ਭਾਗ ਛੇਵਾਂ
ਆਤਮਾ ਦੇ ਨਾਂ `ਤੇ ਪੁਜਾਰੀ ਦੀ ਲੁੱਟ
‘ਆਤਮਾ’ ਦੇ ਸਬੰਧੀ ਰੋਲ਼ ਘਚੋਲ਼ਾ ਕਿਉਂ ਪਿਆ ਹੈ? ਪਹਿਲਾ ਕਾਰਨ ਤਾਂ ਇਹ ਹੈ
ਕਿ ਅਸੀਂ ਗੁਰਬਾਣੀ ਦੇ ਕੇਵਲ ਅੱਖਰੀਂ ਅਰਥ ਹੀ ਲਏ ਹਨ ਦੂਜਾ ਗੁਰਬਾਣੀ ਦੀ ਵਿਆਖਿਆ ਵੇਦਾਂਤ, ਜੋਗ,
ਤੇ ਬ੍ਰਹਾਮਣੀ ਕਰਮ-ਕਾਂਡ ਦੇ ਅਧਾਰਤ ਕੀਤੀ ਹੈ, ਤੀਜਾ ਜਿਸ ਤਰ੍ਹਾਂ ਬਾਕੀ ਧਰਮ ਆਤਮਾ ਸਬੰਧੀ ਖ਼ਿਆਲ
ਰੱਖਦੇ ਹਨ ਕੁੱਝ ਓਸੇ ਤਰ੍ਹਾਂ ਹੀ ਅਸੀਂ ਦੇਖਣ ਦਾ ਯਤਨ ਕੀਤਾ ਹੈ। ਚੌਥਾ ਸਾਡੀ ਰੋਜ਼-ਮਰਾ ਦੀ
ਜ਼ਿੰਦਗੀ ਵਿੱਚ ਧਾਰਮਿਕ ਅਸਥਾਨਾਂ `ਤੇ ਜਾਂ ਜਦੋਂ ਕਦੇ ਵੀ ਕਿਸੇ ਦੇ ਨਮਿੱਤ ਅੰਤਮ ਅਰਦਾਸ ਹੁੰਦੀ ਹੈ
ਤਾਂ ਧਾਰਮਿਕ ਪੁਜਾਰੀ ਇਹੀ ਆਖਦਾ ਹੈ ਕਿ ਇਸ ਵਿਛੜੀ ਆਤਮਾ ਨੂੰ ਆਪਣੇ ਚਰਨਾ ਵਿੱਚ ਨਿਵਾਸ ਦੇਣਾ ਜੀ
ਜਦ ਕਿ ਪਰਮਾਤਮਾ ਦੀ ਤਾਂ ਕੋਈ ਮੂਰਤ ਹੀ ਨਹੀਂ ਫਿਰ ਚਰਨ ਕਿਸ ਤਰ੍ਹਾਂ ਹੋ ਸਕਦੇ ਹਨ? ਅਜੇਹੇ ਸ਼ਬਦਾਂ
ਨਾਲ ਆਮ ਲੁਕਾਈ ਨੂੰ ਇਹ ਭੁਲੇਖਾ ਪੈ ਗਿਆ ਹੈ ਕਿ ਮਨੁੱਖ ਦੀ ਆਤਮਾ ਭਟਕਦੀ ਰਹਿੰਦੀ ਹੈ। ਧਾਰਮਿਕ
ਰੀਤੀਆਂ ਕਰਾਉਣ ਨਾਲ ਆਤਮਾ ਸਿੱਧੀ ਰੱਬ ਜੀ ਦੇ ਪਾਸ ਪਾਹੁੰਚ ਜਾਂਦੀ ਹੈ।
‘ਮਸਕਟ’ ਵਿੱਚ ਬਹੁਤ ਹੀ ਜਾਗੀ ਹੋਈ ਸੰਗਤ ਹੈ ਕਿਉਂਕਿ ਉਥੋਂ ਦੀ ਸੰਗਤ ਨੇ
ਹਮੇਸ਼ਾਂ ਸਿਧਾਂਤਿਕ ਪਰਚਾਰਕਾਂ ਨੂੰ ਹੀ ਤਰਜੀਹ ਦਿੱਤੀ ਹੈ। ਵੀਰ ਗੁਰਿੰਦਰ ਸਿੰਘ ਜੀ ਦੀ ਮੋਟਰ-ਗੱਡੀ
ਵਿੱਚ ਬੈਠਿਆਂ ਇੱਕ ਕੈਸਟ ਵੱਜ ਰਹੀ ਸੀ, ਜੋ ਕਿ ਪੰਥ ਦੇ ਉੱਚ-ਕੋਟੀ ਦੇ ਕਥਾ ਵਾਚਕ ਦੀ ਸੀ, ਜਿਸ
ਵਿੱਚ ਇਹ ਉਹ ਕਹਿ ਰਹੇ ਸਨ ਕਿ ਭੈੜੀਆਂ ਆਤਮਾਂਵਾਂ ਅਕਾਸ਼ ਵਿੱਚ ਉੱਡਦੀਆਂ ਰਹਿੰਦੀਆਂ ਹਨ ਤੇ ਜਦੋਂ
ਉਹਨਾਂ ਨੂੰ ਭੈੜੀ ਮਾਂ ਮਿਲ ਜਾਂਦੀ ਹੈ ਤੇ ਓਦੋਂ ਹੀ ਉਹਨਾਂ ਦਾ ਜਨਮ ਹੁੰਦਾ ਹੈ। ਸਰਦਾਰ ਹਰਚਰਨ
ਸਿੰਘ ਸੈਣੀ ਤੇ ਸਰਦਾਰ ਸੁਖਦੇਵ ਸਿੰਘ ਨਾਲ ਬੈਠੇ ਹੋਏ ਸਨ, ਤਦ ਉਹਨਾਂ ਸਾਰਿਆਂ ਨਾਲ ਵਿਚਾਰ ਕਰਦਿਆਂ
ਇੱਕ ਗੱਲ ਸਾਹਮਣੇ ਆਈ ਕਿ ਇਹ ਸਿਧਾਂਤ ਸਾਰੀ ਦੁਨੀਆਂ `ਤੇ ਲਾਗੂ ਨਹੀਂ ਹੋ ਸਕਦਾ। ਕੋਈ ਮਾਂ ਨਹੀਂ
ਚਾਹੁੰਦੀ ਕਿ ਮੇਰਾ ਪੁੱਤਰ ਭੈੜਾ ਨਿਕਲੇ। ਹੁਣ ਪ੍ਰਿਥੀਚੰਦ ਨੂੰ ਸਾਰਾ ਸਿੱਖ ਜਗਤ ਇਤਿਹਾਸ ਵਿੱਚ
ਘਿਰਣਤ ਨਿਗਾਹ ਨਾਲ ਦੇਖਦਾ ਹੈ ਕਿਉਂਕਿ ਗੁਰੂ ਅਰਜਨ ਪਾਤਸ਼ਾਹ ਦੀ ਸ਼ਹਾਦਤ ਵਿੱਚ ਉਸ ਦਾ ਬਹੁਤ ਵੱਡਾ
ਰੋਲ ਹੈ। ਕੀ ਮਾਂ ਭਾਨੀ ਤੇ ਇਹ ਗੱਲ ਲਾਗੂ ਹੋ ਸਕਦੀ ਹੈ? ਮਾਂ ਭਾਨੀ ਜੀ ਨੇ ਗੁਰੂ ਅਰਜਨ ਪਾਤਸ਼ਾਹ
ਨੂੰ ਜਨਮ ਦਿੱਤਾ ਹੈ ਤੇ ਪ੍ਰਿਥੀਚੰਦ ਨੂੰ ਵੀ ਜਨਮ ਦਿੱਤਾ ਹੈ। ਦਰ-ਅਸਲ ਧਰਮ ਦੀ ਦੁਨੀਆਂ ਵਿੱਚ ਇਹ
ਵਿਤੋਂ ਵੱਧ ਗਪੌੜੇ ਹਨ।
ਦੂਸਰਾ ਸਿੱਖ ਧਰਮ ਵਿੱਚ ਵੀ ਕੁੱਝ ਐਸਾ ਹੀ ਹੋ ਗਿਆ ਹੈ ਕੁੱਝ ਸ਼ਬਦ ਅਜੇਹੇ
ਪੜ੍ਹੇ ਗਏ ਜਿਨ੍ਹਾਂ ਦਾ ਭਾਵ ਅਰਥ ਤਾਂ ਕੋਈ ਹੋਰ ਨਿਕਲਦਾ ਸੀ ਪਰ ਉਹ ਜਾਣ ਬੁਝ ਕਿ ਮ੍ਰਿਤਕ ਮਨੁੱਖ
ਨਾਲ ਸਬੰਧਿਤ ਕਰ ਦਿੱਤੇ ਗਏ ਜਿਸ ਨਾਲ ਆਮ ਮਨੁੱਖ ਨੂੰ ਇਹ ਭੁਲੇਖਾ ਪੈ ਗਿਆ ਕਿ ਜ਼ਰੂਰ ਦਾਨ ਪੁੰਨ
ਕਰਨ ਨਾਲ ਅਗਲ਼ਾ ਮਨੁੱਖਾ ਜਨਮ ਚੰਗਾ ਮਿਲ ਜਾਏਗਾ। ਜਿਸ ਤਰ੍ਹਾਂ ---
ਬਾਬਾ, ਅਬ ਨ ਬਸਉ ਇਹ ਗਾਉ॥
ਇਸ ਤੋਂ ਇਹ ਪ੍ਰਭਾਵ ਲਿਆ ਗਿਆ ਕਿ ਆਦਮੀ ਕਹਿ ਰਿਹਾ ਹੈ ਕਿ
ਹੇ ਬਾਬਾ! ਮੈਂ ਹੁਣ ਇਸ ਪਿੰਡ ਵਿੱਚ ਨਹੀਂ ਰਹਿਣਾ ਚਾਹੁੰਦਾ ਕਿਉਂਕਿ ਏੱਥੇ ਮੇਰੇ ਪਾਸੋਂ ਹਰ ਵੇਲੇ
ਲੇਖਾ ਮੰਗਿਆ ਜਾਂਦਾ ਹੈ ਪਰ ਮੈਂ ਲੇਖਾ ਦੇਣ ਲਈ ਤਿਆਰ ਨਹੀਂ ਹਾਂ ਪੂਰਾ ਸ਼ਬਦ ਇਸ ਪ੍ਰਕਾਰ ਹੈ –
ਦੇਹੀ ਗਾਵਾ, ਜੀਉ ਧਰ ਮਹਤਉ, ਬਸਹਿ ਪੰਚ ਕਿਰਸਾਨਾ॥
ਨੈਨੂ ਨਕਟੂ ਸ੍ਰਵਨੂ ਰਸਪਤਿ, ਇੰਦ੍ਰੀ ਕਹਿਆ ਨ ਮਾਨਾ॥ 1॥
ਬਾਬਾ, ਅਬ ਨ ਬਸਉ ਇਹ ਗਾਉ॥
ਘਰੀ ਘਰੀ ਕਾ ਲੇਖਾ ਮਾਗੈ, ਕਾਇਥੁ ਚੇਤੂ ਨਾਉ॥ 1॥ ਰਹਾਉ॥
ਧਰਮ ਰਾਇ ਜਬ ਲੇਖਾ ਮਾਗੈ, ਬਾਕੀ ਨਿਕਸੀ ਭਾਰੀ॥
ਪੰਚ ਕ੍ਰਿਸਾਨਵਾ ਭਾਗਿ ਗਏ, ਲੈ ਬਾਧਿਓ ਜੀਉ ਦਰਬਾਰੀ॥ 2॥
ਕਹੈ ਕਬੀਰੁ, ਸੁਨਹੁ ਰੇ ਸੰਤਹੁ, ਖੇਤ ਹੀ ਕਰਹੁ ਨਿਬੇਰਾ॥
ਅਬ ਕੀ ਬਾਰ ਬਖਸਿ ਬੰਦੇ ਕਉ, ਬਹੁਰਿ ਨ ਭਉਜਲਿ ਫੇਰਾ॥ 3॥
ਬਾਣੀ ਕਬੀਰ ਜੀ ਕੀ ਰਾਗ ਮਾਰੂ ਪੰਨਾ ੧੧੦੪—
ਰਹਾਉ ਦੀਆਂ ਤੁਕਾਂ ਵਿੱਚ ਸ਼ੁਧ ਅੰਤਹਕਰਣ ਦੀ ਗੱਲ ਕੀਤੀ ਗਈ ਹੈ।
“ਬਾਬਾ ਅਬ ਨ ਬਸਉ ਇਹ ਗਾਉ”
ਮਨ ਦੀ ਸੋਚ ਕਹਿ ਰਹੀ ਹੈ ਕਿ, ਮੈਂ ਇਸ ਪਿੰਡ ਵਿੱਚ ਨਹੀਂ ਰਹਿਣਾ ਭਾਵ ਵਿਕਾਰਾਂ ਵਾਲੀ ਸੋਚਣੀ ਛੱਡ
ਦਿੱਤੀ ਹੈ। ਮੇਰੇ ਪਿੰਡ ਦੇ ਵਾਸੀ ਭਾਵ ਗਿਆਨ ਇੰਦ੍ਰੇ ਮੈਨੂੰ ਹਰ ਵੇਲੇ ਵਿਕਾਰਾਂ ਵਲ ਨੂੰ ਪ੍ਰੇਰਦੇ
ਰਹਿੰਦੇ ਹਨ। ਘੜੀ-- ਮੁੜੀ ਅੰਦਰਲੀ ਭੈੜੀ ਭਾਵਨਾ ਬਾਹਰ ਪ੍ਰਗਟ ਹੁੰਦੀ ਰਹਿੰਦੀ ਹੈ। `ਚੇਤੂ’
ਚਿੱਤਰ-ਗੁਪਤ ਭਾਵ ਮਨ ਦੀਆਂ ਮਲੀਨ ਸੋਚਾਂ ਹਰ ਵੇਲੇ ਬਾਹਰਲੇ ਸੁਭਾਅ ਵਿੱਚ ਚਿੱਤਰ ਦਾ ਰੂਪ ਧਾਰਨ
ਕਰਦੀਆਂ ਹਨ। ‘ਅਬ ਨ ਬਸਉ ਗਾਉ’ –ਵਿਕਾਰਾਂ ਵਾਲੇ ਮੁਲਕ ਵਿੱਚ ਨਹੀਂ ਰਹਿਣਾ ਭਾਵ ਵਿਕਾਰਾਂ ਵਲੋਂ
ਕਿਨਾਰਾ ਕਰ ਲਿਆ ਹੈ।
ਸਰੀਰ ਪਿੰਡ ਵਿੱਚ ਰਹਿਣ ਵਾਲੇ ਕ੍ਰਿਸਾਨ ਭਾਵ ਗਿਆਨ ਇੰਦਰੇ ਹਮੇਸ਼ਾਂ
ਵਿਕਾਰਾਂ ਵਲ ਨੂੰ ਪ੍ਰੇਰਦੇ ਰਹਿੰਦੇ ਹਨ ਤੇ ਮੇਰਾ ਕਿਹਾ ਵੀ ਨਹੀਂ ਮੰਨਦੇ। ਕਾਮ ਵਾਸ਼ਨਾ ਵਾਲੀ
ਇੰਦ੍ਰੀ ਦਾ ਵੀ ਏਹੀ ਹਾਲ ਹੈ। ਸ਼ੁਭ ਮਤ `ਤੇ ਭੈੜੀ ਮਤ ਆਪਣਾ ਪ੍ਰਭਾਵ ਦੇਣਾ ਚਾਹੁੰਦੀ ਹੈ।
“ਧਰਮਰਾਇ ਜਬ ਲੇਖਾ ਮਾਗੈ”
— ‘ਧਰਮਰਾਇ’ ਸ਼ਬਦ ਆਉਣ ਨਾਲ ਇੰਜ ਮਹਿਸੂਸ ਹੁੰਦਾ ਹੈ ਕਿ ਜਿਵੇਂ ਉਪਰ ਅਸਮਾਨ `ਤੇ ਕੋਈ ਦਰਬਾਰ ਹੈ
ਜਿਸ ਵਿੱਚ ਸਾਡੇ ਪਾਸੋਂ ਲੇਖਾ ਮੰਗਿਆ ਜਾਣਾ ਹੈ। ਜਦੋਂ ਸਰੀਰ ਏੱਥੇ ਸਾੜ ਦਿੱਤਾ ਜਾਂ ਰੋੜ ਦਿੱਤਾ
ਜਾਂ ਜ਼ਮੀਨ ਵਿੱਚ ਦੱਬ ਦਿੱਤਾ ਤਾਂ ਲੇਖਾ ਕਿਸ ਨੇ ਦੇਣਾ ਹੈ। ਦਰ-ਅਸਲ ਧਰਮਰਾਇ ਸਾਡੇ ਅੰਦਰ ਹੀ ਬੈਠਾ
ਹੋਇਆ ਹੈ ‘ਸ਼ੁਭ ਅੰਤਹਕਰਣ’ ਦੇ ਰੂਪ ਵਿਚ, ਪਰ ਜਦ ਮੈਂ ਸ਼ੁਭ ‘ਅੰਤਹਕਰਣ’ ਨਾਲ ਫੈਸਲਾ ਕਰਾਂਗਾ ਕੇ
ਕੌਣ ਚੰਗਾ ਹੈ ਤੇ ਕੌਣ ਮਾੜਾ ਹੈ ਤਾਂ ਨਤੀਜਾ ਏਹੀ ਨਿਕਲਣਾ ਹੈ ਇਹਨਾਂ ਵਿਕਾਰਾਂ ਮੈਨੂੰ ਸਾਥ ਨਹੀਂ
ਦੇਣਾ। “ਲੈ ਬਾਧਿਓ ਜੀਉ ਦਰਬਾਰੀ” ਸੱਚ ਦੇ ਸਾਹਮਣੇ ਜੁਆਬ ਦੇਣਾ ਹੈ ਪਰ ਝੂਠ ਕਦੇ ਵੀ ਸਾਥ ਨਹੀਂ
ਦੇਂਦਾ।
ਕਬੀਰ ਜੀ ਸਦੀਵ-ਕਾਲ ਸੁਨੇਹਾਂ ਦੇਂਦੇ ਹਨ ਕਿ ਅੱਜ ਦੇ ਜੀਵਨ ਵਿੱਚ ਫੈਸਲਾ
ਕਰੀਏ ਕਿ ਅਸੀਂ ਇਹਨਾਂ ਗਿਆਨ ਇੰਦ੍ਰਿਆਂ ਦੀਆਂ ਮਾੜੀਆਂ ਸੋਚਾਂ ਤੋਂ ਛੁਟਕਾਰਾ ਗੁਰ-ਉਪਦੇਸ਼ ਦੁਆਰਾ
ਪਾਉਣਾ ਹੈ। ਤਾਂ ਕਿ ਆਤਮਿਕ ਗੁਣਾਂ ਦੇ ਪੰਜ ਕਿਰਸਾਨ ਲੁਟੇਰੇ ਮੁੜ ਕੇ ਸਾਨੂੰ ਲੁੱਟ ਕੇ ਨਾ ਲੈ ਜਾਣ
–
“ਅਬ ਕੀ ਬਾਰ ਬਖਸਿ ਬੰਦੇ
ਕਉ, ਬਹੁਰਿ ਨ ਭਉਜਲਿ ਫੇਰਾ”॥
ਹੁਣ ਸਾਨੂੰ ਬਖ਼ਸ਼ੋ, ਸੁਮੱਤ ਦਿਓ—ਜਨੀ ਕਿ ਸਚਿਆਰ
ਬਣਨ ਲਈ ਅੱਜ ਦੇ ਜੀਵਨ ਵਿੱਚ ਆਤਮਿਕ ਗਿਆਨ ਨੂੰ ਇਕੱਠਾ ਕਰਨਾ—ਜਿਸ ਨਾਲ ਮੁੜ ਕਿ ਵਿਕਾਰਾਂ ਦੇ ਰਾਹ
`ਤੇ ਨਾ ਤੁਰਿਆ ਜਾਏ।
ਧਰਮ ਦੀ ਦੁਨੀਆਂ ਵਿੱਚ ਇਹ ਖ਼ਿਆਲ ਭਰਿਆ ਗਿਆ ਹੈ ਕਿ ਇਸ ਜ਼ਮੀਨ ਤੋਂ ਬਿਨਾ
ਇੱਕ ਹੋਰ ਸਵਰਗ ਤੇ ਨਰਕ ਹੈ। ਜਿਸ `ਤੇ ਬੈਠ ਕੇ ਧਰਮਰਾਜ ਸਾਡੇ ਕੀਤੇ ਹੋਏ ਕੰਮਾਂ ਦਾ ਨਿਪਟਾਰਾ
ਕਰਦਾ ਹੈ, ਪਰ ਇਹ ਗੱਲ ਤਾਂ ਆਪਾਂ ਸਮਝ ਲਈ ਹੈ ਕਿ ਜੇ ਮ੍ਰਿਤਕ ਸਰੀਰ ਨੂੰ ਏੱਥੇ ਹੀ ਸੰਭਾਲ਼ ਲਿਆ
ਜਾਂਦਾ ਹੈ ਤਾਂ ਫਿਰ ਲੇਖਾ ਕਿਸ ਸਰੀਰ ਦੁਆਰਾ ਹੋਣਾ ਹੈ? ਮ੍ਰਿਤਕ ਪ੍ਰਾਣੀ ਦੀਆਂ ਜੋ ਰਸਮਾਂ ਕੀਤੀਆਂ
ਜਾਂਦੀਆਂ ਹਨ ਇਹ ਪਿੱਛਲੇ ਰਹਿ ਰਹੇ ਪਰਵਾਰ ਨੂੰ ਢਾਰਸ ਦੇਣ ਲਈ ਹੁੰਦੀਆਂ ਹਨ। ਜੇ ਹਰਿਦੁਆਰ ਦੀ
ਧਰਤੀ `ਤੇ ਪਾਣੀ ਮਰੇ ਹੋਏ ਪਿੱਤਰਾਂ ਨੂੰ ਨਹੀਂ ਪਾਹੁੰਚ ਸਕਦਾ ਤਾਂ ਫਿਰ ਸਾਡੇ ਦਿੱਤੇ ਹੋਏ ਬਿਸਤਰੇ
ਵੀ ਮਰੇ ਹੋਏ ਅਦਮੀ ਪਾਸ ਨਹੀਂ ਪਾਹੁੰਚ ਸਕਦੇ। ਧਰਮ ਦੀ ਦੁਨੀਆਂ ਵਿੱਚ ਮ੍ਰਿਤਕ ਨੂੰ ਸਵਰਗ ਵਿੱਚ
ਪਾਹਚੁੰਣ ਲਈ ਤੇ ਨਰਕ ਤੋਂ ਬਚਾਉਣ ਲਈ ਪੁਜਾਰੀ ਨੇ ਇੱਕ ਮੱਕੜੀ ਜਾਲ ਬੁਣਿਆ ਹੋਇਆ ਹੈ ਜਿਸ ਵਿੱਚ
ਅਸੀਂ ਸਾਰੇ ਹੀ ਫਸੇ ਪਏ ਹਾਂ।
ਵਿੰਆਗਤਮਿਕ ਢੰਗ ਨਾਲ ਮਨੁੱਖਤਾ ਨੂੰ ਸਮਝਾਉਣ ਲਈ ਸਿਆਣਿਆਂ ਲੋਕਾਂ ਨੇ ਕਈ
ਟੋਟਕੇ ਵੀ ਸੁਣਾਏ ਪਰ ਅਜੇਹਿਆਂ ਟੋਟਕਿਆਂ ਨੂੰ ਬਹੁਤ ਘੱਟ ਲੋਕਾਂ ਨੇ ਸਮਝਿਆ ਹੈ। ਕਹਿੰਦੇ ਨੇ ਇੱਕ
ਜ਼ਿੰਮੀਦਾਰ ਦਾ ਪਿਤਾ ਚੜ੍ਹਾਈ ਕਰ ਗਿਆ। ਪਰਵਾਰ ਨੇ ਔਖਿਆਂ ਸੁਖਾਲ਼ਿਆਂ ਹੋ ਕੇ ਸਾਰੀਆਂ ਰਸਮਾਂ
ਪੂਰੀਆਂ ਕੀਤੀਆਂ। ਇੱਕ ਦਿਨ ਘਰ ਵਿੱਚ ਬੈਠਿਆਂ ਪੰਡਤਾਣੀ ਕਹਿਣ ਲੱਗੀ, ਕਿ “ਪੰਡਤ ਜੀ ਦੁੱਧ ਦੀ
ਬਹੁਤ ਘਾਟ ਹੈ ਕੋਈ ਮਾਰੋ ਖ਼ਾਂ ਰੇਖ ਵਿੱਚ ਮੇਖ਼ ਕਿ ਘਰ ਵਿੱਚ ਦੁੱਧ ਦੀਆਂ ਲਹਿਰਾਂ ਬਹਿਰਾਂ ਹੋ
ਜਾਣ”। ਅਜੇ ਮਹੀਨਾ ਕੁ ਲੰਘਿਆ ਸੀ ਕਿ ਪੰਡਿਤ ਜੀ ਨੇ ਦੇਖਿਆ ਕਿ ਜ਼ਿੰਮੀਦਾਰ ਦੇ ਘਰ ਸੱਜਰੀ ਗਊ ਸੂਈ
ਹੈ ਤੇ ਕਿਉਂ ਨਾ ਕੋਈ ਢੰਗ ਤਰੀਕਾ ਵਰਤ ਕੇ ਇਸ ਗਊ ਨੂੰ ਆਪਣੇ ਘਰ ਲਿਆਂਦਾ ਜਾਏ। ਇੱਕ ਦਿਨ ਪੰਡਿਤ
ਜੀ ਸਵੇਰ ਦੀ ਪੂਜਾ ਪਾਠ ਤੋਂ ਵਿਹਲੇ ਹੋ ਜ਼ਿੰਮੀਦਾਰ ਦੇ ਘਰ ਚੱਲਿਆ ਗਇਆ ਤੇ ਕਹਿਣ ਲੱਗਾ, “ਬਘੇਲਾ
ਸਿੰਆਂ ਅੱਜ ਰਾਤ ਮੈਨੂੰ ਸੁਪਨਾ ਆਇਆ, ਭਈ ਤੁਹਾਡਾ ਬਾਪੂ ਵੈਤਰਣੀ ਨਦੀ ਦੇ ਕਿਨਾਰੇ ਬੈਠਾ ਹੋਇਆ ਹੈ।
ਉਸ ਵਿਚਾਰੇ ਪਾਸ ਕੋਈ ਸਾਧਨ ਨਹੀਂ ਹੈ ਵੈਤਰਣੀ ਨਦੀ ਨੂੰ ਪਾਰ ਕਰਨ ਲਈ”। ਬਘੇਲਾ ਸਿੰਘ ਸੋਚੀਂ ਪੈ
ਗਿਆ ਤੇ ਪੱਛਣ ਲੱਗਾ, “ਮਿਸਰ ਜੀ ਕੋਈ ਉਪਾਅ ਹੈ ਕਿ ਸਾਡਾ ਬਾਪੂ ਉਸ ਭੈੜੀ ਨਦੀ ਤੋਂ ਪਾਰ ਹੋ ਜਾਏ”।
ਮਿਸਰ ਜੀ ਨੇ ਮੌਕਾ ਤਾੜਦਿਆਂ ਬਹੁਤ ਹੀ ਮਸੂਮਤਾ ਦੇ ਲਹਿਜੇ ਵਿੱਚ ਆਉਂਦਿਆਂ ਤੇ ਆਪਣੇ ਵਲੋਂ ਪੂਰੀ
ਹਮਦਰਦੀ ਦਿਖਾਉਂਦਿਆਂ ਕਹਿਣ ਲੱਗਾ, “ਭਈ ਕੰਮ ਤੇ ਹੈ ਬਹੁਤ ਮੁਸ਼ਕਲ ਕਿਉਂ ਕਿ ਪਹਿਲਾਂ ਕਿਤੇ ਦਾਨ
ਪੁੰਨ ਵਿੱਚ ਜ਼ਰੂਰ ਕੋਈ ਘਾਟ ਰਹਿ ਗਈ ਜਾਪਦੀ ਹੈ, ਪਰ ਚਲੋ ਗਵਾਂਢ ਮੱਥਾ ਹੈ ਫਿਰ ਵੀ ਕੋਈ ਨਾ ਕੋਈ
ਉਪਾਅ ਕਰ ਹੀ ਲੈਂਦੇ ਹਾਂ”। ਬਘੇਲਾ ਸਿੰਘ ਨੇ ਕਿਹਾ ਕਿ “ਮਿਸਰ ਜੀ ਛੇਤੀ ਕੋਈ ਉਪਾਅ ਦੱਸੋ ਤਾਂ ਕਿ
ਬਾਪੂ ਜੀ ਭੈੜੀ ਨਦੀ ਤੋਂ ਪਾਰ ਹੋ ਸਕਣ”। ਲੋਹਾ ਗਰਮ ਹੋਇਆ ਦੇਖ ਕੇ ਪੰਡਤ ਨੇ ਕਿਹਾ ਕਿ “ਜੇ ਸੱਜਰ
ਸੂਈ ਹੋਈ ਗਊ ਦਾਨ ਦਿੱਤੀ ਜਾਏ ਤਾਂ ਉਸ ਦੀ ਪੂਛਲ਼ ਫੜ ਕੇ ਬੈਤਰਣੀ ਨਦੀ ਤੋਂ ਪਾਰ ਹੋਇਆ ਜਾ ਸਕਦਾ
ਹੈ”। ਮਰਦਾ ਕੀ ਨਾ ਕਰਦਾ ਵਿਚਾਰੇ ਜ਼ਿੰਮੀਦਾਰ ਨੇ ਸੱਜਰ ਸੂਈ ਗਊ ਦਾ ਰੱਸਾ ਪੰਡਿਤ ਜੀ ਨੂੰ ਫੜਾ
ਦਿੱਤਾ।
ਪੰਜ ਸੱਤ ਦਿਨ ਲੰਘ ਗਏ, ਪੰਡਤ (ਕਿਸੇ ਵੀ ਧਰਮ ਦਾ ਕਰਮ-ਕਾਂਡੀ ਪੁਜਾਰੀ) ਦੇ
ਘਰ ਗਊ ਮਾਤਾ ਆਉਣ ਨਾਲ ਖੁਸ਼ੀ ਪਰ ਜ਼ਿੰਮੀਦਾਰ ਦਾ ਘਰ ਭਾਂਅ—ਭਾਂਅ ਕਰੇ। ਇੱਕ ਦਿਨ ਜ਼ਿੰਮੀਦਾਰ ਆਪਣੇ
ਲੜਕੇ ਨੂੰ ਨਾਲ ਲੈ ਕੇ ਪੰਡਿਤ ਦੇ ਘਰ ਚੱਲਾ ਗਿਆ ਤੇ ਪੁੱਛਣ ਲੱਗਾ, “ਸਣਾਓ ਪੰਡਿਤ ਜੀ ਸਾਡੇ ਬਾਪੂ
ਜੀ ਦਾ ਕੀ ਹਾਲ ਜੇ, ਉਹ ਨਦੀ ਨੂੰ ਪਾਰ ਕਰ ਗਏ ਹਨ ਜਾਂ ਅਜੇ ਕੰਢੇ `ਤੇ ਹੀ ਇੰਤਜ਼ਾਰ ਕਰ ਰਹੇ ਹਨ”,
ਅਗੋਂ ਪੰਡਿਤ ਜੀ ਕਹਿਣ ਲੱਗੇ “ਭਲਿਆ ਉਹ ਉਸੇ ਦਿਨ ਹੀ ਨਦੀ ਨੂੰ ਪਾਰ ਕਰ ਗਏ ਸੀ”। ਜ਼ਿੰਮੀਦਾਰ ਕਹਿਣ
ਲੱਗਾ, “ਪੰਡਤ ਜੀ ਇਹ ਕੰਮ ਬਾਰ ਬਾਰ ਨਹੀਂ ਹੁੰਦੇ, ਦੇਖਿਓ ਕਿਤੇ ਬਾਪੂ ਸਾਡਾ ਓਰੇ ਹੀ ਨਾ ਬੈਠਾ
ਰਹੇ”। ਪੰਡਤ ਜੀ ਗਊ ਮਾਤਾ ਦੀ ਕਸਮ ਖਾ ਕੇ ਕਹਿਣ ਲੱਗਾ, “ਬਘੇਲਾ ਸਿੰਆਂ ਮੇਰੇ ਤੇ ਯਕੀਨ ਰੱਖ,
ਤੇਰੇ ਪਿਤਾ ਜੀ ਗਊ ਮਾਤਾ ਦੀ ਪੂੱਛਲ ਫੜ ਕੇ ਭੈੜੀ ਨਦੀ ਤੋਂ ਪਾਰ ਹੋ ਗਏ ਹਨ”। ਫਿਰ ਕੀ ਸੀ,
ਜ਼ਿੰਮੀਦਾਰ ਕਹਿਣ ਲੱਗਾ; ਕਿ “ਖੋਹਲ ਓਏ ਮੁੰਡਿਆ ਗਊ ਹੁਣ ਤੇ ਬਾਪੂ ਜੀ ਨਦੀ ਨੂੰ ਪਾਰ ਕਰ ਗਏ ਹਨ
ਹੁਣ ਪੰਡਿਤ ਨੇ ਗਊ ਕੀ ਕਰਨੀ ਹੈ”। ਪੰਡਤ ਵਿਚਾਰਾ ਹੱਥ ਹੀ ਮਲ਼ਦਾ ਰਹਿ ਗਿਆ।
ਨਿਰੇ ਪੰਡਿਤ ਦੀ ਗੱਲ ਨਹੀਂ ਸਿੱਖ ਧਰਮ ਵਿੱਚ ਬਹੁਤ ਸਾਰੀਆਂ ਘਟਨਾਵਾਂ
ਬਾਹਰਲੇ ਅੰਦਰਲੇ ਮੁਲਕ ਵਿੱਚ ਸਾਨੂੰ ਦੇਖਣ ਨੂੰ ਮਿਲ ਜਾਂਦੀਆਂ ਹਨ ਕਿ ਘਰ ਵਿੱਚ ‘ਆਤਮਾ’ ਤੁਰੀ
ਫਿਰਦੀ ਨਜ਼ਰ ਆਉਂਦੀ ਉਸ ਦੇ ਉਪਾਅ ਲਈ ਦੁਬਾਰਾ ਪਾਠ ਕਰਾਇਆ ਜਾਏ ਤਾਂ ਕਿ ਘਰ ਵਿੱਚ ਸੁੱਖ ਸ਼ਾਤੀ ਰਹਿ
ਸਕੇ। ਗੱਲ ਕੀ ‘ਆਤਮਾ’ ਨੂੰ ਪਰਮਾਤਮਾ ਦੇ ਪਾਸ ਪਹੁੰਚਾਣ ਦਾ ਅੱਜ ਧਰਮਾਂ ਦੀ ਦੁਨੀਆਂ ਅੰਦਰ
ਕ੍ਰਿਤੀਆਂ ਦਾ ਸ਼ੋਸ਼ਣ ਕੀਤਾ ਗਿਆ ਤੇ ਕੀਤਾ ਜਾ ਹੈ। ਅਸੀਂ ਗੁਰਬਾਣੀ ਦੇ ਪਵਿੱਤਰ ਸਿਧਾਂਤ ਨੂੰ
ਬ੍ਰਹਾਮਣੀ ਗ਼ਲੇਫ ਚਾੜ ਕੇ ਪੇਸ਼ ਕਰਨ ਵਿੱਚ ਬਹੁਤ ਫ਼ਕਰ ਮਹਿਸੂਸ ਕਰਦੇ ਹਾਂ ਕਿਉਂਕਿ ਗੁਰਬਾਣੀ ਦੀ
ਸਿਧਾਂਤਿਕ ਵਿਚਾਰ ਤੋਂ ਅਸੀਂ ਦੂਰੀ ਬਣਾਈ ਬੈਠੇ ਹਾਂ। ਬਹੁਤ ਸਾਰੇ ਸ਼ਬਦਾਂ ਨੂੰ ਅਸੀਂ ਮ੍ਰਿਤਕ ਜਾਂ
ਖੁਸ਼ੀ ਨਾਲ ਜੋੜ ਕੇ ਗੁਰਬਾਣੀ ਸਿਧਾਂਤ ਨਾਲ ਖਿਲਵਾੜ ਕਰ ਰਹੇ ਹਾਂ। ਸਾਰੀ ਗੁਰਬਾਣੀ ਮਨੁੱਖਤਾ ਨੂੰ
ਜੀਵਨ ਜਾਚ ਦਾ ਸੁਨੇਹਾਂ ਦੇਂਦੀ ਹੈ—ਮੋਟੇ ਤੋਰ `ਤੇ ਸੁਆਸ ਨਾਲ ਸੁਆਸ ਨਾਲ ਰਲ਼ ਜਾਂਦੇ ਹਨ ਤੇ ਮਿੱਟੀ
ਨਾਲ ਮਿੱਟੀ ਰਲ਼ ਜਾਂਦੀ ਹੈ –
ਪਵਨੈ ਮਹਿ ਪਵਨੁ ਸਮਾਇਆ॥
ਜੋਤੀ ਮਹਿ ਜੋਤਿ ਰਲਿ ਜਾਇਆ॥
ਮਾਟੀ ਮਾਟੀ ਹੋਈ ਏਕ॥
ਰੋਵਨਹਾਰੇ ਕੀ ਕਵਨ ਟੇਕ॥
ਪੰਨਾ ੮੮੫—
ਗੁਰੂ ਦੀ ਮਤ ਨੂੰ ਸਮਝ ਕੇ ਅਸਾਂ ਭਰਮ ਭੁਲੇਖਿਆਂ ਨੂੰ ਦੂਰ ਕਰਨਾ ਹੈ ਤੇ
ਜ਼ਿਉਂਦੇ ਜੀਅ ਅਸਾਂ ਜਨਮ ਮਰਨ ਦੇ ਗੇੜ ਵਿਚੋਂ ਬਾਹਰ ਨਿਕਲਣਾ ਹੈ ----
ਕਹੁ ਨਾਨਕ ਗੁਰਿ ਭਰਮੁ ਚੁਕਾਇਆ॥
ਨਾ ਕੋਈ ਮਰੈ ਨ ਆਵੈ ਜਾਇਆ॥
ਪੰਨਾ ੮੮੫—
‘ਆਤਮਾ’ ਨੂੰ ਸੱਚ ਖੰਡ ਵਿਖੇ ਪਹੁੰਚਾਉਣ ਲਈ ਕੋਈ ਹਰਦੁਆਰ ਨੂੰ ਤੁਰਿਆ ਜਾ
ਰਿਹਾ ਹੈ ਤੇ ਕੋਈ ਕੀਰਤਪੁਰ ਜਾ ਕੇ ਫੁੱਲ ਪਾਣੀ ਵਿੱਚ ਸੁੱਟ ਰਿਹਾ ਹੈ। ਤੇ ਕੋਈ ਮਰੇ ਹੋਏ ਬਜ਼ੁਰਗਾਂ
ਦੀਆਂ ਮੜੀਆਂ ਬਣਾ ਕੇ ਪੂਜਾ ਕਰ ਰਿਹਾ ਹੈ। ਗੁਰੂ ਸਾਹਿਬ ਜੀ ਨੇ ਇਸ ਜੀਵਨ ਵਿੱਚ ‘ਸਚਿਆਰ’ ਬਣਨ ਲਈ
ਕਿਹਾ ਹੈ। ਆਮ ਇੱਕ ਇਹ ਵੀ ਖ਼ਿਆਲ ਦਿੱਤਾ ਜਾਂਦਾ ਹੈ ਕਿ ਜੇ ਅਗਾਂਹ ਕੋਈ ਸਜਾ ਨਹੀਂ ਮਿਲਣੀ ਤਾਂ ਫਿਰ
ਸਾਨੂੰ ਚੰਗੇ ਕੰਮ ਕਰਨ ਦੀ ਕੀ ਲੋੜ ਹੈ। ਇਸ ਦਾ ਅਰਥ ਹੈ ਕਿ ਮਨੁੱਖ ਚੰਗਾ ਬਣਨ ਲਈ ਤਿਆਰ ਹੀ ਨਹੀਂ
ਹੈ ਇਹ ਤੇ ਸਿਰਫ ਦੂਸਰਾ ਜਨਮ ਲੈਣ ਦੇ ਚੱਕਰ ਵਿੱਚ ਹੀ ਫਿਰਦਾ ਹੈ। ਗੁਰਬਾਣੀ ਨੇ ਮੁਹਾਵਰੇ,
ਪ੍ਰਤੀਕ, ਪ੍ਰਚੱਲਤ ਸ਼ਬਦਾਵਲੀ ਲੈ ਕੇ ਹਰ ਤਰ੍ਹਾਂ ਨਾਲ ਮਨੁੱਖਤਾ ਦਾ ਭਲਾ ਕਰਦਿਆ ਸਮਝਾਇਆ ਹੈ ਕਿ ਪਰ
ਅਸੀਂ ਪਰਤੀਕਾਂ ਦੀ ਸ਼ਬਦਾਵਲੀ ਵਿੱਚ ਉਲ਼ਝ ਕੇ ਰਹਿ ਗਏ ਹਾਂ। ਹੁਣ ਫ਼ਰੀਦ ਜੀ ਇੱਕ ਸਲੋਕ ਰਾਂਹੀ ਦੱਸ
ਰਹੇ ਹਨ ਕਿ ਹੇ ਮਨੁੱਖ! ਜੇ ਤੂੰ ਆਪਣੇ ਜੀਵਨ ਵਿੱਚ ਉਸਾਰੂ ਬਿਰਤੀ ਨਾਲ ਕੰਮ ਕਰੇਗਾਂ ਤਾਂ ਤੈਨੂੰ
ਆਉਣ ਵਾਲੇ ਸਮੇਂ ਵਿੱਚ ਵੀ ਸੁਖ ਮਿਲ ਸਕਦਾ ਹੈ --
--
ਫਰੀਦਾ ਅਮਲ ਜਿ ਕੀਤੇ ਦੁਨੀ ਵਿਚਿ, ਦਰਗਹ ਆਏ ਕੰਮਿ॥
ਪਰਮਾਤਮਾ ਦੀ ਦਰਗਾਹ ਹਰ ਮਨੁੱਖ ਦੇ ਹਿਰਦੇ ਵਿੱਚ ਹੈ ਤੇ ਦੂਸਰਾ ਇਸ ਧਰਤੀ
ਦੇ ਹਰ ਜ਼ਰੇ ਜ਼ਰੇ ਵਿੱਚ ਹੈ। ਇਸ ਲਈ ਰੱਬ ਜੀ ਦੀ ਦਰਗਾਹ ਫਿਰ ਸਾਡੇ ਨਾਲੋਂ ਕੋਈ ਵੱਖਰੀ ਨਹੀਂ ਹੈ।
ਏਸੇ ਜੀਵਨ ਵਿੱਚ ਹੀ ਅਮਲ ਕਰਨਾ ਹੈ ਤੇ ਏਸੇ ਜੀਵਨ ਹੀ ਉਹਨਾਂ ਸ਼ੁਭ ਗੁਣਾਂ ਦਾ ਅਸਾਂ ਲਾਭ ਵੀ ਲੈਣਾ
ਹੈ। ਧਰਮ ਦੀ ਦੁਨੀਆਂ ਵਿੱਚ ਸਵਰਗ ਦੀ ਝਾਕ ਰੱਖਣ ਵਾਲਿਆਂ ਦੀ ਭਾਵਨਾ ਦੇ ਬਖੀਏ ਉਧੇੜਦਿਆਂ ਭਗਤ
ਨਾਮਦੇਵ ਜੀ ਨੇ ਬੜਾ ਪਿਆਰਾ ਖ਼ਿਆਲ ਦਿੱਤਾ ਹੈ ---
ਮੂਏ ਹੂਏ ਜਉ ਮੁਕਤਿ ਦੇਹੁਗੇ, ਮੁਕਤਿ ਨ ਜਾਨੈ ਕੋਇਲਾ॥
ਰਾਗ ਮਲਾਰ ਬਾਣੀ ਭਗਤ ਨਾਮਦੇਵ ਜੀ ਕੀ ਪੰਨਾ ੧੨੯੨—