ਬ੍ਰਾਹਮਣ ਵਰਗ `ਚ ਵੀ ਭਿੰਨ-ਭਿੰਨ ਫ਼ਿਰਕੇ ਹਨ ਜਿਵੇਂ ਧਰਮ-ਉਪਦੇਸ਼ ਲਈ
ਪਾਂਡੇ, ਮਰਨ-ਕਿਰਿਆ ਲਈ ਅਚਾਰਜੀ, ਸਨਿਚਰ-ਮੰਗਲ ਦਾ ਦਾਨ ਲੈਣ ਲਈ ਵੇਦਵੇ। ਇੱਕ ਵਾਰੀ ਦਸਮੇਸ਼ ਪਿਤਾ
ਦੇ ਦਰਬਾਰ `ਚ ਇੱਕ ਵੇਦਵਾ ਆਇਆ। ਸੰਗਤਾਂ ਅੰਦਰ ਗੁਰੂ ਲਈ ਬੇਅੰਤ ਸ਼ਰਧਾ-ਸਤਿਕਾਰ `ਤੇ ਭੇਟਾ ਭਾਵਨਾ
ਦੇਖ, ਉਸਦੇ ਮੰਨ `ਚ ਆਇਆ-ਜੇ ਮੈ ਗੁਰੂ ਜੀ ਨੂੰ ਪ੍ਰਭਾਵਤ ਕਰ ਲਿਆ ਤਾਂ ਇਸ ਦਰ ਤੋਂ ਇੰਨਾ ਦਾਨ ਮਿਲ
ਜਾਵੇਗਾ ਕਿ ਸਾਰੀ ਉਮਰ ਕੰਮ ਵੀ ਨਹੀਂ ਕਰਨਾ ਪਵੇਗਾ। ਉਹ ਮੂਰਖ ਕੀ ਜਾਣੇ, ਗੁਰੂਦਰ ਤਾਂ ਲੋਕਾਂ ਨੂੰ
ਇਹਨਾ ਥਿੱਤਾਂ-ਵਾਰਾਂ ਦੇ ਵਹਿਮਾਂ-ਭਰਮਾਂ ਚੋਂ ਕੱਢ ਕੇ, ਲੋਕਾਈ ਦੇ ਜੀਵਨ ਨੂੰ ਸਾਫ਼ ਸੁੱਥਰਾ ਕਰਦਾ
ਹੈ। ਦੂਜੇ ਪਾਸੇ, ਦੇਖਿਆ ਜਾਵੇ ਤਾਂ ਗੁਰੂ ਨਾਨਕ ਪਾਤਸ਼ਾਹ ਦੇ ਸਮੇਂ ਤੋਂ ਹੀ ਗੁਰਮਤਿ ਦੀ ਤਿਆਰੀ
ਪਖੋਂ ਸਮੇਂ ਸਮੇਂ ਨਾਲ ਗੁਰਦੇਵ ਵਲੋਂ, ਸਿੱਖ-ਸੰਗਤਾਂ ਦੀ ਪਰਖ ਵੀ ਹੁੰਦੀ ਰਹਿੰਦੀ ਸੀ।
ਵੇਦਵੇ ਨੇ ਪਾਤਸ਼ਾਹ ਤੀਕ ਪਹੁੰਚ ਕੀਤੀ ਤੇ ਆਪਣੀ ਕੁਟਿਲ ਨੀਤੀ ਅਨੁਸਾਰ ਕਹਿਣ
ਲਗਾ “ਪਾਤਸ਼ਾਹ! ਆਪ ਉਪਰ ਹਰ ਸਮੇਂ ਜੰਗਾਂ-ਜੁੱਧਾਂ ਦੇ ਬਦਲ ਛਾਏ ਰਹਿੰਦੇ ਹਨ, ਇਹ ਸਭ ਸ਼ਨੀ ਦੇਵਤੇ
ਦੀ ਕਰੋਪੀ ਕਾਰਨ ਹਨ। ਜੇ ਆਪ ‘ਸ਼ਨੀ ਦੇਵਤੇ’ ਨੂੰ ਖੁਸ਼ ਕਰ ਦੇਵੋ ਤਾਂ ਇਹ ਸਾਰੇ ਜੰਗ ਜੁੱਧ ਟੱਲ
ਜਾਣਗੇ”। ਨਾਸਮਝ ਵੇਦਵਾ ਕੀ ਜਾਣੇ ‘ਗੁਰੂਦਰ ਦੀਆਂ ਸਿਫ਼ਤਾਂ ਨੂੰ’। ਇਹ ਜੁੱਧ, ਜਿਨ੍ਹਾਂ ਦੀ ਵੇਦਵਾ
ਗਲ ਕਰ ਰਿਹਾ ਸੀ, ਇਹ ਤਾਂ ਮਜ਼ਲੂਮਾਂ ਦੀ ਬਾਂਹ ਫ਼ੜਣ ਲਈ ਗੁਰੂ ਜੀ ਨੇ ਅਪ ਸਹੇੜੇ ਹੋਏ ਸਨ। ਗੁਰੂ ਜੀ
ਮੁਸਕਰਾਏ, ਸੋਚਿਆ! ਚਲੋ ਇਸੇ ਬਹਾਨੇ ਸਿੱਖਾਂ ਦਾ ਇਮਤਿਹਾਨ ਵੀ ਹੋ ਜਾਵੇਗਾ।
ਗੁਰੂ ਜੀ ਨੇ ਲੰਗਰ ਇੰਚਾਰਜ ਨੂੰ ਬੁਲਾਇਆ ਤੇ ਵੇਦਵੇ ਦੀ ਗਲ ਨੂੰ ਦੋਹਰਾ ਕੇ
ਹੁਕਮ ਕੀਤਾ “ਵੇਦਵਾ ਜੋ ਮੰਗਦਾ ਹੈ ਇਸ ਨੂੰ ਦੇ ਦਿੱਤਾ ਜਾਵੇ”। ਸਿੱਖ ਚੇਤੰਨ ਹੋ ਗਏ, ਸਮਝ ਗਏ ਅਜ
ਕਲਗੀਧਰ ਜੀ ਜ਼ਰੂਰ ਕੋਈ ਖੇਡ ਵਰਤ ਰਹੇ ਨੇ। ਉਸ ਸਮੇਂ ਸੰਗਤਾਂ ਦੀ ਹਾਲਤ ਅਜ ਵਾਲੀ ਨਹੀਂ ਸੀ। ਅਜਕਲ
ਜੇ ਕੋਈ ਵੇਦਵਾ, ਘਰ-ਦੁਕਾਨ-ਫੈਕਟਰੀ ਦੇ ਬਾਹਰ ਆ ਜਾਵੇ ਤਾਂ ਕਈ ਸੱਜਣਾਂ ਨੂੰ ਇਹ ਵੀ ਹੋਸ਼ ਨਹੀਂ
ਹੁੰਦੀ, ਸਿਰ `ਤੇ ਦਸਤਾਰ ਜਾਂ ਕਲਾਈ `ਚ ਕੜਾ ਵੀ ਹੈ ਜਾਂ ਨਹੀਂ। ਘਬਰਾਹਟ ਹੁੰਦੀ ਹੈ, ਕਿਧਰੇ
ਸਨੀਚਰੀਆ ਤੇਲ ਤੋਂ ਬਿਨਾ ਨਾ ਚਲਾ ਜਾਵੇ। ਖਾਲੀ ਚਲਾ ਗਿਆ ਤਾਂ ਪਤਾ ਨਹੀਂ ਕਿਹੜੀ ਆਫ਼ਤ ਆ ਜਾਵੇਗੀ?
ਸ਼ਾਇਦ ਇਸੇ ਸਨੀਚਰ ਤੋਂ ਡਰਦੇ ਤਾਂ ਅਜ ਕਈ ਅਗਿਆਨੀ ਸਿੱਖ ਕਿਸੇ ਹੋਰ ਦਿਨ ਨਹੀਂ ਬਲਕਿ ਉਚੇਚੇ ਸਨੀਚਰ
ਵਾਰ ਨੂੰ ਮੰਦਰਾਂ ਵਾਲਾ ਛੋਲਿਆਂ ਦਾ ਪ੍ਰਸ਼ਾਦ ਲੈ ਕੇ ਗੁਰਦੁਆਰੇ ਜਾ ਪੁੱਜਦੇ ਹਨ।
ਇਸੇ ਤਰ੍ਹਾਂ ਵਿਦੇਸ਼ਾਂ ਦੀ ਗਲ ਕਰ ਲਵੋ! ਉਥੇ ਤਰੀਕੇ ਦਾ ਤਾਂ ਫ਼ਰਕ ਹੈ ਪਰ
ਸੋਚ ਦਾ ਪੱਧਰ ਉਹੀ ਹੈ। ਉਥੇ ਵੇਦਵੇ ਘਰਾਂ-ਦੁਕਾਨਾ ਤੇ ਤੇਲ ਮੰਗਣ ਤਾਂ ਨਹੀਂ ਆਉਂਦੇ ਅਤੇ ਨਾ ਹੀ
ਸੜਕਾਂ `ਤੇ ਲੋਹੇ ਦੇ ਸਨੀਚਰ ਬਣਾ ਕੇ ਰਖੇ ਹੁੰਦੇ ਨੇ। ਫ਼ਿਰ ਵੀ ਉਥੇ ਅਜੇਹੇ ਸਿਖੀ ਜੀਵਨ ਤੋਂ
ਅਣਜਾਣ ਸਿੱਖ, ਆਪ ਹੀ ਸਿੱਖ-ਧਰਮ ਦਾ ਮਜ਼ਾਕ ਬਣੇ ਹੁੰਦੇ ਨੇ। ਜਦੋਂ ਗੁਰਦੁਆਰਿਆਂ `ਚ ਆਉਂਦੇ ਹਨ ਤਾਂ
ਨਾਲ ਮਾਹ ਦੀ ਦਾਲ, ਸਰਸੋਂ ਦੇ ਤੇਲ ਦੇ ਟੀਨ ਅਤੇ ਲੋਹੇ ਵਾਲੀ ਗੱਲ ਪੂਰੀ ਕਰਨ ਲਈ, ਦਾਲ ਵਾਲੇ ਪਾਲੀ
ਪੈਕਾਂ `ਚ ਦੋ-ਚਾਰ ਲੋਹੇ ਦੇ ਕਿੱਲ ਵੀ ਪਾ ਲਿਆਉਂਦੇ ਹਨ। ਇਹ ਤਾਂ ਹੈ ਅਜੋਕੇ ਗੁਰਬਾਣੀ ਜੀਵਨ ਤੋਂ
ਪੱਛੜ ਚੁਕੇ ਭਾਰਤੀ ਭਾਵੇਂ ਵਿਦੇਸ਼ੀ ਸਿੱਖਾਂ ਦੀ ਮਾਨਸਿਕ ਦਸ਼ਾ, ਪਰ ਉਦੋਂ ਸਿੱਖ ਜਾਗਦੇ ਸਨ।
ਖੈਰ! ਕਲਗੀਧਰ ਜੀ ਦਾ ਹੁਕਮ ਸੀ, ਪਾਲਣਾ ਤਾਂ ਹੋਣੀ ਹੀ ਸੀ। ਵੇਦਵਾ ਵੀ
ਸਮਝੀ ਬੈਠਾ ਸੀ ਕਿ ਅਜ ਉਸਨੇ ਬੜੀ ਵੱਡੀ ਮਲ ਮਾਰ ਲਈ ਹੈ। ਸਾਮਾਨ ਲੱਦਣ ਲਈ ਨਾਲ ਖੋਤੇ ਵੀ ਲੈ ਆਇਆ
ਸੀ। ਗੁਰੂ ਜੀ ਦੇ ਦਰਬਾਰ ਤੋਂ ਉਸ ਨੂੰ ਵੱਡੀ ਸੇਵਾ ਮਿਲੀ। ਮਾਂਹ ਦੀ ਦਾਲ ਦੇ ਬੋਰੇ, ਸਰਸੋਂ ਵਾਲੇ
ਤੇਲ ਦੇ ਟੀਨ ਤੇ ਖੂਬ ਸਾਰਾ ਲੋਹਾ, ਕਿਉਂਕਿ ਓਥੇ ਹਥਿਆਰਾਂ ਦੀਆਂ ਫ਼ੈਕਟਰੀਆਂ ਤਾਂ ਹੈ ਹੀ ਸਨ।
ਹੁਣ ਗਲ ਕਰਦੇ ਹਾਂ ਬ੍ਰਾਹਮਣ ਮੱਤ ਦੇ ਦੇਵੀ ਦੇਵਤਿਆਂ ਦੀ-ਸੱਚਾਈ ਇਹ
ਕਿ ਬ੍ਰਾਹਮਣ ਮੱਤ ਨੇ ਜਿੰਨੇ ਵੀ ਦੇਵੀਆਂ-ਦੇਵਤੇ ਘੜੇ ਹਨ-ਸਾਰਿਆਂ ਕੋਲੋਂ ਮੰਗਾਂ ਵਖੋ ਵੱਖ।
ਸਾਰਿਆਂ ਦੀ ਪਸੰਦ ਵੱਖੋ-ਵੱਖ, ਉਹਨਾਂ ਦਾ ਸੁਭਾਅ, ਸ਼ਕਲਾਂ `ਤੇ ਵਾਹਨ (ਸੁਆਰੀਆਂ) ਵੱਖ-ਵੱਖ। ਉਹਨਾਂ
ਦੀ ਪੂਜਾ-ਮਾਨਤਾ ਦਾ ਦਿਨ, ਉਹਨਾਂ ਦੀਆਂ ਕ੍ਰੋਪੀਆਂ, ਸ਼ਾਪ, ਉਹਨਾਂ ਤੋਂ ਮੰਗਾਂ ਤੇ ਵਰ-ਸਭ
ਵੱਖ-ਵੱਖ। ਕਿਸੇ ਤੋਂ ਰੂਪ ਮੰਗਣਾ ਹੈ, ਕਿਸੇ ਤੋਂ ਤਾਕਤ, ਕਿਸੇ ਤੋਂ ਪੈਸਾ, ਕਿਸੇ ਤੋਂ ਔਲਾਦ. . ।
ਖੈਰ ਇਹਨਾ ਹੀ ਤੇਤੀ ਕਰੋੜ ਦੇਵੀ-ਦੇਵਤਿਆਂ `ਚੋਂ ਇੱਕ ਹਨ ਸਨੀਚਰ ਦੇਵਤਾ। ਇਸ ਸਾਰੇ ਦੇ ਉਲਟ,
ਗੁਰਬਾਣੀ ਦਾ ਫ਼ੈਸਲਾ ਹੈ ਕਿ ਸਾਰੇ ਦੇਵੀਆਂ-ਦੇਵਤੇ ਕੇਵਲ ਬ੍ਰਾਹਮਣ ਦੇ ਦਿਮਾਗ਼ ਦੀ ਉਪਜ ਤੇ ਉਸਦੀ
ਆਪਣੀ ਉਦਰ ਪੂਰਤੀ ਦਾ ਸਾਧਨ ਹਨ। ਗੁਰਬਾਣੀ ਮੁਤਾਬਕ ਇਹਨਾ ਦਾ ਨਾ ਕੋਈ ਵਜੂਦ ਹੈ ਅਤੇ ਨਾ ਹੋਂਦ। ਇਸ
ਲਈ ਇਹਨਾ ਤੋਂ ਡੱਰ, ਸ਼ਾਪ, ਵਰ, ਕ੍ਰੋਪੀ ਜਾਂ ਸਹਿਮ ਵਾਲੀ ਉੱਕਾ ਕੋਈ ਗਲ ਨਹੀਂ। ਬਲਕਿ ਇਹਨਾ ਦੇ
ਭੁਲੇਖੇ ਬੰਦਾ, ਰੱਬ ਤੋਂ ਹੀ ਟੁੱਟਾ ਰਹਿੰਦਾ ਹੈ। ਇਸ ਤਰ੍ਹਾਂ ਦਾ ਮਨੁੱਖ, ਧਰਮੀ ਨਹੀਂ ਬਲਕਿ ਅਸਲ
`ਚ ਪ੍ਰਮਾਤਮਾ ਤੋਂ ਅਣਜਾਣ ਹੋਣ ਕਾਰਣ, ਗੁਰਬਾਣੀ ਮੁਤਾਬਕ ਸ਼ਕਤੀ ਦਾ ਪੁਜਾਰੀ, ਨਾਸਤਿਕ (ਸਾਕਤ) ਹੀ
ਹੁੰਦਾ ਹੈ।
ਆਓ ਹੁਣ ਦੇਖੀਏ, ਅਗੇ ਕੀ ਹੋਇਆ-ਵੇਦਵਾ ਮਨ ਹੀ ਮਨ ਬੜਾ ਖੁਸ਼ ਸੀ। ਇਹ
ਸਾਰਾ ਸਾਮਾਨ ਲੈ ਕੇ ਵੇਦਵਾ, ਜਿਉਂ ਹੀ ਕੁੱਝ ਅੱਗੇ ਵਧਿਆ ਤਾਂ ਸਿੱਖਾਂ ਨੇ ਸਾਰਾ ਸਾਮਾਨ ਉਸ ਤੋਂ
ਵਾਪਸ ਖੋਹ ਲਿਆ। ਉਹ ਚਿਲਾਇਆ ‘ਇਹ ਤਾਂ ਤੁਹਾਡੇ ਗੁਰੁ ਜੀ ਨੇ, ਸਨੀਚਰ ਦੀ ਕ੍ਰੋਪੀ ਟਾਲਣ ਲਈ ਦਾਨ
ਦਿੱਤਾ ਹੈ’। ਸਿੱਖਾਂ ਨੇ ਗੁਰਬਾਣੀ ਉਪਦੇਸ਼ਾਂ ਰਾਹੀ ਉਸ ਨੂੰ ਸਾਰੀ ਗਲ ਸਮਝਾ ਦਿੱਤੀ। ਇਹ ਵੀ ਕਹਿ
ਦਿੱਤਾ, ਗੁਰੂ ਦੇ ਸਿੱਖ ਹੁਣ ਇਸ ਬ੍ਰਾਹਮਣੀ ਜਾਲ `ਚੋਂ ਪੂਰੀ ਤਰ੍ਹਾਂ ਨਿਕਲ ਚੁੱਕੇ ਹਨ। ਇਹ ਸਾਰਾ
ਸਾਮਾਨ, ਉਹਨਾਂ ਨੇ ਜਿਹੜਾ ਦਿੱਤਾ ਸੀ, ਸਤਿਗੁਰਾਂ ਦੇ ਹੁਕਮ ਦੀ ਤਾਮੀਲ ਸੀ। ਇਸੇ ਤਰ੍ਹਾਂ ਹੁਣ
ਵਾਪਸ ਖੋਹਿਆ ਹੈ ਤਾਂ ਇਹ ਵੀ ਸਤਿਗੁਰਾਂ ਦੇ ਹੁਕਮ ਦੀ ਹੀ ਤਾਮੀਲ ਹੈ।
ਸਿੱਖਾਂ ਨੇ, ਉਸ ਦਿਨ ਅਨੰਦਪੁਰ ਸਾਹਿਬ, ਆਪਣੀ ਹਥਿਆਰਾਂ ਦੀ ਫ਼ੈਕਟਰੀ `ਚ
ਉਸੇ ਲੋਹੇ ਤੋਂ ਸੋਹਣੇ ਕੜੇ ਬਨਵਾ ਲਏ ਤੇ ਕੜੇ ਹਰੇਕ ਲੰਗਰ ਵਰਤਾਉਣ ਵਾਲੇ ਦੀ ਕਲਾਈ `ਚ ਪਾ
ਦਿੱਤੇ। ਉਸੇ ਮਾਂਹ ਦੀ ਦਾਲ ਤੇ ਤੇਲ ਤੋਂ ਵੱੜ੍ਹੇ ਤੱਲ ਕੇ ਲੰਗਰ `ਚ ਵਰਤਾਏ। ਜਦੋਂ ਦਸਮੇਸ਼ ਜੀ ਨੇ
ਇਹ ਸਾਰਾ ਮਾਜਰਾ ਦੇਖਿਆ ਤਾਂ ਮੁਸਕਰਾ ਕੇ ਲੰਗਰ `ਚ ਤਬਦੀਲੀ ਦਾ ਕਾਰਨ ਪੁਛਿਆ। ਸਿੱਖਾਂ ਨੇ ਵੀ
ਸਾਰੀ ਵਿਥਿਆ ਕਹਿ ਸੁਨਾਈ। ਗੁਰੂ ਜੀ ਨੇ, ਸਿੱਖਾਂ ਨੂੰ ਉਹਨਾਂ ਦੀ ਇਸ ਸਫ਼ਲਤਾ ਤੇ ਸ਼ਾਬਾਸ਼ੇ ਦਿੱਤੀ।
ਉਪ੍ਰੰਤ ਜਦੋਂ ਵਿਸਾਖੀ 1699 ਨੂੰ, ਨੰਗੀ ਤਲਵਾਰ ਵਾਲੇ ਇਮਿਤਿਹਾਨ
ਚੋਂ ਪੰਥ ਪਾਸ ਹੋਇਆ ਤਾਂ ਪਹਿਲਾਂ ਤੋਂ ਚਲਦੇ ਆ ਰਹੇ ਚਾਰ ਕਕਾਰਾਂ `ਚ ਦਸਮੇਸ਼ ਜੀ ਨੇ, ਪੰਜਵਾਂ
ਕਕਾਰ ‘ਕੜਾ’ ਵੀ ਜੋੜ ਦਿੱਤਾ। ਹੋ ਸਕਦਾ ਹੈ ਕੁੱਝ ਸੱਜਣ ਇਸ ਤੇ ਵੀ ਹੈਰਾਨ ਹੋਣ ਕਿ ਹੁਣ ਤੀਕ
ਪਹਿਲਾਂ ਤੋਂ ਚਲਦੇ ਆ ਰਹੇ ਚਾਰ ਕਕਾਰ ਕਿਹੜੇ ਸਨ। ਅਸਾਂ ਚੇਤੇ ਰਖਣਾ ਹੈ ਕਿ ਸਿੱਖ ਕੇਸਾਧਾਰੀ,
ਕੇਸਾਂ ਦੀ ਸਫ਼ਾਈ ਲਈ ਕੰਘਾ ਧਾਰੀ `ਤੇ ਕਛਿਹਰਾ ਧਾਰੀ-ਗੁਰੂ ਨਾਨਕ ਸਾਹਿਬ ਦੇ ਸਮੇਂ ਤੋਂ ਹੀ ਸਨ।
ਛੇਵੇਂ ਜਾਮੇਂ `ਚ ਸਿੱਖਾਂ ਨੇ ਚਾਰ ਜੰਗਾਂ ਲੜੀਆਂ, ਇਸ ਤਰ੍ਹਾਂ ਸਿੱਖ ਛੇਵੇਂ ਜਾਮੇਂ ਤੋਂ ਸ਼ਸਤ੍ਰ
ਧਾਰੀ ਵੀ ਹੋ ਗਏ ਸਨ।
ਇਸ ਕਰਕੇ ਪੰਜਵਾਂ ਕਕਾਰ ਕੜਾ, ਕੇਵਲ ਸਾਡਾ ਕਕਾਰ ਹੀ ਨਹੀਂ, ਇਹ ਤਾਂ
ਸਿੱਖਾਂ ਨੂੰ ਸਤਿਗੁਰਾਂ ਵਲੋਂ ਸ਼ਾਬਾਸ਼ੇ ਦਾ ਚਿੰਨ ਤੇ ਤੱਗ਼ਮਾ ਵੀ ਹੈ। ਸਾਡੀ ਕਲਾਈ `ਚ ਕੜਾ ਸਾਨੂੰ
ਹਰ ਸਮੇਂ ਚੇਤਾ ਕਰਵਾਉਂਦਾ ਹੈ “ਸਿੱਖਾਂ ਨੇ ਸਦਾ ਇਸ ਕੜੇ ਵਾਂਙ, ਗੁਰਬਾਣੀ ਦੀ ਆਗਿਆ `ਚ ਹੀ ਰਹਿਣਾ
ਹੈ। ਸਿੱਖਾਂ ਨੇ ਮੰਗਲਾਂ-ਸਨੀਚਰਾਂ ਆਦਿ ਬ੍ਰਾਹਮਣੀ ਕਰਮਕਾਂਡਾਂ `ਚ ਵਿਸ਼ਵਾਸ ਨਹੀਂ ਰਖਣਾ”। ਸੁਆਲ
ਹੈ, ਕੀ ਸੱਚਮੁਚ ਅੱਜ ਅਸੀਂ ਗੁਰਬਾਣੀ ਦੀ ਸਿਖਿਆ ਤੇ ਚਲ ਰਹੇ ਹਾਂ ਜਾਂ ਫ਼ਿਰ. . ?