ਪ੍ਰਚਲਤ
‘ਦਸਮਗ੍ਰੰਥ’ ਬਾਰੇ ਵਿਚਾਰ ਕਰਦੇ ਕੁੱਝ ਵਿਸ਼ੇ ਧਿਆਨ `ਚ ਰਖਣੇ ਅਤਿ ਜ਼ਰੂਰੀ ਹਨ (ੳ) ਇਹ ਰਚਨਾ ਕੇਵਲ
ਇੱਕ ਸੰਕਲਣ ਮਾਤ੍ਰ ਹੀ ਹੈ। ਇਸਦੇ ਕੁਲ 1428 ਪੰਨਿਆਂ `ਚ ਕੇਵਲ 20-25 ਪੰਨੇ ਉਹ
ਜੋੜੇ ਹੋਏ ਹਨ ਜੋ ਪੰਥਕ ਰਹਿਤ ਮਰਿਆਦਾ ਦਾ ਹਿੱਸਾ ਹਨ, ਸ਼ਾਇਸ ਸੰਗਤਾਂ ਨੂੰ ਧੋਖੇ `ਚ ਰਖਣ ਲਈ। ਇਸ
ਲਈ ਉਹ ਪੰਨੇ ਪੰਥਕ ਪੱਧਰ ਦਾ ਵਿਸ਼ਾ ਹਨ, ਬਾਕੀ 1400 ਪੰਨੇ ਨਹੀਂ (ਅ) ਹੱਥਲਾ ਗੁਰਮਤਿ ਪਾਠ
ਉਹਨਾਂ ਕੁੱਝ ਪੰਨਿਆਂ ਨੂੰ ਅੱਡ ਕਰਕੇ ਬਾਕੀ ਦੇ 1400 ਤੋਂ ਵੱਧ ਗੁਰਮਤਿ ਵਿਰੋਧੀ ਪੰਨਿਆਂ
ਸੰਬੰਧੀ ਹੀ ਹੈ। (ੲ) ਇਹ ‘ਦਸਮਗ੍ਰੰਥ’ ਦਸਮੇਸ਼ ਜੀ ਰਚਿਤ ਨਹੀਂ, ਬਲਕਿ ਦਸਮੇਸ਼ ਜੀ ਦੇ ਜੋਤੀ ਜੋਤ
ਸਮਾਉਣ ਤੋਂ ਲਗਭਗ 28-30 ਵਰ੍ਹੇ ਬਾਅਦ ‘ਬਚਿਤ੍ਰ ਨਾਟਕ’ ਨਾਮ ਦੀ ਇੱਕ ਰਚਨਾ ਪ੍ਰਗਟ ਕੀਤੀ
ਗਈ। ਉਪ੍ਰੰਤ ਉਸੇ ‘ਬਚਿਤ੍ਰ ਨਾਟਕ’ ਦੇ ਕਈ ਰੂਪ-ਨਾਮ ਬਦਲ-ਬਦਲ ਕੇ ਅੱਜ ਕੇਵਲ ਸੰਗਤਾਂ ਨੂੰ ਧੋਖਾ
ਦੇਣ ਲਈ ਉਸੇ ਨੂੰ ਦਸਮ ਗ੍ਰੰਥ ਭਾਵ ਦਸਮੇਸ਼ ਜੀ ਦਾ ਗ੍ਰੰਥ ਕਰਕੇ ਪ੍ਰਚਾਰਿਆ ਜਾ ਰਿਹਾ ਹੈ। (ਸ)
ਦਸਮੇਸ਼ ਜੀ ਨੇ ਪੰਥ ਨੂੰ ਕੇਵਲ ਤੇ ਕੇਵਲ “ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਦੇ ਲੜ ਲਾਇਆ
ਸੀ, ਕਿਸੇ ਵੀ ਹੋਰ ਰਚਨਾ ਦੇ ਨਹੀਂ। ਬਲਕਿ ਇਤਿਹਾਸ `ਚ ਤਾਂ ਸੰਨ 1870 ਤੋਂ ਪਹਿਲਾਂ ‘ਦਸਮ
ਗ੍ਰੰਥ’ ਦਾ ਨਾਮ-ਪਤਾ ਵੀ ਨਹੀਂ ਮਿਲਦਾ। (ਹ) ਗੁਰੂ ਸਾਹਿਬਾਨ ਦੀ ਵੀ ਹਰੇਕ ਗਲਬਾਤ, ਗੁਰਬਾਣੀ ਨਹੀਂ
ਸੀ ਹੁੰਦੀ ਤੇ ਨਾ ਹੀ ਗੁਰੂ ਸਾਹਿਬ ਹਰ ਸਮੇਂ ਬਾਣੀ ਉਚਾਰਦੇ ਤੇ ਰਚਦੇ ਹੀ ਸਨ। ਉਹਨਾਂ ਵਲੋਂ
ਪ੍ਰਵਾਰਕ, ਵਿਹਾਰਕ, ਸਮਾਜਕ, ਆਮ ਬੋਲਚਾਲ, ਗਲਬਾਤ, ਵਿਚਾਰ-ਵਿਟਾਂਦਰੇ, ਚਿੱਠੀ ਪਤ੍ਰ ਆਦਿ ਵੀ
ਹੁੰਦੇ ਸਨ। ਫ਼ਿਰ ਵੀ ਗੁਰਬਾਣੀ ਵਾਲਾ ਦਰਜਾ ਕੇਵਲ ਉਸੇ ਰਚਨਾ ਨੂੰ ਦੇਂਦੇ, ਜਿਸ ਨੂੰ ਗੁਰਦੇਵ “ਵਾਹੁ
ਵਾਹੁ ਬਾਣੀ ਨਿਰੰਕਾਰ ਹੈ” (ਪੰ: 515) ਜਾਂ “ਧੁਰ ਕੀ ਬਾਣੀ ਆਈ” (ਪੰ: 628) ਅਨੁਸਾਰ
ਯੋਗ ਮੰਨਦੇ। (ਕ) ਸਮੇਂ-ਸਮੇਂ `ਤੇ ਲੋੜ ਅਨੁਸਾਰ ਗੁਰਦੇਵ ਸੰਗਤਾਂ ਲਈ ਸੰਦੇਸ਼, ਆਦੇਸ਼, ਪਤ੍ਰਕਾਵਾਂ
ਭੇਜਦੇ, ਜਿਨ੍ਹਾਂ ਨੂੰ ਅਸੀਂ ਸਤਿਕਾਰ ਨਾਲ ਹੁਕਮਨਾਮੇ ਕਹਿੰਦੇ ਹਾਂ। ਇਥੋਂ ਤੀਕ ਕਿ ਭਾਈ ਨੰਦ ਲਾਲ
ਸਿੰਘ ਦੇ ਦਸਮੇਸ਼ ਜੀ ਨਾਲ ਪ੍ਰਸ਼ਨ-ਉਤਰ ਵੀ ਮਿਲਦੇ ਹਨ। ਇਸੇ ਤਰ੍ਹਾਂ ਭਾਈ ਗੁਰਦਾਸ ਦੀਆਂ ਰਚਨਾਵਾਂ,
ਗੁਰਮਤਿ ਪ੍ਰਮਾਣਾਂ ਵਜੋਂ ਤਾਂ ਹਨ ਪਰ ਗੁਰਬਾਣੀ ਨਹੀਂ, ਕਿਉਂਕਿ ਪਾਤਸ਼ਾਹ ਨੇ ਉਹਨਾਂ ਨੂੰ ਨਾ ਹੀ
“ਗੁਰੂ ਗ੍ਰੰਥ ਸਾਹਿਬ ਜੀ” ਅੰਦਰ ਦਾਖਿਲ ਕੀਤਾ ਤੇ ਨਾ ਹੀ ਉਹਨਾਂ ਨੂੰ ਨਾ ਗੁਰਬਾਣੀ ਵਾਲਾ
ਦਰਜਾ ਦਿੱਤਾ।
(ਖ) ਅਦਿ ਬੀੜ ਦੀ ਸੰਪੂਰਣਤਾ ਤੋਂ ਪਹਿਲਾਂ, ਨੌਵੇਂ ਪਾਤਸ਼ਾਹ ਦੀ ਬਾਣੀ
“ਗੁਰੂ ਗ੍ਰੰਥ ਸਾਹਿਬ ਜੀ” `ਚ ਦਰਜ ਹੋਈ, ਜੇਕਰ ਦਸਮੇਸ਼ ਜੀ ਦੀਆਂ ਆਪਣੀਆਂ ਵੀ ਅਜੇਹੀਆਂ
ਰਚਨਾਵਾਂ ਸਨ ਤਾਂ ਗੁਰਬਾਣੀ ਰਚਨਾ ਦੀ ਪਰੀਪਾਟੀ ਅਨੁਸਾਰ ‘ਨਾਨਕ’ ਪਦ ਵਰਤ ਕੇ ਗੁਰਬਾਣੀ ਖਜ਼ਾਨੇ `ਚ
ਦਾਖਲ ਕਰਣ ਦਾ ਉਹਨਾਂ ਕੋਲ ਪੂਰਾ ਹੱਕ ਸੀ ਪਰ ਉਹਨਾਂ ਅਜੇਹਾ ਨਹੀਂ ਕੀਤਾ। ਤਾਂ ਤੇ ਗੁਰਬਾਣੀ ਕੇਵਲ
ਉਹੀ ਹੈ ਜੋ “ੴ ਤੋਂ “ਤਨੁ ਮਨੁ ਥੀਵੈ ਹਰਿਆ” ਤੀਕ “ਸਾਹਿਬ ਗੁਰੂ ਗ੍ਰੰਥ
ਸਾਹਿਬ ਜੀ” ਅੰਦਰ ਦਰਜ ਹੈ। (ਗ) ਇਹ ਕਹਿਣਾ ਵੀ ਸੰਭਵ ਨਹੀਂ ਕਿ ਦਸਮੇਸ਼ ਜੀ ਦੀਆਂ ਇਹ ਰਚਨਾਵਾਂ
ਉਹ ਹਨ ਜੋ ਸੰਪੂਰਣਤਾ ਤੇ ਗੁਰਤਾ ਗੱਦੀ ਤੋਂ ਬਾਅਦ ਰਚੀਆਂ। ਕਿਉਂਕਿ “ਗੁਰੂ ਗ੍ਰੰਥ ਸਾਹਿਬ ਜੀ”
ਨੂੰ ਸੰਪੂਰਣਤਾ-ਗੁਰਤਾ ਗੱਦੀ ਬਖਸ਼ਣ ਤੋਂ ਕੇਵਲ ਇੱਕ ਦਿਨ ਬਾਅਦ ਆਪ ਜੋਤੀ ਜੋਤ ਸਮਾਏ। (ਘ) ਫ਼ਿਰ
ਵੀ ਜੇ ਕੁੱਝ ਰਚਨਾਵਾਂ, ਦਸਮੇਸ਼ ਜੀ ਦੀਆਂ ਸਾਬਤ ਹੁੰਦੀਆਂ ਹਨ ਤਾਂ ਇਥੇ ਵੀ ਸਿਧਾਂਤ “ਪੋਥੀ
ਪਰਮੇਸਰ ਕਾ ਥਾਨੁ” (ਪੰ: 1226) ਵਾਲਾ ਹੀ ਹੈ। ਇਸ ਲਈ ਜਿਨ੍ਹਾਂ ਲਿਖਤਾਂ ਨੂੰ ਦਸਮੇਸ਼ ਜੀ ਨੇ
ਆਪ ਗੁਰਬਾਣੀ ਵਾਲੀ ਬਰਾਬਰੀ ਨਹੀਂ ਦਿੱਤੀ, ਗੁਰਬਾਣੀ `ਚ ਦਰਜ ਨਹੀਂ ਕੀਤਾ ਤਾਂ ਅੱਜ ਇਹ ਹੱਕ ਸਾਡੇ
ਕੋਲ ਕਿਥੋਂ ਆ ਗਿਆ?
ਗੁਰਮਤਿ ਅਤੇ ਵੈਦਿਕ ਮੱਤ `ਚ ਮੂਲ ਫ਼ਰਕ-ਕੰਪਨੀ ਬਾਗ਼, ਲਾਹੋਰ `ਚ ਆਰੀਆ
ਸਮਾਜ ਦੇ ਬਾਨੀ ਸੁਆਮੀ ਦਿਆਨੰਦ ਨਾਲ, ਪੰਥਕ ਵਿਦਵਾਨ ਗਿਆਨੀ ਦਿੱਤ ਸਿੰਘ ਦਾ ਤਿੰਨ ਵਾਰੀ ਸੰਵਾਦ
ਹੋਇਆ ਜੋ ਲਿਖਤ ਰੂਪ `ਚ ਵੀ ਮਿਲਦਾ ਹੈ। ਖੂਬੀ ਇਹ ਕਿ ਤਿੰਨੇ ਵਾਰੀ ਸੁਆਮੀ ਜੀ ਕੋਲ ਉਤਰ ਨਾ ਬਣੇ
ਤੇ ਹਰ ਵਾਰ ਛਿੱਥੇ ਪੈ ਕੇ ਵਾਪਸ ਹੋਏ। ਫ਼ਰਕ ਸੀ, ਸੁਆਮੀ ਜੀ ਅਨੁਸਾਰ ਵੈਦਿਕ ਮੱਤ ਦਾ ਵਿਸ਼ਵਾਸ
ਹੈ-ਕਾਦਿਰ (ਪ੍ਰਮਾਤਮਾ), ਕੁਦਰਤ ਤੇ ਜੀਵ, ਤਿੰਨੇ ਅਨਾਦੀ ਹਨ, ਸਦੀਵੀ ਹਨ, ਬਿਨਸਨਹਾਰ ਨਹੀਂ। ਜਦਕਿ
ਗੁਰਮਤਿ ਦਾ ਫ਼ੈਸਲਾ ਹੈ, ਕੇਵਲ ਕਾਦਿਰ ਹੀ ਸਦੀਵੀ, ਅਵਿਨਾਸ਼ੀ, ਅਨੰਤ ਤੇ ਇਕੋ-ਇਕ ਹੈ। ਉਸਤੋਂ ਬਿਨਾ
ਕੁੱਝ ਵੀ ਅਨਾਦੀ ਨਹੀਂ। ਸਾਰੀ ਰਚਨਾ, ਜਿਸਨੂੰ ਅਸੀਂ ਦੇਖ-ਛੂ ਸਕਦੇ ਹੈ, ਨਾਸ਼ਵਾਨ ਹੈ ਅਤੇ ਇਕੋ-ਇਕ
ਪ੍ਰਭੂ ਦਾ ਪਸਾਰਾ ਹੈ। ਗਹਿਰਾਈ ਤੋਂ ਦੇਖਿਆਂ, ਇਥੋਂ ਹੀ ਗੁਰਮਤਿ ਤੇ ਦਸਮ-ਗ੍ਰੰਥ ਦਾ ਫ਼ਰਕ ਮਿਲੇਗਾ,
ਜੋ ਸਾਨੂੰ ਦਸਮਗ੍ਰੰਥ ਦੀ ਅਸਲੀਅਤ ਢੂੰਡਣ `ਚ ਮਦਦ ਕਰੇਗਾ। ਸ਼ੱਕ ਨਹੀਂ, ਦਸਮਗ੍ਰੰਥ ਦੇ ਲਿਖਾਰੀਆਂ
ਨੇ ਸਿੱਖਾਂ ਨੂੰ “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਤੋਂ ਤੋੜਣ ਦੀ ਕੁਟਲਨੀਤੀ ਵਰਤ
ਕੇ ਇਸ ਗ੍ਰੰਥ `ਚ ਬਹੁਤ ਜਗ੍ਹਾ ਤੇ ਸਿੱਖ ਇਤਿਹਾਸ ਦੀ ਪੁੱਠ ਦਿੱਤੀ ਤੇ ਉਸ ਨੂੰ ਦਸਮੇਸ਼ ਜੀ ਨਾਲ ਵੀ
ਜੋੜਿਆ ਹੈ। ਚੂੰਕਿ ਗ੍ਰ੍ਰੰਥ ਦੇ ਲਿਖਾਰੀ ਵੈਦਿਕ ਮੱਤ ਦੇ ਸਿਧਾਂਤ-ਕਾਦਿਰ, ਕੁਦਰਤ ਤੇ ਜੀਵ ਤਿੰਨਾਂ
ਨੂੰ ਅਨਾਦੀ ਮੰਨਦੇ ਹਨ। ਇਸ ਲਈ ਉਹਨਾਂ ਦੀ ਸੋਚਣੀ ਕਾਲ-ਮਹਾਕਾਲ ਤੇ ਕਾਲਕਾ ਤੋਂ ਅੱਗੇ ਟੱਪ ਹੀ
ਨਹੀਂ ਸਕੀ। ਉਹਨਾਂ ਨੂੰ ਇਕੋ ਇੱਕ ਪ੍ਰਭੂ ਦਾ ਪਤਾ ਹੀ ਨਹੀਂ ਸੀ। ਇਹ ਵੱਡਾ ਫ਼ਰਕ ਹੈ ਜਿਸ ਤੋਂ ਅਸੀਂ
ਸਹਿਜੇ ਹੀ ਇਸ ਗ੍ਰੰਥ ਦੀ ਸਚਾਈ ਤੀਕ ਪੁੱਜ ਸਕਦੇ ਹਾਂ।
“ਰੂਪੁ ਨ ਰੇਖ ਨ ਪੰਚ ਤਤ, ਠਾਕੁਰ ਅਬਿਨਾਸ” (ਪੰ: 816) ਪ੍ਰਭੂ
ਤਾਂ ਰਚਨਾ ਦੇ ਜ਼ਰੇ ਜ਼ਰੇ `ਚ ਵਿਆਪਕ ਤੇ ਸਦਾ ਥਿਰ ਹੈ, ਰੂਪ ਰੰਗ ਰੇਖ ਤੋਂ ਨਿਆਰਾ ਹੈ। ਬੇਅੰਤ
ਰਚਨਾ, ਉਸਦੀ ਆਪਣੀ ਰਚੀ ਹੋਈ ਤੇ ਉਸੇ ਦਾ ਹੀ ਸਰਗੁਣ ਸਰੂਪ ਹੈ। “ਲੇਖਾ ਹੋਇ ਤ ਲਿਖੀਐ ਲੇਖੈ
ਹੋਇ ਵਿਣਾਸੁ॥ ਨਾਨਕ ਵਡਾ ਆਖੀਐ ਆਪੇ ਜਾਣੈ ਆਪੁ” (ਬਾਣੀ ਜਪੁ) ਅਨੁਸਾਰ ਪ੍ਰਭੂ ਦੀ ਰਚਨਾ ਦਾ
ਅੰਤ ਨਹੀਂ ਪਾਇਆ ਜਾ ਸਕਦਾ। ਉਪ੍ਰੰਤ ਗੁਰਬਾਣੀ ਅਨੁਸਰ ਜੀਵ ਹਨ ਜਾਂ ਪ੍ਰਕ੍ਰਿਤੀ, ਸਭ ਉਸ ਨਿਰਗੁਣ
ਪ੍ਰਭੂ ਦਾ ਪਸਾਰਾ ਤੇ ਉਸੇ ਦਾ ਹੀ ਸਰਗੁਣ ਸਰੂਪ ਹਨ, ਉਸ ਤੋਂ ਭਿੰਨ ਨਹੀਂ।
ਸਰਗੁਨ ਤੇ ਨਿਰਗੁਨ ਵਾਲਾ ਵਿਵਾਦ- ਗੁਰੂ ਨਾਨਕ ਪਾਤਸ਼ਾਹ ਤੋਂ ਪਹਿਲਾਂ
ਲੋਕਾਈ ਵਿਚਾਲੇ ਨਿਰਗੁਨ ਤੇ ਸਰਗੁਨ ਵਾਲਾ ਵੱਡਾ ਪਾੜਾ ਸੀ, ਲੋਕਾਈ ਦੋ ਹਿੱਸਿਆਂ `ਚ ਵੰਡੀ ਪਈ ਸੀ।
ਇੱਕ ਸਨ, ਜੋ ਪ੍ਰਮਾਤਮਾ ਨੂੰ ਰੂਪ, ਰੰਗ, ਆਕਾਰ ਰਹਿਤ ਮੰਨ ਕੇ ਵੀ ਪ੍ਰਭੂ ਬਾਰੇ ਸਪਸ਼ਟ ਨਹੀਂ ਸਨ।
ਦੂਜੇ-ਜੋ ਕਹਿੰਦੇ ਪ੍ਰਭੂ ਨੂੰ ਯਾਦ ਕਰਣ ਜਾਂ ਉਸ `ਚ ਧਿਆਨ ਟਿਕਾਉਣ ਲਈ, ਅੱਖਾਂ ਸਾਹਮਣੇ ਕੁੱਝ
ਹੋਣਾ ਜ਼ਰੂਰੀ ਹੈ। ਪਹਿਲੇ ਅਦਵੈਤ ਮੱਤ ਵਾਲੇ ਅਤੇ ਨਿਰਗੁਨ ਵਾਦੀ ਕਹੇ ਜਾਂਦੇ ਤੇ ਦੂਜੇ ਸਰਗੁਣ
ਵਾਦੀ, ਸਾਕਤ ਮੱਤੀਏ (ਮੂਰਤੀ ਪੂਜਕ)। ਪਰ ਦੋਵੇਂ ਰੱਬੀ ਸਚਾਈ ਤੋਂ ਦੂਰ ਸਨ। ਇਸ ਤਰ੍ਹਾਂ ਸਰਗੁਨ
ਵਾਦੀ ਭਾਵ ਸਾਕਤਮਤੀਏ (ਸ਼ਕਤੀ ਦੇ ਪੁਜਾਰੀ), ਹਵਾ-ਪਾਣੀ-ਅੱਗ-ਸੂਰਜ-ਚੰਦ ਆਦਿ, ਪ੍ਰਭੂ ਦੀਆਂ ਦਾਤਾਂ
ਨੂੰ ਹੀ ਦੇਵੀ-ਦੇਵਤੇ ਤੇ ਪ੍ਰਭੂ ਨੂੰ ਬਾਰ-ਬਾਰ ਜਨਮ ਲੈਣ ਵਾਲਾ ਮੰਨ ਕੇ ਭਗਵਾਨਾਂ ਦੇ ਨਾਮ `ਤੇ
ਬੇਅੰਤ ਮੂਰਤੀਆਂ ਸਥਾਪਤ ਕਰਦੇ ਗਏ। ਇਸੇ ਸ਼ਕਤੀ ਪੂਜਾ (ਸਾਕਤ ਮੱਤ) ਦਾ ਅਗਲਾ ਵਿਗਾੜ ਸੀ ਨਦੀਆਂ,
ਸੱਪਾਂ, ਮੜ੍ਹੀਆਂ, ਕੱਬਰਾਂ, ਪੰਖੀਆਂ, ਪਸ਼ੂਆਂ ਆਦਿ ਦੀ ਪੂਜਾ ਅਤੇ ਬੇਅੰਤ ਵਿਸਤਾਰ। ਇਸ ਤਰ੍ਹਾਂ
ਭਾਰਤੀ ਲੋਕ ਸਦਾ ਤੋਂ ਨਿਰਗੁਨ ਤੇ ਸਰਗੁਨ, ਦੋ ਵੱਡੇ ਹਿੱਸਿਆਂ `ਚ ਵੰਡੇ ਰਹੇ ਤੇ ਦੋਨਾਂ ਵਿਚਾਲੇ
ਵੱਡਾ ਪਾੜਾ ਸੀ। ਦਰਅਸਲ ਕਰਤਾਰ ਨੂੰ ਨਿਰਾ ਰੂਪ ਰੰਗ, ਆਕਾਰ ਤੋਂ ਨਿਆਰਾ ਮੰਨ ਕੇ ਖੋਖਲੇ
ਅਧਿਆਤਮਵਾਦ ਵਾਲੇ ਪਾਸੇ ਟੁਰੇ ਰਹਿਣਾ ਜਾਂ ਸਾਕਤ ਮੱਤੀਏ (ਸ਼ਕਤੀ) ਦੇ ਪੂਜਾਰੀ ਹੋਣਾ, ਦੋਵੇਂ
ਵਿਸ਼ਵਾਸ, ਪ੍ਰਭੂ ਬਾਰੇ ਅਗਿਆਣਤਾ ਦਾ ਹੀ ਪ੍ਰਗਟਾਵਾ ਸਨ। ਸਰਗੁਨ ਦੇ ਅਰਥ ਹਨ ਜੋ ਪੱਕੜ `ਚ ਆ ਸਕੇ
ਤੇ ਦਿਖਾਈ ਵੀ ਦੇਵੇ। ਨਿਰਗੁਣ ਦੇ ਅਰਥ ਹਨ ਜੋ ਦਿਖਾਈ ਨਾ ਦੇਵੇ, ਜਿਸਦਾ ਕੋਈ ਰੂਪ ਰੰਗ ਆਕਾਰ ਨਾ
ਹੋਵੇ। ਅਸਲ `ਚ ਸਾਰੇ ਵਿਵਾਦ ਦਾ ਆਧਾਰ ਹੀ ਜੀਵ, ਪ੍ਰਕ੍ਰਤੀ ਤੇ ਪ੍ਰਮਾਤਮਾ ਤਿੰਨਾਂ ਨੂੰ ਅਨਾਦੀ
ਮੰਨਣਾ ਸੀ।
“ਨਿਰਗੁਨੁ ਆਪਿ ਸਰਗੁਨੁ ਭੀ ਓਹੀ” -ਇਹ ਮਾਨ ਗੁਰੂ ਨਾਨਕ ਪਾਤਸ਼ਾਹ ਨੂੰ ਹੀ
ਜਾਂਦਾ ਹੈ, ਉਹਨਾਂ ਨੇ ਚਿਰਾਂ ਤੋਂ ਪਏ ਇਸ ਬਖੇੜੇ ਦਾ ੴ ਵਾਲੀ ਸਪਸ਼ਟ ਵਿਚਾਰਸ਼ਾਰਾ ਦੇ ਕੇ ਸਦਾ ਲਈ
ਨਿਪਟਾਰਾ ਕੀਤਾ। ਫ਼ੁਰਮਾਨ ਹੈ “ਸਰਗੁਨ ਨਿਰਗੁਨ ਨਿਰੰਕਾਰ” (ਪੰ: 290) ਜਾਂ “ਨਿਰਗੁਨੁ
ਆਪਿ ਸਰਗੁਨੁ ਭੀ ਓਹੀ” (ਪੰ: 287)। ਸਪਸ਼ਟ ਕੀਤਾ ਕਿ ਕੁਦਰਤ ਹੋਵੇ ਜਾਂ ਜੀਵ, ਸਭ ਕਰਤੇ ਦੀ ਹੀ
ਖੇਡ ਹਨ। ਪ੍ਰਭੂ ਦਾ ਹੀ ਵਿਸਤਾਰ, ਫੈਲਾਅ ਤੇ ਉਸਦੀ ਹੋਂਦ ਦਾ ਸਬੂਤ ਹਨ, ਪ੍ਰਭੂ ਤੋਂ ਭਿੰਨ ਨਹੀਂ।
“ਜਤ ਕਤ ਪੇਖਉ, ਤਤ ਤਤ ਸੋਇ॥ ਤਿਸੁ ਬਿਨੁ ਦੂਜਾ ਨਾਹੀ ਕੋਇ” (ਪੰ: 1150)। ਭਾਵ ਸਮਸਤ
ਰਚਨਾ, ਪ੍ਰਭੂ ਦੀ ਘਾੜਤ ਹੈ ਅਤੇ ਬਿਨਸਨਹਾਰ ਹੈ। ਜਦਕਿ ਪ੍ਰਭੂ “ਆਦਿ ਸਚੁ ਜੁਗਾਦਿ ਸਚੁ॥ ਹੈ ਭੀ
ਸਚੁ ਨਾਨਕ ਹੋਸੀ ਭੀ ਸਚੁ” (ਜਪੁ) ਭਾਵ ਸਦੀਵੀ ਹੈ, ਬਿਨਸਹਾਰ ਨਹੀਂ। ਰਚਨਾ ਰਹੇ ਜਾਂ ਨਾ, ਉਸ
ਨਾਲ ਪ੍ਰਭੂ ਦੀ ਹੋਂਦ `ਤੇ ਫ਼ਰਕ ਨਹੀਂ ਆਉਂਦਾ। ਇਸ ਦੇ ਉਲਟ, ਕੁਦਰਤ ਅਥਵਾ ਜੀਵ ਕਿਸੇ ਦਾ ਵੀ ਪ੍ਰਭੂ
ਤੋਂ ਬਿਨਾ, ਆਪਣਾ ਕੋਈ ਵਜੂਦ ਨਹੀਂ। ਗੁਰਬਾਣੀ ਅਨੁਸਾਰ ‘ਨਿਰਗੁਨ ਤੇ ਸਰਗੁਨ’ ਵਾਲੇ ਹੋਰ ਵੇਰਵੇ ਲਈ
ਗੁਰਮਤਿ ਪਾਠ 131 ਪ੍ਰਾਪਤ ਹੈ ਜੀ।
“ਆਪੀਨੈੑ ਆਪੁ ਸਾਜਿਓ” - ਇਸ ਨੂੰ ਸਪਸ਼ਟ ਕਰਣ ਲਈ ਗੁਰਬਾਣੀ `ਚੋਂ ਹੋਰ
ਵੀ ਸੈਂਕੜੇ ਪ੍ਰਮਾਣ ਦਿੱਤੇ ਜਾ ਸਕਦੇ ਹਨ ਜਿਵੇਂ “ਆਪੀਨੈੑ ਆਪੁ ਸਾਜਿਓ ਆਪੀਨੈੑ ਰਚਿਓ ਨਾਉ॥
ਦੁਯੀ ਕੁਦਰਤਿ ਸਾਜੀਐ ਕਰਿ ਆਸਣੁ ਡਿਠੋ ਚਾਉ॥ ਦਾਤਾ ਕਰਤਾ ਆਪਿ ਤੂੰ ਤੁਸਿ ਦੇਵਹਿ ਕਰਹਿ ਪਸਾਉ॥ ਤੂੰ
ਜਾਣੋਈ ਸਭਸੈ ਦੇ ਲੈਸਹਿ ਜਿੰਦੁ ਕਵਾਉ॥ ਕਰਿ ਆਸਣੁ ਡਿਠੋ ਚਾਉ” (ਪੰ: 463) ਇਸੇ ਲੜੀ `ਚ
“ਤੂੰ ਘਟ ਘਟ ਅੰਤਰਿ ਸਰਬ ਨਿਰੰਤਰਿ ਜੀ, ਹਰਿ ਏਕੋ ਪੁਰਖੁ ਸਮਾਣਾ॥ ਇਕਿ ਦਾਤੇ ਇਕਿ ਭੇਖਾਰੀ ਜੀ ਸਭਿ
ਤੇਰੇ ਚੋਜ ਵਿਡਾਣਾ॥ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਧੁ ਬਿਨੁ ਅਵਰੁ ਨ ਜਾਣਾ” (ਪੰ:
11)। ਇਹ ਵੱਡਾ ਫ਼ਰਕ ਹੈ ਗੁਰਮਤਿ ਤੇ ਬ੍ਰਾਹਮਣ (ਵੈਦਿਕ ਮੱਤ) `ਚ, ਜਿਸ ਨੂੰ ਸਮਝਣ ਦੀ ਲੋੜ ਹੈ। ਦਰ
ਅਸਲ ਇਹ ਵੱਡਾ ਫ਼ਰਕ ਹੈ ਜਿਸ ਦੀ ਸਮਝ ਆਉਂਦੇ ਹੀ, ਇਸ ਸਚਾਈ ਤੀਕ ਪੁਜਦੇ ਦੇਰ ਨਹੀਂ ਲਗੇਗੀ ਕਿ
‘ਬਚਿਤ੍ਰ ਨਾਟਕ’ (ਦਸਮ ਗ੍ਰੰਥ) ਦੀ ਅਸਲੀਅਤ ਕੀ ਹੈ ਤੇ ਉਸ `ਚ ਕਿਹੜੀ ਵਿਚਾਰਧਾਰਾ ਕੰਮ ਕਰ ਰਹੀ
ਹੈ-ਗੁਰਮਤਿ ਜਾਂ ਵੈਦਿਕ? ਉਪ੍ਰੰਤ ਸੱਚਾਈ ਤੀਕ ਪੁੱਜਣ ਲਈ ਵੀ ਕੁੱਝ ਖਾਸ ਨੁਕਤੇ ਇਹ ਹਨ:
(੧) ਗੁਰਬਾਣੀ ਅਨੁਸਾਰ ਜੀਵ ਪ੍ਰਭੂ ਦਾ ਅੰਸ਼ ਹੈ, ਪ੍ਰਭੂ ਤੋਂ ਭਿੰਨ
ਨਹੀਂ ਤੇ ਅਨਾਦੀ ਵੀ ਨਹੀਂ। ਇਥੇ “ਗੁਰਮੁਖਿ ਲਾਧਾ, ਮਨਮੁਖਿ ਗਵਾਇਆ॥ ਤੁਧੁ ਆਪਿ ਵਿਛੋੜਿਆ ਆਪਿ
ਮਿਲਾਇਆ” (ਪੰ: ੧੧) ਵਾਲਾ ਸਿਧਾਂਤ ਕੰਮ ਕਰ ਰਿਹਾ ਹੈ। ‘ਗੁਰਮੁਖ’ ਹਨ ਜਿਹੜੇ ਜੀਉਂਦੇ
ਜੀਅ ਪ੍ਰਭੂ `ਚ ਅਭੇਦ (ਜੀਵਨ ਮੁਕਤ) ਹੋ ਜਾਂਦੇ ਹਨ ਤੇ ਸਰੀਰਕ ਮੌਤ ਬਾਅਦ ਵੀ ਜਨਮ ਮਰਨ ਦੇ ਗੇੜ `ਚ
ਨਹੀਂ ਪੈਂਦੇ। ਜਦਕਿ ਮਨਮੁਖ, ਜਨਮ ਜ਼ਾਇਆ ਕਰਕੇ ਜਾਂਦੇ ਤੇ ਉਹਨਾਂ ਨੂੰ ਪ੍ਰਭੂ ਦੇ ਅਟਲ
ਨਿਯਮਾ ਅਨੁਸਾਰ, ਮੁੜ ਜਨਮ ਮਰਣ ਦੇ ਗੇੜ `ਚ ਪਾ ਦਿਤਾ ਜਾਂਦਾ ਹੈ।
(੨) ਮਨਮੁਖ ਲਈ, ਸਰੀਰ ਤਿਆਗਣ ਬਾਅਦ ਵੀ, ਜਨਮ ਮਰਣ ਦਾ ਅਣਗਿਣਤ ਜੂਨਾ
ਵਾਲਾ ਚਕਰ ਉਦੋਂ ਤੀਕ ਚਲਦਾ ਹੈ ਜਦ ਤੀਕ ਫ਼ਿਰ ਤੋਂ “ਭਈ ਪਰਾਪਤਿ, ਮਾਨੁਖ ਦੇਹੁਰੀਆ॥
ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ” (ਪੰ: 12) ਵਾਲੀ ਪ੍ਰਭੂ ਦੀ ਬਖਸ਼ਿਸ਼ ਹੀ ਨਾ ਹੋ ਜਾਵੇ।
ਉਪ੍ਰੰਤ ਫ਼ਿਰ ਤੋਂ “ਅਨੇਕ ਜੂਨੀ ਭਰਮਿ ਆਵੈ, ਵਿਣੁ ਸਤਿਗੁਰ ਮੁਕਤਿ ਨ ਪਾਏ” (ਪੰ: 920)
ਮਨੁੱਖਾ ਜਨਮ ਪਾ ਕੇ ਵੀ ਜੇਕਰ ਸਾਧ ਸੰਗਤ ਰਾਹੀ ਸੱਚੇ ਗੁਰੂ ਦਾ ਮਿਲਾਪ ਨਹੀਂ ਬਣਿਆ ਤਾਂ ਜਨਮ ਫ਼ਿਰ
ਤੋਂ ਅਜ਼ਾਈਂ ਜਾਂਦਾ ਹੈ ਤੇ ਫ਼ਿਰ ਤੋਂ ਜਨਮ ਮਰਨ ਗੇੜ `ਚ ਪੈਂਦਾ ਹੈ।
ਫ਼ੁਰਮਾਨ ਹੈ “…ਬਾਬਾ ਸਚੜਾ ਮੇਲੁ ਨ ਚੁਕਈ ਪ੍ਰੀਤਮ ਕੀਆ ਦੇਹ ਅਸੀਸਾ ਹੇ॥
ਆਸੀਸਾ ਦੇਵਹੋ ਭਗਤਿ ਕਰੇਵਹੋ ਮਿਲਿਆ ਕਾ ਕਿਆ ਮੇਲੋ॥ ਇਕਿ ਭੂਲੇ ਨਾਵਹੁ ਥੇਹਹੁ ਥਾਵਹੁ ਗੁਰ ਸਬਦੀ
ਸਚੁ ਖੇਲੋ॥ ਜਮ ਮਾਰਗਿ ਨਹੀਂ ਜਾਣਾ ਸਬਦਿ ਸਮਾਣਾ ਜੁਗਿ ਜੁਗਿ ਸਾਚੈ ਵੇਸੇ॥ ਸਾਜਨ ਸੈਣ ਮਿਲਹੁ
ਸੰਜੋਗੀ ਗੁਰ ਮਿਲਿ ਖੋਲੇ ਫਾਸੇ” (ਪੰ: 593) ਭਾਵ ਜੋ ਮਨੁੱਖ ਸਾਧ ਸੰਗਤ `ਚ ਆ ਕੇ, ਜੀਉਂਦੇ
ਜੀਅ ਪ੍ਰਭੂ `ਚ ਅਭੇਦ ਹੋ ਜਾਂਦੇ ਹਨ, ਸਰੀਰਕ ਮੌਤ ਬਾਅਦ ਵੀ ਪ੍ਰਭੂ `ਚ ਸਮਾਂਦੇ ਹਨ, ਜਨਮ-ਮਰਣ `ਚ
ਨਹੀਂ ਪੈਂਦੇ। ਨਹੀਂ ਤਾਂ “ਬਾਬਾ ਨਾਂਗੜਾ ਆਇਆ ਜਗ ਮਹਿ ਦੁਖੁ ਸੁਖੁ ਲੇਖੁ ਲਿਖਾਇਆ॥ ਲਿਖਿਅੜਾ
ਸਾਹਾ ਨਾ ਟਲੈ ਜੇਹੜਾ ਪੁਰਬਿ ਕਮਾਇਆ॥ ਬਹਿ ਸਾਚੈ ਲਿਖਿਆ ਅੰਮ੍ਰਿਤੁ ਬਿਖਿਆ ਜਿਤੁ ਲਾਇਆ ਤਿਤੁ
ਲਾਗਾ॥ ਕਾਮਣਿਆਰੀ ਕਾਮਣ ਪਾਏ ਬਹੁ ਰੰਗੀ ਗਲਿ ਤਾਗਾ॥ ਹੋਛੀ ਮਤਿ ਭਇਆ ਮਨੁ ਹੋਛਾ ਗੁੜੁ ਸਾ ਮਖੀ
ਖਾਇਆ॥ ਨਾ ਮਰਜਾਦੁ ਆਇਆ ਕਲਿ ਭੀਤਰਿ ਨਾਂਗੋ ਬੰਧਿ ਚਲਾਇਆ. .” (ਪੰ: 593) ਜੋ ਪਹਿਲਾਂ ਵੀ
ਜੂਨਾਂ `ਚ ਇਸ ਲਈ ਪਇਆ ਸੀ ਕਿ ਨਾਂਗੜਾ ਭਾਵ ਉਸ ਦੇ ਹੱਥ ਪੱਲੇ ਪਿਛਲੇ ਮਨੁੱਖਾ ਜਨਮ ਦੀ ਕਮਾਈ ਨਹੀਂ
ਸੀ। ਉਪ੍ਰੰਤ ਕਰਤਾਰ ਨੇ ਫ਼ਿਰ ਹੋਰ ਜੂਨੀਆਂ `ਚੋਂ ਕਢ ਕੇ, ਮਨੁੱਖਾ ਜਨਮ ਬਖਸ਼ਿਆ ਤਾ ਕਿ ਜੀਵਨ ਦੀ
ਸੰਭਾਲ ਕਰੇ। ਪ੍ਰਭੂ ਨਾਲ ਅਭੇਦ ਹੋ ਜਾਵੇ ਤੇ ਮੁੜ ਜੂਨਾਂ `ਚ ਨਾ ਪਵੇ। ਜੀਵ ਨੇ ਫ਼ਿਰ ਵੀ ਜਨਮ ਦੀ
ਸੰਭਾਲ ਨਾ ਕੀਤੀ ਤੇ “ਨਾਂਗੜਾ ਆਇਆ ਜਗ ਮਹਿ” ਉਪ੍ਰੰਤ “ਨਾਂਗੋ ਬੰਧਿ ਚਲਾਇਆ”
ਸੁ-ਅਵਸਰ ਦਾ ਲਾਭ ਨਾ ਲਿਆ। ਨਤੀਜਾ ਫ਼ਿਰ ਤੋਂ ਨੰਗਾ (ਖਾਲੀ ਹੱਥ) ਗਿਆ, ਇੱਕ ਵਾਰੀ ਫ਼ਿਰ ਮਨੁੱਖਾ
ਜਨਮ ਗੁਆਉਣ ਕਰਕੇ ਜੂਨਾਂ `ਚ ਪਾ ਦਿੱਤਾ ਗਿਆ।
ਦੂਜੇ ਪਾਸੇ ਵੈਦਿਕ ਮੱਤ ਅਨੁਸਾਰ- ਚੂੰਕਿ ਵੈਦਿਕ ਮੱਤ ਅਨੁਸਾਰ
ਪ੍ਰਮਾਤਮਾ, ਕੁਦਰਤ ਤੇ ਜੀਵ, ਤਿੰਨੇ ਅਨਾਦੀ ਹਨ। ਇਸ ਵਿਸ਼ਵਾਸ ਨੇ ਹੀ ਕੁੱਝ ਹੋਰ ਵਿਸ਼ਵਾਸਾਂ ਨੂੰ ਵੀ
ਜਨਮ ਦਿੱਤਾ। ਚੂੰਕਿ ਜੀਵ ਅਨਾਦੀ ਹੈ ਇਸ ਲਈ ਮਰਨ ਤੋਂ ਬਾਅਦ ਇਸਦਾ ਅੰਤ ਤਾਂ ਹੋਣਾ ਨਹੀਂ ਤਾਂ ਫ਼ਿਰ
ਜਾਂਦਾ ਕਿੱਥੇ ਹੈ? ਸਪਸ਼ਟ ਹੈ, ਇਸ ਸਮਸਿਆ ਦੇ ਸਮਾਧਾਨ ਲਈ ਕਾਲ ਦੇਵਤਾ, ਸੁਰਗ-ਨਰਕ, ਬਦਰੂਹਾਂ,
ਭਲੀਆਂ ਰੂਹਾਂ, ਭੂਤਾਂ-ਪ੍ਰੇਤਾਂ ਆਦਿ ਦੀ ਉਤਪਤੀ ਹੋਈ। ਉਸ ਵਿਸ਼ਵਾਸ ਅਨੁਸਾਰ ਜਿਹੜੇ ਭਲੇ ਲੋਕ
ਹੁੰਦੇ ਹਨ, ਮਰਨੋ ਬਾਅਦੇ ਸੁਰਗ ਦੀਆਂ ਮੌਜਾਂ ਮਾਣਦੇ ਹਨ। ਜੋ ਮਾੜੇ ਤੇ ਪਾਪੀ ਹੁੰਦੇ ਹਨ, ਉਹਨਾਂ
ਨੂੰ, ਭਿੰਨ ਭਿੰਨ ਸਜ਼ਾਵਾਂ ਅਨੁਸਾਰ ਕਈ ਤਰ੍ਹਾਂ ਦੇ ਭਿਅੰਕਰ ਨਰਕ ਭੋਗਣੇ ਹੁੰਦੇ ਹਨ। ਇਸ ਤਰ੍ਹਾਂ
ਨਿਯਤ ਸਮੇਂ ਦਾ ਸੁਰਗ ਮਾਨਣ ਬਾਅਦ ਚੰਗੀਆਂ ਰੂਹਾਂ ਤੇ ਦੂਜੇ ਪਾਸੇ ਨਰਕ ਭੋਗਣ ਬਾਅਦ ਮਾੜੀਆਂ ਰੂਹਾਂ
(ਬਦਰੂਹਾਂ) ਭੂਤ-ਪ੍ਰੇਤ ਆਦਿ ਦੀ ਜੂਨੀ `ਚ ਭਟਕਦੀਆਂ ਹਨ ਜਦ ਤੀਕ ਉਹਨਾਂ ਨੂੰ ਫ਼ਿਰ ਤੋਂ ਕੋਈ ਜਨਮ
ਹੀ ਨਾ ਮਿਲੇ। ਉਪ੍ਰੰਤ ਇਸੇ ਜਨਮ ਤੇ ਮੌਤ ਵਾਲੇ ਅਮੁੱਕ ਚਕਰ ਨੂੰ ਚਲਾਉਣ ਵਾਲੇ ਦੇਵਤੇ ਨੂੰ ਹੀ ਕਾਲ
ਦੇਵਤਾ (ਸਮੇਂ ਦਾ ਦੇਵਤਾ) ਕਿਹਾ ਹੈ।
ਚਾਰ ਜੁਗਾਂ-ਸਤਿਜੁਗ, ਤ੍ਰੇਤਾ, ਦੁਆਪਰ, ਕਲਜੁਗ `ਚ ਵੰਡ ਕੇ ਇਸ ਕਾਲ-ਚਕਰ
ਦੀ ਕੁਲ ਉਮਰ 43, 20, 000 (ਤ੍ਰਿਤਾਲੀ ਲਖ, ਵੀਹ ਹਜ਼ਾਰ) ਸਾਲ ਦਸੀ ਹੈ ਜਿਸਤੋਂ ਬਾਅਦ ਫ਼ਿਰ
ਸਤਿਜੁਗ ਦਾ ਆਰੰਭ ਹੋ ਜਾਂਦਾ ਹੈ। ਉਪ੍ਰੰਤ ਇਸੇ ਕਾਲ ਤੇ ਸੁਰਗ-ਨਰਕ ਵਾਲੇ ਵਿਸ਼ਵਾਸ ਦਾ ਹੀ ਫੈਲਾਅ
ਹਨ-ਬ੍ਰਹਮਾ, ਵਿਸ਼ਨੂੰ, ਮਹੇਸ਼ (ਤ੍ਰਿਮੂਰਤੀ), ਇੰਦਰ ਲੋਕ, ਦੇਵ ਲੋਕ, ਤੇਤੀ ਕਰੋੜ ਦੇਵੀਆਂ-ਦੇਵਤੇ
ਤੇ ਰਾਕਸ਼ (ਸੁਰ-ਅਸੁਰ) ਪਿਤ੍ਰ ਲੋਕ, ਜਮ ਲੋਕ, ਜਮ ਰਾਜ, ਧਰਮ ਰਾਜ, ਭਲੀਆਂ ਰੂਹਾਂ, ਬਦ ਰੂਹਾਂ,
ਭੂਤ-ਪ੍ਰੇਤ, ਵੇਤਰਨੀ ਨਦੀ, ਕਲਪ ਬਿਰਖ, ਕਾਮਧੇਨ ਗਊ, ਧਨਵੰਤ੍ਰੀ ਵੈਦ, ਅਪਸ੍ਰਾਵਾਂ, ਗੰਧਰਵ-ਕਿੰਨਰ
ਆਦਿ ਬਹੁਤ ਕੁਝ। ਉਪ੍ਰੰਤ ਇਹਨਾ ਦਾ ਹੋਰ ਫੈਲਾਅ ਹਨ-ਵਰਣ ਵੰਡ ਜਿਸ `ਚ ਖੁਦ ਬ੍ਰਾਹਮਣ ਸਭ ਤੋਂ ਉਤਮ;
ਖਤ੍ਰੀ ਵੈਸ਼ ਸ਼ੂਦ-ਉਸ ਤੋਂ ਨੀਵੇਂ। ਫ਼ਿਰ ਤਿੰਨਾਂ `ਚੋਂ ਵੀ ਅਖੌਤੀ ਸ਼ੂਦਰਾਂ ਦਾ ਜੀਵਨ, ਸਾਰਿਆ ਤੋਂ
ਨੀਵਾਂ ਤੇ ਉੱਕਾ ਹੀ ਨਰਕ।
ਇਸੇ ਦੇਵੀ ਦੇਵ ਪੂਜਾ ਤੋਂ-ਭਗਵਾਨ ਵਾਦ, ਥਿਤ-ਵਾਰ, ਸੰਗ੍ਰਾਂਦਾਂ,
ਪੂਰਨਮਾਸ਼ੀਆਂ, ਮਸਿਆਵਾਂ, ਸਰਾਧ-ਨਰਾਤੇ, ਚੰਗੇ-ਮਾੜੇ ਦਿਨ-ਮਹੂਰਤ, ਸਵੇਰ ਸ਼ਾਮ, ਮੰਗਲ-ਸਨੀਚਰ,
ਸਗਨ-ਅਪਸਗਨ, ਸੁਚਾਂ-ਭਿੱਟਾਂ, ਟੂਣੇ-ਪ੍ਰਛਾਵੇਂ ਆਦਿ। ਇਸੇ ਅਨਾਦੀ ਵਾਲੇ ਵਿਸ਼ਵਾਸ ਦੀ ਹੀ ਦੇਣ ਹੈ
ਜਦੋਂ ਕੁੱਝ ਹਿੰਦੂ ਕਹਿੰਦੇ ਸੁਣੀਂਦੇ ਹਨ ਕਿ ਮਰਣ ਤੋਂ ਬਾਅਦ ਮਨੁੱਖ ਫ਼ਿਰ ਤੋਂ ਆਪਣੇ ਸੁਰਗਬਾਸੀ
ਪਿੱਤਰਾਂ ਨੂੰ ਜਾ ਮਿਲਦਾ ਹੈ। ਇਹਨਾ ਹੀ ਵਿਸ਼ਵਾਸਾਂ ਦੇ ਆਧਾਰ `ਤੇ ਅਨੇਕਾਂ ਫ਼ਿਲਮਾਂ, ਸੀਰੀਅਲ,
ਨਾਵਲ ਆਦਿ ਰਚੇ ਤੇ ਪ੍ਰਚਾਰੇ ਜਾਂਦੇ ਹਨ ਕਿ ਕਿਵੇਂ ਆਤਮਾਵਾਂ, ਆਪਣੇ ਬਦਲੇ ਲੈਂਦੀਆਂ ਹਨ। ਇਸ
ਤਰ੍ਹਾਂ ਇਸ ਸਾਰੀ ਵਿਚਾਰਧਾਰਾ ਦਾ ਇਕੋ ਹੀ ਸਿਰਾ ਹੈ-ਜੀਵ ਅਨਾਦੀ ਹੈ ਤੇ ਜਨਮ ਮਰਣ ਦੇ ਚਕਰ `ਚੋਂ
ਨਿਕਲਦਾ ਹੀ ਨਹੀਂ। ਆਪਣੇ ਕਰਮਾਂ ਅਨੁਸਾਰ ਸੁਰਗਾਂ ਦੇ ਆਨੰਦ ਮਾਣਦਾ ਜਾਂ ਨਰਕਾਂ ਦੇ ਦੁਖ ਭੋਗਦਾ
ਹੈ। ਨਹੀਂ ਤਾਂ ਚੰਗੀਆਂ-ਰੂਹਾਂ ਅਤੇ ਬਦਰੂਹਾਂ (ਭੂਤ-ਪ੍ਰੇਤ) ਬਣ ਕੇ ਭਟਕਦੇ ਰਹਿੰਦੇ ਹਨ, ਜਦ ਤੀਕ
ਉਹਨਾਂ ਨੂੰ ਅਗਲਾ ਜਨਮ ਹੀ ਨਾ ਮਿਲ ਜਾਵੇ।
“ਤੇਰੈ ਨਾਇ ਰਤੇ ਸੇ ਜਿਣਿ ਗਏ” - ਗੁਰਬਾਣੀ ਨੇ ਕਾਲ-ਚਕਰ,
ਸੁਰਗ-ਨਰਕ ਆਦਿ ਵਾਲੀ ਸੰਪੂਰਨ ਵਿਚਾਰਧਾਰਾ ਨੂੰ ਮੂਲੋਂ ਹੀ ਨਕਾਰਿਆ ਹੈ। ਗੁਰਮਤਿ ਮਾਰਗ ਬਿਲਕੁਲ
ਨਿਵੇਕਲਾ ਤੇ ਭਿੰਨ ਹੈ। ਗੁਰਬਾਣੀ ਦੀ ਪਹੁੰਚ ਤਾਂ ਉਸ ੴ ਅਕਾਲਪੁਰਖ ਤੀਕ ਹੈ ਜਿਥੋਂ ਤੀਕ ਕਿ ਵੈਦਿਕ
ਮੱਤ ਦੀ ਪਹੁੰਚ ਹੈ ਹੀ ਨਹੀਂ। ਗੁਰਬਾਣੀ ਦਾ ਫ਼ੈਸਲਾ ਹੈ ਜੀਵ ਅਨਾਦੀ ਨਹੀਂ ਤੇ ਨਾ ਹੀ ਕਾਲ-ਚਕਰ
ਵਾਲੀ ਗੱਲ ਹੀ ਅੰਤਮ ਹੈ। ਬਲਕਿ ਕਾਲ-ਚਕਰ ਅਥਵਾ ਜੂਨਾਂ ਵਾਲੇ ਚਕਰ `ਚੋਂ ਨਿਕਲ ਕੇ
ਅਕਾਲਪੁਰਖ-ਪ੍ਰਭੂ `ਚ ਅਭੇਦ ਹੋਣ ਲਈ ਹੀ ਮਨੁੱਖਾ ਜਨਮ ਮਿਲਦਾ ਹੈ। ਗੁਰਮਤਿ ਦੀ ਪਹੁੰਚ ਤਾਂ ੴ ਤੀਕ
ਹੈ ਜੋ ਅਜੇਹੇ ਕਾਲਚਕ੍ਰਾਂ ਤੋਂ ਸਰਵੋਪਰੀ ਹੈ। ਇਹ ਕਾਲਚਕਰ ਵਾਲੀ ਹੀ ਅਗਿਆਨਤਾ ਸੀ, ਜਿਸਨੇ
ਸੁਰਗਾਂ-ਨਰਕਾਂ, ਭੂਤਾ ਪ੍ਰੇਤਾਂ, ਕਾਲ ਦੇਵਤਾ ਆਦਿ ਨੂੰ ਜਨਮ ਦਿੱਤਾ। ਇਸ ਲਈ ੴ ਵਾਲੀ ਸੱਚਾਈ ਦਾ
ਪਤਾ, ਕੇਵਲ ਗੁਰਮਤਿ ਅਥਵਾ ਗੁਰਬਾਣੀ ਸੋਝੀ ਰਾਹੀਂ ਲਗ ਸਕਦਾ ਹੈ, ਉਂਝ ਨਹੀਂ। ਫ਼ੁਰਮਾਨ ਹੈ “ਪੜਿ
ਪੜਿ ਪੰਡਿਤ ਮੋਨੀ ਥਕੇ, ਬੇਦਾਂ ਕਾ ਅਭਿਆਸੁ॥ ਹਰਿ ਨਾਮੁ ਚਿਤਿ ਨ ਆਵਈ, ਨਹ ਨਿਜ ਘਰਿ ਹੋਵੈ ਵਾਸੁ॥
ਜਮਕਾਲੁ ਸਿਰਹੁ ਨ ਉਤਰੈ ਅੰਤਰਿ ਕਪਟ ਵਿਣਾਸੁ” (ਪੰ: 1278) ਅਥਵਾ “ਬੇਦੁ ਪੁਕਾਰੇ ਪੁੰਨੁ
ਪਾਪੁ, ਸੁਰਗ ਨਰਕ ਕਾ ਬੀਉ॥ ਜੋ ਬੀਜੈ ਸੋ ਉਗਵੈ, ਖਾਂਦਾ ਜਾਣੈ ਜੀਉ” (ਪੰ: 1244) ਹੋਰ
“ਬੇਦ ਬਾਣੀ ਜਗੁ ਵਰਤਦਾ ਤ੍ਰੈ ਗੁਣ ਕਰੇ ਬੀਚਾਰੁ॥ ਬਿਨੁ ਨਾਵੈ ਜਮ ਡੰਡੁ ਸਹੈ ਮਰਿ ਜਨਮੈ ਵਾਰੋ
ਵਾਰ॥ ਸਤਿਗੁਰ ਭੇਟੇ ਮੁਕਤਿ ਹੋਇ, ਪਾਏ ਮੋਖ ਦੁਆਰੁ” (ਪੰ: 1277) ਪੁਨਾ “ਵੇਦੁ ਪੜੈ
ਅਨਦਿਨੁ ਵਾਦ ਸਮਾਲੇ॥ ਨਾਮੁ ਨ ਚੇਤੈ ਬਧਾ ਜਮਕਾਲੇ॥ ਦੂਜੈ ਭਾਇ ਸਦਾ ਦੁਖੁ ਪਾਏ ਤ੍ਰੈ ਗੁਣ ਭਰਮਿ
ਭੁਲਾਇਦਾ” (ਪੰ: 1066) ਇਸ ਵਿਸ਼ੇ ਨੂੰ ਹੋਰ ਪਸ਼ਟ ਕਰਣ ਲਈ ਹੋਰ ਅਨੇਕਾਂ ਗੁਰਬਾਣੀ ਪ੍ਰਮਾਣ
ਮਿਲਦੇ ਹਨ।
ਗੁਰਬਾਣੀ ਅਨੁਸਾਰ “ਗੁਰਮਤੀ ਪਰਗਾਸੁ ਹੋਇ ਸਚਿ ਰਹੈ ਲਿਵ ਲਾਇ॥ ਤਿਥੈ
ਕਾਲੁ ਨ ਸੰਚਰੈ ਜੋਤੀ ਜੋਤਿ ਸਮਾਇ” (ਪੰ: 55) ਇਸੇ ਤਰ੍ਹਾਂ “ਤਿਥੈ ਕਾਲੁ ਨ ਅਪੜੈ ਜਿਥੈ
ਗੁਰ ਕਾ ਸਬਦੁ ਅਪਾਰੁ” (੫ੰ: ਪ੫) ਹੋਰ “ਸਬਦੁ ਪਛਾਣੈ ਰਵਿ ਰਹੈ, ਨਾ ਤਿਸੁ ਕਾਲੁ ਸੰਤਾਇ”
(ਪੰ: ੫੮) ਹੋਰ “ਸਾਧਸੰਗਿ ਜਪਿ ਨਿਸੰਗ, ਜਮਕਾਲੁ ਤਿਸੁ ਨ ਖਾਵਨੋ (ਪੰ: 1323) ਪੁਨਾ
“ਸੁਇਨਾ ਰੁਪਾ ਸੰਚੀਐ, ਮਾਲੁ ਜਾਲੁ ਜੰਜਾਲੁ॥ ਸਭ ਜਗ ਮਹਿ ਦੋਹੀ ਫੇਰੀਐ, ਬਿਨੁ ਨਾਵੈ ਸਿਰਿ
ਕਾਲੁ” (ਪੰ: 63) ਇਤਿਆਦ। ਗੁਰਬਾਣੀ ਅਨੁਸਾਰ “ਕਰਣ ਕਾਰਣ ਪ੍ਰਭੁ ਏਕੁ ਹੈ ਦੂਸਰ ਨਾਹੀ
ਕੋਇ॥ ਨਾਨਕ ਤਿਸੁ ਬਲਿਹਾਰਣੈ ਜਲਿ ਥਲਿ ਮਹੀਅਲਿ ਸੋਇ” (ਪੰ: 276) ਇਸੇ ਤਰ੍ਹਾਂ
ਦੇਵੀ-ਦੇਵਤਿਆਂ ਬਾਰੇ “ਦੇਵੀ ਦੇਵਾ ਪੂਜਹਿ ਡੋਲਹਿ ਪਾਰਬ੍ਰਹਮ ਨਹੀਂ ਜਾਨਾ॥ ਕਹਤ ਕਬੀਰ ਅਕੁਲੁ
ਨਹੀਂ ਚੇਤਿਆ ਬਿਖਿਆ ਸਿਉ ਲਪਟਾਨਾ” (ਪੰ: 332) “ਦੇਵੀ ਦੇਵਾ ਮੂਲੁ ਹੈ ਮਾਇਆ॥ ਸਿੰਮ੍ਰਿਤਿ
ਸਾਸਤ ਜਿੰਨਿ ਉਪਾਇਆ” (ਪੰ: 129) ਇਤਿਆਦਿ। ਉਪ੍ਰੰਤ ਇਥੇ ਤਾਂ “ਨਾਨਕ ਸਚੁ ਧਿਆਇਨਿ ਸਚੁ॥
ਜੋ ਮਰਿ ਜੰਮੇ ਸੁ ਕਚੁ ਨਿਕਚੁ” ਅਥਵਾ “ਤੇਰੈ ਨਾਇ ਰਤੇ ਸੇ ਜਿਣਿ ਗਏ ਹਾਰਿ ਗਏ ਸਿ ਠਗਣ
ਵਾਲਿਆ” (ਵਾਰ ਆਸਾ) ਭਾਵ ਜੋ ਜੀਵਨ ਦੀ ਸੰਭਾਲ ਕਰਦੇ ਹਨ ਜੀਊਂਦੇ ਜੀਅ ਪ੍ਰਭੂ `ਚ ਅਭੇਦ ਹੋ
ਜਾਂਦੇ ਹਨ ਤੇ ਸਰੀਰਕ ਮੌਤ ਵੀ ਬਾਅਦ ਕਿਸੇ ਕਾਲ-ਚਕਰ `ਚ ਨਹੀਂ ਪੈਂਦੇ। ਦੂਜੇ ਕੱਚੇ ਜੋ ਜੀਵਨ ਦੀ
ਬਾਜ਼ੀ ਹਾਰ ਕੇ ਜਾਂਦੇ ਹਨ, ਉਹੀ ਜੂਨਾਂ ਦੇ ਚਕਰ `ਚ ਪੈਂਦੇ ਹਨ ਫ਼ਿਰ ਵੀ ਉਹ ਬ੍ਰਾਹਮਣੀ
ਸੁਰਗਾਂ-ਨਰਕਾਂ ਵਾਲੀ ਗੱਲ ਨਹੀਂ। ਇਸ ਤਰ੍ਹਾਂ ਜੀਵ ਨੂੰ ਅਨਾਦੀ ਮੰਨ ਕੇ ਤੇ ਕਾਲ ਦੇਵਤੇ ਨੂੰ
ਵਿਚਕਾਰ ਖੜਾ ਕਰ ਕੇ ਬ੍ਰਾਹਮਣ ਦੇ ਸਿਰਜੇ ਸਾਰੇ ਸੁਰਗ-ਨਰਕ, ਰੂਹਾਂ ਬਦ-ਰੂਹਾਂ, ਭੂਤ-ਪ੍ਰੇਤ ਆਦਿ
ਤੇ ਉਸੇ ਤੋਂ ਦੇਵੀ ਦੇਵਤਿਆਂ, ਸਗਨਾ-ਅਪਸਗਨਾ-ਮਹੂਰਤਾਂ, ਥਿਤਾਂ-ਵਾਰਾਂ, ਸੁਚਾਂ-ਭਿੱਟਾਂ ਆਦਿ ਵਾਲੇ
ਲੰਮੇ ਚੌੜੇ ਵਿਸਤਾਰ, ਗੁਰਮਤਿ ਨੇ ਪੂਰੀ ਤਰ੍ਹਾਂ ਨਕਾਰੇ ਹਨ।
ਅੰਤਮ ਰੀਤੀ- (ਹਿੰਦੂ ਧਰਮ ਦੇ ਕਰਮਕਾਂਡਾਂ ਦਾ ਆਧਾਰ ਤੇ ਸਿੱਖ ਧਰਮ) -
ਵਿਸ਼ੇ ਨੂੰ ਖੋਲਣ ਲਈ ਇਥੇ ਇਸ `ਤੇ ਵੀ ਕੁੱਝ ਵਿਚਾਰ ਦੀ ਲੋੜ ਪਵੇਗੀ। ਦਰਅਸਲ ਇਹੀ ਕਾਰਨ ਹਨ ਕਿ
ਹਿੰਦੂਆਂ `ਚ ਗੁਜ਼ਰੇ ਪ੍ਰਾਣੀ ਦੀ ਸਦਗਤੀ ਤੇ ਭੂਤਾਂ ਪ੍ਰੇਤਾਂ ਵਾਲੇ ਬੇਅੰਤ ਵਹਿਮ-ਭਰਮ ਹਨ। ਇਸੇ
ਆਧਾਰ `ਤੇ ਉਥੇ ਅਨੇਕਾਂ ਕਰਮ-ਕਾਂਡ ਵੀ ਹਨ-ਜਿਵੇਂ ਦਭ ਵਿਛਾ ਕੇ ਪ੍ਰਾਣੀ ਨੂੰ ਬਿਸਤਰੇ ਆਦਿ ਤੋਂ
ਭੁੰਜੇ ਪਾਉਣਾ, ਪ੍ਰਾਣੀ ਜੇਕਰ ਇਸ਼ਨਾਨ ਤੋਂ ਬਾਅਦ ਵੀ ਚਲਾਣਾ ਕਰੇ ਤਾਂ ਵੀ ਇਸ਼ਨਾਨ ਜ਼ਰੂਰੀ, ਬਿਨਾ
ਸੀਤੇ ਨਵੇਂ ਕਪੜੇ, ਸਾਰੇ ਕੰਮ ਅਚਾਰਜੀ ਦੇ ਕਹੇ `ਤੇ, ਪ੍ਰਾਣੀ ਦੇ ਮੂੰਹ `ਚ, ਗੰਗਾ ਜਲ, ਤੁਲਸੀ
ਆਦਿ ਪਾਉਣਾ, ਦੀਵਾ ਵੱਟੀ, ਹੱਥੋਂ ਮਨਸਵਾਉਣਾ, ਪਿੰਡ-ਪੱਤਲ-ਫੂਹੜੀ, ਰੋਣ-ਪਿਟਣ-ਸਿਆਪੇ, ਢਾਹਾਂ,
ਬੇਬਾਣ (ਬਿਰਧ ਦੀ, ਪੁਤਰਾਂ-ਪੌਤਰਿਆਂ ਵਾਲਾ ਹੋਣ ਦੀ ਸੂਰਤ `ਚ ਅਰਥੀ ਸਜਾਉਣੀ, ਉਸ ਤੋਂ
ਫੁੱਲ-ਮਖ਼ਾਨੇ-ਪੈਸੇ ਆਦਿ ਵਾਰਨੇ), ਕਾਲੇ ਤਿੱਲ-ਮੌਲੀ, ਅੱਧ ਮਾਰਗੀ, ਘੜਾ ਭੰਨਣਾ, ਸ਼ਮਸ਼ਾਨ ਲਿਜਾਂਦੇ
ਸਰ੍ਹਾਂਦੀ-ਪੁਆਂਦੀ ਦਾ ਭਰਮ, ਅਰਥੀ ਨੂੰ ਚੌਰ, ਅਗਨੀ ਭੇਟ ਸਮੇਂ ਪਰਕ੍ਰਮਾ ਤੇ ਮੂੰਹ `ਚ ਘੀ ਪਾਉਣਾ,
ਕਪਾਲ ਕ੍ਰਿਆ, ਸਸਕਾਰ ਬਾਅਦ ਇਸ਼ਨਾਨ ਜ਼ਰੂਰੀ, ਚਿਤਾ ਨੂੰ ਕੱਚੀ ਲੱਸੀ ਦੇ ਛੱਟੇ ਉਪ੍ਰੰਤ ਚੌਥੇ ਲਈ
ਸਵੇਰ-ਸ਼ਾਮ ਤੇ ਬੁਧ-ਐਤ ਦੇ ਭਰਮ, ਬੁੱਢਾ ਮਰਣਾ, ਮਿਰਤਕ ਨਾਲ ਸੰਬੰਧਤ ਕਪੜੇ-ਬਿਸਤਰੇ ਆਦਿ ਵਸਤਾਂ
ਜ਼ਾਇਆ ਕਰਨੀਆਂ, ਫੁਲ (ਅਸਥੀਆਂ) ਹਰਦੁਆਰ ਪਹੁੰਚਾਣੀਆਂ, ਸੁਹਾਗਣ-ਵਿਧਵਾ ਲਈ ਸਸਕਾਰ ਦੇ ਵੱਖ ਵੱਖ
ਨਿਯਮ, ਬੱਚੇ ਨੂੰ ਦਫ਼ਨਾਉਣਾ, ਰਸਮ ਪੱਗੜੀ ਅਤੇ ਉਸ ਸਮੇਂ ਤੇਰ੍ਹਾਂ ਪਦ, ਗਰੁੜ ਪੁਰਾਨ ਦੀ ਕਥਾ,
ਵਰੀਨਾ, ਸਾਲ ਦੇ ਸਾਲ ਸਰਾਧ-ਸਾਰਿਆਂ ਦਾ ਆਧਾਰ ਇਹੀ ਸੁਰਗ, ਨਰਕ, ਜਮਲੋਕ, ਧਰਮਰਾਜ, ਸ਼ਿਵਪੁਰੀ,
ਪਿੱਤਰ ਲੋਕ, ਸੂਰਜ ਲੋਕ, ਵੈਤਰਨੀ ਨਦੀ ਅਤੇ ਸਾਰਿਆਂ ਤੋਂ ਉਪਰ ਕਾਲ-ਚਕਰ (ਕਾਲ ਦੇਵਤਾ) ਅਤੇ ਜੀਵ
ਦੇ ਅਨਾਦੀ ਹੋਣ ਵਾਲਾ ਵਿਸ਼ਵਾਸ ਹੀ ਹੈ।
ਗੁਰਮਤਿ ਦਾ ਨਿਵੇਕਲਾ ਮਾਰਗ-ਇਸ ਸਾਰੇ ਦੇ ਉਲਟ ਗੁਰਮਤਿ ਅਨੁਸਾਰ ਜੀਵ
ਅਨਾਦੀ ਨਹੀਂ ਤੇ ਇਥੇ ਨਾ ਹੀ ਕਾਲ ਦੇਵਤਾ ਜਾਂ ਕਾਲ-ਚਕਰ, ਇਸਦਾ ਅੰਤਮ ਪੜਾ ਹੈ। ਸਾਨੂੰ ਭੇਜਣ ਤੇ
ਬੁਲਾਉਣ ਵਾਲਾ ਅਕਾਲਪੁਰਖ ਆਪ ਹੀ ਹੈ। ਇਸ ਲਈ ਇਥੇ ਉਪ੍ਰੋਕਤ ਕਰਮਕਾਂਡਾਂ ਨੂੰ ਕੋਈ ਥਾਂ ਨਹੀਂ।
ਗੁਰਬਾਣੀ ਅਨੁਸਾਰ ਪ੍ਰਭੂ ਨੇ ਮਨੁੱਖਾ ਜਨਮ ਬਖਸ਼ਿਆ ਹੀ ਇਸ ਲਈ ਹੈ ਕਿ ਜੀਊਂਦੇ ਜੀਅ ਗੁਰਬਾਣੀ
ਜੀਵਨ-ਜਾਚ ਰਾਹੀਂ ਜੀਵਨ ਨੂੰ ਪ੍ਰਭੂ ਗੁਣਾਂ ਵਾਲਾ, ਉਚੇਰਾ, ਸਦਾਚਾਰਕ ਬਣਾਉਣਾ, ਕਰਤੇ ਪ੍ਰਭੂ `ਚ
ਅਭੇਦ ਹੋਣਾ। ਜੇਕਰ ਤਨੋ-ਮਨੋ ਸਾਡਾ ਅਕੀਦਾ ‘ਗੁਰੂ ਗ੍ਰੰਥ ਸਾਹਿਬ’ ਹਨ ਤਾਂ ਇਸਦਾ ਮਤਲਬ
ਇਕੋ ਹੀ ਹੈ, ਗੁਰਬਾਣੀ ਜੀਵਨ-ਜਾਚ ਵਾਲਾ ਜੀਵਨ।
ਕਾਲ, ਮਹਾਕਾਲ, ਕਾਲਕਾ ਮਾਈ- ਤਾਂ ਤੇ “ਦੇਵੀ ਦੇਵਾ ਮੂਲੁ ਹੈ
ਮਾਇਆ॥ ਸਿੰਮ੍ਰਿਤਿ ਸਾਸਤ ਜਿੰਨਿ ਉਪਾਇਆ” (ਪੰ: 129) ਬ੍ਰਾਹਮਣ ਰਾਹੀਂ ਪ੍ਰਚਲਤ
ਕਰੋੜਾਂ ਦੇਵੀ ਦੇਵਤਿਆਂ ਦੀ ਤਰ੍ਹਾਂ, ਕਾਲ ਦੇਵਤਾ (ਸਮੇਂ ਦਾ ਦੇਵਤਾ) ਵੀ ਇੱਕ ਮਿਥ ਹੈ। ਉਥੇ ਤਾਂ,
ਕਾਲ ਦੇਵਤੇ ਨੂੰ ਬਾਕੀ ਸਾਰੇ ਦੇਵੀ-ਦੇਵਤਿਆਂ ਦਾ ਵੀ ਕਾਲ ਕਿਹਾ ਹੈ। ਜਿਵੇਂ ਬ੍ਰਹਮਾਦਿਕ
ਰੁਦ੍ਰਾਦਿਕ ਕਾਲ ਕਾ ਕਾਲੁ ਨਿਰੰਜਨ ਜਚਨਾ (ਪੰ: 1402) ਹੋਰ “ਇੰਦ੍ਰ ਪੁਰੀ ਮਹਿ ਸਰਪਰ
ਮਰਣਾ॥ ਬ੍ਰਹਮ ਪੁਰੀ ਨਿਹਚਲੁ ਨਹੀਂ ਰਹਣਾ॥ ਸਿਵ ਪੁਰੀ ਕਾ ਹੋਇਗਾ ਕਾਲਾ॥ ਤ੍ਰੈ ਗੁਣ ਮਾਇਆ ਬਿਨਸਿ
ਬਿਤਾਲਾ” (ਪੰ: 237) “ਤਟ ਤੀਰਥ ਦੇਵ ਦੇਵਾਲਿਆ ਕੇਦਾਰ ਮਥੁਰਾ ਕਾਸੀ॥ ਕੋਟਿ ਤੇਤੀਸਾ ਦੇਵਤੇ ਸਣੁ
ਇੰਦ੍ਰੈ ਜਾਸੀ॥ ਸਿਮ੍ਰਿਤਿ ਸਾਸਤ੍ਰ ਬੇਦ ਚਾਰਿ ਖਟੁ ਦਰਸ ਸਮਾਸੀ॥ ਪੋਥੀ ਪੰਡਿਤ ਗੀਤ ਕਵਿਤ, ਕਵਤੇ
ਭੀ ਜਾਸੀ॥ ਜਤੀ ਸਤੀ ਸੰਨਿਆਸੀਆ ਸਭਿ ਕਾਲੈ ਵਾਸੀ॥ ਮੁਨਿ ਜੋਗੀ ਦਿਗੰਬਰਾ ਜਮੈ ਸਣੁ ਜਾਸੀ॥ ਜੋ ਦੀਸੈ
ਸੋ ਵਿਣਸਣਾ ਸਭ ਬਿਨਸਿ ਬਿਨਾਸੀ॥ ਥਿਰੁ ਪਾਰਬ੍ਰਹਮੁ ਪਰਮੇਸਰੋ ਸੇਵਕੁ ਥਿਰ ਹੋਸੀ” (ਪੰ: 1100)
“ਕਾਲੁ ਜਾਲੁ ਜਮੁ ਜੋਹਿ ਨ ਸਾਕੈ, ਸਾਚੇ ਸਿਉ ਲਿਵ ਲਾਈ ਹੇ” (ਪੰ: 1020) ਪ੍ਰਭ ਕੈ ਸਿਮਰਨਿ ਕਾਲੁ
ਪਰਹਰੈ (ਪੰ: 262) “ਰਾਮ ਨਾਮ ਸਿਮਰਿ ਤੂ ਜੀਵਹਿ, ਫਿਰਿ ਨ ਖਾਈ ਮਹਾ ਕਾਲੁ” (ਪੰ: 885) ਇਸੇ
ਤਰ੍ਹਾਂ ਜਿਥੋਂ ਤੀਕ ਕੁਦਰਤ ਨੂੰ ਵੀ ਅਨਾਦੀ ਮੰਨਣ ਦੀ ਗੱਲ ਹੈ ਇਥੇ ਵੀ “ਖੰਡ ਪਤਾਲ ਦੀਪ ਸਭਿ
ਲੋਆ॥ ਸਭਿ ਕਾਲੈ ਵਸਿ ਆਪਿ ਪ੍ਰਭਿ ਕੀਆ॥ ਨਿਹਚਲੁ ਏਕੁ ਆਪਿ ਅਬਿਨਾਸੀ ਸੋ ਨਿਹਚਲੁ ਜੋ ਤਿਸਹਿ
ਧਿਆਇਦਾ” (ਪੰ: 1076) ਕਿਉਂਕਿ “ਜਬ ਲਗੁ ਸਬਦ ਭੇਦੁ ਨਹੀਂ ਆਇਆ ਤਬ ਲਗੁ ਕਾਲੁ ਸੰਤਾਏ
“(ਪੰ: 1126)
ਇਥੇ ਹੀ ਬੱਸ ਨਹੀਂ, ਭਾਰਤ `ਚ ਮਹਾਕਾਲ ਦੇ ਮੰਦਿਰ ਵੀ ਹਨ ਤੇ ਸਭ ਤੋਂ ਵੱਡਾ
ਮੰਦਿਰ ਉਜੈਨ `ਚ ਹੈ। ਬਚਿਤ੍ਰ ਨਾਟਕ (ਦਸਮ ਗ੍ਰੰਥ) ਦੇ ਪਹਿਲੇ ਅਧਿਆਇ ਅੰਕ 18, 31, 32, 35 `ਚ
ਮਹਾਂਕਾਲ ਦਾ ਰੂਪ ਇਸ ਤਰ੍ਹਾਂ ਦਿੱਤਾ ਹੈ: “ਮਹਾਂਕਾਲ ਦੇ ਖੱਬੇ ਹੱਥ `ਚ ਧਨੁੱਖ ਤੇ ਵੱਡੀ ਭਾਰੀ
ਖੜਗ ਲਟਕਦੀ ਹੈ। ਲੰਮੀਆਂ ਲੰਮੀਆਂ ਦਾੜ੍ਹਾਂ ਨਾਲ ਹਜ਼ਾਰਾਂ ਜੀਵ ਚਬਾ ਜਾਂਦਾ ਹੈ। ਪੈਰਾਂ `ਚ
ਘੁੰਗਰੂੰਆਂ ਦੀ ਝਣਕਾਰ, ਚਾਰ ਬਾਹਵਾਂ, ਸਿਰ `ਤੇ ਜੂੜਾ, ਹੱਥਾਂ `ਚ ਗਦਾ ਤੇ ਪਾਸ (ਫਾਹੀ) ਹੈ।
ਵੱਡੀਆਂ ਵੱਡੀਆਂ ਲਾਲ ਅੱਖਾਂ ਸੂਰਜ ਦੀਆਂ ਕਿਰਨਾਂ ਨੂੰ ਵੀ ਲੱਜਿਤ ਕਰਦੀਆਂ ਹਨ। ਸ਼ਰਾਬ ਪੀ ਕੇ ਮਸਤੀ
`ਚ ਇੰਝ ਭਬਕਦਾ ਹੈ ਜਿਵੇਂ ਜੰਗਲ `ਚ ਸ਼ੇਰ ਦਾ ਬੱਚਾ” ਇਸੇ ਮਹਾਕਾਲ ਦਾ ਰੂਪ ਚਰਿੱਤ੍ਰੋ
ਪਾਖਿਆਨ’ `ਚ ਵੀ ਹੈ ਜਿਵੇਂ “ਮੁੰਡ ਕੀ ਮਾਲ, ਦਿਸਾਨ ਕੇ ਅੰਬਰ, ਬਾਮ ਕਰਯੋ ਗਲ ਮੈ ਅਸ ਭਾਰੋ॥
ਲੋਚਨ ਲਾਲ ਕਰਾਲ, ਦਿਪੈ ਦੋਊ ਭਾਲ ਬਿਰਾਜਤ ਹੈ ਅਨਿਯਾਰੋ॥ ਛੁਟੈ ਹੈਂ ਬਾਲ ਮਹਾ ਬਿਕਰਾਲ, ਬਿਸਾਲ
ਲਸੈ ਰਦ ਪੰਤਿ ਉਜਯਾਰੋ॥ ਛਾਡਤ ਜਵਾਲ ਲਏ ਕਰ ਬਯਾਲ ਸੁ ਕਾਲ ਸਦਾ ਪ੍ਰਤਿਪਾਲ ਤਿਹਾਰੋ” ਭਾਵ
“ਗਲੇ `ਚ ਖੋਪੜੀਆਂ ਦੀ ਮਾਲਾ, ਸਰੀਰੋਂ ਨੰਗਾ, ਖੱਬੇ ਪਾਸੇ ਭਾਰੀ ਤਲਵਾਰ, ਲਾਲ ਡਰਾਉਣੀਆਂ ਅੱਖਾਂ,
ਮੱਥੇ `ਤੇ ਅੰਗਾਰੇ, ਡਰਾਉਣੇ ਬਿਖਰੇ ਵਾਲ, ਭਿਆਨਕ ਦੰਦ, ਮੂੰਹ `ਚੋਂ ਅੰਗਾਰੇ, ਮੂੰਹ `ਚੋਂ
ਨਿਕਲਦੀਆਂ ਅੱਗ ਦੀਆਂ ਲਪਟਾਂ, ਅਜੇਹਾ ਮਹਾਕਾਲ ਤੁਹਾਡੀ ਪਾਲਨਾ ਕਰਦਾ ਹੈ…। ਮਹਾਕਾਲ ਦੇ ਪੁਜਾਰੀ
(ਤਾਂਤ੍ਰਿਕ ਮੱਤ ਦੇ ਧਾਰਨੀ) ਭੰਗ, ਸ਼ਰਾਬ ਆਦਿ ਦੇ ਨਸ਼ੇ ਦੀ ਰੱਜਵੀਂ ਵਰਤੋਂ ਕਰਦੇ ਤੇ ਇਸ ਦੇ ਮੰਦਿਰ
`ਚ ਪ੍ਰਸ਼ਾਦ ਵੀ ਇਹੀ ਮਿਲਦਾ ਹੈ।
ਅਕਾਲਪੁਰਖ ਤੇ ਕਾਲ ਜਾਂ ਮਹਾਕਾਲ- (ਕੁਝ ਹੋਰ ਪ੍ਰਮਾਣ) ਸ਼ੱਕ ਨਹੀਂ
ਬਚਿਤ੍ਰ ਨਾਟਕ (ਦਸਮ ਗ੍ਰੰਥ) ਦੇ ਲਿਖਾਰੀ ਨੇ ਕਾਲ, ਮਹਾਕਾਲ ਲਈ ਵੀ ਕੁੱਝ ਸਥਾਨਾ `ਤੇ ਅਕਾਲ,
ਅਕਾਲਪੁਰਖ ਲਫ਼ਜ਼ ਵਰਤੇ ਹਨ। ਚੂੰਕਿ ਉਹਨਾਂ ਜਾਚੇ, ਕਾਲ ਦੇਵਤਾ (ਮਹਾਕਾਲ) ਵੀ ਸਦੀਵੀ ਹੈ। ਇਸ ਲਈ
ਉਹਨਾਂ ‘ਕਾਲ’ ਲਈ ਵੀ ਅਨੇਕਾਂ ਪ੍ਰਮਾਤਮਾ ਬੋਧਕ ਵਿਸ਼ੇਸ਼ਣ ਹੀ ਵਰਤੇ ਹਨ। ਉਹਨਾਂ ਅਨੁਸਾਰ ਜੀਵ ਵੀ
ਅਨਾਦੀ ਹੈ, ਮਰਦਾ-ਮੁਕਦਾ ਨਹੀਂ, ਸਦਾ ਕਾਲ-ਚਕਰ `ਚ ਹੀ ਰਹਿੰਦਾ ਹੈ। ਇਸ ਲਈ ਜ਼ਰੂਰੀ ਹੈ, ਸੰਗਤਾਂ
ਅਕਾਲਪੁਰਖ ਤੇ ਕਾਲ (ਮਹਾਕਾਲ) ਦੇ ਮੂਲ ਫ਼ਰਕ ਨੂੰ ਗੁਰਬਾਣੀ `ਚੋਂ ਸਮਝਣ ਤਾਂ ਸਾਰੀ ਗੱਲ ਸਮਝ `ਚ ਆ
ਜਾਵੇਗੀ। ਇੱਕ ਪਾਸੇ ਮਹਾਕਾਲ ਹੈ ਜੋ ਸਰੀਰਧਾਰੀ ਹੈ ਤੇ ਜਿਸਦਾ ਵੇਰਵਾ ਦਸਮ ਗ੍ਰੰਥ `ਚ ਸਾਫ਼ ਹੈ।
ਬਲਕਿ ਜਿਸ ਲਈ ਬਚਿਤ੍ਰ ਨਾਟਕ ਦਾ ਲਿਖਾਰੀ ਆਪ ਲਿਖਦਾ ਹੈ “ਸਰਬਕਾਲ ਹੈ ਪਿਤਾ ਹਮਾਰਾ॥ ਦੇਵ
ਕਾਲਕਾ ਮਾਤ ਹਮਾਰਾ” (ਚਰਿਤ੍ਰ73) ਅਤੇ ਜਿਸਦੇ ਸਿੱਖ ਬਨਣ ਲਈ “ਮਹਾਕਾਲ ਕੋ ਸਿਖਯ ਕਰਿ,
ਮਦਿਰਾ ਭਾਂਗ ਪਿਆਇ” (ਚਰਿਤ੍ਰ266)।
ਦੂਜੇ ਪਾਸੇ ਸਿੱਖ ਲਈ ਅਕਾਲਪੁਰਖ ਉਹ ਹੈ ਜਿਸ ਲਈ ਗੁਰਦੇਵ ਫ਼ੁਰਮਾਉਂਦੇ ਹਨ “ਰੂਪੁ
ਨ ਰੇਖ ਨ ਰੰਗੁ ਕਿਛੁ, ਤ੍ਰਿਹੁ ਗੁਣ ਤੇ ਪ੍ਰਭ ਭਿੰਨ॥ ਤਿਸਹਿ ਬੁਝਾਏ ਨਾਨਕਾ, ਜਿਸੁ ਹੋਵੈ
ਸੁਪ੍ਰਸੰਨ” (ਪੰ: 283)। ਅਤੇ “ਤੇਰਾ ਰੂਪੁ ਨ ਜਾਈ ਲਖਿਆ ਕਿਉ ਤੁਝਹਿ ਧਿਆਵਹੀ” (ਪੰ:
1095) “ਤੁਧੁ ਰੂਪੁ ਨ ਰੇਖਿਆ ਜਾਤਿ, ਤੂ ਵਰਨਾ ਬਾਹਰਾ॥ ਏ ਮਾਣਸ ਜਾਣਹਿ ਦੂਰਿ, ਤੂ ਵਰਤਹਿ ਜਾਹਰਾ”
(ਪੰ: 1096) ਗੁਰਬਾਣੀ `ਚ ਇੱਕ ਨਹੀਂ, ਅਨੇਕਾਂ ਪ੍ਰਮਾਣ ਹਨ ਕਿ ਕਾਲ ਭਾਵ ਸਮੇਂ ਨੇ ਤਾਂ
ਬ੍ਰਹਮਾ-ਵਿਸ਼ਨੂੰ, ਮਹੇਸ਼ ਸਾਰਿਆਂ ਨੂੰ ਖਾ ਜਾਣਾ ਹੁੰਦਾ ਹੈ ਪਰ ਜੋ ਜੀਵ ਸਤਿਗੁਰੂ ਦੀ ਸ਼ਰਣ `ਚ ਆ ਕੇ
ਜੀਵਨ ਦੀ ਸੰਭਾਲ ਕਰਦੇ ਹਨ, ਉਹਨਾਂ ਨੂੰ ਕਾਲ ਪੋਹ ਵੀ ਨਹੀਂ ਸਕਦਾ। ਜਿਵੇਂ “ਸਿਵ ਬਿਰੰਚਿ ਅਸੁਰ
ਸੁਰ ਜੇਤੇ’ ਕਾਲ ਅਗਨਿ ਮਹਿ ਜਰਤੇ॥ ਨਾਨਕ ਸਰਨਿ ਚਰਨ ਕਮਲਨ ਕੀ, ਤੁਮੑ ਨ ਡਾਰਹੁ ਪ੍ਰਭ ਕਰਤੇ” (ਪੰ:
1267) ਜਾਂ “ਮਾਨਹਿ ਬ੍ਰਹਮਾਦਿਕ ਰੁਦ੍ਰਾਦਿਕ ਕਾਲ ਕਾ ਕਾਲੁ ਨਿਰੰਜਨ ਜਚਨਾ” (ਪੰ: 1404)
ਇਸੇ ਤਰ੍ਹਾਂ “ਸਭੁ ਜਗੁ ਬਾਧੋ ਕਾਲ ਕੋ, ਬਿਨੁ ਗੁਰ ਕਾਲੁ ਅਫਾਰੁ” (ਪੰ: 55) ਪੁਨਾ “ਨਾਨਕ
ਸਤਿਗੁਰ ਮਿਲੈ ਮਿਲਾਇਆ ਦੂਖ ਪਰਾਛਤ ਕਾਲ ਨਸੇ” (ਪੰ: 1332) ਅਥਵਾ “ਸੁਣਿਐ, ਪੋਹਿ ਨ ਸਕੈ
ਕਾਲੁ” (ਜਪੁ) “ਮਿਲਿ ਸਾਧਸੰਗਤਿ ਪ੍ਰਭੂ ਸਿਮਰੇ, ਨਾਠਿਆ ਦੁਖ ਕਾਲ” (ਪੰ: 1322) ਇਹ
ਵੀ ਸਮਝਣਾ ਹੈ ਕਿ ਜਿਸ ਸਤਿਗੁਰੂ ਦੀ ਸ਼ਰਨ `ਚ ਆਉਣ ਲਈ ਗੁਰਦੇਵ, ਤਾਕੀਦ ਕਰ ਰਹੇ ਉਸ ‘ਸਤਿਗੁਰੂ’ ਦੀ
ਪਛਾਣ ਤੇ ਪ੍ਰੀਭਾਸ਼ਾ ਵੀ ਗੁਰਬਾਣੀ `ਚੋਂ ਹੀ ਮਿਲੇਗੀ, ਬਾਹਰੋਂ ਨਹੀਂ। ਗੁਰਬਾਣੀ ਰਾਹੀਂ ਪ੍ਰਗਟ
ਕੀਤੇ ਗਰੂ ਜਾਂ ਸਤਿਗੁਰ ਲਈ ਹਜ਼ਾਰਾਂ ਸਾਲਾਂ ਤੋਂ ਚਲਦੀ ਆ ਰਹੀ ਗੁਰੂ-ਸਤਿਗੁਰੂ ਵਾਲੀ ਪ੍ਰੀਭਾਸ਼ਾ
ਲਾਗੂ ਨਹੀਂ ਹੋਵੇਗੀ।