.

ਮੈ ਬੀਮਾਰ ਕਿਉਂ ਹਾਂ?

ਮੇਰਾ ਇੱਕ ਜਾਣੂੰ ਹੈ ਉਹ ਦੇਸੀ ਦਵਾ ਦਾਰੂ ਜਾਣਦਾ ਹੈ ਹਉਮਿਉਪੈਥਿਕ ਦਾ ਵੀ ਉਹ ਮਾਹਰ ਹੈ। ਉਸ ਦੇ ਜਾਣ-ਪਛਾਣ ਵਾਲੇ ਅਕਸਰ ਹੀ ਉਸ ਕੋਲੇ ਸਲਾਹ ਲੈਣ ਜਾਂ ਦਵਾਈ ਬੂਟੀ ਲੈਣ ਆਉਂਦੇ ਰਹਿੰਦੇ ਹਨ। ਇੱਕ ਵਾਰ ਅਗੇ ਤੋਂ ਅਗੇ ਕਿਸੇ ਦਾ ਜਾਣੂੰ ਉਸ ਕੋਲੇ ਆਇਆ ਤੇ ਉਸ ਦੱਸਿਆ ਕਿ ਉਸ ਦੇ ਪੇਟ ਵਿੱਚ ਅਲਸਰ ਹੈ। ਨਾੜੀਆਂ ਸੁੱਜ ਜਾਂਦੀਆਂ, ਖਾਧਾ-ਪੀਤਾ ਹਜਮ ਨਹੀ ਹੁੰਦਾ, ਕਈ ਵਾਰ ਤਾਂ ਉਲਟੀ ਆ ਜਾਂਦੀ ਹੈ, ਪੇਟ ਵਿੱਚ ਗੈਸ ਰਹਿੰਦੀ ਹੈ ਜਿਹੜੀ ਅੰਦਰੇ ਹੀ ਗੇੜੇ ਕੱਢਦੀ ਰਹਿੰਦੀ ਹੈ ਤੇ ਆਖਰ ਸਿਰ ਨੂੰ ਚੜ੍ਹਕੇ ਸਾਰੇ ਸਿਰ ਵਿੱਚ ਅਜਿਹਾ ‘ਧੂੰਆਂ’ ਕਰਦੀ ਕਿ ਸਿਰ ਪਾਟਣ ਨੂੰ ਆਉਂਦਾ। ਉਹ ਅਜਿਹੀਆਂ ਕਈ ਮੁਸ਼ਕਲਾਂ ਗਿਣ ਹੱਟਿਆ ਤਾਂ ਉਸ ਨੂੰ ਉਸਨੇ ਉਸਦਾ ਜਿੰਦਗੀ ਵਿੱਚ ਖਾਣ-ਪੀਣ ਜਦ ਪੁੱਛਿਆ ਤਾਂ ਉਹ ਸ਼ਰਾਬ ਦੇ ਵਲਟੋਹੇ ਪੀ ਗਿਆ ਸੀ, ਰਿਫੂਇਜੀ ਆਇਆ ਕਰਕੇ ਖੁਦ ਲਾਏ ਹੋਏ ਤੁੜਕਿਆਂ ਦੀਆਂ ਉਸ ਰੀਝਾਂ ਲਾਹੀਆਂ ਸਨ ਤੇ ਮਸਾਲਿਆ ਵਾਲੀ ਚਾਹ ਦਾ ਉਸ ਨੂੰ ਪਤਾ ਨਹੀ ਸੀ ਕਿ ਕਿੰਨੀ ਵਾਰ ਪੀ ਜਾਂਦਾ ਸੀ। ਬੇਸ਼ਕ ਹੁਣ ਉਸਦਾ ਸਭ ਕੁੱਝ ਬੰਦ ਸੀ ਪਰ ਸਰੀਰ ਸਮੇ ਤੋਂ ਪਹਿਲਾਂ ਹੀ ਅਪਣੀ ਵਤ ਗੁਆ ਚੁੱਕਾ ਸੀ ਅਤੇ ਹੁਣ ਜਿਉਂਣ ਲਈ ਐਵੇਂ ਤਰਲੇ ਲੈਣ ਵਾਲੀ ਗੱਲ ਸੀ।

ਗੁਰੂ ਸਾਹਿਬਾਨ ਇਸ ਬਾਰੇ ਬੜਾ ਸਪੱਸ਼ਟ ਦੱਸਦੇ ਹਨ ਕਿ ਹਰੇਕ ਉਹ ਖਾਂਣਾ ਖੁਸੀ ਖੁਆਰ ਹੈ ਜਿਸ ਦੇ ਖਾਣ ਨਾਲ ਤੇਰਾ ਤਨ ਪੀੜਿਆ ਜਾਵੇ ਚਾਹੇ ਖੀਰ ਖਾ ਕੇ ਹੀ ਕਿਉਂ ਨਾ ਪੀੜਿਆ ਜਾਏ। ਚਾਹੇ ਜਿਆਦਾ ਚਾਹ ਪੀ ਕੇ, ਜਿਆਦਾ ਮਿੱਠਾ ਜਾਂ ਲੂਣ ਖਾ ਕੇ ਵੀ। ਉਹ ਪਹਿਨਣਾ, ਉਹ ਸਵਾਰੀ, ਉਹ ਸੌਣਾ ਖੁਆਰੀ ਹੈ ਜਿਸ ਨਾਲ ਮਨ ਵਿੱਚ ਵਿਕਾਰ ਪੈਦਾ ਹੋਣ ਅਤੇ ਉਹੀ ਮਨ ਦੇ ਵਿਕਾਰ ਹੀ ਤਨ ਨੂੰ ਭੁਗਤਣੇ ਪੈਂਦੇ ਹਨ। ਇਹ ਮਨ ਦੇ ਹੀ ਵਕਾਰ ਹੀ ਹਨ ਕਿ ਮੂੰਹ ਉਪਰ ਝੁਰੜੀਆਂ ਦੇ ਬਾਵਜੂਦ ਵੀ ਜਦ ਮੈ ਮੂੰਹ ਜਾਂ ਸਿਰ ਕਾਲਾ ਕਰਨੋ ਨਹੀ ਹੱਟਦਾ ਤਾਂ ਮੂੰਹ ਤਾਂ ਸੁੱਕੇ ਕਰੇਲੇ ਵਰਗਾ ਜਾਪਦਾ ਹੀ ਹੈ ਬਲਕਿ ਚਮੜੀ ਦੀਆਂ ਕਈ ਭਿਆਨਕ ਬੀਮਾਰੀਆਂ ਵਿੱਚ ਮੈ ਘਿਰ ਜਾਂਦਾ ਹਾਂ। ਕਾਲੇ ਕੀਤੇ ਵਾਲ ਮੇਰੇ ਬੁਢਾਪੇ ਨੂੰ ਕੋਝਾ ਤਾਂ ਕਰ ਦਿੰਦੇ ਹਨ ਪਰ ਸੁਹਣਾ ਨਹੀ। ਮੂੰਹਾਂ ਉਪਰ ਕੀਤਾ ਬੇਹਿਸਾਬਾ ਮੇਕਅੱਪ ਅਤੇ ਪਾਏ ਭੜਕੀਲੇ ਕੱਪੜੇ ਜਿਥੇ ਮੇਰੇ ਕੁਦਰਤੀ ਹੁਸਨ ਨੂੰ ਕੋਝਾ ਕਰਦੇ ਹਨ ਉਥੇ ਮੇਰੀ ਵਿਖਾਵੇ ਦੀ ਰੁਚੀ ਨੂੰ ਬਲਵਾਨ ਕਰਕੇ ਮੈਨੂੰ ਮੈਥੋਂ ਹੀ ਖੋਹ ਲੈਂਦੇ ਹਨ ਅਤੇ ਸਰੀਰ ਨੂੰ ਬੀਮਾਰੀ ਵਲ ਛੇਤੀਂ ਧੱਕ ਦਿੰਦੇ ਹਨ। ਹਰੇਕ ਮੂੰਹ ਉਪਰ ਮਲੀ ਜਾਣ ਵਾਲੀ ਚੀਜ ਵਿੱਚ ਕੋਈ ਨਾ ਕੋਈ ਕੈਮੀਕਲ ਹੈ। ਅਜਿਹੇ ਕੈਮੀਕਲਾਂ ਦੀ ਹੀ ਮੇਹਰਬਾਨੀ ਹੁੰਦੀ ਕਿ ਸ਼ਾਮ ਨੂੰ ਬਹੁਤ ਹੁਸੀਨ ਦਿਸਣ ਵਾਲੀ ਔਰਤ ਸਵੇਰ ਨੂੰ ਅਪਣੇ ਘਰੇ ਇਨੀ ਕੋਝੀ ਜਾਪਦੀ ਹੈ ਕਿ ਉਸ ਦੇ ਪਤੀ ਤੋਂ ਵੀ ਪਛਾਣ ਨਹੀਂ ਹੁੰਦੀ…?

ਜਵਾਨੀ ਵੇਲੇ ਜਾਂ ਕਦੋਂ ਵੀ ਮੈ ਜੋ ਇਸ ਸਰੀਰ ਦੀ ਧਰਤੀ ਵਿੱਚ ਬੀਜਦਾ ਹਾਂ ਉਹ ਮੇਰੇ ਅੱਗੇ ਆਣ ਖੜੋਦਾ ਹੈ ਕਿਸੇ ਅਗਲੇ ਜਨਮ ਵਿੱਚ ਨਹੀ ਬਲਕਿ ਇਥੇ ਹੀ। ਇੱਕ ਵਾਰ ਦੀ ਗੱਲ ਹੈ ਕਿ ਇਹਨਾ ਸਤਰਾਂ ਦੇ ਲੇਖਕ ਨੇ ਸਵਾਦ ਸਵਾਦ ਵਿੱਚ ਰਾਤ ਵੇਲੇ ਸਾਗ ਤੇ ਨਾਹਨ ਖਾ ਲਿਆ। ਰਾਤ ਇੰਝ ਲੰਘੀ ਜਿਵੇਂ ‘ਯਮਰਾਜ’ ਡੰਡਾ ਫੇਰਦਾ ਹੈ। ਸਾਰੀ ਰਾਤ ਮਧਾਣੀ ਵਾਂਗ ਸਰੀਰ ਰਿੜਕਦਾ ਰਿਹਾ। ਨਾਹਨ ਅਤੇ ਸਾਗ ਅੰਦਰ ਅਜਿਹੀ ਘੇਸਲ ਵੱਟ ਕੇ ਬੈਠੇ ਕਿ ਕਿਸੇ ਚੂਰਨਾਂ ਜਵਾਇਣਾਂ ਦਾ ਅਸਰ ਨਹੀ ਹੋਇਆ ਉਹਨਾ ਉਪਰ। ਇਥੇ ਗੁਰੂ ਦੇ ਪਾਵਨ ਬੋਲ ਯਾਦ ਆਉਂਦੇ ਸਨ ਕਿ ‘ਨਾਨਕ ਜਿਉਂ ਮਥਣ ਮਧਾਣੀਆ ਤਿਉ ਮਥੇ ਧਰਮਰਾਇ’। ਧਰਮਰਾਜ ਜਾਂ ਯਮਰਾਜ ਮੇਰੇ ਅੰਦਰੇ ਹੀ ਹੈ ਜਦ ਮੈ ਕੋਈ ਸਰੀਰ ਨਾਲ ਜਾਂ ਲੋਕਾਂ ਨਾਲ ਗਲਤ ਹਰਕਤ ਕਰਾਂ ਤਾਂ ਉਹ ਉਸੇ ਵੇਲੇ ਪਕੜ ਲੈਂਦਾ ਹੈ ਅਤੇ ਜਮਦੂਤਾਂ ਕੋਲੋਂ ਕੁਟਵਾਉਂਦਾ ਹੈ। ਸਰੀਰ ਨੂੰ ਵੀ ਗੁਰੂ ਸਾਹਿਬਾਨ ਨੇ ਇਸੇ ਲਈ ਤਾਂ ਧਰਮ ਕਿਹਾ ਹੈ। ਚੋਰ ਜਦ ਚੋਰੀ ਕਰਦਾ ਫੜਿਆ ਜਾਂਦਾ ਹੈ ਤਾਂ ਉਸ ਦੇ ਡੰਡਾ ਫੇਰਨ ਵਾਲੇ ਉਸ ਵੇਲੇ ਧਰਮਰਾਜ ਦੇ ਜਮਦੂਤ ਹੀ ਹੁੰਦੇ ਹਨ। ਜੇ ਨਿੰਰਕਾਰ ਅੰਦਰੇ ਹੈ ਤਾਂ ਉਸ ਦਾ ਦੂਜਾ ਮਹਿਕਮਾ ਕਿਸੇ ਅਕਾਸ਼ ਤੇ ਨਹੀ। ਸਾਡੇ ਬਜ਼ੁਰਗਾਂ ਨੂੰ ਪੁੱਛੋ ਜੀਹਨਾ ਢਲਦੀ ਜਵਾਨੀ ਵੇਲੇ ਅਪਣਾ ਭਾਰ ਅਤੇ ਖੁਰਾਕ ਕੰਟਰੌਲ ਨਹੀ ਕੀਤੀ ਉਹ ਆਖਰੀ ਉਮਰੇ ਗੋਡਿਆਂ ਹੱਥੋਂ ਕਿੰਨੇ ਦੁੱਖੀ ਹੁੰਦੇ ਹਨ। ਜੇ ਗੋਡੇ ਮੇਰੇ 50 ਕਿੱਲੋ ਭਾਰ ਚੁਕਣ ਲਈ ਬਣਾਏ ਹਨ ਤਾਂ ਉਹਨਾ ਉਪਰ ਮੈ 90 ਕਿੱਲੋ ਭਾਰ ਪਾਈ ਤੁਰ ਰਿਹਾ ਹਾਂ ਤਾਂ ਮੁਸ਼ਕਲ ਤਾਂ ਆਵੇਗੀ ਹੀ। ਮੇਰਾ ਲੋੜੋਂ ਵਧਿਆ ਭਾਰ ਦੱਸਦਾ ਹੈ ਕਿ ਜਿੰਦਗੀ ਵਿੱਚ ਮੇਰਾ ਮੇਰੇ ਆਪੇ ਨਾਲ ਕੋਈ ਸਬੰਧ ਨਹੀ ਰਿਹਾ। ਜੇ ਮੈ ਅਪਣੇ ਨਾਲ ਹੀ ਵਫਾਦਾਰ ਨਹੀ ਤਾਂ ਕਿਸੇ ਨਾਲ ਕਿਵੇਂ ਹੋਵਾਂਗਾ।

ਟਰੰਟੋ ਵਿੱਚ ਡੋਡਿਆਂ ਦਾ ਬਹੁਤ ਜੋਰ ਹੈ ਜਿਹੜਾ ਕਨੂੰਨੀ ਪਾਬੰਦੀ ਕਰਕੇ ਕੁੱਝ ਘਟਿਆ ਪਰ ਚਲਦਾ ਹਾਲੇ ਵੀ ਹੈ। ਸਾਨੂੰ ਸ਼ਾਇਦ ਪਤਾ ਨਹੀ ਕਿ ਅਸੀਂ ਅਪਣੇ ਸਰੀਰ ਨਾਲ ਕਿੰਨੀ ਖਤਰਨਾਕ ਖੇਡ, ਖੇਡ ਰਹੇ ਹਾਂ। ਡੋਡੇ ਸਰੀਰ ਨੂੰ ਇਨਾ ਡਰਾਈ ਯਾਨੀ ਖੁਸ਼ਕ ਕਰ ਦਿੰਦੇ ਹਨ ਕਿ ਓਸ ਖੁਸ਼ਕੀ ਨਾਲ ਸਰੀਰ ਵਿਚਲਾ ਖੂਨ ਸੁਕਣ ਲੱਗਦਾ ਹੈ ਤੇ ਇਸ ਦਾ ਸਭ ਤੋਂ ਪਹਿਲਾ ਪ੍ਰਭਾਵ ਬੰਦੇ ਦੇ ਸੈਕਸ ਤੇ ਪੈਂਦਾ ਹੈ ਭਾਵ ਡੋਡੇ ਪੀਣ ਵਾਲਾ ਮਨੁੱਖ ਨਿਪੰਸੁਕ ਹੋ ਜਾਂਦਾ ਹੈ। ਡੋਡੇ ਅਫੀਮ ਦੀ ਮਾਂ ਹਨ ਤੇ ਅਫੀਮ ਵਾਲਾ ਅਮਲੀ ਕਿੰਨੇ ਕੁ ਜੋਗਾ ਰਹਿ ਜਾਂਦਾ ਸਾਨੂੰ ਸਭ ਨੂੰ ਪਤਾ ਹੈ। ਅਜਿਹੇ ਨਿਪੰਸੁਕ ਹੋਏ ਮਨੁੱਖ ਦੀ ਔਰਤ ਜਦ ਪਿਹੋਵੇ ਵਰਗੇ ਬਾਬਿਆਂ ਕੋਲੇ ਮੁੰਡੇ ਲੈਣ ਜਾਏਗੀ ਤਾਂ ਸੋਚਿਆ ਜਾ ਸਕਦਾ ਹੈ ਕਿ ਉਹ ਮਨੁੱਖ ਕਿਹੜੇ ਨਰਕ ਵਿੱਚ ਹੋਵੇਗਾ? ਸ਼ਰਾਬ ਸਾਨੂੰ ਸਭ ਨੂੰ ਪਤੈ ਕਿ ਸਭ ਤੋਂ ਪਹਿਲਾਂ ਦਿਮਾਗ ਉਪਰ ਹਮਲਾ ਕਰਦੀ। ਸੋਚਣ ਸ਼ਕਤੀ ਜਾਂਦੀ ਲੱਗਦੀ ਅਤੇ ਅਸੀਂ ਪੈਰਾਂ ਤੋਂ ਅਗੇ ਦੀ ਗੱਲ ਸੋਚਣੋ ਅਸਮਰਥ ਹੋ ਜਾਂਦੇ ਹਾਂ ਇਹੀ ਕਾਰਨ ਹੈ ਕਿ ਅਸੀਂ ਬਿਨਾ ਸਿਰਾਂ ਤੋਂ ਉਹ ਧੜ ਹਾਂ ਜੀਹਨਾ ਨੂੰ ਜਿਹੜਾ ਮਰਜੀ ਬੜੀ ਅਸਾਨੀ ਨਾਲ ਲੁੱਟ ਲਏ ਅਸੀਂ ਲੁਟੇਰੇ ਨੂੰ ਹੀ ਪੂਜਣ ਲੱਗ ਜਾਂਦੇ ਹਾਂ।

ਅਸੀਂ ਇਸ ਸਰੀਰ ਨਾਲ ਇਨਾ ਖਿਲਵਾੜ ਕਰਦੇ ਹਾਂ ਕਿ ਜਿੰਨਾ ਅਸੀਂ ਹਜਾਰ ਡਾਲਰ ਦੇ ਘਰ ਰੱਖੇ ਸੋਫਿਆਂ ਨਾਲ ਵੀ ਨਹੀ। ਉਹਨਾ ਉਪਰ ਵੀ ਅਸੀਂ ਚਾਦਰਾਂ ਪਾ ਕੇ ਰੱਖਦੇ ਹਾਂ ਕਿ ਗੰਦੇ-ਮੈਲੇ ਨਾ ਹੋ ਜਾਣ ਤੇ ਬੱਚਿਆਂ ਨੂੰ ਵਰਜ ਕੇ ਰੱਖਦੇ ਹਾਂ ਕਿ ਉਪਰ ਛਾਲਾਂ ਨਾ ਮਾਰਨ। ਬੇਸ਼ਕ ‘ਅਉਖਧ ਨਾਮ’ ਦੀਆਂ ਸੁਸਾਇਟੀਆਂ-ਸੰਸਥਾਵਾਂ ਚਲ ਪਈਆਂ ਹਨ ਪਰ ਹੇਠਾਂ ਜੇ ਅੱਗ ਬਾਲ ਕੇ ਉਪਰੋਂ ਪਾਣੀ ਦੇ ਛਿੱਟੇ ਮਾਰ ਕੇ ਮੈ ਸੋਚਾਂ ਕਿ ਤਪਤ ਘੱਟ ਜਾਏਗੀ ਤਾਂ ਮੈ ਸੁਪਨਿਆਂ ਦੀ ਦੁਨੀਆਂ ਵਿੱਚ ਹਾਂ। ਗੁਰਬਾਣੀ ਦੀ ਸਮਝ ਉਹਨਾ ਮੋਰੀਆਂ ਨੂੰ ਬੰਦ ਕਰਦੀ ਹੈ ਜਿਹੜੀਆਂ ਰੋਗਾਂ ਨੂੰ ਜਨਮ ਦਿੰਦਿਆਂ ਹਨ ਨਾ ਕਿ ਮੇਰਾ ਸਿਰ ਪੀੜ ਢਿੱਢ ਪੀੜ ਜਾਂ ਬਲੱਡ ਪ੍ਰੈਸ਼ਰ ਹਟਾਉਂਦੀ ਹੈ। ਗੁਰਬਾਣੀ ਮੈਨੂੰ ਇਹ ਦੱਸਦੀ ਹੈ ਕਿ ਜੇ ਤੂੰ ਸਬਰ ਸੰਤੋਖ ਨਾਲ ਨਹੀ ਖਾਂਦਾ, ਨਹੀ ਭੋਗਦਾ, ਨਹੀ ਬੋਲਦਾ, ਨਹੀ ਦੇਖਦਾ, ਨਹੀ ਤੁਰਦਾ ਅਤੇ ਨਹੀ ਸੌਂਦਾ ਤਾਂ ਤੇਰੇ ਹਰੇਕ ਰਸਤੇ ਤੋਂ ਬੀਮਾਰੀਆਂ ਜਨਮ ਲੈਦੀਆਂ ਰਹਿਣਗੀਆਂ। ਕ੍ਰੋਧ ਵਿਚੋਂ, ਕਾਮ ਵਿਚੋਂ, ਅੰਹਕਾਰ, ਲੋਭ-ਮੋਹ ਵਿਚੋ, ਇਥੋਂ ਤਕ ਕੇ ਤੇਰੇ ਦੇਖਣ ਸੁਣਨ ਬੋਲਣ ਵਿਚੋਂ ਵੀ। ਇਹਨਾ ਬੀਮਾਰੀਆਂ ਤੇ ਕਦੇ ਮੈ ਗੌਰ ਕੀਤਾ? ਉਹਨਾ ਵਿਚੋਂ ਤਾਂ ਮੈ ਕੁੱਝ ਵੀ ਛੱਡਣਾ ਨਹੀ ਚਾਹੁੰਦਾ ਪਰ ਬਿਨਾ ਗੁਰਬਾਣੀ ਦੇ ਅਰਥ-ਭਾਵ ਸਮਝੇ ਮੈ ਕੁੱਝ ਸਬਦਾਂ ਨੂੰ ਲੈ ਕੇ ਬੈਠ ਗਿਆ ਸੋਚਿਆ ਕਿ ਇਸ ਨਾਲ ਮੇਰੇ ਰੋਗ ਦੂਰ ਹੋ ਜਾਣਗੇ। ਜੇ ਇੰਝ ਹੁੰਦਾ ਤਾਂ ਗੁਰੂ ਨਾਲੋਂ ਕੋਈ ਵੱਡਾ ਨਹੀ ਸੀ ਗੁਰੂ ਨੇ ਸਬਦ ਪੜ੍ਹਾ ਕੇ ਸਿਰ ਦੁਖਣਾ ਹਟਾ ਦਿਆ ਕਰਨਾ ਸੀ ਅਤੇ ਗੋਡਿਆਂ ਵਾਲਿਆਂ ਨੂੰ ਘੋੜੇ ਵਰਗੇ ਕਰ ਦੇਣਾ ਸੀ ਪਰ ਯਾਦ ਰਹੇ ਕਿ ਸ਼ਾਹੀ ਦਵਾਖਾਨੇ ਨਾਲੋਂ ਵੀ ਵੱਡਾ ਦਵਾਖਾਨਾ ਗੁਰੂ ਕੋਲੇ ਸੀ ਉਹ ਫਿਰ ਰੱਖਣ ਦੀ ਲੋੜ ਨਹੀ ਸੀ। ਤਰਨ-ਤਾਰਨ ਸਾਹਿਬ ਵਿਖੇ ਪੂਰੇ ਸਰੋਵਰ ਦੀ ਥਾਂ ਯਾਨੀ 25 ਏਕੜ ਵਿੱਚ ਕੋਹੜੀਆਂ ਪਿੰਗਲਿਆਂ ਅਤੇ ਬੀਮਾਰਾਂ ਦਾ ਇਲਾਜ ਚਲਦਾ ਸੀ ਜਿਸ ਦੀ ਦੇਖ ਭਾਲ ਗੁਰੂ ਅਰਜਨ ਪਾਤਸ਼ਾਹ ਖੁਦ ਕਰਦੇ ਸਨ, ਮਲ੍ਹਮ-ਪਟੀ ਤੇ ਦਵਾ ਦਾਰੂ ਬਕਾਇਦਾ ਹੁੰਦੀ ਸੀ। ਭਾਈ ਘਨਈਆ ਜੀ ਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਮਲ੍ਹਮ-ਪੱਟੀ ਖੁਦ ਦਿਤੀ ਕਿ ਪਾਣੀ ਦੇ ਨਾਲ ਜਖਮੀਆਂ ਦੀ ਮਲ੍ਹਮ-ਪੱਟੀ ਵੀ ਕਰਿਆ ਕਰੋ। ਇਸ ਦਾ ਮੱਤਲਬ ਗੁਰੂ ਸਾਹਿਬਾਨ ਵੀ ਖੁਦ ਓਸ ਵੇਲੇ ਦੇ ਹਕੀਮੀ ਸਾਧਨ ਵਰਤਦੇ ਸਨ ਨਾ ਕਿ ਫੂਕ ਮਾਰਕੇ ਜਾਂ ਸਬਦ ਰਟਨ ਦੀ ਮਾਲਾ ਦੇ ਕੇ ਇਲਾਜ ਕਰਦੇ ਸਨ। ਕੀ ਗੁਰੂ ਗੋਬਿੰਦ ਜੀ ਮਹਾਰਾਜ ਨਾਲੋਂ ਕੋਈ ‘ਅਉਖਧ ਨਾਮ’ ਵੇਚਣ ਵਾਲਾ ਵੱਡਾ ਹੈ? ਉਹ ਜ਼ਖਮੀ ਸਿੰਘਾਂ ਦਾ ਇਲਾਜ ਕੀ ਸਬਦ ਪੜ ਕੇ ਹੀ ਕਰ ਦਿੰਦੇ ਸਨ? ਇਸ ਨੂੰ ਅਸੀ ਸਮਝੀਏ। ਗੁਰਬਾਣੀ ਤੋਂ ਸਬਰ ਸੰਤੋਖ ਅਤੇ ‘ਥੋੜਾ ਸਵਣਾ ਖਾਵਣਾ’ ਦਾ ਸਬਕ ਲੈ ਕੇ ਸਰੀਰ ਨੂੰ ਸੰਜਮੀ ਬਣਾਈਏ ਨਾ ਕਿ ਇਸ ਨੂੰ ਜਾਪਾਂ ਦੇ ਗੇੜ ਵਿੱਚ ਪਾ ਕੇ ਅਪਣੀਆਂ ਖੁਦ ਸਹੇੜੀਆਂ ਬੀਮਾਰੀਆਂ ਤੋਂ ਰਾਹਤ ਪਾਉਣ ਲਈ ਇੱਕ ਮੰਤ੍ਰ ਬਣਾ ਕੇ ਰੱਖ ਦਈਏ।

ਗੁਰੂ ਕਹਿ ਰਹੇ ਹਨ ਕਿ ਕਾਮ ਤੇ ਕ੍ਰੌਧ ਤੇਰੀ ਕਾਇਆਂ ਨੂੰ ਗਾਲ ਦੇਣਗੇ ਦਸੋ ਮੈ ਇਹ ਛੱਡ ਦਿਤੇ? ਗਰੂ ਜੀ ਕਹਿ ਰਹੇ ਕਿ ਇੱਕ ਨਿਮਖ ਵੀ ਤੂੰ ਪਰਾਏ ਰੂਪ ਵਲ ਮਾੜੀ ਨਿਗਾਹ ਨਾਲ ਦੇਖਦਾਂ ਹੈ ਤਾਂ ਇੰਝ ਹੈ ਜਿਵੇਂ ਤੂੰ ਅੱਕ, ਨਿੰਮ ਜਾਂ ਤੁੰਮੇ ਨੂੰ ਚੱਕ ਮਾਰ ਲਿਆ ਹੈ ਤਾਂ ਜਿੰਦਗੀ ਕੌੜੀ ਅਤੇ ਬੇਸੁਆਦੀ ਤਾਂ ਹੋਵੇਗੀ ਹੀ। ਤੇ ਪਰਾਈ ਇਸਤ੍ਰੀ ਦਾ ਸੰਗ ਇਵੇਂ ਹੈ ਜਿਵੇਂ ਤੂੰ ਬਿਸੀਅਰ ਸੱਪ ਨਾਲ ਦੋਸਤੀ ਪਾ ਲਈ ਹੋਵੇ। ਇਸ ਸਬਦ ਦਾ ਮੇਰੇ ਸਿਰ ਦੁਖਣ ਨਾਲ, ਮੇਰੀ ਪੇਟ ਗੈਸ ਜਾਂ ਅਲਸਰ ਨਾਲ ਕੋਈ ਸਬੰਧ ਨਹੀ। ਇਹ ਗੁਰੂ ਦੇ ਪਾਵਨ ਬੋਲ ਓਸ ਜ੍ਹੜ ਨੂੰ ਫੜ ਰਹੇ ਹਨ ਜਿਸ ਨਾਲ ਮੇਰਾ ਜੀਵਨ ਪੱਧਰ ਉੱਚਾ ਹੋਵੇ ਤਾਂ ਕਿ ਬੇਲੋੜੇ ਰੋਗ ਜਨਮ ਨਾ ਲੈਣ।

ਆਸਾ ਮਹਲਾ 5॥ ਨਿਮਖ ਕਾਮ ਸੁਆਦ ਕਾਰਣਿ ਕੋਟਿ ਦਿਨਸ ਦੁਖੁ ਪਾਵਹਿ॥ ਘਰੀ ਮੁਹਤ ਰੰਗ ਮਾਣਹਿ ਫਿਰਿ ਬਹੁਰਿ ਬਹੁਰਿ ਪਛੁਤਾਵਹਿ॥ 1॥ ਅੰਧੇ ਚੇਤਿ ਹਰਿ ਹਰਿ ਰਾਇਆ॥ ਤੇਰਾ ਸੋ ਦਿਨੁ ਨੇੜੈ ਆਇਆ॥ 1॥ ਰਹਾਉ॥ ਪਲਕ ਦ੍ਰਿਸਟਿ ਦੇਖਿ ਭੂਲੋ ਆਕ ਨੀਮ ਕੋ ਤੂੰਮਰੁ॥ ਜੈਸਾ ਸੰਗੁ ਬਿਸੀਅਰ ਸਿਉ ਹੈ ਰੇ ਤੈਸੋ ਹੀ ਇਹੁ ਪਰ ਗ੍ਰਿਹੁ॥ 2॥ ਬੈਰੀ ਕਾਰਣਿ ਪਾਪ ਕਰਤਾ ਬਸਤੁ ਰਹੀ ਅਮਾਨਾ॥ ਛੋਡਿ ਜਾਹਿ ਤਿਨ ਹੀ ਸਿਉ ਸੰਗੀ ਸਾਜਨ ਸਿਉ ਬੈਰਾਨਾ॥ 3॥ ਸਗਲ ਸੰਸਾਰੁ ਇਹੈ ਬਿਧਿ ਬਿਆਪਿਓ ਸੋ ਉਬਰਿਓ ਜਿਸੁ ਗੁਰੁ ਪੂਰਾ॥ ਕਹੁ ਨਾਨਕ ਭਵ ਸਾਗਰੁ ਤਰਿਓ ਭਏ ਪੁਨੀਤ ਸਰੀਰਾ॥ 4॥ 5॥ 127॥ {ਪੰਨਾ 403}

ਅਰਥ: —ਹੇ ਕਾਮ-ਵਾਸਨਾ ਵਿੱਚ ਅੰਨ੍ਹੇ ਹੋਏ ਜੀਵ! (ਇਹ ਵਿਕਾਰਾਂ ਵਾਲਾ ਰਾਹ ਛੱਡ, ਤੇ) ਪ੍ਰਭੂ-ਪਾਤਿਸ਼ਾਹ ਦਾ ਸਿਮਰਨ ਕਰ। ਤੇਰਾ ਉਹ ਦਿਨ ਨੇੜੇ ਆ ਰਿਹਾ ਹੈ (ਜਦੋਂ ਤੂੰ ਇਥੋਂ ਕੂਚ ਕਰ ਜਾਣਾ ਹੈ)। 1. ਰਹਾਉ।

ਹੇ ਅੰਨ੍ਹੇ ਜੀਵ! ਥੋੜਾ ਜਿਤਨਾ ਸਮਾ ਕਾਮ-ਵਾਸਨਾ ਦੇ ਸੁਆਦ ਦੀ ਖ਼ਾਤਰ (ਫਿਰ) ਤੂੰ ਕ੍ਰੋੜਾਂ ਹੀ ਦਿਨ ਦੁੱਖ ਸਹਾਰਦਾ ਹੈਂ। ਤੂੰ ਘੜੀ ਦੋ ਘੜੀਆਂ ਮੌਜਾਂ ਮਾਣਦਾ ਹੈਂ, ਉਸ ਤੋਂ ਪਿੱਛੋਂ ਮੁੜ ਮੁੜ ਪਛੁਤਾਂਦਾ ਹੈਂ। 1.

ਹੇ ਅੰਨ੍ਹੇ ਮਨੁੱਖ! ਅੱਕ ਨਿੰਮ ਵਰਗੇ ਕੌੜੇ ਤੁੰਮੇ ਨੂੰ (ਜੋ ਵੇਖਣ ਨੂੰ ਸੋਹਣਾ ਹੁੰਦਾ ਹੈ) ਥੋੜੇ ਜਿਤਨੇ ਸਮੇਂ ਲਈ ਵੇਖ ਕੇ ਤੂੰ ਭੁੱਲ ਜਾਂਦਾ ਹੈਂ। ਹੇ ਅੰਨ੍ਹੇ! ਪਰਾਈ ਇਸਤ੍ਰੀ ਦਾ ਸੰਗ ਇਉਂ ਹੀ ਹੈ ਜਿਵੇਂ ਸੱਪ ਨਾਲ ਸਾਥ ਹੈ। 2.

ਹੇ ਅੰਨ੍ਹੇ! (ਅੰਤ) ਵੈਰ ਕਮਾਣ ਵਾਲੀ (ਮਾਇਆ) ਦੀ ਖ਼ਾਤਰ ਤੂੰ (ਅਨੇਕਾਂ) ਪਾਪ ਕਰਦਾ ਰਹਿੰਦਾ ਹੈਂ, ਅਸਲ ਚੀਜ਼ (ਜੋ ਤੇਰੇ ਨਾਲ ਨਿਭਣੀ ਹੈ) ਲਾਂਭੇ ਹੀ ਪਈ ਰਹਿ ਜਾਂਦੀ ਹੈ। ਜਿਨ੍ਹਾਂ ਨੂੰ ਤੂੰ ਆਖ਼ਰ ਛੱਡ ਜਾਏਂਗਾ ਉਹਨਾਂ ਨਾਲ ਤੂੰ ਸਾਥ ਬਣਾਇਆ ਹੋਇਆ ਹੈ, ਹੇ ਮਿੱਤਰ (-ਪ੍ਰਭੂ) ਨਾਲ ਵੈਰ ਪਾਇਆ ਹੋਇਆ ਹੈ। 3.

ਹੇ ਨਾਨਕ! ਆਖ—ਸਾਰਾ ਸੰਸਾਰ ਇਸੇ ਤਰ੍ਹਾਂ ਮਾਇਆ ਦੇ ਜਾਲ ਵਿੱਚ ਫਸਿਆ ਹੋਇਆ ਹੈ, ਇਸ ਵਿਚੋਂ ਉਹੀ ਬਚ ਕੇ ਨਿਕਲਦਾ ਹੈ ਜਿਸ ਦਾ ਰਾਖਾ ਪੂਰਾ ਗੁਰੂ ਬਣਦਾ ਹੈ, ਉਹ ਮਨੁੱਖ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ, ਉਸ ਦਾ ਸਰੀਰ ਪਵਿਤ੍ਰ ਹੋ ਜਾਂਦਾ ਹੈ (ਵਿਕਾਰਾਂ ਦੀ ਮਾਰ ਤੋਂ ਬਚ ਜਾਂਦਾ ਹੈ)। 4. 5. 127

ਅਖੀਰਲੀਆਂ ਪੰਗਤੀਆਂ ਇਲਾਜ ਵੀ ਦੱਸਦੀਆਂ ਹਨ ਕਿ ਇਸ ਜਾਲ ਵਿਚੋਂ ਉਹੀ ਨਿਕਲ ਸਕਦਾ ਹੈ ਜਿਸ ਦਾ ਰਾਖਾ ਗੁਰੂ ਬਣਦਾ ਹੈ। ਇਹ ਮੈ ਸੋਚਣਾ ਹੈ ਕਿ ਮੈ ਗੁਰੂ ਨੂੰ ਕੀ ਰਾਖਾ ਬਣਾ ਲਿਆ? ਗੁਰੂ ਦਾ ਹੁਕਮ ਮੰਨਣਾ ਕੀ ਸ਼ੁਰੂ ਕਰ ਦਿਤਾ? ਗੁਰੂ ਮੰਤ੍ਰ ਜਾਪਾਂ ਤੋਂ ਉਚੇ ਉਠ ਮੈਨੂੰ ਚਾਨਣ ਦੇ ਰਿਹਾ ਹੈ, ਪ੍ਰੈਕਟੀਕਲ ਜੀਵਨ ਜੀਉਣ ਦੀ ਜਾਚ ਦਸਦਾ ਹੈ ਪਰ ਮੈ ਅੱਖਾਂ ਮੀਟ ਗੁਰੂ ਦੇ ਚਾਨਣ ਤੋਂ ਉਲਟ ਉਹਨਾ ਤੋਤਿਆਂ ਵਾਲਾ ਕੰਮ ਕਰ ਰਿਹਾ ਹਾਂ ਜਿਹੜੇ ਕਹੀ ਵੀ ਜਾਂਦੇ ਕਿ ਫਸਣਾ ਨਹੀ ਪਰ ਫਸੇ ਵੀ ਹੋਏ ਹਨ। ਗੁਰੂ ਤਾਂ ਕਹਿ ਰਹੇ ਕਿ ‘ਬਿਨਾ ਸੰਤੋਖ ਨਹੀ ਕੋਊ ਰਾਜੇ’ ਤੇ ਮੈਂ ਕੀ ਰੱਜ ਗਿਆ ਹਾਂ? ਸੰਤੋਖ ਮੇਰੇ ਵਿੱਚ ਆ ਗਿਆ ਹੈ? ਜੇ ਕੇਵਲ ਪੜਿਆਂ ਪਰ ਬਿਨਾ ਗੁਰੂ ਦੇ ਬੱਚਨਾ ਤੇ ਅਮਲ ਕੀਤਿਆਂ ਹੀ ਮੱਨੁਖ ਤੰਦਰੁਸਤ ਰਹਿ ਸਕਦਾ ਤਾਂ ਬੱਤੀਆਂ ਬੰਦ ਕਰਕੇ ਵਾਹਿਗੁਰੂ ਵਾਹਿਗੁਰੂ ਵਾਲੇ ਸਾਰੇ ਹੀ ਤੰਦਰੁਸਤ ਹੁੰਦੇ। ਗੁਰੂ ਤਾਂ ਕਹਿ ਰਹੇ ਹਨ ਕਿ ਹਰੇਕ ਮਨੁੱਖ ਵਿੱਚ ਕਰਤੇ ਦੀ ਜੋਤ ਸਮਝ ਕਿਸੇ ਨੂੰ ਉੱਚਾ ਨੀਵਾਂ ਨਾ ਸਮਝ, ਆਪ ਤੋਂ ਨੀਵਿਆਂ ਜਾਂ ਮਾੜਿਆਂ ਦੀ ਮਦਦ ਕਰ, ਉਹਨਾ ਨੂੰ ਛਾਤੀ ਨਾਲ ਲਾ ਕਿ ਉਹ ਵੀ ਤੇਰੇ ਵਾਂਗ ਚੰਗਾ ਜੀਵਨ ਜੀਉ ਸਕਣ, ਸਿੱਖੀ ਜੀਵਨ ਤੇਰੇ ਵਿਚੋਂ ਡੁਲ੍ਹ-ਡੁਲ੍ਹ ਪਵੇ ਕਿ ਤੈਨੂੰ ਵੇਖ ਹੋਰਾਂ ਦਾ ਵੀ ਦਿਲ ਕਰੇ ਕਿ ਮੈ ਵੀ ਅਜਿਹਾ ਚੰਗਾ ਮਨੁੱਖ ਬਣਾ, ਸਿੱਖੀ ਜੀਵਨ ਧਾਰਾਂ, ਪਰ ਮੈ ਤਾਂ ਕਿਸੇ ਦੇ ਪ੍ਰਛਾਂਵੇਂ ਨਾਲ ਹੀ ਭਿੱਟਿਆ ਜਾਂਦਾ ਹਾਂ, ਭੁੱਲੇ ਹੋਏ ਮਨੁੱਖ ਤਾਂ ਮੇਰੇ ਲਈ ਰੋਡੇ-ਭੋਡੇ ਅਤੇ ਬੇਮੁੱਖ ਹਨ ਮੈ ਉਨ੍ਹਾ ਲਾਗੇ ਕਿਉਂ ਜਾਵਾਂ। ਮੈ ਗੁਰੂ ਨਾਲੋਂ ਵੱਡਾ ‘ਧਰਮਾਤਮਾ’ ਹਾਂ ਜਿਹੜੇ ਆਖੇ ਜਾਂਦੇ ਮਿਰਾਸੀ ਨਾਲ ਬੈਠ ਕੇ ਖਾਦੇ ਰਹੇ, ਭੂਮੀਏ-ਸੱਜਣ ਕੋਲੇ ਜਾ ਕੇ ਉਹਨਾ ਨੂੰ ਉਪਦੇਸ਼ ਕਰਦੇ ਰਹੇ। ਪਰ ਇਧਰ ਗੁਰੂ ਦੀ ਹਜੂਰੀ ਵਿਚੋ ਪ੍ਰਸਾਦ ਲੈਣ ਨਾਲ ਹੀ ਮੇਰਾ ਜੀਵਨ ਭਰਸ਼ਿਟ ਹੋ ਜਾਂਦਾ ਹੈ, ਕਿਸੇ ਦਾ ਹੱਥ ਲਗਣ ਨਾਲ ਹੀ ਮੇਰਾ ਸਭ ਕੁੱਝ ਜੂਠਾ ਹੋ ਜਾਂਦਾ ਹੈ ਮੈ ਬਾਕੀ ਲੋਕਾਂ ਨੂੰ ‘ਕਾਫਰ’ ਕਹਿ ਕਹਿ ਦੂਰ ਰੱਖਦਾ ਹਾਂ ਮੈ ਕੇਵਲ ਅਪਣੇ ਜਥੇ ਵਾਲੇ ਦੇ ਘਰੋ ਂਕੁਝ ਖਾ ਸਕਦਾ ਹਾਂ ਤੇ ਪੀ ਸਕਦਾ ਹਾਂ। ਇਨੀਆਂ ਬੀਮਾਰੀਆਂ ਦੇ ਹੁੰਦਿਆਂ ਕੀ ਮੈਨੂੰ ਤੰਦਰੁਸਤ ਸਮਝਿਆ ਜਾਏ? ਯਾਦ ਰਹੇ ਕਿ ਇਕੱਲੀਆਂ ਸਰੀਰਕ ਬੀਮਾਰੀਆਂ ਹੀ ਬੀਮਾਰੀਆਂ ਨਹੀ ਇਹ ਸਰੀਰਾਂ ਨਾਲੋਂ ਵੀ ਭਿਆਨਕ ਬੀਮਾਰੀਆਂ ਹਨ ਜੀਹਨਾ ਦਾ ਇਲਾਜ ਕਿਸੇ ਡਾਕਟਰ ਕੋਲੇ ਵੀ ਨਹੀ।

ਮੇਰੇ ਬੀ ਜੀ ਹਨ ਕਿ ਉਹ ਰੋਜਾਨਾ ਸੁਖਮਨੀ ਸਾਹਿਬ ਜੀ ਦੇ ਦੋ ਜਾਂ ਕਈ ਪਾਠ ਕਰ ਜਾਂਦੇ ਹਨ। ਕੁੱਝ ਹੀ ਦਿਨ ਹੋਏ ਉਹ ਕਹਿਣ ਲਗੇ ਕਿ ਅੱਖਰ ਪਾਟਦੇ ਹਨ ਤੇ ਅੱਖਾਂ ਡੌਰ-ਭੌਰੀਆਂ ਜਿਹੀਆਂ ਹੁੰਦੀਆਂ ਹਨ। ਅਸੀਂ ਡਾਕਟਰ ਦੇ ਲੈ ਕੇ ਗਏ ਉਸ ਬਲੈਡ ਪ੍ਰੈਸ਼ਰ ਚੈੱਕ ਕੀਤਾ। ਬਲੱਡ ਪ੍ਰੈਸ਼ਰ ਇਨਾ ਹਾਈ ਕਿ ਡਾਕਟਰ ਕਹਿਣ ਲੱਗਾ ਕਿ ਫੌਰਨ ਹੌਸਪੀਟਲ ਲੈ ਜਾਉ। ਹੌਸਪੀਟਲ ਵਾਲਿਆਂ ਕੁੱਝ ਚਿਰ ਰੱਖਕੇ ਬਲੱਡ ਪ੍ਰੈਸ਼ਰ ਨਾਰਮਲ ਕੀਤਾ। ਜਦ ਹਾਈ ਬਲੱਡ ਪ੍ਰੈਸ਼ਰ ਦਾ ਕਾਰਨ ਪਤਾ ਕੀਤਾ ਤਾਂ ਕਾਰਨ ਸੀ ਕਿ ਘਿਉ ਵਿੱਚ ਅਲਸੀ ਬਣਾਈ ਸੀ ਜਿਵੇਂ ਕਿ ਸਾਡੇ ਮਨਾ ਵਿੱਚ ਹੈ ਕਿ ਖੁਰਾਕ ਖਾਂਦੇ ਰਹਾਂਗੇ ਤਾਂ ਜੀਉਂਦੇ ਰਹਾਂਗੇ। ਪਰ ਸਾਨੂੰ ਪਤਾ ਨਹੀ ਕਿ ਜਿਵੇਂ ਬੱਚੇ ਲਈ ਖੁਰਾਕ ਅਸੀਂ ਬਹੁਤ ਥੋੜੀ ਤੋਂ ਸ਼ੁਰੂ ਕਰਦੇ ਹਾਂ ਇਵੇਂ ਹੀ ਬਜ਼ੁਰਗੀ ਵਿੱਚ ਸਾਨੂੰ ਖੁਰਾਕ ਕਰ ਦੇਣੀ ਚਾਹੀਦੀ ਹੈ ਕਿਉਂਕਿ ਮਸ਼ਨੀਰੀ ਇਨੀ ਕਮਜੋਰ ਹੋ ਚੁੱਕੀ ਹੁੰਦੀ ਅਤੇ ਸਰੀਰਕ ਮੁਸ਼ਕਤ ਇਨੀ ਘਟ ਜਾਂਦੀ ਕਿ ਜਰਾ ਜਿੰਨੀ ਵਾਧ-ਘਾਟ ਵੀ ਨਹੀ ਝੱਲਦੀ। ਇਤਿਹਾਸ ਵਿਚੋਂ ਸਾਨੂੰ ਪਤਾ ਲੱਗਦਾ ਹੈ ਕਿ ਧੰਨ ਗੁਰੂ ਅਮਰਦਾਸ ਜੀ ਦੀ ਖੁਰਾਕ ਦਿਹਾੜੀ ਵਿੱਚ ਕੇਵਲ ਇੱਕ ਸਲੂਣੇ ਦਲੀਏ ਦਾ ਕੌਲਾ ਹੁੰਦਾ ਸੀ ਅਤੇ ਉਹਨਾ ਦੀ ਤੰਦਰੁਸਤੀ ਬਾਰੇ ਅਸੀਂ ਜਾਣਦੇ ਹਾਂ। ਡਿਕਸੀ ਗੁਰਦੁਆਰਾ ਸਾਹਿਬ ਪ੍ਰੋ: ਜਗਜੋਤ ਸਿੰਘ ਜੀ ਜਾਚਕ ਕਰੀਬਨ 80 ਸਾਲ ਦੀ ਉਮਰ ਦੇ ਹਨ ਤੇ ਉਹ ਕਈ ਕਈ ਘੰਟੇ ਬੱਚਿਆਂ ਨੂੰ ਕੀਰਤਨ ਸਿਖਾਉਂਦੇ ਹਨ। ਉਹ ਦਿਹਾੜੀ ਵਿੱਚ ਕੇਵਲ ਦਾਲ ਨਾਲ ਇੱਕ ਫੁਲਕਾ ਲੈਂਦੇ ਹਨ ਬਾਕੀ ਉਹ ‘ਲੀਕਡ’ ਯਾਨੀ ਜੂਸ ਬਗੈਰਾ ਪੀਂਦੇ ਹਨ ਕਿਉਂਕਿ ਬਿਰਧ ਹੋਣ ਕਾਰਨ ਅਤੇ ਗੋਡਿਆਂ ਦੀ ਮੁਸ਼ਕਲ ਹੋਣ ਕਾਰਨ ਉਹ ਜਿਆਦਾ ਤੁਰ ਫਿਰ ਨਹੀ ਸਕਦੇ ਇਸ ਲਈ ਇਹ ਸੰਜਮ ਹੀ ਉਹਨਾ ਨੂੰ ਏਸ ਉਮਰ ਵਿੱਚ ਵੀ ਤੰਦਰੁਸਤ ਰੱਖ ਰਿਹਾ ਹੈ ਕਿ ਐਸ ਉਮਰੇ ਬੱਚਿਆਂ ਨਾਲ ਜਿੰਨੀ ਉਹ ਸਿਰ ਖਪਾਈ ਕਰਦੇ ਹਨ ਦਾਦ ਦੇਣੀ ਬਣਦੀ ਹੈ।

ਖੈਰ ਬੀਜੀ ਮੇਰਿਆਂ ਅਲਸੀ ਨੂੰ ਚੰਗਾ ਗੇੜਾ ਦਿਤਾ। ਸਰੀਰਕ ਮੁਸ਼ਕਤ ਕੋਈ ਨਹੀ ਸਾਰਾ ਦਿਨ ਬੈਠੇ ਰਹਿਣਾ ਤੇ ਬਲੱਡ ਪ੍ਰੈਸ਼ਰ ਕੀ ਕਰੇਗਾ। ਹੌਸਪੀਟਲੋਂ ਆ ਕੇ ਸਭ ਛੱਡ ਗਏ ਤੇ ਹੁਣ ਚੰਗੇ ਭਲੇ ਨੇ ਅੱਖਰ ਪਾਟਣੋਂ ਹੱਟ ਗਏ ਹਨ। ਹੁਣ ਪਾਠ ਵੀ ਕਰਦੇ ਹਨ ਅਤੇ ਸੰਤੋਖ ਨਾਲ ਖਾਣ ਵਾਲਾ ਗੁਰੂ ਦਾ ਬੱਚਨ ਅਤੇ ਦੇਹ ਨੂੰ ਥੋੜਾ ਬਾਹਲਾ ਮੁਸ਼ਕਤ ਭਾਵ ਤੁਰਦੇ ਫਿਰਦੇ ਵੀ ਹਨ। ਇਸ ਦਾ ਮੱਤਲਬ ਸਾਫ ਹੈ ਕਿ ਗੁਰਬਾਣੀ ਪੜ ਕੇ ਸਮਝਣ ਤੇ ਉਸ ਉਪਰ ਅਮਲ ਕਰਨ ਵਾਸਤੇ ਹੈ ਨਾ ਕਿ ਕੇਵਲ ਰਟੇ ਲਾਉਂਣ ਵਾਸਤੇ। ਤੇ ਗੁਰਬਾਣੀ ਮੈਨੂੰ ਖਾਣ-ਪੀਣ, ਸੌਣ, ਭੋਗਣ ਆਦਿ ਬਾਰੇ ਸਾਰੀ ਅਗਵਾਈ ਦੇ ਰਹੀ ਹੈ ਕਿ ਜੇ ਤੂੰ ਤੰਦਰੁਸਤ ਰਹਿਣਾ ਤਾਂ ਸੰਤੋਖ ਵਿੱਚ ਆ। ਪਰ ਮੇਰੇ ਸੰਤੋਖ ਦਾ ਇਹ ਹਾਲ ਹੈ ਕਿ ਹੇਠਾਂ ਨੂੰ ਦੇਖਿਆਂ ਮੇਰੀਆਂ ਅਪਣੀਆਂ ਹੀ ਲੱਤਾਂ ਹੀ ਨਹੀ ਮੈਨੂੰ ਦਿੱਸਦੀਆਂ।

ਜੇ ਕੇਵਲ ਪੜਨ ਨਾਲ ਹੀ ਮੈਂ ਤੰਦਰੁਸਤ ਹੁੰਦਾ ਹੋਵਾਂ ਤਾਂ ਭਾਈ, ਪੁਜਾਰੀ ਬਾਬੇ ਅਤੇ ਗਰੰਥੀ ਸਾਰੇ ਹੀ ਤੰਦਰੁਸਤ ਹੋਣੇ ਸਨ ਪਰ ਇਹਨਾ ਦੇ ਵਧੇ ਢਿਡ ਦਸਦੇ ਹਨ ਕਿ ਸਭ ਅਛਾ ਨਹੀ। ਜਿਹੜਾ ਬੰਦਾ ਖੁਦ ਅਪਣਾ ਸਰੀਰ ਨਹੀ ਸਾਂਭ ਸਕਦਾ ਉਹ ਕੌਮ ਨੂੰ ਕੀ ਸਾਂਭੇਗਾ ਤੇ ਆਏ ਲੋਕਾਂ ਨੂੰ ਕੀ ਤੰਦਰੁਸਤੀ ਦੇਵੇਗਾ। ਇਹੀ ਕਾਰਨ ਹੈ ਕਿ ਸਾਡੇ ਇਹਨਾ ਗੁਰਮਤਿ ਦੇ ਸਕੂਲਾਂ ਵਿੱਚ ਸਿਹਤਯਾਬੀ ਦੀਆਂ ਮੁੱਲ ਦੀਆਂ ਅਰਦਾਸਾਂ ਤਾਂ ਹੁੰਦੀਆਂ ਹਨ ਪਰ ਪੜਾਈ ਕੋਈ ਨਹੀ ਕਿ ਗੁਰਬਾਣੀ ਸਾਨੂੰ ਸਿਹਤਯਾਬ ਰਹਿਣ ਲਈ ਉਪਦੇਸ਼ ਕੀ ਦੇ ਰਹੀ ਹੈ। ਤੇ ਸਿੱਖ ‘ਵਿਚਾਰੇ’ ਸਿਹਤਯਾਬੀ ਬਾਰੇ ਗੁਰੂ ਦੇ ਬੱਚਨਾ ਤੋਂ ਅਨਜਾਣ ਚੰਗੀ ਸਿਹਤ ਲਈ ਕਦੇ ਲੂੰਗੀ ਵਾਲੇ ਜੋਗੀ ਮਗਰ ਦੌੜ ਪੈਂਦੇ ਹਨ ਤੇ ਕਦੇ ‘ਅਉਖਧ ਨਾਮ’ ਵਾਲਿਆਂ ਮਗਰ।

ਹੇਠਾਂ ਦਿਤੇ ਗੁਰੂ ਦੇ ਪਾਵਨ ਬੱਚਨ ਜਦ ਮੇਰੀ ਸਮਝ ਪੈ ਗਏ ਅਤੇ ਤ੍ਰਿਪਤ ਹੋਣ ਦਾ ਜਦ ਮੈਨੂੰ ਰਾਹ ਮਿਲ ਗਿਆ ਤਾਂ ਬੇਹੇ ਅਤੇ ਤਲੇ ਭੋਜਨਾ ਵਾਲੇ ਰੈਸਤੋਂਰਾਂ ਵਿਚੋਂ ਹਰੇਕ ਵੀਕਐਂਡ ਤੇ ਮੇਰਾ ਤੋਰਾ-ਫੇਰਾ ਘਟ ਜਾਏਗਾ। ਜਦ ਮੇਰੀ ਸਮਝ ਪੈ ਗਿਆ ਕਿ ਸੀਗਾਰ ਅਸਲੀ ਕਿਹੜਾ ਹੈ ਤਾਂ ਥਾਂ-ਥਾਂ ਖੁਲੇ ਬਿਊਟੀ-ਪਾਰਲਰਾਂ ਉਪਰ ਸਰੀਰ ਦੀ ਛਾਂਗ-ਛਗਾਈ ਅਤੇ ਮੂੰਹ ਉਪਰ ਮਲੇ ਹੋਏ ਕੈਮੀਕਲਾਂ ਦੀ ਟੀਪ-ਟਾਪ ਅਤੇ ਲਿਸ਼ਕ-ਪੁਸ਼ਕ ਲੱਥ ਜਾਏਗੀ ਅਤੇ ਦੁਨੀਆਂ ਨੂੰ ਖੁਦ ਅਪਣੇ ਹੱਥੀਂ ਅਪਣੇ ਸਰੀਰ ਦਾ ਤਮਾਸ਼ਾ ਦਿਖਾਉਂਣ ਲਈ ਪਾਈਆਂ ਭੜਕੀਲੀਆਂ ਪੁਸ਼ਾਕਾਂ ਵਿੱਚ ਤਬਦੀਲੀ ਆਉਂਣੀ ਸ਼ੁਰੂ ਹੋ ਜਾਵੇਗੀ।

ਮਃ 3॥ ਜਿਨਿ ਉਪਾਈ ਮੇਦਨੀ ਸੋਈ ਸਾਰ ਕਰੇਇ॥ ਏਕੋ ਸਿਮਰਹੁ ਭਾਇਰਹੁ ਤਿਸੁ ਬਿਨੁ ਅਵਰੁ ਨ ਕੋਇ॥ ਖਾਣਾ ਸਬਦੁ ਚੰਗਿਆਈਆ ਜਿਤੁ ਖਾਧੈ ਸਦਾ ਤ੍ਰਿਪਤਿ ਹੋਇ॥ ਪੈਨਣੁ ਸਿਫਤਿ ਸਨਾਇ ਹੈ ਸਦਾ ਸਦਾ ਓਹੁ ਊਜਲਾ ਮੈਲਾ ਕਦੇ ਨ ਹੋਇ॥ ਸਹਜੇ ਸਚੁ ਧਨੁ ਖਟਿਆ ਥੋੜਾ ਕਦੇ ਨ ਹੋਇ॥ ਦੇਹੀ ਨੋ ਸਬਦੁ ਸੀਗਾਰੁ ਹੈ ਜਿਤੁ ਸਦਾ ਸਦਾ ਸੁਖੁ ਹੋਇ॥ ਨਾਨਕ ਗੁਰਮੁਖਿ ਬੁਝੀਐ ਜਿਸ ਨੋ ਆਪਿ ਵਿਖਾਲੇ ਸੋਇ॥ 2॥ {ਪੰਨਾ 1092}

ਅਰਥ: —ਜਿਸ ਪਰਮਾਤਮਾ ਨੇ ਸ੍ਰਿਸ਼ਟੀ ਪੈਦਾ ਕੀਤੀ ਹੈ ਉਹੀ ਇਸ ਦੀ ਸੰਭਾਲ ਕਰਦਾ ਹੈ, ਹੇ ਭਰਾਵੋ! ਉਸ ਇੱਕ ਨੂੰ ਸਿਮਰੋ, ਉਸ ਤੋਂ ਬਿਨਾ ਹੋਰ ਕੋਈ (ਸੰਭਾਲ ਕਰਨ ਵਾਲਾ) ਨਹੀਂ ਹੈ। (ਹੇ ਭਰਾਵੋ!) ਪ੍ਰਭੂ ਦੇ ਗੁਣਾਂ ਨੂੰ ਗੁਰੂ ਦੇ ਸ਼ਬਦ ਨੂੰ ਭੋਜਨ ਬਣਾਓ (ਭਾਵ, ਜੀਵਨ ਦਾ ਆਸਰਾ ਬਣਾਓ), ਇਹ ਭੋਜਨ ਖਾਧਿਆਂ ਸਦਾ ਰੱਜੇ ਰਹੀਦਾ ਹੈ (ਮਨ ਵਿੱਚ ਸਦਾ ਸੰਤੋਖ ਰਹਿੰਦਾ ਹੈ); ਪ੍ਰਭੂ ਦੀ ਸਿਫ਼ਤਿ-ਸਾਲਾਹ ਨੂੰ ਵਡਿਆਈਆਂ ਨੂੰ (ਆਪਣਾ) ਪੁਸ਼ਾਕਾ ਬਣਾਓ, ਉਹ ਪੁਸ਼ਾਕਾ ਸਦਾ ਸਾਫ਼ ਰਹਿੰਦਾ ਹੈ ਤੇ ਕਦੇ ਮੈਲਾ ਨਹੀਂ ਹੁੰਦਾ

ਆਤਮਕ ਅਡੋਲਤਾ ਵਿੱਚ (ਰਹਿ ਕੇ) ਖੱਟਿਆ ਹੋਇਆ ਨਾਮ-ਧਨ ਕਦੇ ਘਟਦਾ ਨਹੀਂ। ਮਨੁੱਖਾ ਸਰੀਰ ਲਈ ਗੁਰੂ ਦਾ ਸ਼ਬਦ (ਮਾਨੋ) ਗਹਣਾ ਹੈ, ਇਸ (ਗਹਣੇ ਦੀ ਬਰਕਤਿ) ਨਾਲ ਸਦਾ ਹੀ ਸੁਖ ਮਿਲਦਾ ਹੈ। ਹੇ ਨਾਨਕ! ਜਿਸ ਮਨੁੱਖ ਨੂੰ ਪ੍ਰਭੂ ਆਪ ਸੋਝੀ ਪਾਏ ਉਹ ਗੁਰੂ ਦੀ ਰਾਹੀਂ ਇਹ (ਜੀਵਨ-ਭੇਤ) ਸਮਝਦਾ ਹੈ। 2.

ਗੁਰਦੇਵ ਸਿੰਘ ਸੱਧੇਵਾਲੀਆ




.