ਜੰਮਣਾ ਅਤੇ ਮਰਣਾ
ਜੰਮਣ ਮਰਨ ਦੇ ਅਖਰੀਂ ਅਰਥ ਤਾਂ ਏਹੀ ਬਣਗੇ ਸਰੀਰ ਦਾ ਸੰਸਾਰ ਵਿੱਚ ਅਉਣਾ ਤੇ
ਸਰੀਰ ਦਾ ਸੰਸਾਰ ਨੂੰ ਛੱਡ ਜਾਣਾ। ਪਰ ਗੁਰਬਾਣੀ ਅਨੁਸਾਰ ਜੰਮਣ ਮਰਨ ਨੂੰ ਦੇਖਣ ਦਾ ਯਤਨ ਕੀਤਾ
ਜਾਵੇਗਾ ਕਿ ਕੀ ਸਰੀਰ ਨੂੰ ਧਾਰਨ ਕਰਨਾ ਜਾਂ ਸਰੀਰ ਨੂੰ ਛੱਡ ਜਾਣਾ ਹੀ ਜੰਮਣਾ ਮਰਨਾ ਹੈ ਜਾਂ ਇਸ ਦਾ
ਕੋਈ ਹੋਰ ਵੀ ਭਾਵ ਅਰਥ ਹੈ।
ਕੁਦਰਤ ਦੀ ਪ੍ਰਕਿਰਿਆ ਅਨੁਸਾਰ ਮਨੁੱਖ ਜਦੋਂ ਸੰਸਾਰ ਵਿੱਚ ਆਉਂਦਾ ਹੈ ਤਾਂ
ਉਸ ਨੂੰ ਜੰਮਣਾ ਕਿਹਾ ਜਾਂਦਾ ਤੇ ਜਦੋਂ ਸੰਸਾਰ ਵਿਚੋਂ ਕੂਚ ਕਰਦਾ ਹੈ ਤਾਂ ਉਸ ਨੂੰ ਮਰਨਾ ਕਿਹਾ
ਜਾਂਦਾ ਹੈ ਪਰ ਅਸੀਂ ਏਸੇ ਕੁਦਰਤੀ ਨਿਯਮਾਵਲੀ ਵਿੱਚ ਹੀ ਉਲ਼ਝ ਕੇ ਰਹਿ ਗਏ ਹਾਂ ਤੇ ਆਤਮਿਕ ਤਲ ਦੇ
ਜੰਮਣੇ ਮਰਣੇ ਨੂੰ ਭੁੱਲ ਹੀ ਗਏ ਹਾਂ। ਗੁਰੂ ਨਾਨਕ ਸਾਹਿਬ ਜੀ ਦਾ ਆਸਾ ਰਾਗ ਅੰਦਰ ਬਹੁਤ ਹੀ
ਖੂਬਸੂਰਤ ਵਾਕ ਹੈ ----
ਆਖਾ ਜੀਵਾ ਵਿਸਰੈ ਮਰਿ ਜਾਉ॥
ਰਾਗ ਆਸਾ ਮਹਲਾ ੧ ਪੰਨਾ ੯
ਗੁਰੂ ਸਾਹਿਬ ਜੀ ਤਾਂ ਕਹਿ ਰਹੇ ਹਨ ਹੇ ਰੱਬ ਜੀ! ਜੇ ਕਰ ਮੈਂ ਤੁਹਾਡੇ ਨਾਮ
ਦੇ ਗੁਣਾਂ ਨੂੰ ਯਾਦ ਰੱਖਦਾ ਹਾਂ ਤਾਂ ਮੈਂ ਜ਼ਿਉਂਦਾ ਹਾਂ ਤੇ ਜੇ ਮੈਂ ਗੁਣਾਂ ਨੂੰ ਛੱਡ ਜਾਂਦਾ ਹਾਂ
ਮੇਰੀ ਆਤਮਿਕ ਮੌਤ ਹੈ। ਦੁਨੀਆਂ ਵਿੱਚ ਪਹਿਲਾਂ ਜੰਮਣਾ ਹੈ ਤੇ ਫਿਰ ਮੌਤ ਹੈ ਪਰ ਗੁਰਮਤ ਦੁਨੀਆਂ
ਨਾਲੋਂ ਨਿਵੇਕਲਾ ਸਿਧਾਂਤ ਰੱਖਦੀ ਹੈ ਜੋ ਪਹਿਲਾਂ ਮਰਣ ਦੀ ਪ੍ਰੇਰਨਾ ਦੇਂਦੀ ਤੇ ਨਵੇਂ ਨਿਕੋਰ ਜਨਮ
ਦੀ ਸਥਾਪਨਾ ਕਰਦੀ ਹੈ ਬੜਾ ਪਿਆਰਾ ਵਾਕ ਹੈ --
ਪਹਿਲਾ ਮਰਣੁ ਕਬੂਲਿ, ਜੀਵਣ ਕੀ ਛਡਿ ਆਸ॥
ਹੋਹੁ ਸਭਨਾ ਕੀ ਰੇਣੁਕਾ, ਤਉ ਆਉ ਹਮਾਰੈ ਪਾਸਿ॥ 1॥
ਰਾਗ ਮਾਰੂ ਮ: 5 {ਪੰਨਾ 1102}
ਗੁਰੂ ਸਾਹਿਬ ਜੀ ਏੱਥੇ ਸਰੀਰ ਦੇ ਜੰਮਣ ਮਰਣ ਦੀ ਗੱਲ ਨਹੀਂ ਕਰ ਰਹੇ ਇਹ ਤੇ
“ਪਹਿਲਾਂ ਮਰਣੁ ਕਬੂਲਿ” ਹਉਮੇ ਭਾਵ ਵਲੋਂ ਪਹਿਲਾਂ ਮਰਣ ਦੀ ਜਾਚ ਸਿੱਖਣ ਦਾ ਯਤਨ ਕਰ। ਹੰਕਾਰ ਦੀ
ਬਿਰਤੀ ਦਾ ਤਿਆਗ ਕਰਨਾ ਹੀ ਅਸਲ ਮਰਣਾ ਹੈ ਤੇ ਦੂਜਾ “ਜੀਵਣ ਕੀ ਛਡਿ ਆਸ” ਨਿਜੀ ਸੁਆਰਥ ਦੀ ਲਾਲਸਾ
ਦਾ ਤਿਆਗ ਕਰਨ ਦਾ ਪਰਪੱਕ ਯਤਨਸ਼ੀਲ ਹੋਣਾ। ਇਸ ਵਿੱਚ ਇੱਕ ਪਰਹੇਜ਼ ਵੀ ਦੱਸਿਆ ਹੈ ਜੋ “ਹੋਹੁ ਸਭਨਾ ਕੀ
ਰੇਣੁਕਾ” ਭਾਵ ਊਚ-ਨੀਚ ਤੇ ਭੇਦ ਭਾਵ ਦੇ ਖਾਤਮੇ ਨੂੰ ਸੇਧਤਿਤ ਹੋ ਕੇ ਸਾਰਿਆਂ ਨੂੰ ਆਦਰ ਭਾਵਨਾ ਨਾਲ
ਮਿਲ-ਬੈਠਣ ਲਈ ਨਿਉਂਦਾ ਦੇਂਦਾ ਹੈ। ਜੋ ਜ਼ਿਉਂਦੇ ਜੀ ਪਰਮਾਤਮਾ ਨਾਲ ਮਿਲਾਪ ਮਿਥਿਆ ਗਿਆ ਹੈ ਭਾਵ ਤਾਂ
ਹੀ ਪਰਮਾਤਮਾ ਦੇ ਪਾਸ ਜਾ ਸਕਦੇ ਹਾਂ, “ਤਉ ਆਉ ਹਮਾਰੈ ਪਾਸਿ”।
ਆਤਮਿਕ ਤਲ਼ ਤੇ ਮਰੇ ਹੋਏ ਇਨਸਾਨ ਦੀ ਗੱਲ ਕਰਦਿਆਂ ਕਬੀਰ ਸਾਹਿਬ ਜੀ ਫਰਮਾ
ਰਹੇ ਹਨ ਕਿ ਜੋ ਬੇ-ਲੋੜੇ ਚੱਸਕਿਆਂ ਵਿੱਚ ਫਸਿਆ ਹੋਇਆ ਹੈ ਉਹ ਆਤਮਿਕ ਮੌਤੇ ਮਰਿਆ ਹੋਇਆ ਹੈ ਤੇ ਜੋ
ਜ਼ਿੰਦਗੀ ਦੇ ਮਹੱਤਵ ਨੂੰ ਸਮਝਦਾ ਹੈ ਉਹ ਅਸਲ ਵਿੱਚ ਆਤਮਿਕ ਤਲ਼ `ਤੇ ਜ਼ਿਉਂਦਾ ਹੈ ---
ਕਹਤ ਕਬੀਰ ਛੋਡਿ ਬਿਖਿਆ ਰਸ, ਇਤੁ ਸੰਗਤਿ ਨਿਹਚਉ ਮਰਣਾ॥
ਰਮਈਆ ਜਪਹੁ ਪ੍ਰਾਣੀ, ਅਨਤ ਜੀਵਣ ਬਾਣੀ, ਇਨਿ ਬਿਧਿ ਭਵ ਸਾਗਰੁ ਤਰਣਾ॥
ਸਿਰੀ ਰਾਗ ਬਾਣੀ ਕਬੀਰ ਜੀ ਕੀ ਪੰਨਾ ੯੨---
ਅਸੀਂ ਤੇ ਸਿਰਫ ਸਰੀਰਕ ਤਲ਼ ਤੇ ਹੀ ਜੰਮਣ ਮਰਣ ਦੇ ਗੇੜ ਵਿੱਚ ਪਏ ਹੋਏ ਹਾਂ
ਪਰ ਗੁਰਬਾਣੀ ਨੇ ਸਪਸ਼ਟ ਫੈਸਲੇ ਦਿੱਤੇ ਹਨ ਕਿ ਹੇ ਮਨੁੱਖ! ਤੂੰ ਤਾਂ ਹਰ ਰੋਜ਼ ਹੀ ਆਤਮਿਕ ਮੌਤ ਸਹੇੜੀ
ਬੈਠਾ ਏਂ ਜਿਸ ਨਾਲ ਤੂੰ ਆਪਣੀ ਇਜ਼ੱਤ ਹੀ ਨਹੀਂ ਗਵਾਈ ਸਗੋਂ ਜੀਵਨ ਵੀ ਬਰਬਾਦ ਕਰ ਲਿਆ ਹੈ। ਤੱਕੀਏ
ਇਸ ਵਾਕ ਨੂੰ ---
ਤਿਸਨਾ ਅਗਨਿ
ਜਲੈ ਸੰਸਾਰਾ॥
ਲੋਭੁ ਅਭਿਮਾਨੁ ਬਹੁਤੁ ਅਹੰਕਾਰਾ॥
ਮਰਿ ਮਰਿ ਜਨਮੈ ਪਤਿ ਗਵਾਏ ਆਪਣੀ, ਬਿਰਥਾ ਜਨਮੁ ਗਵਾਵਣਿਆ॥ 3॥
ਮਾਝ ਮਹਲਾ ੩ ਪੰਨਾ ੧੨੦ –
ਨਿਜੀ ਤ੍ਰਿਸ਼ਨਾ ਦੀ ਅੱਗ ਨੂੰ ਮੱਘਦਾ ਰੱਖਣ ਲਈ ਲਾਲਚ ਤੇ ਹੰਕਾਰ ਦਾ ਬਾਲਣ
ਪਾਈ ਜਾ ਰਿਹਾ ਹੈ ਜਿਸ ਕਰਕੇ ਅਭਿਮਾਨ ਦੇ ਭਾਂਬੜ ਦੀਆਂ ਲਾਟਾਂ ਨਿਕਲ ਰਹੀਆਂ ਹਨ। ਜਿਸ ਤਰ੍ਹਾਂ
ਅਗਨੀ ਦੇ ਚੰਗਿਆੜੇ ਅਗਨੀ ਵਿੱਚ ਹੀ ਪੈਦਾ ਹੁੰਦੇ ਹਨ ਤੇ ਅਗਨੀ ਵਿੱਚ ਹੀ ਅਲੋਪ ਹੋ ਜਾਂਦੇ ਹਨ ਕੁੱਝ
ਏਸੇ ਤਰ੍ਹਾਂ ਹੀ ਏ ਖ਼ੁਦਾ ਦਾ ਬੇਟਾ ਤ੍ਰਿਸ਼ਨਾ, ਲਾਲਚ ਤੇ ਅੰਹਕਾਰ ਵਿੱਚ ਰੋਜ਼ ਹੀ ਜੰਮਦਾ ਹੈ ਤੇ ਏਸੇ
ਵਿੱਚ ਹੀ ਮਰਦਾ ਹੈ।
ਆਮ ਹਾਲਤਾਂ ਵਿੱਚ ਹਰ ਮਨੁੱਖ ਸਰੀਰ ਦੇ ਛੱਡ ਜਾਣ ਨੂੰ ਹੀ ਮਰਣਾ ਸਮਝ ਕੇ
ਪੂਜਾ ਪਾਠ ਕਰਨ ਲੱਗਿਆ ਹੋਇਆ ਹੈ, ਕਿ ਅਗਾਂਹ ਮੈਨੂੰ ਚੰਗਾ ਜੇਹਾ ਕੋਈ ਹੋਰ ਘਰ ਮਿਲ ਜਾਏ, ਏਸੇ ਲਈ
ਹੀ ਧਾਰਮਿਕ ਅਸਥਾਨਾਂ `ਤੇ ਭੀੜਾਂ ਦੇਖੀਆਂ ਜਾ ਸਕਦੀਆਂ ਹਨ। ਅਸਲ ਵਿੱਚ ਮਰਿਆ ਹੋਇਆ ਉਸ ਨੂੰ ਹੀ
ਕਿਹਾ ਜਾ ਸਕਦਾ ਹੈ ਜਿਸ ਨੇ ਆਪਾ ਭਾਵ ਗਵਾ ਲਿਆ ਹੋਇਆ ਹੈ ----
ਜੰਮਣ ਮਰਣਾ ਆਖੀਐ ਤਿਨਿ ਕਰਤੈ ਕੀਆ॥
ਆਪੁ ਗਵਾਇਆ ਮਰਿ ਰਹੇ ਫਿਰਿ ਮਰਣੁ ਨ ਥੀਆ॥
ਆਸਾ ਮਹਲਾ ੧ ਪੰਨਾ ੪੨੦—
ਗੁਰ-ਸ਼ਬਦ ਦੇ ਉਪਦੇਸ਼ ਦੁਆਰਾ ਆਪਣੇ-ਆਪ ਨੂੰ ਮਾਰਨ ਦੀ ਗੱਲ ਕਰਦਿਆਂ ਮਨ
ਵਿਚੋਂ ਵਿਕਾਰਾਂ ਨੂੰ ਭਜਾਉਣ ਦੀ ਤਰਤੀਬ ਦੇਂਦਿਆਂ ਗੁਰੂ ਦੀ ਸਰਣ ਵਿੱਚ ਆਉਣ ਨੂੰ ਕਿਹਾ ਹੈ ਤਾਂ ਕਿ
ਨਵਾਂ ਜਨਮ ਹੋ ਸਕੇ ----
ਆਪੁ ਪਛਾਣਹਿ ਸਬਦਿ ਮਰਹਿ ਮਨਹੁ ਤਜਿ ਵਿਕਾਰ॥
ਗੁਰ ਸਰਣਾਈ ਭਜਿ ਪਏ ਬਖਸੇ ਬਖਸਣਹਾਰ॥
ਆਸਾ ਮਹਲਾ ੩ ਪੰਨਾ ੪੩੦ –
ਇਸ ਜਨਮ ਵਿੱਚ ਹੀ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਹਰ ਰੋਜ਼ ਵਿਕਾਰੀ ਜਮਾਂ
ਦੇ ਵਸ ਪੈ ਕੇ ਹਰ ਘੜੀ ਮਰ ਰਿਹਾ ਹੈ ਜੇਹਾ ਕਿ ਫਰਮਾਣ ਹੈ ---
ਮਰਣਾ ਮਨਹੁ ਵਿਸਾਰਿਆ ਮਾਇਆ ਮੋਹੁ ਗੁਬਾਰੁ॥
ਮਨਮੁਖ ਮਰਿ ਮਰਿ ਜੰਮਹਿ ਭੀ ਮਰਹਿ ਜਮ ਦਰਿ ਹੋਹਿ ਖੁਆਰੁ॥
ਆਸਾ ਮਹਲਾ ੩ ਪੰਨਾ ੪੩੦—
ਭਾਵੇਂ ਮਰਨ ਤੋਂ ਸਾਰਾ ਸੰਸਾਰ ਡਰਦਾ ਹੈ ਤੇ ਹਰ ਕੋਈ ਜਿਉਣਾ ਚਾਹੁੰਦਾ ਹੈ
ਪਰ ਅਸਲ ਵਿੱਚ ਜ਼ਿਉਂਦਾ ਉਹ ਹੀ ਹੈ ਜੋ ਰੱਬੀ ਗੁਣਾਂ ਨੂੰ ਧਾਰਨ ਕਰਦਾ ਹੈ। ਅਜੇਹੀ ਮੌਤ ਨੂੰ ਹੀ
ਜੀਵਨ ਦੀ ਪਦਵੀ ਕਿਹਾ ਹੈ ---
ਕਿਆ ਜਾਣਾ ਕਿਵ ਮਰਹਗੇ ਕੈਸਾ ਮਰਣਾ ਹੋਇ॥
ਜੇਕਰਿ ਸਾਹਿਬੁ ਮਨਹੁ ਨ ਵੀਸਰੈ ਤਾ ਸਹਿਲਾ ਮਰਣਾ ਹੋਇ॥
ਮਰਣੈ ਤੇ ਜਗਤੁ ਡਰੈ ਜੀਵਿਆ ਲੋੜੈ ਸਭੁ ਕੋਇ॥
ਗੁਰ ਪਰਸਾਦੀ ਜੀਵਤੁ ਮਰੈ ਹੁਕਮੈ ਬੂਝੈ ਸੋਇ॥
ਨਾਨਕ ਐਸੀ ਮਰਨੀ ਜੋ ਮਰੈ ਤਾ ਸਦ ਜੀਵਣੁ ਹੋਇ॥ 2॥
ਸਲੋਕ ਮਹਲਾ ੩ ਪੰਨਾ ੫੫੫---
ਸਾਰੀ ਕਾਇਨਾਤ ਦੀ ਉਤਪਤੀ ਜਾਂ ਆਵਾਜਾਈ ਦਾ ਨਾਂ ਹੈ ਆਵਾਗਵਣ ਭਾਵ ਕੋਈ ਆ
ਰਿਹਾ ਤੇ ਕੋਈ ਜਾ ਰਿਹਾ ਹੈ। ਦੂਜਾ ਮਨ ਦੀ ਅੰਦਰਲੀ ਬਿਰਤੀ ਦੇ ਉਤਰਾਅ ਚੜਾਅ ਨਾਂ ਆਵਾਗਵਣ ਹੈ।
ਸੰਸਾਰ ਇੱਕ ਬਝਵੇਂ ਨਿਯਮ ਵਿੱਚ ਚੱਲ ਰਿਹਾ ਹੈ ਜਿਸ ਨੂੰ ਜੰਮਣਾ ਤੇ ਮਰਣਾ ਕਿਹਾ ਹੈ। ਅਸੀਂ ਇਹ ਸਮਝ
ਲਿਆ ਹੈ ਕਿ ਸ਼ਾਇਦ ਸਾਡਾ ਸਰੀਰ ਫਿਰ ਕਿਸੇ ਹੋਰ ਸਰੀਰ ਵਿੱਚ ਚਲਾ ਗਿਆ ਹੈ ਤੇ ਓਥੇ ਜਾ ਉਹ ਨਵੇਂ
ਸਿਰੇ ਤੋਂ ਜੰਮਿਆ ਹੈ। ਪਰ ਗੁਰਬਾਣੀ ਕਹਿ ਰਹੀ ਹੈ ਕਿ ਐ ਮਨੁੱਖ ਤੂੰ ਹੁਣ ਹੀ ਏਸੇ ਜੀਵਨ ਵਿੱਚ ਹੀ
ਜੰਮਣ ਮਰਣ ਦੇ ਚੱਕਰ ਵਿੱਚ ਬੱਝਾ ਪਿਆ ਏਂ ਕਿਉਂਕਿ ਵਿਕਾਰਾਂ ਦਾ ਤੂੰ ਖਹਿੜਾ ਨਹੀਂ ਛੱਡਿਆ---
ਆਵਾਗਵਣੁ ਸਿਰਜਿਆ ਤੂ ਥਿਰੁ ਕਰਣੈਹਾਰੋ॥
ਜੰਮਣੁ ਮਰਣਾ ਆਇ ਗਇਆ ਬਧਿਕੁ ਜੀਉ ਬਿਕਾਰੋ॥
ਭੂਡੜੈ ਨਾਮੁ ਵਿਸਾਰਿਆ ਬੂਡੜੈ ਕਿਆ ਤਿਸੁ ਚਾਰੋ॥
ਗੁਣ ਛੋਡਿ ਬਿਖੁ ਲਦਿਆ ਅਵਗੁਣ ਕਾ ਵਣਜਾਰੋ॥ 3॥
ਵਡਹੰਸ ਮਹਲਾ ੧ ਪੰਨਾ ੫੮੦—
ਗੁਣਾਂ ਨੂੰ ਛੱਡ ਕੇ ਅਵਗੁਣਾਂ ਦਾ ਵਪਾਰ ਕਰ ਰਿਹਾ ਹੈ ਤੇ ਏਸੇ ਨੂੰ ਹੀ
ਜੰਮਣਾ ਮਰਣਾ ਕਿਹਾ ਹੈ। ਸੰਸਾਰਿਕ ਮੋਹ ਦਾ ਬੱਧਾ ਹੋਇਆ ਨਿੱਤ ਜੰਮਦਾ ਹੈ ਤੇ ਨਿਤ ਮਰਦਾ ਹੈ ਤੇ ਇਸ
ਨੂੰ ਇਹ ਜਨਮ ਮਰਣ ਦਾ ਚੱਕਰ ਪਿਆ ਹੋਇਆ ਹੈ।
ਰੱਬ ਜੀ--ਧਰਤੀ, ਪਤਾਲ ਅਤੇ ਮਨੁੱਖ ਦੇ ਹਿਰਦੇ ਵਿੱਚ ਭਾਵ ਹਰੇਕ ਥਾਂ `ਤੇ
ਵੱਸਦਾ ਹੈ। ਪਰ ਸਮਝ ਉਸ ਨੂੰ ਹੀ ਆ ਸਕਦੀ ਹੈ ਜਿਸ ਨੇ ਗੁਰੂ ਦੀ ਮਤ ਨੂੰ ਸਮਝ ਲਿਆ ਹੈ ਉਹ ਹੀ ਅਨੰਦ
ਤੇ ਆਤਮਿਕ ਅਡੋਲਤਾ ਵਿੱਚ ਸਮਾਇਆ ਰਹਿੰਦਾ ਹੈ----
ਘਰਿ ਮਹਿ, ਧਰਤੀ ਧਉਲੁ ਪਾਤਾਲਾ॥
ਘਰ ਹੀ ਮਹਿ, ਪ੍ਰੀਤਮੁ ਸਦਾ ਹੈ ਬਾਲਾ॥
ਸਦਾ ਅਨੰਦਿ ਰਹੈ ਸੁਖਦਾਤਾ ਗੁਰਮਤਿ ਸਹਜਿ ਸਮਾਵਣਿਆ॥
ਮਾਝ ਮਹਲਾ ੩ ਪੰਨਾ ੧੨੬—
ਦੁਖਾਂਤ ਇਹ ਹੈ ਕਿ ਜਿੱਥੇ ਰੱਬ ਜੀ ਰਹਿੰਦੇ ਹਨ ਓੱਥੇ ਨਾਲ ਹੀ ਹਉਮੇ ਵਰਗੀ
ਨਾ-ਮੁਰਾਦ ਬਿਮਾਰੀ ਵੀ ਪਈ ਹੋਈ ਹੈ। ਕਿਰਸਾਨ ਕਣਕ ਬੀਜਦਾ ਹੈ ਪਰ ਉਹ ਘਾਹ ਨਹੀਂ ਬੀਜਦਾ ਸਮੇਂ ਸਿਰ
ਸੰਭਾਲ਼ ਨਾ ਕੀਤੀ ਜਾਏ ਤਾਂ ਕਣਕ ਨਾਲੋਂ ਘਾਹ ਜ਼ਿਆਦਾ ਹੋ ਜਾਂਦਾ ਹੈ। ਲਿਹਾਜ਼ਾ ਇੰਜ ਹੀ ਜੇ ਮਨੁੱਖ
ਗੁਰੂ ਗਿਆਨ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕਰਦਾ ਤਾਂ ਹਉਮੇ ਵਰਗੀ ਬਿਮਾਰੀ ਚਿੰਭੜ ਕੇ ਭਿਆਨਕ ਰੋਗ ਦਾ
ਰੂਪ ਧਾਰਨ ਕਰ ਜਾਂਦੀ ਹੈ ਤੇ ਇਸ ਹਉਮੇ ਵਿੱਚ ਮਨੁੱਖ ਹਰ ਰੋਜ਼ ਜੰਮਦਾ ਤੇ ਮਰਦਾ ਹੈ ----
ਕਾਇਆ ਅੰਦਰਿ ਹਉਮੈ ਮੇਰਾ॥
ਜੰਮਣ ਮਰਣੁ ਨ ਚੂਕੈ ਫੇਰਾ॥
ਗੁਰਮੁਖਿ ਹੋਵੈ ਸੁ ਹਉਮੈ ਮਾਰੇ ਸਚੋ ਸਚੁ ਧਿਆਵਣਿਆ॥ 3॥
ਮਾਝ ਮਹਲਾ ੩ ਪੰਨਾ ੧੨੬ –
ਇਸ ਜਨਮ ਮਰਣ ਦੇ ਗੇੜ ਵਿਚੋਂ ਨਿਕਲਿਆ ਜਾ ਸਕਦਾ ਹੈ ‘ਗੁਰਮੁਖਿ ਹੋਵੈ ਸੁ
ਹਉਮੈ ਮਾਰੇ’ ਭਾਵ ਗੁਰੂ ਸਿਧਾਂਤ ਨੂੰ ਆਪਣੇ ਜੀਵਨ ਦਾ ਅਧਾਰ ਬਣਾਇਆਂ ਹੀ ਹਉਮੇ ਦਾ ਸ਼ਿਕਾਰ ਕਰ ਸਕਦੇ
ਹਾਂ। ਇਹਨਾਂ ਵਾਕਾਂ ਵਿੱਚ ਸਾਫ਼ ਦਿਸਦਾ ਹੈ ਕਿ “ਕਾਇਆ ਅੰਦਰਿ ਹਉਮੈ ਮੇਰਾ” ਤੇ “ਜੰਮਣ ਮਰਣੁ ਨ
ਚੂਕੈ ਫੇਰਾ” ਭਾਵ ਇਸ ਜੀਵਨ ਦੇ ਵਿੱਚ ਹੀ ਅਸੀਂ ਜਨਮ ਮਰਣ ਦੀ ਘੁੰਮਣ-ਘੇਰੀ ਵਿੱਚ ਪਏ ਹੋਏ ਹਾਂ।
ਜਦੋਂ ਹਉਮੇ ਦਾ ਬੀਜ ਬੀਜਿਆ ਜਾਂਦਾ ਹੈ ਤਾਂ ਕੁਦਰਤੀ ਪਾਪ ਪੁੰਨ ਵਰਗੇ ਖ਼ਿਆਲ ਜਨਮ ਲੈਣਗੇ ਤੇ ਇਹਨਾਂ
ਸੁਭਾਵਾਂ ਦੇ ਅਧੀਨ ਹੀ ਅਸੀਂ ਸਾਰੀ ਜ਼ਿੰਦਗੀ ਗੁਜ਼ਾਰ ਦੇਂਦੇ ਹਾਂ ---
ਕਾਇਆ ਅੰਦਰਿ ਪਾਪੁ ਪੁੰਨੁ ਦੁਇ ਭਾਈ॥
ਦੁਹੀ ਮਿਲਿ ਕੈ ਸ੍ਰਿਸਟਿ ਉਪਾਈ॥
ਦੋਵੈ ਮਾਰਿ ਜਾਇ ਇਕਤੁ ਘਰਿ ਆਵੈ ਗੁਰਮਤਿ ਸਹਜਿ ਸਮਾਵਣਿਆ॥
ਮਾਝ ਮਹਲਾ ੩ ਪੰਨਾ ੧੨੬ –
ਹਉਮੇ ਦੇ ਦੋ ਭਰਾ ਪਾਪ ਤੇ ਪੁੰਨ ਇਹ ਮਿਲ ਕੇ ਸੰਸਾਰ ਨੂੰ ਆਪਣੇ ਢੰਗ ਨਾਲ
ਚਲਾਉਣ ਦਾ ਯਤਨ ਕਰ ਰਹੇ ਹਨ। ਇਹਨਾਂ ਪਹਿਲ ਵਾਨਾਂ ਨੂੰ ਗੁਰਮਤਿ ਰਾਂਹੀ ਸਮਝਣ ਵਾਲਾ ਹੀ ਜ਼ਿੰਦਗੀ ਦੇ
ਚੰਗੇ ਪੜਾ `ਤੇ ਪਾਹੁੰਚ ਸਕਦਾ ਹੈ। ਜੰਮਣਾ-ਮਰਣਾ, ਹਉਮੇ, ਪਾਪ-ਪੁੰਨ ਇਸ ਸਦਾ ਰਹਿਣ ਵਾਲੇ ਨਹੀਂ
ਹਨ। ਇਹਨਾਂ ਤੋਂ ਛੁੱਟਕਾਰਾ ਵੀ ਹੋ ਸਕਦਾ ਹੈ ਜੇਕਰ ਚੰਗੇ ਗੁਣਾਂ ਦਾ ਹਰ ਵੇਲੇ ਅਭਿਆਸ ਕੀਤਾ ਜਾਏ
ਜਿਸ ਨੂੰ ਨਾਮ ਸਿਮਰਣ ਕਿਹਾ ਗਿਆ ਹੈ ----
ਘਰਿ ਹੀ ਮਾਹਿ, ਦੂਜੈ ਭਾਇ ਅਨੇਰਾ॥
ਚਾਨਣੁ ਹੋਵੈ, ਛੋਡੈ ਹਉਮੈ ਮੇਰਾ॥
ਪਰਗਟੁ ਸਬਦੁ ਹੈ ਸੁਖਦਾਤਾ ਅਨਦਿਨੁ ਨਾਮੁ ਧਿਆਵਣਿਆ॥
ਮਾਝ ਮਹਲਾ 3 ਪੰਨਾ 126—
ਜ਼ਿਉਂਦੇ ਜੀਅ ਰੱਬ ਜੀ ਦੇ ਲੜ ਲੱਗਣਾ ਹੈ। ਹੁਣ ਰੱਬ ਜੀ ਦਾ ਕੋਈ ਰੂਪ, ਰੰਗ,
ਤੇ ਨਾ ਹੀ ਉਸ ਦੀ ਕੋਈ ਸ਼ਕਲ ਹੈ ਤੇ ਫਿਰ ਉਸ ਦੇ ਲੜ ਕਿੰਜ ਲੱਗਣਾ ਹੈ? ਸਾਫ਼ ਉੱਤਰ ਹੈ ਕਿ ਗੁਰੂ ਦੇ
ਦੱਸੇ ਉਪਦੇਸ਼ ਨੂੰ ਸਮਝ ਕੇ ਉਸ ਅਨੁਸਾਰ ਤੁਰਨ ਦਾ ਯਤਨ ਕਰਦੇ ਰਹਿਣਾ ਹੀ ਜਿੱਥੇ ਲੜ ਲੱਗਣਾ ਹੈ ਓੱਥੇ
ਏਸੇ ਦਾ ਅਭਿਆਸ ਕਰਦੇ ਰਹਿਣਾ ਹੀ ਨਾਮ ਸਿਮਰਣਾ ਹੈ –
ਜੰਮਣੁ ਮਰਣੁ ਨ ਤਿਨੑ ਕਉ ਜੋ ਹਰਿ ਲੜਿ ਲਾਗੇ॥
ਜੀਵਤ ਸੇ ਪਰਵਾਣੁ ਹੋਏ ਹਰਿ ਕੀਰਤਨਿ ਜਾਗੇ॥
ਸਾਧ ਸੰਗੁ ਜਿਨ ਪਾਇਆ ਸੇਈ ਵਡਭਾਗੇ॥
ਨਾਇ ਵਿਸਰਿਐ ਧ੍ਰਿਗੁ ਜੀਵਣਾ ਤੂਟੇ ਕਚ ਧਾਗੇ॥
ਨਾਨਕ ਧੂੜਿ ਪੁਨੀਤ ਸਾਧ, ਲਖ ਕੋਟਿ ਪਿਰਾਗੇ॥ 16॥
{ਪੰਨਾ 322}
ਸਿਧਾਂਤ ਵਲੋਂ ਥਿੜਕਿਆ ਹੋਇਆ ਮਨੁੱਖ ਹੀ ਨਿਤਾ ਪ੍ਰਤੀ ਜੰਮਣ-ਮਰਣ ਦੇ ਗੇੜ
ਵਿੱਚ ਪਿਆ ਹੋਇਆ ਹੈ। ਸੰਸਾਰ ਵਿੱਚ ਝੂਠੀਆਂ ਗਵਾਹੀਆਂ ਦੇਣ ਵਾਲੇ ਆਤਮਿਕ ਤਲ਼ `ਤੇ ਮਰੇ ਹੁੰਦੇ ਹਨ
ਤੇ ਤਸਵੀਰ ਦੇ ਦੂਸਰੇ ਪਾਸੇ ਉਹ ਲੋਕ ਅਮਰ ਹੋ ਜਾਂਦੇ ਹਨ ਜੋ -
ਸਚ ਕੀ ਬਾਣੀ ਨਾਨਕੁ ਆਖੈ ਸਚੁ ਸੁਣਾਇਸੀ ਸਚ ਕੀ ਬੇਲਾ॥
ਦੇ ਪੂਰਨਿਆਂ `ਤੇ ਚੱਲਣ ਵਾਲਾ ਹੈ ਲੋਕ ਉਸ ਨੂੰ ਯਾਦ ਕਰਦੇ ਰਹਿੰਦੇ ਹਨ।
ਗੁਰ-ਉਪਦੇਸ਼ ਦੁਆਰਾ ਆਪਣੇ ਆਪ ਦੀ ਪਹਿਛਾਣ ਕਰਕੇ ਜ਼ਿਉਂਦਿਆਂ ਹੀ ਹਉਮੇ ਤੇ
ਜੰਮਣ ਮਰਣ ਦੀ ਘੁੰਮਣਘੇਰੀ ਵਿਚੋਂ ਬਾਹਰ ਨਿਕਣ ਦੀ ਕੋਸ਼ਿਸ਼ ਕਰਨੀ ਹੈ ---
ਸਭੋ ਸਚੁ ਸਚੁ ਸਚੁ ਵਰਤੈ ਗੁਰਮੁਖਿ ਕੋਈ ਜਾਣੈ॥
ਜੰਮਣ ਮਰਣਾ ਹੁਕਮੋ ਵਰਤੈ ਗੁਰਮੁਖਿ ਆਪੁ ਪਛਾਣੈ॥
ਦਰਿਆ ਵਿੱਚ ਸੁੱਟੀ ਹੋਈ ਕੁੰਡੀ ਨਾਲ ਫਸੇ ਹੋਏ ਮਗਰ-ਮੱਛ ਵਾਂਗ ਮਨੁੱਖ ਵੀ
ਭੈੜੀ ਬਿਰਤੀ ਵਿੱਚ ਫਸਿਆ ਹੋਇਆ ਹੈ ਜੋ ਇਸ ਦੇ ਜੰਮਣ-ਮਰਣ ਦਾ ਗੇੜ ਬਣਿਆ ਪਿਆ ਹੈ ----
ਮਾਗਰਮਛੁ ਫਹਾਈਐ ਕੁੰਡੀ ਜਾਲੁ ਵਤਾਇ॥
ਦੁਰਮਤਿ ਫਾਥਾ ਫਾਹੀਐ ਫਿਰਿ ਫਿਰਿ ਪਛੋਤਾਇ॥
ਜੰਮਣ ਮਰਣੁ ਨ ਸੁਝਈ ਕਿਰਤੁ ਨ ਮੇਟਿਆ ਜਾਇ॥
ਮਾਰੂ ਮਹਲਾ ੧ ਪੰਨਾ ੧੦੦੯—
ਗੱਲ ਸਮਝਣ ਵਾਲੀ ਹੈ “ਕਿਰਤੁ ਨ ਮੇਟਿਆ ਜਾਈ” ਭਾਵ ਜੋ ਅਸੀਂ ਕਰਮ ਕੀਤਾ ਹੈ
ਉਸ ਦਾ ਫਲ਼ ਵੀ ਤਾਂ ਭੁਗਤਣਾਂ ਪੈਣਾ ਹੈ। ਹੁਣ ਮਗਰ-ਮੱਛ ਨੇ ਕੁੰਡੀ ਨੂੰ ਮੂੰਹ ਵਿੱਚ ਪਾਇਆ ਜਿਸ ਦਾ
ਨਤੀਜਾ ਇਹ ਨਿਕਲਿਆ ਕਿ ਮੱਗਰ-ਮੱਛ ਨੂੰ ਆਪਣੀ ਜਾਨ ਗਵਾਉਣੀ ਪਈ ਤੇ ਮਨੁੱਖ ਆਪਣੇ ਬਣੇ ਹੋਏ ਸੁਭਾਅ
ਅਨੁਸਾਰ ਹੀ ਕਰਮ ਕਰਦਾ ਹੈ ਜੋ ਆਤਮਿਕ ਤਲ਼ `ਤੇ ਇਸ ਦਾ ਜੰਮਣਾ-ਮਰਣਾ ਖੜਾ ਹੈ।
ਆਪਣੇ ਮਨ ਦੇ ਪਿੱਛੇ ਚੱਲਣ ਵਾਲਾ ਆਦਮੀ ਕਦੇ ਵੀ ਸੁੱਖੀ ਨਹੀਂ ਹੋ ਸਕਦਾ ਪਰ
ਸਤਿਗੁਰ ਨਾਲ ਦੋਸਤੀ ਪਾਉਣ ਵਾਲਾ ਜੰਮਣ ਮਰਣ ਦੇ ਗੇੜ ਵਿਚੋਂ ਨਿਕਲ ਸਕਦਾ ਹੈ ----
ਗੁਰਮੁਖ ਸਉ ਕਰਿ ਦੋਸਤੀ ਸਤਿਗੁਰ ਸਉ ਲਾਇ ਚਿਤੁ॥
ਜੰਮਣ ਮਰਣ ਕਾ ਮੂਲੁ ਕਟੀਐ ਤਾਂ ਸੁਖੁ ਹੋਵੀ ਮਿਤ॥ 66॥
ਪੰਨਾ ੧੪੨੧—
ਜਦੋਂ ਮਾਇਆ ਦੇ ਵੱਖ ਵੱਖ ਰੂਪਾਂ ਵਿੱਚ ਫਸਿਆ ਪਿਆ ਹੈ ਤਾਂ ਅਵੱਸ਼ ਜਨਮ ਮਰਨ
ਦੇ ਗੇੜ ਵਿੱਚ ਪਿਆ ਹੋਇਆ ਹੈ ----
ਤ੍ਰੈ ਗੁਣ ਮਾਇਆ ਭਰਮਿ ਭੁਲਾਇਆ ਹਉਮੈ ਬੰਧਨ ਕਮਾਏ॥
ਜੰਮਣੁ ਮਰਣੁ ਸਿਰ ਊਪਰਿ ਊਭਉ ਗਰਭ ਜੋਨਿ ਦੁਖੁ ਪਾਏ॥
ਸੋਰਠਿ ਮਹਲਾ ੩ ਪੰਨਾ ੬੦੪ –
ਕਾਮਕ ਬਿਰਤੀਆਂ ਵਿੱਚ ਮਰਿਆ ਪਿਆ ਹੈ ਤੇ ਤ੍ਰਿਸ਼ਨਾ ਦੀ ਖ਼ਾਹਸ਼ ਵਿੱਚ ਜਨਮ ਲੈ
ਰਿਹਾ ਹੈ। ਸ਼ਬਦ ਦੀ ਵਿਚਾਰ ਨੂੰ ਲੈ ਕੇ ਵਿਕਾਰਾਂ ਵਲੋਂ ਮਰਨਾ ਹੈ ਤੇ ਸ਼ੁਭ ਮਤ ਵਿੱਚ ਜਿਉਣ ਦਾ ਯਤਨ
ਕਰਨਾ ਹੈ ਜੇਹਾ ਕਿ ਗੁਰ ਵਾਕ ਹੈ ----
ਸਬਦਿ ਮਰਹੁ ਫਿਰਿ ਜੀਵਹੁ ਸਦ ਹੀ ਤਾ ਫਿਰਿ ਮਰਣੁ ਨ ਹੋਈ॥
ਅੰਮ੍ਰਿਤੁ ਨਾਮੁ ਸਦਾ ਮਨਿ ਮੀਠਾ ਸਬਦੇ ਪਾਵੈ ਕੋਈ॥
ਸ਼ੋਰਠਿ ਮਹਲਾ ੩ ਪੰਨਾ ੬੦੩ –
ਸੋ ਇਹ ਕਹਿ ਸਕਦੇ ਹਾਂ ਕਿ ਗੁਰਬਾਣੀ ਆਤਮਿਕ ਤਲ਼ `ਤੇ ਸਾਰੀ ਹੀ ਮਨੁੱਖਤਾ
ਨੂੰ ਆਪਣੇ ਮਨ ਵਿਚੋਂ ਵਿਕਾਰਾਂ ਨੂੰ ਮਾਰਨ ਦਾ ਉਪਦੇਸ਼ ਦੇਂਦੀ ਹੈ ਤੇ ਚੰਗੇ ਗੁਣਾਂ ਨੂੰ ਗ੍ਰਹਿਣ
ਕਰਕੇ ਆਤਮਿਕ ਤਲ਼ `ਤੇ ਜਿਉਣ ਦਾ ਸੱਦਾ ਦੇਂਦੀ ਹੈ। ਪਰ ਅਸੀਂ ਹਉਮੇ ਵਿੱਚ ਮਰ ਰਹੇ ਹਾਂ ਤੇ ਤ੍ਰਿਸ਼ਨਾ
ਵਿੱਚ ਜੀਉ ਰਹੇ ਹਾਂ। ਅਸਲ ਵਿੱਚ ਏਹੀ ਜੰਮਣਾ ਤੇ ਮਰਣਾ ਹੈ ਬਾਕੀ ਸਾਰੀ ਰੱਬੀ ਖੇਡ ਜਾਂ ਰੱਬੀ
ਨਿਯਮਾਵਲੀ ਜੋ ਸਾਰੀ ਕਾਇਨਾਤ ਵਿੱਚ ਚੱਲ ਰਹੀ ਹੈ। ਕੋਈ ਜੰਮ ਰਿਹਾ ਹੈ ਤੇ ਕੋਈ ਮਰ ਰਿਹਾ ਹੈ ਇਸ
ਵਲੋਂ ਘਬਰਾਉਣ ਦੀ ਲੋੜ ਨਹੀਂ ਹੈ। ਪਰ ਅਸੀਂ ਅੰਤਰ ਆਤਮੇ ਵਲ ਝਾਤੀ ਮਾਰ ਕੇ ਇਹ ਸਮਝਣ ਦਾ ਯਤਨ ਕਰਨਾ
ਹੈ ਕਿ ਕਿਤੇ ਅਸੀਂ ਤਾਂ ਨਹੀਂ ਜ਼ਿਉਂਦੇ ਜੀ ਜੰਮਣ ਮਰਣ ਦੇ ਗੇੜ ਵਿੱਚ ਪਏ ਹੋਏ? –
ਗੁਰ ਸੇਵਾ ਤੇ ਸੁਖੁ ਊਪਜੈ ਫਿਰਿ ਦੁਖੁ ਨ ਲਗੈ ਆਇ॥
ਜੰਮਣੁ ਮਰਣਾ ਮਿਟਿ ਗਇਆ ਕਾਲੈ ਕਾ ਕਿਛੁ ਨ ਬਸਾਇ॥
ਹਰਿ ਸੇਤੀ ਮਨੁ ਰਵਿ ਰਹਿਆ ਸਚੇ ਰਹਿਆ ਸਮਾਇ॥
ਨਾਨਕ ਹਉ ਬਲਿਹਾਰੀ ਤਿੰਨ ਕਉ ਜੋ ਚਲਨਿ ਸਤਿਗੁਰ ਭਾਇ॥ 1॥
ਸਲੋਕ ਮ: 3-- {ਪੰਨਾ 651}