ਬਚਿੱਤਰ ਨਾਟਕ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਨਹੀਂ
ਬਚਿੱਤਰ ਨਾਟਕ ਦੀ ਰਚਨਾ ਨੂੰ ਕਿਸੇ ਵੀ ਰੂਪ ਵਿੱਚ ਗੁਰੂ ਗੋਬਿੰਦ ਸਿੰਘ ਜੀ
ਦੀ ਨਹੀਂ ਮੰਨਿਆ ਜਾ ਸਕਦਾ। ਪਰ ਅਫਸੋਸ ਕਿ ਇਸੇ ਦੇ ਅਧਾਰ `ਤੇ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼
ਪੁਰਬ ਮੌਕੇ ਹਰ ਵਾਰ ਕੀਤਾ ਜਾਂਦਾ ਹੈ ਗੁਰਮਤਿ ਦੀ ਥਾਂ ਮਨਮਤਿ ਦਾ ਪ੍ਰਚਾਰ।
ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਫਿਲਾਸਫੀ ਨੂੰ ਨਾ ਸਮਝਣ ਵਾਲੇ ਬਹੁਤ
ਸਾਰੇ ਸਿੱਖ ਪ੍ਰਚਾਰਕ ਅਤੇ ਸੰਪਰਦਾਵਾਂ ਬਚਿੱਤਰ ਨਾਟਕ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਆਪਣੀ ਆਤਮ
ਕਥਾ ਦੱਸਦੇ ਹਨ, ਜਿਸ ਵਿੱਚ ਉਨ੍ਹਾਂ ਆਪਣੇ ਪਿੱਛਲੇ ਜਨਮ ਦਾ ਬਿਰਤਾਂਤ ਖੋਲ੍ਹ ਕੇ ਲਿਖਿਆ ਹੈ।
ਬਚਿੱਤਰ ਨਾਟਕ ਨੂੰ ਉਹ ਇਸ ਕਦਰ ਗੁਰੂ ਗੋਬਿੰਦ ਸਿੰਘ ਜੀ ਦੀ ਪ੍ਰੇਮਾਣਿਕ ਰਚਨਾ ਮੰਨਦੇ ਹਨ ਕਿ ਇਸ
ਦੇ ਅਧਾਰ `ਤੇ ਹੀ ਉਸ ਤ੍ਰਿਆ ਚਰਿੱਤਰ ਅਤੇ ਹਕਾਇਤਾਂ ਵਰਗੀ ਅਸ਼ਲੀਲ ਰਚਨਾ, ਚਉਬੀਸ ਅਉਤਾਰ ਵਰਗੀ
ਰਚਨਾ ਜਿਹੜੀ ਕਿ ੴ ਨਿਰਾਕਾਰ ਵਾਹਿਗੁਰੂ ਨਾਲੋਂ ਤੋੜ ਕੇ ਬਹੁ ਅਵਤਾਰਵਾਦ ਨਾਲ ਜੋੜਨ ਦੀ ਪ੍ਰੇਰਣਾ
ਦੇਣ ਵਾਲੀ ਹੈ ਅਤੇ ਚੰਡੀ ਚਰਿੱਤਰ ਵਰਗੀ ਦੇਵੀ ਪੂਜਕ ਰਚਨਾ ਨੂੰ ਵੀ ਗੁਰੂ ਗੋਬਿੰਦ ਸਿੰਘ ਜੀ ਦੀ
ਸਿੱਧ ਕਰਨ ਦਾ ਯਤਨ ਕਰਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਅਖੌਤੀ ਦਸਮ ਗ੍ਰੰਥ `ਚ ਉਪ੍ਰੋਕਤ ਸਾਰੀਆਂ
ਹੀ ਰਚਨਾਵਾਂ ਦੀ ਲਿਖਣ ਸ਼ੈਲੀ, ਭਾਸ਼ਾ ਅਤੇ ਛੰਦ ਬੰਦੀ ਇੱਕ ਸਾਰ ਹੋਣ ਕਰਕੇ ਇੱਕੇ ਵਿਅਕਤੀ ਦੀ ਹੋ
ਸਕਦੀ ਹੈ, ਇਸ ਲਈ ਜੇਕਰ ਬਚਿੱਤਰ ਨਾਟਕ ਦੀ ਰਚਨਾ ਗੁਰੂ ਗੋਬਿੰਦ ਸਿੰਘ ਜੀ ਦੀ ਹੈ ਤਾਂ ਸਾਰੀ ਦੀ
ਸਾਰੀ ਰਚਨਾ ਹੀ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਹੈ। ਬਹੁਤ ਸਾਰੇ ਤਾਂ ਬਚਿੱਤਰ ਨਾਟਕ ਦੀ ਰਚਨਾ
ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ ਤੋਂ ਵੀ ਉਪਰ ਮੰਨਣ ਤੱਕ ਜਾਂਦੇ ਹਨ, ਇਸੇ ਲਈ ਗੁਰਪੁਰਬਾਂ
ਮੌਕੇ ਖਾਸ ਕਰਕੇ ਗੁਰੁ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਪੁਰਬ ਤੇ ਗੁਰੂ ਗੋਬਿੰਦ ਸਿੰਘ ਜੀ ਦੇ
ਪ੍ਰਕਾਸ਼ ਦਿਹਾੜੇ ਤਾਂ ਸਾਰੇ ਹੀ ਰਾਗੀ ਬਚਿੱਤਰ ਨਾਟਕ `ਚੋਂ ਹੀ ਕੀਰਤਨ ਕਰਦੇ ਹਨ ਅਤੇ ਕਥਾ ਵਾਚਕ,
ਢਾਡੀ ਪ੍ਰਚਾਰਕ ਆਦਿ ਵੀ ਆਪਣੇ ਭਾਸ਼ਣ ਦਾ ਅਧਾਰ ਇਸੇ ਰਚਨਾ ਨੂੰ ਬਣਾਉਂਦੇ ਹਨ।
ਆਉ ਜਰਾ ਵੀਚਾਰ ਕੇ ਵੇਖੀਏ ਕਿ ਗੁਰਪੁਰਬ ਮੌਕੇ ਇਹ ਆਮ ਪੜ੍ਹੀ ਜਾਂਦੀ ਰਚਨਾ
ਗੁਰਮਤਿ ਨਾਲ ਕਿਤਨੀ ਕੁ ਮੇਲ ਖਾਂਦੀ ਹੈ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਗੁਰਪੁਰਬ
ਜਿਹੜਾ ਨਾਨਕਸ਼ਾਹੀ ਕੈਲੰਡਰ ਮੁਤਾਬਿਕ ਹਰ ਸਾਲ 5 ਜਨਵਰੀ ਨੂੰ ਮਨਾਇਆ ਜਾਂਦਾ ਹੈ, ਦੌਰਾਨ ਤਾਂ ਹੋਰ
ਵੀ ਘੋਰ ਮਨਮਤਿ ਹੁੰਦੀ ਹੈ, ਕਿਉਂਕਿ ਇਸ ਦੌਰਾਨ ਜੋ ਕਥਾ ਕੀਰਤਨ ਜਾਂ ਗੁਰ ਇਤਿਹਾਸ ਸੁਣਾਇਆ ਜਾਂਦਾ
ਹੈ, ਉਹ ਨਵੇਂ ਆਏ ਜਗਿਆਸੂ ਨੂੰ ਤਾਂ ਮਨਮਤਿ ਅਤੇ ਕਰਮਕਾਂਡਾਂ `ਚ ਪੱਕਾ ਯਕੀਨ ਕਰਵਾਉਣ `ਚ ਸਹਾਈ
ਹੁੰਦਾ ਹੀ ਹੈ, ਸਗੋਂ ਜਿਨ੍ਹਾਂ ਗੁਰਸਿੱਖਾਂ ਨੂੰ ਗੁਰਬਾਣੀ ਦੀ ਥੋੜ੍ਹੀ ਬਹੁਤ ਸੂਝ ਹੈ, ਉਨ੍ਹਾਂ `ਚ
ਦੁਬਿਧਾ ਪੈਦਾ ਕਰਨ ਦਾ ਕਾਰਨ ਵੀ ਬਣ ਰਿਹਾ ਹੈ। ਇਸ ਦਿਹਾੜੇ `ਤੇ ਪਿੰਡ ਦੇ ਛੋਟੇ ਗੁਰਦੁਆਰੇ ਤੋਂ
ਲੈ ਕੇ ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਅਸਥਾਨ ਪਟਨਾ ਸਾਹਿਬ, ਜੋਤੀ ਜੋਤ ਸਮਾਉਣ ਦਾ ਅਸਥਾਨ ਹਜ਼ੂਰ
ਸਾਹਿਬ ਅਤੇ ਸਿੱਖੀ ਦੇ ਕੇਂਦਰ ਦਰਬਾਰ ਸਾਹਿਬ ਅੰਮ੍ਰਿਤਸਰ ਤੱਕ ਤੋਂ ਜੋ ਕੀਰਤਨ ਹੁੰਦਾ ਹੈ, ਉਹ
ਜਾਗਤ ਜੋਤ ਜੁੱਗੋ ਜੁੱਗ ਅਟੱਲ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ `ਚੋਂ ਨਹੀਂ ਸਗੋਂ
ਅਖੌਤੀ ਦਸਮ ਗ੍ਰੰਥ ਵਿੱਚ ਦਰਜ਼ ਬਚਿੱਤਰ ਨਾਟਕ ਦੀ ਉਸ ਵਚਿੱਤਰ ਰਚਨਾ `ਚੋਂ ਹੋ ਰਿਹਾ ਹੁੰਦਾ ਹੈ,
ਜਿਸ ਦਾ ਭਾਵ ਅਰਥ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਨਾਲ ਮੇਲ ਖਾਣ ਦੀ ਥਾਂ ਇਸ ਦੇ ਪੂਰੀ
ਤਰ੍ਹਾਂ ਵਿਰੋਧ `ਚ ਹੁੰਦਾ ਹੈ। ਸੋ, ਥੋੜ੍ਹੀ ਬਹੁਤੀ ਸੂਝ ਰੱਖਣ ਵਾਲੇ ਗੁਰਸਿੱਖ ਇਸ ਦੁਬਿਧਾ `ਚ ਫਸ
ਜਾਂਦੇ ਹਨ ਕਿ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ, ਜਿਸ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਖ਼ੁਦ
ਹੀ ਜੋਤੀ ਜੋਤ ਸਮਾਉਣ ਵੇਲੇ ( “ਸਭ ਸਿੱਖਨ ਕਉ ਹੁਕਮ ਹੈ, ਗੁਰੂ ਮਾਨੀਓ ਗ੍ਰੰਥ” ਅਨੁਸਾਰ) ਸਾਰੇ
ਸਿੱਖਾਂ ਨੂੰ, ਜਿਸ ਗ੍ਰੰਥ ਨੂੰ ਗੁਰੂ ਮੰਨਣ ਦਾ ਹੁਕਮ ਕਰ ਗਏ ਸਨ, ਉਸ ਦੀ ਬਾਣੀ ਠੀਕ ਹੈ ਜਾਂ ਗੁਰੂ
ਗੋਬਿੰਦ ਸਿੰਘ ਜੀ ਦੇ ਨਾਮ ਨਾਲ ਧੱਕੇ ਨਾਲ ਜੋੜੀ ਗਈ ਬਚਿੱਤਰ ਨਾਟਕ ਦੀ ਉਹ ਆਤਮ ਕਥਾ, ਜਿਸ ਦਾ ਉਹ
ਕੀਰਤਨ ਸੁਣ ਰਹੇ ਹਨ, ਉਹ ਸੱਚੀ ਹੈ। ਹਰ ਸਾਲ ਹਰ ਗੁਰਦੁਆਰੇ `ਚੋਂ ਹਰ ਕੀਰਤਨੀਏ ਦੇ ਮੂੰਹੋਂ ਜੋ
ਕੀਰਤਨ ਸੁਣਿਆ ਜਾ ਰਿਹਾ ਹੈ, ਉਹ ਇਹ ਹੈ:
ਅਬ ਮੈ ਅਪਨੀ ਕਥਾ ਬਖਾਨੋ॥ ਤਪ ਸਾਧਤ ਜਿਹ ਬਿਧਿ ਮੋਹਿ ਆਨੋ॥
ਹੇਮਕੁੰਟ ਪਰਬਤ ਹੈ ਜਹਾਂ॥ ਸਪਤ ਸ੍ਰਿੰਗ ਸੋਭਤਿ ਹੈ ਤਹਾਂ॥ 1॥
ਸਪਤ ਸ੍ਰਿੰਗ ਤਿਹ ਨਾਮੁ ਕਹਾਵਾ॥ ਪੰਡੁ ਰਾਜ ਜਹ ਜੋਗ ਕਮਾਵਾ॥
ਤਹ ਹਮ ਅਧਿਕ ਤਪੱਸਿਆ ਸਾਧੀ॥ ਮਹਾਕਾਲ ਕਾਲਿਕਾ ਅਰਾਧੀ॥ 2॥
ਇਹ ਬਿਧਿ ਕਰਤ ਤਪੱਸਿਆ ਭਯੋ॥ ਦਵੈ ਤੇ ਏਕ ਰੂਪ ਹਵੈ ਗਯੋ॥
ਤਾਤ ਮਾਤ ਮੁਰ ਅਲਖ ਅਰਾਧਾ॥ ਬਹੁ ਬਿਧਿ ਜੋਗ ਸਾਧਨਾ ਸਾਧਾ॥ 3॥
ਅਰਥ: (ਇਸ ਅਖੌਤੀ ਬਚਿੱਤਰ ਨਾਟਕ, ਜਿਸ ਦਾ ਲੇਖਕ ਅਸੀਂ ਬੇਸਮਝੀ ਨਾਲ ਗੁਰੁ
ਗੋਬਿੰਦ ਸਿੰਘ ਜੀ ਨੂੰ ਸਮਝ ਰੱਖਿਆ ਹੈ, ਉਹ ਕਹਿ ਰਹੇ ਹਨ) ਹੁਣ ਮੈਂ ਆਪਣੀ ਵਾਰਤਾ ਦੱਸਦਾ ਹਾਂ,
ਜਿਸ ਤਰ੍ਹਾਂ ਮੈਨੂੰ ਤਪ ਕਰਦਿਆਂ ਨੂੰ ਏਥੇ ਲਿਆਂਦਾ ਗਿਆ ਹੈ। ਜਿੱਥੇ ਹੇਕਮੁੰਟ ਪਰਬਤ ਹੈ, ਉੱਥੇ
ਸਪਤ ਸ੍ਰਿੰਗ ਪਹਾੜ ਸੋਭਦਾ ਹੈ। 1. ਜਿੱਥੇ ਪੰਡੂ ਰਾਜੇ ਨੇ ਯੋਗ ਕਮਾਇਆ ਸੀ, ਉਸ ਦਾ ਨਾਮ ਸਪਤ
ਸ੍ਰਿੰਗ ਕਿਹਾ ਜਾਂਦਾ ਹੈ, ਉੱਥੇ ਅਸਾਂ ਵੀ ਬਹੁਤ ਤਪੱਸਿਆ ਕੀਤੀ, ਮਹਾਂਕਾਲ ਦੀ ਕਾਲਿਕਾ ਸ਼ਕਤੀ ਦੀ
ਅਰਾਧਨਾ ਕੀਤੀ। 2. ਮੈਂ ਤਪੱਸਿਆ ਕਰਦਿਆਂ ਇਸ ਤਰ੍ਹਾਂ ਹੋ ਗਿਆ ਕਿ ਦੋਹਾਂ ਤੋਂ ਇੱਕ ਰੂਪ ਹੋ ਗਿਆ।
ਮੇਰੇ ਮਾਤਾ ਪਿਤਾ ਨੇ ਅਲੱਖ ਰੂਪ ਦੀ ਅਰਾਧਨਾ ਕੀਤੀ ਅਤੇ ਬਹੁਤ ਤਰ੍ਹਾਂ ਦੀ ਯੋਗ ਸਾਧਨਾ ਕੀਤੀ। 3.
ਉਪ੍ਰੋਕਤ ਕੀਰਤਨ ਸੁਣ ਕੇ ਭਾਵੇਂ ਸ਼ਰਧਾਲੂ ਸੰਗਤ ਝੂਮਣ ਲੱਗ ਪੈਂਦੀ ਹੈ ਪਰ
ਸਿਧਾਂਤਕ ਤੌਰ `ਤੇ ਇਹ ਗੁਰੂ ਗ੍ਰੰਥ ਜੀ ਦੀ ਬਾਣੀ ਦੇ ਸਿਧਾਂਤ ਦੀ ਖੰਡਨਾ ਕਰਦੀ ਹੈ ਕਿਉਂਕਿ ਇਸ
ਬਚਿੱਤਰ ਨਾਟਕ ਨੂੰ ਅਧਾਰ ਮੰਨ ਕੇ ਜਿਸ ਹੇਮਕੁੰਟ ਨੂੰ ਦਸਮੇਸ਼ ਪਿਤਾ ਜੀ ਦਾ ਤਪ ਅਸਥਾਨ ਮੰਨ ਕੇ ਅੱਜ
ਸਿੱਖ ਕੌਮ ਨੇ ਵੱਡਾ ਤੀਰਥ ਬਣਾ ਲਿਆ ਹੈ, ਉਹ ਸੈਂਕੜੇ ਫੁੱਟ ਮੋਟੀ ਬਰਫ਼ ਦੀ ਤਹਿ ਨਾਲ ਢਕੀਆਂ
ਪਹਾੜੀਆਂ, ਕਈ ਮੀਲਾਂ `ਚ ਫੈਲੀਆਂ ਹੋਈਆਂ ਹਨ, ਜਿੱਥੇ ਖਾਣ ਪੀਣ ਦੇ ਪਦਾਰਥ ਮਿਲਣੇ ਵੀ ਅਸੰਭਵ ਹਨ,
ਸਾਰਾ ਸਾਲ ਹੱਡ ਭੰਨਵੀਂ ਠੰਡ ਪੈਂਦੀ ਹੈ, ਜਿਸ ਕਾਰਨ ਉੱਥੇ ਲਗਾਤਾਰ ਇੱਕ ਮਹੀਨਾ ਟਿਕੇ ਰਹਿਣਾ ਵੀ
ਜਾਨ ਲਈ ਖਤਰਾ ਬਣ ਖਲੋਂਦਾ ਹੈ, ਉਸ ਥਾਂ `ਤੇ ਤਪ ਸਾਧਨ ਦਾ ਅਰਥ ਹੈ, ਸਰੀਰ ਨੂੰ ਬਰਫ਼ ਵਿੱਚ ਗਾਲ਼
ਲੈਣ ਦਾ ਹਠ ਕਰਮ। ਸਰੀਰ ਦਾ ਨਾਸ਼ ਕਰਨ ਵਾਲੇ ਅਜਿਹੇ ਹੱਠ ਕਰਮਾਂ ਬਾਰੇ ਗੁਰਬਾਣੀ ਦਾ ਫੁਰਮਾਨ ਇਸ
ਪ੍ਰਕਾਰ ਹੈ:
ਤਨੁ ਹੈਮੰਚਲਿ ਗਾਲੀਐ, ਭੀ ਮਨ ਤੇ ਰੋਗ ਨ ਜਾਇ॥ ਹਰਿ ਨਾਮੈ ਤੁਲਿ ਨ ਪੁਜਈ,
ਸਭ ਡਿਠੀ ਠੋਕਿ ਵਜਾਇ॥ 3॥ (ਪੰਨਾ: 62)
ਅਰਥ: ਜੇ ਸਰੀਰ ਨੂੰ ਹਿਮਾਲਾ ਪਰਬਤ ਦੀ ਬਰਫ਼ `ਚ ਗਾਲ਼ ਦਿੱਤਾ ਜਾਏ, ਤਾਂ ਵੀ
ਮਨ ਵਿੱਚੋਂ (ਹਉਮੈਂ ਆਦਿਕ) ਰੋਗ ਦੂਰ ਨਹੀਂ ਹੁੰਦਾ। (ਅਜਿਹੇ ਕਰਮਕਾਂਡ ਦੀ) ਸਾਰੀ (ਹੀ ਮਰਯਾਦਾ)
ਮੈਂ ਚੰਗੀ ਤਰ੍ਹਾਂ ਪਰਖ ਕੇ ਵੇਖ ਲਈ ਹੈ, ਕੋਈ ਕਰਮ ਪ੍ਰਭੂ ਦੇ ਨਾਮ ਸਿਮਰਨ ਦੀ ਬਰਾਬਰੀ ਤੱਕ ਨਹੀਂ
ਪੁੱਜ ਸਕਦਾ॥ 3॥
ਅਨਿਕ ਬਰਖ ਕੀਏ ਜਪ ਤਾਪਾ॥ ਗਵਨੁ ਕੀਆ ਧਰਤੀ ਭਰਮਾਤਾ॥
ਇਕੁ ਖਿਨੁ ਹਿਰਦੈ ਸਾਂਤਿ ਨਾ ਆਵੈ, ਜੋਗੀ ਬਹੁੜਿ ਬਹੁੜਿ ਉਠਿ ਧਾਵੈ ਜੀਉ॥
3॥ (ਪੰਨਾ 98)
ਅਰਥ: ਅਨੇਕਾਂ ਸਾਲ ਜਪ ਤਪ ਕੀਤੇ, ਸਾਰੀ ਧਰਤੀ `ਤੇ ਗਵਨ ਕਰਦਾ ਭਟਕਦਾ ਰਿਹਾ
ਪਰ ਇਨ੍ਹਾਂ ਕਰਮਕਾਂਡਾਂ ਕਾਰਨ ਇੱਕ ਛਿਨ ਮਾਤਰ ਵੀ ਹਿਰਦੇ ਵਿੱਚ ਸ਼ਾਂਤੀ ਨਹੀਂ ਆਉਂਦੀ, ਪਰ ਜੋਗ
ਸਾਧਨਾ `ਚ ਉਰਝਿਆ ਜੋਗੀ ਕਰਮਕਾਂਡਾਂ ਵਲ ਹੀ ਵਾਰ ਵਾਰ ਭਟਕਦਾ ਹੈ। 3. ਗੁਰੂ ਗ੍ਰੰਥ ਸਾਹਿਬ ਜੀ ਦੀ
ਬਾਣੀ ਤਾਂ ਇੱਕ ਪਾਸੇ ਸਗੋਂ ਦਸਮ ਗ੍ਰੰਥ ਵਿੱਚ ਅਕਾਲ ਉਸਤਤਿ ਦੇ ਸਿਰਲੇਖ ਹੇਠ ਜੋ ਦਰਜ਼ ਹੈ, ਵੀ
ਅਜਿਹੇ ਤਪ ਸਾਧਨਾਂ ਦਾ ਵਿਰੋਧ ਕਰਦੀ ਹੈ।
“ਤਾਪ ਕੇ ਸਹੇ ਤੇ, ਜੋ ਪਾਈਐ ਅਤਾਪ ਨਾਥ, ਤਾਪਨਾ ਅਨੇਕ ਤਨ ਘਾਇਲ ਸਹਤ ਹੈ॥
ਜਾਪ ਕੇ ਕੀਏ ਤੇ, ਜੋ ਪੈ ਪਾਯਤ ਅਜਾਪ ਦੇਵ, ਪੂਦਨਾ ਸਦੀਵ ਤੂਹੀ ਤੂਹੀ ਉਚਰਤ
ਹੈ॥ 84॥ (ਕਬਿਤ ਅਕਾਲ ਉਸਤਤਿ)
ਅਰਥ: ਜੇਕਰ ਤਪ ਸਾਧਨਾ ਦੇ ਦੁੱਖ ਸਹਿਣ ਨਾਲ ਅਤਾਪ ਨਾਥ (ਪ੍ਰਭੂ) ਦੀ
ਪ੍ਰਾਪਤੀ ਹੋ ਸਕਦੀ ਹੋਵੇ ਤਾਂ ਜਖਮੀ ਸਰੀਰ ਤਾਂ ਅਨੇਕਾਂ ਹੀ ਦੁੱਖ ਸਹਿ ਰਿਹਾ ਹੈ। ਜੇਕਰ ਜਾਪ ਕਰਨ
ਦੇ ਨਾਲ ਉਹ ਅਜਪਾ ਪ੍ਰਮਾਤਮਾ ਦੀ ਪ੍ਰਾਪਤੀ ਹੋ ਸਕਦੀ ਹੋਵੇ ਤਾਂ ਪੂਦਨਾ ਪੰਛੀ ਤਾਂ ਹਮੇਸ਼ਾ ਹੀ
ਤੂੰਹੀ ਤੂੰਹੀ ਉਚਾਰਦਾ ਹੈ। 84.
ਗੁਰਬਾਣੀ ਦਾ ਉਪਦੇਸ਼ ਅਤੇ ਹੇਮਕੁੰਟ ਵਾਲੀ ਥਾਂ `ਤੇ ਅਨੇਕਾਂ ਵਰਸ਼ ਤਪ ਸਾਧਨਾ
ਕਰਨ ਦੀ ਕਹਾਣੀ ਦੇ ਬਿਲਕੁਲ ਵਿਰੋਧੀ ਭਾਵ `ਚ ਹਨ, ਇਸ ਲਈ ਇਹ ਮੰਨਣਯੋਗ ਨਹੀਂ ਹੈ ਕਿ ਅਜਿਹੇ ਪਾਵਨ
ਸ਼ਬਦਾਂ ਦੇ ਰਚੇਤਾ ਗੁਰੂ ਨਾਨਕ ਦੇਵ ਜੀ ਦੇ ਦਸਵੇਂ ਪਾਵਨ ਸਰੂਪ ਨੇ ਹਿਮਾਲਿਆ ਦੀਆਂ ਬਰਫ਼ਾਂ ਵਿੱਚ
ਸਰੀਰ ਨੂੰ ਗਾਲ਼ ਦੇਣ ਵਾਲੀ ਠੰਡ ਵਿੱਚ ਪ੍ਰਮਾਤਮਾ ਦੇ ਮਿਲਾਪ ਲਈ ਘੋਰ ਤਪੱਸਿਆ ਵਾਲਾ ਹਠ ਕਰਮ ਕੀਤਾ
ਹੋਵੇ। ਕਠਿਨ ਤਪੱਸਿਆ ਨਾਲ ਦਸਮੇਸ਼ ਜੀ ਨੂੰ ਜੋੜਨ ਵਾਲੇ ਅਸੀਂ, ਕੀ ਸਤਿਗੁਰੂ ਨੂੰ ਮੁੜ, ਬੇਤਾਲੇ
ਅਥਵਾ ਸਾਕਤ ਤਾਂ ਨਹੀਂ ਕਹਿ ਰਹੇ ਹੁੰਦੇ? ਕਿਸੇ ਪ੍ਰਕਾਰ ਦੇ ਜਪ ਤਪ ਨੂੰ ਫੋਕਟ ਸਮਝਣ ਦਾ ਉਪਦੇਸ਼
ਦੇਣ ਵਾਲੇ ਮਹਾਨ ਗੁਰੂ ਜੀ ਨੂੰ ਹੀ, ਜਪਾਂ ਤਪਾਂ ਨਾਲ ਅਥਵਾ ਯੋਗ ਸਾਧਨਾ ਨਾਲ ਜੋੜਨ ਵਾਲੀ ਗੱਲ ਕਰਨ
ਵਾਲੇ, ਕੀ ਅਸੀਂ ਸਾਰੇ ਇਹ ਦੋਸ਼ ਲਾ ਰਹੇ ਹਾਂ ਕਿ
“ਅਵਰ ਉਪਦੇਸੈ ਆਪ ਨਾ ਕਰੈ॥ ਆਵਤ ਜਾਵਤ
ਜਨਮੈ ਮਰੈ॥ (269) `ਤੇ ਗੁਰੂ ਸਾਹਿਬ ਖ਼ੁਦ ਹੀ ਆਪ
ਅਮਲ ਨਹੀਂ ਕਰ ਰਹੇ। ਬਚਿੱਤਰ ਨਾਟਕ ਦੀ ਰਚਨਾ ਨੇ ਤਾਂ ਕਰਨ ਕਾਰਨ, ਸਰਬ ਸਮਰੱਥ ਪ੍ਰਮਾਤਮਾ ਨੂੰ ਹੀ
ਬੜਾ ਬੇਵੱਸ ਹੋਇਆ ਦਰਸਾਇਆ ਹੈ ਜਦੋਂ ਤਪ ਸਾਧ ਰਹੇ ਗੁਰੂ ਗੋਬਿੰਦ ਸਿੰਘ ਜੀ ਨੂੰ ਇਹ ਕਹਿ ਰਹੇ ਹਨ
ਕਿ:
ਜਬ ਪਹਿਲੇ ਹਮ ਸ੍ਰਿਸਟ ਬਨਾਈ॥ ਦੱਈਤ ਰਚੇ ਦੁਸਟ ਦੁਖ ਦਾਈ॥
ਤੇ ਭੁਜ ਬਲ ਬਵਰੇ ਹਵੈ ਗਏ॥ ਪੂਜਤ ਪਰਮ ਪੁਰਖ ਰਹਿ ਗਏ॥ 6॥
ਅਰਥ: ਬੇਵੱਸ ਹੋਇਆ ਪ੍ਰਮਾਤਮਾ ਤਪ ਕਰ ਰਹੇ ਗੁਰੂ ਗੋਬਿੰਦ ਸਿੰਘ ਜੀ ਨੂੰ
ਬੁਲਾ ਕੇ ਕਹਿਣ ਲੱਗਿਆ ਕਿ ਜਦੋਂ ਪਹਿਲੇ ਅਸੀਂ ਸ਼੍ਰਿਸ਼ਟੀ ਬਣਾਈ ਤਾਂ ਦੁਖਦਾਈ, ਦੁਸ਼ਟ ਦੈਂਤ ਵੀ ਬਣਾ
ਦਿੱਤੇ, ਉਹ ਕਮਲੇ ਬੇਅਕਲ ਆਪਣੇ ਬਾਹੂ ਬਲ ਦੇ ਹੰਕਾਰ ਦੇ ਕਾਰਨ ਪਾਗਲ ਹੋ ਗਏ। (ਮੈਨੁੰ) ਪਰਮ ਪੁਰਖ
ਭਾਵ ਪ੍ਰਭੂ ਨੂੰ ਪੂਜਣਾ ਹੀ ਭੁੱਲ ਗਏ।
ਤੇ ਹਮ ਤਮਕਿ ਤਨਿਕ ਮੋ ਖਾਪੇ॥ ਤਿਨ ਕੀ ਠਾਉਰ ਦੇਵਤੇ ਥਾਪੇ॥
ਤੇ ਭੀ ਬਲ ਪੂਜਾ ਉਰਝਾਏ॥ ਆਪਨ ਹੀ ਪਰਮੇਸ਼ੁਰ ਕਹਾਏ॥ 7॥
ਉਨ੍ਹਾਂ ਦੀ ਇਸ ਮੂਰਖਤਾਈ `ਤੇ ਅਸੀਂ ਕਰੋਧਵਾਨ ਹੋ ਕੇ ਉਹ ਝੱਟ ਹੀ ਖਪਾ
ਦਿੱਤੇ ਅਤੇ ਉਨ੍ਹਾਂ ਦੀ ਥਾਂ ਦੇਵਤੇ ਬਣਾ ਦਿੱਤੇ ਪਰ ਉਹ ਵੀ ਸ਼ਕਤੀ ਦੀ ਪੂਜਾ `ਚ ਉਰਝ ਗਏ ਅਤੇ ਆਪਣੇ
ਆਪ ਨੂੰ ਪ੍ਰਮੇਸ਼ਰ ਕਹਾਉਣ ਲੱਗ ਪਏ।
ਮਹਾਦੇਵ ਅਚੁਤ ਕਹਵਾਯੋ॥ ਬਿਸਨ ਆਪ ਹੀ ਕੋ ਠਹਰਾਯੋ॥
ਬ੍ਰਹਮਾ ਆਪ ਪਾਰਬ੍ਰਹਮ ਬਖਾਨਾ॥ ਪ੍ਰਭ ਕੋ ਪ੍ਰਭੂ ਨ ਕਿਨਹੂੰ ਜਾਨਾ॥ 8॥
ਅਰਥ: ਸ਼ਿਵ ਆਪਣੇ ਆਪ ਨੂੰ ਹੀ ਅਮਰ ਅਖਵਾਉਣ ਲੱਗਾ। ਬਿਸ਼ਨ ਬਣਾਇਆ ਤਾਂ ਆਪਣੇ
ਆਪ ਨੂੰ ਹੀ ਕਰਤਾ ਧਰਤਾ ਮੰਨ ਬੈਠਾ। ਬ੍ਰਹਮਾ ਨੇ ਆਪਣੇ ਆਪ ਨੂੰ ਪਾਰਬ੍ਰਹਮ ਆਖਿਆ ਅਤੇ ਇਸ ਤਰ੍ਹਾਂ
ਕਿਸੇ ਨੇ ਵੀ ਪ੍ਰਭੂ ਨੂੰ ਪ੍ਰਭੂ ਕਰਕੇ ਨਾ ਮੰਨਿਆ।
ਤਬ ਸਾਖੀ ਪ੍ਰਭ ਅਸਟ ਬਨਾਏ॥ ਸਾਖ ਨਮਿਤ ਦੇਬੇ ਠਹਿਰਾਏ॥
ਤੇ ਕਹੈ, ਕਰੋ ਹਮਾਰੀ ਪੂਜਾ॥ ਹਮ ਬਿਨ ਅਵਰੁ ਨ ਠਾਕੁਰੁ ਦੂਜਾ॥ 9॥
ਅਰਥ: ਫਿਰ ਪ੍ਰਭੂ ਨੇ ਅੱਠ ਸਾਖੀ (ਗਵਾਹ) ਬਣਾਏ ਅਤੇ ਉਨ੍ਹਾਂ ਨੂੰ ਜੀਵਾਂ
ਦੇ ਕੀਤੇ ਕਰਮਾਂ ਦੀ ਗਵਾਹੀ ਦੇਣ ਵਾਸਤੇ ਕਾਇਮ ਕੀਤਾ। ਪਰ ਉਹ ਕਹਿਣ ਲੱਗੇ (ਹੇ ਜਗਤ ਦੇ ਲੋਕੋ! ਜੇ
ਸੁੱਖ ਚਾਹੁੰਦੇ ਹੋ, ਤਾਂ) ਸਾਡੀ ਹੀ ਪੂਜਾ ਕਰੋ, (ਕਿਉਂਕਿ) ਸਾਥੋਂ ਬਿਨਾਂ ਹੋਰ ਕੋਈ ਪ੍ਰਮੇਸ਼ਰ
ਨਹੀਂ ਹੈ।
ਇਸ ਤਰ੍ਹਾਂ ਬਚਿੱਤਰ ਨਾਟਕ, (ਜਿਸ ਨੁੰ ਸਾਜਿਸ਼ਕਾਰਾਂ ਨੇ ਆਪਣੀ ਸਾਜਿਸ਼ ਅਧੀਨ
ਅਤੇ ਸਿੱਖਾਂ ਨੇ ਆਪਣੀ ਅਗਿਆਨਤਾ ਕਾਰਨ ਗੁਰੂ ਗੋਬਿੰਦ ਸਿੰਘ ਜੀ ਨੂੰ ਆਪਣੇ ਪਿੱਛਲੇ ਜਨਮ ਦੀ ਆਤਮ
ਕਥਾ ਦਾ ਲਿਖਾਰੀ ਮੰਨ ਲਿਆ ਹੈ) ਦੇ ਲਿਖਾਰੀ ਨੇ ਉਸ ਅਭੁੱਲ ਪ੍ਰਮਾਤਮਾ (ਭੁੱਲਣ ਅੰਦਰਿ ਸਭੁ ਕੋ
ਅਭੁਲ ਗੁਰੂ ਕਰਤਾਰ) (ਪੰਨਾਂ 67) ਦੀ ਸਥਿੱਤੀ ਅਜਿਹੀ ਬਣਾ ਦਿੱਤੀ ਹੈ ਕਿ ਜਿਸ ਨੂੰ ਵੀ ਉਹ ਆਪਣੀ
ਪੂਜਾ ਪ੍ਰਤਿਸ਼ਠਾ ਕਰਵਾਉਣ ਅਤੇ ਆਪਣਾ ਨਾਮ ਜਪਾਉਣ ਲਈ ਭੇਜਦਾ, ਉਹੀ ਪ੍ਰਭੂ ਤੋਂ ਆਕੀ ਹੋ ਬੈਠਾ ਅਤੇ
ਆਪਣਾ ਨਾਮ ਜਪਾਉਣ ਲੱਗ ਪਿਆ। ਭਾਵ ਪ੍ਰਮਾਤਮਾ ਤੋਂ ਹਰ ਵਾਰੀ ਗਲਤੀ ਹੀ ਹੁੰਦੀ ਰਹੀ। ਬਚਿੱਤਰ ਨਾਟਕ
ਦਾ ਲਿਖਾਰੀ ਅੱਗੇ ਜਾ ਕੇ ਲਿਖਦਾ ਹੈ ਕਿ:
ਪੁਨਿ ਹਰਿ ਰਾਮਾਨੰਦ ਕੋ ਕਰਾ॥ ਭੇਸ ਬੈਰਾਗੀ ਕੋ ਜਿਨ ਧਰਾ॥
ਕੰਠੀ ਕੰਠਿ ਕਾਠ ਕੀ ਡਾਰੀ॥ ਪ੍ਰਭ ਕੀ ਕ੍ਰਿਆ ਨ ਕਛੂ ਬਿਚਾਰੀ॥ 25
ਫਿਰ ਪ੍ਰਮਾਤਮਾ ਨੇ ਰਾਮਾ ਨੰਦ ਨੂੰ ਪੈਦਾ ਕੀਤਾ, ਜਿਸ ਨੇ ਬੈਰਾਗੀ ਭੇਖ
ਧਾਰਨ ਕੀਤਾ ਤੇ ਗਲ਼ੇ ਵਿੱਚ ਕਾਠ ਕੀ ਕੰਠੀ ਪਾ ਲਈ ਪਰ ਪ੍ਰਭੂ ਦੀ ਕ੍ਰਿਆ ਦਾ ਕੋਈ ਵਿਚਾਰ ਨਾ ਕੀਤਾ।
ਜੇ ਪ੍ਰਭੁ ਪਰਮ ਪੁਰਖ ਉਪਜਾਏ॥ ਤਿਨ ਤਿਨ ਅਪਨੇ ਰਾਹ ਚਲਾਏ॥
ਮਹਾ ਦੀਨ ਤਬ ਪ੍ਰਭ ਉਪਰਾਜਾ॥ ਅਰਬ ਦੇਸ ਕੋ ਕੀਨੋ ਰਾਜਾ॥ 26॥
ਤਿਨ ਭੀ ਏਕ ਪੰਥ ਉਪਰਾਜਾ॥ ਲਿੰਗ ਬਿਨਾ ਕੀਨੇ ਸਭ ਰਾਜਾ॥
ਸਭ ਤੇ ਅਪਨਾ ਨਾਮ ਜਪਾਯੋ॥ ਸਤਿਨਾਮੁ ਕਾਹੂ ਨ ਦ੍ਰਿੜਾਯੋ॥ 27॥
ਪ੍ਰਭੂ ਨੇ ਜਿਹੜੇ ਵੀ ‘ਪਰਮ ਪੁਰਖ’ (ਸੁਧਾਰਕ ਮਹਾਤਮਾ) ਪੈਦਾ ਕੀਤੇ ਸਨ,
ਉਨ੍ਹਾਂ ਸਭਨਾ ਆਪਣੇ ਮਜ਼ਹਬ ਤੋਰ ਲਏ। ਪ੍ਰਭੂ ਨੇ ਫਿਰ (ਮਹਾਦੀਨ) ਮੁਹੰਮਦ ਸਾਹਿਬ ਜੀ ਨੂੰ ਪੈਦਾ
ਕੀਤਾ, (ਜਿਸ ਨੂੰ) ਅਰਬ ਦੇਸ ਦਾ ਰਾਜਾ ਬਣਾਇਆ। 26॥ ਉਸ ਨੇ ਵੀ ਇੱਕ ਮਜ੍ਹਬ ਤੋਰ ਦਿੱਤਾ (ਅਤੇ
ਆਪਣੇ) ਸਾਰੇ ਪੈਰੋਕਾਰਾਂ ਨੂੰ ਲਿੰਗ ਤੋਂ ਬਿਨਾ ਬਣਾ ਦਿੱਤਾ ਹੈ (ਅਰਥਾਤ ਉਸ ਨੇ ਆਪਣੇ ਸ਼ਰਧਾਲੂਆਂ
ਨੂੰ ਸੁੰਨਤੀ ਬਣਾ ਦਿੱਤਾ)। ਸਭਨਾਂ ਤੋਂ ਆਪਣਾ ਨਾਮ ਜਪਾਇਆ (ਇਸ ਤਰ੍ਹਾਂ) ਕਿਸੇ ਨੇ ਵੀ ਸਤਿਨਾਮ ਦਾ
ਉਪਦੇਸ਼ ਨਹੀਂ ਦਿੱਤਾ। 27.
ਸਭ ਅਪਨੀ ਅਪਨੀ ਉਰਝਾਨਾ॥ ਪਾਰਬ੍ਰਹਮ ਕਾਹੂੰ ਨ ਪਛਾਨਾ॥
ਤਪ ਸਾਧਤ ਹਰਿ ਮੋਹਿ ਬੁਲਾਯੋ॥ ਇਮ ਕਹਿ ਕੈ ਇਹ ਲੋਕ ਪਠਾਯੋ॥ 28
ਸਾਰੇ ਆਪੋ ਆਪਣੀ (ਪ੍ਰਭਤਾ) ਵਿੱਚ ਫਸੇ ਹੋਏ ਹਨ, ਕਿਸੇ ਨੇ ਵੀ ਪਰਮਾਤਮਾ
ਨੂੰ ਨਹੀਂ ਪਛਾਣਿਆ। ਮੈਨੂੰ (ਗੁਰੂ ਗੋਬਿੰਦ ਸਿੰਘ ਨੂੰ) ਤੱਪ ਕਰਦੇ ਨੂੰ ਹਰੀ ਨੇ ਬੁਲਾਇਆ ਅਤੇ ਇਸ
ਤਰ੍ਹਾਂ ਕਹਿ ਕੇ (ਮੈਨੂੰ) ਇਸ ਜਗਤ ਵਿੱਚ ਭੇਜਿਆ। 28.
ਭਾਵ: ਗੁਰੂ ਗੋਬਿੰਦ ਸਿੰਘ ਜੀ ਨੁੰ ਪ੍ਰਭੂ ਨੇ ਇਸ ਲੋਕ ਵਿੱਚ ਭੇਜ ਦਿੱਤਾ
ਤਾਂ ਕਿ ਉਹ ਉਸ ਪ੍ਰਭੂ ਦਾ ਨਾਮ ਜਪਾਏ। ਹੁਣ ਜੇ ਇਸ ਬਚਿੱਤਰ ਕਥਾ ਨੂੰ ਸੱਚ ਮੰਨ ਲਿਆ ਜਾਵੇ ਤਾਂ ਇਹ
ਮੰਨਣਾ ਪਵੇਗਾ ਕਿ ਪਹਿਲੇ ਨੌ ਗੁਰੂ ਸਾਹਿਬਾਨ ਨੇ ਵੀ ਪ੍ਰਭੂ ਦਾ ਨਾਮ ਨਹੀਂ ਸੀ ਜਪਾਇਆ। ਰਾਮਾਨੰਦ
ਜੀ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਗੁਰੂ ਅਰਜਨ ਦੇਵ ਜੀ ਨੇ ਆਪ ਹੀ ਦਰਜ਼ ਕਰਵਾਈ ਹੈ,
ਬਚਿੱਤਰ ਨਾਟਕ ਅਨੁਸਾਰ ਉਹ ਵੀ ਬੈਰਾਗੀ ਭੇਸ ਦਾ ਪ੍ਰਚਾਰ ਹੀ ਕਰਦੇ ਰਹੇ ਅਤੇ ਉਨ੍ਹਾ ਵੀ ਪ੍ਰਭੂ ਦਾ
ਨਾਮ ਨਹੀਂ ਜਪਾਇਆ। ਫਿਰ ਗੁਰੂ ਅਰਜਨ ਦੇਵ ਜੀ ਨੇ ਉਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ `ਚ ਦਰਜ਼
ਕਿਉਂ ਕੀਤੀ? ਪ੍ਰਭੂ ਦੇ ਭੇਜੇ ਹੋਏ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਉਸ ਦੀ ਬਾਣੀ ਨੂੰ ਉਸੇ ਗ੍ਰੰਥ
ਸਾਹਿਬ `ਚ ਕਿਉਂ ਰਹਿਣ ਦਿੱਤਾ, ਜਿਸ ਨੂੰ ਉਨ੍ਹਾਂ ਬਾਅਦ `ਚ ਗੁਰੂ ਮੰਨਣ ਦਾ ਹੁਕਮ ਦਿੱਤਾ? ਫਿਰ
ਮੁਹੰਮਦ ਸਾਹਿਬ ਨੇ ਤਾਂ ਆਪਣਾ ਨਾਮ ਨਹੀਂ ਜਪਾਇਆ, ਉਨ੍ਹਾਂ ਨੇ ਤਾਂ ਇੱਕ ਅੱਲ੍ਹਾ ਦਾ ਹੀ ਨਾਮ
ਜਪਾਇਆ ਹੈ। ਸੋ, ਇਸ ਕਥਾ ਦੀ ਵਿਚਾਰ ਕੀਤਿਆਂ ਮਲੂਮ ਹੁੰਦਾ ਹੈ ਕਿ ਇਹ ਉਪ੍ਰੋਕਤ ਬਚਿੱਤਰ ਕਥਾ ਜਿਸ
ਦਾ ਕੀਰਤਨ ਗੁਰਪੁਰਬ ਸਮੇਂ ਬੜਾ ਝੂਮ ਝੂਮ ਕੇ ਕੀਤਾ ਜਾ ਰਿਹਾ ਹੁੰਦਾ ਹੈ, ਇਹ ਸਭ ਮਨਘੜਤ ਅਤੇ ਝੂਠੀ
ਹੈ। ਇਸ ਤੋਂ ਇਲਾਵਾ ਜੇ ਇਸ ਕਥਾ ਨੂੰ ਪਿੱਛਲੇ ਜਨਮ ਦੀ ਕਹਿ ਕੇ ਮੰਨ ਵੀ ਲਿਆ ਜਾਵੇ ਤਾਂ ਵੀ ਗੁਰੂ
ਨਾਲ ਸਿੱਖ ਦਾ ਸਬੰਧ ਉਸ ਸਮੇਂ ਤੋਂ ਹੈ, ਜਦੋਂ ਉਨ੍ਹਾਂ ਨੂੰ ਗੁਰਗੱਦੀ ਪ੍ਰਾਪਤ ਹੋਈ ਨਾ ਕਿ ਪਹਿਲੇ
ਜਨਮ ਨਾਲ। ਜਿਸ ਤਰ੍ਹਾਂ ਗੁਰੂ ਅੰਗਦ ਦੇਵ ਜੀ ਗੁਰੂ ਨਾਨਕ ਦੇਵ ਜੀ ਦੀ ਸ਼ਰਣ ਵਿੱਚ ਆਉਣ ਤੋਂ ਪਹਿਲਾਂ
ਦੇਵੀ ਪੂਜਕ ਸਨ, ਇਸੇ ਤਰ੍ਹਾਂ ਗੁਰੂ ਅਮਰ ਦਾਸ ਜੀ, ਗੁਰੂ ਅੰਗਦ ਦੇਵ ਜੀ ਦੀ ਸ਼ਰਣ ਵਿੱਚ ਆਉਣ ਤੋਂ
ਪਹਿਲਾਂ ਗੰਗਾ ਦੇ ਪੁਜਾਰੀ ਸਨ ਪਰ ਸਿੱਖ ਦਾ ਉਨ੍ਹਾਂ ਦੀ ਪਹਿਲੀ ਜਿੰਦਗੀ ਜਾਂ ਕਰਮਾ ਨਾਲ ਕੋਈ ਸਬੰਧ
ਨਹੀਂ ਹੈ, ਉਸੇ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਦੇ ਪਹਿਲੇ ਜਨਮ ਨਾਲ ਵੀ ਸਿੱਖ ਦਾ ਕੋਈ ਸਬੰਧ
ਨਹੀਂ ਹੈ।
ਅੱਗੇ ਜਾ ਕੇ ਪੁੱਤਰ ਪ੍ਰਾਪਤੀ ਲਈ ਗੁਰੂ ਤੇਗ ਬਹਾਦਰ ਜੀ ਨੂੰ ਵੀ ਗੁਰਮਤਿ
ਵਿਰੋਧੀ ਕਰਮ ਕਰਦੇ ਵਿਖਾ ਦਿੱਤਾ ਹੈ।
ਮੁਰ ਪਿਤ ਪੂਰਬ ਕੀਯਸਿ ਪਯਾਨਾ॥ ਭਾਂਤਿ ਭਾਂਤਿ ਦੇ ਤੀਰਥ ਨ੍ਹਾਨਾ॥
ਜਬ ਹੀ ਜਾਤ ਤ੍ਰਿਬੇਣੀ ਭਏ॥ ਪੁੰਨ ਦਾਨ ਦਿਨ ਕਰਤ ਬਿਤਏ॥ 1॥
ਤਹੀ ਪ੍ਰਕਾਸ਼ ਹਮਾਰਾ ਭਯੋ॥ ਪਟਨਾ ਸਹਰ ਬਿਖੈ ਭਵ ਲਯੋ॥ … 2॥
ਅਰਥ: (ਜਦੋਂ) ਮੇਰੇ ਪਿਤਾ (ਸ਼੍ਰੀ ਗੁਰੂ ਤੇਗ ਬਹਾਦਰ ਜੀ) ਨੇ ਪੂਰਬ ਵਲ
ਜਾਣਾ ਕੀਤਾ ਅਤੇ ਭਾਂਤ ਭਾਂਤ ਦੇ ਤੀਰਥਾਂ `ਤੇ ਇਸ਼ਨਾਨ ਕੀਤੇ, ਜਦੋਂ ਇਸੇ ਤਰ੍ਹਾਂ ਕਰਦੇ
(ਤ੍ਰਿਬੇਣੀ) ਪ੍ਰਯਾਗਰਾਜ ਪੁੱਜੇ ਸਨ ਅਤੇ ਦਾਨ ਪੁੰਨ ਕਰਦਿਆਂ ਕਈ ਦਿਨ ਬਿਤਾ ਦਿੱਤੇ ਤਾਂ ਜਾ ਕੇ
ਪਟਨਾ ਸਾਹਿਬ ਵਿਖੇ ਸਾਡਾ (ਗੁਰੂ ਗੋਬਿੰਦ ਸਿੰਘ ਜੀ ਦਾ) ਪ੍ਰਕਾਸ਼ ਹੋਇਆ।
ਤੀਰਥਾਂ ਦੇ ਇਸ਼ਨਾਨ ਅਤੇ ਪੁੰਨ ਦਾਨ ਕਰਨ ਨੂੰ ਹੀ ਪੁੰਨ ਕਰਮ ਸਮਝਣ ਵਾਲਿਆਂ
ਲਈ ਗੁਰੂ ਗ੍ਰੰਥ ਸਾਹਿਬ ਜੀ ਦੀ ਪ੍ਰਥਮ ਬਾਣੀ, ਜਪੁਜੀ ਸਾਹਿਬ ਵਿੱਚੋਂ ਹੀ ਇਸ ਉਪਦੇਸ਼ ਨੂੰ ਵੀ
ਸਮਝਣਾ ਚਾਹੀਦਾ ਹੈ: “ਤੀਰਥ ਨਾਵਾ, ਜੇ ਤਿਸੁ ਭਾਵਾ, ਵਿਣੁ ਭਾਣੇ ਕਿ ਨਾਇ ਕਰੀ॥ ਸ਼੍ਰੀ ਗੁਰੂ ਗ੍ਰੰਥ
ਸਾਹਿਬ ਜੀ ਵਿੱਚ ਹੋਰ ਪ੍ਰਮਾਣ ਹਨ:
ਤੀਰਥ ਨਾਇ ਅਰੁ ਧਰਨੀ ਭ੍ਰਮਤਾ, ਆਗੈ ਠਾਉਰ ਨਾ ਪਾਵੈ॥
ਉਹਾ ਕਾਮਿ ਨ ਆਵੈ ਇਹ ਬਿਧਿ, ਓਹੁ ਲੋਗਨ ਹੀ ਪਤੀਆਵੈ॥ 2॥ (ਪੰਨਾ: 216)
ਤਟਿ ਤੀਰਥਿ ਦਿਸੰਤਰਿ ਭਵੈ ਅਹੰਕਾਰੀ, ਹੋਰੁ ਵਧੇਰੇ ਹਉਮੈ ਮਲੁ ਲਾਵਣਿਆ॥ 3॥
(ਪੰਨਾ: 116)
ਤੀਰਥੁ ਤਪੁ ਦਇਆ ਦਤੁ ਦਾਨੁ॥ ਜੇ ਕੋ ਪਾਵੈ ਤਿਲਕਾ ਮਾਨੁ॥ (ਜਪੁਜੀ ਸਾਹਿਬ
ਪਉੜੀ 22)
ਪੂਜਾ ਵਰਤ ਤਿਲਕ ਇਸਨਾਨਾ ਪੁੰਨ ਦਾਨ ਬਹੁ ਦੈਨ॥ ਕਹੂੰ ਨ ਭੀਜੈ ਸੰਜਮ ਸੁਆਮੀ
ਬੋਲਹਿ ਮੀਠੇ ਬੈਨ॥ 2॥ (ਪੰਨਾਂ: 674)
ਸੋ, ਬਿਨਾ ਸੋਚਿਆਂ ਸਮਝਿਆਂ ਗੁਰਮਤਿ ਦੀ ਉਲੰਘਣਾ ਕਰਨ ਵਾਲੇ ਬਚਿੱਤਰ ਨਾਟਕ
ਦੀ ਰਚਨਾ ਦਾ ਵਾਰ ਵਾਰ ਇਸ ਢੰਗ ਨਾਲ ਕੀਰਤਨ ਕਰਨ ਨਾਲ ਜਿਸ ਗੁਰਪੁਰਬ `ਤੇ ਗੁਰਮਤਿ ਦਾ ਪ੍ਰਚਾਰ
ਹੋਣਾ ਸੀ, ਉਸੇ ਗੁਰਪੁਰਬ `ਤੇ ਸਗੋਂ ਮਨਮਤਿ ਦਾ ਪ੍ਰਚਾਰ ਹੋ ਰਿਹਾ ਹੈ। ਸਾਡੇ ਪ੍ਰਚਾਰਕਾਂ,
ਕੀਰਤਨੀਏ ਅਤੇ ਪ੍ਰਬੰਧਕਾਂ ਨੁੰ ਚਾਹੀਦਾ ਹੈ ਕਿ ਜੇਕਰ ਉਹ ਸੰਪੂਰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਦਾ ਟੀਕਾ ‘ਸ਼੍ਰੀ ਗੁਰੂ ਗ੍ਰੰਥ ਸਾਹਿਬ ਦਰਪਣ’ ਕ੍ਰਿਤ ਪ੍ਰੋ: ਸਾਹਿਬ ਸਿੰਘ ਅਤੇ ਅਖੌਤੀ ਦਸਮ ਗ੍ਰੰਥ
ਦਾ ਟੀਕਾ ਨਹੀਂ ਪੜ੍ਹ ਸਕਦੇ ਤਾਂ ਘੱਟ ਤੋਂ ਘੱਟ ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਵਲੋਂ ਪ੍ਰਕਾਸ਼ਤ
ਛੋਟੀਆਂ ਛੋਟੀਆਂ ਪੁਸਤਕਾਂ ਜ਼ਰੂਰ ਪੜ੍ਹ ਲੈਣ ਤਾਂ ਗੁਰੂ ਸਾਹਿਬ ਦੇ ਨਾਮ ਨੂੰ ਢਾਹ ਲਾਉਣ ਵਾਲੇ
ਬਚਿੱਤਰ ਨਾਟਕ ਦੀ ਅਸਲੀਅਤ ਉਨ੍ਹਾਂ ਨੂੰ ਆਪਣੇ ਆਪ ਸਮਝ ਵਿੱਚ ਆ ਜਾਵੇਗੀ। ਜੇ ਗੁਰੂ ਕ੍ਰਿਪਾ ਕਰਨ
ਇਨ੍ਹਾਂ ਪ੍ਰਚਾਰਕਾਂ ਨੂੰ ਸਮਝ ਆ ਗਈ ਤਾਂ ਗੁਰਮਤਿ ਦਾ ਪ੍ਰਚਾਰ ਵੀ ਆਪਣੇ ਆਪ ਹੋਣਾ ਸ਼ੁਰੁ ਹੋ
ਜਾਵੇਗਾ। ਗੁਰਮਤਿ ਦੇ ਧਾਰਨੀ ਜਿਨ੍ਹਾਂ ਜਾਗਰੂਕ ਸਿੱਖਾਂ ਨੂੰ ਇਸ ਦੀ ਸਮਝ ਆ ਚੁੱਕੀ ਹੈ, ਉਨ੍ਹਾਂ
ਨੂੰ ਵੀ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਇਸ ਲੇਖ ਨੂੰ ਵੱਧ ਤੋਂ ਵੱਧ ਕੀਰਤਨੀਏ, ਪ੍ਰਚਾਰਕਾਂ ਅਤੇ
ਗੁਰਦੁਆਰੇ ਦੇ ਪ੍ਰਬੰਧਕਾਂ ਨੂੰ ਪੜ੍ਹਾਉਣ ਅਤੇ ਬੇਨਤੀ ਕਰਨ ਕਿ ਆਉਣ ਵਾਲੇ ਗੁਰੂ ਗੋਬਿੰਦ ਸਿੰਘ ਜੀ
ਦੇ ਪ੍ਰਕਾਸ਼ ਦਿਹਾੜੇ ਸਮੇਂ ਬਚਿੱਤਰ ਨਾਟਕ `ਚੋਂ ਕੀਰਤਨ ਕਰਨ ਦੀ ਥਾਂ ਉਹ ਨਿਰੋਲ ਗੁਰੂ ਗ੍ਰੰਥ
ਸਾਹਿਬ ਜੀ ਦੀ ਬਾਣੀ ਵਿੱਚੋਂ ਹੀ ਕੀਤਰਨ ਕਰਨ।
ਸ: ਕਿਰਪਾਲ ਸਿੰਘ, ਬਠਿੰਡਾ।
ਮੋਬ: 098554-80797