ਮੂਰਤੀ ਪੂਜਾ ਵਿੱਚੋਂ, ਮੂਰਤੀ ਪੂਜਾ ਵਿੱਚ
ਬਾਬਾ ਨਾਮਦੇਵ ਜੀ ਅਸੀਂ ਨਹੀਂ ਮੰਨਣੀ ਤੁਹਾਡੀ ਗੱਲ!
-ਇਕਵਾਕ ਸਿੰਘ ਪੱਟੀ
ਗੁਰੂ ਨਾਨਕ ਦੇਵ ਜੀ ਦੇ ਆਗਮਨ ਬਾਰੇ ਭਾਈ ਗੁਰਦਾਸ ਜੀ ਲਿਖਦੇ ਹਨ:
ਮਾਰਿਆ ਸਿਕਾ ਜਗਤਿ ਵਿਚਿ ਨਾਨਕ ਨਿਰਮਲ ਪੰਥੁ ਚਲਾਇਆ।।
(ਭਾਈ ਗੁਰਦਾਸ ਜੀ, ਵਾਰ 1: 45)
ਕਿਉਂਕਿ ਗੁਰੂ ਪਾਤਸ਼ਾਹ ਜੀ ਦੇ ਆਗਮਨ ਤੋਂ ਪਹਿਲਾਂ ਦੁਨੀਆਂ ਵਿੱਚ ਅਨੇਕਾਂ
ਤਰ੍ਹਾਂ ਦੇ ਕਰਮਕਾਂਢਾਂ, ਅੰਧ-ਵਿਸ਼ਵਾਸ਼ਾਂ, ਪੱਥਰ ਪੂਜਾ ਭਾਵ ਕਿ ਅਨੇਕਤਾ ਦੀ ਪੂਜਾ ਪ੍ਰਚੱਲਿਤ ਸੀ।
ਦੇਵੀ-ਦੇਵਤਿਆਂ ਦੇ ਡਰ ਤੋਂ ਬਚਣ ਅਤੇ ਪ੍ਰਸੰਨਤਾ ਪ੍ਰਾਪਤ ਕਰਨ ਲਈ ਬ੍ਰਹਾਮਣੀ ਮੱਤ ਵੱਲੋਂ ਪ੍ਰਚਾਰੇ
ਨਕਲੀ ਸਾਧਨਾਂ ਅਧੀਨ ਕਿਤੇ ਆਪਣੇ ਸਰੀਰ ਨੂੰ ਆਰੇ ਨਾਲ ਆਪ ਚਿਰਵਾਇਆ ਜਾ ਰਿਹਾ ਸੀ ਅਤੇ ਕੋਈ ਆਪ ਹੀ
ਮੌਤ ਦੇ ਖੂਹ ਵਿੱਚ ਜਾ ਰਿਹਾ ਸੀ। ਪਰ ਗੁਰੂ ਸਾਹਿਬ ਜੀ ਨੇ ਐਸੇ ਮੱਤ ਦੀ ਨੀਂਹ ਰੱਖੀ ਜਿਸ ਵਿੱਚ
ਅਨੇਕਤਾ ਦੀ ਥਾਂ ਕੇਵਲ ਇੱਕ ਪ੍ਰਭੂ-ਪ੍ਰਮਾਤਮਾ ਅਕਾਲ ਪੁਰਖ ਦੇ ਲੜ੍ਹ ਲੋਕਾਈ ਨੂੰ ਲਗਾਇਆ ਅਤੇ
ਵਿਅਰਥ ਪੂਜਾ, ਸਮਾਧੀਆਂ, ਤੀਰਥ-ਇਸ਼ਨਾਨਾਂ ਦਾ ਖੰਡਨ ਕੀਤਾ। ਜਿਵੇਂ ਹੀ ਲੋਕਾਈ ਵਿੱਚ ਜਾਗਰੂਕਤਾ ਆਈ,
ਉਹ ਬਾਬੇ ਨਾਨਕ ਦੇ ਸ਼ਰਧਾਲੂ ਬਣ ਕੇ ਇੱਕ ਸਰਲ ਜੀਵਣ ਜਾਂਚ ਅਤੇ ਪਵਿੱਤਰ ਵੀਚਾਰਧਾਰਾ ਦੇ ਧਾਰਨੀ
ਬਣੇ। ਜਿਨ੍ਹਾਂ ਨੂੰ ਸਿੱਖ ਕਿਹਾ ਜਾਣ ਲੱਗਾ।
ਉਸ ਸਮੇਂ 33 ਕਰੋੜ ਦੇਵੀ-ਦੇਵਤਿਆਂ ਦੀ ਪੂਜਾ ਪ੍ਰਚੱਲਿਤ ਸੀ। ਰਿਗਵੇਦ ਦੇ
ਅਧਿਐਨ ਤੋਂ ਪਤਾ ਚਲਦਾ ਹੈ ਕਿ ਉਹ ਲੋਕ ਕੁਦਰਤੀ ਸ਼ਕਤੀਆਂ ਸੂਰਜ, ਆਕਾਸ਼, ਮੀਂਹ, ਹਵਾ, ਅੱਗ, ਰੁੱਖ,
ਅਦਿਕ ਦੀ ਪੂਜਾ ਕਰਦੇ ਸਨ ਅਤੇ ਯੱਗ ਕਰਦੇ ਸਨ ਕਿ ਕਿਤੇ ਕੋਈ ਦੇਵਤਾ ਨਾਰਾਜ਼ ਨਾ ਹੋ ਜਾਵੇ ਅਤੇ
ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦਾ ਕੁਦਰਤੀ ਪ੍ਰਕੋਪ ਨਾ ਝਲਣਾ ਪੈ ਜਾਵੇ। ਹਰੇਕ ਦੇਵੀ ਦੇਵਤੇ ਨੂੰ
ਖੁਸ਼ ਕਰਨ ਦਾ ਅਤੇ ਉਸਦੀ ਪੂਜਾ ਕਰਨਾ ਦਾ ਆਪਣਾ-ਆਪਣਾ ਢੰਗ ਇਹਨਾਂ ਲੋਕਾਂ ਨੇ ਆਪਣਾ ਲਿਆ ਅਤੇ
ਕਰਮਕਾਂਢਾਂ ਵਿੱਚ ਬੁਰੀ ਤਰ੍ਹਾਂ ਜਕੜੇ ਗਏ। ਪਰ ਬਾਬਾ ਨਾਨਕ ਜੀ ਨੇ ਬੜੇ ਹੀ ਸਲੀਕੇ ਅਤੇ ਪਿਆਰ ਦੀ
ਭਾਸ਼ਾ ਨਾਲ ਲੋਕਾਈ ਨੂੰ ਇੱਕ ਅਕਾਲ-ਪੁਰਖ ਜੋ ਸਰਬ ਸ਼ਕਤੀਮਾਨ ਹੈ ਦੇ ਲੜ ਲਾਇਆ। ਇਸੇ ਤਰ੍ਹਾਂ ਉਹਨਾਂ
ਦੇ ਅੱਗੇ ਉਤਰਾਧਿਕਾਰੀ ਬਾਕੀ ਗੁਰੂ ਸਾਹਿਬਾਨ ਨੇ ਵੀ ਫ਼ਾਲਤੂ ਅਡੰਬਰਾਂ, ਫ਼ੋਕਟ ਕਰਮਕਾਂਢਾਂ ਆਦਿ ਤੋਂ
ਸੁਚੇਤ ਕਰ ਕੇ ਇੱਕ ਪ੍ਰਮਾਤਮਾ ਦੀ ਗੱਲ ਕੀਤੀ। ਗੁਰੂ ਅਰਜਨ ਦੇਵ ਜੀ ਨੇ ਸਾਰੀ ਬਾਣੀ ਨੂੰ ਇੱਕੱਠਾ
ਕਰਕੇ ਆਦਿ ਬੀੜ ਦੀ ਸੰਪਾਦਨਾ ਕੀਤੀ ਜਿਸਨੂੰ ਗ੍ਰੰਥ ਸਾਹਿਬ ਕਿਹਾ ਜਾਣ ਲੱਗਾ। ਜਿਸ ਨੂੰ ਬਾਅਦ ਵਿੱਚ
ਦਸਵੇਂ ਨਾਨਕ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਚਖੰਡ ਪਿਆਨਾ ਕਰਨ ਵੇਲੇ ਇਸੇ ਗ੍ਰੰਥ
ਸਾਹਿਬ ਜੀ ਅੱਗੇ ਮੱਥਾ ਟੇਕ ਕੇ ਗੁਰਿਆਈ ਬਖ਼ਸ਼ ਕੇ “ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਬਣਾ ਦਿੱਤਾ ਅਤੇ
ਜਿਹੜੇ ਨਾਨਕ ਨਾਮ ਲੇਵਾ ਸਿੱਖ ਅੱਜ ਤੱਕ ਸਰੀਰਿਕ ਦੇਹ ਨੂੰ ਗੁਰੂ ਕਹਿੰਦੇ ਸਨ, ਉਹਨਾਂ ਨੂੰ ਹਮੇਸ਼ਾਂ
ਲਈ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਣ ਦਾ ਐਲਾਨ ਕਰ ਦਿੱਤਾ:-
“ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਉ ਗ੍ਰੰਥ।।”
ਦੂਜੇ ਪਾਸੇ ਸਾਡੇ ਵਿਰੋਧੀ ਦੁਸ਼ਮਣ (ਬਿਪਰਵਾਦ) ਨੇ ਆਪਣਾ ਤੋਰੀ ਫੁਲਕਾ
ਜਾਂਦਾ ਵੇਖ ਬਾਬਾ ਨਾਨਕ ਜੀ ਦੀ ਵੀਚਾਰਧਾਰਾ ਤੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ ਅਤੇ ਸਿੱਖਾਂ ਨੂੰ
ਸ਼ਬਦ ਗੁਰੂ ਤੋਂ ਦੂਰ ਕਰਨ ਲਈ ਯਤਨ ਅਰੰਭ ਕਰ ਦਿੱਤੇ। ਸਿੱਖਾਂ ਨੂੰ ਖਤਮ ਕਰਨ ਲਈ ਕੋਝੀਆਂ ਚਾਲਾਂ
ਚੱਲੀਆਂ ਗਈਆਂ। ਸਿੱਖਾਂ ਨੇ ਆਪਣੇ ਬਚਾਅ ਲਈ ਜੰਗਲਾਂ-ਬੀਆਬਾਨਾਂ ਦਾ ਸਹਾਰਾ ਲਿਆ। ਉੱਧਰ
ਗੁਰਦੁਆਰਿਆਂ ਵਿੱਚ ਨਿਰਮਲਿਆਂ, ਸਾਧੂਆਂ, ਬਿਪਰਾਂ ਆਦਿ ਦਾ ਕਬਜ਼ਾ ਹੋ ਗਿਆ ਅਤੇ ਜਿਹੜੇ ਕੰਮਾ ਤੋਂ
ਗਰੂ ਸਾਹਿਬ ਜੀ ਨੇ ਵਰਜਿਆ ਸੀ (ਅੱਜ ਵੀ ਗੁਰਬਾਣੀ ਦੇ ਰੂਪ ਵਿੱਚ ਸਾਨੂੰ ਸੁਚੇਤ ਕਰਦੇ ਹਨ) ਉਹਨਾਂ
ਸਾਰੇ ਕੰਮਾ ਨੂੰ ਬਿਪਰਾਂ ਨੇ ਗੁਰਦੁਆਰਿਆਂ ਵਿੱਚ ਮੁੜ ਘੁਸੇੜ ਦਿੱਤਾ।
ਮਿਸਾਲ ਦੇ ਤੌਰ ਤੇ ਬ੍ਰਹਾਮਣੀ ਕਰਮਕਾਂਢ, ਜੋਤਾਂ, ਟੱਲ, ਦੀਵੇ, ਮੱਥੇ
ਰਗੜਨੇ, ਬੁੱਤ ਪੂਜਾ, ਮੂਰਤੀ ਪੂਜਾ ਤੱਕ ਨੂੰ ਗੁਰਦੁਆਰਿਆਂ ਵਿੱਚ ਪ੍ਰਵੇਸ਼ ਕਰਵਾ ਦਿੱਤਾ। ਮੂਰਤੀ
ਪੂਜਾ ਸ਼ੁਰੂ ਕਰਵਾ ਦਿੱਤੀ। ਜਦਕਿ ਗੁਰਬਾਣੀ ਅਨੁਸਾਰ ਨਾਮ ਧਿਆਉਣਾ ਹੀ ਸੱਚੀ ਪੂਜਾ ਹੈ:-
“ਪੂਜਾ ਕੀਚੈ ਨਾਮੁ ਧਿਆਈਐ, ਬਿਨੁ ਨਾਵੈ ਪੂਜ ਨ ਹੋਇ॥”
(ਗੂਜਰੀ ਮ 1, ਪੰਨਾ 489)
ਨੌਬਤ ਇੱਥੋਂ ਤੱਕ ਆ ਗਈ ਕਿ ਸਿੱਖਾਂ ਦੇ ਕੇਂਦਰੀ ਅਸਥਾਨ ਸ੍ਰੀ ਦਰਬਾਰ
ਸਾਹਿਬ ਜੀ ਦੀ ਪ੍ਰਕਰਮਾ ਵਿੱਚ ਵੀ ਮੂਰਤੀਆਂ ਸਜਾ ਦਿੱਤੀਆਂ ਗਈਆਂ। ਜੋ ਬਾਅਦ ਵਿੱਚ ਕੌਮ ਦੇ ਮਹਾਨ
ਵਿਦਵਾਨ ਭਾਈ ਕਾਹਨ ਸਿੰਘ ਜੀ ਨਾਭਾ ਨੇ 1905 ਈ: ਵਿੱਚ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਨੂੰ
ਗੁਰਬਾਣੀ ਦੇ ਅਰਥ ਸਮਝਾ ਕੇ ਦਰਬਾਰ ਸਾਹਿਬ ਵਿੱਚੋਂ ਬੁੱਤ (ਮੂਰਤੀਆਂ) ਕਢਵਾਈਆਂ ਸਨ।
ਅੱਜ ਵੀ ਸਿੱਖਾਂ ਵਿੱਚ ਘਾਟ ਇਹੀ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ
ਗੁਰੂ ਤਾ ਮੰਨਦੇ ਹਾਂ, ਪਰ ਗੁਰੂ (ਦੀ) ਮੰਨਣ ਲਈ ਤਿਆਰ ਨਹੀਂ। ਕਲਗੀਧਰ ਪਾਤਸ਼ਾਹ ਸਾਹਿਬ ਗੁਰੂ
ਗੋਬਿੰਦ ਸਿੰਘ ਜੀ ਸਿੱਖਾਂ ਨੂੰ ਗੁਰੂ ਮਾਨਿਯੋ ਗ੍ਰੰਥ ਕਹਿ ਕੇ ਗਏ ਸਨ ਪਰ ਅਸੀਂ ਇਸਨੂੰ ਗੁਰੂ
ਪੂਜਿਉ ਗ੍ਰੰਥ ਬਣਾ ਦਿੱਤੈ, ਅਤੇ ਸ਼ਬਦ ਵੀਚਾਰ ਦੀ ਕੋਈ ਥਾਂ ਹੀ ਨਹੀਂ ਰਹਿਣ ਦਿੱਤੀ ਗਈ। ਜਿਸ ਕਾਰਣ
ਸਿੱਖਾਂ ਦੇ ਸਾਹਮਣੇ ਹੀ ਗੁਰੂ ਸਾਹਿਬ ਜੀ ਦੀ ਵੀਚਾਰਧਾਰਾ ਨੂੰ ਚਨੌਤੀ ਦਿੱਤੀ ਜਾਵੋ, ਇਹ ਅੱਖਾਂ
ਬੰਦ ਕਰਕੇ ਵੇਖਣ ਲਈ ਤਿਆਰ ਰਹਿੰਦੇ ਹਨ। ਅੱਜ ਸਾਰੀਆਂ ਸਭਾ-ਸੁਸਾਇਟੀਆਂ, ਪੰਥਕ ਜਥੇਬੰਦੀਆਂ, ਸਾਡੀ
ਸਿਰਮੌਰ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਹੋਰ ਸੰਪਰਦਾਵਾਂ ਜੋ ਸ੍ਰੀ ਗੁਰੂ
ਗ੍ਰੰਥ ਸਾਹਿਬ ਜੀ ਦੇ 300 ਸਾਲਾ ਸ਼ਤਾਬਦੀ ਮਨਾ ਕੇ ਹਟੀਆਂ ਹਨ ਅਤੇ ਨਾਅਰਾ ਵੀ ਦਿੱਤਾ ਸੀ “300 ਸਾਲ
ਗੁਰੂ ਦੇ ਨਾਲ”। ਕਾਸ਼! ਗੁਰੂ ਸਾਹਿਬ ਨੂੰ ਸਮਝਣ ਦੀ ਕੋਸ਼ਿਸ਼ ਵੀ ਕਰ ਸਕਦੇ ਕਿ ਗੁਰੂ ਜੀ ਕਹਿ ਕੀ ਰਹੇ
ਹਨ? ਅਤੇ ਅਸੀਂ ਕਰ ਕੀ ਰਹੇ ਹਾਂ।
ਗੁਰੂ ਸਾਹਿਬ ਜੀ ਨੇ ਬਾਣੀ ਵਿੱਚ ਸਾਨੂੰ ਮੂਰਤੀ ਪੂਜਾ ਤੋਂ ਸਖ਼ਤੀ ਨਾਲ
ਵਰਜਿਆ ਸੀ। ਜਿਸ ਧਰਮ ਵਿੱਚ ਮੂਰਤੀ ਪੂਜਾ ਦੀ ਕੋਈ ਮਾਨਤਾ ਹੈ ਉਹਨਾਂ ਨੂੰ ਮੁਬਾਰਕ ਹੈ। ਪਰ ਸਿੱਖਾਂ
ਲਈ ਵਿਸ਼ੇਸ਼ ਤੋਰ ਤੇ ਗੁਰੂ ਬਾਣੀ ਨਾਲ ਜੁੜਨ ਦੀ ਤਾਕੀਦ ਕੀਤੀ ਗਈ ਹੈ ਮੂਰਤੀ ਜਾਂ ਬੁੱਤ ਪੂਜਾ ਦੀ
ਨਹੀਂ। ਰਹਿਤਨਾਮਿਆਂ ਵਿੱਚ ਵੀ ਲਿਖਿਆ ਮਿਲਦਾ ਹੈ:-
“ਗੁਰੂ ਕਾ ਸਿੱਖ ਮਟ, ਬੁੱਤ, ਦੇਵੀ-ਦੇਵਤਾ, ਵਰਤ, ਪੂਜਾ ਆਦਿਕ ਕਿਤੇ ਵੱਲ
ਚਿੱਤ ਦੇਵੇ ਨਾਹੀ।”
(ਰਹਿਤਨਾਮਾ ਭਾਈ ਦਯਾ ਸਿੰਘ
ਜੀ)
ਹੁਣ ਮੈਂ ਗੱਲ ਕਰਨ ਜਾ ਰਿਹਾ ਹਾਂ ਜਿਲ੍ਹਾ ਗੁਰਦਾਸਪੁਰ ਵਿੱਚ ਬਟਾਲਾ ਸ਼ਹਿਰ
ਤੋਂ 25-26 ਕਿਲੋਮੀਟਰ ਅਤੇ ਸ੍ਰੀ ਹਰਗੋਬਿੰਦਪੁਰ ਤੋਂ 10-12 ਕਿਲੋਮੀਟਰ ਦੇ ਕਰੀਬ ਦੀ ਵਿੱਥ ਤੇ
ਕਸਬਾ ਘੁਮਾਣ ਵਿੱਚ ਬਣੇ ਅਤਿ ਸਤਿਕਾਰਯੋਗ ਸਖ਼ਸ਼ੀਅਤ ਭਗਤ ਨਾਮਦੇਵ ਜੀ ਜਿਨ੍ਹਾਂ ਦੀ ਬਾਣੀ ਨੂੰ ਸ੍ਰੀ
ਗੁਰੂ ਗ੍ਰੰਥ ਸਾਹਿਬ ਜੀ ਵਿੱਚ ਮਾਣ ਪ੍ਰਾਪਤ ਹੋਇਆ ਹੈ ਅਤੇ ਜਿਨ੍ਹਾਂ ਅੱਗੇ, ਜਿਨ੍ਹਾਂ ਦੀ ਬਾਣੀ,
ਵੀਚਾਰਧਾਰਾ ਅੱਗੇ ਅਸੀਂ ਆਪਣਾ ਸੀਸ ਝੁਕਾਉਂਦੇ ਹਾਂ। ਉਹਨਾਂ ਦੇ ਗੁਰਦੁਆਰਾ ਨਾਮਦੇਵ ਦਰਬਾਰ ਘੁਮਾਣ
ਦੀ। ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਪੂਰੀ ਸ਼ਾਨੋ-ਸ਼ੋਕਤ ਨਾਲ ਕੀਤਾ ਹੋਇਆ ਹੈ। 24
ਘੰਟੇ ਲੰਗਰ ਦਾ ਪ੍ਰਬੰਧ ਹੈ, ਬਹੁੱਤ ਹੀ ਵਧੀਆ ਇਮਾਰਤ ਬਣੀ ਹੋਈ ਹੈ। ਪਰ ਜਦੋਂ ਗੁਰੂ ਸਾਹਿਬ ਜੀ
ਅੱਗੇ ਸੀਸ ਝੁਕਾਉਣ ਤੋਂ ਬਾਅਦ ਨਾਲ ਹੀ ਸਾਂਝੇ ਬਣੇ ਕਮਰੇ ਵਿੱਚ ਗੁਰਮਤਿ ਵੀਚਾਰਧਾਰਾ ਦੀਆਂ ਧੱਜੀਆਂ
ਉਡਦੀਆਂ ਵੇਖੀਦੀਆਂ ਹਨ। ਗੁਰਮਤਿ ਉਪਦੇਸ਼ਾਂ, ਗੁਰਬਾਣੀ, ਗੁਰੂ ਹੁਕਮਾਂ ਦੀ ਹੁਕਮ ਅਦੂਲੀ ਹੁੰਦੀ ਵੇਖ
ਕੇ ਸਿਰ ਚਕਰਾ ਜਾਂਦਾ ਹੈ। ਸਾਹਮਣੇ ਹੀ ਸ਼ੀਸ਼ੇ ਵਿੱਚ ਆਦਮ ਕੱਦ ਦੇਵੀ-ਦੇਵਤਿਆਂ ਦੀਆ ਮੂਰਤੀਆਂ
ਲੱਗੀਆਂ ਹੋਈਆਂ ਹਨ। ਇੱਕ ਵਾਰ ਆਦਮੀ ਸੋਚਣ ਲਈ ਮਜਬੂਰ ਹੋ ਜਾਂਦਾ ਹੈ ਕਿ ਅਸੀਂ ਗੁਰਦੁਆਰੇ ਵਿੱਚ
ਹਾਂ ਜਾਂ ਕਿਸੇ ਮੰਦਿਰ ਦੇ ਦਰਸ਼ਨ ਕਰਨ ਨਿਕਲੇ ਹਾਂ। ਇੱਕ ਪਾਸੇ ਗੁਰਬਾਣੀ ਕਹਿ ਰਹੀ ਹੈ:-
“
ਦੇਵੀ
ਦੇਵਾ ਪੂਜੀਐ ਭਾਈ, ਕਿਆ ਮਾਗਉ ਕਿਆ ਦੇਹਿ॥
ਪਾਹਣੁ ਨੀਰਿ ਪਖਾਲੀਐ ਭਾਈ, ਜਲ ਮਹਿ ਬੂਡਹਿ ਤੇਹਿ॥”
(ਸੋਰਠਿ ਮ 1, ਪੰਨਾ, 637)
ਘਰਿ ਨਾਰਾਇਣੁ ਸਭਾ ਨਾਲਿ॥ ਪੂਜ ਕਰੇ ਰਖੈ ਨਾਵਾਲਿ॥
ਕੁੰਗੂ ਚੰਨਣੁ ਫੁਲ ਚੜਾਏ॥ ਪੈਰੀ ਪੈ ਪੈ ਬਹੁਤੁ ਮਨਾਏ॥
ਮਾਣੂਆ ਮੰਗਿ ਮੰਗਿ ਪੈਨੈ ਖਾਇ॥ ਅੰਧੀ ਕੰਮੀ ਅੰਧ ਸਜਾਇ॥
ਭੁਖਿਆ ਦੇਇ ਨ ਮਰਦਿਆਂ ਰਖੈ॥ ਅੰਧਾ ਝਗੜਾ ਅੰਧੀ ਸਥੈ॥
(ਵਾਰ ਸਾਰੰਗ, ਸਲੋਕ ਮ 1, ਪੰਨਾ 1240)
ਦੂਜੇ ਪਾਸੇ ਸਾਹਮਣੇ ਹੀ ਗੁਰਮਤਿ ਵੀਚਾਰਧਾਰਾ ਨਾਲ ਮਜ਼ਾਕ ਕੀਤਾ ਜਾ ਰਿਹਾ
ਹੈ। ਹੈਰਾਨਗੀ ਹੁੰਦੀ ਹੈ ਕਿ ਲੱਖਾਂ ਦੀ ਗਿਣਤੀ ਵਿੱਚ ਸਿੱਖ ਸੰਗਤਾਂ ਇੱਥੇ ਆਉਂਦੀਆਂ-ਜਾਂਦੀਆਂ ਹਨ।
ਕੀ ਕਿਸੇ ਨੂੰ ਵੀ ਗੁਰਮਤਿ ਵੀਚਾਰਧਾਰਾ ਦਾ ਨਹੀਂ ਪਤਾ? ਓਏ ਗੁਰਸਿੱਖੋ ਬਾਣੀ ਵਿੱਚ ਸਪੱਸ਼ਟ ਲਿਖਿਆ
ਹੈ:-
“ਠਾਕੁਰੁ ਛੋਡਿ ਦਾਸੀ ਕਉ ਸਿਮਰਹਿ ਮਨਮੁਖ ਅੰਧ ਅਗਿਆਨਾ॥”
(ਭੈਰਉ ਮ. 5, ਪੰਨਾ 1138)
ਇੱਥੇ ਹੀ ਬੱਸ ਨਹੀਂ ਦੇਵੀ-ਦੇਵਤਿਆਂ ਦੀਆਂ ਤਸਵੀਰਾਂ ਦੀਵਾਰਾਂ ਉਪਰ ਲਟਕ
ਰਹੀਆਂ ਹਨ। ਇੱਕ ਐਸੀ ਤਸਵੀਰ ਜਿਸ ਉਪਰ ਲਿਖਿਆ ਹੋਇਆ ਹੈ ਕਿ “ਸ਼ਿਵ ਆਜ ਭੀ ਗੁਰੂ ਹੈਂ।”
(ਸਿੱਖ ਵੀ ਨਿਗਲਿਆ ਗਿਆ ਦੀ ਹਾਮੀ ਭਰ ਰਹੀ ਹੈ।) ਗੁਰਦੁਆਰੇ ਵਿੱਚ ਲਟਕ ਰਹੀ ਹੈ।
ਸ਼ਿਵ ਜੀ, ਬ੍ਰਹਮਾ, ਵਿਸ਼ਨੂੰ, ਪਾਰਬਤੀ, ਹਨੂੰਮਾਨ, ਆਦਿ ਦੀਆਂ ਵੱਡ ਆਕਾਰੀ ਮੂਰਤੀਆਂ ਗੁਰਦੁਆਰੇ
ਵਿੱਚ ਵਿਸ਼ੇਸ਼ ਸ਼ੀਸ਼ੇ ਵਿੱਚ ਮੜ੍ਹਵਾ ਕੇ ਲਗਾਈਆਂ ਗਈਆਂ ਹਨ। ਸ਼ਿਵਲਿੰਗ, ਗਊ ਮਾਤਾ ਆਦਿ ਨੂੰ ਪੂਜਿਆ ਜਾ
ਰਿਹਾ ਹੈ। ਦੀਵਾਰਾਂ ਉਪੱਰ ਇਸੇ ਸਬੰਧ ਵਿੱਚ ਚਿੱਤਰਕਾਰੀ ਕੀਤੀ ਗਈ ਹੈ। ਜਦਕਿ ਗੁਰਬਾਣੀ ਕਹਿੰਦੀ ਹੈ
ਕਿ ਬੁੱਤ ਪੂਜਾ ਬੇਕਾਰ ਹੈ ਕਿਉਂਕਿ ਬੁੱਤ ਗਿਆਨ ਨਹੀਂ ਦੇ ਸਕਦਾ।
“ਜੋ ਪਾਥਰ ਕਉ ਕਹਤੇ ਦੇਵ॥ ਤਾ ਕੀ ਬਿਰਥਾ ਹੋਵੈ ਸੇਵ॥
ਜੋ ਪਾਥਰ ਕੀ ਪਾਂਈ ਪਾਇ॥ ਤਿਸ ਕੀ ਘਾਲ ਅਜਾਂਈ ਜਾਇ॥”
(ਭੈਰਉ ਮ. 5, ਪੰਨਾ 1160)
ਅਫਸੋਸ ਕਿ ਅੱਜ ਸਿੱਖਾਂ ਵਿੱਚ ਗੁਰਬਾਣੀ ਵੀਚਾਰ ਦੀ ਘਾਟ ਹੋਣ ਕਾਰਣ ਕੌਮ
ਉਪਰ ਬਿਪਰਵਾਦ ਮੁੜ ਹਾਵੀ ਹੋ ਰਿਹਾ ਹੈ। ਜਦਕਿ ਦਸਮੇਸ਼ ਪਿਤਾ ਨੇ ਸਿੱਖਾਂ ਨੂੰ ਚਿਤਾਵਨੀ ਦਿੱਤੀ ਸੀ
ਕਿ:-
ਜਬ ਇਹ ਗਹੈ ਬਿਪ੍ਰਨ ਕੀ ਰੀਤਿ॥ ਮੈ ਨ ਕਰਉਂ ਇਨਕੀ ਪ੍ਰਤੀਤ॥
ਕਿ ਜਦੋਂ ਮੇਰਾ ਖ਼ਾਲਸਾ ਬਿਪ੍ਰਵਾਦੀ ਰੀਤਾਂ ਦਾ ਮੁੜ ਧਾਰਨੀ ਹੋ ਗਿਆ ਤਾਂ
ਮੈਂ ਵੀ ਇਸਦੀ ਪ੍ਰਤੀਤ ਛੱਡ ਦਿਆਂਗਾ, ਅਤੇ ਅਸੀਂ ਅੱਜ ਉਹੀ ਕਰਮਕਾਂਢ ਕਰ ਰਹੇ ਹਾਂ ਜਿਨ੍ਹਾਂ
ਵਿੱਚੋਂ ਸਾਨੂੰ ਗੁਰੂ ਸਾਹਿਬ ਨੇ ਲੰਮਾ ਸਮਾਂ ਲਗਾ ਕੇ ਕੱਢਿਆ ਸੀ ਜਾਂ ਕਹਿ ਲਵੋ ਕਿ ਅੱਜ ਸਾਡੀ
ਹਾਲਾਤ ਇਹੋ ਜਿਹੀ ਹੈ ਕਿ ਅਸੀਂ ਅੱਜ ਫਿਰ ਮੂਰਤੀ ਪੂਜਾ ਵਿੱਚੋ ਨਿਕਲ ਕੇ ਮੂਰਤੀ ਪੂਜਾ ਵਿੱਚ ਫ਼ਸ ਗਏ
ਹਾਂ।
ਹੈਰਾਨਗੀ ਤਾਂ ਉਸ ਸਮੇਂ ਹੋਰ ਵੱਧ ਜਾਂਦੀ ਹੈ ਕਿ ਗੁਰਦੁਆਰਾ ਭਗਤ ਨਾਮਦੇਵ
ਜੀ ਦਾ ਹੋਵੇ ਅਤੇ ਗੁਰਦੁਆਰੇ ਵਿੱਚ ਕੰਮ ਜਿਹੜੇ ਨੇ ਉਹ ਭਗਤ ਨਾਮਦੇਵ ਜੀ ਦੀ ਵੀਚਾਰਧਾਰਾ,
ਸਿਧਾਂਤਾਂ, ਉਪਦੇਸ਼ਾਂ ਦੇ ਬਿਲਕੁਲ ਉਲਟ ਜਿਵੇਂ ਕਿ ਅਸੀਂ ਕਹਿ ਰਹੇ ਹੋਈਏ “ਬਾਬਾ ਨਾਮਦੇਵ
ਜੀ ਅਸੀਂ ਨਹੀਂ ਮੰਨਣੀ ਤੁਹਾਡੀ ਗੱਲ।” ਕਿਉਂਕਿ ਭਗਤ ਨਾਮਦੇਵ ਜੀ ਪਾਵਣ
ਬਾਣੀ ਵਿੱਚ ਆਪ ਇਹ ਗੱਲ ਕਹਿੰਦੇ ਹਨ ਕਿ:-
“ਏਕੈ ਪਾਥਰ ਕੀਜੈ ਭਾਉ॥ ਦੂਜੇ ਪਾਥਰ ਧਰੀਐ ਪਾਉ॥
ਜੇ ਓਹੁ ਦੇਉ ਤ ਓਹੁ ਭੀ ਦੇਵਾ॥ ਕਹਿ ਨਾਮਦੇਉ ਹਮ ਹਰ ਕੀ ਸੇਵਾ॥”
(ਗੂਜਰੀ ਭਗਤ ਨਾਮ ਦੇਵ ਜੀ, ਪੰਨਾ 525)
ਭਾਵ:- (ਕਿੰਨੀ ਅਜੀਬ ਗੱਲ ਹੈ?) ਇੱਕ ਪੱਥਰ ਨੂੰ ਦੇਵਤਾ ਬਣਾ ਕੇ ਉਸ ਨਾਲ
ਪਿਆਰ ਕੀਤਾ ਜਾਂਦਾ ਹੈ ਅਤੇ ਦੂਜੇ ਪੱਥਰਾਂ ਉਤੇ ਪੈਰ ਰਖਿਆ ਜਾਂਦਾ ਹੈ। ਜੇ ਉਹ ਪੱਥਰ (ਜਿਸਦੀ ਪੂਜਾ
ਕੀਤੀ ਜਾਂਦੀ ਹੈ) ਦੇਵਤਾ ਹੈ, ਤਾਂ ਦੂਜਾ ਪੱਥਰ ਵੀ (ਜਿਸ ਉਤੇ ਪੈਰ ਰੱਖਿਆ ਜਾਂਦਾ ਹੈ) ਦੇਵਤਾ ਹੈ।
ਨਾਮਦੇਉ ਆਖਦਾ ਹੈ (ਅਸੀਂ ਪੱਥਰਾਂ ਤੋਂ ਕੀ ਲੈਣਾ ਹੈ?) ਅਸੀ ਤਾਂ ਪ੍ਰਮਾਤਮਾ ਦੀ ਭਗਤੀ ਕਰਦੇ ਹਾਂ।
ਓਏ ਸਿੱਖੋ ਹੋਸ਼ ਕਰੋ! ! ! ਓਏ ਕਿੱਥੇ ਗਈ ਹੈ ਤੁਹਾਡੀ ਅਣਖ਼? ਅੱਜ ਸ਼ਰੇਆਮ
ਗੁਰਮਤਿ ਵੀਚਾਰਧਾਰਾ ਨੂੰ ਚੁਨੌਤੀ ਦਿੱਤੀ ਜਾ ਰਹੀ ਹੈ ਅਤੇ ਤੁਸੀ ਮੂਕ ਦਰਸ਼ਕ ਬਣ ਕੇ ਵੇਖ ਰਹੇ ਹੋ।
ਜਾਗੋ! ਜਾਗੋ! !
ਇੱਕ ਆਖ਼ਰੀ ਗੱਲ ਕਹਿ ਕੇ ਮੈ ਵਿਸ਼ਾ ਸਮਾਪਤ ਕਰਾਂਗਾ ਜਦੋਂ ਮੈ ਇਹ ਸਾਰਾ ਵਿਸ਼ਾ
ਲਿਖ ਲਿਆ ਤਾਂ ਮੇਰੇ ਇੱਕ ਮਿੱਤਰ ਇਸ ਨੂੰ ਸਾਰਾ ਪੜ੍ਹਨ ਤੋਂ ਬਾਅਦ ਕਹਿਣ ਲੱਗਾ ਕਿ “ਯਾਰ ਛੱਡ ਐਦਾਂ
ਤੇਰੇ ਕਹਿਣ ਤੇ ਜੇ ਮੂਰਤੀਆਂ ਚੁੱਕੀਆਂ ਗਈਆਂ, ਜਾਂ ਕਿਸੇ ਨੇ ਇਸ ਪਾਸੇ ਧਿਆਨ ਵੀ ਦਿੱਤਾ ਤਾਂ
ਦੱਸੀਂ। ਇਹ ਸਿੱਖ ਤਾਂ ਇਤਨੇ ਅਕ੍ਰਿਤਘਣ ਹੋ ਚੁਕੇ ਹਨ ਕਿ ਤੂੰ ਕੁੱਝ ਮੂਰਤੀਆਂ ਲਈ ਰੋਲਾ ਪਾ
ਰਿਹੈਂ, ਇੱਥੇ ਇੱਕ ਨਕਲੀ ਗ੍ਰੰਥ ਨੂੰ ਗੁਰੂ ਸਾਹਿਬ ਦੇ ਬਰਾਬਰ ਪ੍ਰਕਾਸ਼ ਕਰਕੇ ਉਸਨੂੰ ਮੱਥੇ ਟੇਕੇ
ਜਾ ਰਹੇ ਹਨ, ਤ੍ਰਿਆ ਚਰਿਤ੍ਰ ਨੂੰ ਦਸਮ ਪਿਤਾ ਦੇ ਨਾਮ ਨਾਲ ਜੋੜਿਆ ਜਾ ਰਿਹਾ ਹੈ, ਇਹ ਸਿੱਖ ਐਨੇ
ਬੇ-ਗ਼ੇਰਤ ਹੋ ਚੁੱਕੇ ਹਨ। ਹੁਣ ਪੰਥ ਦੇ ਭਲੇ ਦੀ ਆਸ ਰੱਖਣੀ ਹੀ ਔਖੀ ਹੈ।”
ਆਉ ਸਿੱਖੋ ਉਸਦੀ ਇਹ ਗੱਲ ਝੂਠੀ ਕਰ ਵਿਖਾਈਏ ਅਤੇ ਜਾਗਰੂਕ ਹੋ ਕੇ ਆਪਣੇ ਧਰਮ
ਦੀ ਅਣਖ਼ ਅਤੇ ਗ਼ੈਰਤ ਨੂੰ ਮੁੜ ਸੁਰਜੀਤ ਕਰੀਏ।
*********************
ਦਾਸ:
-ਇਕਵਾਕ ਸਿੰਘ ਪੱਟੀ
ਮੈਨੇਜਿੰਗ ਡਾਇਰੈਕਟਰ
ਸੁਰ-ਸਾਂਝ ਗੁਰਮਤਿ ਸੰਗੀਤ ਅਕੈਡਮੀ
ਅੰਮ੍ਰਿਤਸਰ। ਮੋ. 098150-24920