.

ੴ ਵਾਹਿਗੁਰੂ ਜੀ ਕੀ ਫ਼ਤਹਿ॥

ਜਦੋਂ ਖੋਤੀ ਨੂੰ ਰਾਣੀ ਬਣਾਇਆ

ਵੱਡੇ ਮਹਾਂਪੁਰਸ਼ਾਂ ਨੇ ਸੁਣਾਈ ਸੀ…………

-ਇਕਵਾਕ ਸਿੰਘ ਪੱਟੀ

ਅੱਜ ਪ੍ਰਮਾਣਿਕ ਸਿੱਖ ਇਤਿਹਾਸ, ਜਿਸ ਤੋਂ ਸਹੀ ਸੇਧ ਲੈ ਕੇ ਸਾਡੇ ਨੌਜਵਾਨ ਵਰਗ ਨੇ ਸਹੀ ਸਿੱਖਿਆ ਪ੍ਰਾਪਤ ਕਰਨੀ ਸੀ ਅਤੇ ਗੁਰਬਾਣੀ ਅਨੁਸਾਰ ਜੀਵਣ ਜੀਊਣਾ ਸੀ, ਉਸਨੂੰ ਬਿਪਰਵਾਦੀ ਸ਼ਕਤੀਆਂ, ਪੰਥ ਵਿਰੋਧੀਆਂ, ਸਾਕਤਮਤੀਆਂ, ਨਿਰਮਲਿਆਂ (ਗੁਰਦੁਆਰਾ ਪ੍ਰਬੰਧ ਦੌਰਾਨ) ਨੇ ਇਤਨਾ ਕੁ ਮਿਲਗੋਭਾ ਕਰ ਛੱਡਿਐ ਕਿ ਨੌਜਵਾਨ ਵਰਗ ਨੂੰ ਉਹ ਕੱਚੀਆਂ ਪਿੱਲੀਆਂ ਸਾਖੀਆਂ ਨੂੰ ਗੁਰਮਤਿ ਅਨੁਸਾਰ ਸਮਝਣ ਵਿੱਚ ਵੱਡੀ ਮੁਸ਼ਕਿਲ ਆ ਰਹੀ ਹੈ। ਲੋੜ ਤਾਂ ਸੀ ਕਿ ਗਿਆਨੀ ਦਿੱਤ ਸਿੰਘ ਜੀ, ਪ੍ਰੋ. ਗੁਰਮੁੱਖ ਸਿੰਘ ਜੀ ਵਾਂਗ ਅਜੋਕੇ ਪ੍ਰਚਾਰਕ, ਕਥਾ ਵਾਚਕ, ਰਾਗੀ, ਢਾਡੀ, ਗ੍ਰੰਥੀ, ਪਾਠੀ ਅਤੇ ਕੀਰਤਨੀ ਸਿੱੰਘ ਮਿਥਿਹਾਸ ਨੂੰ ਇਤਿਹਾਸ ਨਾਲੋਂ ਵੱਖ ਕਰਕੇ ਗੁਰਬਾਣੀ ਦੀ ਰੋਸ਼ਨੀ ਵਿੱਚ ਸਹੀ ਵੀਚਾਰਧਾਰਾ ਦਾ ਪ੍ਰਚਾਰ ਆਮ ਸੰਗਤ ਵਿੱਚ ਕਰਦੇ ਤਾਂ ਕਿ ਸਿੱਖ ਸੰਗਤ ਦੇ ਨਾਲ-ਨਾਲ ਉਹ ਲੋਕ ਵੀ ਜਿਹੜੇ ਇਸ ਧਰਮ ਨਾਲ ਸਬੰਧ ਨਹੀਂ ਰੱਖਦੇ (ਪਰ ਗੁਰੂ ਦੀ ਸੰਗਤ ਵਿੱਚ ਸ਼ਰਧਾ ਵੱਸ ਮੱਥਾ ਟੇਕਣ ਲਈ ਆਏ ਹੁੰਦੇ ਹਨ।) ਉਹ ਵੀ ਇਥੋਂ ਗੁਰੂ ਨਾਨਕ ਸਾਹਿਬ ਜੀ ਦੀ ਨਿਰਮਲ, ਪਵਿੱਤਰ ਵੀਚਾਰਧਾਰਾ ਦੇ ਧਾਰਨੀ ਹੋ ਕੇ ਸਿੱਖ ਬਣ ਜਾਂਦੇ।

ਪਰ ਅਫਸੋਸ ਦੂਜਿਆਂ ਨੂੰ ਅਸੀਂ ਸਹੀ ਸੇਧ ਕੀ ਦੇਣੀ ਸੀ ਅਸੀਂ ਤਾਂ ਅੱਗੇ ਬੈਠੀ ਸਿੱਖ ਸੰਗਤ ਨੂੰ ਵੀ ਸਹੀ ਵੀਚਾਰਧਾਰਾ ਦੇਣ ਦੀ ਥਾਂ ਬ੍ਰਾਹਮਣਵਾਦੀ ਸਾਖੀਆਂ, ਗੁਰਮਤਿ ਤੋਂ ਉਲਟ ਮਿਥਿਹਾਸ ਸੁਣਾ ਕੇ ਗੁੰਮਰਾਹ ਕਰ ਰਹੇ ਹਾਂ ਅਤੇ ਸਿੱਖੀ ਨੂੰ ਇੱਕ ਕਰਮਕਾਂਢੀ ਜਿਹਾ ਬਣਾ ਕੇ ਪੇਸ਼ ਕਰ ਰਹੇ ਹਾਂ। ਜਿਸਦਾ ਸਿੱਧਾ ਅਸਰ ਨੌਜਵਾਨ ਵਰਗ ਤੇ ਪੈ ਰਿਹਾ ਹੈ ਕਿਉਂਕਿ ਦਿਸ਼ਾਹੀਣ, ਤਰਕਹੀਣ ਸਾਖੀਆਂ ਇਹਨਾਂ ਦਾ ਮਾਰਗ ਦਰਸ਼ਨ ਨਹੀਂ ਕਰ ਸਕਦੀਆਂ। ਪਰ ਸਾਡੀ ਰਾਗੀਆਂ, ਪ੍ਰਚਾਰਕਾਂ ਦੀ ਵੱਡੀ ਗਿਣਤੀ ਉਹ ਹੈ ਜੋ ਆਪ ਵੀ ਗੁਰਬਾਣੀ ਤੋਂ ਅਣਜਾਣ ਹੈ ਜਾਂ ਫਿਰ ਜਾਣਬੁੱਝ ਕੇ ਅਣਜਾਣ ਬਣ ਜਾਂਦੀ ਹੈ। ਅੱਜ ਦੀ ਪ੍ਰਚਾਰਕ ਸ਼੍ਰੇਣੀ ਸੰਗਤ ਨੂੰ ਉਹ ਗੱਲਾਂ ਸੁਨਾਉਣ ਨੂੰ ਪਹਿਲ ਦਿੰਦੀ ਹੈ, ਜੋ ਸੰਗਤ ਨੂੰ ਪਸੰਦ ਹਨ ਪਰ ਗੁਰੂ ਨਾਨਕ ਸਾਹਿਬ ਜੀ ਵੀਚਾਰਧਾਰਾ ਦੇ ਉੱਲਟ। ਪਰ ਸੰਗਤ ਨੂੰ ਕੱਚੀ ਜਿਹੀ ਮਨਘੜਤ ਸਾਖੀ ਸੁਣਾ ਕੇ ਬੋਲੋ ਜੀ ਸਤਿਨਾਮੁ ਸ੍ਰੀ ਵਾਹਿਗੁਰੂ ਕਹਾ ਕੇ, ਸੰਗਤ ਦੀਆਂ ਜੇਬਾਂ ਵਿੱਚੋਂ ਮਾਇਆ ਕਢਵਾਉਣ ਅਤੇ ਆਪਣੇ ਜੱਥੇ ਦੀ ਵਾਹ-ਵਾਹ ਕਰਵਾਉਣ ਲਈ ਪੂਰੇ ਟਰੇਂਡ ਹੋ ਚੁੱਕੇ ਹਨ। ਇਹਨਾਂ ਵਿੱਚ ਬਹੁਤੇ ਕਿਸੇ ਨਾ ਕਿਸੇ ਸੰਸਥਾ ਜਾਂ ਡੇਰਿਆਂ ਨਾਲ ਜੁੜੇ ਹੋਏ ਜਿਆਦਾ ਇਹ ਕੰਮ ਕਰਦੇ ਹਨ। ਫਿਰ ਦੂਜੀ ਵੱਡੀ ਗੱਲ ਇਹਨਾਂ ਨੇ ਕਦੇ ਇਹ ਨਹੀਂ ਕਹਿਣਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਵਣ ਬਾਣੀ ਇਹ ਉਪਦੇਸ਼ ਦਿੰਦੀ ਹੈ, ਸਗੋਂ ਇਸਦੇ ਉੱਲਟ ਆਪਣੇ ਡੇਰਾ ਮੁੱਖੀ ਦਾ ਨਾਮ ਸੰਗਤ ਵਿੱਚ ਲੈਂਦਿਆਂ ਕਹਿਣਗੇ ਕਿ ਸਾਡੇ ਵੱਡੇ ਬਾਬਾ ਜੀ ਦੇ ਬਚਨ ਸਨ, ਜਾਂ ਉਹ ਕਿਹਾ ਕਰਦੇ ਸਨ, ਜਾਂ ਵੱਡੇ ਮਹਾਂਪੁਰਸ਼ਾਂ ਨੇ ਇਹ ਗੱਲ ਕਹੀ ਸੀ। ਸੋ ਇਸ ਬਾਰੇ ਸੁਚੇਤ ਹੋਣ ਦੀ ਸਖ਼ਤ ਲੋੜ ਹੈ। ਅੱਜ ਗੁਰਬਾਣੀ ਨੂੰ ਵਾਪਾਰ ਬਣਨ ਤੋਂ ਰੋਕਣ ਲਈ ਠੋਸ ਉੱਦਮ ਸਿੱਖ ਸੰਗਤ ਨੂੰ ਹੀ ਕਰਨੇ ਪੈਣਗੇ ਕਿਉਂਕਿ ਜਿਸ ਤਰ੍ਹਾਂ ਇਹ ਅਖੌਤੀ ਰਾਗੀ, ਪ੍ਰਚਾਰਕ ਕੌਮ ਨੂੰ ਨਾਮੋਸ਼ੀ ਦਿਵਾ ਰਹੇ ਹਨ, ਉਸਦੀਆਂ ਇੱਕ ਦੋ ਉਦਹਾਰਣਾਂ ਵੀ ਜ਼ਰੂਰ ਦੇਣਾ ਚਾਹਾਂਗਾ। ਬੀਤੇ ਜਨਵਰੀ ਮਹੀਨੇ ਵਿੱਚ ਸਾਡੇ ਇਲਾਕੇ ਵਿੱਚ ਇੱਕ ਵਿਸ਼ੇਸ਼ ਗੁਰਮਤਿ ਸਮਾਗਮ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਵਾਇਆ ਗਿਆ। ਜਿਸ ਵਿੱਚ ਅੰਮ੍ਰਿਤਸਰ ਦੀ ਇੱਕ ਮਹਾਨ ਸੰਸਥਾ ਜੋ ਪਹਿਲਾਂ ਤਾਂ ਟਰੱਸਟ ਹੀ ਸੀ, ਪਰ ਅੱਜ ਕੱਲ ਟਕਸਾਲ ਕਹਾਉਣ, ਲਿਖਵਾਉਣ ਵਿੱਚ ਫਖ਼ਰ ਮਹਿਸੂਸ ਕਰਦੀ ਹੈ ਦਾ ਇੱਕ ਜੱਥਾ ਕੀਰਤਨ ਕਰਨ ਲਈ ਆਇਆ ਜਿਸਨੇ ਦੋ ਕੁ ਸ਼ਬਦ ਸੁਣਾਉਣ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਣ (ਉਸ ਰਾਗੀ ਅਨੁਸਾਰ) ਵਿੱਚੋਂ ਸਾਖੀ ਸੁਨਾਉਣੀ ਸ਼ੁਰੂ ਕਰ ਦਿੱਤੀ।

ਕਹਿੰਦਾ ਗੁਰੂ ਪਾਤਸ਼ਾਹ ਜੀ ਦਾ ਦੀਵਾਨ ਸਮਾਪਤ ਹੋ ਰਿਹਾ ਸੀ ਕਿ ਬਹਾਦਰ ਸ਼ਾਹ ਬਾਦਸ਼ਾਹ ਗੁਰੂ ਜੀ ਦੇ ਦਰਸ਼ਨ ਕਰਨ ਲਈ ਆ ਗਿਆ ਤਾਂ ਗੁਰੂ ਜੀ ਨੇ ਆਪਣਾ ਹੱਥ ਉਸ ਵੱਲ ਚੁੱਕ ਕਿ ਕਿਹਾ ਕਿ “ਅੱਜ ਤੈਨੂੰ ਵੇਖ ਕੇ, ਮੈਨੂੰ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦੀ ਯਾਦ ਆ ਗਈ ਹੈ।” ਉਹ ਬਾਦਸ਼ਾਹ ਗੁਰੂ ਜੀ ਦੇ ਕੋਲ ਬੈਠ ਗਿਆ, ਤੇ ਪੁੱਛ ਕਰਨ ਲੱਗਾ ਕਿ ਐਸੀ ਕਿਹੜੀ ਗੱਲ ਹੈ? ਜਿਸ ਕਰਕੇ ਤੁਹਾਨੂੰ ਮੇਰੇ ਵੱਲ ਵੇਖ ਕੇ ਚੌਥੇ ਪਾਤਸ਼ਾਹ ਜੀ ਦੀ ਯਾਦ ਆ ਗਈ। ਤਾਂ ਕਲਗੀਆਂ ਵਾਲੇ ਫੁਰਮਾਣ ਲੱਗੇ ਕਿ “ਗੁਰੂ ਰਾਮਦਾਸ ਜੀ ਸਰੋਵਰ ਦੀ ਸੇਵਾ ਕਰਵਾ ਰਹੇ ਸਨ ਅਤੇ ਸੇਵਾ ਕਰਨ ਵਾਸਤੇ ਦੋ ਤਰ੍ਹਾਂ ਦੀ ਸੰਗਤ ਆਉਂਦੀ ਸੀ। ਇੱਕ ਉਹ ਜੋ ਨੌਂ ਤੋਂ ਪੰਜ ਸੇਵਾ ਕਰਦੀ ਤੇ ਆਪਣੀ ਦਿਹਾੜੀ ਦੀ ਮੰਗ ਕਰਦੀ ਸੀ ਤੇ ਦੂਜੀ ਉਹ ਸੀ ਜਿਹੜੀ ਸਾਰਾ ਦਿਨ ਨਿਸ਼ਕਾਮ ਸੇਵਾ ਕਰਦੀ ਸੀ ਅਤੇ ਸੇਵਾ ਤੋਂ ਬਾਅਦ ਗੁਰੂ ਕੋਲੋਂ ਮਾਇਆ ਜਾਂ ਦਿਹਾੜੀ ਦੀ ਥਾਂ ਤੇ ਬਖਸ਼ਸ਼ਾਂ ਦੀ ਮੰਗ ਕਰਦੀ ਸੀ। ਉੱਥੇ ਇੱਕ ਘੁਮਿਆਰ ਆਪਣੀ ਖੋਤੀ ਸਮੇਤ ਵੀ ਸੇਵਾ ਕਰਨ ਲਈ ਆਉਂਦਾ ਸੀ, ਜੋ ਪਹਿਲੀ ਸੰਗਤ ਵਿੱਚੋਂ ਸੀ ਭਾਵ ਆਪਣੀ ਦਿਹਾੜੀ, ਮਾਇਆ ਦੀ ਮੰਗ ਕਰਨ ਵਾਲਾ। ਇੱਕ ਦਿਨ ਉਸਨੇ ਸੋਚਿਆ ਕਿ ਕਿਉਂ ਨਾ ਅੱਜ ਮੈਂ ਵੀ ਨਿਸ਼ਕਾਮ ਸੇਵਾ ਕਰਕੇ ਵੇਖਾਂ ਤੇ ਮਾਇਆ ਦੀ ਥਾਂ ਤੇ ਸਤਿਗੁਰਾਂ ਦੀਆਂ ਰਹਿਮਤਾ, ਬਖਸ਼ਸ਼ਾਂ ਲੈ ਕੇ ਦੇਖਾਂ। ਤਾਂ ਉਸਨੇ ਸਾਰਾ ਦਿਨ ਸੇਵਾ ਕੀਤੀ ਭੁੱਖੇ ਪੇਟ ਰਿਹਾ ਆਪਣੀ ਖੋਤੀ ਨੂੰ ਵੀ ਭੁੱਖਿਆਂ ਰੱਖਿਆਂ ਤੇ ਜਦ ਸ਼ਾਮਾਂ ਨੂੰ ਗੁਰੂ ਅੱਗੇ ਪੇਸ਼ ਹੋਇਆ ਤਾਂ ਗੁਰੂ ਜੀ ਉਸ ਘੁਮਿਆਰ ਨੂੰ ਕਹਿਣ ਲੱਗ, ਕਿ “ਤੇਰੀ ਲਾਈਨ ਦੂਜੇ ਪਾਸੇ ਹੈ, ਜਿਧਰ ਮਾਇਆ ਮਿਲਦੀ ਹੈ। ਤੂੰ ਬਖਸ਼ਸ਼ਾਂ ਲੈਣ ਕਿੱਧਰ ਆ ਗਿਆ?” ਤਾਂ ਉਸ ਨੇ ਸਾਰੀ ਵਿਥਿਆ ਦੱਸ ਦਿੱਤੀ ਕੁੱਝ ਸਿੱਖਾਂ ਨੇ ਵੀ ਸਿਫਾਰਸ਼ਾਂ ਪਾਉਂਦਿਆਂ ਕਿਹਾ ਕਿ ਗੁਰੂ ਜੀ ਅੱਜ ਇਹ ਸਾਰਾ ਦਿਨ ਭੁੱਖਾ ਪਿਆਸਾ ਰਹਿ ਕੇ ਸੇਵਾ ਕਰਦਾ ਰਿਹਾ ਹੈ ਤਾਂ ਗੁਰੂ ਜੀ ਨੇ ਵੀ ਬਖਸ਼ਸ਼ ਕਰਦਿਆਂ ਉਸ ਘੁਮਿਆਰ ਨੂੰ ਤਿੰਨ ਵਾਰ ਕਿਹਾ, ਨਿਹਾਲ! ਨਿਹਾਲ! ! ਨਿਹਾਲ! ! ! ਪਰ ਉਸਨੂੰ ਉੱਥੇ ਹੀ ਖੜ੍ਹਾ ਵੇਖ ਕੇ ਗੁਰੂ ਜੀ ਨੇ ਕਿਹਾ ਕਿ ਹੁਣ ਅਗਲਿਆਂ ਦੀ ਵਾਰੀ ਵੀ ਆ ਲੈਣ ਦੇ। ਤਾਂ ਉਹ ਘੁਮਿਆਰ ਕਹਿਣ ਲੱਗਾ ਕਿ ਆਪ ਜੀ ਨੇ ਮੈਨੂੰ ਤਾਂ ਤਿੰਨ ਵਾਰ ਨਿਹਾਲ ਕਹਿ ਦਿੱਤਾ, ਪਰ ਮੇਰੇ ਨਾਲ ਜਿਹੜੀ ਖੋਤੀ ਹੈ ਉਸਨੇ ਵੀ ਬਰਾਬਰ ਸੇਵਾ ਕੀਤੀ ਹੈ ਉਸ ਬਾਰੇ ਵੀ ਕੁੱਝ ਕਹੋ ਤਾਂ ਪਾਤਸ਼ਾਹ ਕਹਿਣ ਲੱਗੇ ਤੇਰੀ ਖੋਤੀ ਵੀ ਨਿਹਾਲ! ਨਿਹਾਲ! ! ਨਿਹਾਲ! ! ! ਤਾਂ ਉਹ ਚਲਾ ਗਿਆ।

ਬਹਾਦਰ ਸ਼ਾਹ ਹੈਰਾਨ ਹੋ ਕੇ ਪੁੱਛਣ ਲੱਗਾ ਕਿ ਇਸ ਸਾਰੀ ਸਾਖੀ ਦਾ ਕੀ ਭਾਵ ਹੋਇਆ ਤਾਂ ਦਸਮੇਸ਼ ਪਾਤਸ਼ਾਹ ਨੇ ਕਿਹਾ ਕਿ ਉਹ ਘੁਮਿਆਰ ਤੂੰ ਹੈ। ਜੋ ਅੱਜ ਬਾਦਸ਼ਾਹ ਬਣਿਆ ਹੈ, (ਸੰਗਤ ਜੀ ਬੋਲੋ ਵਾਹਿਗੁਰੂ) ਇਹ ਸਾਰੀ ਗੁਰੂ ਦੀ ਬਖਸ਼ਸ਼ ਸਦਕਾ ਹੀ ਹੈ। ਤਾਂ ਉਹ ਗੁਰੂ ਚਰਨਾਂ ਵਿੱਚ ਡਿੱਗ ਕੇ ਕਹਿਣ ਲੱਗਾ ਕਿ ਆਪ ਜੀ ਧੰਨ ਹੋ ਸਤਿਗੁਰੂ ਜੀਉ! ਫਿਰ ਉਸਨੇ ਇੱਕ ਸਵਾਲ ਕੀਤਾ ਕਿ ਪਾਤਸ਼ਾਹ ਜੀ ਜੇ ਤਿੰਨ ਵਾਰ ਨਿਹਾਲ ਕਹਿਣ ਨਾਲ ਅੱਜ ਮੈਂ ਬਾਦਸ਼ਾਹ ਬਣ ਗਿਆ ਤਾਂ ਉਸ ਖੋਤੀ ਦਾ ਕੀ ਬਣਿਆ ਕਿਉਂਜੂ ਉਸਨੂੰ ਵੀ ਗੁਰੂ ਰਾਮਦਾਸ ਜੀ ਨੇ ਤਿੰਨ ਵਾਰ ਹੀ ਨਿਹਾਲ ਕਿਹਾ ਸੀ ਤਾਂ ਦਸਮੇਸ਼ ਪਿਤਾ ਮੁਸਕਰਾਉਂਦੇ ਹੋਏ ਕਹਿਣ ਲੱਗੇ ਕਿ ਉਹ ਖੋਤੀ ਹੀ ਅੱਜ ਤੇਰੀ ਰਾਣੀ ਬਣ ਕੇ ਰਾਜ ਭੋਗ ਮਾਣ ਰਹੀ ਹੈ, ਤੇਰੀ ਰਾਣੀ ਵਿੱਚ ਉਸੇ ਖੋਤੀ ਦੀ ਹੀ ਰੂਹ ਹੈ। ਤੇ ਸਾਖੀ ਖਤਮ ਕਰਦਿਆਂ ਇੱਕ ਸ਼ਬਦ ਹੋਰ ਲਗਾ ਕੇ ਸਮਾਪਤੀ ਕਰ ਦਿੱਤੀ।

ਹੁਣ ਸੰਗਤ/ਪਾਠਕ ਫੈਂਸਲਾ ਕਰਨ ਕਿ “ਕੀ ਇਹੋ ਜਿਹੇ ਲੋਕ ਸਿੱਖ ਸੰਗਤ ਨੂੰ ਗੁਰਬਾਣੀ ਉਪਦੇਸ਼ ਦੇਣ ਜਾਂ ਗੁਰਬਾਣੀ ਪ੍ਰਚਾਰ ਕਰਨ ਵਿੱਚ ਕੋਈ ਵੀ ਯੋਗਦਾਨ ਦੇ ਸਕਦੇ ਹਨ?” ਅੱਗੋਂ ਸੰਗਤ ਦੀ ਹਾਲਤ ਦੇਖ ਲਉ ਜੱਥਾ ਕੀਰਤਨ ਕਰਕੇ ਬਾਹਰ ਨਿਕਲਿਆ ਤਾ ਅੱਗੋ ਕਿਉਂਕਿ ਹਾਣ ਨੂੰ ਹਾਣ ਅਤੇ ਸੁਭਾਅ ਨੂੰ ਸੁਭਾਅ ਪਿਆਰਾ ਹੁੰਦਾ ਹੈ ਸੰਗਤ ਉਸ ਸਾਧ ਨਾਲ ਗੱਲਬਾਤ ਕਰ ਰਹੀ ਸੀ, ਅਨੰਦ ਆ ਗਿਆ, ਕਮਾਲ ਹੋ ਗਈ। ਆ ਸਾਡੀ ਹਾਲਤ ਬਣੀ ਪਈ ਹੈ। ਵਿੱਚੋਂ ਮੈਂ ਵੀ ਉਸ ਜੱਥਾ ਮੁੱਖੀ ਕੋਲ ਗਿਆ ਬੇਨਤੀ ਕੀਤੀ ਕਿ ਆਪ ਜੀ ਨੇ ਜੋ ਸਾਖੀ ਸੁਣਾਈ ਉਹ ਇਤਿਹਾਸ ਵਿੱਚ ਕਿੱਥੇ ਦਰਜ ਹੈ, ਕਦੋਂ ਵਾਪਰੀ ਉਸਦਾ ਪੁਖਤਾ ਸਬੂਤ ਕੀ ਹੈ? ਤਾਂ ਜਵਾਬ ਵਿੱਚ ਕਹਿਣ ਲੱਗਾ ਤੁਸੀ ਕਿਤਾਬਾਂ ਨਹੀਂ ਪੜ੍ਹਦੇ ਸਾਰੀਆਂ ਵਿੱਚ ਲਿਖੀ ਮਿਲਦੀ ਹੈ। ਮੈਂ ਕਿਹਾ ਦੱਸੋ ਉਹ ਕਿਤਾਬ ਜਿੱਥੋਂ ਤੁਸੀ ਪੜ੍ਹੀ? ਤਾਂ ਫਿਰ ਜੁਆਬ, ਯਾਰ ਸਾਖੀਆਂ ਵਿਚੋਂ ਪੜ੍ਹੋ। ਮੈਂ ਫਿਰ ਕਿਹਾ ਕਿਹੜੀਆਂ ਸਾਖੀਆਂ ਵਿੱਚੋਂ? ਮੈਨੂੰ ਪੂਰੀ ਜਾਣਕਾਰੀ ਦਿਉ ਜੋ ਤੁਸੀ ਸੰਗਤ ਨੂੰ ਸੁਣਾ ਕੇ ਚੱਲੇ ਹੋ? ਲੈ ਹਰ ਗੱਲ ਦਾ ਸਬੂਤ ਥੋੜੀ ਚੁੱਕੀ ਫਿਰੀ ਦਾ, ਅਸੀਂ ਤਾਂ ਜੋ ਵੱਡੇ ਮਹਾਪੁਰਸ਼ ਨੇ, ਉਹਨਾਂ ਨੇ ਸੁਣਾਈ ਸੀ, ਹੋਰ ਤੁਹਾਨੂੰ ਕੀ ਸਬੂਤ ਚਾਹੀਦਾ 100 ਕੈਸਿਟਾਂ ਉਹਨਾਂ ਦੀਆਂ ਮਾਰਕੀਟ ਵਿੱਚ ਅਈਆਂ ਪਈਆਂ ਨੇ ਤੂੰ ਕਦੀ ਸੁਣੀਆਂ ਨਹੀਂ, ਮੈਂ ਤਾਂ ਜੋ ਵੱਡੇ ਮਹਾਂਪੁਰਖਾਂ ਦੀਆਂ ਹੀ ਗੱਲਾਂ ਚੋਰੀ ਕਰਕੇ ਸੁਣਾਂਦਾਂ ਹਾਂ। ਹੋਰ ਸਾਨੂੰ ਕੁੱਝ ਨਹੀਂ ਆਉਂਦਾ ਦੂਸਰਾ ਉਹ ਮੇਰੇ ਨਾਲ ਗੱਲ ਕਰਨ ਨੂੰ ਤਿਆਰ ਹੀ ਨਹੀਂ ਸੀ ਹੋ ਰਿਹਾ। ਪ੍ਰਬੰਧਕਾਂ ਵੱਲੋਂ ਤਿਆਰ ਕੀਤੀ ਗਈ ਵਿਸ਼ੇਸ ਚਾਹ-ਪਾਣੀ ਵੀ ਨਾ ਪੀਤਾ ਤੇ ਗੱਡੀ ਸਟਾਰਟ ਕਰ ਕੇ ਔਹ ਗਿਆ, ਔਹ ਗਿਆ।

ਮੈਨੂੰ ਇਹ ਸਮਝ ਨਹੀਂ ਆ ਰਹੀ ਕਿ ਗੁਰੂ ਗ੍ਰੰਥ ਸਾਹਿਬ ਜੀ ਤੋਂ ਵੱਡਾ ਹੋਰ ਕੌਣ ਹੋ ਸਕਦਾ ਹੈ? ਪਰ ਅੱਜ ਪ੍ਰਚਾਰਕ ਸ਼੍ਰੇਣੀ ਦੀ ਹਾਲਤ ਤੇ ਤਰਸ ਆ ਰਿਹਾ ਹੈ ਕਿ ਗੁਰੂ ਦੇ ਨਾਮ ਤੇ ਰੋਟੀ ਕਮਾ ਕੇ ਖਾਣ ਵਾਲੇ ਗੁਰੂ ਦੇ ਹੁਕਮਾਂ ਦੀਆਂ ਧੱਜੀਆਂ ਪੂਰੇ ਜੋਰ ਸ਼ੋਰ ਨਾਲ ਉਡਾ ਰਹੇ ਹਨ। ਗੁਰਬਾਣੀ ਨਾਲ ਨਿਆਂ ਨਹੀਂ ਕਰ ਰਹੇ। ਇੱਕ ਅਰਦਾਸ ਜ਼ਰੂਰ ਕਰਾਂਗੇ ਕਿ ਸਪੋਕਸਮੈਨ, ਸਿੱਖ ਮਿਸ਼ਨਰੀ ਕਾਲਜ ਜਾਂ ਹੋਰ ਜਿਹੜੀਆਂ ਵੀ ਸੰਸਥਾਵਾਂ ਸਹੀ ਤਰੀਕੇ ਨਾਲ ਸੰਗਤਾਂ ਨੂੰ ਸਿੱਧਾ ਗੁਰਬਾਣੀ ਗੁਰੂ ਨਾਲ ਜੋੜ ਰਹੀਆਂ ਸੰਸਥਾਵਾਂ ਹਨ ਵਾਹਿਗੁਰੂ ਇਹਨਾਂ ਵਿੱਚ ਕੰਮ ਕਰਨ ਵਾਲੇ ਸਾਰੇ ਹੀ ਮਾਈਆਂ-ਭਾਈਆਂ ਨੂੰ ਚੜ੍ਹਦੀ ਕਲਾ ਬਖਸੇ। ਨਹੀਂ ਤਾਂ ਕੌਮ ਦੇ ਆਲਮਗੀਰੀ ਸਿੱਧਾਂਤਾਂ ਦਾ ਤਾਂ ਰੱਬ ਆਪ ਹੀ ਰਾਖਾ ਹੈ। ਕਿਉਂ ਜੋ ਹਾਲਤ ਅੱਜ ਦੀ ਬਣੀ ਪਈ ਹੈ, ਮਿਸਾਲ ਦੇ ਤੌਰ ਤੇ ਸਾਡੀ ਪੁਜਾਰੀ, ਪਰਚਾਰਕ ਜਮਾਤ ਇਹੋ ਜਿਹੇ ਕਰਮ ਕਰ ਰਹੀ ਹੈ ਕਿ ਤੱਕ ਕੇ ਰੋਣਾ ਆ ਰਿਹਾ ਹੈ। ਅੱਜ ਬਹੁਤੇ ਜੱਥੇ ਸਿਰਫ ਮਾਇਆ ਨੂੰ ਹੀ ਮੁੱਖ ਰੂਪ ਵਿੱਚ ਲੈ ਕੇ ਰੋਟੀਆਂ ਕਾਰਣਿ ਪੂਰਹਿ ਤਾਲ ਵਾਲੀ ਅਵਸਥਾ ਵਿੱਚ ਖੜੇ ਹੋਏ ਹਨ। ਪਾਕਿਸਤਾਨ ਦੀ ਯਾਤਰਾ ਦੌਰਾਨ ਆਪਣੇ ਇਲਾਕੇ ਦੇ ਇੱਕ ਮਸ਼ਹੂਰ ਰਾਗੀ ਨੂੰ ਮੈਂ ਆਪਣੇ ਕੀਰਤਨ ਕਰਨ ਵਾਲੇ ਸਾਜ ਵੱਧ ਮੱਲ ਤੇ ਵੇਚਦੇ ਵੇਖਿਆ ਸੀ, ਇੱਕ ਜੱਥੇ ਨੂੰ ਬਿਨ੍ਹਾ ਕੀਰਤਨ ਕੀਤੇ ਭੇਟਾ ਲੈਂਦਿਆਂ ਆਪਣੀ ਅੱਖੀ ਵੇਖਿਆ ਹੈ, ਇੱਕ ਜੱਥੇ ਨੂੰ (ਜਿਸਦੇ ਪਿਤਾ ਇੱਕ ਗੁਰਦੁਆਰੇ ਵਿੱਚ ਬਤੌਰ ਹੈੱਡ ਗ੍ਰੰਥੀ ਦੀ ਸੇਵਾ ਕਰਦੇ ਹਨ) ਇਹ ਕਹਿੰਦਿਆਂ ਸੁਣਿਆ, “ਕਿ ਇਹ ਗੁਰਦੁਆਰਾ ਸਾਡਾ ਅੱਡਾ ਹੈ ਕਿਹੜਾ…………… ਦੂਜੇ ਇਲਾਕੇ ਵਿੱਚੋਂ ਇੱਥੇ ਆ ਕੇ ਕੀਰਤਨ ਕਰ ਜੂ।” ਤਾਂ ਹੀ ਕਿਸੇ ਕਵੀ ਨੇ ਲਿਖਿਆ ਹੈ:

ਬਾਣੀ ਬਣੀ ਸੀ ਭਰਮ ਮਿਟਾਉਣ ਲਈ। ਰਾਗੀ ਕਹਿੰਦੇ ਸਾਡੇ ਗਾਉਣ ਲਈ।

ਲੋਕੀ ਆਖਦੇ ਰਸਮਾਂ ਨਿਭਾਉਣ ਲਈ। ਸੰਤ ਆਖਦੇ ਪੈਸੇ ਕਮਾਉਣ ਲਈ।

ਵਾਹਿਗੁਰੂ ਜੀ ਸੁਮੱਤ ਬਖਸ਼ਣ।

***********

ਦਾਸ:

-ਇਕਵਾਕ ਸਿੰਘ ਪੱਟੀ

ਸੁਲਤਾਨਵਿੰਡ ਰੋਡ, ਅੰਮ੍ਰਿਤਸਰ।

ਮੋ. 098150-24920




.