ਮੈਂਬਰ, ਧਰਮ ਪ੍ਰਚਾਰ ਕਮੇਟੀ, ਦਿ: ਸਿ: ਗੁ: ਪ੍ਰ: ਕ: ਦਿੱਲੀ: ਫਾਊਂਡਰ ਸਿੱਖ
ਮਿਸ਼ਨਰੀ ਲਹਿਰ 1956
ਸਤਿਕਾਰ ਦਾ ਪੱਖ ਅਤੇ ਸਿੱਖ ਰਹਿਤ ਮਰਿਆਦਾ- “ਗੁਰੂ ਗ੍ਰੰਥ ਸਾਹਿਬ”
ਸਾਰੇ ਸੰਸਾਰ ਦੇ ਇਕੋ ਇੱਕ ਗੁਰੂ ਹਨ ਅਤੇ ਸਤਿਕਾਰ ਦਾ ਜ਼ਰੂਰੀ ਪੱਖ ਹੈ ਕਿ ਜਿਸ ਸਮੇਂ ਵੀ ਬੀੜ
ਸਾਹਿਬ ਦਾ ਪ੍ਰਕਾਸ਼ ਕੀਤਾ ਜਾਵੇ ਤਾਂ ਪਹਿਲਾਂ ਇੱਕ ਸ਼ਬਦ ਹੁਕਮਨਾਮੇ ਵਜੋਂ ਅਵੱਸ਼ ਪੜਿਆ ਜਾਵੇ। ਉਸਦੇ
ਲਈ ਸਿੱਖ ਰਹਿਤ ਮਰਿਆਦਾ ਪੰਨਾ ੧੪ (ਹ) `ਤੇ ‘ਹੁਕਮਨਾਮਾ’ ਦੇ ਸਿਰਲੇਖ ਹੇਠ ਸੇਧ ਦਿੱਤੀ ਗਈ ਹੈ:
“ਹੁਕਮ ਲੈਣ ਲੱਗਿਆਂ ਖੱਬੇ ਪੰਨੇ ਦੇ ਉਤਲੇ ਪਾਸਿੳ ਪਹਿਲਾ ਸ਼ਬਦ ਜੋ ਜਾਰੀ ਹੈ, ਮੁੱਢ ਤੋਂ ਪੜ੍ਹਨਾ
ਚਾਹੀਏ ਜੋ ਉਸ ਸ਼ਬਦ ਦਾ ਮੁੱਢ ਪਿਛਲੇ ਪੰਨੇ ਤੋਂ ਸ਼ੁਰੂ ਹੰਦਾ ਹੈ ਤਾਂ ਪੱਤਰਾ ਪਰਤ ਕੇ ਪੜ੍ਹਨਾ ਸ਼ੁਰੂ
ਕਰੋ ਅਤੇ ਸ਼ਬਦ ਸਾਰਾ ਪੜ੍ਹੇ। ਜੇ ਵਾਰ ਹੋਵੇ ਤਾਂ ਪਉੜੀ ਦੇ ਸਾਰੇ ਸਲੋਕ ਤੇ ਪਉੜੀ ਪੜ੍ਹਨੀ ਚਾਹੀਏ।
ਸ਼ਬਦ ਦੇ ਅੰਤ ਵਿੱਚ ਜਿਥੇ ‘ਨਾਨਕ’ ਨਾਮ ਆ ਜਾਵੇ, ਉਸ ਤੁਕ ਤੇ ਭੋਗ ਪਾਇਆ ਜਾਵੇ”।
ਇਹ ਤਾਂ ਹੈ ਗੁਰੂ ਸਾਹਿਬ ਦੇ ਸਤਿਕਾਰ ਦਾ ਪੱਖ। ਧਿਆਨ ਦੇਣ ਦੀ ਗਲ ਹੈ ਕਿ
ੴਤੋਂ “ਤਨੁ ਮਨੁ ਥੀਵੈ ਹਰਿਆ’ ਤੀਕ ਸੰਪੂਰਣ “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ
ਜੀ” ਦੀ ਬਾਣੀ ਬਲਕਿ ਹਰੇਕ ਪੰਕਤੀ ਹੀ ਗੁਰੂ ਕੀਆਂ ਸੰਗਤਾਂ ਲਈ ਗੁਰੂ ਵਲੋਂ ਹੁਕਮ ਅਤੇ ਜੀਵਨ
ਜਾਚ ਹੈ। ਸਿੱਖ ਦਾ ਸਾਰਾ ਜੀਵਨ ਗੁਰਬਾਣੀ ਦੀ ਆਗਿਆ-ਸਿਖਿਆ `ਚ ਬਤੀਤ ਹੋਣਾ, ਇਸੇ ਦਾ ਨਾਮ ਹੀ
‘ਸਿੱਖ ਧਰਮ’ ਹੈ। ਦਰਅਸਲ ਇਸੇ ਸੱਚਾਈ ਨੂੰ ਕਾਇਮ ਰਖਣ ਲਈ ਪੰਥ ਅੰਦਰ ਹੁਕਮਨਾਮੇ ਵਾਲਾ ਨਿਯਮ ਚਲਦਾ
ਆ ਰਿਹਾ ਹੈ। ਗੁਰਬਾਣੀ ਦੀ ਇਕ-ਇਕ ਪੰਕਤੀ ਗੁਰੂ ਕੀਆਂ ਸੰਗਤਾਂ ਲਈ ਜੀਵਨ ਸੇਧ ਹੈ। ਇਸੇ ਲਈ,
“ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਦੇ ਪ੍ਰਕਾਸ਼, ਸੁਖਾਸਨ, ਸਮਾਗਮ ਦੇ ਅਰੰਭ ਤੇ ਸਮਾਪਤੀ
ਸਮੇਂ ਮਾਨੋ ਚੇਤਾ ਵੀ ਕਰਵਾਇਆ ਜਾਂਦਾ ਹੈ ਕਿ ਅਸਾਂ ਆਪਣੇ ਹਰੇਕ ਸੁਆਸ ਨੂੰ ਗੁਰਬਾਣੀ ਰੰਗ `ਚ ਰੰਗ
ਕੇ ਹੀ ਬਤੀਤ ਕਰਨਾ ਹੈ। ਇਸਦੇ ਉਲਟ, ਦੇਖਿਆ ਜਾਵੇ ਤਾਂ ਇੱਕ ਤਰੀਕੇ ਅਜ ਅਸੀਂ ਆਪਣੇ ਜੀਵਨ ਦੀ ਇਸ
ਮੁਖ ਸੱਚਾਈ ਤੋਂ ਬਹੁਤ ਹੀ ਪਿਛੇ ਹੱਟ ਚੁੱਕੇ ਤੇ ਪੂਰੀ ਤਰ੍ਹਾਂ ਅਵੇਸਲੇ ਹੋ ਚੁਕੇ ਹਾਂ।
ਸਿੱਖ ਨੇ ਆਪਣੇ ਹਰੇਕ ਕਾਰਜ ਦਾ ਆਰੰਭ, ਗੁਰਬਾਣੀ ਖਜ਼ਾਨੇ ਵਿਚੋਂ ਕਿਸੇ
ਗੁਰਬਾਣੀ ਸ਼ਬਦ ਦੀ ਟੇਕ ਲੈ ਕੇ ਹੀ ਕਰਣਾ ਹੈ। ਜੇਕਰ “ਗੁਰੂ ਗ੍ਰੰਥ ਸਾਹਿਬ ਜੀ” ਦਾ ਪ੍ਰਕਾਸ਼
ਪਹਿਲਾਂ ਤੋਂ ਹੋਇਆ ਹੋਵੇ ਤਾਂ ਵੀ ਰੁਮਾਲਾ ਹਟਾ ਕੇ, ਮਰਿਆਦਾ ਅਨੁਸਾਰ ਪਹਿਲਾਂ ਗੁਰਬਾਣੀ ਸ਼ਬਦ ਦਾ
ਹੀ ਪਾਠ ਕਰਣਾ ਹੈ। ਇਸੇ ਨੂੰ ਹੀ ਬਾਬਾ ਜੀ ਦਾ ‘ਹੁਕਮ ਲੈਣਾ’, ‘ਹੁਕਮਨਾਮਾ’ ਜਾਂ ‘ਵਾਕ ਲੈਣਾ’ ਵੀ
ਕਿਹਾ ਜਾਂਦਾ ਹੈ।
ਦੇਖਿਆ ਜਾਵੇ ਤਾਂ ਹਰੇਕ ਸਿੱਖ ਦੇ ਜੀਵਨ `ਚ “ਗੁਰੂ ਗ੍ਰੰਥ ਸਾਹਿਬ ਜੀ”
ਦਾ ਸਹਿਜ ਪਾਠ ਸਦਾ ਚਲਦੇ ਰਹਿਣਾ ਜ਼ਰੂਰੀ ਹੈ। ਵਿਸ਼ਵਾਸ ਕੀਤਾ ਜਾਂਦਾ ਹੈ ਕਿ ‘ਅਦਿ ਬੀੜ’
ਦੇ ਪ੍ਰਥਮ ਪ੍ਰਕਾਸ਼ ਸਮੇਂ ਪੰਜਵੇਂ ਪਾਤਸ਼ਾਹ ਨੇ, ਗੁਰੂ ਕੀਆਂ ਸੰਗਤਾਂ ਲਈ ਹੁਕਮਨਾਮੇ ਵਾਲੇ
ਅਜੋਕੇ ਨਿਯਮ ਦਾ ਅਰੰਭ ਵੀ ਆਪ ਹੀ ਕੀਤਾ ਸੀ। ਇਸਦਾ ਸਪਸ਼ਟ ਮਤਲਬ ਹੈ ਕਿ ਹਰ ਕਦਮ ਤੇ ਸਿੱਖ ਦਾ ਜੀਵਨ
ਗੁਰਬਾਣੀ ਸਿਖਿਆ ਦੀ ਤਬਿਆ ਹੋ ਕੇ ਚਲੇ। ਇਸਦੇ ਉਲਟ ਅਜ ਗੁਰਬਾਣੀ ਸੋਝੀ ਨਾ ਹੋਣ ਕਾਰਨ ਅਸੀਂ,
ਪਾਤਸ਼ਾਹ ਵਲੋਂ ਬਖਸ਼ੀ ਇਤਨੀ ਵੱਡੀ ਚੇਤਾਵਣੀ ਨੂੰ ਵੀ ਨਿਰਾ-ਪੁਰਾ ਕਰਮਕਾਂਡ ਹੀ ਬਣਾ ਕੇ ਰਖ ਦਿੱਤਾ
ਹੈ। ਸਾਡੀ ਅਜੋਕੀ ਹਾਲਤ ਇਥੋਂ ਤੀਕ ਨਿਘਰ ਚੁਕੀ ਹੈ, ਜਿਵੇਂ ਕਿ ਅਜੇਹੇ ਸਮੇਂ ਪੜ੍ਹਿਆ ਜਾ ਰਿਹਾ
ਸ਼ਬਦ ਹੀ ਸਾਡੇ ਲਈ ‘ਹੁਕਮਨਾਮਾ’ ਹੈ ਨਾ ਕਿ ਸਾਰੀ ਗੁਰਬਾਣੀ। ਇਸ ਤਰਾਂ ਅਜ ਅਸੀਂ ਕੁੱਝ ਸ਼ਬਦਾਂ ਨੂੰ
ਹੀ ਹੁਕਮਨਾਮੇ ਦੇ ਸ਼ਬਦ ਮਨ ਬੈਠੇ ਹਾਂ `ਤੇ ਉਹ ਵੀ ਬੜੇ ਕਰਮਕਾਂਡੀ ਅਰਥਾਂ `ਚ। ਇਹੀ ਕਾਰਣ ਹੈ ਕਿ
ਇਸ ਵਿਸ਼ੇ `ਤੇ ਅਜ ਜੋ ਸਾਡੀ ਸੋਚ ਬਣ ਚੁਕੀ ਹੈ, ਉਸਦੀ ਤਸਵੀਰ ਕੁੱਝ ਇਸ ਤਰਾਂ ਹੈ:
“ਵੀਰ ਜੀ! ਜ਼ਰਾ ਅਜ ਦਾ ਅੰਮ੍ਰਿਤ ਵੇਲੇ ਦਾ ਦਰਬਾਰ ਸਾਹਿਬ ਦਾ ਹੁਕਮਨਾਮਾ
ਤਾਂ ਸੁਣਾ ਦੇਵੋ, ਅਜ ਸਵੇਰੇ ਜਾਗ ਨਹੀਂ ਖੁਲੀ ਤੇ ਸੁਣ ਨਹੀਂ ਸਕਿਆ” ….”ਭਾਈ ਸਾਹਿਬ! ਅਜ ਤਾਂ
ਕਮਾਲ ਹੀ ਹੋ ਗਿਆ। ਕਾਕੇ ਨੇ ਵਿਦੇਸ਼ ਜਾਨਾ ਸੀ, ਪਾਤਸ਼ਾਹ ਨੇ ਇੰਨਾ ਵਧੀਆ ਹੁਕਮਨਾਮਾ ਬਖਸ਼ਿਆ ਕਿ ਨਸ਼ਾ
ਹੀ ਆ ਗਿਆ”। ਇੱਕ ਭਾਈ ਸਾਹਿਬ ਅਰਦਾਸ ਕਰ ਰਹੇ ਸਨ “ਸਚੇ ਪਾਤਸ਼ਾਹ! ਕਿਰਪਾ ਕਰਣੀ ਤੇ ਪਵਿਤ੍ਰ ਜਿਹਾ
ਹੁਕਮਨਾਮਾ ਬਖਸ਼ਣਾ” ਇਸੇ ਤਰ੍ਹਾਂ ਇੱਕ ਬੀਬੀ ਭਾਈ ਸਾਹਿਬ ਨੂੰ ਕਹਿ ਰਹੀ ਸੀ- “ਭਾਈ ਜੀ! ਅਜ ਦਾ ਵਾਕ
ਤਾਂ ਬਹੁਤ ਹੀ ਵਧੀਆ ਆਇਆ ਹੈ, ਦਿਨ ਬੜਾ ਚੰਗਾ ਨਿਕਲੂ” …ਭਾਈ ਸਾਹਿਬ ਸਿਆਣੇ ਸਨ, ਦੋਹਰਾ ਕੇ ਬੀਬੀ
ਤੋਂ ਪੁਛਿਆ “ਕਿਉਂ ਬੀਬੀ ਅਗੇ ਵਾਕ ਚੰਗਾ ਨਹੀਂ ਆਉਂਦਾ” “ਨਹੀਂ ਵੀਰ, ਕਲ ਤਾਂ ਮਨ ਬੜਾ ਉਦਾਸ
ਰਿਹਾ। ਗੁਰੂ ਬਾਬੇ ਨੇ ਵਾਕ ਹੀ ਐਸਾ ਸੁਨਾਇਆ ਸੀ”। “ਕੀ ਬੀਬੀ! ਕਲ ਕੁੱਝ ਨੁਕਸਾਨ ਹੋਇਆ” ਭਾਈ
ਸਾਹਿਬ ਦਾ ਸੁਆਲ ਸੀ। “ਨਹੀਂ ਵੀਰ, ਨੁਕਸਾਨ ਤਾਂ ਨਹੀਂ, ਕਲ ਰਾਤ ਤਾਂ ਸਾਡਾ ਬਹੁਤ ਵੱਡਾ ਕਦੋਂ ਦਾ
ਰੁਕਿਆ ਕੰਮ ਵੀ ਸਿਰੇ ਚੜ੍ਹ ਗਿਆ, ਪਰ ਸਵੇਰੇ ਵਾਕ `ਚ ਜੇੜ੍ਹਾ ਮਰਨ ਦਾ ਲਫ਼ਜ਼ ਆਇਆ, ਉਸ ਤੇ ਸੌਣ ਤੀਕ
ਘਬਰਾਹਟ ਹੀ ਬਣੀ ਰਹੀ”
ਕਿਹੜਾ ਹੁਕਨਾਮਾ ਸਮਝਣਾ ਹੈ ਬਾਬਾ ਜੀ ਦਾ? -ਕਈ ਸੱਜਨ ਸੁਆਲ ਕਰਦੇ ਹਨ
“ਇਕ ਹੁਕਮਨਾਮਾ ਇਲਾਕੇ ਦੇ ਗੁਰਦੁਆਰੇ ਦਾ ਹੁੰਦਾ ਹੈ, ਬੰਗਲਾ ਸਾਹਿਬ ਜਾਵੋ ਤਾਂ ਹੁਕਮਨਾਮਾ ਹੋਰ,
ਉਸੇ ਦਿਨ ਸੀਸ ਗੰਜ ਹੋਰ, ਉਪ੍ਰੰਤ ਦਰਬਾਰ ਸਾਹਿਬ ਦਾ ਹੋਰ, ਇਸੇ ਤਰ੍ਹਾਂ ਬੇਅੰਤ ਗੁਰਦੁਆਰੇ। ਤਾਂ
ਤੇ ਇਹ ਦਸੋ! ਕਿਸ ਹੁਕਮਨਾਮੇ ਨੂੰ ਗੁਰੂ ਸਾਹਿਬ ਵਲੋਂ ਅਜ ਦਾ ਹੁਕਮਨਾਮਾ ਸਮਝਣਾ ਚਾਹੀਦਾ ਹੈ?
ਵਿਦੇਸ਼ਾਂ ਦੇ ਪ੍ਰਚਾਰ ਦੌਰੇ ਸਮੇਂ-ਜਦੋਂ ਵਿਦੇਸ਼ਾਂ `ਚ ਵਿਚਰਦੇ ਦਰਬਾਰ
ਸਾਹਿਬ, ਅਮ੍ਰਿਤਸਰ ਤੋਂ ਲਾਈਵ ਕਾਸਟ `ਤੇ ‘ਹੁਕਮਨਾਮਾ’ ਸ਼ੁਰੂ ਹੋਇਆ ਤਾਂ ਸੰਗਤਾਂ-ਪ੍ਰਬੰਧੰਕਾਂ `ਚ
ਜਿਵੇਂ ਵਿਸ਼ੇਸ਼ ਹੀ ਖੁਸ਼ੀ ਦੀ ਲਹਿਰ ਸੀ, ਪਰ ਗੁਰਬਾਣੀ ਪਖੋਂ ਜੀਵਨ ਦੀ ਸੰਭਾਲ ਵਾਲੇ ਪਾਸੇ ਦੌੜ ਉਥੇ
ਦੀ ਉਥੇ ਹੀ ਰੁਕੀ ਰਹੀ। ਇਹ ਹੈ ਹੁਕਮਨਾਮੇ ਬਾਰੇ ਸਾਡੀ ਅਜ ਦੀ ਮਾਨਸਿਕ ਦਸ਼ਾ। ਮੁੱਖ ਕਾਰਨ ਹੈ, ਅਜ
ਸਾਨੂੰ ‘ਹੁਕਮਨਾਮੇ’ ਦਾ ਮਕਸਦ ਹੀ ਨਹੀਂ ਪਤਾ। ਇਸ ਬਾਰੇ ਸਾਡੀ ਸਮਝ ਦਾ ਕਿਸੇ ਹਦ ਤੀਕ ਵੱਧ ਤੋਂ
ਵੱਧ ਪੱਧਰ ‘ਹੁਕਮਨਾਮੇ’ `ਚ ਆਏ ਕੁੱਝ ਲਫ਼ਜ਼ਾਂ ਤੀਕ ਹੀ ਸੀਮਤ ਹੋ ਕੇ ਰਹਿ ਚੁਕਾ ਹੈ। ਜੇਕਰ
ਹੁਕਮਨਾਮੇ ਬਾਰੇ ਸੰਗਤਾਂ `ਚੋਂ ਅਜੇਹੀਆਂ ਗਲਾਂ-ਸੁਆਲਾਂ ਨੂੰ ਹੀ ਇਕੱਠਾ ਕਰਨਾ ਹੋਵੇ ਤਾਂ ਅੰਤ ਹੀ
ਨਹੀਂ। ਇੱਕ ਅਜੇਹੀ ਸੰਸਥਾ, ਜਿਸ ਦਾ ਕਲ ਤੀਕ ਪ੍ਰੋਗਰਾਮ ਹੀ ਇਹੀ ਸੀ-ਪ੍ਰਭਾਤੇ ਉਠ ਕੇ ਵੱਧ ਤੋਂ
ਵੱਧ ਗੁਰਦੁਆਰਿਆਂ `ਚ ਰੋਜ਼ਾਨਾ ਦਰਬਾਰ ਸਾਹਿਬ ਵਾਲੇ ਹੁਕਮਨਾਮੇ ਦੇ ਪੰਜਾਬੀ-ਹਿੰਦੀ-ਅੰਗ੍ਰੇਜ਼ੀ
ਅਨੁਵਾਦ ਚਿਪਕਾਉਣੇ। ਆਪਣੇ ਆਪ `ਚ ਇਹ ਸੌਖਾ ਕੰਮ ਨਹੀਂ ਸੀ। ਉਨ੍ਹਾਂ ਨੋਜੁਆਨਾਂ ਅੰਦਰ ਗੁਰੂਦਰ ਨਾਲ
ਪਿਆਰ ਤੇ ਨਿਰਮਾਨਤਾ ਦੇਖੋ ਤਾਂ ਸਿਰ ਝੁਕਦਾ ਹੈ। ਫ਼ਿਰ ਵੀ ਇਸ ਨਾਲ ਗੁਰੂਦਰ, ਸੰਗਤ ਜਾਂ ਪੰਥ ਦੀ
ਕਿਹੜੀ ਸੇਵਾ ਹੋ ਰਹੀ ਹੈ, ਇਸ `ਤੇ ਸੁਆਲੀਆ ਨਿਸ਼ਾਨ ਹੀ ਲਗੇਗਾ, ਅਜ ਇਹੀ ਕੰਮ ਸ਼ੰਸ਼ ਨਾਲ ਵੀ
ਹੋ ਰਿਹਾ ਹੈ।
‘ਹੁਕਮਨਾਮੇ’ ਬਾਰੇ ਅਜ ਸੰਗਤਾ ਵਿਚਕਾਰ ਆਮ ਚਰਚਾ ਹੈ ਕਿ ਸਾਡੇ ਕੁੱਝ
ਭਾਈ-ਗ੍ਰੰਥੀ ਸਾਹਿਬਾਨ, ਸਮੇਂ ਅਨੁਸਾਰ ਪਹਿਲਾਂ ਤੋਂ ਹੀ ਪੰਨਾ ਕੱਢ ਰਖਦੇ ਹਨ। ਇਸੇ ਤਰ੍ਹਾਂ ਕਈ
ਵਾਰੀ ਦੇਖਣ `ਚ ਆਉਂਦਾ ਹੈ ਜਦੋਂ ਕੁੱਝ ਸੱਜਨ ਕੁਝ-ਕੁਝ ਪੰਨੇ ਦੋਵੇਂ ਪਾਸਿਆਂ ਤੋਂ ਹੱਥ `ਚ ਲੈਕੇ
ਇਸ ਤਰ੍ਹਾਂ ਅੱਗੇ-ਪਿਛੇ ਕਰਦੇ ਹਨ ਜਿਵੇਂ ਕੋਈ ਲਾਟਰੀ ਕੱਢ ਰਹੇ ਹਨ। ਕੁੱਝ ਡੇਰੇ ਤਾਂ ਇਥੋਂ ਤੀਕ
ਕਰ ਰਹੇ ਹਨ-ਸਵੇਰ ਦਾ ਹੁਕਮਨਾਮਾ ਉਪਰੋਂ, ਦੋਪਿਹਰ ਦਾ ਵਿਚਕਾਰੋਂ `ਤੇ ਸ਼ਾਮ ਦਾ ਪੰਨੇ ਦੇ ਹੇਠੋਂ।
ਇਸ ਤਰ੍ਹਾਂ ਇਸ ਦਾ ਵੱਡਾ ਮਹਤੱਵ ਦਸ ਕੇ, ਸੰਗਤਾਂ ਨੂੰ ਗੁਮਰਾਹ ਕੀਤਾ ਜਾ ਰਿਹਾ ਹੈ ਅਤੇ ਹੋਰ ਵੀ
ਬਹੁਤ ਕੁਝ।
ਮੁੱਕਦੀ ਗਲ, ਹੁਕਮਨਾਮਾ ਕਰਮ-ਕਾਂਡ ਨਹੀਂ ਜਿਵੇਂ ਕਿ ਅਜ ਹੋਇਆ ਪਿਆ ਹੈ।
‘ਹੁਕਮ’ ਲੈਣਾ ਸਿੱਖ ਲਈ ਹਰ ਸਮੇਂ ਬਾਣੀ ਸਿਖਿਆ `ਚ ਜੀਉਣ ਲਈ ਚੇਤਾਵਨੀ ਹੈ ਅਤੇ ਪ੍ਰਕਾਸ਼-ਸਮਾਪਤੀ
ਸਮੇਂ ਗੁਰਬਾਣੀ ਸਤਿਕਾਰ ਦਾ ਸੂਚਕ ਵੀ ਹੈ।