੁੱਜੇ ਦੀ ਸ਼ਕਲ ਦਾ ਹੁੰਦਾ ਹੈ) ਜਦ ਗੋਲੀ ਨੇ ਰਾਜੇ ਦੇ ਸਿਰ ਦੀ ਆਖਰੀ ਸੂਈ ਕੱਢੀ
ਤਾਂ ਉਹ ਇੱਕ ਸਾਲ ਮਗਰੋਂ ਰਾਮ ਰਾਮ ਕਰਦਾ ਉੱਠ ਬੈਠਾ। ਉਸ ਦਿਨ ਤੋਂ ਰਾਜਾ ਗੋਲੀ ਨੂੰ ਰਾਣੀ ਤੇ
ਰਾਣੀ ਨੂੰ ਗੋਲੀ ਸਮਝਣ ਲੱਗ ਪਿਆ।” (ਏਨੀ ਅੱਧੀ ਕਹਾਣੀ ਸੁਣਕੇ ਬ੍ਰਾਹਮਣੀ ਦੇ ਦੁਆਲੇ ਗੋਲ ਚੱਕਰ
ਵਿੱਚ ਬੈਠੀਆਂ ਵਰਤ ਰੱਖਣ ਵਾਲੀਆਂ ਵਿੱਚ ਬ੍ਰਾਹਮਣੀ ਥਾਲੀ ਫੇਰਦੀ ਹੈ ਤੇ ਸਾਰੀਆਂ ਤੀਵੀਆਂ ਪਦਾਰਥਾਂ
ਅਤੇ ਪੈਸੇ ਆਦਿ ਥਾਲੀ ਵਿੱਚ ਪਾਉਂਦੀਆਂ ਹਨ। ਫਿਰ ਸਾਰੀਆਂ ਤੀਵੀਆਂ ਆਪੋ-ਆਪਣੇ ਸਿਰ ਚੁੰਨੀ ਨਾਲ
ਘੁੱਟ ਲੈਂਦੀਆਂ ਹਨ ਤੇ ਬ੍ਰਾਹਮਣੀ ਅੱਗੋਂ ਕਹਾਣੀ ਸ਼ੁਰੂ ਕਰਦੀ ਹੈ) ਲੈ ਵੀਰੋ ਕੁੜੀਏ ਕਰਵੜਾ। ਲੈ
ਸਰਬ ਸੁਹਾਗਣ ਕਰਵੜਾ।
ਭਾਈਆਂ ਦੀ ਭੈਣ ਕਰਵੜਾ। ਕੱਤੀਂ ਨਾ, ਅਟੇਰੀ ਨਾ। ਘੁੰਮ ਚਰਖੜਾ ਫੇਰੀਂ ਨਾ। ਵਾਹਣ ਪੈਰ ਪਾਈਂ ਨਾ।
ਸੁੱਤੇ ਨੂੰ ਜਗਾਈਂ ਨਾ। ਰੁਸੇ ਨੂੰ ਮਨਾਈਂ ਨਾ। ਕਰਵੜਾ ਵਟਾਇਆ। ਜਵੰਦਾ ਝੋਲੀ ਪਾਇਆ।
ਰਾਜਾ ਜਦ ਇੱਕ ਵਾਰ ਬਾਹਰ ਗਿਆ ਤੇ ਰਾਣੀ ਦੀ ਮੰਗ ਅਨੁਸਾਰ ਉਸ ਲਈ ਹਾਰ ਸ਼ਿੰਗਾਰ ਦਾ ਸਮਾਨ ਲਿਆਇਆ ਤੇ
ਗੋਲੀ ਦੀ ਮੰਗ ਅਨੁਸਾਰ ਪੱਟ-ਗੁੱਡੀਆਂ (ਗੁੱਡੀਆਂ ਪਟੋਲੇ)। ਰਾਜਾ ਰਾਣੀ ਆਪਣੇ ਕਮਰੇ ਵਿੱਚ ਹੁੰਦੇ,
ਗੋਲੀ ਭਾਵ ਵੀਰੋ ਗੁੱਡੀਆਂ ਨਾਲ ਗੱਲਾਂ ਕਰਦੀ “ਸੁਣੋ ਨੀ ਭੈਣੋ ਗੁੱਡੜੀਓ। ਰਾਣੀ ਸੀ ਜੋ ਗੋਲੀ ਹੋਈ,
ਗੋਲੀ ਸੀ ਜੋ ਰਾਣੀ ਹੋਈ” ਕਈ ਵਾਰ ਇਸ ਤਰ੍ਹਾਂ ਕਹਿੰਦੀ।
ਇਕ ਦਿਨ ਰਾਜੇ ਨੇ ਗੋਲੀ (ਜੋ ਅਸਲ ਵਿੱਚ ਰਾਣੀ ਸੀ) ਤੋਂ ਪੁੱਛ ਲਿਆ ਕਿ ਤੂੰ ਇਹ ਕੀ ਪੜਦੀ ਹੈ?
ਰਾਣੀ ਸੀ ਗੋਲੀ ਹੋਈ ਗੋਲੀ ਸੀ ਰਾਣੀ ਹੋਈ ਤਾਂ ਉਸ ਨੇ ਸਾਰੀ ਗੱਲ ਸੁਣਾਈ। ਰਾਜੇ ਨੇ ਮੁੜ ਉਸ ਨੂੰ
ਰਾਣੀ ਬਣਾ ਲਿਆ।
ਵਰਤ ਰੱਖਣ ਵਾਲੀਆਂ ਬੀਬੀਆਂ-ਭੈਣਾਂ ਇਸ ਮਨਘੜਤ ਕਹਾਣੀ ਨੂੰ ਬੜੇ ਮਜੇ ਨਾਲ ਸੁਣਦੀਆਂ ਹਨ ਅਤੇ
ਬ੍ਰਾਹਮਣੀ ਨੂੰ ਇਹ ਪੁੱਛਣਾ ਜ਼ਰੂਰੀ ਨਹੀਂ ਸਮਝਦੀਆਂ, ਵੀਰੋ ਕੁੜੀ ਦੇ ਪੇਕੇ ਕਿਥੇ ਸਨ ਤੇ ਕਿਥੋ ਦੇ
ਰਾਜੇ ਦੀ ਰਾਣੀ ਸੀ? ਪਿਤਾ ਤੇ ਪਤੀ ਨਾ ਨਾਮ ਜਾਨਣਾ ਵੀ ਜਰੂਰੀ ਹੈ, ਸੋਚਣ ਵਾਲੀ ਗੱਲ ਹੈ, ਕਿ ਬੇਲੇ
ਵਿੱਚ ਲੱਗੀ ਅੱਗ ਚੰਦਰਮਾ ਦੀ ਰੋਸ਼ਨੀ ਦਾ ਭੁਲੇਖਾ ਪਾ ਸਕਦੀ ਹੈ? ਉਹ ਕੌਣ ਸੀ ਜਿਸਨੇ ਵੀਰੋ ਕੁੜੀ ਦੇ
ਵਰਤ ਤੋੜਣ ਕਰਕੇ ਉਸਦੇ ਪਤੀ (ਰਾਜੇ) ਦੇ ਰੋਮ ਰੋਮ ਵਿੱਚ ਸੂਈਆਂ ਚਭੋਈਆਂ? ਇੱਕ ਸੂਈ ਸਰੀਰ ਵਿੱਚ
ਵੱਜ ਜਾਵੇ ਤਾਂ ਉਹ ਸਰੀਰ ਵਿੱਚ ਤੁਰਦੀ ਤੁਰਦੀ ਕਿਤੇ ਜਾ ਨਿਕਲਦੀ ਹੈ, ਕੀ ਰੋਮ ਰੋਮ ਵਿੱਚ ਵੱਜੀਆਂ
ਸੂਈਆਂ ਅੱਗੇ ਨਾ ਤੁਰੀਆਂ? ਕੀ ਉਸ ਸਮੇਂ ਕੋਈ ਵੈਦ-ਹਕੀਮ ਨਹੀਂ ਸੀ ਹੈਗਾ? ਕੀ ਵੀਰੋ ਕੁੜੀ ਖੁਦ ਵੈਦ
ਸੀ ਜੋ ਆਪਣੇ ਪਤੀ ਦੇ ਸਰੀਰ ਵਿੱਚ ਵੱਜੀਆਂ ਸੂਈਆਂ ਆਪ ਕੱਢਦੀ ਰਹੀ? ਕੀ ਰਾਜੇ ਦੇ ਮਾਂ-ਪਿਓ,
ਭੈਣ-ਭਰਾਵਾਂ ਤੇ ਅਹਿਲਕਾਰਾਂ ਜਾਂ ਵੀਰੋ ਦੇ ਮਾਂ ਪਿਉ ਤੇ ਭਰਾਵਾਂ (ਜੋ ਆਪਣੀ ਭੈਣ ਨੂੰ ਭੁੱਖੀ
ਨਹੀਂ ਸੀ ਜ਼ਰ ਸਕਦੇ) ਉਹਨਾਂ ਨੇ ਰਾਜੇ ਦੇ ਸਰੀਰ ਵਿਚੋਂ ਸੂਈਆਂ ਪੁੱਟਣ ਲਈ ਵੀਰੋ ਨਾਲ ਹੱਥ ਨਾ
ਵਟਾਇਆ? ਇੱਕ ਸਾਲ ਸਰੀਰ ਵਿੱਚ (ਲੋਹੇ ਦੀਆਂ) ਸੂਈਆਂ ਚੁੱਭਣ ਨਾਲ ਸਰੀਰ ਵਿੱਚ ਬਹੁਤ ਲੋਹੇ ਦੀ ਵਿਸ
ਹੋਈ ਹੋਵੇਗੀ। ਰਾਜਾ ਮੌਤ ਤੋਂ ਕਿਵੇਂ ਬਚ ਗਿਆ? ਸਾਰਾ ਸਾਲ ਪਤੀ ਦਾ ਸਿਰ ਪੱਟ ਤੇ ਰੱਖਕੇ ਸੂਈਆਂ
ਪੁੱਟਣ ਵਾਲੀ ਪਤਨੀ ਅਖ਼ੀਰਲੀ ਇੱਕ ਸੂਈ ਵਿੱਚ ਛੱਡਕੇ ਕਰਵਾ ਖਰੀਦਣ ਚਲੇ ਗਈ। ਕੀ ਉਸ ਨੂੰ ਜ਼ਿਆਦਾ ਪਤੀ
ਦੀ ਲੋੜ ਸੀ ਜਾਂ ਕਰਵੇ ਦੀ? ਰਹਿੰਦੀ ਸੂਈ ਰਾਜੇ ਦੀ ਗੋਲੀ ਨੇ ਪੁੱਟੀ ਤੇ ਰਾਜਾ ਹੋਸ਼ ਵਿੱਚ ਆ ਗਿਆ
ਤੇ ਉਸ ਦਾ ਗੋਲੀ ਨੂੰ ਰਾਣੀ ਸਮਝ ਬੈਠਣਾ ਰਾਜੇ ਦੀ ਮੂਰਖਤਾ ਜਾਹਿਰ ਨਹੀਂ ਕਰਦੀ? ਕੀ ਗੋਲੀ ਨੇ ਰਾਜੇ
ਨੂੰ ਕਿਉਂ ਨਾ ਦੱਸਿਆ ਕਿ ਮੈਂ ਤੇਰੀ ਰਾਣੀ ਨਹੀਂ? ਕੋਈ ਵੀ ਔਰਤ ਆਪਣੇ ਪਤੀ ਨਾਲ ਕਿਸੇ ਦੂਜੀ ਔਰਤ
ਦੇ ਨਜ਼ਾਇਜ਼ ਸੰਬੰਧਾਂ ਨੂੰ ਵੇਖਕੇ ਬਰਦਾਸ਼ਤ ਨਹੀਂ ਕਰਦੀ, ਫਿਰ ਵੀਰੋ ਦੇ ਚੁੱਪ ਰਹਿਣ ਵਿੱਚ ਕੀ ਰਾਜ਼
ਸੀ? ਰਾਜੇ ਦੇ ਮਾਪਿਆਂ ਤੇ ਵੀਰੋ ਦੇ ਪੇਕੇ-ਭਰਾਵਾਂ ਨੇ ਰਾਜੇ ਨੂੰ ਅਸਲੀਅਤ ਕਿਉਂ ਨਾ ਦੱਸੀ? ਕਰਵਾ
ਚੌਥ ਵਾਲੇ ਦਿਨ ਵਰਤ ਰੱਖਣ ਵਾਲੀ ਨੂੰ ਹੱਥ ਤੇ ਹੱਥ ਧਰਕੇ (ਵੇਹਲੀ) ਬੈਠਣ ਦੀ ਸਿੱਖਿਆ ਦਿੱਤੀ
ਜਾਂਦੀ ਹੈ, ਉਸਨੂੰ ਸੁੱਤੇ ਹੋਏ ਪਤੀ ਨੂੰ ਨਾ ਜਗਾਉਣ ਦੀ ਤੇ ਰੁੱਸੇ ਪਤੀ ਨੂੰ ਨਾ ਮਨਾਉਣ ਦੀ ਸਿਖਿਆ
ਦੇਣੀ ਕਿਥੋਂ ਤਕ ਉਚਿਤ ਹੈ? ਅਗਰ ਵਰਤ ਰੱਖਣ ਵਾਲੀ ਬੀਬੀ ਦੀ ਉਮਰ ਵੀ ਵਡੇਰੀ ਹੋਵੇ, ਬੱਚੇ ਵੀ
੧੦-੧੨ ਹੋਣ ਉਸ ਨੂੰ ਬ੍ਰਾਹਮਣੀ ਵਲੋਂ ‘ਜਵੰਦਾ ਝੋਲੀ ਪਾਇਆ’ ਅਸੀਸ ਦੇਣੀ ਠੀਕ ਹੈ?
ਇਕਾਦਸੀ ਦਾ ਵਰਤ ਅਰਥਾਤ ਗਿਆਰਵੀਂ ਥਿਤ ਦਾ ਵਰਤ, ਜਿਸ ਨੂੰ ਹਿੰਦੂ ਇਸਤਰੀ ਮਰਦ ਸ਼ਰਧਾ ਨਾਲ ਰੱਖਦੇ
ਹਨ ਅਤੇ ਸਾਰਾ ਦਿਨ ਅੰਨ ਨਹੀਂ ਖਾਂਦੇ। ਗੁਰੂ ਅਰਜਨ ਦੇਵ ਜੀ ਉਪਦੇਸ਼ ਦਿੰਦੇ ਹਨ:-
ਏਕਾਦਸੀ ਨਿਕਟਿ ਪੇਖਹੁ ਹਰਿ ਰਾਮ॥
ਇੰਦ੍ਰੀ ਬਸਿ ਕਰਿ ਸੁਣਹੁ ਹਰਿ ਨਾਮ॥
ਮਨਿ ਸੰਤੋਖੁ ਸਰਬ ਜੀਅ ਦਇਆ॥
ਇਨ ਬਿਧਿ ਬਰਤੁ ਸੰਪੂਰਨ ਭਇਆ॥
(ਮ: ੫, ਪੰਨਾ ੨੯੯)
ਭਾਵ ਪ੍ਰਮਾਤਮਾ ਨੂੰ ਸਦਾ ਆਪਣੇ ਨੇੜੇ ਵੱਸਦਾ ਵੇਖੋ, ਆਪਣਿਆ ਇੰਦ੍ਰਿਆਂ ਨੂੰ ਕਾਬੂ ਵਿੱਚ ਰੱਖ ਕੇ
ਪ੍ਰਮਾਤਮਾ ਦਾ ਨਾਮ ਸੁਣਿਆ ਕਰੋ। ਮਨ ਵਿੱਚ ਸੰਤੋਖ ਧਾਰ ਕੇ ਸਭ ਜੀਵਾਂ ਤੇ ਦਇਆ ਕਰਨ ਨਾਲ ਇਹ
ਏਕਾਦਸੀ ਦਾ ਵਰਤ ਕਾਮਯਾਬ ਹੋ ਜਾਂਦਾ ਹੈ। (ਬਲਕਿ ਭੁੱਖੇ ਰਹਿਣ ਨਾਲ ਨਹੀਂ)
ਭਾਈ ਗੁਰਦਾਸ ਜੀ ਫੁਰਮਾਉਂਦੇ ਹਨ:-
ਇਕ ਮਨਿ ਹੋਇ ਇਕਾਦਸੀ,
ਗੁਰਮੁਖਿ ਵਰਤ ਪਤਿਬ੍ਰਤਿ ਭਾਇਆ॥
ਭਾਵ ਇੱਕ ਮਨ ਨਾਲ ਪ੍ਰਭੂ-ਪਤੀ ਦੀ ਭਗਤੀ ਵਿੱਚ ਪਿਆਰ ਪਾਉਣਾ ਹੀ ਗੁਰਮੁਖਾਂ ਲਈ ਇਕਾਦਸੀ ਦਾ ਵਰਤ
ਹੈ।
ਨਉਮੀ ਨੇਮੁ ਸਚੁ ਜੇ ਕਰੈ॥
ਕਾਮ ਲ਼ੋਧੁ ਤ੍ਰਿਸਨਾ ਉਚਰੈ॥
ਦਸਮੀ ਦਸੇ ਦੁਆਰ ਜੇ ਠਾਕੈ
ਏਕਾਦਸੀ ਏਕੁ ਕਰਿ ਜਾਣੈ॥
ਦੁਆਦਸੀ ਪੰਚ ਵਸਗਤਿ ਕਰਿ ਰਾਖੈ
ਤਉ ਨਾਨਕ ਮਨੁ ਮਾਨੈ॥
ਐਸਾ ਵਰਤੁ ਰਹੀਜੈ ਪਾਡੇ
ਹੋਰ ਬਹੁਤ ਸਿਖ ਕਿਆ ਦੀਜੈ॥॥
(ਮ: ੩, ਪੰਨਾ ੧੨੪੫)
ਜੇ ਮਨੁੱਖ ਸੱਚ ਧਾਰਨ ਦੇ ਨੇਮ ਨੂੰ ਨੌਮੀ ਦਾ ਵਰਤ ਬਣਾਏ, ਕਾਮ-ਲ਼ੋਧ ਤੇ ਲਾਲਚ ਨੂੰ ਚੰਗੀ ਤਰ੍ਹਾਂ
ਦੂਰ ਕਰ ਲਏ, ਜੇ ਦਸ ਇੰਦ੍ਰਿਆ ਨੂੰ ਵਿਕਾਰਾਂ ਵਲੋਂ ਰੋਕ ਰੱਖੇ, ਇਸ ਉਦਮ ਨੂੰ ਦਸਮੀ ਦਾ ਵਰਤ ਬਣਾਏ,
ਇੱਕ ਪ੍ਰਮਾਤਮਾ ਨੂੰ ਹਰ ਥਾਂ ਵਿਆਪਕ ਸਮਝੇ, ਇਹ ਉਸਦਾ ਇਕਾਦਸੀ ਦਾ ਵਰਤ ਹੋਵੇ। ਪੰਜ ਕਾਮਾਦਿਕਾਂ
ਨੂੰ ਕਾਬੂ ਵਿੱਚ ਰੱਖੇ, ਜੇਕਰ ਇਹ ਉਸ ਦਾ ਦੁਆਦਸੀ ਦਾ ਵਰਤ ਬਣੇ ਤਾਂ ਮਨੁੱਖ ਦਾ ਮਨ ਪਤੀਜ ਜਾਂਦਾ
ਹੈ। ਹੇ ਪੰਡਿਤ! ਜੇ ਇਹੋ ਜਿਹਾ ਵਰਤ ਨਿਬਾਹ ਸਕੀਏ ਤਾਂ ਕਿਸੇ ਹੋਰ ਸਿਖਿਆ ਦੀ ਲੋੜ ਨਹੀਂ ਪੈਂਦੀ।
ਸਾਡੇ ਇਲਾਕੇ ਵਿੱਚ ਮੰਨੇ-ਪ੍ਰਮੰਨੇ ਜਾਣ ਵਾਲੇ ਪੰਡਿਤ ਕੋਲੋਂ ਵਾਰਤਾ ਦੀ ਜਾਣਕਾਰੀ ਲੈਣ ਲਈ ਸੰਪਰਕ
ਕੀਤਾ ਗਿਆ ਤੇ ਉਸਨੂੰ ਪੁੱਛਿਆਂ ਗਿਆਂ ਕਿ ਸਾਨੂੰ ਦੱਸੋ ਕਿ ਕਿਸ ਇਤਿਹਾਸ/ਮਿਥਿਹਾਸ ਵਿੱਚ ਲਿਖਿਆ
ਮਿਲਦਾ ਹੈ ਕਿ ਕੋਈ ਵੀ ਪਹਿਲਾ ਵਰਤ ਕਦੋਂ ਤੇ ਕਿਸ ਨੇ ਰੱਖਿਆ ਸੀ? ਉਸ ਨੇ ਦੱਸਿਆ ਕਿ “ਅੱਜ ਤਕ ਮੈਂ
ਕਾਫੀ ਕੁੱਝ ਪੜ੍ਹ ਚੁਕਿਆ ਹਾਂ, ਪਰ ਇਹ ਜਾਣਕਾਰੀ ਅਜੇ ਨਹੀਂ ਮਿਲੀ।”
ਅੱਜ ਤੱਕ ਜੋ ਮਾਈ-ਭਾਈ/ਬੀਬੀਆਂ ਭੈਣਾਂ ਅਨਪੜ੍ਹਤਾ ਜਾਂ ਅਗਿਆਨਤਾ ਦੇ ਚੁੰਗਲ ਵਿੱਚ ਫਸੇ, ਕਿਸੇ ਨਾ
ਕਿਸੇ ‘ਫਲ’ ਦੀ ਪ੍ਰਾਪਤੀ ਦੀ ਆਸ ਨਾਲ ਵਰਤ ਰੱਖਦੇ ਆ ਰਹੇ ਹਨ, ਉਨੀ ਦੇਰ ਤੱਕ ਉਨ੍ਹਾਂ ਦਾ
ਕਰਮਕਾਂਡਾਂ ਰੂਪੀ ਭਰਮ-ਜਾਲ ਤੋਂ ਛੁਟਕਾਰਾ ਨਹੀਂ ਹੋ ਸਕਦਾ ਜਿੰਨੀ ਦੇਰ ਤੱਕ ਉਹ ਗੁਰੂ ਗ੍ਰੰਥ
ਸਾਹਿਬ ਜੀ ਦੀ ਛਤਰ ਛਾਇਆ ਹੇਠ ਆ ਕੇ ਆਪਣੇ ਅੰਦਰ ਗੁਰਮਤਿ ਦਾ ਪ੍ਰਕਾਸ਼ ਨਹੀਂ ਕਰਦੇ।
ਲਖ ਜਪ ਤਪ ਸੰਜਮਾਂ ਹੋਮ ਜਗ ਲਖ ਵਰਤ ਕਰੰਦੇ॥ ….
ਗੁਰਸਿਖੀ ਸੁਖੁ ਤਿਲੁ ਨ ਲਹੁਦੇ॥
(ਭਾਈ ਗੁਰਦਾਸ ਜੀ)
ਭਾਵ ਲੱਖਾਂ ਜਪੀਏ, ਲੱਖਾਂ ਹੀ ਤਪੀਏ ਹਨ, ਲੱਖਾਂ ਹੀ ਸੰਜਮ, ਲੱਖਾਂ ਹੀ ਵਰਤ ਆਦਿ ਰੱਖਦੇ ਹਨ, ਪਰ
ਇਹ ਸਾਰੇ ਅਡੰਬਰ ਗੁਰਸਿੱਖੀ ਦੇ ‘ਫਲ’ ਦੇ ਇੱਕ ਤਿਲ ਮਾਤਰ ਵੀ ਅਨੰਦ ਪ੍ਰਾਪਤ ਨਹੀਂ ਕਰ ਸਕਦੇ। ਆਓ,
ਗੁਰੂ ਪਿਆਰ ਵਾਲਿਓ। ਗੁਰਮਤਿ ਮਾਰਗ ਤੇ ਚੱਲਦਿਆਂ ਹੋਇਆਂ ਬ੍ਰਾਹਮਣੀ ਕਰਮ ਕਾਂਡਾਂ ਦੇ ਜੂਲ੍ਹੇ ਨੂੰ
ਆਪਣੇ ਗਲੋਂ ਲਾਹ ਕੇ ਦੂਰ ਸੁੱਟਣ ਦਾ ਪ੍ਰਣ ਕਰੀਏ। ਗੁਰੂ ਭਲੀ ਕਰੇਗਾ।