.

ਸਹਜਧਾਰੀ ਸਿੱਖ ਦੀ ਹੋਂਦ ਪ੍ਰਵਾਨ ਕਰਕੇ ਮਰਿਆ ਹੋਇਆ ਸੱਪ ਕੌਮ ਦੇ ਗਲ਼ ਨ ਪਾਓ

ਗੁਰਦੁਆਰਾ ਸੁਧਾਰ ਲਹਿਰ ਦੇ ਰੂਪ ਵਿੱਚ ਸਿੱਖ ਕੌਮ ਵਲੋਂ ਕੀਤੀਆਂ ਕੁਰਬਾਨੀਆਂ ਦੀ ਬਦੌਲਤ ਜਦੋਂ ‘ਸਿੱਖ ਗੁਰਦੁਆਰਾ ਐਕਟ ੧੯੨੫` ਹੋਂਦ ਵਿੱਚ ਆਇਆ ਤਾਂ ਪੰਜਾਬ ਸਰਕਾਰ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪਹਿਲੀ ਚੋਣ ੧੮ ਜੂਨ ੧੯੨੬ ਨੂੰ ਕਰਵਾਈ। ਇਸ ਪ੍ਰਕਾਰ ਪੰਜਾਬ ਅਤੇ ਇਸ ਦੇ ਪਾਸ ਦੇ ਇਤਿਹਾਸਕ ਗੁਰਦੁਆਰਿਆਂ ਦਾ ਪ੍ਰਬੰਧ ਬਕਾਇਦਾ ਤੌਰ `ਤੇ ਪੰਥ ਦੇ ਚੁਣੇ ਹੋਏ ਨੁਮਾਇੰਦਿਆ ਦੇ ਹੱਥ ਆਇਆ। ਪੰਥਕ ਪਿਆਰ ਨਾਲ ਲਬਰੇਜ਼ ਉਨਾਂ ਕੌਮੀ ਪ੍ਰਵਾਨਿਆਂ ਸਾਹਮਣੇ ਹੁਣ ਸਭ ਤੋਂ ਮਹਤਵ ਪੂਰਨ ਤੇ ਬਿਖੜਾ ਕਾਰਜ ਸੀ ਗੁਰਮਤ ਅਨੁਸਾਰੀ ਇੱਕ ਪੰਥਕ ਵਿਧਾਨ ਕਾਇਮ ਕਰਨਾ। ਕਿਉਂਕਿ, ਉਹ ਦੇਖ ਰਹੇ ਸਨ ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਜੋਤੀ-ਜੋਤਿ ਸਮਾਉਣ ਤੋਂ ਲੈ ਕੇ ਹੁਣ ਤੱਕ ਲਗਭਗ ਦੋ ਸਦੀਆਂ ਦੇ ਸਮੇਂ ਵਿੱਚ ਬਿਪਰਵਾਦੀ ਤੇ ਹੋਰ ਅਨਮਤੀ ਲਿਖਾਰੀਆਂ ਜਾਂ ਅਜਿਹੀਆਂ ਸ਼ਕਤੀਆਂ ਦੇ ਪ੍ਰਭਾਵ ਹੇਠ ਜਾਣੇ ਅਨਜਾਣੇ ਆਪਣੇ ਜਾਂ ਹੋਰਨਾਂ ਵਲੋਂ, ਜੋ ਸਿੱਖ ਸਾਹਿਤ ਰਚਿਆ ਗਿਆ ਹੈ, ਉਸ ਨੇ ਸਿੱਖੀ ਜੀਵਨ-ਜਾਚ ਦਾ ਮੂੰਹ-ਮੁਹਾਂਦਰਾ ਵਿਗਾੜਦਿਆਂ ਪੰਥ ਨੂੰ ਲੀਰੋ-ਲੀਰ ਹੀ ਕਰ ਛੱਡਿਆ ਹੈ।

ਇਸ ਲਈ ਪੰਥ ਦੀ ਇਸ ਪ੍ਰਤੀਨਿਧ ਸੰਸਥਾ ਦੀ ਸਰਪ੍ਰਸਤੀ ਹੇਠ ਸਮੁੱਚੇ ਪੰਥ ਵਲੋਂ ਮਾਰਚ ੧੯੨੭ ਤੋਂ ਫਰਵਰੀ ੧੯੪੫ ਤੱਕ ਲਗਭਗ ਅਠਾਰਾਂ ਸਾਲ ਲਗਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰੌਸ਼ਨੀ ਵਿੱਚ ਉਸ ਵੇਲੇ ਤੱਕ ਦੇ ਇਤਿਹਾਸਕ ਗ੍ਰੰਥਾਂ, ਹੁਕਮਨਾਮਿਆਂ ਤੇ ਰਹਿਤਨਾਮਿਆਂ ਦੇ ਰੂਪ ਵਿੱਚ ਉਪਲਬਧ ਸਿੱਖ ਸਾਹਿਤ ਦੀ ਪੋਣ-ਛਾਣ ਕਰਕੇ ਇੱਕ ਪੰਥਕ ਵਿਧਾਨ ਤਿਆਰ ਕੀਤਾ ਗਿਆ, ਜਿਸ ਨੂੰ ਹੁਣ ਪੰਥ ਪ੍ਰਵਾਣਿਤ ‘ਸਿੱਖ ਰਹਿਤ ਮਰਯਾਦਾ` ਦੇ ਰੂਪ ਵਿੱਚ ਦੇਖਿਆ ਜਾ ਰਿਹਾ ਹੈ। ਇਸ ਕਿਤਾਬਚੇ ਦੇ ਆਰੰਭ ਵਿੱਚ ਜਿਥੇ ਸਿੱਖ ਦੀ ਤਾਰੀਫ਼ (ਪ੍ਰੀਭਾਸ਼ਾ) ਕੀਤੀ ਗਈ ਹੈ ਅਤੇ ਸਿੱਖ ਪਰਿਵਾਰ ਵਿੱਚ ਪੈਦਾ ਹੋਣ ਵਾਲੇ ਬੱਚੇ ਬੱਚੀਆਂ ਪ੍ਰਤੀ ‘ਗੁਰਮਤਿ ਦੀ ਰਹਿਣੀ` ਧਾਰਾ ਦੇ ਨਿਯਮ (ਘ) ਅਧੀਨ ਵਿਸ਼ੇਸ਼ ਆਦੇਸ਼ ਦਿੱਤਾ ਗਿਆ ਹੈ: “ਕੇਸ ਲੜਕੇ ਕੇ ਜੋ ਹੋਏ ਸੋ ਉਨ੍ਹਾਂ ਦਾ ਬੁਰਾ ਨ ਮੰਗੇ, ਕੇਸ ਓਹੀ (ਜਮਾਂਦਰੂ) ਰੱਖੇ, ਨਾਮ ਸਿੰਘ ਰੱਖੇ। ਸਿੱਖ ਆਪਣੇ ਲੜਕੇ ਲੜਕੀਆਂ ਦੇ ਕੇਸ ਸਾਬਿਤ ਰੱਖੇ”। ਓਥੇ, ਪੰਥਕ ਰਹਿਣੀ ਦੇ ਭਾਗ ਵਿੱਚ ‘ਅੰਮ੍ਰਿਤ ਸੰਸਕਾਰ` ਧਾਰਾ ਅਧੀਨ ਅੰਮ੍ਰਿਤਧਾਰੀ ਸਿੰਘ ਦਾ ਵਰਨਣ ਹੈ, ਜਿਸ ਵਿੱਚ ਕੇਸਾਂ ਦੀ ਸੰਭਾਲ ਸ਼੍ਰੋਮਣੀ ਰਹਿਤ ਹੈ ਅਤੇ ਕੇਸ ਕਟਣੇ ਸਭ ਤੋਂ ਵੱਡੀ ਕੁਰਹਿਤ ਮੰਨੀ ਗਈ ਹੈ। ਸਹਜਧਾਰੀ ਸਿੱਖ ਦਾ ਕਿਧਰੇ ਕੋਈ ਜ਼ਿਕਰ ਨਹੀ ਹੈ। ਬਲਕਿ ਸਹਜਧਾਰੀ ਲਫ਼ਜ਼ ਹੀ ਨਹੀ ਹੈ।

ਕਿਉਂਕਿ, ਦੂਰਦ੍ਰਿਸ਼ਟੀ ਰਖਣ ਵਾਲੇ ਉਸ ਵੇਲੇ ਦੇ ਚੇਤੰਨ ਵਿਦਵਾਨਾਂ ਨੇ ਸਮਝ ਲਿਆ ਸੀ ਕਿ ਸਹਜਧਾਰੀ ਸੰਪਰਦਾ ਬਿਪਰਵਾਦੀ ਸ਼ਕਤੀਆਂ ਦੀ ਉਪਜ ਹੈ, ਜੋ ਸਿੱਖੀ ਦੀ ਕੇਸਾਧਾਰੀ ਪਹਿਚਾਣ ਖਤਮ ਕਰਕੇ ਸਿੱਖੀ ਨੂੰ ਸਹਿਜੇ ਸਹਿਜੇ ਬ੍ਰਾਹਮਣੀ-ਮੱਤ ਦੇ ਖਾਰੇ ਸਮੁੰਦਰ ਵਿੱਚ ਗਰਕ ਕਰਨ ਲਈ ਯਤਨਸ਼ੀਲ ਹਨ। ਉਨ੍ਹਾਂ ਨੂੰ ਨਿਸ਼ਚੇ ਸੀ ਕਿ ਜਿਹੜੀ ਗੁਰੂ ਨਾਨਕ-ਜੋਤੀ ਮੁਸਲਮਾਨ ਫ਼ਕੀਰਾਂ ਨੂੰ ‘ਸਾਬਿਤ ਸੂਰਤਿ ਦਸਤਾਰ ਸਿਰਾ` ਦੀ ਹਦਾਇਤ ਕਰਦੀ ਹੋਵੇ, ਉਹ ਆਪਣੇ ਦਸਵੇਂ ਸਰੂਪ ਵਿੱਚ ਸਿੱਖ ਬਣਨ ਵਾਲੇ ਕਿਸੇ ਪ੍ਰਾਣੀ ਨੂੰ ਕੇਸਾਂ ਤੋਂ ਬਿਨਾਂ ਕਿਵੇਂ ਪ੍ਰਵਾਨ ਕਰ ਸਕਦੀ ਹੈ? ਦੇਖੋ! ਕਿਸੇ ਚਲਾਕ ਬ੍ਰਾਹਮਣ ਨੇ ਸ਼ਹੀਦ ਭਾਈ ਮਨੀ ਸਿੰਘ ਜੀ ਦੇ ਨਾਮ ਦੀ ਦੁਰਵਰਤੋਂ ਕਰਦਿਆਂ ‘ਵਾਜਿਬੁਲ ਅਰਜ਼` ਦੇ ਸਿਰਲੇਖ ਹੇਠ ਸਹਜਧਾਰੀਆਂ ਦੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨਾਲ ਗਲਬਾਤ ਲਿਖ ਛੱਡੀ ਹੈ, ਜੋ ਨਿਰਾ ਕੁਫ਼ਰ ਹੈ:

(ਖ) ਅਸੀਂ ਜੋ ਆਮਿਲ ਪੇਸ਼ਾ ਕਚਹਿਰੀਆਂ ਜਾਣ ਵਾਲੇ ਸਿੱਖ ਦਾੜੀਆਂ ਕੇਸ ਇੱਕੋ ਜਿਹੇ ਕੈਂਚੀਆਂ ਨਾਲ ਕਟਵਾਇ ਲੈਂਦੇ ਸਾਂ, ਹੁਣ ਜਿਵੇਂ ਹੁਕਮ ਹੋਵੈ, ਤਿਵੇਂ ਕਰੀਏ। ਹੁਕਮ ਤੇ ਖਾਸ ਦਸਤਖਤ ਹੋਏ – ਜਿਹੜੇ ਤੁਸੀਂ ਸਹਜਧਾਰੀ ਸਿੱਖ ਹੋ, ਜੇ ਕੇਸਾ ਧਾਰੀਆਂ ਦੀ ਤਰ੍ਹਾਂ ਸਾਬਿਤ ਰੱਖੋ ਤਾਂ ਭਲਾ ਹੈ, ਨਹੀਂ ਤਾਂ ਤੁਸੀਂ ਜ਼ਰੂਰਤ ਮਾਤ੍ਰ ਵਧੀਕ ਹੋਵੇ ਸੋ ਬਰਾਬਰ ਕਰਵਾਇ ਛੱਡਣੇ, ਫੇਰ ਬਖਸ਼ਾਇ ਲੈਣਾ, ਜੋ ਕੇਸਾਧਾਰੀ ਇਹ ਕਰਮ ਕਰੇਗਾ, ਉਹ ਸਿੱਖ ਨਹੀ। (ਗੁਰਮਤ ਮਾਰਤੰਡ, ਪੰਨਾ ੧੧੩)

ਸਿੱਖ ਗੁਰਦੁਆਰਾ ਐਕਟ ੧੯੨੫ ਵਿੱਚ ਸਹਜਧਾਰੀਆਂ ਨੂੰ ਵੋਟ ਦੇ ਅਧਿਕਾਰ ਦੀ ਮੱਦ ਤਾਂ ਅੰਗਰੇਜ਼ ਸਰਕਾਰ ਨੇ ਧੱਕੇ ਨਾਲ ਵਿਸ਼ੇਸ਼ ਤਰਤੀਮ ਕਰਕੇ ਸੰਨ ੧੯੪੪ ਵਿੱਚ ਪਾਈ, ਜਿਸ ਤੇ ਸ੍ਰੋਮਣੀ ਕਮੇਟੀ ਅਤੇ ਹੋਰ ਸਿੱਖ ਜਥੇਬੰਦੀਆਂ ਸਮੇਂ ਸਮੇਂ ਇਤਰਾਜ਼ ਕਰਦੀਆਂ ਰਹੀਆਂ। ਇਹੀ ਕਾਰਣ ਹੈ ਕਿ ਆਖਿਰ ੩੧ ਮਾਰਚ ਸੰਨ ੧੯੭੩ ਨੂੰ ਸ਼੍ਰੋਮਣੀ ਕਮੇਟੀ ਨੇ ਇਸ ਮਸਲੇ ਦੇ ਸਾਰੇ ਪੱਖਾਂ ਨੂੰ ਧਿਆਨ ਵਿੱਚ ਰਖਦਿਆਂ ਸ੍ਰ: ਗੁਰਚਰਨ ਸਿੰਘ ‘ਟੌਹੜਾ` ਜੀ ਦੀ ਪ੍ਰਧਾਨਗੀ ਹੇਠ ਜਨਰਲ ਅਜਲਾਸ ਵਿੱਚ ਮਤਾ ਪਾਸ ਕਰਕੇ ਸਰਕਾਰ ਪਾਸੋਂ ਜ਼ੋਰਦਾਰ ਢੰਗ ਨਾਲ ਮੰਗ ਕੀਤੀ ਕਿ ਹੁਣ ਕੋਈ ਸਹਿਧਾਰੀ ਨਹੀਂ ਰਿਹਾ। ਦੇਸ਼ ਦੇ ਬਟਵਾਰੇ (ਸੰਨ ੧੯੪੭) ਪਿਛੋਂ ਜਾਂ ਤਾਂ ਉਹ ਸਿੰਘ ਸੱਜ ਗਏ ਹਨ ਜਾਂ ਹਿੰਦੂ ਸਭਿਆਚਾਰ ਦਾ ਹਿੱਸਾ ਬਣ ਗਏ ਹਨ। ਇਸ ਲਈ ਗੁਰੁਦਆਰਾ ਐਕਟ ਵਿਚੋਂ ਸਹਜਧਾਰੀ ਦੀ ਮੱਦ ਮੁਕੰਮਲ ਤੌਰ ਤੇ ਕੱਢ ਦਿੱਤੀ ਜਾਵੇ, ਕਿਉਂਕਿ ਇਸ ਬਹਾਨੇ ਕੇਸ ਦਾੜੀ ਕੱਟਣ ਵਾਲੇ ਪਤਿਤ ਤੇ ਨਾਮਧਰੀਕ ਸਿੱਖ ਵੀ ਗੁਰਦੁਆਰਿਆਂ ਦੇ ਵੋਟਰ ਬਣ ਜਾਂਦੇ ਹਨ।

ਬੀਬੀ ਜਗੀਰ ਕੌਰ ਤੇ ਜਥੇਦਾਰ ਬਡੂੰਗਰ ਜੀ ਦੇ ਕਾਰਜ-ਕਾਲ ਦੇ ਜਨਰਲ ਇਜਲਾਸਾਂ ਵਿੱਚ ਵੀ ਸ੍ਰੋਮਣੀ ਕਮੇਟੀ ਵਲੋਂ ਉਪਰੋਕਤ ਭਾਵ ਦੇ ਮਤੇ ਦੁਰਰਾਏ ਜਾਂਦੇ ਰਹੇ ਅਤੇ ਕਈ ਹੋਰ ਸਿੱਖ ਜਥੇਬੰਦੀਆਂ ਨੇ ਵੀ ਸਮੇਂ ਸਮੇਂ ਰੋਹ ਭਰੇ ਵਿਖਾਵੇ ਕੀਤੇ। ਅੰਤ ਨੂੰ ੨੦੦੩ ਵਿੱਚ ਕੇਂਦਰ ਸਰਕਾਰ ਨੇ ਚਾਣਕੀਆ ਨੀਤੀ ਤਹਿਤ ਸਹਜਧਾਰੀਆਂ ਦੀ ਵੋਟ ਦਾ ਅਧਿਕਾਰ ਤਾਂ ਖਤਮ ਕਰ ਦਿੱਤਾ, ਪਰ ਸਹਜਧਾਰੀ ਦੀ ਮੱਦ ਫਿਰ ਵੀ ਕਾਇਮ ਰਹਿਣ ਦਿੱਤੀ, ਜਿਹੜੀ ਹੁਣ ਸਾਰੇ ਸਿਆਪੇ ਦਾ ਕਾਰਣ ਬਣੀ ਹੈ ਅਤੇ ਇਹ ਸਿੱਖੀ ਲਈ ਬੜੀ ਖ਼ਤਰਨਾਕ ਹੈ।

ਦਿੱਲੀ ਦੇ ਵਿਸ਼ਵ ਪ੍ਰਸਿੱਧ ਪਤਰਕਾਰ ਖੁਸ਼ਵੰਤ ਸਿੰਘ ਦੀ ਲਿਖਤ ਵਿਚੋਂ ਵੀ ਇਹ ਸਚਾਈ ਇਉਂ ਪ੍ਰਗਟ ਹੁੰਦੀ ਹੈ:

At one time sahajdhari Sikhism was-as the meaning of the word signified, “those who take time”-the halfway house to the hirsute (keshadhari) form of Khalsa Sikhism. Now the process is reversed, and it has become a halfway house to Hinduism.{A history of the sikh-p.308}

(ਇੱਕ ਐਸਾ ਸਮਾਂ ਸੀ ਜਦੋਂ ਸਹਜਧਾਰੀ ਜਿਵੇਂ ਕਿ ਨਾਂ ਤੋਂ ਹੀ ਪ੍ਰਗਟ ਹੈ ਕਿ ਸਹਿਜੇ ਸਹਿਜੇ ਕੇਸਾਧਾਰੀ ਸਾਬਿਤ ਸੂਰਤ ਸਰੂਪ` ਸਿੱਖੀ ਵਿੱਚ ਸ਼ਾਮਲ ਹੋਣ`- ਜਾਂ ਇਉਂ ਕਹੀਏ ਕਿ ਖ਼ਾਲਸਾ ਪੰਥ ਵਿੱਚ ਪ੍ਰਵੇਸ਼ ਕਰਨ ਦੇ ਅੱਧ ਵਿੱਚ ਹੁੰਦੇ ਸਨ। ਪਰ ਹੁਣ ਇਹ ਅਮਲ ਪੁੱਠੇ ਰਾਹ ਪੈ ਗਿਆ ਹੈ ਤੇ ਇਹ ਹਿੰਦੂ ਮਤ ਵਿੱਚ ਸ਼ਾਮਲ ਹੋਣ ਦਾ ਅੱਧ ਹੈ।)

ਸੋ ਹੁਣ ਜਦੋਂ ਬਿਪਰਵਾਦੀ ਨੀਤੀ ਦਾ ਸ਼ਿਕਾਰ ਹੁੰਦਿਆਂ ਪੁਠੇ ਰਾਹ ਪੈ ਕੇ ਰੋਮਾਂ (ਕੇਸਾਂ) ਦੀ ਬੇਅਦਬੀ ਕਰਨ ਵਾਲੇ ਕੁੱਝ ਵਿਦਿਆਰਥੀਆਂ ਨੇ ਸ਼੍ਰੋਮਣੀ ਕਮੇਟੀ ਦੇ ਅੰਮ੍ਰਿਤਸਰ ਵਿਚਲੇ ਮੈਡੀਕਲ ਕਾਲਜ ਵਿੱਚ ਦਾਖਲੇ ਲਈ ਅਤੇ ਸਹਜਧਾਰੀ ਸਭਾ ਦੇ ਰੂਪ ਵਿੱਚ ਇੱਕ ਰਾਜਨੀਤਕ ਦਲ ਨੇ ਗੁਰਦੁਆਰਾ ਚੋਣਾਂ ਵਿੱਚ ਵੋਟ ਦਾ ਹੱਕ ਲੈਣ ਲਈ ਕੋਰਟ ਵਿੱਚ ਇਹ ਦਾਅਵਾ ਕੀਤਾ ਕਿ ਕੇਸਾਧਾਰੀ ਸਾਬਿਤ ਸਰੂਪ ਦੀ ਬੇਅਦਬੀ ਕਰਣ ਕਰਕੇ ਉਹ ਸਹਜਧਾਰੀ ਸਿੱਖ ਹਨ ਤਾਂ ੨੯ ਸਤੰਬਰ ੨੦੦੮ ਨੂੰ ਮਾਨਯੋਗ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਸ਼੍ਰੋਮਣੀ ਕਮੇਟੀ ਨੂੰ ਇਹ ਪੁਛਿਆ ਕਿ ਉਹ ਇੱਕ ਹਲਫਨਾਮੇ ਰਾਹੀਂ ਦੱਸੇ ਕਿ ਕੇਸਾਂ ਨੂੰ ਕੱਟਣ ਜਾਂ ਦਾੜੀ ਕੁਤਰਨ ਵਾਲਾ ਸਿੱਖ ਅਖਵਾ ਸਕਦਾ ਹੈ? ਜਵਾਬ ਤਾਂ ਬੜਾ ਸਿੱਧ ਪੱਧਰਾ ਸੀ ਕਿ ‘ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਪੰਥ ਪ੍ਰਵਾਣਿਤ ਸਿੱਖ ਰਹਿਤ ਮਰਯਾਦਾ ਮੁਤਾਬਿਕ ਸਿੱਖੀ ਵਿੱਚ ਸਹਜਧਾਰੀ ਦੀ ਕੋਈ ਵਿਵਸਥਾ ਨਹੀ। ਹਰੇਕ ਸਿੱਖ ਲਈ ਕੇਸਾਧਾਰੀ ਸਾਬਿਤ ਸੂਰਤ ਹੋਣਾ ਲਾਜ਼ਮੀ ਹੈ`। ਪਰ ਲਾਂਬਾ ਐਂਡ ਪਾਰਟੀ ਦੀਆਂ ਲੂੰਬੜ ਚਾਲਾਂ ਵਿੱਚ ਆ ਕੇ ਸ਼੍ਰੋਮਣੀ ਕਮੇਟੀ ਅਜਿਹੀ ਉਲਝੀ ਹੈ ਕਿ ਉਹ ਹੁਣ ਤੱਕ ਭੰਭਲ ਭੂਸੇ ਵਿੱਚ ਪਈ ਜਿਹੜਾ ਰਸਤਾ ਅਖਿਤਿਆਰ ਕਰ ਰਹੀ ਹੈ, ਉਹ ਵੀ ਸਿੱਖ ਕੌਮ ਲਈ ਹੋਰ ਉਲਝਣਾਂ ਪੈਦਾ ਕਰ ਸਕਦਾ ਹੈ। ਕਿਉਂਕਿ, ਚਾਹੀਦਾ ਤਾਂ ਇਹ ਸੀ ਕਿ ਗੁਰਦੁਆਰਾ ਐਕਟ ਵਿਚੋਂ ‘ਸਹਜਧਾਰੀ` ਮੱਦ ਨੂੰ ਮੁਕੰਮਲ ਤੌਰ ਤੇ ਕਢਾਉਣ ਲਈ ਸਰਕਾਰ ਤੇ ਜ਼ੋਰ ਪਾਇਆ ਜਾਂਦਾ ਤਾਂ ਜੋ ਇਹ ਰਾਮਰੌਲਾ ਸਦਾ ਲਈ ਖਤਮ ਹੋ ਸਕੇ। ਪਰ, ਜੇ ਕਰ ਕੇਸਾਧਾਰੀ ਦੇ ਰੂਪ ਵਿੱਚ ਵੀ ਸਹਜਧਾਰੀ ਸਿੱਖ ਦੀ ਹੋਂਦ ਪ੍ਰਵਾਨ ਕਰ ਲਈ ਗਈ, ਤਾਂ ਐਕਟ ਵਿਚੋਂ ਇਹ ਮਦ ਕਦੀ ਵੀ ਨਹੀ ਨਿਕਲ ਸਕੇਗੀ।

ਦੂਜੀ ਗੱਲ ਸਹਿਜਧਾਰੀ ਸਿੱਖ ਦੀ ਕੋਈ ਵੀ ਪ੍ਰੀਭਾਸ਼ਾ ਕਰਨੀ ਸਿੱਖ ਰਹਿਤ ਮਰਯਾਦਾ ਦੀ ਉਲੰਘਣਾ ਹੀ ਮੰਨੀ ਜਾਵੇਗੀ, ਜਿਸ ਨੂੰ ਜਾਰਰੂਕ ਸਿੱਖ ਸੰਗਤਾਂ ਕਦੀ ਵੀ ਪ੍ਰਵਾਨ ਨਹੀ ਕਰਨਗੀਆਂ। ਸ਼ਾਇਦ ਇਹੀ ਕਾਰਣ ਹੈ ਕਿ ਚੰਡੀਗੜ ਦੇ ਸਿੱਖ ਬੁਧੀਜੀਵੀਆਂ ਰਾਇ ਦਿੱਤੀ ਸੀ ਕਿ ਪ੍ਰੀਭਾਸ਼ਾ ਕਰਨ ਦੀ ਕਾਹਲ ਨਾ ਕੀਤੀ ਜਾਵੇ। ਤੀਜੀ ਗੱਲ ਜੋ ਸਿੱਖ ਮਿਸ਼ਨਰੀ ਕਾਲਜ ਸ੍ਰੀ ਅਨੰਦਪੁਰ ਸਾਹਿਬ ਦੇ ਸੂਝਵਾਨ ਪ੍ਰਿੰਸੀਪਲ ਨੇ ਕਹੀ ਹੈ ਕਿ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਕੇਸਾਧਾਰੀ ਬ੍ਰਾਹਮਣ, ਰਾਸ਼ਟਰੀਆ ਸਿੱਖ ਸੰਗਤ ਦੇ ਕਰਿੰਦੇ, ਅਸ਼ੂਤੋਸ਼ੀਏ, ਰਾਧਾ ਸਵਾਮੀ ਅਤੇ ਸਿਰਸੇ ਵਾਲੇ ਸਵਾਂਗੀ ਦੇ ਚੇਲੇ, ਜਿਹੜੇ ਲੱਖਾਂ ਦੀ ਗਿਣਤੀ ਵਿੱਚ ਕੇਸਾਧਾਰੀ ਹਨ, ਉਨ੍ਹਾਂ ਲਈ ਸ਼੍ਰੋਮਣੀ ਕਮੇਟੀ ਦੇ ਵੋਟਰ ਬਣ ਜਾਣ ਦਾ ਮੁੜ ਰਾਹ ਖੁੱਲ ਜਾਏਗਾ।

ਸੋ ਮੁਕਦੀ ਗੱਲ ਤਾਂ ਇਹ ਹੈ ਕਿ ਸਹਿਜਧਾਰੀ ਦੀ ਪ੍ਰੀਭਾਸ਼ਾ ਤਹਿ ਕਰਕੇ ਸਹਜਧਾਰੀ ਸਿੱਖ ਦੀ ਹੋਂਦ ਨੂੰ ਪ੍ਰਵਾਨ ਕਰਨਾ ਮੋਇਆ ਸੱਪ ਮੁੜ ਗਲ਼ ਪਾਉਣ ਵਾਲੀ ਗੱਲ ਹੈ। ਮੰਨ ਲਉ ਕਿ ਉਹ ਡੰਗ ਨਹੀ ਮਾਰ ਸਕੇਗਾ, ਪਰ ਭੁਰ ਭੁਰ ਕੇ ਵੀ ਉਸ ਦੇ ਜ਼ਹਿਰੀਲੇ ਕੰਡੇ ਪੈਰਾਂ ਵਿੱਚ ਚੁਭਦੇ ਹੀ ਰਹਿਣਗੇ। ਜਿਵੇਂ ਕੋਈ ਪੱਥਰ ਸੋਨੇ ਦੇ ਭਾਂਡੇ ਉੱਤੇ ਡਿੱਗੇ ਜਾਂ ਭਾਂਡਾ ਪੱਥਰ ਉੱਤੇ ਵੱਜੇ, ਹਰ ਹਾਲਤ ਵਿੱਚ ਨੁਕਸਾਨ ਭਾਂਡੇ ਨੂੰ ਹੀ ਪਹੁੰਚਣਾ ਹੈ। ਇਸੇ ਤਰ੍ਹਾਂ ਸਹਜਧਾਰੀ ਸਿੱਖ ਦੀ ਹੋਂਦ ਕਿਸੇ ਵੀ ਰੂਪ ਵਿੱਚ ਪ੍ਰਵਾਨ ਕਰ ਲਈ ਜਾਵੇ, ਉਹ ਪੰਥ ਲਈ ਹਾਨੀਕਾਰਕ ਹੀ ਸਿੱਧ ਹੋਵੇਗੀ। ਪੰਥ ਦਾ ਭਲਾ ਤਾਂ ਇਸ ਵਿੱਚ ਹੀ ਹੈ ਕਿ ਸ਼੍ਰੋਮਣੀ ਕਮੇਟੀ ਇਹੀ ਹਲਫ਼ਨਾਮਾ ਦੇਵੇ ਕਿ ਸਿੱਖੀ ਵਿੱਚ ਸਹਜਧਾਰੀ ਦੀ ਕੋਈ ਵਿਵਸਥਾ ਨਹੀ ਹੈ।

ਪੰਥਕ ਹਿਤੂ: ਜਗਤਾਰ ਸਿੰਘ ਜਾਚਕ, ਨਿਊਯਾਰਕ। ਫੋਨ: ੫੧੬. ੭੬੧. ੧੮੫੩




.