ਪਹਿਲਾ ਭਾਗ- “ੴ …. . ਤੋਂ …. . ਗੁਰਪ੍ਰਸਾਦਿ॥” ਤੱਕ, ਜੋ ਕਿ ਇੱਕ ਵਾਰਤਕ
ਲਿਖਤ ਹੈ, ਤੋਂ ਬਾਅਦ ਪੱਕੇ ਤੌਰ ਤੇ, “॥” (ਦੋ ਡੰਡੀਆਂ), ਜੋ ਕਿ ਪੂਰਨ ਵਿਸਰਾਮ ਦੀ ਨਿਸ਼ਾਨੀ ਹੈ,
ਪਈਆਂ ਹੋਈਆਂ ਹਨ।
ਦੂਸਰਾ ਭਾਗ- “॥ ਜਪੁ॥” ਹੈ। ਇਹ ਭੀ ਵਾਰਤਕ ਰੂਪ ਹੈ, ਕਵਿਤਾ ਨਹੀਂ। ਸਿਰਫ਼
ਇੱਕੋ-ਇੱਕ ਸ਼ਬਦ ਹੈ, ਜੋ ਕਿ ਸਿਰਲੇਖ ਦੇ ਰੂਪ ਵਿੱਚ ਹੈ। ਇਸ ਦੇ ਦੋਵੇਂ ਪਾਸੇ ਹੀ ਵਿਸਰਾਮ ਦਾ
ਚਿੰਨ੍ਹ “॥” (ਦੋ ਡੰਡੀਆਂ) ਪਈਆਂ ਹੋਈਆਂ ਹਨ। (ਨੋਟ:- ਕਥਿਤ-ਵਿਦਵਾਨਾਂ ਦਾ ਇੱਕ ਕਮਾਲ ਹੁਣੇ-ਹੁਣੇ
ਵੇਖਣ ਵਿੱਚ ਆਇਆ ਹੈ। ਇਨ੍ਹਾਂ ਵੱਲੋਂ ਪੂਰਨ-ਵਿਸਰਾਮ ਦੇ ਦੋਵੇਂ ਪਾਸੇ ਹੋਏ ਚਿੰਨਾਂ ਨੂੰ,
“ਇਨਵਰਟਿਡ ਕਾਮੇ” ਕਹਿਣ ਅਤੇ ਲਿਖਣ ਦੀ ਨਵੀਨ-ਖੋਜ ਪ੍ਰਗਟ ਕੀਤੀ ਗਈ ਹੈ।)
ਤੀਸਰਾ ਭਾਗ- “ਆਦਿ ਸਚੁ … …. ਤੋਂ … …. ਨਾਨਕ ਹੋਸੀ ਭੀ ਸਚੁ॥” ਤੱਕ,
ਵਾਲੀ ਲਿਖਤ ਹੈ। ਜੋ ਕਿ ਕਵਿਤਾ ਹੈ, ਵਾਰਤਕ ਨਹੀਂ ਅਤੇ ਦੋ ਪੰਕਤੀਆਂ ਵਿੱਚ ਵੰਡੀ ਹੋਈ ਹੈ। “ਆਦਿ
ਸਚੁ ਜੁਗਾਦਿ ਸਚੁ॥” ਇਸ ਦਾ ਪਹਿਲਾ “ਕਾਵ-ਅੰਗ” ਹੈ ਦੂਸਰਾ ਅੰਗ, “ਹੈ ਭੀ ਸਚੁ ਨਾਨਕ ਹੋਸੀ ਭੀ
ਸਚੁ” ਤੱਕ ਹੈ। ਦੋਹਾਂ ਕਾਵ-ਪੰਕਤੀਆਂ ਦੇ ਅੰਤ ਵਿੱਚ ਪੂਰਨ ਵਿਸ਼ਰਾਮ ਦਾ ਚਿੰਨ੍ਹ “॥” ਮੌਜੂਦ ਹੈ।
ਭਾਵੇਂ ਇਹ ਗੱਲ ਸਪਸ਼ੱਟ ਹੀ ਹੈ ਕਿ ਇਹ ਦੋਵੇਂ ਪੰਕਤੀਆਂ ਕਵਿਤਾ ਹਨ, ਫਿਰ ਭੀ ਸ੍ਰੀ ਗੁਰੂ ਗ੍ਰੰਥ
ਸਾਹਿਬ ਜੀ ਵਿੱਚ ਇਸ ਲਿਖਤ ਦੀ ਦੂਸਰੀ ਥਾਂ ਉੱਤੇ ਹੋਂਦ, ਵਧੀਕ ਸਪੱਸ਼ਟਤਾ ਪ੍ਰਦਾਨ ਕਰਦੀ ਹੈ। ਸਿਰਫ਼
ਅੱਖਰ “ਭੀ” ਦੀ ਥਾਂ “ਭਿ” ਦੇ ਫਰਕ ਨਾਲ ਗਉੜੀ ਰਾਗ ਵਿੱਚ “ਸੁਖਮਨੀ” ਦੀ ਸਤਾਰ੍ਹਵੀਂ ਅਸ਼ਟਪਦੀ ਦੇ
ਆਰੰਭ ਵਿੱਚ, “ਸਲੋਕ” -ਨਿਰਣਾਇਕ ਹੈ।
“ੴ … … ਤੋਂ … … ਨਾਨਕ ਹੋਸੀ ਭੀ ਸਚੁ॥” ਤੱਕ, ਮੂਲ-ਮੰਤਰ ਦਾ ਪੂਰਨ ਰੂਪ
ਸਮਝ ਕੇ ਕਿਧਰੇ ਭੀ ਇਸ ਦਾ ਸੰਖੇਪ-ਰੂਪ ਨਹੀਂ ਲਿਖਿਆ ਗਿਆ। ਜਿੱਥੇ ਭੀ ਇਸ ਦਾ ਸੰਖੇਪ-ਰੂਪ ਆਇਆ ਹੈ,
“ੴ … … ਤੋਂ … … ਗੁਰਪ੍ਰਸਾਦਿ” ਦੇ ਅੰਦਰ-ਅੰਦਰ ਹੀ ਇਸ ਨੂੰ ਸੰਪੂਰਨ ਕੀਤਾ ਗਿਆ ਹੈ। ਜੇ “ਜਪੁ”
ਅਤੇ “ਆਦਿ ਸਚੁ … …. ਤੋਂ …. . ਨਾਨਕ ਹੋਸੀ ਭੀ ਸਚੁ” ਤੱਕ ਵਾਲੀ ਲਿਖਤ, ਇਸ ਦਾ ਹੀ ਭਾਗ ਹੁੰਦੀ
ਤਾਂ ਇਸ ਲਿਖਤ ਦਾ ਕੋਈ ਨਾ ਕੋਈ ਹਿੱਸਾ, ਮੂਲ-ਮੰਤਰ ਦੀ ਸੰਖੇਪਤਾ ਵਾਲੇ ਰੂਪ ਵਿੱਚ ਜ਼ਰੂਰ ਹੁੰਦਾ।
ਫਿਰ, ਸਭ ਤੋਂ ਵੱਡੀ ਵਿਚਾਰਨ ਵਾਲੀ ਗੱਲ ਇਹ ਹੈ ਕਿ, - “ਨਾਨਕ ਹੋਸੀ ਭੀ
ਸਚੁ” ਤੱਕ, ਮੂਲ ਮੰਤਰ ਦਾ ਸਰੂਪ ਨਿਸਚਿਤ ਕਰਕੇ, ਉਸ ਤੋਂ ਬਾਅਦ ਜੋ ਬਾਣੀ ਆਰੰਭ ਹੁੰਦੀ ਹੈ, ਉਸ ਦਾ
ਤਾਂ ਫਿਰ ਕੋਈ ਸਿਰਲੇਖ ਹੀ ਨਹੀਂ ਰਹਿ ਜਾਂਦਾ। ਫਿਰ ਉਸ ਲਿਖਤ ਨੂੰ ਅਸੀਂ ਕਿਸ ਆਧਾਰ ਤੇ “ਜਪੁ” ਜਾਂ
“ਜਪੁ ਜੀ ਸਾਹਿਬ” ਆਖ ਸਕਦੇ ਹਾਂ? ਪਰ ਸ੍ਰੀ ਗੁਰੂ ਅਰਜਨੁ ਦੇਵ ਜੀ ਨੇ ਇਸ ਦਾ ਨਿਰਣਾ ਭੀ ਆਪਣੇ ਹੱਥ
ਰੱਖ ਕੇ, ਇਸ ਉਲਝਣ ਨੂੰ ਸੁਲਝਾਇਆ ਹੋਇਆ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਆਰੰਭ ਵਿੱਚ
“ਤਤਕਰਾ ਰਾਗਾਂ ਕਾ” ਦਿੱਤਾ ਹੋਇਆ ਹੈ। ਇਸ ਦੀ ਲਿਖਤ ਵਿੱਚ, ਸਭ ਤੋਂ ਪਹਿਲਾਂ “ਜਪੁ” ਫਿਰ “ਸੋ
ਦਰੁ”, “ਸੌ ਪੁਰਖੁ” ਅਤੇ “ਸੋਹਿਲਾ” ਦਾ ਵਾਰੀ ਵਾਰੀ ਉਲੇਖ ਹੈ। ਸਤਿਗੁਰੂ ਜੀ ਦਾ ਇਹ ਲਿਖਤੀ
ਫੈਸਲਾ, ਇਸ ਉਲਝਣ ਦਾ ਸਪੱਸ਼ਟ ਹੱਲ ਹੈ ਕਿ ਮੂਲ-ਮੰਤਰ ਦੀ ਸੰਪੂਰਨ ਲਿਖਤ “ਗੁਰਪ੍ਰਸਾਦਿ” ਤੱਕ ਹੈ
ਅਤੇ ਉਸ ਤੋਂ ਬਾਅਦ ਵਾਲੀ ਰਚਨਾ ਦਾ ਸਿਰਲੇਖ “ਜਪੁ” ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਭ ਤੋਂ
ਪੁਰਾਤਨ ਲਿਖਤ (ਕਰਤਾਰਪੁਰ ਵਾਲੀ ਬੀੜ) ਦੇ ਤੱਤਕਰੇ ਵਿੱਚ, “ਜਪੁ” ਦੇ ਨਾਲ ਇਹ ਅੱਖਰ ਭੀ ਦਰਜ ਹਨ,
- “ਜਪੁ” -ਸ੍ਰੀ ਗੁਰੂ ਰਾਮਦਾਸ ਜੀ ਕੇ ਦਸਖਤਾਂ ਕੀ ਨਕਲ।” ਇਸ ਸਪੱਸ਼ਟ ਲਿਖਤ ਦੇ ਸਾਹਮਣੇ ਕਿਸੇ ਭੀ
ਹੋਰ ਵਾਦ-ਵਿਵਾਦ ਨੂੰ ਕੋਈ ਥਾਂ ਨਹੀਂ ਰਹਿ ਜਾਂਦੀ। ਇਹ ਵਿਚਾਰ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ
ਅੰਦਰੂਨੀ-ਲਿਖਤ ਤੇ ਆਧਾਰਤ ਹੈ, ਜੋ ਕਿ ਪੰਚਮ-ਪਾਤਸ਼ਾਹ ਜੀ ਨੇ ਆਪ ਭਾਈ ਗੁਰਦਾਸ ਜੀ ਪਾਸੋਂ ਤਿਆਰ
ਕਰਵਾਈ ਸੀ। ਇਸ ਤੋਂ ਉਲਟ ਨਾ ਅਸੀਂ ਕੁੱਝ ਸੋਚ ਸਕਦੇ ਹਾਂ ਅਤੇ ਨਾ ਹੀ ਕੁੱਝ ਹੋਰ ਆਖਿਆ ਜਾ ਸਕਦਾ
ਹੈ। ਫਿਰ ਭੀ ਖਿਆਲ ਕਰ ਲੈਣਾ ਚਾਹੀਦਾ ਕਿ “ਜਪੁ” ਹੀ ਇੱਕ ਐਸੀ ਰਚਨਾ ਹੈ, ਜਿਸ ਦਾ ਸਭ ਤੋਂ ਵਧੀਕ
ਪਠਨ-ਪਾਠਨ ਹੋਇਆ ਹੈ ਅਤੇ ਹੋ ਰਿਹਾ ਹੈ। ਉਸ ਦੀ ਹੋਂਦ ਦਾ ਤੱਤਕਰੇ ਵਿੱਚ ਹੋਣਾ ਅਤਿਅੰਤ ਜ਼ਰੂਰੀ ਹੈ,
ਨਹੀਂ ਤਾਂ ਇਸ ਬਾਣੀ ਵਾਲੇ ਪਹਿਲੇ ਸਫਿਆਂ ਦੀ ਅਣਹੋਂਦ ਦਰਸਾਉਣ ਵਾਲੇ ਅਸੀ ਆਪ ਹੋ ਜਾਵਾਂਗੇ। “ਜਪੁ”
ਅਤੇ “ਆਦਿ ਸੁਚ … … … ….” ਵਾਲੇ ਸਲੋਕ ਨੂੰ, ਮੂਲ-ਮੰਤਰ ਦਾ ਹਿੱਸਾ ਮੰਨ ਲੈਣ ਤੋਂ ਬਾਅਦ, ਅਗਲੀ
ਬਾਣੀ, “ਸੋਚੈ ਸੋਚਿ … … “ ਨਾਲ ਆਰੰਭ ਹੁੰਦੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੇ ਲੇਖ ਦੋ
ਤੱਤਕਰਿਆਂ ਦੇ ਨੇਮਾਂ ਅਨੁਸਾਰ ਜਾਂ ਤਾਂ ਬਾਣੀ ਦਾ ਸਿਰਲੇਖ (ਨਾਂ) ਇਸ ਵਿੱਚ ਹੋਣਾ ਚਾਹੀਦਾ ਹੈ ਜਾਂ
ਫਿਰ ਰਚਨਾ ਦੀ ਪਹਿਲੀ ਪੰਕਤੀ, “ਸੋਚੈ ਸੋਚਿ … ….”, ਪਹਿਲੇ ਦੋ ਤਿੰਨ ਅੱਖਰ ਲਿਖ ਕੇ ਅੱਗੇ ਉਸ ਸਫੇ
ਦਾ ਨੰਬਰ ਲਿਖਿਆ ਜਾਣਾ ਚਾਹੀਦਾ ਹੈ, ਜਿਸ ਸਫੇ ਉਪਰ ਉਸ ਬਾਣੀ ਦਾ ਆਰੰਭਕ –ਉਲੇਖ ਹੈ। “ਜਪੁ” ਨੂੰ
ਅਸੀਂ ਮੂਲ-ਮੰਤਰ ਦਾ ਹਿੱਸਾ ਬਣਾ ਰਹੇ ਹਾਂ, ਹਾਲਾਂਕਿ ਤੱਤਕਰੇ ਵਿੱਚ ਇਹੀ ਨਾਮ ਲਿਖ ਕੇ ਅੱਗੇ ਸਫਾ
ਲਿਖਿਆ ਗਿਆ ਹੈ। ਜੇ ਇਹ ਮੂਲ-ਮੰਤਰ ਦਾ ਭਾਗ ਹੁੰਦਾ ਤਾਂ ਫਿਰ ਤੱਤਕਰੇ ਵਿੱਚ, “ਸੋਚੈ ਸੋਚਿ ਨ ਹੋਵਈ
… … “ ਪੰਕਤੀ ਲਿਖ ਕੇ ਅੱਗੇ ਸਫੇ ਦਾ ਨੰਬਰ ਪਾਇਆ ਜਾਣਾ ਚਾਹੀਦਾ ਸੀ, “ਤੱਤਕਰਾ ਰਾਗਾਂ
ਕਾ”, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਆਏ ਰਾਗਾਂ ਦੇ ਨਾਵਾਂ ਦੇ ਸਿਰਲੇਖ ਦਿੰਦਾ ਹੈ, ਜਾਂ
ਫਿਰ “ਰਾਗੁ ਸਿਰੀਰਾਗੁ” ਤੋਂ ਪਹਿਲੇ ਅਤੇ “ਰਾਗੁ ਜੈਜਾਵੰਤੀ” ਤੋਂ ਬਾਅਦ ਆਈਆਂ
ਰਚਨਾਵਾਂ ਦੇ ਸਿਰਲੇਖ ਦੇ ਕੇ ਅੱਗੇ ਉਨ੍ਹਾਂ ਦੇ ਸਫ਼ਿਆਂ ਦੇ ਨੰਬਰ ਦਿੰਦਾ ਹੈ। ਦੂਸਰਾ ਤੱਤਕਰਾ ਹੈ,
“ਤੱਤਕਰਾ ਸ਼ਬਦਾਂ ਕਾ”। ਇਸ ਵਿੱਚ “ਸਿਰੀਰਾਗੁ” ਤੋਂ ਲੈ ਕੇ “ਜੈਜਾਵੰਤੀ” ਤੱਕ ਅਤੇ
ਉਸ ਤੋਂ ਬਾਅਦ ਵਾਲੀਆਂ ਰਚਨਾਵਾਂ ਦੇ ਸਿਰਲੇਖ ਅਤੇ ਪਹਿਲੀ ਪੰਕਤੀ ਦੇ ਆਰੰਭ ਦਾ ਕੁੱਝ ਹਿੱਸਾ ਦਿੱਤਾ
ਹੋਇਆ ਹੈ। “ਤਤਕਰਾ ਰਾਗਾਂ ਕਾ” ਪਹਿਲੇ, “ੴ …. ਤੋਂ ਲੈ
ਕੇ … … ਗੁਰਪ੍ਰਸਾਦਿ” ਤੱਕ ਮੂਲ ਮੰਤਰ ਲਿਖਿਆ ਹੋਇਆ ਹੈ। ਪਰ “ਤਤਕਰਾ ਸ਼ਬਦ
ਕਾ” ਆਰੰਭ ਵਿੱਚ “ੴ ਸਤਿਗੁਰੂ ਪ੍ਰਸਾਦਿ”, ਮੂਲ-ਮੰਤਰ ਸੰਖੇਪ ਰੂਪ
ਦਰਜ ਹੈ। ਇਵੇਂ ਤੱਤਕਰੇ ਵਿੱਚ ਕਿਤੇ-ਕਿਤੇ ਵੱਖ-ਵੱਖ ਸ਼ਬਦਾਂ ਦੇ ਸੰਗ੍ਰਹਿ ਦੇ ਆਰੰਭ ਸਮੇਂ ਭੀ
ਮੂਲ-ਮੰਤਰ ਇਹੀ ਸੰਖੇਪ ਰੂਪ ਲਿਖਿਆ ਗਿਆ ਹੈ।
ਕੁੱਝ ਸੱਜਣਾਂ ਪਾਸੋਂ ਐਸਾ ਭੀ ਸੁਣਨ ਦਾ ਮੌਕਾ ਮਿਲਦਾ ਕਿ ਪਹਿਲੀ ਪਾਉੜੀ ਦਾ
ਪਾਠ ਕਰੋ. .”ੴ … …. ਤੋਂ ਲੈ ਕੇ ਨਾਨਕ ਹੋਸੀ
ਭੀ ਸਚੁ”, ਤੱਕ। ਜੇ ਇਹ ਪਹਿਲੀ ਪਉੜੀ ਤਾਂ ਫਿਰ “ਸੋਚੈ ਸੋਚਿ … … “ ਵਾਲੀ ਪਉੜੀ ਦੇ ਅੰਤ
ਵਿੱਚ ਗਿਣਤੀ ਦਾ ਅੰਕ “2” ਹੋਣਾ ਚਾਹੀਦਾ ਸੀ, ਪਰ ਐਸਾ ਹੈ। ਇਵੇਂ ਹੀ, “ਆਦਿ ਸਚੁ
… … “ ਵਾਲੇ ਸਲੋਕ ਨੂੰ ਮੂਲ-ਮੰਤਰ ਦਾ ਹੀ ਹਿੱਸਾ ਦੱਸਣ ਵਾਲੇ ਸੱਜਣ ਆਖਦੇ ਹਨ ਕਿ ਜੇ ਸਲੋਕ
ਨੰ: “1” ਹੈ ਤਾਂ ਫਿਰ “ਜਪੁ ਜੀ” ਦੇ ਅੰਤਮ ਸਲੋਕ ਅੱਗੇ ਅੰਕ “2” ਹੋਣਾ ਚਾਹੀਦਾ
ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਕ-ਵਿਧੀ ਸਮਝਣ ਲਈ, ਵਿਸ਼ੇਸ਼ ਧਿਆਨ ਦੀ ਲੋੜ ਹੈ। ਸਾਧਾਰਨ
ਨਜ਼ਰ ਨਾਲ ਇਸ ਦਾ ਬੋਧ ਨਹੀਂ ਹੋ ਸਕਦਾ। ਲੇਖ ਦਾ ਵਿਸ਼ਾ “ਅੰਕ-ਗਿਣਤੀ” ਨਹੀਂ ਹੈ, ਸਿਰਫ਼ ਉਸ
ਦਿੱਤੀ ਦਲੀਲ ਦਾ ਹੀ ਨਿਰਣਾ ਕਰਨਾ ਹੈ। ਗਉੜੀ ਰਾਗੁ ਵਿੱਚ 24 ਅਸ਼ਟਪਦੀਆਂ ਤੋਂ ਪਹਿਲਾਂ,
ਸਲੋਕ ਲਿਖਿਆ ਹੋਇਆ ਅਤੇ ਸਾਰੇ ਹੀ ਸਲੋਕਾਂ ਦੇ ਅੰਤ ਵਿੱਚ, ਬਾਰ-ਬਾਰ, “1” ਹੀ ਲਿਖਿਆ ਗਿਆ
ਹੈ। ਹਾਲਾਂਕਿ, 24 ਅਸ਼ਟਪਦੀਆਂ ਨਾਲ, 24 ਹੀ ਸਲੋਕ ਲਿਖੇ ਗਏ ਹਨ। ਅੰਕ-ਵਿਧੀ ਨੂੰ
ਸਮਝਣ ਤੋਂ ਬਿਨਾਂ ਇਸ ਤਰ੍ਹਾਂ ਦੀਆਂ ਬੇ ਦਲੀਲਾਂ ਗੱਲਾਂ ਹੀ ਆਖੀਆਂ ਜਾ ਸਕਦੀਆਂ ਹਨ।
“ਮੂਲ ਮੰਤਰ” ਸੰਬੰਧੀ ਕੁੱਝ ਹੋਰ ਵਿਚਾਰਾਂ ਵੀ ਧਿਆਨ ਵਿੱਚ ਰੱਖ
ਲੈਣੀਆਂ ਚਾਹੀਦੀਆਂ ਹਨ। ਇਸ ਰਚਨਾ ਉੱਤੇ ਕਿਸੇ ਵੀ ਰਾਗ, ਕਾਵਿ-ਵੰਨਗੀ ਅਤੇ ਲਿਖਾਰੀ; (ਸਿਰਲੇਖ:
ਸ੍ਰੀ ਗੁਰੂ ਨਾਨਕ ਦੇਵ ਜੀ) ਦਾ ਸਿਰਲੇਖ ਨਹੀਂ ਹੋਣਾ ਚਾਹੀਦਾ ਕਿਉਂਕਿ ਇਹ ਵਾਰਤਕ ਹੈ: ਰਾਗਮਈ ਜਾਂ
ਕਾਵਿ ਕਾਵਿ ਨਹੀਂ ਹੈ ਅਤੇ ਇਸ ਦੇ ਕਰਤਾ ਸ੍ਰੀ ਗੁਰੂ ਨਾਨਕ ਦੇਵ ਜੀ ਹਨ। ਇਸ ਦਾ ਉਚਾਰਨ ਕਰਨ ਤੋਂ
ਪਹਿਲਾਂ ਕਿਸੇ ਵੀ ਵਿਅਕਤੀ, ਰਾਗ ਜਾਂ ਕਾਵਿ ਵੰਨਗੀ ਦਾ ਜ਼ਿਕਰ ਨਹੀਂ ਹੋ ਸਕਦਾ, ਕਿਉਂਕਿ ਇਹ ਸਿਰਫ਼
ਤੇ ਸਿਰਫ਼ ਸ੍ਰੀ ਗੁਰੂ ਨਾਨਕ ਜੀ ਦੀ ਰਚਨਾ ਹੈ ਅਤੇ ਕਿਸੇ ਰਾਗ ਜਾਂ ਕਾਵਿ ਵੰਨਗੀ ਰਹਿਤ ਹੈ। ਇਸ
ਸੰਬੰਧੀ ਐਸੀਆਂ ਭੁੱਲਾਂ ਆਮ ਹੋ ਰਹੀਆਂ ਇਸ ਵਾਸਤੇ ਹੀ ਵਿਚਾਰਵਾਨ ਪ੍ਰੇਮੀਆਂ ਦੀ ਸਾਵਧਾਨੀ ਵਾਸਤੇ
ਇਨ੍ਹਾਂ ਦਾ ਸੰਖੇਪ ਜ਼ਿਕਰ ਕੀਤਾ ਜਾ ਰਿਹਾ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪੁਰਾਤਨ ਲਿਖਤਾਂ ਉਨ੍ਹਾਂ ਦੇ ਲਿਖਣ ਦੇ
ਢੰਗ ਦੀ ਵਿਉਂਤਬੰਦੀ ਅਨੁਸਾਰ, ਮੂਲ ਮੰਤਰ ਸਭ ਤੋਂ ਸਿਰਮੌਰ ਹੈ। ਇਸ ਦੀ ਲਿਖਤ ਅਤੇ ਪਠਨ-ਪਾਠਨ ਸਭ
ਤੋਂ ਪਹਿਲਾਂ ਹੀ ਹੋਣਾ ਚਾਹੀਦਾ ਹੈ। ਇਸ ਵਿੱਚ ਪ੍ਰਭੂ ਹਸਤੀ ਦੇ ਮਹਾਨ ਗੁਣਾਂ ਦਾ ਸਿਧਾਂਤਕ ਵਰਨਣ
ਹੈ। ਇਸ ਵਾਸਤੇ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਆਰੰਭ ਵਿੱਚ ਹੀ ਸਭ ਤੋਂ ਪਹਿਲਾਂ ਲਿਖਿਆ ਗਿਆ
ਹੈ ਅਤੇ ਯਤਨ ਕੀਤਾ ਗਿਆ ਹੈ ਕਿ ਇਹ ਪਹਿਲਾ ਦਰਜਾ ਹਰ ਹਾਲਤ ਵਿੱਚ ਸਥਾਪਤ ਰਹੇ। ਪਰ ਸਾਡੀ ਅਗਿਆਨਤਾ
ਦੇ ਕਾਰਨ, ਐਸਾ ਹੋ ਰਿਹਾ ਹੈ ਕਿ ਇਸ ਲਿਖਤ ਨੂੰ ਅਸੀਂ ਕਈ ਸਿਰਲੇਖਾਂ ਹੇਠ, ਕਦੇ ਪਹਿਲਾਂ ਅਤੇ ਕਦੇ
ਬਾਅਦ ਵਿੱਚ ਲਿਖ ਅਤੇ ਪੜ੍ਹ ਰਹੇ ਹਾਂ। ਕੁੱਝ ਉਦਾਹਰਣਾਂ ਇਸ ਪ੍ਰਕਾਰ ਹਨ-
1. ਸੋ ਦਰੁ ਰਾਗੁ ਆਸਾ ਮਹਲਾ 1 ੴ ਸਤਿਗੁਰ ਪ੍ਰਸਾਦਿ॥
ਇਸ ਲਿਖਤ ਅਨੁਸਾਰ, ਮੂਲ ਮੰਤਰ ਦਾ ਇਹ ਸੰਖੇਪ ਰੂਪ “ਸੋ ਦਰੁ” ਬਾਣੀ ਦਾ
ਹਿੱਸਾ ਹੈ। ਫਿਰ ਇਹ ਵਾਰਤਕ ਰੂਪ ਰਾਗੁ ਆਸਾ ਵਿੱਚ ਗਾਇਨ ਕਰਨ ਦੀ ਹਦਾਇਤ ਵੀ ਹੋ ਜਾਂਦੀ ਹੈ। ਸਿਰਫ਼
“ਮਹਲਾ 1” ਸਾਰਥਕ ਹੈ, ਕਿਉਂਕਿ ਇਹ ਮੂਲ ਮੰਤਰ ਤਾਂ ਹੈ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਰਚਨਾ।
2. ਰਾਗੁ ਆਸਾ ਮਹਲਾ 4 ਸੋ ਪੁਰਖੁ ੴ ਸਤਿਗੁਰ ਪ੍ਰਸਾਦਿ॥ ਇਸ ਲਿਖਤ
ਅਨੁਸਾਰ, ਨਵੀਂ ਗੱਲ ਸਾਹਮਣੇ ਆਉਂਦੀ ਹੈ। ਇਸ ਰਚਨਾ ਦਾ ਰਾਗ ਤਾਂ ਆਸਾ ਹੈ, ਪਰ ਰਚਨਾ ਅਤੇ
ਰਚਨਾਕਾਰ ਦੋਵੇਂ ਹੀ ਬਦਲ ਜਾਂਦੇ ਹਨ। ਰਚਨਾ “ਸੋ ਪੁਰਖੁ” ਹੋ ਜਾਂਦੀ ਹੈ ਅਤੇ ਰਚਨਾਕਾਰ
ਸ੍ਰੀ ਗੁਰੂ ਰਾਮਦਾਸ ਜੀ।
3. ਸੋਹਿਲਾ ਰਾਗੁ ਗਉੜੀ ਦੀਪਕੀ ਮਹਲਾ 1
ੴ ਸਤਿਗੁਰ ਪ੍ਰਸਾਦਿ॥
ਇਸ ਉਦਾਹਰਣ ਵਿਚ, (ਮੂਲ ਮੰਤਰ) ਰਚਨਾ ਦਾ ਰਾਗ, ਗਉੜੀ ਦੀਪਕੀ ਹੋ ਜਾਂਦਾ
ਹੈ।
4. ਰਾਮਕਲੀ ਮਹਲਾ 3 ਅਨੰਦੁ ੴ ਸਤਿਗੁਰ ਪ੍ਰਸਾਦਿ॥
ਇਸ ਲਿਖਤ ਅਨੁਸਾਰ, ਇਸ (ਮੂਲ ਮੰਤਰ) ਰਚਨਾ ਦਾ ਰਾਗ, ਰਚਨਾ ਅਤੇ ਰਚਨਾਕਾਰ,
ਸਭ ਬਦਲ ਜਾਂਦੇ ਹਨ।
ਬਿਨਾਂ ਵਿਸਤਾਰ ਦੇਣ ਦੇ, ਕੁੱਝ ਇਸ ਤਰ੍ਹਾਂ ਦੀਆਂ ਹੋਰ ਲਿਖਤਾਂ, ਵਿਚਾਰ
ਅਧੀਨ ਰੱਖ ਲਈਏ -
ਰਾਗੁ ਗਉੜੀ ਪੂਰਬੀ ਕਬੀਰ ਜੀ ੴ ਸਤਿਗੁਰ ਪ੍ਰਸਾਦਿ॥
ਇਸ ਲਿਖਤ ਅਨੁਸਾਰ, ਇਸ “ਮੂਲ ਮੰਤਰ” ਦੇ ਰਚਣਹਾਰ ਦਾ ਨਾਮ ਭਗਤ ਕਬੀਰ ਹੋ
ਜਾਂਦਾ ਹੈ।
ਰਾਗੁ ਗਉੜੀ ਚੇਤੀ ਬਾਣੀ ਨਾਮਦੇਉ ਜੀ ਕੀ
ੴ ਸਤਿਗੁਰੂ ਪ੍ਰਸਾਦਿ॥
ਇਹ ਲਿਖਤ, ਮੂਲ ਮੰਤਰ ਦਾ ਲਿਖਾਰੀ ਭਗਤ ਰਵਿਦਾਸ ਜੀ ਨੂੰ ਸਥਾਪਿਤ ਕਰਦੀ ਹੈ।
ਜਿਉਂ-ਜਿਉਂ ਅਸੀਂ ਪ੍ਰਚਲਤ-ਪ੍ਰਕਾਸ਼ਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ
ਕਰਦੇ ਜਾਵਾਂਗੇ, ਤਿਉਂ-ਤਿਉਂ ਐਸੋ ਸਿਰਲੇਖ ਸਾਨੂੰ ਆਮ ਹੀ ਵੇਖਣ ਵਿੱਚ ਮਿਲਣਗੇ। ਕਿਸੇ ਵੀ ਇਕਸਾਰ
ਨੇਮ ਦੀ ਪਾਲਣਾ ਨਜ਼ਰ ਨਹੀਂ ਪਵੇਗੀ। ਅਸੀਂ ਪੜ੍ਹਾਂਗੇ ਕੁੱਝ ਹੋਰ, ਪਰ ਸਮਝਣ ਵਾਸਤੇ ਉਸ ਨੂੰ
ਹੇਠ-ਉਤੇ ਅਦਲ-ਬਦਲ ਕਰਦੇ ਰਹਾਂਗੇ।
ਕਾਫ਼ੀ ਸਮਾਂ ਪਹਿਲਾਂ, ਮੰਗਲਾ-ਚਰਨ (ਮੂਲ-ਮੰਤਰ) ਦੀ ਇਕਸਾਰਤਾ ਵਾਸਤੇ ਭਰਪੂਰ
ਯਤਨ ਹੋਏ ਸਨ। ਫੈਸਲੇ ਵੀ ਠੀਕ ਕੀਤੇ ਗਏ ਸਨ। ਪਰ ਜਿੰਨ੍ਹਾਂ ਦੀ ਸੋਚ ਪਿਛਾਂਹ ਖਿੱਚੂ ਅਤੇ ਸੁਆਰਥੀ
ਹੈ, ਉਨ੍ਹਾਂ ਦੀ ਜ਼ਿਦ ਕਰਕੇ ਹੀ, ਸਹੀ ਥਾਂ ਤੇ ‘ਗਲਤ’ ਰਸਤੇ ਨੂੰ ਤਰਜੀਹ ਦਿੱਤੀ ਗਈ। ਭਾਵੇਂ ਇਹ
ਚਰਚਾ ਮੇਰੀ ਇਸ ਲਿਖਤ ਦਾ ਮੂਲ ਵਿਸ਼ਾ ਨਹੀਂ ਹੈ, ਫਿਰ ਵੀ ਕੁੱਝ ਸਪੱਸ਼ਟਤਾ ਦੇਣੀ ਜ਼ਰੂਰੀ ਸਮਝਦਾ ਹਾਂ।
ਪ੍ਰਸਿੱਧ ਵਿਦਵਾਨਾਂ ਨੇ ਸ੍ਰੀ ਕਰਤਾਰਪੁਰ ਵਾਲੀ ਆਦਿ ਬੀੜ ਦਾ ਸਫੇ-ਵਾਰ
ਵੇਰਵਾ ਦੇ ਕੇ, ‘ਮੰਗਲ’ (ਮੂਲ-ਮੰਤਰ) ਦੀ ਸਹੀ ਥਾਂ ਕਿਥੇ ਹੈ, ਦਰਸਾਈ ਹੈ। ਵੈਸੇ ਵੀ ਪਰਮਾਤਮਾ ਦਾ
ਜ਼ਿਕਰ ਸਭ ਤੋਂ ਪਹਿਲਾਂ ਹੀ ਕੀਤਾ ਜਾਂਦਾ ਹੈ। ਅਸੀਂ ਸਾਧਾਰਨ ਪੱਤਰ ਵੀ ਲਿਖੀਏ ਤਾਂ ਸਭ ਤੋਂ ਪਹਿਲਾਂ
‘ੴ’ ਲਿਖਦੇ ਹਾਂ, ਫਿਰ ਭਾਵੇਂ ‘ਸਤਿਗੁਰ ਪ੍ਰਸਾਦਿ’ ਲਿਖੀਏ ਜਾਂ ‘ਵਾਹਿਗੁਰੂ ਜੀ ਕੀ ਫਤਹਿ’ -ਪਰ
ਹੋਰ ਕਿਸੇ ਲਿਖਤ ਨੂੰ ਪਹਿਲ ਨਹੀਂ ਦਿੰਦੇ। ਇਸੇ ਹੀ ਸੁਭਾਅ ਅਨੁਸਾਰ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ
ਦੀਆਂ ਮੁੱਢਲੀਆਂ ਲਿਖਤਾਂ ਵਿੱਚ ਪਹਿਲ ਮੂਲ-ਮੰਤਰ ਨੂੰ ਹੀ ਦਿੱਤੀ ਗਈ ਹੈ। ਫ਼ਰਕ ਸਿਰਫ਼ ਇਤਨਾ ਹੈ ਕਿ
ਲਿਖਤ ਦਾ ਢੰਗ ਪੁਰਾਤਨ ਹੋਣ ਕਰਕੇ, ਸਾਡੀ ਆਮ ਸਮਝ ਵਿੱਚ ਬੀੜਾਂ ਦੇ ਵਰਤਮਾਨ ਲਿਖਤੀ ਜਾਂ ਛਪਾਈ ਦੇ
ਉਤਾਰਿਆਂ ਵੇਲੇ ਨਹੀਂ ਆਇਆ। ਅਸੀਂ ਮੂਲ-ਮੰਤਰ ਅਤੇ ਰਾਗ ਆਦਿ ਦੇ ਵੇਰਵੇ ਨੂੰ ਅੱਗੇ ਪਿੱਛੇ ਲਿਖ ਅਤੇ
ਛਾਪ ਦਿੱਤਾ। ਫਿਰ ਇੱਕ ਵਾਰ ਹੋਈ ਭੁੱਲ ਨੂੰ ਸੁਆਰਥ-ਵੱਸ ਪ੍ਰਮਾਣਿਕਤਾ ਦੇ ਕੇ ਅੜ ਗਏ ਕਿ ਹੁਣ ਇਉਂ
ਹੀ ਠੀਕ ਅਤੇ ਪ੍ਰਮਾਣਿਕਤਾ ਹੈ, ਜੋ ਕਿ ਅਸਲੀਅਤ ਤੋਂ ਬਿਲਕੁਲ ਹੀ ਦੂਰ ਦੀ ਗੱਲ ਹੈ ਅਤੇ ਫਿਰ
ਗੁਰਮਤਿ ਸਿਧਾਂਤ ਅਨੁਸਾਰ ਵੀ ਠੀਕ ਹੈ।
ਸ੍ਰੀ ਕਰਤਾਰਪੁਰ ਸਾਹਿਬ ਵਾਲੀ ਆਦਿ ਬੀੜ ਅਤੇ ਹੋਰ ਪੁਰਾਤਨ ਬੀੜਾਂ ਵਿਚ,
ਮੂਲ ਮੰਤਰ ਲਿਖਣਾ ਦਾ ਢੰਗ ਇਉਂ ਸੀ ਕਿ ਲਿਖਾਰੀ, ਜਿਸ ਸਫ਼ੇ ਉਤੇ ਬਾਣੀ ਲਿਖਦਾ ਸੀ ਅਤੇ ਫਿਰ ਬਾਕੀ
ਦੀ ਲਿਖਤ ਖੱਬੇ ਪਾਸੇ ਤੋਂ ਆਰੰਭ ਕਰਦਾ ਸੀ ਜਾਂ ਖੱਬੇ ਪਾਸਿਉਂ ‘ੴ’ ਤੋਂ ਆਰੰਭ ਕਰ ਕੇ ਫਿਰ ਬਾਕੀ
ਦਾ ਸਿਰਲੇਖ ਲਿਖਦਾ ਸੀ। ਇਸ ਢੰਗ ਨਾਲ ਮੂਲ ਮੰਤਰ ਹਰ ਹਾਲਤ ਵਿੱਚ ਪਹਿਲਾਂ ਹੀ ਪੜ੍ਹਿਆ ਜਾਂਦਾ ਸੀ,
ਕਿਉਂਕਿ ਸੱਜੇ ਪਾਸੇ ਲਿਖਿਆ ਮੂਲ-ਮੰਤਰ ਵੀ ਦੂਸਰੀ ਲਿਖਤ ਨਾਲੋਂ ਕਾਫੀ ਉਚੇਰਾ ਹੁੰਦਾ ਸੀ। ਇਸ
ਵਾਸਤੇ ਉਸ ਨੂੰ ਪਹਿਲਾਂ ਹੀ ਪੜ੍ਹਿਆ ਜਾਂਦਾ ਸੀ। ਇਹ ਸੱਜੇ ਪਾਸੇ ਮੂਲ ਮੰਤਰ ਲਿਖਣ ਦਾ ਕਾਰਨ,
ਵਿਦਵਾਨਾਂ ਦੀ ਖੋਜ ਅਨੁਸਾਰ ਸਿਰਫ਼ ਇਸ ਕਰਕੇ ਹੀ ਸੀ ਕਿ ਜਿਸ ਨੂੰ ਅਸੀਂ ਆਦਰ-ਸਤਿਕਾਰ ਦਿੰਦੇ ਹਾਂ
ਅਤੇ ਸਰਬ-ਸ੍ਰੇਸ਼ਟ ਮੰਨਦੇ ਹਾਂ, ਉਸਨੂੰ ਸੱਜੇ ਹੱਥ ਰੱਖਦੇ ਹਾਂ ਅਤੇ ਆਪ ਖੱਬੇ ਹੱਥ ਰਹਿੰਦੇ ਹਾਂ।
ਇਸ ਤਰ੍ਹਾਂ ਲਿਖਤ ਦਾ ਇਹ ਫਰਕ ਹੁੰਦੇ ਹੋਏ ਵੀ ਮੂਲ ਮੰਤਰ ਪਹਿਲਾਂ ਪੜ੍ਹਿਆ ਜਾਂਦਾ ਸੀ। ਜਦੋਂ
ਪ੍ਰੈਸ ਦਾ ਸਮਾਂ ਆਇਆ ਤਾਂ ਲਿਖਤੀ ਬੀੜਾਂ ਤਿਆਰ ਕਰਨ ਵਾਲਿਆਂ ਦੀ ਅਣਗਹਿਲੀ ਕਾਰਨ, ਲਿਖਤ ਦੇ ਨੇਮਾਂ
ਵੱਲ ਧਿਆਨ ਨਾ ਦਿੱਤਾ ਗਿਆ ਅਤੇ ਮੂਲ ਮੰਤਰ ਦੀ ਛਪਾਈ ਅੱਗੇ ਪਿੱਛੇ ਹੋ ਗਈ। ਇਸ ਤਰ੍ਹਾਂ ਦੀਆਂ ਹੋਰ
ਵੀ ਅਣਗਹਿਲੀਆਂ ਕੀਤੀਆਂ ਗਈਆਂ। ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਹਿਲੀ ਵਾਰ
ਬੀੜਾਂ ਪ੍ਰਕਾਸ਼ਤ ਕਰਨ ਦਾ ਉੱਦਮ ਕੀਤਾ ਗਿਆ ਤਾਂ ਮੂਲ ਮੰਤਰ ਅਥਵਾ ਮੰਗਲਾ-ਚਰਨ ਦੀ ਇਕਸਾਰਤਾ ਵਾਸਤੇ
ਕਾਫ਼ੀ ਖੋਜ-ਵਿਚਾਰ ਕਰਨ ਉਪਰੰਤ, ਪਹਿਲ ਦੇ ਅਧਾਰ ਤੇ ਸਾਰੇ ਹੀ ਮੰਗਲਾ-ਚਰਨ ਪਹਿਲਾਂ ਪੜ੍ਹੇ ਜਾਣ ਦੀ
ਸਹੂਲਤ ਅਨੁਸਾਰ ਛਾਪੇ ਗਏ। ਪਰ ਜਿਨ੍ਹਾਂ ਲੋਕਾਂ ਨੂੰ ਆਪਣੇ ਵਿਹਾਰਕ ਸੁਆਰਥ ਵਿੱਚ ਇਹ ਗੱਲ ਰਾਸ
ਨਹੀਂ ਸੀ ਆਉਂਦੀ, ਉਨ੍ਹਾਂ ਨੇ ਇਤਨਾ ਰੋਲਾ ਪਾਇਆ ਕਿ ਠੀਕ ਗੱਲ ਵੀ ਗਲਤ ਬਣ ਕੇ ਰਹਿ ਗਈ ਅਤੇ ਅਜੇ
ਤੱਕ ਉਵੇਂ ਹੀ ਚਲੀ ਆ ਰਹੀ ਹੈ।
ਮੂਲ ਮੰਤਰ ਦੇ ਪਾਠ ਸੰਬੰਧੀ ਇੱਕ ਹੋਰ ਵਿਚਾਰ ਵੀ ਧਿਆਨ ਗੋਚਰੀ ਹੈ। ਮੁੱਢਲੇ
ਰੂਪ ਵਿੱਚ ਲਿਖਤੀ ਬੀੜਾਂ ਅਤੇ ਪੋਥੀਆਂ ਵਿੱਚ ਇਹ ਲਿਖਤ ਪੁਰਾਣੇ ਲਿਖਣ-ਢੰਗ ਅਨੁਸਾਰ ਪਦ-ਛੇਦ ਨਹੀਂ
ਸੀ ਅਤੇ ਸੰਪੂਰਨ ਬਾਣੀ ਦਾ ਰੂਪ ਵੀ ਪਦ-ਛੇਦ ਰਹਿਤ ਹੀ ਸੀ। ਉਸ ਵੇਲੇ ਸਿਰਫ਼ ਗੁਰਬਾਣੀ ਹੀ ਨਹੀਂ,
ਬਲਕਿ ਹਰ ਪ੍ਰਕਾਰ ਦੀ ਲਿਖਤ ਪਦ-ਛੇਦ ਰਹਿਤ, ਲੜੀ-ਬੱਧ ਲਿਖਤ ਸੀ। ਲਿਖਤ ਭਾਵੇਂ ਕੋਈ ਵੀ ਹੋਵੇ,
ਪੜ੍ਹਨ ਲਈ ਤਾਂ ਸ਼ਬਦ ਨਿਖੇੜਨੇ ਹੀ ਪੈਂਦੇ ਹਨ। ਹੌਲੀ-ਹੌਲੀ ਲੜੀ-ਬੱਧ ਲਿਖਤ ਦਾ ਥਾਂ ਤੇ ਪੜ੍ਹਨ ਦੀ
ਸਹੂਲਤ ਨੂੰ ਮੁੱਖ ਰੱਖ ਕੇ ਹਰ ਤਰ੍ਹਾਂ ਦੀ ਲਿਖਤ ਪਦ-ਛੇਦ ਲਿਖੀ ਜਾਣ ਲੱਗ ਪਈ ਅਤੇ ਲਿਖੀ ਜਾ ਰਹੀ
ਹੈ। ਮੂਲ-ਮੰਤਰ ਦੀ ਪ੍ਰਚਲਤ ਲਿਖਤ ਇਉਂ ਹੈ-
1. ੴ ਸਤਿਨਾਮੁ ਕਰਤਾ ਪੁਰਖੁ ਨਿਰਭਉ
ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ॥
2. ੴ ਸਤਿਨਾਮ ਕਰਤਾ ਪੁਰਖੁ ਗੁਰਪ੍ਰਸਾਦਿ॥
3. ੴ ਸਤਿਨਾਮ ਗੁਰਪ੍ਰਸਾਦਿ॥
4. ੴ ਸਤਿਨਾਮ ਪ੍ਰਸਾਦਿ॥
ਪਹਿਲੇ ਨੰਬਰ ਦੀ ਲਿਖਤ ਅਤੇ ਚੌਥੇ ਨੰਬਰ ਦੀ ਲਿਖਤ ਨੂੰ ਸਾਹਮਣੇ ਰੱਖ ਕੇ
ਵਿਚਾਰ ਕੀਤਿਆਂ ਮੂਲ- ਮੰਤਰ ਦੇ ਸੰਪੂਰਨ ਮੁੱਢਲੇ ਰੂਪ ਵਿੱਚ ਆਏ ਸ਼ਬਦਾਂ ਨਾਲੋਂ ਚੌਥੇ ਸੰਖੇਪ-ਰੂਪ
ਵਿੱਚ ਭਿੰਨਤਾ ਹੋ ਜਾਂਦੀ ਹੈ। ਗੁਰੂ ਪ੍ਰਸਾਦਿ ਦੀ ਥਾਂ ਤੇ ਸਤਿਗੁਰ ਪ੍ਰਸਾਦਿ ਲਿਖਿਆ ਜਾਂਦਾ ਹੈ।
ਇਸ ਤਰ੍ਹਾਂ ਸਤਿਨਾਮੁ ਵਿਚੋਂ ਸਤਿ ਅਤੇ ਗੁਰਪ੍ਰਸਾਦਿ ਵਿਚੋਂ ਗੁਰ ਸ਼ਬਦ ਨੂੰ ਵੱਖਰਾ ਕਰ ਕੇ ਇੱਕ
ਨਵਾਂ ਸ਼ਬਦ ਸਤਿਗੁਰ ਬਣਾ ਕੇ ਫਿਰ ਪ੍ਰਸਾਦਿ ਵੱਖਰਾ ਕਰਕੇ ਲਿਖ ਦਿੱਤਾ ਜਾਂਦਾ ਹੈ। ਇਸ ਤਰ੍ਹਾਂ ਮੂਲ
ਮੰਤਰ ਵਿੱਚ ਸਿਧਾਂਤਕ ਇਕਸਾਰਤਾ ਅਤੇ ਇਕਰੂਪਤਾ ਨਹੀਂ ਰਹਿੰਦੀ। ਇਸ ਉਲਝਣ ਵਿਚੋਂ ਨਿਕਲਣ ਦਾ ਇਕੋ
ਇੱਕ ਰਸਤਾ ਹੈ ਕਿ ਮੂਲ ਮੰਤਰ ਦੀ ਲਿਖਤ ਦਾ ਪਦ-ਛੇਦ ਇਸ ਢੰਗ ਨਾਲ ਕੀਤਾ ਜਾਵੇ ਕਿ ਇਸ ਦੀ ਇਕਸਾਰਤਾ
ਵਿੱਚ ਕਦੇ ਵੀ ਕੋਈ ਅੰਤਰ ਨਾ ਆਵੇ।
1. ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ॥ ਅਕਾਲ ਮੂਰਤਿ
ਅਜੂਨੀ ਸੈਭੰ ਗੁਰਪ੍ਰਸਾਦਿ॥
2. ੴ ਸਤਿ ਨਾਮੁ ਕਰਤਾ ਪੁਰਖੁ ਗੁਰਪ੍ਰਸਾਦਿ॥
3. ੴ ਸਤਿ ਨਾਮੁ ਗੁਰਪ੍ਰਸਾਦਿ॥
4. ੴ ਸਤਿ ਗੁਰਪ੍ਰਸਾਦਿ॥
ਇਸ ਤਰ੍ਹਾਂ ਕੀਤੇ ਪਦ-ਛੇਦ ਅਨੁਸਾਰ ਸਿਰਫ਼ ੴ ਤੋਂ ਬਾਅਦ ਆਏ ਸ਼ਬਦ ‘ਸਤਿ
ਨਾਮੁ’ ਦੇ ਹੀ ਦੋ ਸ਼ਬਦ ਕਰਨੇ ਹਨ ਜੋ ਕਿ ਭਾਸ਼ਾ ਦੇ ਮੁੱਢਲੇ ਰੂਪ ਵਿੱਚ ਹੀ ਪਹਿਲਾਂ ਦੋ ਸ਼ਬਦ ਜੋੜ ਕੇ
ਇੱਕ ਸ਼ਬਦ ਬਣਾਇਆ ਗਿਆ ਹੈ। ਇਸ ਤਰ੍ਹਾਂ ਮੂਲ ਮੰਤਰ ਦੇ ਚਾਰੇ ਹੀ ਸਰੂਪਾਂ ਵਿੱਚ ਇਕਸਾਰਤਾ ਅਤੇ
ਇਕਰੂਪਤਾ ਬਣੀ ਰਹਿੰਦੀ ਹੈ ਅਤੇ ਅਰਥ-ਭਾਵ ਵਿੱਚ ਵੀ ਕੋਈ ਅੰਤਰ ਨਹੀਂ ਪੈਂਦਾ।
ਮੂਲ ਮੰਤਰ ਦੇ ਨਾਲ ਹੀ ਗੁਰਬਾਣੀ ਵਿੱਚ ਆਏ ਸਿਰਲੇਖ ਵਿੱਚ ਪਦ-ਛੇਦ ਕਰ ਕੇ
ਪੜ੍ਹਨ ਸੰਬੰਧੀ ਇੱਕ ਅਵੇਸਲਾਪਨ ਹੋਰ ਦੂਰ ਕਰਨਾ ਜ਼ਰੂਰੀ ਹੈ। ਅਸੀਂ ਪੜ੍ਹਦੇ ਹਾਂ, ‘ਆਸਾ ਮਹਲਾ 5’
ਇਸ ਨੂੰ ਇਕੱਠਿਆਂ ਪੜ੍ਹਨ ਦਾ ਅਰਥ ਹੈ, ‘(ਰਾਗ) ਆਸਾ ਦਾ ਪੰਜਵਾਂ ਸਰੂਪ’। ਸਾਨੂੰ, ਪੜ੍ਹਨ ਸਮੇਂ
‘ਆਸਾ’ ਤੋਂ ਬਾਅਦ ਥੋੜ੍ਹਾ ਵਿਸਰਾਮ ਦੇਣਾ ਚਾਹੀਦਾ ਹੈ, ਕਿਉਂਕਿ ਇਹ ਸਿਰਫ਼ ਰਾਗ ਵਾਸਤੇ ਸੰਕੇਤ ਹੈ
ਅਤੇ ਮਹਲਾ 5 ਸ੍ਰੀ ਗੁਰੂ ਨਾਨਕ ਦੇਵ ਜੀ ਪੰਜਵੇਂ ਸਰੂਪ ਅਰਜਨ ਦੇਵ ਜੀ ਦਾ ਸੰਕੇਤਕ ਹੈ। ਸਾਰੇ ਹੀ
ਥਾਵਾਂ ਤੇ ਸਿਰਲੇਖਾਂ ਵਿੱਚ ਹਰੇਕ ਰਾਗ ਦੇ ਨਾਂ ਅਤੇ ਵੇਰਵੇ ਨੂੰ ਪੂਰੀ ਤਰ੍ਹਾਂ ਨਿਖੇੜ ਕੇ ਪੜ੍ਹਨ
ਦੀ ਲੋੜ ਹੈ। ਉਦਾਹਰਣ ਵਾਸਤੇ ਕੁੱਝ ਸਿਰਲੇਖਾਂ ਦੀ ਵੰਡ ਇਸ ਤਰ੍ਹਾਂ ਹੋਵੇਗੀ-
1. ਬਿਲਾਵਲੁ, ਮਹਲਾ 3, ਵਾਰ ਸਤ, ਘਰੁ 10 (ਪੰਨਾ 84)
2. ਰਾਗੁ ਗੋਂਡ, ਮਹਲਾ 5, ਚਉਪਦੇ, ਘਰ 1 (ਪੰਨਾ 86)
3. ਕੇਦਾਰਾ, ਛੰਤ, ਮਹਲਾ 5 … … … (ਪੰਨਾ 112)
4. ਕਾਨੜਾ, ਅਸਟਪਦੀਆਂ, ਮਹਲਾ 4, ਘਰੁ 1 (ਪੰਨਾ 130)
ਇਵੇਂ ਹੀ ਸਾਰੇ ਸਿਰਲੇਖ ਪੜ੍ਹਨ ਲਗਿਆਂ ਨਿਖੇੜੇ ਜ਼ਰੂਰ ਜਾਣੇ ਚਾਹੀਦੇ ਹਨ।
ਮੂਲ ਮੰਤਰ ਸੰਬੰਧੀ ਵਿਚਾਰੇ ਗਏ ਇਹ ਨੁਕਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ
ਦੀ ਅੰਦਰਲੀ ਲਿਖਤ ਉਤੇ ਆਧਾਰਿਤ ਹਨ। ਇਸ ਨੂੰ ਹੋਰ ਵਿਸਤਾਰ ਸਹਿਤ ਵਿਚਾਰਨ ਅਤੇ ਸਮਝਣ ਦੀ ਲੋੜ ਹੈ।
ਇਉਂ ਕਰਨ ਨਾਲ ਕੋਈ ਪ੍ਰਚਲਤ ਭੁਲੇਖਿਆਂ ਦੀ ਨਵਿਰਤੀ ਹੋ ਸਕਦੀ ਹੈ। ਵਿਚਾਰਨ ਨਾਲ ਹੀ ਕਿਸੇ ਠੀਕ
ਨਿਰਣੇ ਉੱਪਰ ਪਹੁੰਚਿਆ ਜਾ ਸਕਦਾ ਹੈ।