ਆਵਾ ਗਵਣ-ਸਿਧਾਂਤਕ ਤੱਤ
(ਕਿਸ਼ਤ ਨੰ: 01)
੧. ਸਿੱਖ ਧਰਮ ਨਿਆਰਾ ਪੰਥ ਹੈ---
ਦੁਨੀਆਂ ਵਿੱਚ ਸਿੱਖ ਧਰਮ ਹੀ ਅਜੇਹਾ ਨਿਰਮਲ ਪੰਥ ਹੈ ਜੋ ਆਪੇ ਦੀ ਪਛਾਣ ਕਰਾ
ਕੇ ਏਸੇ ਜਨਮ ਵਿੱਚ ਭਾਵ ਜਿਉਂਦਿਆਂ ਹੀ ਮੁਕਤੀ ਦਿਵਾਉਂਦਾ ਹੈ ਨਾ ਕਿ ਮਰਣ ਉਪਰੰਤ ਕੋਈ ਲਾਰਾ
ਲਗਾਉਂਦਾ ਹੈ। ਜੀਵਨ ਵਿੱਚ ਮੁਕਤੀ ਸਹਿਜ ਅਵਸਥਾ ਤੇ ਉੱਚੀ ਮਤ ਦਾ ਲਖਾਇਕ ਹੈ—
ਆਪੁ ਪਛਾਣੈ ਮਨੁ ਨਿਰਮਲੁ ਹੋਇ॥ ਜੀਵਨ ਮੁਕਤਿ ਹਰਿ ਪਾਵੈ ਸੋਇ॥
ਹਰਿਗੁਣ ਗਾਵੈ ਮਤਿ ਊਤਮ ਹੋਇ॥ ਸਹਜੇ ਸਹਜਿ ਸਮਾਵੈ ਸੋਇ।
ਗਉੜੀ ਗੁਆਰੇਰੀ ਮਹਲਾ ੩ ਪੰਨਾ ੧੬੧
ਆਮ ਆਦਮੀ ਦਾ ਖ਼ਿਆਲ ਹੈ ਕਿ ਜੇ ਅੱਗੇ ਭਾਵ ਮਰਣ ਤੋਂ ਬਾਅਦ ਕੋਈ ਸਜਾ ਹੀ
ਨਹੀਂ ਹੈ ਤਾਂ ਫਿਰ ਮਨੁੱਖ ਨੂੰ ਚੰਗੇ ਕੰਮ ਕਰਨ ਦੀ ਕੀ ਜ਼ਰੂਰਤ ਹੈ? ਜਾਂ ਚੰਗੇ ਕਰਮ ਇਸ ਲਈ ਕਰਨੇ
ਹਨ ਕਿ ਅਸੀਂ ਮੁੜ ਕੇ ਕਿਸੇ ਵੀ ਜੂਨ ਵਿੱਚ ਨਾ ਅਈਏ। ਇਸ ਦਾ ਅਰਥ ਹੈ ਕਿ ਮਨੁੱਖ ਆਪਣਾ ਸਾਕਤਾਂ
ਵਾਲਾ ਸੁਭਾਅ ਬਦਲਣਾਂ ਨਹੀਂ ਚਾਹੁੰਦਾ, ਸਿਰਫ ਮਰਣ ਤੋਂ ਬਾਅਦ ਵਾਲੀ ਜੂਨ ਤੋਂ ਹੀ ਡਰਦਾ ਹੋਇਆ ਚੰਗੇ
ਕੰਮ ਕਰ ਰਿਹਾ ਹੈ। ਕੁੱਝ ਲੋਕਾਂ ਦੀ ਇਹ ਵੀ ਧਾਰਨਾ ਹੈ ਕਿ ਜੋ ਜੂਨਾਂ ਦਾ ਚੱਕਰ ਹੈ, ਇਹ ਸਿਰਫ
ਸਾਡੇ ਕਰਮਾਂ ਦੇ ਹਿਸਾਬ ਨਾਲ ਹੀ ਕੀਤਾ ਜਾਂਦਾ ਹੈ। ਜਿਸ ਨੇ ਦਾਨ ਪੁੰਨ ਵੱਧ ਤੋਂ ਵੱਧ ਕੀਤਾ ਹੁੰਦਾ
ਹੈ, ਉਸ ਨੂੰ ਬਹੁਤ ਹੀ ਚੰਗੇ ਘਰ ਜਨਮ ਮਿਲਦਾ ਹੈ ਜਿਸ ਨੇ ਸਾਰੀ ਜ਼ਿੰਦਗੀ ਭੈੜੇ ਕਰਮ ਕੀਤੇ ਹਨ, ਉਸ
ਨੂੰ ਮਾੜਿਆਂ ਪਰਵਾਰਾਂ ਵਿੱਚ ਜਨਮ ਮਿਲਦਾ ਹੈ ਤੇ ਸਾਰੀ ਜ਼ਿੰਦਗੀ ਗ਼ਰੀਬੀ ਨਾਲ਼ ਘੁਲ਼ਦਾ ਮਰ ਜਾਂਦਾ ਹੈ।
ਹਰੇਕ ਮਨੁੱਖ ਦੇ ਜਾਂ ਆਪੋ ਆਪਣੇ ਧਰਮਾਂ ਦੇ ਵੱਖਰੇ ਵੱਖਰੇ ਖ਼ਿਆਲ ਹਨ, ਜੋ ਸਾਰੀ ਦੁਨੀਆਂ ਲਈ
ਨਿਰਧਾਰਤ ਨਹੀਂ ਕੀਤੇ ਜਾ ਸਕਦੇ। ਪਰ ਸਿੱਖ ਸਿਧਾਂਤ ਦੀ ਐਸੀ ਵਡਿਆਈ ਹੈ ਜਿਸ ਦੇ ਦਾਇਰੇ ਵਿੱਚ ਸਾਰੀ
ਦੁਨੀਆਂ ਚੱਲ ਸਕਦੀ ਹੈ, ਜੋ ਵਰਤਮਾਨ ਜੀਵਨ ਨੂੰ ਵਿਕਾਰਾਂ ਵਲੋਂ ਮੁਕਤ ਕਰਦਾ ਹੋਇਆ ਪਰਮਪਦ ਦੀ
ਪ੍ਰਾਪਤੀ ਦਿਵਾਉਂਦਾ ਹੈ। ਜਿਸ ਦਾ ਲਕਸ਼ ---
“ਰਾਜੁ ਨ ਚਾਹਉ ਮੁਕਤਿ ਨ ਚਾਹਉ ਮਨਿ
ਪ੍ਰੀਤਿ ਚਰਨ ਕਮਲਾਰੇ”॥ ਰੱਖਿਆ ਗਿਆ ਹੈ।
ਗੁਰੂ ਨਾਨਕ ਸਾਹਿਬ ਜੀ ਉਹਨਾਂ ਰਾਹਾਂ `ਤੇ ਨਹੀਂ ਚੱਲੇ ਜੋ ਬ੍ਰਹਾਮਣ ਨੇ
ਨਿਰਧਾਰਤ ਕੀਤੇ ਹੋਏ ਸਨ, ਸਗੋਂ ਉਹ ਸਾਰੇ ਰਸਤੇ ਰੱਦ ਕੀਤੇ ਜਿੰਨ੍ਹਾਂ ਵਿੱਚ ਜ਼ਿੰਦਗੀ ਦੀ ਕੋਈ
ਰੂਹਾਨੀਅਤ ਹੀ ਨਹੀਂ ਸੀ। ਗੁਰੂ ਨਾਨਕ ਸਹਿਬ ਜੀ ਦੇ ਫ਼ਲਸਫ਼ੇ ਅਨੁਸਾਰ ਇਸ ਦੁਨੀਆਂ ਵਿੱਚ ਰਹਿੰਦਿਆਂ
ਹੋਇਆ ਸਾਕਤ ਬਿਰਤੀ ਦਾ ਤਿਆਗ ਕਰਕੇ ਗੁਰਮੁਖ ਬਿਰਤੀ ਦੇ ਧਾਰਨੀ ਹੋਣਾ ਹੈ ਜੋ ਰੱਬੀ ਨਿਯਮਾਵਲੀ ਤੇ
ਸ਼ੁਭ ਗੁਣਾਂ ਦੀ ਲਖਾਇਕ ਹੈ। ਜੋ ਮਨਮੁਖਾਂ ਵਾਲੀ ਸੋਚ ਛੱਡਣ ਲਈ ਤਿਆਰ ਨਹੀਂ ਹੈ ਉਹ ਜਨਮ-ਮਰਣ,
ਜੂਨਾਂ, ਤਥਾ ਆਵਾਗਵਣ ਦੇ ਪੈਂਡੇ ਤਹਿ ਕਰ ਰਿਹਾ ਹੈ। ਗੁਰੂ ਨਾਨਕ ਸਾਹਿਬ ਜੀ ਦੇ ਗਿਆਨ ਦੀ ਇਹ
ਵਡਿਆਈ ਹੈ ਕਿ ਇਸ ਧਰਤੀ `ਤੇ ਜੋ ਧਰਮਸਾਲ ਹੈ ਉਸ ਵਿੱਚ ਰਹਿੰਦਿਆ ਹੋਇਆਂ ਹੀ ਰੱਬੀ ਹੁਕਮ ਵਿੱਚ
ਚਲਦਿਆਂ ‘ਸਚਿਆਰ ਮਨੁੱਖ’ ਭਾਵ ਗੁਰਮੁਖ ਬਣਨਾ ਹੈ, ਜਿਸ ਨੂੰ ਖਾਲਸਾ ਜਾਂ ਨਿਰਮਲ ਪੰਥ ਦਾ ਪਾਂਧੀ
ਕਿਹਾ ਗਿਆ ਹੈ---
ਨਾਨਕ ਸਤਿਗੁਰਿ ਭੇਟਿਐ ਪੂਰੀ ਹੋਵੈ ਜੁਗਤਿ॥
ਹਸੰਦਿਆ ਖੇਲੰਦਿਆ ਪੈਨੰਦਿਆ ਖਾਵੰਦਿਆ ਵਿਚੇ ਹੋਵੈ ਮੁਕਤਿ॥
ਪਰ ਅਸੀਂ ਇਹ ਸਾਰੀਆਂ ਗੱਲਾਂ ਮਰਣ ਤੋਂ ਬਾਅਦ ਦੀਆਂ ਮਿੱਥ ਕੇ ਬ੍ਰਹਾਮਣ ਦੀ
ਪੈੜ ਨੱਪ ਰਹੇ ਹਾਂ। ਬ੍ਰਹਾਮਣੀ ਕਰਮ-ਕਾਂਡ ਦੀ ਏਨੀ ਧੂੜ ਜੰਮ ਗਈ ਹੈ, ਕਿ ਅਸੀਂ ਗੁਰਬਾਣੀ ਨੂੰ ਓਸੇ
ਢਾਂਚੇ ਵਿੱਚ ਦੇਖਣ ਦਾ ਯਤਨ ਕਰ ਰਹੇ ਹਾਂ। ਜਿਉਂਦਿਆਂ ਵੈਰ ਭਾਵਨਾ, ਭਰਾ ਮਾਰੂ ਬਿਰਤੀ, ਨਫ਼ਰਤ,
ਈਰਖਾ, ਤੰਗ ਦਿਲੀ, ਹਊਮੇ, ਕ੍ਰੋਧ, ਕਾਮਕ ਬਿਰਤੀ ਤੇ ਕਰਮ-ਕਾਂਡ ਦੇ ਆਵਾਗਵਣ ਵਿੱਚ ਪਏ ਹੋਏ ਹਾਂ।
ਦੁਖਾਂਤ ਇਸ ਗੱਲ ਦਾ ਹੈ ਕਿ ਜੋ ਅੱਜ ਦੇ ਜੀਵਨ ਵਿੱਚ ਆਵਾਗਵਣ ਭੋਗਿਆ ਜਾ ਰਿਹਾ ਹੈ ਉਸ ਤੋਂ
ਛੁੱਟਕਾਰਾ ਪਾਉਣ ਲਈ ਤਿਆਰ ਨਹੀਂ ਹਾਂ, ਪਰ ਮਰਣ ਦੇ ਉਪਰੰਤ ਵਾਲੇ ਦਾ ਸਾਨੂੰ ਬਹੁਤਾ ਡਰ ਸਤਾ ਰਿਹਾ
ਹੈ ਜਦ ਕੇ ਗੁਰਬਾਣੀ ਦਾ ਫਲਸਫਾ ਮੁੱਢਲੇ ਤੌਰ `ਤੇ ਨਿਰਭਉ ਬਣਨ ਦਾ ਹੈ ਤੇ ਕਹਿ ਰਹੀ ਹੈ—
“ਮੂਏ ਹੂਏ ਜਉ ਮੁਕਤਿ ਦੇਹੁਗੇ, ਮੁਕਤਿ
ਨ ਜਾਨੈ ਕੋਇਲਾ”॥
੨. ਸਿੱਖ ਧਰਮ ਉੱਤੇ ਬ੍ਰਹਾਮਣੀ ਅਤੇ ਵੇਦਾਂਤ ਦਾ ਗਲੇਫ਼----
ਪ੍ਰਸਿੱਧ ਇਤਿਹਾਸਕਾਰ ਡਾਕਟਰ ਕਿਰਪਾਲ ਸਿੰਘ ਜੀ ਜਨਮ ਸਾਖੀ ਪਰੰਪਰਾ ਪੁਸਤਕ
ਦੀ ਪ੍ਰਵੇਸ਼ਕਾ ਵਿੱਚ ਲਿਖਦੇ ਹਨ ਕਿ “ਗੁਰੂ ਨਾਨਕ ਸਾਹਿਬ ਜੀ ਦਾ ਸਿਧਾਂਤ ਜੀਵਨ ਵਿੱਚ ਰਹਿ ਕੇ ਮਾਇਆ
ਤੋਂ ਨਿਰਲੇਪ ਰਹਿਣਾ ਸੀ। ਇਸ ਗੱਲ ਨੂੰ ਹਿੰਦੂ ਧਾਰਮਿਕ ਸ਼ਬਦਾਵਲੀ ਵਿੱਚ ਰਾਜ ਜੋਗ ਕਹਿੰਦੇ ਸਨ। ਰਾਜ
ਜੋਗ ਕਮਾਉਣ ਵਾਲਾ ਅਰਦਸ਼ਕ ਵਿਆਕਤੀ ਰਾਜਾ ਜਨਕ ਨੂੰ ਮੰਨਿਆ ਜਾਂਦਾ ਹੈ। ਰਾਜਾ ਜਨਕ ਦੇ ਬਿਸ਼ਨ-ਪਦੇ
ਹੁਣ ਤੀਕ ਪੰਜਾਬ ਦੇ ਹਿੰਦੂਆਂ ਵਿੱਚ ਪਰਚੱਤ ਹਨ। ਜਿੱਥੇ ਮੁਸਲਮਾਨੀ ਸਭਿਅਤਾ ਨੇ ਗੁਰੂ ਨਾਨਕ ਸਾਹਿਬ
ਜੀ ਦੀਆਂ ਰਵਾਇਤਾਂ ਨੂੰ ਕਰਾਮਾਤੀ ਰੰਗ ਦਿੱਤਾ ਸੀ ਉੱਥੇ ਹਿੰਦੂ ਧਾਰਮਿਕ ਸਾਹਿਤ ਨੇ ਇਹਨਾਂ
ਰਵਾਇਤਾਂ ਵਿੱਚ ਮਿਥਿਹਾਸਕ ਰੰਗ ਭਰਿਆ”।
੧੭੦੮ ਈਸਈ ਨੂੰ ਗੁਰੂ ਗੋਬਿੰਦ ਸਿੰਘ ਜੀ ਜੋਤੀ ਜੋਤ ਸਮਾਏ ਹਨ ਤੇ ਥੋੜੇ ਚਿਰ
ਵਿੱਚ ਹੀ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਖਾਲਸਾ ਰਾਜ-ਭਾਗ ਕਾਇਮ ਕਰਕੇ ਗੁਰੂ ਨਾਨਾਕ ਜੀ ਤੇ ਗੁਰੂ
ਗੋਬਿੰਦ ਸਿੰਘ ਜੀ ਦੇ ਨਾਂ ਦਾ ਸਿੱਕਾ ਜਾਰੀ ਕਰ ਦਿੱਤਾ। ੧੭੧੬ ਈਸਵੀ ਨੂੰ ਬੰਦਾ ਸਿੰਘ ਜੀ ਬਹਾਦਰ
ਨੇ ਆਪਣੀ ਅਦੁੱਤੀ ਸ਼ਹਾਦਤ ਦੇ ਕੇ ਦੁਨੀਆਂ ਅੰਦਰ ਇੱਕ ਮਿਸਾਲ ਕਾਇਮ ਕਰ ਦਿੱਤੀ। ੧੭੩੪ ਈਸਵੀ ਨੂੰ
ਭਾਈ ਮਨੀ ਸਿੰਘ ਜੀ ਨੇ ਲਾਹੌਰ ਜਾ ਕੇ ਆਪਣੀ ਕੀਮਤੀ ਸ਼ਹਾਦਤ ਰਾਂਹੀ ਸਿੱਖ ਕੌਮ ਦੇ ਬੂਟੇ ਨੂੰ ਪਾਣੀ
ਦਿੱਤਾ। ਇਹ ਇੱਕ ਅਜੇਹਾ ਸਮਾਂ ਸੀ ਜਦੋਂ ਸਿੰਘਾਂ ਨੂੰ ਘੋੜਿਆਂ ਦੀਆਂ ਕਾਠੀਆਂ ਤੇ ਲਗਾਤਾਰ ਪੰਜਾਹ
ਸਾਲ ਰਹਿਣਾ ਪਿਆ। ਧਰਮਸਾਲਾਵਾਂ ਤਥਾ ਗੁਰਦੁਆਰਿਆਂ ਦੀ ਉਦਾਸੀਆਂ ਤੇ ਨਿਰਮਲਿਆਂ ਨੇ ਵਾਗ ਡੋਰ
ਸੰਭ੍ਹਾਲ਼ ਲਈ। ਸਮੇਂ ਦੀਆਂ ਇਸਲਾਮਕ ਸਰਕਾਰਾਂ ਨੇ ਆਪਣੇ ਵਿਰੋਧੀਆਂ `ਤੇ ਹਰ ਪ੍ਰਕਾਰ ਦੇ ਜ਼ੁਲਮ
ਢਾੲ੍ਹੇ। ਕੁਦਰਤੀ ਇਹੋ ਜੇਹੇ ਵਾਤਾਵਰਨ ਵਿੱਚ ਗੁਰਦੁਆਰਿਆਂ ਦੇ ਪੁਜਾਰੀਆਂ ਦਾ ਝੁਕਾਅ ਬ੍ਰਾਹਮਣੀ
ਕਰਮ-ਕਾਂਡ ਦੀ ਵਿਚਾਰਧਾਰਾ ਵਲ ਨੂੰ ਹੋ ਗਿਆ। ਦੂਜਾ ਸਿੱਖ ਧਰਮ ਵਿੱਚ ਪਰਚਾਰਕ ਉਹ ਆ ਗਏ ਜੋ ਅੰਦਰੋਂ
ਬਿਪਰਵਾਦੀ--ਸਿਧਾਂਤ ਨੂੰ ਜ਼ਿਆਦਾ ਸਮਰਪਤ ਸਨ। ਏਸੇ ਸਮੇਂ ਦੌਰਾਨ ਜਨਮ ਸਾਖੀਆਂ ਗੁਰ-ਬਿਲਾਸ ਤੇ
ਬਚਿੱਤ੍ਰ ਨਾਟਕ ਵਰਗੀਆਂ ਪੁਸਤਕਾਂ ਹੋਂਦ ਵਿੱਚ ਆ ਗਈਆਂ, ਜਿਨ੍ਹਾਂ ਵਿੱਚ ਗੁਰ-ਸਿਧਾਂਤ ਨਾ-ਮਾਤਰ ਤੇ
ਬ੍ਰਹਮਣੀ ਕਰਮ-ਕਾਂਡ ਵਧੇਰੇ ਭਰਿਆ ਹੋਇਆ ਸੀ। ਇਹਨਾਂ ਗ੍ਰੰਥਾਂ ਦੀ ਹੀ ਦਿਨੇ ਰਾਤ ਵਿਆਖਿਆ ਹੁੰਦੀ
ਰਹੀ ਜੋ ਹੁਣ ਸਿੱਖੀ ਦੀ ਮਾਨਸਕਤਾ ਦਾ ਇੱਕ ਹਿੱਸਾ ਬਣ ਚੁੱਕੀਆਂ ਹਨ ਤੇ ਅੱਜ ਦੇ ਦੌਰ ਵਿੱਚ ਵੀ ਏਸੇ
ਦਰਪਨ ਵਿੱਚ ਹੀ ਸਿੱਖ ਫਲਸਫ਼ਾ ਦੇਖਿਆ ਜਾ ਰਿਹਾ ਹੈ।
ਸਿੱਖੀ ਸਿਧਾਂਤ ਵਿੱਚ ਥੋੜਾ ਕਰਾਮਾਤੀ ਤੱਤਵ ਇਸਲਾਮ ਤੇ ਬਹੁਤਾ ਕਰਮ-ਕਾਂਡੀ
ਬ੍ਰਹਾਮਣੀ ਮੱਤ ਵਾਲਿਆਂ ਦਾ ਮਿਲਦਾ ਹੈ ਜੋ ਸਾਡੀ ਮਾਨਸਕਤਾ ਵਿੱਚ ਇੰਝ ਬੈਠ ਗਿਆ ਹੈ ਜਿਵੇਂ ਨੌਂਹ
ਤੇ ਮਾਸ ਦਾ ਰਿਸ਼ਤਾ ਹੋਵੇ। ਏਸੇ ਨੂੰ ਹੀ ਅਸੀਂ ਅਸਲੀ ਧਰਮ ਸਮਝੀਂ ਬੈਠੇ ਹਾਂ।
ਡਾਕਟਰ ਗੁਰਸ਼ਰਨਜੀਤ ਸਿੰਘ ਜੀ ਆਪਣੀ ਪੁਸਤਕ ਗੁਰਬਾਣੀ ਪ੍ਰੰਪਰਾ ਵਿੱਚ ਲਿਖਦੇ
ਹਨ, “ਸਿੱਖ ਸੱਚ ਲਈ ਜਿਉਂਦਾ ਹੈ, ਉਹ ਕਿਰਤੀ ਹੈ, ਉਹ ਜ਼ੁਲਮ ਤੋਂ ਡਰਦਾ ਨਹੀਂ, ਕਿਸੇ ਨਾਲ ਬੁਰਾ
ਕਰਦਾ ਨਹੀਂ, ਉਹ ਦੇਹ ਦੀ ਪੂਜਾ ਨਹੀਂ ਕਰਦਾ। ਸਿੱਖ ਦੀ ਸ਼ਖ਼ਸੀਅਤ ਗੁਰਬਾਣੀ ਵਿੱਚ ਢਲ਼ੀ ਹੋਈ ਹੈ। ਇਸ
ਲਈ ਗੁਰਬਾਣੀ ਤੇ ਸਿੱਖ ਇਤਿਹਾਸ ਵਿੱਚ ਕੋਈ ਵਿਰੋਧ ਹੋ ਹੀ ਨਹੀਂ ਸਕਦਾ। ਪਰ ਬਿਪਰਵਾਦ ਨੇ ਸਾਡੇ ਹਰ
ਸਿਧਾਂਤ ਵਿੱਚ ਦਖਲ ਦੇ ਕੇ ਉਸ ਨੂੰ ਪ੍ਰਦੂਸ਼ਿਤ ਕੀਤਾ ਹੈ। ਉਸ ਨੇ ਸਿੱਖ ਤੋਂ ਜੀਵਨ ਮਨੋਰਥ ਖੋਹ ਕੇ
ਸਿੱਖ ਨੂੰ ਥੱਲੇ ਦੇ ਖ਼ਿਆਲਾਂ ਵਾਲਾ ਬਣਾਉਣ ਦੀ ਕੁਚਾਲ ਚੱਲੀ ਹੈ। ਜਿਸ ਪ੍ਰਭੂ ਦਾ ਕੋਈ ਸ਼ਰੀਕ ਨਹੀਂ,
ਉਸ ਨੂੰ ਮਿਲਣ ਦਾ ਸਾਧਨ ਏਹੀ ਹੈ ਕਿ ਉਸ ਪ੍ਰਭੂ ਦੇ ਗੁਣਾਂ ਨੂੰ ਆਪਣੇ ਜੀਵਨ ਦਾ ਹਿੱਸਾ ਬਣਾ ਲਿਆ
ਜਾਵੇ। ਏਹੀ ਪ੍ਰਭੂ ਵਿੱਚ ਅਭੇਦ ਹੋਣਾ ਹੈ”।
ਡਾਕਟਰ ਗੁਰਸ਼ਰਨਜੀਤ ਸਿੰਘ ਜੀ ਅੱਗੇ ਲਿਖਦੇ ਹਨ, “ਕਿ ਗੁਰਬਾਣੀ ਦੇ ਸਹੀ
ਪ੍ਰਸੰਗ ਨੂੰ ਸਮਝਣ ਲਈ ਗੁਰੂ ਸਾਹਿਬਾਨ ਦੇ ਪ੍ਰਮਾਣਿਕ ਇਤਿਹਾਸ ਅਤੇ ਸਿੱਖ ਇਤਿਹਾਸ ਨੂੰ ਸਾਹਮਣੇ
ਰੱਖਣਾ ਜ਼ਰੂਰੀ ਹੈ। ਬਹੁਤੀ ਵੇਰ ਜਿਸ ਵੇਦਾਂਤ ਦੀ ਸ਼ੈਲੀ ਨੂੰ ਪਰਚਾਰਿਆ ਜਾਂਦਾ ਹੈ, ਸਿੱਖ ਜਾਚ ਤੋਂ
ਵਿਪਰੀਤ ਹੈ। ਇਸ ਲਈ ਗੁਰਬਾਣੀ ਦੀ ਸਹੀ ਸਮਝ ਲਈ ਜ਼ਰੂਰੀ ਹੈ ਕਿ ਸਮੁੱਚੀ ਸਿੱਖ ਜੀਵਨ ਜਾਚ ਨੂੰ
ਸਾਹਮਣੇ ਰੱਖਿਆ ਜਾਵੇ। ਗੁਰਬਾਣੀ ਵੇਦਾਂਤ ਤੇ ਯੋਗ ਮਤ ਤੋਂ ਨਿਆਰੀ ਹੈ”। ਗੁਰਬਾਣੀ ਨੇ ਬ੍ਰਾਹਮਣੀ
ਵਿਚਾਰਧਾਰਾ ਦੇ ਛੌਢ੍ਹੇ ਲਾਹੁੰਦਿਆਂ ਕੈਸੇ ਸੁੰਦਰ ਫਰਮਾਣ ਕੀਤੇ ਹਨ---
ਐਸੇ ਬ੍ਰਾਹਮਣ ਡੂਬੇ ਭਾਈ॥ ਨਿਰਾਪਰਾਧ ਚਿਤਵਹਿ ਬੁਰਿਆਈ॥
ਬਾਹਰਿ ਭੇਖ ਕਰਹਿ ਘਨੇਰੇ॥ ਅੰਤਰਿ ਬਿਖਿਆ ਉਤਰੀ ਘੇਰੇ॥
ਅਵਰ ਉਪਦੇਸੈ ਆਪਿ ਨ ਬੂਝੈ॥ ਐਸਾ ਬ੍ਰਾਹਮਣੁ ਕਹੀ ਨ ਸੀਝੈ॥
ਮੂਰਖ ਬਾਮਣ ਪ੍ਰਭੂ ਸਮਾਲਿ॥ ਦੇਖਤ ਸੁਨਤ ਤੇਰੈ ਹੈ ਨਾਲਿ॥
ਪੰਨਾ ੩੭੨
੩. ਗੁਰਬਾਣੀ ਦੀ ਵਿਲੱਖਣ ਮਹਾਨਤਾ—
ਗੁਰਬਾਣੀ ਦੀ ਵਿਚਾਰ ਦਾ ਦੌਰ ਸ਼ੁਰੂ ਹੋਇਆ ਤਾਂ ਪਹਿਲਾਂ ਜਿਸ ਕਿਸੇ ਸ਼ਬਦ ਦੀ
ਸਮਝ ਨਹੀਂ ਆਉਂਦੀ ਸੀ ਉਸ ਸ਼ਬਦ ਦੀ ਭੂਮਿਕਾ ਵਿੱਚ ਕੋਈ ਨਾ ਕੋਈ ਸਾਖੀ ਜੋੜ ਦੇਣੀ ਤੇ ਉਸ ਨੂੰ ਕਥਾ
ਤੇ ਸਿੱਖੀ ਸਿਧਾਂਤ ਸਮਝ ਲਿਆ ਗਿਆ। ਅਣਭੋਲ਼ ਵਿੱਚ ਸਾਡੇ ਬਜ਼ੁਰਗਾਂ ਵਲੋਂ ਕੁੱਝ ਸਿੱਖ ਸਿਧਾਤ ਨਾਲ
ਅਜੇਹੀਆਂ ਪੁਸਤਕਾਂ ਲਿਖੀਆਂ ਗਈਆਂ ਜਿੰਨ੍ਹਾਂ ਵਿੱਚ ਬ੍ਰਹਾਮਣੀ ਕਰਮ-ਕਾਂਡ ਦੀ ਮੂੰਹ ਬੋਲਦੀ ਤਸਵੀਰ
ਹੈ ਪਰ ਅਸੀਂ ਉਹਨਾਂ ਨੂੰ ਗੁਰਬਾਣੀ ਦੀ ਕਸਵੱਟੀ `ਤੇ ਪਰਖ ਨਹੀਂ ਸਕੇ। ਜਿਵੇਂ ਸੌ ਸਾਖੀ ਜਾਂ ਭਗਤ
ਮਾਲਾ ਦੇ ਨਾਂ ਹੇਠ ਅਜੇਹੀਆਂ ਪੁਸਤਕਾਂ ਦੀ ਏਨੀ ਵਾਰ ਪੜ੍ਹਾਈ ਹੋ ਚੁੱਕੀ ਹੈ ਕਿ ਸਾਨੂੰ ਹੁਣ ਏਹੋ
ਹੀ ਸਿੱਖ ਸਿਧਾਂਤ ਸਮਝ ਵਿੱਚ ਆ ਰਿਹਾ ਹੈ।
ਗੁਰੂ ਸਾਹਿਬ ਜੀ ਨੇ ਆਪਣੀ ਗੱਲ ਸਮਝਾਉਣ ਲਈ ਆਮ ਵਰਤੀ ਜਾਣ ਵਾਲੀ ਬੋਲੀ,
ਬਿੰਬ, ਮੁਹਵਰੇ ਲਏ ਹਨ। ਵੱਖ ਵੱਖ ਧਰਮਾਂ ਨਾਲ ਸਬੰਧਤ ਸ਼ਬਦਾਵਲੀ ਦੀ ਗੁਰਬਾਣੀ ਵਿੱਚ ਵਰਤੋਂ ਕੀਤੀ
ਗਈ ਹੈ। ਪੁਰਾਣੀਆਂ ਪ੍ਰਚੱਲਤ ਗਾਥਾਵਾਂ ਦੀ ਵਰਤੋਂ ਕੀਤੀ ਗਈ ਮਿਲਦੀ ਹੈ। ਇਸ ਦਾ ਅਰਥ ਇਹ ਨਹੀਂ ਕਿ
ਗੁਰੂ ਜੀ ਇਹਨਾਂ ਮਿੱਥਾਂ ਜਾਂ ਗਾਥਾਂਵਾਂ ਨੂੰ ਕੋਈ ਮਾਨਤਾ ਦੇ ਰਹੇ ਹਨ। ਹੋਇਆ ਇਹ ਕਿ ਅਸੀਂ ਗੁਰੂ
ਗ੍ਰੰਥ ਸਾਹਿਬ ਜੀ ਵਿੱਚ ਵਰਤੀ ਗਈ ਸ਼ਬਦਾਵਲੀ ਅਨੁਸਾਰ ਅਰਥ ਭਾਵ ਬ੍ਰਹਾਮਣੀ ਕਰਮ-ਕਾਂਡ ਦੇ ਅਧਾਰਤ ਹੀ
ਕਰਦੇ ਰਹੇ। ਗੁਰਬਾਣੀ ਸਾਰੀ ਮਨੁੱਖਤਾ ਲਈ ਜੀਵਨ ਜਾਚ ਦਾ ਖ਼ਜ਼ਾਨਾ ਹੈ। ਗੁਰਬਾਣੀ ਵਿੱਚ ਧਰਮਰਾਜ,
ਵਹੀ, ਚੌਰਾਸੀ ਲੱਖ ਜੂਨਾਂ, ਲੇਖਾ, ਜਮਦੂਤ, ਚਿੱਤਰ-ਗੁਪਤ, ਸਵਰਗ-ਨਰਕ, ਸੱਚ-ਖੰਡ, ਦਰਗਾਹ, ਪਤਾਲ਼,
ਜਨਮ-ਮਰਣ, ਅਵਾਗਵਣ, ਬਹਿਸ਼ਤ, ਦੋਜ਼ਕ, ਸਤਜੁੱਗ, ਤ੍ਰੇਤਾ, ਦੁਆਪਰ, ਕਲਜੁੱਗ, ਬੇਦ, ਸਿਮ੍ਰਿਤੀਆਂ,
ਸ਼ਾਸਤਰ, ਪੁਰਾਣ, ਅਜ਼ਰਾਈਲ, ਜੋਤ, ਸਰਾਧ, ਸੂਤਕ-ਪਾਤਕ, ਜਨੇਊ, ਇਤਿਆਦਕ ਸ਼ਬਦਾਂ ਦੀ ਆਮ ਵਰਤੋਂ ਕੀਤੀ
ਗਈ ਹੈ। ਅਸੀਂ ਇਹਨਾਂ ਦੇ ਭਾਵ ਅਰਥ ਨੂੰ ਨਹੀਂ ਲਿਆ ਸਗੋਂ ਹੂ-ਬ-ਹੂ ਅਖ਼ਰੀਂ ਅਰਥਾਂ `ਤੇ ਹੀ ਬੈਠ ਗਏ
ਹਾਂ, ਤੇ ਆਣਜਾਣੇ ਵਿੱਚ ਬ੍ਰਾਹਮਣੀ ਜਾਂ ਵੇਦਾਂਤ ਮਤ ਦੀ ਗੁਰਬਾਣੀ ਦ ਹਵਾਲੇ ਦੇ ਦੇ ਕੇ ਵਿਆਖਿਆ
ਕਰਦੇ ਰਹੇ ਹਾਂ।
ਗੁਰਬਾਣੀ ਨੇ ਉਪਰੋਕਤ ਹਵਾਲੇ ਲਏ ਹਨ ਪਰ ਇਹਨਾਂ ਦੀ ਪ੍ਰੋੜਤਾ ਨਹੀਂ ਕੀਤੀ।
ਪਰ ਅਸੀਂ ਪ੍ਰੋੜਤਾ ਕਰਨ ਵਿੱਚ ਫ਼ਕਰ ਮਹਿਸੂਸ ਕਰ ਰਹੇ ਹਾਂ। ਗੁਰੂ ਸਾਹਿਬ ਜੀ ਨੇ ਲੋਕ ਬੋਲੀ ਵਿੱਚ
ਗੱਲ ਕਰਦਿਆਂ ਇਹਨਾਂ ਮੁਹਵਰਿਆਂ, ਬਿੰਬਾਂ ਦੀ ਵਰਤੋਂ ਕਰਦਿਆਂ ਮਨੁੱਖ ਦੀ ਅੰਦਰਲੀ ਹੋਣੀ ਸੰਵਾਰਨ
`ਤੇ ਜ਼ੋਰ ਦਿੱਤਾ ਹੈ। ਕਿੰਨਾ ਚੰਗਾ ਹੋਵੇ ਜੇ ਅਸੀਂ ਗੁਰਬਾਣੀ ਨੂੰ ਆਪਣੇ ਜੀਵਨ `ਤੇ ਢੁਕਾਅ ਕੇ
ਦੇਖਣ ਦਾ ਯਤਨ ਕਰੀਏ ਤਾਂ ਸਾਨੂੰ ਬ੍ਰਹਾਮਣੀ ਸੋਚ ਤਥਾ ਬੇ-ਫ਼ਜੂਲ ਦੇ ਕਰਮ-ਕਾਂਡਾਂ ਤੋਂ ਮੁਕਤੀ ਮਿਲ
ਸਕਦੀ ਹੈ।
੪. ਗੁਰਬਾਣੀ ਵਿੱਚ ਆਵਾਗਉਣ ਜਾਂ ਆਵਾਗਵਣ ਸ਼ਬਦ ਦੀ ਵਰਤੋਂ--
ਗੁਰਬਾਣੀ ਵਿੱਚ ਸ਼ਬਦ ਆਵਾਗਵਣ, ਆਵਾਗਵਨ ਜਾਂ ਆਵਾਗਉਣ ਦੇ ਨਾਂ ਹੇਠ ਕਈ ਵਾਰੀ
ਆਇਆ ਹੈ। ਆਮ ਕਰਕੇ ਅਰਥ ਏਸੇ ਤਰ੍ਹਾਂ ਹੀ ਕੀਤੇ ਗਏ ਹਨ ਮਨੁੱਖ ਆਵਾਗਵਣ ਦੇ ਚੱਕਰ ਕਰਕੇ ਸੰਸਾਰ
ਵਿੱਚ ਆਇਆ ਹੈ। ਜੇ ਇਸ ਨੇ ਹੁਣ ਨਾਮ ਨਾ ਜਪਿਆ ਤਾਂ ਅਗਾਂਹ ਇਸ ਨੂੰ ਫਿਰ ਚੌਰਾਸੀ ਲੱਖ ਜੂਨਾਂ ਦੇ
ਲੰਬੇ ਚੱਕਰ ਵਿੱਚ ਦੀ ਘੁੰਮ ਕੇ ਆਉਣਾ ਪਏਗਾ।
ਅਸਲ ਵਿੱਚ ਆਵਾ ਗਵਣ ਮਨੁੱਖ ਦੀ ਅੰਦਰਲ਼ੀ ਅਵਸਥਾ ਦਾ ਨਾਂ ਹੈ ਜਿਸ ਨੂੰ
ਗੁਰਬਾਣੀ ਨੇ ਇਸ ਤਰ੍ਹਾਂ ਬਿਆਨ ਕੀਤਾ ਹੈ ਕਿ ਅਸਲ ਇਨਸਾਨ ਉਹ ਹੈ ਜੋ ਆਪਣ ਹੱਥੀਂ ਮਿਹਨਤ ਕਰਦਾ ਹੈ
ਨਾ ਕਿ ਕਿਸੇ ਦੂਜੇ ਦੀ ਕਿਰਤ `ਤੇ ਪਲ਼ਦਾ, ਸਗੋਂ ਅੰਦਰਲੇ ਸ਼ੁਭ ਗੁਣਾਂ ਦੀ ਸੰਭਾਲ਼ ਕਰਦਾ ਹੈ–
ਅਭਿਆਗਤ ਏਹਿ ਨ ਆਖੀਅਨਿ ਜਿ ਪਰ ਘਰਿ ਭੋਜਨੁ ਕਰੇਨਿ॥
ਉਦਰੈ ਕਾਰਣਿ ਆਪਣੇ ਬਹਲੇ ਭੇਖਿ ਕਰੇਨਿ॥
ਅਭਿਆਗਤ ਸੇਈ ਨਾਨਕਾ ਜਿ ਆਤਮ ਗਉਣੁ ਕਰੇਨਿ॥
ਭਾਲਿ ਲਹਨਿ ਸਹੁ ਆਪਣਾ ਨਿਜ ਘਰਿ ਰਹਣੁ ਕਰੇਨਿ॥
ਅਰਥ---
ਜੋ
ਮਨੁੱਖ ਪਰਾਏ ਘਰ ਵਿੱਚ ਰੋਟੀ ਖਾਂਦੇ ਹਨ ਤੇ ਆਪਣਾ ਪੇਟ ਭਰਨ ਦੀ ਖ਼ਾਤਰ ਕਈ ਭੇਖ ਕਰਦੇ ਹਨ, ਉਹਨਾਂ
ਨੂੰ ‘ਅਭਿਆਗਤ’ (ਸਾਧੂ) ਨਹੀਂ ਆਖੀਦਾ। ਹੇ ਨਾਨਕ !
‘ਅਭਿਆਗਤ’ ਉਹੀ ਹਨ ਜੋ ਆਤਮਕ ਮੰਡਲ ਦੀ ਸੈਰ ਕਰਦੇ ਹਨ, ਆਪਣੇ ਅਸਲ ਘਰ (ਪ੍ਰਭੂ) ਵਿੱਚ ਨਿਵਾਸ
ਰੱਖਦੇ ਹਨ ਤੇ ਆਪਣੇ ਖਸਮ-ਪ੍ਰਭੂ ਨੂੰ ਲੱਭ ਲੈਂਦੇ ਹਨ।
ਸਾਡੇ ਮੁਲਕ ਅੰਦਰ ਵਿਹਲੜ ਭੇਖਧਾਰੀ ਸਾਧੂਆਂ ਸੰਤਾਂ ਦਾ ਬੋਲਬਾਲਾ ਜ਼ਿਆਦਾ ਹੈ
ਜੋ ਆਪ ਕਿਰਤ ਕਮਾਈ ਤਾਂ ਕਰਦੇ ਕੋਈ ਨਹੀਂ ਪਰ ਦੂਜਿਆ ਦੇ ਘਰਾਂ ਵਿਚੋਂ ਮੰਗ ਕੇ ਖਾਂਦੇ ਹਨ। ਅਸਲ
ਸਾਧੂ ਤਾਂ ਉਹ ਹਨ ਜੋ ਆਪਣੇ ਅੰਤਰ-ਆਤਮੇ ਦੀ ਸੈਰ ਕਰਦੇ ਹਨ। ਸ਼ਬਦ “ਆਤਮ ਗਉਣੁ ਕਰੇਨਿ” ਇਸ ਦਾ ਭਾਵ
ਅਰਥ ਹੈ ਕਿ ਸਾਡੇ ਮਨ ਵਿੱਚ ਦੋ ਬਿਰਤੀਆਂ ਕੰਮ ਕਰਦੀਆਂ ਹਨ ਇੱਕ ਸਾਕਤਾਂ ਵਾਲਾਂ ਬਿਰਤੀ ਹੈ ਜਦੋਂ
ਕਿ ਦੂਜੀ ਗੁਰਮੁਖਾਂ ਵਾਲੀ ਹੈ। ਇਹ ਇੱਕ ਅੰਦਰਲੇ ਆਵਾ-ਗਉਣ ਦਾ ਚੱਕਰ ਹੈ ਜੋ ਲੋਕਾਂ ਦਿਆਂ ਘਰਾਂ
ਵਿਚੋਂ ਮੰਗ ਕੇ ਖਾ ਰਿਹਾ ਹੈ ਜੇ ਇਸ ਚੱਕਰ ਨੂੰ ਛੱਡ ਕੇ ਅੰਦਰਲੇ ਸ਼ੁਭ ਗੁਣਾਂ ਦੀ ਸੈਰ ਕੀਤੀ ਜਾਏ
ਭਾਵ ਅਵਗੁਣਾਂ ਦਾ ਤਿਆਗ ਕੀਤਾ ਜਾਏ ਤੇ ਫਿਰ ਨਿਜ ਘਰ ਵਿੱਚ ਟਿਕਾਣਾ ਮਿਲ ਸਕਦਾ ਹੈ, ਜਿਸ ਨੂੰ
ਹੁਕਮੀ ਕਾਰ ਜਾਂ ਨਿਯਮਬਧ ਜੀਵਨ ਕਿਹਾ ਜਾ ਸਕਦਾ ਹੈ।
੫. ਅੰਦਰਲੇ ਨੀਵੇਂ ਉਤਰਾਅ ਚੜ੍ਹਾਅ ਦਾ ਨਾਂ ਆਵਾਗਉਣ--
ਸਿੱਧੇ ਸ਼ਬਦਾਂ ਵਿੱਚ ਇਹ ਕਿਹਾ ਜਾ ਸਕਦਾ ਹੈ ਮਨੁੱਖ ਜਿਉਂਦਿਆਂ ਹੀ ਸਾਕਤ ਤੇ
ਗੁਰਮੁਖ ਵਾਲੀ ਬਿਰਤੀ ਕਰਕੇ ਆਵਾਗਉਣ ਦੇ ਚੱਕਰ ਵਿੱਚ ਫਸਿਆ ਪਿਆ ਹੈ। ਇਸ ਦੀ ਗ਼ਮੀ ਖੁਸ਼ੀ ਦਾ ਕੋਈ ਵੀ
ਪਤਾ ਨਹੀਂ ਲੱਗਦਾ। ਕਦੇ ਕਿਸੇ ਨੂੰ ਦੁਸ਼ਮਣ ਸਮਝਦਾ ਹੈ ਤੇ ਕਦੇ ਕਿਸੇ ਨੂੰ ਮਿੱਤਰ ਸਮਝਦਾ ਹੈ।
ਜਿੰਨ੍ਹਾਂ ਚਿਰ ਇਸ ਵਿੱਚ ਟਿਕਾਅ ਨਹੀਂ ਆ ਜਾਂਦਾ ਉਹਨਾਂ ਚਿਰ ਇਹ ਆਵਾਗਉਣ ਦੇ ਚੱਕਰ ਵਿਚੋਂ ਨਹੀਂ
ਨਿਕਲ ਸਕਦਾ ਹੈ। ਸੁਖਮਨੀ ਸਾਹਿਬ ਵਿੱਚ ਆਵਾਗਵਣ ਸਬੰਧੀ ਬਹੁਤ ਪਿਆਰਾ ਖ਼ਿਆਲ ਹੈ ----
ਜਬ ਲਗੁ ਜਾਨੈ ਮੁਝ ਤੇ ਕਛੁ ਹੋਇ॥ ਤਬ ਇਸ ਕਉ ਸੁਖੁ ਨਾਹੀ ਕੋਇ॥
ਜਬ ਇਹ ਜਾਨੈ ਮੈ ਕਿਛੁ ਕਰਤਾ॥ ਤਬ ਲਗੁ ਗਰਭ ਜੋਨਿ ਮਹਿ ਫਿਰਤਾ॥
ਜਬ ਧਾਰੈ ਕੋਊ ਬੈਰੀ ਮੀਤੁ॥ ਤਬ ਲਗੁ ਨਿਹਚਲੁ ਨਾਹੀ ਚੀਤੁ॥
ਜਬ ਲਗੁ ਮੋਹ ਮਗਨ ਸੰਗਿ ਮਾਇ॥ ਤਬ ਲਗੁ ਧਰਮਰਾਇ ਦੇਇ ਸਜਾਇ॥
ਪ੍ਰਭ ਕਿਰਪਾ ਤੇ ਬੰਧਨ ਤੂਟੈ॥ ਗੁਰ ਪ੍ਰਸਾਦਿ ਨਾਨਕ ਹਉ ਛੂਟੈ॥
ਸੁਖਮਨੀ ਸਾਹਿਬ ਪੰਨਾ ੨੭੮
ਜਦੋਂ ਇਹ ਸਮਝਦਾ ਹੈ ਹੰਕਾਰ ਦੇ ਤਲ਼ `ਤੇ ਕਿ ਮੈਂ ਕੁੱਝ ਕਰ ਸਕਦਾ ਹਾਂ, ਤਦ
ਤਾਂਈ ਇਸ ਨੂੰ ਸੁਖ ਨਹੀਂ ਮਿਲ ਸਕਦਾ। ਜਦੋਂ ਇਹ ਕਹੇ ਕਿ ਆਪਣੇ ਬਲ ਨਾਲ ਕੁੱਝ ਕਰ ਸਕਦਾ ਹਾਂ ਤਾਂ
ਇਹ ਇਸ ਦਾ ਹੰਕਾਰ ਜੂਨ ਰੂਪ ਵਿੱਚ ਪ੍ਰਗਟ ਹੁੰਦਾ ਹੈ।
“ਤਬ ਲਗੁ ਗਰਭ ਜੋਨਿ ਮਹਿ ਫਿਰਤਾ”
ਦੇਖੋ ਇਹ ਜਿਉਂਦਿਆਂ ਹੀ ਜੀਵਾਂ ਦੀਆਂ ਜੂਨਾਂ ਤੇ
ਆਵਾਗਵਣ ਦਾ ਚੱਕਰ ਹੈ ਜੋ ਵਰਤਮਾਨ ਜੀਵਨ ਦੀ ਕਹਾਣੀ ਹੈ। ਜਿੰਨਾਂ ਚਿਰ ਦੁਸ਼ਮਣੀਆਂ ਦੀਆਂ ਵਲ਼ਗਣਾਂ
ਨਹੀਂ ਤੋੜਦਾ ਇਸ ਮਨ ਨੂੰ ਕਦੇ ਵੀ ਟਿਕਾਅ ਨਹੀਂ ਆ ਸਕਦਾ। ਪਿੰਡ ਕੱਥੂਨੰਗਲ਼ ਬਾਬਾ ਬੁੱਢਾ ਸਾਹਿਬ ਜੀ
ਦੀ ਸ਼ਤਾਬਦੀ ਮਨਾਈ ਜਾ ਰਹੀ ਸੀ। ਕੁੱਝ ਭਰਾ ਸਟੇਜ ਉੱਤੇ ਬੈਠੇ ਸਨ ਤੇ ਕੁੱਝ ਮੱਥਾ ਟੇਕਣ ਆ ਰਹੇ ਸਨ।
ਸਟੇਜ `ਤੇ ਬੈਠੇ ਭਰਾ ਮੱਥਾ ਟੇਕਣ ਵਾਲਿਆਂ ਦੀਆਂ ਪੱਗਾਂ ਲਾਹ ਰਹੇ ਸਨ, ਜਨੀ ਕੇ ਪੂਰਾ ਡਾਂਗ ਸੋਟਾ
ਖੜਕ ਰਿਹਾ ਸੀ ਕੀ ਇਹ ਜਿਉਂਦਿਆਂ ਹੰਕਾਰੀ ਆਵਾਗਉਣ ਦੇ ਚੱਕਰ ਵਿੱਚ ਤਾਂ ਨਹੀਂ ਕਿਤੇ? ਲਾਲਚ ਦੇ
ਵਿੱਚ ਬੱਧਾ ਹੋਇਆ ਏਸੇ ਜੀਵਨ ਵਿੱਚ ਆਤਮਕ ਤਲ਼ ਦੀ ਸਜਾਅ ਭੋਗ ਰਿਹਾ ਹੈ ਜਿਸ ਨੂੰ ਰੱਬੀ ਕਨੂਨ ਜਾਂ
ਧਰਮਰਾਜ ਦਾ ਨਾਂ ਦਿੱਤਾ ਹੈ—
“ਤਬ ਲਗੁ ਧਰਮਰਾਇ ਦੇਇ ਸਜਾਇ” ਧਰਮਰਾਜ ਭਾਊ ਜੀ
ਕਿਤੋਂ ਬਾਹਰੋਂ ਨਹੀਂ ਆਏ, ਇਹ ਤੇ ਅੰਤਰ ਆਤਮੇ ਦੇ ਸ਼ੁਭ ਗੁਣਾਂ ਦੀ ਅਵਾਜ਼ ਨਾ ਸੁਣਨ ਕਰਕੇ ਆਤਮਕ ਤੌਰ
`ਤੇ ਦੁਖੀ ਹੋਣ ਦਾ ਨਾਂ ਹੈ। ਸਾਕਤ ਬਿਰਤੀ ਭਾਵ ਅੰਦਰਲੇ ਆਵਾਗਵਣ ਤੋਂ ਛੁੱਟਕਾਰਾ ਹੋ ਸਕਦਾ ਹੈ ਜੇ
ਗੁਰ-ਗਿਆਨ ਨੂੰ ਆਪਣੀ ਜ਼ਿੰਦਗੀ ਦਾ ਅਧਾਰ ਬਣ ਲਇਆ ਜਾਏ।
ਸਿੱਖੀ ਦੀ ਰੂਹਾਨੀਅਤ ਦਾ ਸਿੱਖਰ ਹੈ ਰੱਬ ਤੇ ਸੰਪੂਰਨ ਭਰੋਸਾ ਜੋ ਰੱਬੀ
ਗੁਣਾਂ ਦੇ ਰੂਪ ਵਿੱਚ ਸਾਕਾਰ ਹੁੰਦਾ ਹੈ ਤੇ ਜਿਸ ਦਾ ਅਧਾਰ ਗੁਰੂ ਗਿਆਨ ਰੱਖਿਆ ਗਿਆ ਹੈ--
ਅੰਤਰਿ ਹੋਇ ਗਿਆਨ ਪਰਗਾਸੁ॥ ਉਸੁ ਅਸਥਾਨ ਕਾ ਨਹੀ ਬਿਨਾਸੁ॥
ਸੁਭਾਵਕ ਅੰਦਰਲੇ ਆਵਾਗਵਣ ਤੋਂ ਛੁਟਕਾਰਾ ਹੋ ਸਕਦਾ ਹੈ ਜੇ ਸ਼ੁਭ ਗੁਣਾਂ ਰੂਪੀ
ਪਰਮਾਤਮਾ ਦੇ ਚਰਨਾਂ ਵਿੱਚ ਟਿਕਾਣਾ ਮਿਲ ਜਾਏ---
ਮਿਟਿ ਗਏ ਗਵਨ ਪਾਏ ਬਿਸ੍ਰਾਮ॥ ਨਾਨਕ ਪ੍ਰਭ ਕੈ ਸਦ ਕੁਰਬਾਨ॥
ਇਸ ਦਾ ਅਰਥ ਹੈ ਆਵਾਗਵਣ ਕੋਈ ਸਦੀਵੀ ਵਸਤੂ ਨਹੀਂ ਹੈ, ਇਹ ਤੇ ਅੰਦਰਲੇ
ਉਤਰਾਅ ਚੜ੍ਹਾਅ ਦਾ ਨਾਂ ਆਵਾਗਵਣ ਹੈ ਜੋ ਮਿਟ ਸਕਦਾ ਹੈ।