.

ਪ੍ਰੋ: ਗੁਰਬਚਨ ਸਿੰਘ ਥਾਈਲੈਂਡ ਵਾਲੇ

‘---ਗੋਬਿਦ ਨਾਮੁ ਮਤਿ ਬੀਸਰੈ’

(ਭਾਗ ਤੀਜਾ)

ਸਮਾਜ ਵਿੱਚ ਇੱਕ ਹੋਰ ਕਿਰਦਾਰ ਵੀ ਮਿਲਦਾ ਹੈ ਜਿਸ ਪਾਸ ਧੰਨ ਦੌਲਤ ਤਾਂ ਬਹੁਤ ਹੈ ਪਰ ਜ਼ਿੰਦਗੀ ਦੀਆਂ ਸੁਖ-ਸਹੂਲਤਾਂ ਲਈ ਲੋੜੀਂਦਾ ਖਰਚ ਕਰਨ ਲਈ ਵੀ ਤਿਆਰ ਨਹੀਂ ਹੈ। ਹਰ ਵੇਲੇ ਖ਼ਜ਼ਾਨਾ ਵਧਾਉਣ ਦੇ ਚੱਕਰ ਵਿੱਚ ਹੀ ਰਹਿੰਦਾ ਹੈ। ਚਮੜੀ ਭਾਵੇਂ ਚਲੀ ਜਾਏ ਪਰ ਦਮੜੀ ਛੱਡਣ ਲਈ ਤਿਆਰ ਨਹੀਂ ਤੇ ਤਾਂਹੀਂ ਲੋਕ ਕਹਿ ਦੇਂਦੇ ਹਨ ਇਹ ਤੇ ਮਾਇਆ ਧਾਰੀ ਸੱਪ ਹੈ।

ਇਸ ਤੁਕ ਦਾ ਭਾਵ ਅਰਥ ਹੈ ਕਿ ਆਪਣੀ ਕਿਰਤ-ਕਮਾਈ ਨੂੰ ਛੱਡ ਕੇ ਦੂਸਰੇ ਦੇ ਹੱਕ ਵਲ ਝਾਤ ਮਾਰਨ ਵਾਲੇ ਸੱਪ ਦੇ ਤਲ਼ `ਤੇ ਜੀਉ ਰਿਹਾ ਹੈ। ਦਾਜ ਦੀ ਤ੍ਹਾਂਘ ਰੱਖਣ ਵਾਲਾ ਸੱਪ ਦੀ ਜੂਨ ਵਿੱਚ ਰ੍ਹੀਂਘ ਰਿਹਾ ਹੈ।

ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਬਹੁਤ ਭਾਵ ਪੂਰਤ ਫੁਟ ਨੋਟ ਦਿੱਤਾ ਹੈ ਜੋ ਇਸ ਸ਼ਬਦ ਦੀਆਂ ਕਈ ਹੋਰ ਪਰਤਾਂ ਤਥਾ ਡੂੰਘਾਈਆਂ ਨੂੰ ਖੋਹਲਦਾ ਹੈ ਜੇਹਾ ਕਿ -----

ਇਹ ਗੱਲ ਬੜੀ ਸਾਦੀ ਜਿਹੀ ਹੈ। ਸ਼ਾਇਦ ਸਾਡੇ ਸੱਜਣ ਨੇ ਧਿਆਨ ਨਹੀਂ ਦਿੱਤਾ। ਭਗਤ ਤ੍ਰਿਲੋਚਨ ਜੀ ਆਪ ਬ੍ਰਾਹਮਣ ਜਾਤੀ ਦੇ ਸਨ। ਤੇ, ਇਸ ਸ਼ਬਦ ਦੀ ਰਾਹੀਂ ਹਿੰਦੂ ਜਾਤੀ ਦੇ ਭਰਾਵਾਂ ਨੂੰ ਸਿੱਖਿਆ ਦੇ ਰਹੇ ਹਨ। ਹਿੰਦੂਆਂ ਵਿੱਚ ਹਿੰਦੂ ਧਰਮ ਦੇ ਪੁਰਾਣਾਂ ਸ਼ਾਸਤ੍ਰਾਂ ਵਾਲੇ ਹੀ ਖ਼ਿਆਲ ਕੁਦਰਤੀ ਤੌਰ ਤੇ ਪ੍ਰਚਲਤ ਸਨ। ਜੂਨਾਂ ਵਿੱਚ ਪੈਣ ਬਾਰੇ ਜੋ ਖ਼ਿਆਲ ਆਮ ਹਿੰਦੂ ਜਨਤਾ ਵਿੱਚ ਚੱਲੇ ਹੋਏ ਸਨ ਉਹਨਾਂ ਦਾ ਹੀ ਹਵਾਲਾ ਦੇ ਕੇ ਤ੍ਰਿਲੋਚਨ ਜੀ ਸਮਝਾ ਰਹੇ ਹਨ ਕਿ ਸਾਰੀ ਉਮਰ ਧਨ ਇਸਤ੍ਰੀ ਪੁੱਤਰ ਤੇ ਮਹਲ-ਮਾੜੀਆਂ ਦੇ ਧੰਧਿਆਂ ਵਿੱਚ ਹੀ ਇਤਨਾ ਖਚਿਤ ਨਾਹ ਰਹੋ ਕਿ ਮਰਨ ਵੇਲੇ ਭੀ ਸੁਰਤਿ ਇਹਨਾਂ ਵਿੱਚ ਹੀ ਟਿਕੀ ਰਹੇ। ਗ੍ਰਿਹਸਤ-ਜੀਵਨ ਦੀਆਂ ਜ਼ਿੰਮੇਵਾਰੀਆਂ ਇਸ ਤਰੀਕੇ ਨਾਲ ਨਿਭਾਓ ਕਿ ਕਿਰਤ-ਕਾਰ ਕਰਦਿਆਂ ਭੀ  “ਅਰੀ ਬਾਈ, ਗੋਬਿੰਦ ਨਾਮੁ ਮਤਿ ਬੀਸਰੈ” ; ਤਾਕਿ ਅੰਤ ਵੇਲੇ ਧਨ ਇਸਤ੍ਰੀ ਪੁੱਤਰ ਮਹਲ-ਮਾੜੀਆਂ ਵਿੱਚ ਸੁਰਤਿ ਭਟਕਣ ਦੇ ਥਾਂ ਮਨ ਪ੍ਰਭੂ-ਚਰਨਾਂ ਵਿੱਚ ਜੁੜੇ। ਸੋ, ਭਗਤ ਜੀ ਨੇ ਕੋਈ ਕਿਆਫ਼ਾ ਨਹੀਂ ਲਾਇਆ, ਹਿੰਦੂ ਜਨਤਾ ਵਿੱਚ ਚੱਲੇ ਹੋਏ ਖ਼ਿਆਲਾਂ ਨੂੰ ਹੀ ਉਹਨਾਂ ਦੇ ਸਾਹਮਣੇ ਰੱਖ ਕੇ ਉਹਨਾਂ ਨੂੰ ਹੀ ਸਹੀ ਜੀਵਨ ਦਾ ਰਸਤਾ ਦੱਸ ਰਹੇ ਹਨ, ਭਾਵ ਵਰਤਮਾਨ ਜੀਵਨ ਨੂੰ ਸੁਚੱਜਾ ਬਣਾਉਣ ਦੀ ਜਾਚ ਦੱਸ ਰਹੇ ਹਨ।

ਗੁਰਬਾਣੀ ਨੇ ਪੁਰਾਣੇ ਪ੍ਰਚੱਲਤ ਮੁਹਾਵਰੇ ਜਾਂ ਪੁਰਾਣੀ ਸ਼ਬਦਾਵਲੀ ਜ਼ਰੂਰ ਵਰਤੀ ਹੈ ਪਰ ਇਸ ਦਾ ਅਰਥ ਇਹ ਨਹੀਂ ਕਿ ਗੁਰਬਾਣੀ ਉਹਨਾਂ ਮਿੱਥਾਂ ਨੂੰ ਕੋਈ ਮਾਨਤਾ ਦੇ ਰਹੀ ਹੈ। ਅਸੀਂ ਗੁਰਬਾਣੀ ਵਿੱਚ ਆਏ ਮੁਹਾਵਰਿਆਂ, ਅਲੰਕਾਰਾਂ, ਉਦਾਹਰਣਾਂ ਤੇ ਪੁਰਾਣਕ ਵਰਤੀ ਸ਼ਬਦਾਵਲੀ ਨੂੰ ਹੀ ਪਕੜ ਕੇ ਬੈਠ ਗਏ ਹਾਂ ਪਰ ‘ਨਿਆਰੇ ਖਾਲਸੇ’ ਜਾਂ ‘ਸਚਿਆਰ’ ਦੇ ਤੱਤ ਨੂੰ ਨਹੀਂ ਸਮਝ ਸਕੇ। ਜਿਸ ਦਾ ਨਤੀਜਾ ਇਹ ਹੋਇਆ ਹੈ ਕਿ ਗੁਰਬਾਣੀ ਦੀ ਲੋਅ ਹੋਣ ਦੇ ਬਾਵਜੂਦ ਵੀ ਸਾਡੇ ਰੀਤੀ ਰਿਵਾਜ ਸਾਰੇ ਹੀ ਬ੍ਰਹਾਮਣੀ ਕਰਮ-ਕਾਂਡ ਦੇ ਅਧਾਰਤ ਹਨ ਤੇ ਓਸੇ ਸਦੰਰਭ ਵਿੱਚ ਹੀ ਜਾ ਕੇ ਸੋਚ ਰਹੇ ਹਾਂ ਤੇ ਨਾਲ ਹੀ ਕਹਿ ਰਹੇ ਹਾਂ ਜੀ ਅਸੀਂ ਤੇ ਨਿਆਰੇ ਖਾਲਸਾ ਹਾਂ।

ਦੂਸਰੇ ਪਦੇ ਦੀ ਵਿਚਾਰ ਵਿੱਚ ਵੀ ਭਗਤ ਤ੍ਰਿਲੋਚਨ ਜੀ ਕਹਿ ਰਹੇ ਹਨ ਕਿ ----

ਅੰਤਿ ਕਾਲਿ ਜੋ ਇਸਤ੍ਰੀ ਸਿਮਰੈ, ਐਸੀ ਚਿੰਤਾ ਮਹਿ ਜੇ ਮਰੈ॥

ਬੇਸਵਾ ਜੋਨਿ ਵਲਿ ਵਲਿ ਅਉਤਰੈ॥

ਅਖਰੀਂ ਅਰਥ ਤਾਂ ਏਹੀ ਬਣਨਗੇ ਕਿ ਮਰਣ ਸੇਜਾ `ਤੇ ਪਿਆ ਜੋ ਇਸਤਰੀ ਦੀ ਚਾਹਨਾ ਰੱਖਦਾ ਹੈ ਉਸ ਨੂੰ ਬੇਸਵਾ ਦਾ ਜੀਵਨ ਮਿਲ ਜਾਂਦਾ ਹੈ। ਜੇ ਇਹਨਾਂ ਤੁਕਾਂ ਨੂੰ ਵਰਤਮਾਨ ਜੀਵਨ ਤੇ ਢੁਕਾਅ ਕੇ ਦੇਖੀਏ ਤਾਂ ਏਡਜ਼ ਵਰਗੀਆਂ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ। ਇਸ ਤੁਕ ਵਿੱਚ ਗ੍ਰਹਿਸਤੀ ਜੀਵਨ ਦੀ ਮਹਾਨਤਾ ਦੀ ਸਿੱਖਰ ਤੇ ਪਹੁੰਚਣ ਦੀ ਤਾਗ਼ੀਦ ਹੈ ਤੇ ਆਪਣੇ ਘਰ ਤੋਂ ਬਾਹਰ ਝੱਖਾਂ ਮਾਰਨ ਵਾਲੇ ਨੂੰ ਸੁਚੇਤ ਕੀਤਾ ਹੈ। ਸਾਂਝੀ (ਕਾਮਨ) ਸ਼ਬਦਾਵਲੀ ਵਿੱਚ ਅਰਥ ਕਰਾਂਗੇ ਤਾਂ ਇਹ ਉਪਦੇਸ਼ ਭੈਣਾਂ ਤੇ ਵੀਰਾਂ ਲਈ ਸਾਂਝਾ ਹੈ। ਸਮਾਜਕ ਤੇ ਪਰਵਾਰਕ ਜ਼ਿੰਮੇਵਾਰੀ ਦੇ ਫ਼ਰਜ਼ਾਂ ਦੀ ਪਹਿਛਾਣ ਕਰਾਉਂਦਾ ਹੋਇਆ ਇਹ ਵਾਕ ਧੁਰ ਅੰਦਰੋਂ ਸੋਚਣ ਲਈ ਮਜ਼ਬੂਰ ਕਰਦਾ ਹੈ। ਅਸੀਂ ਹੱਥਲੇ ਜੀਵਨ ਵਿੱਚ ਬਦਲਾਅ ਲਿਆਉਣ ਲਈ ਤਿਆਰ ਨਹੀਂ ਹਾਂ, ਇਸ ਲਈ ਮਰਣ ਤੋਂ ਉਪਰੰਤ ਵਾਲੀ ਆਪਣੇ ਲਈ ਜੂਨ ਫਿੱਟ ਕਰਨੀ ਬਹੁਤ ਸੌਖੀ ਹੈ, ਕਿਉਂਕਿ ਉਹ ਕਿਹੜੀ ਕਿਸੇ ਨੇ ਦੇਖੀ ਹੈ।

ਜਿਵੇਂ ਕਿ ਅਸਾਂ ਦੇਖਿਆ ਹੈ ਪਰਮਾਤਮਾ ਦਾ ਨਾਮ (ਸ਼ੁਭ ਗੁਣ) ਬਿਸਰਨ ਨਾਲ ਆਤਮਕ ਮੌਤ ਹੈ। ਰੱਬੀ ਗੁਣਾਂ ਦੀ ਘਾਟ ਕਰਕੇ ਬਾਹਰੋਂ ਧਰਮੀ ਦਿਸਦਾ ਹੋਇਆ ਵੀ ਅੰਦਰੋਂ ਕਾਮ-ਵਾਸ਼ਨਾ ਨਾਲ ਭਰਿਆ ਪਿਆ ਹੈ। ਅਖੌਤੀ ਸਾਧਾਂ-ਸੰਤਾਂ ਜਾਂ ਰਾਜਨੀਤਿਕ ਲੀਡਰ ਤੇ ਸਮਾਜ ਵਿੱਚ ਰਹਿੰਦੇ ਸਫ਼ੈਦ-ਪੋਸ਼ ਲੋਕਾਂ ਦੇ ਕਾਮਕ ਬਿਰਤੀ ਦੇ ਚਰਚੇ ਜਦੋਂ ਜਗ ਜ਼ਾਹਰ ਹੁੰਦੇ ਹਨ ਤਾਂ ਸਧਾਰਨ ਤੋਂ ਸਧਾਰਨ ਆਦਮੀ ਵੀ ਦੰਦਾਂ ਹੇਠ ਉਂਗਲ਼ਾਂ ਦੇਂਦਾ ਹੈ। ਸਿੱਖਿਆ ਦਾਤਾ ਵਲੋਂ ਆਪਣੀ ਧੀਆਂ ਵਰਗੀ ਵਿਦਿਆਰਥਣ ਨਾਲ ਕਲੰਕਤ ਤੇ ਘਿਰਣਤ ਕੁ-ਕਰਮ ਕਰਦਾ ਹੈ ਤਾਂ ਲੋਕ ਫਟ ਕਹਿ ਦੇਂਦੇ ਹਨ ਕਿ ਏਹਦੀ ਤਾਂ ਆਤਮਾ ਹੀ ਮਰ ਗਈ ਐ, ਇਹ ਤੇ ਯਰ ਵਹਿਸ਼ੀ ਦਰਿੰਦਾ ਏ ਕੋਈ।

ਸਮਾਜ ਜਾਂ ਭਾਈ-ਚਾਰੇ ਵਿੱਚ ਵਾਪਰ ਰਹੀਆਂ ਕਾਮਕ ਘਟਨਾਵਾਂ ਮਰੀਆਂ ਹੋਈਆਂ ਆਤਮਾਵਾਂ ਦਾ ਹੀ ਕੰਮ ਹੈ। ਇੱਕ ਤੇ ਵਾਪਰ ਰਹੀਆਂ ਘਟਨਾਵਾਂ ਹਨ ਦੂਜਾ ਜਦੋਂ ਮਨ ਵਿੱਚ ਮਲੀਨ ਸੋਚ ਨੇ ਜਨਮ ਲੈ ਲਿਆ ਤਾਂ ਵੀ ਵੇਸਵਾ ਦੇ ਤਲ਼ `ਤੇ ਜੀਉ ਰਿਹਾ ਹੈ। ਗੁਰੂ ਨਾਨਕ ਸਾਹਿਬ ਜੀ ਤਾਂ ਇੱਥੋਂ ਤਕ ਕਹਿ ਰਹੇ ਹਨ ਕਿ ਐ ਇਨਸਾਨ! ਸੱਚ ਤਾਂ ਇਹ ਈ ਕਿ ਜੇ ਤੂੰ ਕਿਸੇ ਦੇ ਘਰ ਵਿੱਚ ਬੈਠਿਆਂ ਤੇਰੇ ਮਨ ਵਿੱਚ ਉਸ ਪਰਵਾਰ ਪ੍ਰਤੀ ਜਾਂ ਧੀ ਭੈਣ ਦੇਖ ਕੇ ਮਲੀਨ ਸੋਚ ਆ ਗਈ ਤਾਂ ਤੂੰ ਆਪਣੇ ਬਾਪ ਦਾ ਨਹੀਂ ਸਗੋਂ ਬਹੁਤ ਨੀਵੇਂ ਅਸਲੇ ਦਾ ਹੋਏਂਗਾ— “ਪਰ ਘਰੁ ਜੋਹੀ ਨੀਚ ਸਨਾਤਿ”॥ ਪੂਰੇ ਅਰਥ ਤਾਂ ਏਹੀ ਬਣਦੇ ਹਨ ਜਦੋਂ ਮਨੁੱਖ ਦੀ ਮਲੀਨ ਸੋਚ ਜਾਂ ਅੱਖ ਮੈਲ਼ੀ ਹੋ ਜਾਏ ਭਾਵ ਪਰਮਾਤਮਾ ਦੇ ਸ਼ੁਭ ਗੁਣਾਂ ਨੂੰ ਮਨੋਂ ਵਿਸਾਰ ਦੇਵੇ ਤਾਂ ਉਸ ਦਾ ਅੰਤ ਕਾਲ ਜਾਂ ਆਤਮਕ ਮੌਤ ਹੈ ਤੇ ਉਹ ਇਸ ਮਾਨਸਕ ਅਵਸਥਾ ਵਿੱਚ ਵੇਸਵਾ ਦੇ ਤਲ਼ `ਤੇ ਜੀਉ ਰਿਹਾ ਹੈ।

ਸ਼ਬਦ ਦੇ ਤੀਸਰੇ ਬੰਦ ਵਿੱਚ ਇੱਕ ਐਸੀ ਸੋਚ ਦਾ ਜ਼ਿਕਰ ਕੀਤਾ ਹੈ ਜੋ ਸਮਾਜ ਵਿੱਚ ਕੇਵਲ ਪੁੱਤਰਾਂ ਦੀ ਮੰਗ `ਤੇ ਹੀ ਜਿਉਂਦੇ ਹਨ ਭਗਤ ਤ੍ਰਿਲੋਚਨ ਜੀ ਕਹਿ ਰਹੇ ਹਨ ਕਿ ਅਜੇਹੀ ਸੋਚ ਰੱਖਣ ਵਾਲੇ ਨੂੰ ਸੂਰ ਦਾ ਦਰਜਾ ਦੇਣਾ ਬਣਦਾ ਹੈ। ਤੁਕ ਦਾ ਪਾਠ ਇੰਜ ਹੈ-----

ਅੰਤਿ ਕਾਲਿ ਜੋ ਲੜਿਕੇ ਸਿਮਰੈ, ਐਸੀ ਚਿੰਤਾ ਮਹਿ ਜੇ ਮਰੈ॥

ਸੂਕਰ ਜੋਨਿ ਵਲਿ ਵਲਿ ਅਉਤਰੈ॥

ਅਖਰੀਂ ਅਰਥ--- ਮਰਣ ਵੇਲੇ ਜਿਹੜਾ ਆਦਮੀ ਪੁੱਤਰਾਂ ਦੀ ਖਾਹਸ਼ ਮਨ ਵਿੱਚ ਰੱਖਦਾ ਹੈ ਬ੍ਰਹਮਣ ਦੇਵਤੇ ਦੀ ਥਿਉਰੀ ਕਹਿੰਦੀ ਹੈ ਕਿ ਉਹ ਸੂਰ ਦੀ ਜੂਨ ਵਿੱਚ ਪੈਂਦਾ ਹੈ। ਭਗਤ ਤ੍ਰਿਲੋਚਨ ਜੀ ਨੇ ਪੁਰਾਣਕ ਹਵਾਲਾ ਜ਼ਰੂਰ ਲਿਆ ਹੈ ਪਰ ਨੁਕਤਾ ਆਪਣਾ ਪੇਸ਼ ਕੀਤਾ ਏ ਕਿ ਜੋ ਰੱਬੀ ਗੁਣਾਂ ਨੂੰ ਵਿਸਾਰਦਾ ਏ ਆਤਮਕ ਮੌਤ ਵਲ ਨੂੰ ਜਾਂਦਾ ਹੈ।

ਇਤਿਹਾਸ ਦੇ ਪੰਨਿਆਂ `ਤੇ ਨਜ਼ਰ ਮਾਰਿਆਂ ਇੱਕ ਗੱਲ ਜ਼ਰੂਰ ਸਪੱਸ਼ਟ ਹੋ ਜਾਂਦੀ ਹੈ ਕਿ ਜਿੱਥੇ ਵੀ ਪੁੱਤਰ ਮੋਹ ਨੇ ਜਨਮ ਲਿਆ ਹੈ ਓੱਥੇ ਹੀ ਰਾਜ-ਭਾਗ ਨੇਸਤੋ-ਬੂਦ ਹੁੰਦੇ ਦੇਖੇ ਜਾ ਸਕਦੇ ਹਨ। ਸ਼ਾਹ ਜਹਾਨ ਨੂੰ ਸਭ ਨਾਲੋਂ ਆਪਣਾ ਸਲੀਮ ਪੁੱਤਰ ਸੋਹਣਾ ਲੱਗਦਾ ਹੈ। ਮਹਾਂਰਾਜਾ ਰਣਜੀਤ ਸਿੰਘ ਜੀ ਨੇ ਪੁੱਤਰ ਮੋਹ ਵਿੱਚ ਆ ਕਿ ਸਰਬਤ ਖਾਲਸੇ ਦੇ ਵਜੂਦ ਨੂੰ ਤਿਲਾਂਜਲੀ ਦਿੱਤੀ ਤਾਂ ਖਾਲਸਾ ਰਾਜ ਵੀ ਨਾਲ ਹੀ ਜਾਂਦਾ ਰਿਹਾ ਹੈ। ਅੱਜ ਦੇ ਯੁੱਗ ਵਿੱਚ ਵੀ ਰਾਜਨੀਤਿਕ ਪਾਰਟੀਆਂ ਵਿੱਚ ਪੁੱਤਰ ਮੋਹ ਦੀ ਭਰਪੂਰ ਸ਼ਰਧਾ ਦੇਖੀ ਜਾ ਸਕਦੀ ਹੈ।

ਤਸਵੀਰ ਦੇ ਪਹਿਲੇ ਹਿੱਸੇ ਵਿੱਚ ਦੇਖੋ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਚਾਰੇ ਸਾਹਿਬਜ਼ਾਦੇ ਦੇਸ਼, ਕੌਮ ਤੇ ਪੰਥ ਲਈ ਵਾਰ ਦਿੱਤੇ। ਦੁਨੀਆਂ ਵਿੱਚ ਇਹੋ ਜੇਹੀ ਮਿਸਾਲ ਕਿਤੋਂ ਵੀ ਨਹੀਂ ਮਿਲਦੀ। ਗੁਰੂ ਨਾਨਕ ਸਾਹਿਬ ਜੀ ਨੇ ਗੁਰਿਆਈ ਦੇਣ ਲੱਗਿਆਂ ਗੁਣਾਂ ਨੂੰ ਸਾਹਮਣੇ ਰੱਖਿਆ ਹੈ ਨਾ ਕਿ ਆਪਣੇ ਪੁੱਤਰਾਂ ਨੂੰ।

ਹੁਣ ਸਮਾਜ ਵਿੱਚ ਦੇਖਦੇ ਹਾਂ ਸਾਡਿਆਂ ਪਰਵਾਰਾਂ ਵਿੱਚ ਪੁੱਤਰ ਮੋਹ ਸਭ ਨਾਲੋਂ ਜ਼ਿਆਦਾ ਭਾਰੂ ਹੈ। ਜੇ ਕਿਤੇ ਲਗਾਤਾਰ ਦੋ ਕੁੜੀਆਂ ਹੋ ਜਾਣ ਤਾਂ ਉਸ ਲੜਕੀ ਦਾ ਜਿਉਣਾ ਪਰਵਾਰ ਵਾਲੇ ਤੰਗ ਕਰ ਦੇਂਦੇ ਹਨ ਕਿ ਤੂੰ ਪੁੱਤਰ ਨੂੰ ਜਨਮ ਕਿਉਂ ਨਹੀਂ ਦਿੱਤਾ? ਭਾਵੇਂ ਸਰਕਾਰ ਨੇ ਹਦਾਇਤ ਕੀਤੀ ਹੈ ਕਿ ਅੱਜ ਦੇ ਯੁੱਗ ਵਿੱਚ ਜਿਹੜਾ ਡਾਕਟਰ ਲਿੰਗ ਟੈਸਟ ਕਰੇਗਾ ਉਸ ਨੂੰ ਦਸ ਸਾਲ ਦੀ ਕੈਦ ਤੇ ਦਸ ਹਜ਼ਾਰ ਰੁਪਏ ਦਾ ਜੁਰਮਾਨਾ ਵੀ ਕੀਤਾ ਜਾਏਗਾ। ਮੈਂ ਤੇ ਇਥੋਂ ਤੀਕ ਕਹਿੰਦਾ ਹਾਂ ਕਿ ਜਿਹੜਾ ਸਾਧ ਕੇਵਲ ਲੜਕੇ ਦੇਣ ਦੀ ਅਰਦਾਸ ਕਰਦਾ ਹੈ ਇਹ ਸਜਾਅ ਉਸ ਸਾਧ ਨੂੰ ਵੀ ਹੋਣੀ ਚਾਹੀਦੀ ਹੈ।

ਭਗਤ ਤ੍ਰਿਲੋਚਨ ਜੀ ਨੇ ਮਨੁੱਖ ਦੀ ਮਾਨਸਕ ਬਿਮਾਰੀ ਦੀ ਜੜ੍ਹ ਫੜਦਿਆਂ ਸਮਾਜ ਨੂੰ ਇਸ ਗੱਲੋਂ ਸੁਚੇਤ ਕੀਤਾ ਹੈ ਕਿ ਜਿਹੜਾ ਆਦਮੀ ਕੇਵਲ ਪੁੱਤਰ ਮੋਹ ਵਿੱਚ ਫਸਿਆ ਪਿਆ ਹੈ ਉਹ ਜਿਉਂਦਿਆਂ ਹੀ ਸੂਰ ਦੀ ਜੂਨ ਵਿੱਚ ਪਿਆ ਹੋਇਆ ਹੈ। ਬ੍ਰਹਾਮਣ ਨੇ ਕਿਹਾ ਹੈ ਜੇ ਪਿੱਤਰਾਂ ਨੂੰ ਨਰਕਾਂ ਤੋਂ ਬਚਾਉਣਾ ਹੈ ਤਾਂ ਪੁੱਤਰ ਦਾ ਹੋਣਾ ਜ਼ਰੂਰੀ ਹੈ। ਇੱਕ ਅਜੇਹਾ ਮਨੁੱਖ ਵੀ ਮਿਲਿਆ ਜੋ ਇਸ ਸਿਧਾਂਤ `ਤੇ ਪੂਰਾ ਪਹਿਰਾ ਦੇ ਰਿਹਾ ਸੀ। ਪੁੱਤਰ ਦੀ ਲਾਲਸਾ ਵੱਸ ਨੌਂ ਧੀਆਂ ਦਾ ਬਾਪ ਤਾਂ ਬਣ ਗਿਆ ਪਰ ਪਰਵਾਰ ਗਰੀਬੀ ਦੀ ਠੰਡ ਨਾਲ ਕੁੰਗੜਿਆ ਪਿਆ ਸੀ ਲੇਕਨ ਪੁੱਤਰ ਦੀ ਭਾਵਨਾ ਫਿਰ ਵੀ ਪੂਰੀ ਨਾ ਹੋ ਸਕੀ।

ਕਬੀਰ ਜੀ ਪੁਰਾਣਕ ਖ਼ਿਆਲਾਂ ਦਾ ਹਵਾਲਾ ਦੇਂਦਿਆਂ ਕਹਿੰਦੇ ਹਨ (ਪਰ ਇਸ ਹਵਾਲੇ ਦੀ ਪੁਸ਼ਟੀ ਨਹੀਂ ਕਰ ਰਹੇ) ਕਿ ਮੰਨ ਲਓ ਜੇ ਰਾਵਣ ਵਾਂਗ ਕਿਸੇ ਮਨੁੱਖ ਦੇ ਇੱਕ ਲੱਖ ਪੁੱਤਰ ਹੋ ਜਾਣ ਤੇ ਉਸ ਦਾ ਸਵਾ ਲੱਖ ਪੋਤਰਾ ਹੋ ਜਾਏ ਤਾਂ ਕੀ ਬੰਦਿਆਂ ਤੂੰ ਆਸ ਕਰ ਸਕਦਾ ਏਂ ਕਿ ਤੇਰੀ ਪੀੜ੍ਹੀ ਅਗਾਂਹ ਚੱਲਦੀ ਰਹੇਗੀ? ਕਬੀਰ ਸਾਹਿਬ ਜੀ ਕੇਵਲ ਪ੍ਰਚੱਲਤ ਪੁਰਾਣੇ ਖ਼ਿਆਲ ਦਾ ਹਵਾਲਾ ਹੀ ਦੇ ਰਹੇ ਹਨ ਨਾ ਕਿ ਕੋਈ ਪ੍ਰੋੜਤਾ ਕਰ ਰਹੇ ਨੇ---- “ਇਕੁ ਲਖੁ ਪੂਤ, ਸਵਾ ਲਖੁ ਨਾਤੀ॥ ਤਿਹ ਰਾਵਨ ਘਰ ਦੀਆ ਨ ਬਾਤੀ”॥

ਸਦੀਆਂ ਤੋਂ ਚਲੀ ਆ ਰਹੀ ਪੁਰਾਣੀ ਬ੍ਰਹਾਮਣ ਦੀ ਵਿਚਾਰਧਾਰਾ ਨੂੰ ਗੁਰੂ ਸਾਹਿਬ ਜੀ ਨੇ ਗਿਆਨ ਦੇ ਕੁਹਾੜੇ ਨਾਲ ਵੱਢ ਕੇ ਰੱਖ ਦਿੱਤਾ। ਪੁਰਾਣੀਆਂ ਮਿੱਥਾਂ ਅਨੁਸਾਰ ਕਿ ਮਰਣ ਵੇਲੇ ਆਦਮੀ ਦੇ ਖ਼ਿਆਲ ਵਿੱਚ ਪੁੱਤਰ ਮੋਹ ਜਾਗ ਪਏ, ਅਖੇ ਉਹ ਸੂਰ ਦੀ ਜੂਨ ਵਿੱਚ ਪੈਂਦਾ ਹੈ। ਮੈਨੂੰ ਯਾਦ ਹੈ, ਵਡੇਰੀ ਉਮਰ ਦੀਆਂ ਤਾਈਆਂ ਚਾਚੀਆਂ ਕਈ ਵਾਰੀ ਮਨ-ਘੜਤ ਗੱਲਾਂ ਕਰਦੀਆਂ ਹੁੰਦੀਆਂ ਸਨ ਕਿ ਜਦੋਂ ਆਦਮੀ ਮਰ ਜਾਂਦਾ ਹੈ ਤਾਂ ਉਸ ਦੇ ਸੁਰ੍ਹੈਣੇ ਪਿੱਛੇ ਬਰੀਕ ਸਵਾਹ ਜ਼ਮੀਨ `ਤੇ ਵਿਛਾ ਦਿੱਤੀ ਜਾਂਦੀ ਸੀ ਤੇ ਸਵਾਹ `ਤੇ ਜੋ ਨਿਸ਼ਾਨ ਪਾਏ ਜਾਂਦੇ ਮਿਲਦੇ ਸਨ, ਉਸ ਅਧਾਰਤ ਇਹ ਸਮਝ ਲਿਆ ਜਾਂਦਾ ਸੀ ਕਿ ਇਹ ਆਦਮੀ ਜਾਂ ਔਰਤ ਉਸੇ ਜੂਨ ਵਿੱਚ ਗਿਆ ਹੈ। ਹੁਣ ਕਿਸੇ ਨਾ ਕਿਸੇ ਜਨਵਰ ਨੇ ਤੇ ਵੱਸਦੇ ਘਰ ਵਿੱਚ ਲੰਘਣਾ ਈਂ ਏਂ ਪਰ ਬ੍ਰਹਾਮਣ ਦੀ ਤਾਂ ਚਾਂਦੀ ਹੁੰਦੀ ਸੀ, ਜਿੰਨੀ ਮਾੜੀ ਜੂਨ ਉਤਨੀ ਵੱਧ ਪੂਜਾ। ਜੇ ਕਰ ਮਨੁੱਖ ਤੋਂ ਥੱਲੇ ਵਾਲੀ ਕਿਸੇ ਜੂਨ ਦੇ ਨਿਸ਼ਾਨ ਹੋਣੇ ਤਾਂ ਬ੍ਰਾਹਮਣ ਦੀਆਂ ਪੌਂ-ਬਾਰ੍ਹਾਂ ਹੁੰਦੀਆਂ ਸਨ ਕਿ ਅਖੇ ਇਸ ਨੂੰ ਸਵਰਗ ਵਿੱਚ ਸੀਟ ਲੈ ਕੇ ਦੇਣ ਲਈ ਕੁੱਝ ਜ਼ਿਆਦਾ ਜ਼ੋਰ ਲਗਾਉਣਾ ਪੈਣਾ ਹੈ, ਇਸ ਲਈ ਧਰਮ-ਕਰਮ ਕੁੱਝ ਵਾਧੂ ਕਰਨੇ ਪੈਣਗੇ। ਵਿਚਾਰੇ ਲੋਕ “ਮਰਦਾ ਕੀ ਨਾ ਕਰਦਾ” ਬ੍ਰਹਾਮਣ ਦੇ ਮੱਕੜੀ ਜਾਲ ਵਿੱਚ ਫਸੇ ਹੁੰਦੇ ਸਾਰੇ ਧਰਮ-ਕਰਮ ਨਿਭਾਈ ਜਾਂਦੇ ਹੁੰਦੇ ਸੀ। ਇਹ ਸਾਰੇ ਧਰਮ ਕਰਮ ਆਮ ਮਨੁੱਖ ਨੂੰ ਉਜਾੜਨ ਵਾਲੇ ਸਨ।

ਇਹਨਾਂ ਤੁਕਾਂ ਵਿੱਚ ਭਗਤ ਜੀ ਵਿਚਾਰ ਦੇ ਰਹੇ ਹਨ ਕਿ ਪੰਥਕ ਹਿੱਤਾਂ ਨੂੰ ਪਾਸੇ ਰੱਖ ਕੇ ਜੋ ਕੇਵਲ ਪੁੱਤਰ ਮੋਹ ਪਾਲ਼ ਰਿਹਾ ਹੈ ਉਹ ਹੁਣ ਹੀ ਸੂਰ ਦੇ ਤਲ਼ `ਤੇ ਘੁੰਮ ਰਿਹਾ ਹੈ। ਇੱਕ ਸਕੂਲ ਦੀ ਚੋਣ ਕਮੇਟੀ ਨੇ ਇੱਕ ਅਧਿਆਪਕ ਰੱਖਣਾ ਸੀ ਬਹੁਤ ਸਾਰੇ ਯੋਗ ਉਮੀਦਵਾਰ ਆਪਣੇ ਆਪਣੇ ਤਜਰਬੇ ਲੈ ਕੇ ਹਾਜ਼ਰ ਹੋਏ ਪਰ ਚੋਣ ਕਮੇਟੀ ਦੇ ਮੈਂਬਰ ਨੇ ਆਪਣੇ ਬੇਟੇ ਦੀ ਨਿਯੁਕਤੀ ਕਰਵਾ ਲਈ ਭਾਵੇਂ ਉਸ ਪਾਸ ਲੋੜੀਂਦੇ ਤਜਰਬੇ ਦੀ ਘਾਟ ਸੀ। ਯੋਗ ਉਮੀਦਵਾਰਾਂ ਦੇ ਕਾਗਜ਼ਾਂ ਵਿੱਚ ਕੋਈ ਨਾ ਕੋਈ ਨੁਕਸ ਕੱਢ ਕੇ ਉਹਨਾਂ ਨੂੰ ਘਰੋ- ਘਰੀ ਤੋਰ ਦਿੱਤਾ ਤੇ ਆਪਣਾ ਪੁੱਤਰ ਫਿਟ ਕਰਵਾ ਲਿਆ। ਕੀ ਇਹ ਆਤਮਕ ਤਲ਼ `ਤੇ ਮਰੇ ਹੋਏ ਇਨਸਾਨਾਂ ਦੀ ਕਹਾਣੀ ਤਾਂ ਨਹੀਂ ਕਿਤੇ? ਅਸਲ ਵਿੱਚ ਸੂਰ ਦੀ ਜੂਨ ਤਾਂ ਇਹ ਲੋਕ ਭੋਗ ਰਹੇ ਹਨ। ਆਪਣੇ ਫ਼ਰਜ਼ਾਂ ਦੀ ਪਹਿਛਾਣ ਨੂੰ ਭੁੱਲ ਕੇ ਜੋ ਪੱਤਰ ਮੋਹ ਪਾਲ਼ ਰਹੇ ਹਨ ਉਹ ਸਾਰੇ ਹੀ ਸੂਰ ਦੇਵਤੇ ਦੀ ਸਰਣ ਵਿੱਚ ਹਨ।

ਸ਼ਬਦ ਦੇ ਚੌਥੇ ਬੰਦ ਵਿੱਚ ਭਗਤ ਜੀ ਪ੍ਰੇਤ ਦੀ ਗੱਲ ਕਰ ਰਹੇ ਹਨ ਜਿਸ ਤੋਂ ਆਮ ਆਦਮੀ ਬਹੁਤ ਡਰਿਆ ਹੋਇਆ ਹੈ-----

ਅੰਤਿ ਕਾਲਿ ਜੋ ਮੰਦਰ ਸਿਮਰੈ, ਐਸੀ ਚਿੰਤਾ ਮਹਿ ਜੇ ਮਰੈ॥

ਪ੍ਰੇਤ ਜੋਨਿ ਵਲਿ ਵਲਿ ਅਉਤਰੈ॥

ਸੰਸਾਰਕ ਵਿਦਿਆ ਤੇ ਆਤਮਕ ਸੂਝ ਦੀ ਘਾਟ ਕਰਕੇ ਆਮ ਮਨੁੱਖ ਭੂਤਾਂ ਪ੍ਰੇਤਾਂ ਤੋਂ ਬਹੁਤ ਡਰਿਆ ਹੋਇਆ ਹੈ ਤੇ ਡਰੇ ਹੋਏ ਮਨੁੱਖ ਹੀ ਡਰਦੇ ਹਨ। ਜਿਹੜੀ ਚੀਜ਼ ਦਿੱਸਦੀ ਨਹੀਂ ਏ ਬੰਦਾ ਉਸ ਤੋਂ ਵੀ ਡਰੀ ਜਾ ਰਿਹਾ ਹੈ ਪਰ ਜਿਹੜੇ ਭੂਤਾਂ ਪ੍ਰੇਤਾਂ ਨੂੰ ਮੰਨਦੇ ਹੀ ਨਹੀਂ ਹਨ ਉਹਨਾਂ ਵਾਸਤੇ ਭੂਤ-ਪ੍ਰੇਤ ਦਾ ਜ਼ਿੰਦਗੀ ਵਿੱਚ ਕੋਈ ਅਰਥ ਨਹੀਂ ਹੈ। ਆਮ ਲੋਕਾਂ ਵਿੱਚ ਇਹ ਖਿਆਲ ਘਰ ਕਰ ਚੁੱਕਿਆ ਹੈ ਕਿ ਜੀ ਬਾਹਰਲੀਆਂ ਚੀਜ਼ਾਂ ਹੁੰਦੀਆਂ ਹਨ, ਤੇ ਇਹਨਾਂ ਦਾ ਕਿਹੜਾ ਕੋਈ ਘਰ ਹੈ। ਤੇ ਇਹਨਾਂ ਦਾ ਉਪਾਅ ਬਹੁਤ ਹੀ ਜ਼ਰੂਰੀ ਹੈ ਨਹੀਂ ਤੇ ਕਿਸੇ ਨਾ ਕਿਸੇ ਦੀ ਇਹ ਜਾਨ ਲੈ ਜਾਂਦੇ ਹਨ। ਪ੍ਰੇਤਾਂ ਸਬੰਧੀ ਇੱਕ ਧਾਰਨਾ ਬਣਾਈ ਹੋਈ ਹੈ ਕਿ ਜਿੰਨਾ ਦੀ ਗਤੀ ਨਹੀਂ ਹੁੰਦੀ ਉਹ ਰੂਹਾਂ ਤੁਰੀਆਂ ਫਿਰਦੀਆਂ ਰਹਿੰਦੀਆਂ ਹਨ ਤੇ ਕਈ ਵਾਰੀ ਆਪਣੇ ਘਰਾਂ ਦੇ ਦੁਆਲੇ ਹੀ ਚੱਕਰ ਕੱਢਦੀਆਂ ਫਿਰਦੀਆਂ ਰਹਿੰਦੀਆਂ ਹਨ। ਆਮ ਸਿੱਖ ਦੀ ਮਾਨਸਕਤਾ ਵੀ ਭੂਤਾਂ-ਪ੍ਰੇਤਾਂ ਦੀ ਗਤੀ ਕਰਾਉਣ ਦੇ ਚੱਕਰ ਵਿੱਚ ਸਿਆਣਿਆਂ ਦੇ ਪਿੱਛੇ ਤੁਰੀ ਫਿਰਦੀ ਦਿਸਦੀ ਹੈ। ਮਹਾਨ ਕੋਸ਼ ਵਿੱਚ ਪ੍ਰੇਤ ਦੇ ਅਰਥ ਹਨ ਮਰਿਆ ਹੋਇਆ ਸਰੀਰ ਹੈ।

ਸਮਾਜ ਵਿੱਚ ਅਜੇਹੇ ਲੋਕਾਂ ਦਾ ਕੋਈ ਅੰਤ ਨਹੀਂ ਜਿਹੜੇ ਜਬਰੀ ਕਬਜ਼ੇ ਲੈਂਦੇ ਹਨ ਜਾਂ ਜਬਰੀ ਕਬਜ਼ਿਆਂ ਦੀਆਂ ਸਕੀਮਾਂ ਬਣਾਉਂਦੇ ਰਹਿੰਦੇ ਹਨ। ਕਈ ਘਰ ਤੇ ਘਰ ਬਣਾਉਣ ਦੀ ਹਮੇਸ਼ਾਂ ਚਿੰਤਾ ਵਿੱਚ ਲੱਗੇ ਰਹਿੰਦੇ ਹਨ। ਦੂਸਰਾ ਘਰ ਦੇ ਮੋਹ ਤੋਂ ਉੱਪਰ ਨਹੀਂ ਉੱਠ ਸਕੇ। ਜਿੰਨੀ ਘਰ ਬਣਾਉਣ ਲਈ ਹੇਰਾ-ਫੇਰੀ ਮਾਰੀ ਤੇ ਆਤਮਾ ਨੂੰ ਮਾਰ ਕੇ ਲੋਕਾਂ ਪਾਸੋਂ ਰਕਮਾਂ ਬਟੋਰੀਆਂ ਅਜੇਹੀ ਚਿੰਤਾ ਵਿੱਚ ਰਹਿਣ ਵਾਲਾ ਮਰਿਆ ਹੋਇਆ ਮਨੁੱਖ ਭਾਵ ਪ੍ਰੇਤ ਹੀ ਹੋ ਸਕਦਾ ਹੈ।

ਘਰ ਦੇ ਮੋਹ ਵਿੱਚ ਫਸਿਆ ਹੋਇਆ ਮਨੁੱਖ ਲੋਕ ਭਲਾਈ ਦੇ ਕੰਮਾਂ ਵਲੋਂ ਮੂੰਹ ਮੋੜ ਲੈਂਦਾ ਹੈ। ਅਜੇਹਾ ਆਦਮੀ ਪ੍ਰੇਤ ਦੀ ਜੂਨ ਵਾਲਾ ਹੈ। ਮੰਨ ਲਓ ਬਾਹਰ ਪ੍ਰਦੇਸ ਰਹਿੰਦੇ ਕਿਸੇ ਵੀਰ ਨੇ ਬੜੀ ਮਿਹਨਤ ਨਾਲ ਆਪਣੇ ਪਿੰਡ ਵਿੱਚ ਕੁੱਝ ਜ਼ਮੀਨ ਖ਼ਰੀਦੀ ਤੇ ਮਹਿੰਗੇ ਭਾਅ ਵਿੱਚ ਘਰ ਬਣਾਇਆ, ਕਿ ਚਲੋ ਕਿਤੇ ਆਇਆ ਕਰਾਂਗੇ ਤੇ ਦੋ ਚਾਰ ਦਿਨ ਆਰਮ ਨਾਲ ਰਹਿ ਜਾਇਆ ਕਰਾਂਗੇ। ਸਾਂਭ-ਸੰਭਾਲ਼ ਲਈ ਸਕੇ ਭਰਾ ਨੂੰ ਚਾਬੀ ਦਿੱਤੀ ਪਰ ਸਕਾ ਭਰਾ ਹੀ ਕਬਜ਼ਾ ਕਰਕੇ ਬੈਠ ਗਿਆ, ਕੀ ਅਜੇਹਿਆਂ ਬੰਦਿਆਂ ਨੂੰ ਆਤਮਕ ਤਲ਼ `ਤੇ ਜਿਉਂਦਿਆਂ ਕਿਹਾ ਜਾ ਸਕਦਾ ਹੈ? ਕੀ ਇਹ ਪ੍ਰੇਤ ਵਾਲੀ ਜੂਨ ਨਈਂ ਏਂ? ਜੋ ਸਕੇ ਭਰਾ ਦੀ ਜਾਇਦਾਤ `ਤੇ ਕਬਜ਼ਾ ਕਰਕੇ ਬੈਠ ਗਿਆ --

ਅਖ਼ੀਰਲੀ ਤੁਕ ਵਿੱਚ ਭਗਤ ਤ੍ਰਿਲੋਚਨ ਜੀ ਨੇ ਪਰਮਾਤਮਾ ਦੇ ਚਿੰਤਨ ਦੀ ਗੱਲ ਕੀਤੀ ਹੈ ਜਿਸ ਨੂੰ ਹਿਰਦੇ ਵਿੱਚ ਵਸਾਉਣਾ ਹੈ ਤਾਂ ਕਿ ਇਸ ਜੀਵਨ ਵਿੱਚ ਹੀ ਵਿਕਾਰਾਂ ਵਲੋਂ ਮੁਕਤ ਹੋ ਸਕੀਏ। -----

ਅੰਤਿ ਕਾਲਿ ਨਾਰਾਇਣੁ ਸਿਮਰੈ, ਐਸੀ ਚਿੰਤਾ ਮਹਿ ਜੇ ਮਰੈ॥

ਬਦਤਿ ਤਿਲੋਚਨੁ, ਤੇ ਨਰ ਮੁਕਤਾ, --॥

ਸਾਰੀ ਗੁਰਬਾਣੀ ਵਿੱਚ ਪਰਮਾਤਮਾ ਦੇ ਸਿਮਰਨ ਦੀ ਭਾਵ ਰੱਬੀ ਸ਼ੁਭ ਗੁਣਾਂ ਦੀ ਗੱਲ ਕੀਤੀ ਹੈ ਤੇ ਜਿਸ ਦਾ ਭਾਵ ਅਰਥ ਹੈ ਪਰਮਾਤਮਾ ਦੀ ਬਣਾਈ ਹੋਈ ਨਿਯਮਾਵਲੀ ਵਿੱਚ ਹਰ ਵੇਲੇ ਵਿਚਰਨ ਦਾ ਯਤਨ ਕਰਦੇ ਰਹਿਣਾ ਤੇ ਰੱਬੀ ਗੁਣਾਂ ਨੂੰ ਹਿਰਦੇ ਵਿੱਚ ਵਸਾ ਕੇ ਉਸ ਅਨੁਸਾਰ ਆਪਣਾ ਜੀਵਨ ਬਤੀਤ ਕਰਨਾ।

ਗੁਰਬਾਣੀ ਦਾ ਸਿਧਾਂਤ ਸਦੀਵ ਕਾਲੀ ਸਤ, ਭਾਵ ਯੁਨੀਵਰਸਲ-ਟਰੁਥ ਹੈ। ਬਿਨਾ ਭਿੰਨ ਭਾਵ ਦੇ ਮੁਲਕਾਂ ਦੀਆਂ ਵਲ਼ਗਣਾਂ ਨੂੰ ਤੋੜਦਾ ਹੋਇਆ ਮਨੁੱਖੀ ਭਾਈ ਚਾਰੇ ਨੂੰ ਇੱਕ ਸਾਂਝ ਵਿੱਚ ਪਰਾਉਂਦਾ ਹੈ। ਚਲੋ ਮੰਨ ਲਓ ਇੱਕ ਤੰਦਰੁਸਤ ਆਦਮੀ ਹੋਸ਼ ਰੱਖਦੇ ਹੋਏ ਨੂੰ ਇਹ ਪਤਾ ਲੱਗ ਜਾਏ ਕਿ ਮੈਂ ਹੁਣ ਮਰਣ ਲੱਗਾ ਹੈ, ਉਹ ਆਪਣੇ ਖ਼ਿਆਲ ਵਿੱਚ ਰੱਬ ਜੀ ਦਾ ਨਾਮ ਲੈ ਆਉਂਦਾ ਹੈ ਤੇ ਉਹ ਮੁਕਤ ਹੋ ਜਾਏਗਾ ਭਾਵ ਜੂਨਾਂ ਵਿੱਚ ਨਹੀਂ ਪਏਗਾ। ਪਰ ਕਈ ਅਜੇਹੇ ਲੋਕ ਵੀ ਹਨ ਜਿਹੜੇ ਕਈ ਕਈ ਸਾਲਾਂ ਤੋਂ ਕੋਮੇ ਵਿੱਚ ਪਏ ਹੋਏ ਹਨ ਤੇ ਫਿਰ ਉਹਨਾਂ ਲੋਕਾਂ ਦਾ ਕੀ ਹਾਲ ਹੋਏਗਾ, ਉਹ ਫਿਰ ਕਿਹੜੀ ਜੂਨ ਵਿੱਚ ਜਾਣਗੇ? ਕਿਸੇ ਪਾਸ ਕਿਹੜਾ ਮੀਟਰ ਹੈ ਜਿਸ ਦੁਆਰਾ ਇਹ ਪਤਾ ਲੱਗ ਸਕੇ ਕਿ ਇਹ ਹੁਣ ਫਲਾਣੀ ਜੂਨ ਵਿੱਚ ਗਿਆ ਹੈ।

ਕਿਸੇ ਪਾਸ ਇਹ ਵੀ ਪੱਕਾ ਸਬੂਤ ਨਹੀਂ ਹੈ ਕਿ ਦੁਨੀਆਂ ਦੀ ਅਬਾਦੀ ਲੱਗ-ਪਗ ਛੇ ਅਰਬ ਦੇ ਕਰੀਬ ਕਿਹੜੀਆਂ ਜੂਨਾਂ ਵਿਚੋਂ ਹੋ ਕੇ ਆਈ ਹੈ—ਦੂਸਰਾ ਮਨੁੱਖ ਤੋਂ ਥੱਲੇ ਵਾਲੀਆਂ ਜੂਨਾਂ ਨੇ ਕਿਹੜਾ ਕਿਹੜਾ ਧਰਮ-ਕਰਮ ਕੀਤਾ ਹੈ ਜਿਸ ਨਾਲ ਉਹਨਾਂ ਨੂੰ ਮਨੁੱਖਾ ਜੀਵਨ ਮਿਲ ਗਿਆ। ਕਦੀ ਭੇਡਾਂ. ਬਕਰੀਆਂ ਜਾਂ ਪੰਛੀਆਂ ਨੂੰ ਨਾ ਤਾਂ ਕਿਸੇ ਸਕੂਲੇ ਜਾਂਦਿਆਂ ਦੇਖਿਆ ਹੈ ਤੇ ਨਾ ਹੀ ਕਿਸੇ ਧਾਰਮਕ ਅਸਥਾਨ ਦੀ ਹਾਜ਼ਰੀ ਭਰਦਿਆਂ ਦੇਖਿਆ ਹੈ। ਕਈਆਂ ਮੁਲਕਾਂ ਵਿੱਚ ਤਾਂ ਮਨੁੱਖੀ ਜ਼ਿੰਦਗੀ ਬਦਤਰ ਹੈ ਜਦੋਂ ਕਿ ਜਨਵਰਾਂ ਪਸ਼ੂਆਂ, ਪੰਛੀਆਂ ਦੀ ਜ਼ਿੰਦਗੀ ਮਨੁੱਖ ਨਾਲੋਂ ਕਈ ਦਰਜੇ ਜ਼ਿਆਦਾ ਚੰਗੀ ਹੈ।

ਭਗਤ ਤ੍ਰਿਲੋਚਨ ਜੀ ਨੇ “ਤੇ ਨਰ ਮੁਕਤਾ” ਹੋਣ ਦੀ ਗੱਲ ਕਹੀ ਹੈ। ਇਸ ਦਾ ਭਾਵ ਅਰਥ ਹੈ ਕਿ ਮਨੁੱਖ ਅਜ਼ਾਦ ਨਹੀਂ ਹੈ ਇਹ ਕਈ ਪਰਕਾਰ ਦੇ ਮਾਨਸਕ ਬੰਧਨਾ ਵਿੱਚ ਬੱਝਾ ਹੋਇਆ ਹੈ। ਸਾਰੇ ਸ਼ਬਦ ਦਾ ਸਾਰ-ਅੰਸ਼ ਵਿਕਾਰਾਂ ਵਲੋਂ ਮੁਕਤ ਹੋ ਕੇ ਆਤਮਕ ਅਨੰਦ ਵਿੱਚ ਵਿਚਰਨਾ ਹੈ। ਉਂਝ ਤਾਂ ਸਾਰੇ ਸੰਸਾਰ ਨੇ ਵਿਕਾਰਾਂ ਵਾਲੀ ਜ਼ਿੰਦਗੀ ਤੋਂ ਮੁਕਤੀ ਹਾਸਲ ਕਰਨੀ ਹੈ ਤੇ ਸ਼ੁਭ-ਗੁਣਾਂ ਦੀ ਅਜ਼ਾਦੀ ਦਾ ਸਦਾ ਨਿੱਘ ਮਾਨਣਾ ਹੈ। ਮੁਕਤੀ ਦਾ ਹੱਲ “ਪੀਤੰਬਰੁ ਵਾ ਕੇ ਰਿਦੈ ਬਸੈ” ਪਰਮਾਤਮਾ ਦਾ ਹਿਰਦੇ ਵਿੱਚ ਵੱਸਣਾ ਰੱਖਿਆ ਹੈ। ਇੱਕ ਸਕੂਲ ਵਿੱਚ ਪੜ੍ਹ ਰਹੇ ਬੱਚੇ ਦੇ ਮਨ ਵਿੱਚ ਪਰਮਾਤਮਾ ਕਿਵੇਂ ਵੱਸੇ? ਇਸ ਦਾ ਉੱਤਰ ਹੈ ਕਿ ਬੱਚਾ ਆਪਣੇ ਸਕੂਲ ਦੇ ਕੰਮ ਨੂੰ ਧਿਆਨ ਨਾਲ ਕਰਨ ਦਾ ਯਤਨ ਕਰੇ ਭਾਵ ਆਪਣੇ ਫ਼ਰਜ਼ ਦੀ ਪਹਿਛਾਣ ਕਰੇਗਾ ਤਾਂ ਹੀ ਬੱਚਾ ਅਗਲੀ ਜਮਾਤ ਦੇ ਦਰਸ਼ਨ ਕਰ ਸਕਦਾ ਹੈ ਤੇ ਪਿੱਛਲੀ ਜਮਾਤ ਤੋਂ ਉਸ ਨੂੰ ਮੁਕਤੀ ਹਾਸਲ ਹੋ ਸਕਦੀ ਹੈ।

ਜੇ ‘ਕਰਤਾ ਪੁਰਖ’ ਦੀ ਉਸਾਰੀ ਵਾਲਾ ਗੁਣ ਹੀ ਅਸੀਂ ਆਪਣੇ ਹਿਰਦੇ ਵਿੱਚ ਵਸਾ ਲਈਏ ਤਾਂ ਵੀ ਅਸੀਂ ਮਨੁੱਖੀ ਵਿਕਾਸ ਵਲ ਨੂੰ ਵੱਧ ਸਕਦੇ ਹਾਂ। ਇਸ ਸ਼ਬਦ ਵਿੱਚ ਮੁਕਤੀ ਕੇਵਲ ਮਰਣ ਤਕ ਸੀਮਤ ਨਹੀਂ ਹੈ ਇਸ ਦਾ ਖੇਤਰ ਵਿਸ਼ਾਲ ਹੈ ਤੇ ਇਹ ਨਿਯਮ ਹਰ ਇਨਸਾਨ `ਤੇ ਲਾਗੂ ਹੁੰਦਾ ਹੈ--- “ਰਾਜੁ ਨ ਚਾਹਉ ਮੁਕਤਿ ਨ ਚਾਹਉ ਮਨਿ ਪ੍ਰੀਤਿ ਚਰਨ ਕਮਲਾਰੇ”॥ ਇੱਕ ਡ੍ਰਾਇਵਰ ਲੁਧਿਆਣੇ ਤੋਂ ਦਿੱਲੀ ਲਈ ਬੱਸ ਲੈ ਕੇ ਜਾ ਰਿਹਾ ਹੈ ਪਰ ਉਹ ਮੁਕਤ ਤਦ ਹੀ ਹੋਏਗਾ ਜਦੋਂ ਦਿੱਲੀ ਦੇ ਬੱਸ ਅੱਡੇ `ਤੇ ਬਿਨਾ ਦੁਰਘਟਨਾ ਦੇ ਬੱਸ ਨੂੰ ਲਗਾ ਦੇਵੇਗਾ। “ਅੰਤਿ ਕਾਲਿ” ਉਸ ਘੜੀ ਦਾ ਨਾਂ ਹੈ ਜਦੋਂ ਸਿਧਾਂਤ ਤੋਂ ਇਨਸਾਨ ਥਿੜਕਦਾ ਹੈ, ਜੇ ਇਨਸਾਨ ਪਰਖ ਦੀ ਘੜੀ ਦੇ ਸਮੇਂ ਸਿਧਾਂਤ ਤੋਂ ਥਿੜਕਣ ਤੋਂ ਬਚ ਗਿਆ— “ਸਚੁ ਸੁਣਾਇਸੀ ਸਚ ਕੀ ਬੇਲਾ”॥ ਤਾਂ ਉਹ ਆਤਮਕ ਮੌਤ ਨਹੀਂ ਮਰੇਗਾ ਸਗੋਂ ਔਗੁਣਾਂ ਵਾਲੇ ਬੰਧਨਾਂ ਤੋਂ ਮੁਕਤ ਹੋ ਜਾਏਗਾ।

ਜਦੋਂ ਵੀ ਮਨੁੱਖ ਕੁਰਪਸ਼ਨ, ਭਾਈ ਭਤੀਜਾ-ਵਾਦ ਦੀ ਦਲ਼ਦਲ਼, ਕਾਮਕ-ਬਿਰਤੀ ਦੀ ਪੂਰਤੀ ਲਈ ਹਿੰਸਕ ਹੋ ਜਾਣਾ, ਪੁੱਤਰਾਂ ਦੀ ਪ੍ਰਾਪਤੀ ਲਈ ਨੂੰਹ ਨੂੰ ਸਤਾ ਦੇਣਾ, ਦਾਜ ਦੀ ਖਾਤਰ ਨੂੰਹ ਨੂੰ ਸਾੜ ਦੇਣਾ, ਜ਼ਮੀਨ-ਘਰ ਦੀ ਖ਼ਾਤਰ ਸਕੇ ਭਰਾਵਾਂ ਦਾ ਕਤਲ ਕਰ ਦੇਣਾ, ਪਰਦੇਸ ਗਏ ਭਰਾ ਦਾ ਘਰ ਦੱਬ ਲੈਣਾ, ਜਨੀ ਕੇ ਮਨੁੱਖਤਾ ਦੇ ਕਿਰਦਾਰ ਤੋਂ ਗਿਰਿਆ ਹੋਇਆ ਹਰ ਉਹ ਕਰਮ ਜੋ ਆਤਮਕ ਗਿਰਾਵਟ ਵਿੱਚ ਸਾਨੂੰ ਲਿਜਾਂਦਾ ਹੈ ਓਦੋਂ ਨਿਰੰਕਾਰ ਜੀ ਯਾਦ ਆ ਜਾਏ ਭਾਵ ਉਸ ਦੇ ਸ਼ੁਭ ਗੁਣਾਂ ਨੂੰ ਅਪਨਾਇਆ ਜਾਏ ਤੇ ਰੱਬ ਜੀ ਦੀ ਕੁਦਰਤੀ ਨਿਯਮਾਵਲੀ ਤੋਂ ਬਾਹਰ ਨਾ ਜਾਇਆ ਜਾਏ ਤਾਂ ਦੁਨੀਆਂ ਵਿੱਚ ਸੁਹਾਵਣਾ ਬਾਗ਼ ਉਗਾਇਆ ਜਾ ਸਕਦਾ ਹੈ।

1. ਰਹਾਉ ਦੀਆਂ ਤੁਕਾਂ ਅਨੁਸਾਰ ਏਸੇ ਜੀਵਨ ਵਿੱਚ ਪਰਮਾਤਮਾ ਨੂੰ ਕਦੇ ਵੀ ਨਹੀਂ ਵਿਸਾਰਨਾ ਭਾਵ ਰੱਬੀ ਗੁਣਾਂ ਨਾਲ ਹਰ ਵੇਲੇ ਸਾਂਝ ਬਣਾਈ ਰੱਖਣੀ ਹੈ।

2. ਧਰਮ ਵਰਗੀ ਕਿਰਤ ਨੂੰ ਛੱਡ ਕੇ ਜਿਹੜਾ ਵੀ ਗ਼ਲਤ ਤਰੀਕਿਆਂ ਨਾਲ ਮਾਇਆ ਨਾਲ ਸਾਂਝ ਪਾਉਂਦਾ ਹੈ, ਕਿਸੇ ਦਾ ਹੱਕ ਖਾਣ ਦੀ ਤਾਕ ਵਿੱਚ ਰਹਿੰਦਾ ਹੈ ਅਸਲ ਵਿੱਚ ਦੇਖਣ ਨੂੰ ਤਾਂ ਉਹ ਮਨੁੱਖ ਲੱਗਦਾ ਹੈ ਪਰ ਉਹ ਜ਼ਹਿਰੀ ਸੱਪ ਵਰਗੇ ਸੁਭਾਅ ਵਿੱਚ ਜੀਉ ਰਿਹਾ।

3. ਗ੍ਰਹਿਸਤ ਦੀ ਮਹਾਨਤਾ ਨੂੰ ਤਿਆਗ ਕੇ ਕਾਮ-ਵਾਸ਼ਨਾ ਦੀ ਪੂਰਤੀ ਲਈ ਬਾਹਰ ਝੱਖਾਂ ਮਾਰਨ ਵਾਲਾ ਅਸਲ ਵੇਸਵਾ ਦੇ ਤਲ਼ `ਤੇ ਜੀਉ ਰਿਹਾ ਹੈ।

4. ਕੇਵਲ ਪੁੱਤਰਾਂ ਦੀ ਲਾਲਸਾ ਵਿੱਚ ਝੁਲ਼ਸਿਆ ਪਿਆ ਸੂਰ ਦੇ ਜੀਵਨ ਦੀ ਅਗਵਾਈ ਕਰ ਰਿਹਾ ਹੈ।

5. ਜ਼ਮੀਨਾਂ-ਘਰਾਂ ਦੇ ਕਬਜ਼ਿਆਂ ਵਿੱਚ ਘਿਰਿਆ ਹੋਇਆ ਮਨੁੱਖ ਅਸਲ ਵਿੱਚ ਆਤਮਕ ਤੌਰ `ਤੇ ਮਰਿਆ ਪਿਆ ਹੈ ਜਿਸ ਨੂੰ ਪ੍ਰੇਤ ਦੇਵਤਾ ਵੀ ਕਿਹਾ ਜਾ ਸਕਦਾ ਹੈ।

6. ਸੰਸਾਰ ਵਿਚੋਂ ਮਿਸਾਲਾਂ ਮਿਲ਼ ਜਾਂਦੀਆਂ ਹਨ ਕਿ ਜਿਸ ਨੇ ਵੀ ਪੁਰਾਣਾ ਸੁਭਾਅ ਛੱਡ ਕੇ ਗੁਰੂ ਦੀ ਮਤ ਲੈ ਕੇ ਨਵੀਂ ਸਵੇਰ ਵਾਂਗ ਰੱਬੀ ਹੁਕਮ ਵਿੱਚ ਜ਼ਿੰਦਗੀ ਜਿਉਣ ਦਾ ਯਤਨ ਕੀਤਾ ਹੈ ਉਹ ਅਸਲ ਵਿੱਚ ਸੰਸਾਰ ਵਿਚੋਂ ਮੁਕਤ ਹੈ।

ਮਰਣ ਤੋਂ ਬਾਅਦ ਦੀ ਆਸ ਰੱਖਣ ਦੀ ਥਾਂ `ਤੇ ਜੇ ਅਸੀਂ ਵਰਤਮਾਨ ਜੀਵਨ ਵਿੱਚ ਇਸ ਸ਼ਬਦ ਦਾ ਉਪਦੇਸ਼ ਲੈ ਕੇ ਜਿਉਣ ਦਾ ਯਤਨ ਕਰਾਂਗੇ ਤਾਂ ਅਵੱਸ਼ ਵਿਕਾਰਾਂ ਵਲੋਂ ਸਾਨੂੰ ਮੁਕਤੀ ਮਿਲ ਸਕਦੀ ਹੈ। ----

ਜੀਵਨ ਮੁਕਤਿ ਸੋ ਆਖੀਐ ਮਰਿ ਜੀਵੈ ਮਰੀਆ

ਪੰਨਾ ੪੪੯

ਗੁਰ ਪਰਸਾਦੀ ਹਉਮੈ ਛੁਟੈ ਜੀਵਨ ਮੁਕਤੁ ਸੋ ਹੋਇ॥ ਪੰਨਾ 948

ਗੁਰਮਤ ਦਾ ਇਹ ਸਿਰਮੋਰ ਨਜ਼ਰੀਆ ਹੈ ਕਿ ਜਿਨ੍ਹਾਂ ਨੇ ਕਦੇ ਸ਼ਬਦ ਦੀ ਵਿਚਾਰ, ਕੁਦਰਤੀ ਜ਼ਿੰਦਗੀ ਦੇ ਕੁਦਰਤੀ ਨਿਯਮਾਂ ਨੂੰ ਸਮਝਿਆ ਹੀ ਨਹੀਂ ਹੈ, ਉਹ ਮਨੁੱਖੀ ਤਲ਼ `ਤੇ ਹੁੰਦੇ ਹੋਏ ਵੀ ਪਸ਼ੂਆਂ ਵਰਗੀ ਬਿਰਤੀ ਦੇ ਮਾਲਕ ਹਨ, ਪਰ ਜਿੰਨ੍ਹਾਂ ਨੇ ਗੁਰੂ ਦੀ ਮਤ ਨੂੰ ਸਮਝ ਲਿਆ ਹੈ ਉਹ ਸੋਹਣੇ ਜੀਵਨ ਵਾਲੇ ਬਣ ਗਏ ਹਨ —

ਜਿਨਾ ਸਤਿਗੁਰੁ ਪੁਰਖੁ ਨ ਸੇਵਿਓ ਸਬਦਿ ਨ ਕੀਤੋ ਵੀਚਾਰੁ॥

ਓਇ ਮਾਣਸ ਜੂਨਿ ਨ ਆਖੀਅਨਿ ਪਸੂ ਢੋਰ ਗਾਵਾਰ॥

ਓਨਾ ਅੰਤਰਿ ਗਿਆਨੁ ਨ ਧਿਆਨੁ ਹੈ ਹਰਿ ਸਿਉ ਪ੍ਰੀਤਿ ਨ ਪਿਆਰੁ॥

ਮਨਮੁਖ ਮੁਏ ਵਿਕਾਰ ਮਹਿ ਮਰਿ ਜੰਮਹਿ ਵਾਰੋ ਵਾਰ॥

ਜੀਵਦਿਆ ਨੋ ਮਿਲੈ ਸੁ ਜੀਵਦੇ ਹਰਿ ਜਗਜੀਵਨ ਉਰ ਧਾਰਿ॥

ਨਾਨਕ ਗੁਰਮੁਖਿ ਸੋਹਣੇ ਤਿਤੁ ਸਚੈ ਦਰਬਾਰਿ

ਪੰਨਾ ੧੪੧੮




.