ਦੇਖੋ ਭਾਈ ਇੱਕ ਦਿਨ `ਚ 24 ਘੰਟੇ ਹਨ ਤੇ ਹਰ ਆਦਮੀ ਇੱਕ ਦਿਹਾੜੀ ਵਿੱਚ 24,
000 ਸਵਾਸ ਲੈਂਦਾ ਹੈ। ਇਸੇ ਹੀ ਤਰ੍ਹਾਂ ਬਾਣੀ ‘ਸੁਖਮਨੀ’ ਦੀਆਂ ਚੌਵੀ ਅਸਟਪਦੀਆਂ ਹਨ ਤੇ ਹਰ
ਅਸਟਪਦੀ ਵਿੱਚ 1, 000 ਅੱਖਰ ਹਨ। ਸੋ ਭਾਈ ਦਿਨ ਵਿੱਚ ਇੱਕ ਵਾਰ ‘ਸੁਖਮਨੀ’ ਪੜ੍ਹਨ ਨਾਲ ਤੁਹਾਡੇ
ਸਾਰੇ ਦਿਨ `ਚ ਲਏ ਸਵਾਸ ਸਫਲੇ ਹੋ ਜਾਂਦੇ ਹਨ। ਆਖੋ ਸਤਿਨਾਮ ਸ੍ਰੀ ਵਾਹਿ ਗੁਰੂ। ਸਤਿਨਾਮ ਵਾਹਿ
ਗੁਰੂ ਦੀ ਮੋਹਰ ਲਾ ਕੇ ਬਾਬਿਆਂ ਆਪਣਾ ਗੱਪ ਲੁਕਾਇਆ/ਛੁਪਾਇਆ ਤੇ ਬਾਬੇ ਆਪਣਾ ਖੀਸਾ ਤੁਹਾਡੇ
ਡਾਲਰਾਂ/ਪੌਂਡਾਂ ਨਾਲ ਭਰ ਕੇ ਖਿਸਕਦੇ ਬਣੇ। ਨਾ ਕਿਸੇ ਪੁਛਿਆ ਕਿ ਬਾਬਾ ਜੀ ਬਾਕੀ ਦੇ ਸਾਢੇ ਬਾਈ
ਘੰਟਿਆਂ ਦਾ ਅਸੀਂ ਕੀ ਕਰੀਏ। ਕੀ ਬਾਕੀ ਦੇ 22 ਘੰਟੇ ਤੇ 30 ਮਿੰਟ ਸੱਚ ਬੋਲਣ ਵਾਸਤੇ ਹਨ ਜਾਂ ਝੂਠ
ਬੋਲਣ ਵਾਸਤੇ ਜਾਂ ਕੋਈ ਇਉਂ ਹੀ ਪੁੱਛ ਲੈਂਦਾ ਬਈ ਕੀ ਇਹ ਸਿੱਖ ਸਿਧਾਂਤ ਦੇ ਉਲਟ ਤਾਂ ਨਹੀਂ ਜਾਂਦਾ
ਜੋ ਤੁਸੀਂ ਬੋਲਿਆ ਹੈ।
ਦਮਦਮੀ ਟਕਸਾਲ ਦੀ, ਗਿਆਨੀ ਗੁਰਬਚਨ ਸਿੰਘ ਜੀ ਹੋਰਾਂ ਦੇ ਨਾਮ ਥੱਲੇ, ਲਿਖੀ
“ਗੁਰਬਾਣੀ ਪਾਠ ਦਰਸ਼ਨ” ਜਿਹੜੀ ਭਾਈ ਕਿਰਪਾਲ ਸਿੰਘ ਜਵਾਹਰ ਸਿੰਘ, ਬਜਾਰ ਮਾਈ ਸੇਵਾਂ ਵਲੋਂ 1969
ਵਿੱਚ ਛਪੀ ਸੀ ਦੇ ਪੰਨਾ 34 ਤੇ ਇਉਂ ਲਿਖਿਆ ਹੋਇਆ ਹੈ।
‘ਸੁਖਮਨੀ ਸਾਹਿਬ ਦੇ 24 ਹਜ਼ਾਰ ਅੱਖਰ ਹਨ, ਚੌਵੀ ਘੰਟਿਆਂ ਦੇ 24 ਹਜ਼ਾਰ ਸੁਆਸ
ਹਨ, ਚੌਵੀ ਅਸਟਪਦੀਆਂ ਹਨ, ਇਸ ਤਰ੍ਹਾਂ ਪਾਠ ਕਰਨ ਨਾਲ ਚੌਵੀ ਹਜ਼ਾਰ ਸੁਆਸ ਸਫਲ ਹੁੰਦੇ ਹਨ’।
ਸਵਾਲ: ਹੁਣ ਸਾਡੇ ਸਾਰੀ ਦਿਹਾੜੀ ਦੇ ਸੁਆਸ ਤਾਂ ਸਫਲੇ ਹੋ ਗਏ। ਬਾਕੀ ਬਾਣੀ
ਪੜ੍ਹਨ ਦੀ ਲੋੜ ਮੁੱਕ ਗਈ? ਕੀ ਬਾਕੀ ਦੀ ਬਾਣੀ ਸੁਆਸ ਸਫਲੇ ਨਹੀਂ ਕਰਦੀ?
ਖਾਲਸਾ ਜੀ ਸਿੱਖ ਪੰਥ ਅੱਜ ਇਸੇ ਰਸਤੇ ਪਿਆ ਦਿਖਾਈ ਦਿੰਦਾ ਹੈ। ਕੋਈ ਵਿਰਲਾ
ਹੀ ਹੋਵੇਗਾ ਜਿਹੜਾ ਕਦੇ ਕਦੇ ਸਾਰੇ ਗੁਰੂ ਗ੍ਰੰਥ ਸਾਹਿਬ ਦਾ ਪਾਠ ਸੋਚ ਵਿਚਾਰ ਕੇ ਕਰਦਾ ਹੋਵੇਗਾ।
ਬਹੁ-ਗਿਣਤੀ ਸਿੱਖ ਤਾਂ ਕੀਤਾ ਕਰਾਇਆ ਮੁੱਲ ਦਾ ਪਾਠ ਲੈ ਕੇ ਹੀ ਖੁਸ਼ ਹਨ। ਇਸੇ ਕੰਮ ਨੂੰ ਹੀ ਧਰਮ ਦਾ
ਕੰਮ ਸਮਝ ਕੇ ਉਹ ਆਪਣਾ ਸਰਮਾਇਆ ਲੁਟਾਈ ਜਾ ਰਹੇ ਹਨ। ਇਸ ਨਾਲ ਵਿਹਲੜ, ਵੱਡੇ ਢਿੱਡਾਂ ਵਾਲੀ ਤੇ
ਲਬੜਗੱਟੇ ਸਾਧਾਂ ਦੀ ਜਮਾਤ ਪੈਦਾ ਹੋ ਗਈ ਹੈ। ਸੰਤ, ਸਾਧ ਤੇ ਬ੍ਰਹਮ ਗਿਆਨੀ ਲਫਜ਼ ਜਿਹੜੀਆਂ ਵੀ
ਅਸਟਪਦੀਆਂ ਵਿੱਚ ਆਇਆ ਉਸਦਾ ਇਨ੍ਹਾਂ ਵਿਹਲੜਾਂ ਨੇ ਰੱਜ ਕੇ ਪ੍ਰਚਾਰ ਕੀਤਾ। ਜਨਤਾ ਦਾ ਧਨ ਲੁਟਿਆ,
ਜਨਤਾ ਨੂੰ ਹੋਰ ਵਹਿਮਾਂ ਭਰਮਾਂ ਵਿੱਚ ਪਾਇਆ ਤੇ ਅਖੀਰ ਨੂੰ ਉਨ੍ਹਾਂ ਦਾ ਸਰੀਰਕ ਤੇ ਮਾਨਸਿਕ ਸ਼ੋਸ਼ਣ
ਵੀ ਕੀਤਾ। ਜਦੋਂ ਕਿ ਇਹ ਲਫਜ਼ ਕਿਸੇ ਸਰੀਰਕ ਸਾਧ, ਸੰਤ ਤੇ ਬ੍ਰਹਮ ਗਿਆਨੀ ਵਾਸਤੇ ਨਹੀਂ ਆਏ ਤੇ ਨਾ
ਹੀ ਗੁਰੂ ਕਾਲ ਵਿੱਚ ਕੋਈ ਸਰੀਰਕ ਤੌਰ ਤੇ ਸਾਧ, ਸੰਤ ਤੇ ਬ੍ਰਹਮ ਗਿਆਨੀ ਹੋਇਆ ਹੈ। ਗੁਰੂ ਫੁਰਮਾਣ
ਇੰਞ ਹੈ:
ਬ੍ਰਹਮ ਗਿਆਨੀ ਨੂੰ ਪਛਾਨਣ ਵਾਸਤੇ ਵੀ ਬ੍ਰਹਮ ਗਿਆਨੀ ਦੀ ਲੋੜ ਹੈ। ਅੱਜ ਤਕ
ਕੋਈ ਸਰੀਰਧਾਰੀ ਸਾਧ ਜਾਂ ਸੰਤ ‘ਸਰਬ ਕਾ ਠਾਕੁਰੁ’ ਨਹੀਂ ਹੋਇਆ ਸਿਵਾਏ ਪਰਮਾਤਮਾ ਦੇ।
ਨਾਨਕਸਰੀਏ ਵੀ ਇਨ੍ਹਾਂ ਤੋਂ ਘੱਟ ਨਹੀਂ। ਨਾਨਕਸਾਰ ਵਾਲਿਆਂ ਨੇ ਤਾਂ ਗੁਰੂ
ਅਰਜਨ ਪਾਤਸ਼ਾਹ ਨੂੰ ਵੀ ਨਹੀਂ ਬਖਸ਼ਿਆ। ਇਨ੍ਹਾਂ ਆਪਣੇ ਕੋਲੋਂ ‘ਸੁਖਮਨੀ’ `ਚ ਸੰਪਟ ਲਾਇਆ ਜਿਵੇਂ ਇਹ
ਕਹਿਣਾ ਚਾਹੁੰਦੇ ਹੋਣ ਕਿ ਗੁਰੂ ਜੀ ਨੂੰ ਤਾਂ ਬਾਣੀ ਲਿਖਣ ਦਾ ਹੀ ਪਤਾ ਨਹੀਂ।
ਇਨ੍ਹਾਂ ਦੇ ਗੁਟਕੇ (ਸੁਖਮਨੀ ਸਾਹਿਬ- ਨਾਨਕਸਰ ਦੀ ਮਰਿਯਾਦਾ ਅਨੁਸਾਰ) ਦੇ
ਪੰਨਾ 14 ਤੇ ਇਉਂ ਲਿਖਿਆ ਹੋਇਆ ਹੈ:
ਦੋਹਰਾ॥ ਬੈਠਤ ਬਾਰਾਂ ਚਲਤ ਅਠਾਰਾਂ ਸੋਇ ਜਾਇਗੋ ਤੀਸ॥
ਮੈਥਨ ਕਰਤੇ ਚੌਸਠ ਜਾਵੇ ਕਿਉਂ ਨ ਭਜੇ ਜਗਦੀਸ਼॥
ਜਿਹੜੇ ਬਾਬੇ ਵਿਆਹ ਹੀ ਨਹੀਂ ਕਰਵਾਉਂਦੇ ਉਨ੍ਹਾਂ ਨੂੰ ਕਿਵੇਂ ਪਤਾ ਚੱਲਿਆ
ਕਿ ਕਾਮ ਦੀ ਪੂਰਤੀ ਕਰਦੇ ਸਮੇਂ ਸਾਹ ਤੇਜ ਹੋ ਜਾਦਾ ਹੈ?
ਨਾਨਕਸਰੀਏ ਇਹ ਲਿਖਦੇ ਹਨ ਕਿ ਬੈਠ ਕੇ ਸਿਮਰਨ ਕਰਨ ਨਾਲ 12 ਹਜ਼ਾਰ ਸਵਾਸ ਖਰਚ
ਹੁੰਦੇ ਹਨ ਤੇ ਤੁਰਨ ਫਿਰਨ ਨਾਲ ਅਠਾਰਾਂ ਹਜ਼ਾਰ ਸਵਾਸ ਖਰਚ ਹੁੰਦੇ ਹਨ। ਸੌਣ ਨਾਲ 30 ਹਜ਼ਾਰ ਸਵਾਸ
ਖਰਚ ਹੁੰਦੇ ਹਨ। ਇਹ ਵੀ ਸਰਾ ਸਰ ਝੂਠ ਹੈ। ਜਦੋਂ ਕਿ ਸੌਣ ਵੇਲੇ ਸਵਾਸਾਂ ਦੀ ਗਤੀ ਧੀਮੀ ਹੁੰਦੀ ਹੈ
ਬੈਠਣ ਤੇ ਤੁਰਨ ਫਿਰਨ ਦੇ ਮੁਕਾਬਲਤਨ। ਇਨ੍ਹਾ ਗੱਲਾਂ ਦਾ ਬਾਬਿਆਂ ਨੂੰ ਕਿਥੋਂ ਪਤਾ ਚੱਲੇ ਕਿਉਂਕਿ
ਇਨ੍ਹਾਂ ਨੇ ਤਾਂ ਲੰਮੇ ਪੈ ਕੇ ਹੀ ਲੱਤਾਂ ਘੁਟਵਾਉਣੀਆਂ ਹੁੰਦੀਆਂ ਹਨ।
ਇਸ ਗੱਲ ਦਾ ਪ੍ਰਚਾਰ ਇਨ੍ਹਾਂ ਦੇ ਸੱਭ ਤੋਂ ਵੱਡੇ ਮਹਾਂਪੁਰਸ਼ ਈਸਰ ਸਿੰਘ
ਰਾੜੇ ਵਾਲੇ ਨੇ ਕੀਤਾ।
ਆਓ ਹੁਣ ਆਪਾਂ ਅਸਲੀਅਤ ਵੱਲ ਝਾਤੀ ਮਾਈਏ। ਡਾਕਟਰਾਂ ਤੇ ਸਿਹਤ ਵਿਭਾਗ ਨਾਲ
ਸਬੰਧਿਤ ਲੋਕਾਂ ਨਾਲ ਗੱਲਬਾਤ ਕਰਨ ਤੇ ਪਤਾ ਚੱਲਿਆ ਕਿ ਹਰ ਮਨੁੱਖ ਇੱਕ ਮਿੰਟ ਵਿੱਚ 16-20 ਸਵਾਸ
ਲੈਂਦਾ ਹੈ। ਔਰਤਾਂ ਦੇ ਦਿਲ ਦੀ ਧੜਕਨ ਤੇਜ ਹੋਣ ਕਾਰਣ ਹੋ ਸਕਦਾ ਹੈ ਕਿ ਇੱਕ ਦੋ ਸਵਾਸ ਜਿਆਦਾ ਲਏ
ਜਾਂਦੇ ਹੋਣ। ਬੱਚੇ ਬੁਢੇ ਤੇ ਨੌਜਵਾਨਾਂ ਦੇ ਸਵਾਸਾਂ ਦੀ ਗਿਣਤੀ ਵਿੱਚ ਵੀ ਫਰਕ ਹੁੰਦਾ ਹੈ। ਸਵਾਸਾਂ
ਦੀ ਗਿਣਤੀ ਇਸ ਗੱਲ ਤੇ ਵੀ ਨਿਰਭਰ ਕਰਦੀ ਹੈ ਕਿ ਤੁਸੀ ਕੀ ਕਰਦੇ ਹੋ। ਔਖਾ ਕੰਮ ਕਰਨ ਵਾਲੇ, ਕਸ਼ਰਤ
ਕਰਨ ਵਾਲੇ, ਭੱਜਣ-ਨੱਠਣ ਵਾਲੇ ਇੱਕ ਮਿੰਟ ਵਿੱਚ ਜ਼ਿਆਦਾ ਸਵਾਸ ਲੈਂਦੇ ਹਨ। ਗਰਮ ਮੁਲਕਾਂ ਵਿੱਚ ਰਹਿਣ
ਵਾਲੇ ਠੰਡੇ ਮੁਲਕਾਂ ਵਿੱਚ ਰਹਿਣ ਵਾਲਿਆਂ ਦੇ ਮੁਕਾਬਲਤਨ ਜ਼ਿਆਦਾ ਸਵਾਸ ਲੈਂਦੇ ਹਨ। ਇਸ ਕਰਕੇ ਇਹ
ਮੁਕੱਕਰ ਨਹੀਂ ਕੀਤਾ ਜਾ ਸਕਦਾ ਕਿ ਹਰ ਕੋਈ 24, 000 ਸਵਾਸ ਹੀ ਲੈਂਦਾ ਹੈ। ਫੇਰ ਵੀ ਜੇਕਰ ਘੱਟ ਤੋਂ
ਘੱਟ ਇੱਕ ਮਿੰਟ ਵਿੱਚ 16 ਸਵਾਸ ਮੰਨ ਲਈਏ ਤਾਂ ਵੀ ਇੱਕ ਦਿਹਾੜੀ ਵਿੱਚ ਤੇਈ ਹਜ਼ਾਰ ਤਕ ਪਹੁੰਚ ਜਾਦੇ
ਹਾਂ (16x60x24=23040)। ਜੇਕਰ ਗਿਣਤੀ ਨੂੰ ਔਸਤਨ/ਐਵਰੇਜ ਕੱਢਣ ਵਾਲਿਆਂ ਮੁਤਾਬਕ ਕਰਕੇ ਦੇਖੀਏ
ਤਾਂ ਸਵਾਸਾ ਦੀ ਗਿਣਤੀ ਝੱਟ ਹੀ 25930 ਤੇ ਚਲੀ ਜਾਂਦੀ ਹੈ (ਜੇਕਰ ਇਹ ਮੰਨ ਲਿਆ ਜਾਵੇ ਕਿ ਅਸੀਂ
ਇੱਕ ਮਿੰਟ `ਚ 18 ਸਵਾਸ ਲੈਂਦੇ ਹਾਂ)। ਇਸਦੇ ਬਾਵਜੂਦ ਵੀ ਜੇਕਰ ਇਹ ਮੰਨ ਵੀ ਲਿਆ ਜਾਵੇ ਕੇ ਸਵਾਸਾਂ
ਦੀ ਗਿਣਤੀ ਦੀ ਗਿਣਤੀ 24, 000 ਹੈ, ਜਿਵੇਂ ਸਾਧਾਂ/ਸੰਤਾਂ ਮੰਨਦੇ ਹਨ, ਤਾਂ ਵੀ ਇਹ ਕਥਾ ਅਧੂਰੀ ਹੀ
ਹੈ। ਕਿਉਂਕਿ ਕਿਸੇ ਵੀ ਹਾਲਤ ਵਿੱਚ ਬਾਣੀ ‘ਸੁਖਮਨੀ’ ਦੇ ਅੱਖਰ 24, 000 ਨਹੀਂ ਬਣਦੇ। ਕੰਪਿਊਟਰ
ਨਾਲ ਵੱਖਰ ਵੱਖ ਤਰੀਕਿਆਂ ਨਾਲ ਗਿਣਤੀ ਕਰਦਿਆਂ ਅਸੀਂ ਹੇਠ ਲਿਖੇ ਨਤੀਜੇ ਤੇ ਪਹੁੰਚੇ ਹਾਂ।
ਗਉੜੀ ਸੁਖਮਨੀ ਮ ਃ 5॥ ਸਲੋਕੁ॥ =8
ੴ ਸਤਿਗੁਰ ਪ੍ਰਸਾਦਿ॥ =4
ਆਦਿ ਗੁਰਏ ਨਮਹ॥ =4
ਜੁਗਾਦਿ ਗੁਰਏ ਨਮਹ॥ =4
ਸਤਿਗੁਰਏ ਨਮਹ॥ =3
ਸ੍ਰੀ ਗੁਰਦੇਵਏ ਨਮਹ॥ 1॥ ਅਸਟਪਦੀ =5
ਕੁਲ ਜੋੜ = 28
ਉਪ੍ਰੋਕਤ ਪੰਗਤੀਆਂ ਵਿੱਚ ਕੁਲ 28 ਅੱਖਰ ਹਨ।
ਇਸ ਤਰ੍ਹਾਂ ਸਾਰੀ ਸੁਖਮਣੀ ਦੀ ਬਾਣੀ ਵਿੱਚ 12871 ਅੱਖਰ ਬਣਦੇ ਹਨ.
ਜੇ ਇਸ ਵਿਚੋ (॥) ਹਟਾ ਦਿੱਤੀਆਂ ਜਾਣ, ਜੋ ਬੋਲਣ ਵਿੱਚ ਨਹੀਂ ਆਉਂਦੀਆਂ ਤੇ
ਜਿਨ੍ਹਾਂ ਦੀ ਗਿਣਤੀ 2268 ਬਣਦੀ ਹੈ, ਤਾਂ ਬਾਕੀ ਜੋ ਬੱਚਦਾ ਹੈ (12871- 2268= 10603) ਉਸ ਦੀ
ਗਿਣਤੀ 10603 ਬਣਦੀ ਹੈ।
ਜੇ ਇਸ ਵਿਚੋ ਹਿੰਨਸਿਆਂ (॥ 1॥) ਨੂੰ ਵੀ ਹਟਾ ਦੇਈਏ, ਜੋ ਬੋਲਣ ਵਿੱਚ ਨਹੀਂ
ਆਉਂਦੇ,
ਜਿਨ੍ਹਾਂ ਦੀ ਗਿਣਤੀ 240 ਹੈ ਤਾਂ ਬਾਕੀ ਜੋ ਉਚਾਰਣ ਕੀਤਾ ਜਾਂਦਾ ਹੈ ਉਸ ਦੀ
ਗਿਣਤੀ 10363 ਬਣਦੀ ਹੈ।
ਪਰ ਬਾਬਿਆਂ ਮੁਤਾਬਕ ਸੁਖਮਨੀ ਦੇ ਕੁੱਲ ਅੱਖਰਾਂ ਦੀ ਗਿਣਤੀ 24000 ਹੈ.
ਫਰਕ/ਝੂਠ: 24000- 10363 = 13637
ਜੇ ਕਰ ਸਾਰੇ ਕਰੈਕਟਰ ਇਕੱਲੇ ਇਕੱਲੇ ਵੀ ਗਿਣ ਲਏ ਜਾਣ, ਜਿਵੇਂ ਆਦਿ ਇੱਕ
ਅੱਖਰ ਨਾ ਮੰਨ ਕੇ ਚਾਰ ਅੱਖਰ ਮੰਨ ਕਏ ਜਾਣ (ਆੜਾ, ਕੰਨਾ, ਸਿਹਾਰੀ ਤੇ ਦੱਦਾ) ਤਾਂ ਕੁੱਲ ਗਿਣਤੀ
40929 ਬਣਦੀ ਹੈ।
ਜੇ ਕਰ ਵਿਚਕਾਰਲੀ ਖਾਲੀ ਥਾਂ ਗਿਣ ਵੀ ਲਈ ਜਾਵੇ ਤਾਂ 53343 ਅੱਖਰ ਬਣਦੇ
ਹਨ।
ਹੁਣ ਅਸੀਂ ਇਹ ਲੱਭਣਾ ਹੈ ਕਿ ਇਹ ਕਥਾ ਕਿਥੋਂ ਆਈ? ਇਹ ਕਥਾ “ਗੁਰ ਬਿਲਾਸ
ਪਾਤਸ਼ਾਹੀ ਛੇਵੀਂ ਦੇ ਪੰਨਾ 92-94 ਤੇ ਦਰਜ਼ ਹੈ। ਸਿੱਖ ਧਰਮ ਨੂੰ ਮਧੌਲਣ ਵਾਸਤੇ ਲਿਖੀ ਗਈ ਇਸ ਕਿਤਾਬ
ਦੀ ਕਥਾ ਸਮਝਦਾਰ ਤੇ ਸੂਝਵਾਨ ਸਿੱਖਾਂ ਨੇ 1920-25 ਵਿੱਚ ਹੀ ਸਾਰੇ ਗੁਰਦਵਾਰਿਆਂ ਵਿਚੋਂ ਬੰਦ ਕਰਵਾ
ਦਿੱਤੀ ਸੀ। ਪਰ ਬਾਬਾਵਾਦ ਨੇ ਇਸ ਕਿਤਾਬ ਦੀਆਂ ਸਾਰੀਆਂ ਕਹਾਣੀਆਂ ਜਿਉਂ ਦੀਆਂ ਤਿਉਂ ਆਮ ਜਨਤਾ ਨੂੰ
ਸੁਣਾਉਣੀਆਂ ਚਾਲੂ ਰੱਖੀਆਂ। ਇਸ ਕਿਤਾਬ ਦੀ ਕਥਾ ਮੁੜ ਤੋਂ ਸਾਰਿਆਂ ਗੁਰਦਵਾਰਿਆਂ ਵਿੱਚ ਸ਼ੁਰੂ
ਕਰਵਾਉਣ ਲਈ ਸਾਡੇ ਮੌਕੇ ਦੇ ਜੱਥੇਦਾਰ ਜੋਗਿੰਦਰ ਸਿੰਘ ਵੇਦਾਂਤੀ ਨੇ ਇਸ ਕਿਤਾਬ ਦਾ ਪੁਨਰ ਗੱਠਨ
1999 ਵਿੱਚ ਖਾਲਸੇ ਦੇ ਤਿੰਨ ਸੌ ਸਾਲਾ ਜਨਮ ਦਿਹਾੜੇ ਤੇ ਕੀਤਾ ਤੇ ਨਾਲ ਬੇਨਤੀ ਕੀਤੀ ਕਿ ਜੇ ਇਸ
ਕਿਤਾਬ (ਗ੍ਰੰਥ) ਦੀ ਕਥਾ ਮੁੜ ਤੋਂ ਗੁਰਦਵਾਰਿਆਂ ਵਿੱਚ ਸ਼ੁਰੂ ਕੀਤੀ ਜਾਏ ਤਾਂ ਮੈਂ ਆਪਣਾ ਕੀਤਾ ਕੰਮ
ਸਾਰਥਕ ਸਮਝਾਂਗਾ। ਅਸਲ `ਚ ਇਸ ਕਿਤਾਬ ਵਿੱਚ ਇੱਕ ਵੀ ਕਹਾਣੀ ਸੱਚੀ ਨਹੀਂ। ਇਸ ਕਿਤਾਬ ਨੂੰ ਪੰਨਾ ਦਰ
ਪੰਨਾ ਵਾਰ ਵਾਰ ਪੜ੍ਹਨ ਤੇ ਇਹ ਪਤਾ ਚੱਲਿਆ ਕਿ ਇਸ ਵਿੱਚ ਗੁਰਮਤਿ ਮੁਤਾਬਕ ਤਾਂ ਹੈ ਹੀ ਕੁੱਝ ਨਹੀਂ
ਸਗੋਂ ਸਮਾਂ ਨਿਧਾਰਤ ਕਰਨ ਦੀਆਂ ਗਲਤੀਆਂ ਵੀ ਸੌਖੇ ਹੀ ਲੱਭ ਪੈਂਦੀਆਂ ਹਨ।
ਪੰਨਾ 92-94: ਸਿੰਮ੍ਰਿਤਿ ਸ਼ਾਸ਼ਤ੍ਰ ਬੇਦ ਬਖਾਨੇ। ਚਵੀ ਹਜਾਰ ਸਵਾਸ ਨਰ
ਠਾਨੇ। ਅਸ ਉਪਾਵ ਕਰੀਏ ਕੋ ਤਾ ਤੇ। ਸਵਾਸ ਸਫਲ ਹੋਵੈਂ ਸਭਿ ਯਾ ਤੇ॥ 378॥
ਸੁਖਮਨੀ ਗੁਰ ਮੁਖੌਂ ਉਚਾਰੀ। ਮਣਿ ਮਾਲ ਮਾਨੋ ਗੁਰ ਧਾਰੀ। ਚਵੀ ਹਜ਼ਾਰ ਅੱਛਰ
ਇਹ ਧਰੇ। ਉਪਮਾ ਆਪਿ ਸ੍ਰੀ ਮੁਖਿ ਰਰੇ॥ 396॥
ਸਾਧਾਂ/ਸੰਤਾਂ ਤੇ ਬ੍ਰਹਮ ਗਿਆਨੀਆਂ ਨੇ ਜੋ ਵੀ ਬਾਣੀ ‘ਸੁਖਮਨੀ’ ਬਾਰੇ
ਪ੍ਰਚਾਰ ਕੀਤਾ ਹੈ ਕਿ ਇਸਦੇ 24, 000 ਅੱਖਰ ਹਨ, ਬੰਦਾ 24, 000 ਸਵਾਸ ਲੈਂਦਾ ਹੈ, ਸਵਾਸ ਸਫਲੇ
ਕਰੋ ਇਹ ਸਾਰਾ ਝੂਠ ਹੈ ਤੇ ਨਾ ਹੀ ਇਸ ਬਾਣੀ ਰਾਹੀ ਗੁਰੂ ਜੀ ਨੇ ਸਾਨੂੰ ਕਿਸੇ ਸਾਧ/ਸੰਤ ਜਾਂ
ਮਹਾਂਪੁਰਸ਼ ਨੂੰ, ਜੋ ਮਾੜੇ ਕੰਮ ਕਰਦਾ ਹੈ, ਮਾੜਾ ਕਹਿਣ ਤੋਂ ਵਰਜਿਆ ਹੈ। ਸਗੋਂ ਗੁਰੂ ਨਾਨਕ ਸਾਹਿਬ
ਹਰਿਦੁਆਰ ਦੇ ਪੰਡਿਤਾਂ ਨੂੰ ਜਾ ਕੇ ਸਮਝਾਉਂਦੇ ਹਨ ਕਿ ਸੂਰਜ ਨੂੰ ਪਾਣੀ ਨਹੀਂ ਪਹੁੰਚ ਸਕਦਾ, ਜਨੇਊ
ਪਾਉਣ ਨਾਲ ਕੋਈ ਵੀ ਮਨੁੱਖ ਚੰਗਾ ਨਹੀਂ ਬਣ ਜਾਂਦਾ, ਵਰਤ ਰੱਖਣ ਨਾਲ ਕਿਸੇ ਮਨੁੱਖ ਦੀ ਉਮਰ ਲੰਬੀ
ਨਹੀਂ ਹੁੰਦੀ ਆਦਿ। ਮਾੜੈ ਨੂੰ ਮਾੜਾ ਕਹਿਣਾ ਮਾੜਾ ਨਹੀਂ। ਚੰਗੇ ਨੂੰ ਤੂਹਮਤ ਲਾ ਕੇ ਮਾੜਾ ਬਣਾਉਣਾ
ਹੀ ਮਾੜਾ ਤੇ ਨਿੰਦਿਆ ਹੈ ਜ ਨਹੀਂ ਕਰਨੀ ਚਾਹੀਦੀ। ਬਾਣੀ ‘ਸੁਖਮਨੀ’ ਵੀ ਦੂਸਰੀਆਂ ਬਾਣੀਆਂ ਵਾਂਗਰ
ਮਨੁੱਖ ਨੂੰ ਚੰਗਾ ਬਣਨ ਦੀ ਪ੍ਰੇਰਨਾ ਕਰਦੀ ਹੈ। ਮਨੁੱਖ ਨੇ ਚੰਗਾ ਬਣਨਾ ਆਪ ਹੈ।
ਗੁਰੂ ਪੰਥ ਦਾ ਦਾਸ,
ਗੁਰਚਰਨ ਸਿੰਘ (ਜਿਉਣ ਵਾਲਾ) ਬਰੈਂਪਟਨ, ਕੈਨੇਡਾ।