ਪ੍ਰੋ: ਗੁਰਬਚਨ ਸਿੰਘ ਥਾਈਲੈਂਡ ਵਾਲੇ
ਗੁਰਮਤਿ ਵਿੱਚ ਆਤਮਾ ਦਾ ਸੰਕਲਪ
ਭਾਗ ਪੰਜਵਾਂ
ਆਤਮਾ ਸਬੰਧੀ ਭੁਲੇਖੇ
ਹਰ ਧਰਮ ਦੇ ਪੁਜਾਰੀ ਨੇ ਆਮ ਲੁਕਾਈ ਨੂੰ ਬਹੁਤ ਹੀ ਭਰਮ-ਭੁਲੇਖੇ ਵਿੱਚ ਪਾਇਆ
ਹੋਇਆ ਹੈ ਕਿ ਮਨੁੱਖ ਨੂੰ ਅਗਲਾ ਜਨਮ ਮਿਲਣਾ ਹੈ। ਤੇ ਇਸ ਧਾਰਨਾ ਨੂੰ ਵੱਖ ਵੱਖ ਧਰਮਾਂ ਨੇ ਆਪਣੇ
ਆਪਣੇ ਢੰਗ ਨਾਲ ਬਿਆਨ ਕੀਤਾ ਹੈ। ਇਹ ਜ਼ਰੂਰੀ ਨਹੀਂ ਕਿ ਇਹ ਸਾਰੀ ਧਾਰਨਾ ਸਾਰਿਆਂ ਤੇ ਲਾਗੂ ਹੁੰਦੀ
ਹੋਵੇ। ਗੁਰੂ ਨਾਨਕ ਸਾਹਿਬ ਜੀ ਦੇ ਸਾਹਮਣੇ ਵੱਖ ਵੱਖ ਧਰਮਾਂ ਦੀ ਇਹ ਸਾਰੀ ਥਿਊਰੀ ਪਈ ਹੋਈ ਸੀ।
ਭਾਰਤੀ ਪੁਜਾਰੀ ਦੇ ਸਭਿਆਚਾਰ ਅਨੁਸਾਰ ਮਨੁੱਖ ਕਰਮ ਚੱਕਰ ਦਾ ਬੱਧਾ ਪਿਆ ਸੰਸਾਰ ਵਿੱਚ ਆਉਂਦਾ ਹੈ।
ਉਸ ਦੀ ਇਹ ਦਲੀਲ ਹੈ ਕਿ ਪਿੱਛਲੇ ਜਨਮ ਵਿੱਚ ਇਸ ਨੇ ਗਊ ਨੂੰ ਪੇੜਾ ਨਹੀਂ ਦਿੱਤਾ, ਜਾਂ ਇਸ ਨੇ
ਬ੍ਰਹਾਮਣ ਨੂੰ ਸਹੀ ਢੰਗ ਨਾਲ ਦਾਨ ਪੁੰਨ ਨਹੀਂ ਦਿੱਤਾ ਇਸ ਲਈ ਇਹ ਖ਼ੁਦਾ ਦਾ ਬੇਟਾ ਸੰਸਾਰ ਵਿੱਚ
ਦੁੱਖ ਭੋਗਣ ਲਈ ਆਇਆ ਹੈ। ਉਸ ਦੀ ਇਹ ਵੀ ਧਾਰਨਾ ਰਹੀ ਹੈ ਕਿ ਜੇ ਇਸ ਨੇ ਹੁਣ ਕੋਈ ਸਾਧਾਂ ਸੰਤਾਂ ਦੀ
ਸੇਵਾ ਆਦਿ ਨਾ ਕੀਤੀ ਤਾਂ ਅਗਾਂਹ ਇਸ ਨੂੰ ਖੋਤੇ, ਕੁੱਤੇ ਆਦਿ ਦੀ ਜੂਨ ਭੋਗਣ ਲਈ ਸਦਾ ਤਿਆਰ ਰਹਿਣਾ
ਚਾਹੀਦਾ ਹੈ। ਬਾਹਰਲੇ ਮੁਲਕਾਂ ਦੇ ਪਾਲਤੂ ਕੁੱਤੇ ਜਾਂ ਬਿੱਲੀਆਂ ਦੀ ਜ਼ਿੰਦਗੀ ਭਾਰਤ ਦੇ ਪੁੱਲ਼ਾਂ
ਥੱਲੇ ਰਹਿ ਰਹੇ ਲੋਕਾਂ ਨਾਲੋਂ ਸੌ ਦਰਜਾ ਵਧੀਆ ਹੈ। ਇਸ ਲਈ ਅਸੀਂ ਇਹ ਨਹੀਂ ਕਹਿ ਸਕਦੇ ਕਿ ਸਾਡੀ
ਜ਼ਿੰਦਗੀ ਉਹਨਾਂ ਨਾਲੋਂ ਵਧੀਆ ਹੈ, ਕਿਸੇ ਸੱਪ ਨੂੰ ਮਾਰਨ ਦਾ ਯਤਨ ਕਰੋ ਉਹ ਵੀ ਮੌਤ ਤੋਂ ਬਚਣਾ ਦਾ
ਰਾਹ ਸੋਚਦਾ ਹੈ ਕਿਉਂਕਿ ਉਹ ਵੀ ਰੱਬ ਦੀ ਬਣਾਈ ਹੋਈ ਕੁਦਰਤ ਵਿੱਚ ਸੁੱਖੀ ਹੈ।
ਸਰਦਾਰ ਕੁਲਬੀਰ ਸਿੰਘ ਜੀ ਕੌੜਾ ਅਪਣੀ ਸੰਸਾਰ ਪ੍ਰਸਿੱਧ ਪੁਸਤਕ ‘—ਤੇ ਸਿੱਖ
ਵੀ ਨਿਗ਼ਲ਼ਿਆ ਗਿਆ’ ਵਿੱਚ ਲਿਖਦੇ ਹਨ ਕਿ ਸਾਡਿਆਂ ਪਿੰਡਾਂ ਵਿੱਚ ਜਨ-ਸਧਾਰਣ ਲੋਕਾਂ ਨੂੰ ਭਰਮ-ਭੁਲੇਖੇ
ਵਿੱਚ ਪਾਉਣ ਲਈ ਜਿਨ੍ਹੇ ਵੀ ਵੱਡੇ ਸ਼ਮਸ਼ਾਨ ਘਾਟ ਹਨ ਉਹਨਾਂ ਸਾਰਿਆਂ ਦੀਆਂ ਦੀਵਾਰਾਂ `ਤੇ ਨਰਕ ਸੁਰਗ
ਦੀਆਂ ਮਨ-ਘੜਤ ਮੂਰਤੀਆਂ ਬਣਾਈਆਂ ਹੋਈਆਂ ਹਨ, ਜਿਸ ਤੋਂ ਇਹ ਅੰਦਾਜ਼ਾ ਲੱਗ ਸਕੇ ਕਿ ਪਾਪੀ ਬੰਦਿਆਂ
ਨੂੰ ਜਮ ਧੂਅ ਧੂਅ ਕੇ ਲਿਜਾ ਰਹੇ ਹਨ। ਕਿਸੇ ਪਾਸੇ ਤੇਲ ਦੇ ਕੜਾਹੇ ਤਾਏ ਜਾ ਰਹੇ ਹਨ ਤੇ ਉਹਨਾਂ
ਵਿੱਚ ਵਿਲਕਦੇ ਲੋਕਾਂ ਨੂੰ ਧੱਕੇ ਨਾਲ ਵਿੱਚ ਸੁੱਟਿਆ ਜਾ ਰਿਹਾ ਹੈ। ਕਿਸੇ ਪਾਸੇ ਕੋਹਲੂ ਦੁਆਰਾ
ਲੋਕਾਂ ਨੂੰ ਪੀੜਿਆ ਜਾ ਰਿਹਾ ਹੈ। ਕਿਸੇ ਨੂੰ ਅੱਗ ਤੋਂ ਲੰਘਣ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ। ਗੱਲ
ਕੀ ਤਰ੍ਹਾਂ ਤਰ੍ਹਾਂ ਦੇ ਲੋਕਾਂ ਨੂੰ ਤਸੀਹੇ ਇੰਜ ਦਿੱਤੇ ਰਹੇ ਹਨ ਜਿਵੇੱ ਸੱਚੀਂ ਮੁੱਚੀਂ ਨਰਕ ਇਸ
ਤਰ੍ਹਾਂ ਦਾ ਹੋਵੇ ਜਾਂ ਇਹ ਉਸ ਨਰਕ ਨੂੰ ਆਪ ਦੇਖ ਕੇ ਆਏ ਹੋਣ। ਇਹਨਾਂ ਸ਼ਮਸ਼ਾਨ ਘਾਟਾਂ ਦੀਆਂ
ਤਸਵੀਰਾਂ ਨੂੰ ਦੇਖ ਕੇ ਜਨ-ਸਧਾਰਣ ਮਨੁੱਖ ਤਰਾਹ ਤਰਾਹ ਕਰ ਉੱਠਦਾ ਹੈ ਤੇ ਉਹ ਵਿਚਾਰਾ ਆਪਣੀ ਕਿਰਤ
ਕਮਾਈ ਨੂੰ ਵਿਹਲੜ ਸਾਧਾਂ ਨੂੰ ਖੂਆਣੀ ਸ਼ੁਰੂ ਕਰ ਦੇਂਦਾ ਹੈ ਕਿ ਮੇਰਾ ਅੱਗਾ ਸੌਰ ਜਾਏ ਤੇ ਮੈਂ
ਅਜੇਹੇ ਭਿਆਨਕ ਨਰਕ ਤੋਂ ਬਚ ਜਾਂਵਾਂ।
ਗੁਰਬਾਣੀ ਨੇ ਜਦੋਂ ਲੋਕ ਮੁਹਾਵਰੇ ਵਿੱਚ ਗੱਲ ਕੀਤੀ ਹੈ ਤਾਂ ਉਸ ਦਾ ਭਾਵ
ਅਰਥ ਲੈ ਕੇ ਚੰਗੇ ਸਮਾਜ ਦੀ ਸਿਰਜਣਾ ਕੀਤੀ ਜਾ ਸਕਦੀ ਹੈ ਨਾ ਕਿ ਭਰਮ-ਭੁਲੇਖਿਆਂ ਵਾਲਾ ਸਮਾਜ
ਸਿਰਜਿਆ ਜਾਏ। ਮੁਹਵਾਰਿਆਂ ਨੂੰ ਪ੍ਰਤੀਕ ਬਣਾ ਕੇ ਉਹਨਾਂ ਤੇ ਅਸੀਂ ਘਰ ਸਿਰਜ ਲਏ ਹਨ ਤੇ ਕਈ ਪ੍ਰਕਾਰ
ਦੀਆਂ ਕਹਾਣੀਆਂ ਬਣਾ ਲਈਆਂ ਹਨ ਜੋ ਸਾਰੇ ਲੋਕ ਉਸ ਨੂੰ ਮਾਨਤਾ ਨਹੀਂ ਦੇਂਦੇ ਤੇ ਸੰਸਾਰ ਪੱਧਰ ਦੀ
ਸਚਾਈ ਵੀ ਨਹੀਂ ਹੁੰਦੀ।
ਇਹ ਤੇ ਸਾਰਿਆਂ ਨੂੰ ਪਤਾ ਹੈ ਕਿ ਮਿਰਤਕ ਸਰੀਰ ਨੂੰ ਵੱਖ ਵੱਖ ਤਰਕਿਆਂ ਨਾਲ
ਸੰਭਾਲ਼ਿਆ ਜਾਂਦਾ ਹੈ। ਕੋਈ ਅੱਗ ਦੇ ਭੇਟ ਚੜ੍ਹਾ ਕੇ ਖ਼ੁਸ਼ ਹੁੰਦਾ ਹੈ ਤੇ ਕੋਈ ਸਪੁਰਦੇ-ਏ-ਖ਼ਾਕ ਕਰਨ
ਵਿੱਚ ਗ਼ਨੀਮਤ ਸਮਝਦਾ ਹੈ। ਕੋਈ ਪਾਣੀ ਵਿੱਚ ਰੋੜ੍ਹ ਕੇ ਤਸੱਲੀ ਦਾ ਪ੍ਰਗਟਾਵਾ ਕਰਦਾ ਹੈ ਤੇ ਕਈ
ਸੁੱਕਿਆਂ ਖੂਹਾਂ ਵਿੱਚ ਸੁੱਟ ਕੇ ਸਮਝੀ ਬੈਠਾ ਹੈ ਕਿ ਸਾਡਾ ਆਦਮੀ ਹੁਣ ਸਿੱਧਾ ਸਵਰਗਾਂ ਵਿੱਚ ਚੱਲਾ
ਗਿਆ। ਆਸਾ ਦੀ ਵਾਰ ਵਿੱਚ ਗੁਰੂ ਨਾਨਕ ਸਾਹਿਬ ਜੀ ਨੇ ‘ਸਚਿਆਰ’ ਬਣਨ ਦੀ ਜੁਗਤੀ ਦੱਸਦਿਆਂ ਸਮਝਾਇਆ
ਹੈ ਕਿ ਹੇ ਬੰਦੇ! ਜੇ ਤੂੰ ਆਪਣੀ ਜ਼ਿੰਮੇਵਾਰੀ ਨੂੰ ਨਾ ਸਮਝਿਆ ਤਾਂ ਆਪਣਾ ਜਨਮ ਗਵਾਇਆ ਸਮਝ, ਪੂਰੀ
ਪਉੜੀ ਦਾ ਪਾਠ ਇਸ ਤਰ੍ਹਾਂ ਹੈ ਜਿਸ ਵਿੱਚ ਇਹ ਵੀ ਆਇਆ ਹੈ ਕਿ ਤੇਰੇ ਗਲ਼ ਵਿੱਚ ਜਮਾਂ ਨੇ ਸੰਗਲ਼ ਪਾ
ਕੇ ਤੈਨੂੰ ਖਿਚਣਾ ਹੈ –
ਆਪੀਨੈੑ ਭੋਗ ਭੋਗਿ ਕੈ ਹੋਇ ਭਸਮੜਿ ਭਉਰੁ ਸਿਧਾਇਆ॥
ਵਡਾ ਹੋਆ ਦੁਨੀਦਾਰੁ ਗਲਿ ਸੰਗਲੁ ਘਤਿ ਚਲਾਇਆ॥
ਅਗੈ ਕਰਣੀ ਕੀਰਤਿ ਵਾਚੀਐ ਬਹਿ ਲੇਖਾ ਕਰਿ ਸਮਝਾਇਆ॥
ਥਾਉ ਨ ਹੋਵੀ ਪਉਦੀਈ ਹੁਣਿ ਸੁਣੀਐ ਕਿਆ ਰੂਆਇਆ॥
ਮਨਿ ਅੰਧੈ ਜਨਮੁ ਗਵਾਇਆ॥
ਆਸਾ ਦੀ ਵਾਰ ਪੰਨਾ ੪੬੪—
ਅਖਰੀਂ ਅਰਥ ਤਾਂ ਏਹੀ ਬਣਨਗੇ ਕਿ ਅਕਲ ਦੇ ਅੰਨ੍ਹੇ ਤੂੰ ਆਪਣਾ ਜਨਮ ਗਵਾ ਲਿਆ
ਹੈ, ਆਪਣੇ ਸਰੀਰ ਨੂੰ ਭੋਗ ਭੋਗ ਕੇ। ਜਦੋਂ ਤੂੰ ਸੰਸਾਰ ਵਿਚੋਂ ਜਾਏਂਗਾ ਤਾਂ ਤੇਰੇ ਗਲ਼ ਵਿੱਚ ਸੰਗਲ਼
ਪਾ ਕੇ ਤੈਨੂੰ ਖਿਚਿਆ ਜਾਏਗਾ। ਓੱਥੇ ਤੇਰੇ ਕਰਮਾਂ ਦਾ ਹਿਸਾਬ-ਕਿਤਾਬ ਹੋਣਾ ਹੈ ਤੈਨੂੰ ਛਡਾਉਣ ਵਾਲਾ
ਕੋਈ ਨਹੀਂ ਹੋਏਗਾ। ਤੂੰ ਬਹੁਤ ਰੋਏਂਗਾ ਪਰ ਤੇਰਾ ਰੋਣਾ ਕਿਸੇ ਨੇ ਵੀ ਨਹੀਂ ਸੁਣਨਾ। ਹੁਣ ਸਵਾਲ
ਪੈਦਾ ਹੁੰਦਾ ਹੈ ਕਿ ਮਨੁੱਖਾਂ ਦੇ ਮੁਰਦਾ ਸਰੀਰ ਨੂੰ ਜਾਂ ਤਾਂ ਸਾੜ ਦਿੱਤਾ ਜਾਂਦਾ ਹੈ, ਦੱਬ ਦਿੱਤਾ
ਜਾਂਦਾ ਹੈ, ਜਾਂ ਵੱਗਦੇ ਪਾਣੀ ਵਿੱਚ ਰੋੜ ਦਿੱਤਾ ਜਾਂਦਾ ਹੈ, ਫਿਰ ਸੰਗਲ਼ ਕਿਸ ਦੇ ਗਲ਼ ਵਿੱਚ ਪਏਗਾ?
ਇਸ ਦਾ ਉੱਤਰ ਹੈ ਕਿ ਮਨੁੱਖ ਨੇ ‘ਸਚਿਆਰ’ ਬਣਨਾ ਸੀ ਪਰ ਇਹ ਭੋਗਾਂ ਦੀ ਜ਼ਿੰਦਗੀ ਵਿੱਚ ਪੈ ਕਿ ਆਪਣੇ
ਸਰੀਰ ਨੂੰ ਹੀ ਖਤਮ ਕਰ ਲਿਆ। ਇਹ ਖ਼ੁਦਾ ਦਾ ਬੇਟਾ ਮਰਿਆ ਪਿਆ ਸੀ ਨੱਕ- ਨਮੂਜ ਦੀ ਖ਼ਾਤਰ। ਹੰਕਾਰੀ
ਬਿਰਤੀ ਤੇ ਉੱਚੀ ਜਾਤ ਦਾ ਹਮੇਸ਼ਾਂ ਹੀ ਇਸ ਦੇ ਗਲ਼ ਵਿੱਚ ਸੰਗਲ਼ ਪਿਆ ਹੋਇਆ ਸੀ। ਜਦੋਂ ਇਸ ਨੇ ਆਪਣੀ
ਜ਼ਿੰਮੇਵਾਰੀ ਨੂੰ ਨਹੀਂ ਸਮਝਿਆ ਓਦੋਂ ਇਸ ਦੇ ਕੀਤੇ ਕੰਮਾਂ ਦਾ ਹਿਸਾਬ ਪਰਵਾਰ ਵਾਲੇ ਕਰਨਗੇ ਤਾਂ ਇਸ
ਨੂੰ ਸ਼ਰਮਸਾਰ ਹੋਣਾ ਪਏਗਾ। ਅੱਖਰੀਂ ਅਰਥਾਂ ਤੋਂ ਇੰਜ ਹੀ ਮਹਿਸੂਸ ਹੁੰਦਾ ਹੈ ਕਿ ਕਿਤੇ ਅੱਗੇ ਇਸ ਦਾ
ਹਿਸਾਬ ਕਿਤਾਬ ਹੋਣਾ ਹੈ। ਸੰਗਲ਼ ਤਾਂ ਜ਼ਿਉਂਦੇ ਮਨੁੱਖ ਦੇ ਗਲ਼ ਹੀ ਪਾਇਆ ਜਾ ਸਕਦਾ ਹੈ। ਜਦੋਂ ਸਾਡੇ
ਸਰੀਰ ਦੇ ਹਵਾ ਰੂਪੀ ਸਵਾਸ ਨਾਲ ਹਵਾ ਨਾਲ਼ ਹੀ ਰਲ਼ ਗਏ ਸਰੀਰ ਮਿੱਟੀ ਦੀ ਢੇਰੀ ਹੋ ਗਿਆ ਤਾਂ ਫਿਰ
ਸਰੀਰਕ ਤਲ਼ `ਤੇ ਸੰਗਲ਼ ਨਹੀਂ ਪਾਇਆ ਜਾ ਸਕਦਾ।
ਓਸੇ ਤਰ੍ਹਾਂ ਕੁੱਝ ਹੋਰ ਪ੍ਰਮਾਣ ਵੀ ਹਨ ਜਿਨ੍ਹਾਂ ਦੇ ਅਸੀਂ ਅਰਥ ਸਿੱਧੇ
ਅੱਖਰਾਂ ਵਿੱਚ ਹੀ ਕਰ ਰਹੇ ਜਿਸ ਨਾਲ ਗੁਰਮਤ ਦਾ ਸਿਧਾਂਤ ਇੱਕ ਪਾਸੇ ਰਹਿ ਜਾਂਦਾ ਹੈ –
ਟੂਟੀ ਨਿੰਦਕ ਕੀ ਅਧ ਬੀਚ
ਅਤੇ –--
ਈਹਾਂ ਦੁਖੁ ਆਗੈ ਨਰਕੁ ਭੁੰਚੈ ਬਹੁ ਜੋਨੀ ਭਰਮਾਵੈ॥
ਪੰਨਾ ੧੨੨੪—
ਇਸ ਵਿੱਚ ਏਸੇ ਜੀਵਨ ਦੀ ਗੱਲ ਕਰਦਿਆ ਗੁਰੂ ਸਾਹਿਬ ਜੀ ਸਮਝਾ ਰਹੇ ਹਨ ਕਿ ਐ
ਮਨੁੱਖ! ਨਿੰਦਕ ਭਾਵ ਗੁਰੂ ਦੀ ਗੱਲ ਨੂੰ ਨਾ ਸਮਝਣ ਵਾਲਾ ਜਾਂ ਕਿਸੇ ਦੇ ਗੁਣਾਂ ਨੂੰ ਘਟਾ ਕੇ ਪੇਸ਼
ਕਰਨ ਵਾਲਾ ਅੱਜ ਦੇ ਦਿਨ, ਹੱਥਲੇ ਸਮੇਂ ਤੇ ਆਉਣ ਵਾਲੇ ਸਮੇਂ ਵਿੱਚ ਆਪਣੀਆਂ ਕਹੀਆਂ ਹੋਈਆਂ ਗੱਲਾਂ
ਕਰਕੇ ਸ਼ਰਮ-ਸਾਰ ਹੁੰਦਾ ਹੈ। ਸ਼ਰਮਸਾਰ ਹੋਇਆ ਮਾਨਸਿਕ ਗਿਰਾਵਟ ਦੀ ਜੂਨ ਭੋਗ ਰਿਹਾ ਹੈ। ਸਾਰੀ
ਗੁਰਬਾਣੀ ਕਾਵਿਕ ਹੈ ਇਸ ਲਈ ਜਿੱਥੇ ਵਿਆਕਰਣਕ ਤੌਰ `ਤੇ ਅੱਖਰੀਂ ਅਰਥ ਕਰਨੇ ਹਨ ਓਤੇ ਭਾਵ ਅਰਥ ਵੀ
ਨਾਲ ਲਿਆ ਜਾਏਗਾ। ਜੇ ਕਰ ਭਾਵ ਅਰਥ ਨਹੀਂ ਲਿਆ ਤਾਂ ਮਗ਼ਾਲਤਾ ਲੱਗਦਾ ਹੀ ਰਹੇਗਾ। ਹੁਣ ਫ਼ਰੀਦ ਸਾਹਿਬ
ਦਾ ਇੱਕ ਵਾਕ ਹੈ ---
ਉਠੁ ਫਰੀਦਾ, ਉਜੂ ਸਾਜਿ, ਸੁਬਹ ਨਿਵਾਜ ਗੁਜਾਰਿ॥
ਜੋ ਸਿਰੁ ਸਾਂਈ ਨਾ ਨਿਵੈ, ਸੋ ਸਿਰੁ ਕਪਿ ਉਤਾਰਿ॥
ਪੰਨਾ ੧੩੮੧—
ਇਸ ਸਲੋਕ ਦੇ ਅਖਰੀਂ ਅਰਥ ਤਾਂ ਏਹੀ ਬਣਗੇ ਜਿਹੜਾ ਮੁਸਲਮਾਨ ਵੀਰ ਸਵੇਰੇ ਉੱਠ
ਕੇ ਨਿਮਾਜ ਅਦਾ ਨਹੀਂ ਕਰਦਾ ਉਸ ਦਾ ਸਿਰ ਵੱਢ ਦੇਣਾ ਚਾਹੀਦਾ ਹੈ। ਪਰ ਕਦੀਂ ਕਿਸੇ ਨੇ ਅੱਜ ਤੀਕ ਸਿਰ
ਵੱਢਿਆ ਹੈ।
ਗੁਰਬਾਣੀ ਨੇ ਵਰਤਮਾਨ ਤੇ ਆਉਣ ਵਾਲੇ ਜੀਵਨ ਨੂੰ ਸੰਵਾਰਨ ਦੀ ਗੱਲ ਕੀਤੀ ਹੈ
ਕਿਉਂਕਿ ‘ਸਚਿਆਰ’ ਏਸੇ ਜੀਵਨ ਦੇ ਵਿੱਚ ਹੀ ਬਣਨਾ ਹੈ ਪਰ ਅਸੀਂ ਆਪਣੀ ਜ਼ਿੰਮੇਵਾਰੀ ਨੂੰ ਨਾ ਸਮਝਦਿਆ
ਹੋਇਆਂ ਸੁਭਾਅ ਕਰਕੇ ਵੱਖ ਵੱਖ ਜੂਨਾਂ ਭੋਗ ਰਹੇ ਹਾਂ। ਜਿਸ ਤਰ੍ਹਾਂ ਇੱਕ ਮਨਮੁਖ ਹਊਮੇ ਵਿੱਚ ਕਰਮ
ਕਰਦਾ ਹੈ ਜਿਸ ਨਾਲ ਸਮਾਜ ਪਰਵਾਰ ਨੂੰ ਲਾਭ ਹੋਣ ਦੀ ਥਾਂ `ਤੇ ਨੁਕਸਾਨ ਕਰਦਾ ਹੈ ਉਹ ਆਤਮਿਕ ਤਲ਼ `ਤੇ
ਜੰਮਦਾ ਮਰਦਾ ਹੀ ਹੈ --
ਮਨਮੁਖ ਕਰਮ ਕਮਾਵਣੇ ਹਉਮੈ ਜਲੈ ਜਲਾਇ॥
ਜੰਮਣੁ ਮਰਣੁ ਨ ਚੂਕਈ ਫਿਰਿ ਫਿਰਿ ਆਵੈ ਜਾਇ॥
ਪੰਨਾ ੬੮---
ਗੁਰਬਾਣੀ ਆਖਦੀ ਹੈ
“ਆਖਾ ਜੀਵਾ ਵਿਸਰੈ ਮਰਿ ਜਾਉ”
ਬੱਸ ਇੰਜ ਹੀ ਜੰਮਣਾ ਤੇ ਮਰਨਾ ਹੈ ਜਿਹੜਾ ਨਹੀਂ ਸਮਝਦਾ ਉਹ ਆਤਮਿਕ ਤਲ਼ `ਤੇ ਮਰਿਆ ਹੋਇਆ ਹੈ। ਹੁਣ
ਪਰਮਾਤਮਾ ਦੀ ਦਰਗਾਹ ਸਾਰੇ ਜੀਵਾਂ ਵਿੱਚ ਹੈ ਭਾਵ ਰੱਬ ਜੀ ਦਾ ਵਾਸ ਜ਼ਰੇ ਜ਼ਰੇ ਵਿੱਚ ਹੈ, ਉਸ ਦਾ
ਨਿਯਮ ਜਾਂ ਹੁਕਮ ਸਾਰਿਆਂ ਥਾਵਾਂ `ਤੇ ਇਕਸਾਰ ਚੱਲ ਰਿਹਾ ਹੈ ਤੇ ਫਿਰ ਪਰਮਾਤਮਾ ਦੀ ਦਰਗਾਹ ਸਾਡੇ
ਸਮਾਜ ਵਿੱਚ ਸਾਡੇ ਭਾਈਚਾਰੇ ਵਿੱਚ ਤੇ ਸਾਡੀ ਚੇਤੰਤਾ ਵਿੱਚ ਹੈ। ਜੇ ਕੋਈ ਮਨੁੱਖ ਸਮਾਜ, ਪਰਵਾਰ ਤੋਂ
ਗਿਰੀ ਹੋਈ ਘਟਨਾ ਕਰਦਾ ਹੈ ਤਾਂ ਸਮਾਜ, ਪਰਵਾਰ ਉਸ ਨੂੰ ਮੁਆਫ਼ ਨਹੀਂ ਕਰਦਾ, ਉਹ ਆਪਣੇ ਅੰਤਰ ਆਤਮੇ
ਤੇ ਵੀ ਸ਼ਰਮਿੰਦਾ ਹੁੰਦਾ ਹੈ ---
ਐਸੀ ਕਲਾ ਨ ਖੇਡੀਐ ਜਿਤੁ ਦਰਗਹ ਗਇਆ ਹਾਰੀਐ॥
ਪੰਨਾ ੪੬੮—
ਸੁਭਾਅ ਕਰਕੇ ਵੱਖ ਵੱਖ ਜੂਨਾਂ ਦੇ ਤਲ਼ ਵਾਲੀ ਮੇਰੀ ਜ਼ਿੰਦਗੀ ਸੀ ਦੋ ਪ੍ਰਮਾਣ
ਦੇਖਾਂਗੇ----
ਫੀਲੁ ਰਬਾਬੀ ਬਲਦੁ ਪਖਾਵਜ, ਕਊਆ ਤਾਲ ਬਜਾਵੈ॥
ਪਹਿਰਿ ਚੋਲਨਾ ਗਦਹਾ ਨਾਚੈ, ਭੈਸਾ ਭਗਤਿ ਕਰਾਵੈ॥
ਪੰਨਾ ੪੭੭—
ਅਤੇ -----
ਗੁਰ ਮੰਤ੍ਰ ਹੀਣਸ੍ਯ੍ਯ ਜੋ ਪ੍ਰਾਣੀ, ਧ੍ਰਿਗੰਤ ਜਨਮ ਭ੍ਰਸਟਣਹ॥
ਕੂਕਰਹ ਸੂਕਰਹ ਗਰਧਭਹ, ਕਾਕਹ ਸਰਪਨਹ ਤੁਲਿ ਖਲਹ॥
ਪੰਨਾ ੧੩੫੬—
ਇਹ ਸਾਰੀਆਂ ਜੂਨਾਂ ਮਨੁੱਖੀ ਸਰੀਰ ਹੋਣ ਦੇ ਨਾਤੇ ਮਾਨਸਿਕ ਤੌਰ’ ਤੇ ਅਸੀਂ
ਭੋਗ ਰਹੇ ਹਾਂ। ਗੁਰ-ਗਿਆਨ ਦੀ ਸਮਝ ਆਉਣ ਤੇ ਬਿੱਧੀਚੰਦ ਮਾਰਧਾੜ ਤੇ ਚੋਰੀਆਂ ਕਰਨੀਆਂ ਛੱਡ ਗਿਆ।
ਆਤਮਿਕ ਤਲ਼ ਦੀਆਂ ਕੰਮਜ਼ੋਰੀਆਂ ਦੂਰ ਹੋਣ `ਤੇ ਹੀ ਸਮਝਿਆ ਜਾ ਸਕਦਾ ਹੈ ਕਿ ਅਸੀਂ ਸਹੀ ਇਨਸਾਨੀ ਕਦਰਾਂ
ਕੀਮਤਾਂ ਨੂੰ ਸਮਝ ਲਿਆ ਹੈ ---
ਮਿਲਹੁ ਪਿਆਰੇ ਜੀਆ॥ ਪ੍ਰਭ ਕੀਆ ਤੁਮਾਰਾ ਥੀਆ॥ 1॥ ਰਹਾਉ॥
ਅਨਿਕ ਜਨਮ ਬਹੁ ਜੋਨੀ ਭ੍ਰਮਿਆ ਬਹੁਰਿ ਬਹੁਰਿ ਦੁਖੁ ਪਾਇਆ॥
ਤੁਮਰੀ ਕ੍ਰਿਪਾ ਤੇ ਮਾਨੁਖ ਦੇਹ ਪਾਈ ਹੈ ਦੇਹੁ ਦਰਸੁ ਹਰਿ ਰਾਇਆ॥
ਗਉੜੀ ਮਹਲਾ ੫ ਪੰਨਾ ੨੦੭—
‘ਅਨਿਕ ਜਨਮ ਜੋਨੀ ਬਹੁ ਭ੍ਰਮਿਆ’ ਕੀ ਸੱਪ ਕਿਸੇ ਗੁਰਦੁਆਰੇ ਗਿਆ ਸੀ ਜਾਂ
ਮੱਝ ਕਿਸੇ ਧਾਰਮਿਕ ਅਸਥਾਨ ਦੀ ਯਾਤਰਾ ਕਰਕੇ ਆਈ ਹੈ ਤਾਂ ਉਸ ਨੂੰ ਇਹ ਮਨੁੱਖਾ ਜੂਨ ਮਿਲ ਗਈ। ਜਿਸ
ਤਰ੍ਹਾਂ ਕੋਈ ਅਧਿਆਪਕ ਇਹ ਕਹਿੰਦਾ ਹੈ, ਕਿ “ਓਏ ਗਧਿਓ! ਬੰਦੇ ਬਣ ਜਾਉ”। ਕੀ ਬੱਚੇ ਸੱਚ ਮੁੱਚ ਹੀ
ਗਧੇ ਹਨ? ਕੋਈ ਇਹ ਕਹੇ ਕਿ, “ਬੱਲੇ ਓਏ ਸ਼ੇਰ ਦਿਆ ਪੁੱਤਰਾ” ਕੀ ਉਹ ਹੁਣ ਬੱਚਾ ਸੱਚੀਂ ਮੁੱਚੀਂ ਸ਼ੇਰ
ਦਾ ਬੱਚਾ ਹੈ। ‘ਤੁਮਰੀ ਕ੍ਰਿਪਾ ਤੇ ਮਾਨੁਖ ਦੇਹ ਪਾਈ’ ਭਾਵ ਗੁਰਬਾਣੀ ਗਿਆਨ ਦੁਆਰਾ ਆਪਣਾ ਵਿਕਾਰਾਂ
ਵਾਲਾ ਸੁਭਾਅ ਤਿਆਗ ਦਿੱਤਾ ਹੈ ਮੈਨੂੰ ਹੁਣ ਸਮਝ ਆਈ ਹੈ ਕਿ ਮਨੁੱਖਾ ਜੀਵਨ ਬਹੁਤ ਮਹਾਨ ਹੈ। ‘ਦੇਹੁ
ਦਰਸੁ ਹਰਿ ਰਾਇਆ’ ਭਾਵ ਸ਼ੁਭ ਗੁਣ ਆ ਗਏ ਹਨ। ਪਰ ਰੱਬ ਦੀ ਤਾਂ ਕੋਈ ਮੂਰਤ ਹੀ ਨਹੀਂ ਹੈ – ਇਸ ਲਈ
ਜ਼ਿੰਦਗੀ ਜਿਉਣ ਦੀ ਜਾਚ ਆ ਗਈ ਦਾਜ ਵਰਗੀਆਂ ਲਾਹਨਤਾਂ ਤੋਂ ਛੁੱਟਕਾਰਾ ਹੋ ਗਿਆ ਹੈ ---
ਮਾਣਸ ਮੂਰਤਿ ਨਾਨਕੁ ਨਾਮੁ॥ ਕਰਣੀ ਕੁਤਾ ਦਰਿ ਫੁਰਮਾਨੁ॥
ਆਸਾ ਮਹਲਾ ੧ ਪੰਨਾ ੩੫੦----