. |
|
ਲਬੜਗੱਟੇ ਸਾਧਾਂ ਵਲੋਂ ਭਗਤ ਧੰਨਾ ਜੀ ਨਾਲ ਜੋੜੀ ਗਈ ਪੱਥਰ ਪੂਜਾ ਦਾ ਪੜਦਾ ਫਾਸ਼
ਅਵਤਾਰ ਸਿੰਘ ਮਿਸ਼ਨਰੀ (510-432-5827)
ਸੂਝਵਾਨ ਪਾਠਕ ਜਨੋਂ! ਕੀ ਇਹ ਵਾਕਿਆ ਹੀ ਠੀਕ ਹੈ ਕਿ ਪੱਥਰਾਂ ਚੋਂ ਰੱਬ
ਮਿਲਦਾ ਹੈ? ਆਪਾਂ ਇਸ ਬਾਰੇ ਗੁਰਬਾਣੀ ਸਿਧਾਂਤ ਦੀ ਰੌਸ਼ਨੀ ਵਿੱਚ ਗੱਲ ਕਰਨੀ ਹੈ। ਦੇਖੋ ਗੁਰਬਾਣੀ
ਸਿਧਾਂਤ ਤੋਂ ਕੋਰੇ ਵਿਦਵਾਨ ਅਤੇ ਲਿਖਾਰੀ ਭਗਤ ਧੰਨਾ ਜੀ ਨਾਲ ਕੋਰੀ ਸ਼ਰਦਾ ਵੱਸ ਮਨਘੜਤ ਸਾਖੀਆਂ
ਜੋੜਦੇ ਹਨ ਕਿ ਭਗਤ ਜੀ ਨੇ ਪੱਥਰ ਚੋਂ ਰੱਬ ਪ੍ਰਗਟ ਕੀਤਾ ਸੀ ਪਰ ਭਗਤ ਧੰਨਾ ਜੀ ਨੇ ਉਚਾਰੀ ਬਾਣੀ
ਵਿੱਚ ਇਸਦਾ ਕੋਈ ਜ਼ਿਕਰ ਨਹੀਂ ਕੀਤਾ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਹੈ। ਜਦ ਕਿ
ਗੁਰਮਤਿ ਸਿਧਾਂਤ ਮੁਤਾਬਕ ਬਾਣੀ ਕੇਵਲ ਉਹਨਾਂ ਮਹਾਪੁਰਖਾਂ ਦੀ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ
ਦਰਜ ਹੋ ਸਕਦੀ ਸੀ ਜਿਹੜੇ ਸਿਰਫ ਇੱਕ ਅਕਾਲ ਪੁਰਖ ਦੇ ਉਪਾਸ਼ਕ ਹੋਣ। ਕੋਈ ਵੀ ਸੂਝਵਾਨ ਸਿੱਖ ਇਹ
ਕਿਵੇਂ ਮੰਨ ਸਕਦਾ ਹੈ ਕਿ ਮੂਰਤੀ ਪੂਜਾ ਦਾ ਖੰਡਨ ਕਰਨ ਵਾਲੇ ਗੁਰੂ ਜੀ, ਪੱਥਰ ਅਤੇ ਮੂਰਤੀ ਪੂਜਕਾਂ
ਦੀ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕਰ ਸਕਦੇ ਸਨ? ਆਓ ਵੇਖਦੇ ਹਾਂ ਸ੍ਰੀ ਗੁਰੂ ਗ੍ਰੰਥ
ਸਾਹਿਬ ਵਿੱਚ ਪੱਥਰ ਪੂਜਣ ਵਾਲਿਆਂ ਬਾਰੇ ਕੀ ਉਪਦੇਸ਼ ਹਨ?
ਜੋ ਪਾਥਰ ਕਉ ਕਹਤੇ ਦੇਵ॥ ਤਾ ਕੀ ਬਿਰਥਾ ਹੋਵੈ ਸੇਵ॥ ਜੋ ਪਾਥਰ ਕੀ ਪਾਈ
ਪਾਇ॥ ਤਿਸ ਕੀ ਘਾਲ ਅਜਾਈ ਜਾਇ॥ ਠਾਕੁਰੁ ਹਮਰਾ ਸਦਾ ਬੋਲੰਤਾ॥ ਸਰਬ ਜੀਆ ਕਉ ਪ੍ਰਭੁ ਦਾਨੁ ਦੇਤਾ॥
ਰਹਾਉ॥ ਅੰਤਰ ਦੇਉ ਨ ਜਾਨੈ ਅੰਧੁ॥ ਭ੍ਰਮ ਕਾ ਮੋਹਿਆ ਪਾਵੈ ਫੰਧੁ॥ ਨਾ ਪਾਥਰੁ ਬੋਲੈ ਨ ਕਿਛੁ ਦੇਇ॥
ਫੋਟਕ ਕਰਮ ਨਿਹਫਲ ਹੈ ਸੇਵ॥ 2॥ (ਮ: 5-1160)
ਭਾਵ ਜੋ ਪੱਥਰ ਨੂੰ ਦੇਵ ਮੰਨਦਾ ਹੈ ਉਸ ਦੀ ਸੇਵਾ ਬਿਰਥੀ ਹੈ। ਜੋ ਪੱਥਰ ਦੀ ਮੂਰਤੀ ਨੂੰ ਮੱਥੇ
ਦੇਕਦਾ ਹੈ, ਉਹ ਬਿਅਰਥ ਹੀ ਘਾਲਨਾ ਘਾਲ ਰਿਹਾ ਹੈ। ਠਾਕੁਰੁ ਭਾਵ ਪ੍ਰਭੂ ਮਾਲਕ ਤਾਂ ਸਦੀਵ ਬੋਲਦਾ
ਅਤੇ ਸਾਰੇ ਜੀਆਂ ਨੂੰ ਦਾਤਾਂ ਦਿੰਦਾ ਹੈ ਪਰ ਪਦਾਰਥਕ ਮੋਹ ਵਿੱਚ ਭਰਮ ਗਿਆਨੀ ਅੰਦਰਲੇ ਦੇਉ ਭਾਵ
ਪ੍ਰਕਾਸ਼ ਰੂਪ ਪ੍ਰਮਾਤਮਾਂ ਨਹੀਂ ਜਾਣਦਾ। ਪੱਥਰ ਨਾਂ ਕੁੱਝ ਬੋਲਦਾ ਅਤੇ ਨਾਂ ਹੀ ਕੁੱਝ ਦਿੰਦਾ ਹੈ
ਸਗੋਂ ਇਹ ਫੋਕਟ ਕਰਮ ਅਤੇ ਨਿਹਫਲ ਸੇਵ ਹੈ।
ਘਰ ਮਹਿ ਠਾਕੁਰੁ ਨਦਰਿ ਨ ਆਵੈ॥ ਗਲ ਮਹਿ ਪਾਹਣੁ ਲੈ ਲਟਕਾਵੈ॥ ਭਰਮੇ ਭੂਲਾ
ਸਾਕਤੁ ਫਿਰਤਾ॥ ਨੀਰੁ ਬਿਰੋਲੈ ਖਪਿ ਖਪਿ ਮਰਤਾ॥ 1॥ ਰਹਾਉ॥ ਜਿਸੁ ਪਾਹਣ ਕਉ ਠਾਕੁਰੁ ਕਹਤਾ॥ ਓਹੁ
ਪਾਹਣੁ ਲੈ ਉਸ ਕਉ ਡੁਬਤਾ॥ ਗੁਨਹਗਾਰ ਲੂਣ ਹਰਾਮੀ॥ ਪਾਹਣ ਨਾਵ ਨ ਪਾਰਗਿਰਾਮੀ॥ ਗੁਰ ਮਿਲਿ ਨਾਨਕ
ਠਾਕੁਰੁ ਜਾਤਾ॥ ਜਲਿ ਥਲਿ ਮਹੀਅਲਿ ਪੂਰਨ ਬਿਧਾਤਾ॥ (ਮ: 5-739)
ਭਾਵ ਅਰਥ-ਹਿਰਦੇ ਘਰ ਵਿੱਚ ਠਾਕੁਰੁ ਨਦਰ ਨਹੀਂ ਆਉਂਦਾ ਇਉਂ
ਭਰਮੇ ਭੂਲਾ ਅਗਿਆਨੀ ਗਲ ਪੱਥਰ ਲਟਕਾਈ ਫਿਰਦਾ ਹੈ ਅਤੇ ਪਾਣੀ ਰਿੜਕ ਰਿਹਾ ਹੈ ਭਾਵ ਜਿਵੇਂ ਪਾਣੀ
ਰਿੜਕ ਕੇ ਤੱਤ ਮੱਖਣ ਨਹੀਂ ਨਿਕਲਦਾ ਇਵੇਂ ਹੀ ਪੱਥਰ ਦੀ ਪੂਜਾ ਚੋਂ ਰੱਬ ਨਹੀਂ ਨਿਕਲਣਾ। ਜਿਸ ਪੱਥਰ
ਨੂੰ ਤਾਰਨਹਾਰ ਮਾਲਕ ਕਹਿ ਰਿਹਾ ਹੈ ਉਹ ਤਾਂ ਖੁਦ ਪਾਣੀ ਵਿੱਚ ਡੁੱਬ ਜਾਂਦਾ ਹੈ। ਐ ਗੁਨਹਗਾਰ ਨਮਕ
ਹਰਾਮੀ! ਯਾਦ ਰੱਖ ਪੱਥਰ ਦੀ ਬੇੜੀ ਕਦੇ ਪਾਰ ਨਹੀਂ ਕਰਦੀ ਪਰ ਸੁਣ ਗੁਰੂ ਅਰਜਨ ਦੇਵ ਜੀ ਫੁਰਮਾਂਦੇ
ਹਨ ਕਿ ਮੈਂ ਗੁਰੂ ਨੂੰ ਮਿਲ ਕੇ ਜਾਣ ਲਿਆ ਹੈ ਕਿ ਪੈਦਾ ਕਰਨ ਵਾਲਾ ਪ੍ਰਭੂ ਸਭ ਥਾਈਂ ਪੂਰਨ ਹੈ।
ਏਕੈ ਪਾਥਰ ਕੀਜੈ ਭਾਉ॥ ਦੂਜੈ ਪਾਥਰ ਧਰੀਐ ਪਾਉ॥ ਜੇ ਓਹੁ ਦੇਉ ਤ ਓਹੁ ਭੀ
ਦੇਵਾ॥ ਕਹਿ ਨਾਮ ਦੇਉ ਹਮ ਹਰਿ ਕੀ ਸੇਵਾ॥ (ਨਾਮਦੇਵ ਜੀ-525)
ਐ ਮੂਰਖ! ਇੱਕ ਪਾਸੇ ਤੂੰ ਪੱਥਰ ਨੂੰ ਰੱਬ ਕਰਕੇ ਪੂਜਦਾ
ਹੈਂ ਤੇ ਨਾਲ ਹੀ ਦੂਜੇ ਪੱਥਰਾਂ-ਫਰਸ਼ਾਂ ਤੇ ਪੈਰ ਰੱਖਦਾ ਫਿਰਦਾ ਹੈਂ ਭਾਵ ਜਿਸ ਪੱਥਰ ਉੱਤੇ ਤੁਰਦਾ
ਹੈਂ ਫਿਰ ਉਹ ਪੱਥਰ ਦੇਵਤਾ ਕਿਉਂ ਨਹੀਂ? ਨਾਮਦੇਵ ਭਗਤ ਜੀ ਕਹਿ ਰਹੇ ਹਨ ਕਿ ਮੈਂ ਸਭ ਨੂੰ ਹਰੇ ਭਰੇ
ਕਰਨ ਵਾਲੇ ਸਰਬ ਨਿਵਾਸੀ ਪ੍ਰਮਾਤਮਾਂ ਨੂੰ ਹੀ ਸੇਂਵਦਾ ਹਾਂ। ਕਬੀਰ ਜੀ ਵੀ ਫੁਰਮਾਂਦੇ ਹਨ-ਕਬੀਰ
ਠਾਕੁਰੁ ਪੂਜਹਿ ਮੋਲਿ ਲੇ ਮਨਹਠਿ ਤੀਰਥ ਜਾਹਿ॥ ਦੇਖਾ ਦੇਖੀ ਸ੍ਵਾਂਗੁ ਧਰਿ ਭੂਲੇ ਭਟਕਾ ਖਾਹਿ॥
੧੩੫॥
(1371) ਇਥੋਂ ਤੱਕ ਕਿ ਲੋਕ ਮੁੱਲ ਲਈ ਪੱਥਰ ਦੀ
ਮੂਰਤੀ ਦੀ ਪੂਜਾ ਕਰਦੇ ਹਨ ਅਤੇ ਮਨ ਹਠ ਨਾਲ ਤੀਰਥਾਂ ਤੇ ਵੀ ਜਾਂਦੇ ਹਨ। ਇਹ ਤਾਂ ਦੇਖਾ ਦੇਖੀ
ਸ਼਼ੁਹਰਤ ਲਈ ਸਵਾਂਗ ਧਾਰਨ ਵਾਲੀ ਗੱਲ ਹੈ ਇਉਂ ਭਰਮਾਂ ਵਿੱਚ ਭੁਲੇ ਲੋਕ ਭਟਕ ਰਹੇ ਹਨ।
ਭਗਤ ਧੰਨਾ ਜੀ ਦੇ ਆਪਣੇ ਵਿਚਾਰ
ਆਸਾ ਬਾਣੀ ਭਗਤ ਧੰਨੇ ਜੀ ਕੀ ੴ ਸਤਿਗੁਰ ਪ੍ਰਸਾਦਿ ॥ ਭ੍ਰਮਤ ਫਿਰਤ ਬਹੁ
ਜਨਮ ਬਿਲਾਨੇ ਤਨੁ ਮਨੁ ਧਨੁ ਨਹੀ ਧੀਰੇ ॥ ਲਾਲਚ ਬਿਖੁ ਕਾਮ ਲੁਬਧ ਰਾਤਾ ਮਨਿ ਬਿਸਰੇ ਪ੍ਰਭ ਹੀਰੇ
॥੧॥ ਰਹਾਉ ॥ ਬਿਖੁ ਫਲ ਮੀਠ ਲਗੇ ਮਨ ਬਉਰੇ ਚਾਰ ਬਿਚਾਰ ਨ ਜਾਨਿਆ ॥ ਗੁਨ ਤੇ ਪ੍ਰੀਤਿ ਬਢੀ ਅਨ
ਭਾਂਤੀ ਜਨਮ ਮਰਨ ਫਿਰਿ ਤਾਨਿਆ ॥੧॥ ਜੁਗਤਿ ਜਾਨਿ ਨਹੀ ਰਿਦੈ ਨਿਵਾਸੀ ਜਲਤ ਜਾਲ ਜਮ ਫੰਧ ਪਰੇ ॥
ਬਿਖੁ ਫਲ ਸੰਚਿ ਭਰੇ ਮਨ ਐਸੇ ਪਰਮ ਪੁਰਖ ਪ੍ਰਭ ਮਨ ਬਿਸਰੇ ॥੨॥ ਗਿਆਨ ਪ੍ਰਵੇਸੁ ਗੁਰਹਿ ਧਨੁ ਦੀਆ
ਧਿਆਨੁ ਮਾਨੁ ਮਨ ਏਕ ਮਏ ॥ ਪ੍ਰੇਮ ਭਗਤਿ ਮਾਨੀ ਸੁਖੁ ਜਾਨਿਆ ਤ੍ਰਿਪਤਿ ਅਘਾਨੇ ਮੁਕਤਿ ਭਏ ॥੩॥ ਜੋਤਿ
ਸਮਾਇ ਸਮਾਨੀ ਜਾ ਕੈ ਅਛਲੀ ਪ੍ਰਭੁ ਪਹਿਚਾਨਿਆ ॥ ਧੰਨੈ ਧਨੁ ਪਾਇਆ ਧਰਣੀਧਰੁ ਮਿਲਿ ਜਨ ਸੰਤ ਸਮਾਨਿਆ
॥੪॥੧॥ {ਪੰਨਾ 487}
ਅਰਥ ਵਿਆਖਿਆ -ਮਾਇਆ ਮੋਹ
ਵਿੱਚ ਭਟਕਦਿਆਂ ਕਈ ਜਨਮ ਬੀਤ ਜਾਂਦੇ ਹਨ, ਸਰੀਰ ਨਾਸ ਹੋ ਜਾਂਦਾ ਹੈ, ਮਨ ਭਟਕਦਾ ਰਹਿੰਦਾ ਹੈ ਤੇ ਧਨ
ਪਦਾਰਥ ਵੀ ਟਿਕਿਆ ਨਹੀਂ ਰਹਿੰਦਾ। ਲੋਭੀ ਜੀਵ ਜਹਿਰ-ਰੂਪ ਪਦਾਰਥਾਂ ਦੇ ਲਾਲਚ ਅਤੇ ਕਾਮ-ਵਾਸ਼ਨਾਂ
ਵਿੱਚ ਰੰਗਿਆ ਰਹਿੰਦਾ ਹੈ, ਇਸ ਦੇ ਮਨ ਵਿੱਚੋਂ ਅਮੋਲਕ ਪ੍ਰਭੂ ਵਿਸਰ ਜਾਂਦਾ ਹੈ। ਹੇ ਕਮਲੇ ਮਨ! ਇਹ
ਜਹਿਰ-ਰੂਪ ਫਲ ਤੈਨੂੰ ਮਿੱਠੇ ਲੱਗਦੇ ਹਨ। ਚੰਗੀ ਵਿਚਾਰ ਨੂੰ ਤੂੰ ਜਾਣਦਾ ਨਹੀਂ, ਗੁਣਾਂ ਵਲੋਂ ਹੱਟ
ਕੇ ਹੋਰ ਹੋਰ ਕਿਸਮ ਦੀ ਪ੍ਰੀਤ ਤੇਰੇ ਅੰਦਰ ਵਧ ਰਹੀ ਹੈ ਅਤੇ ਤੇਰਾ ਜਨਮ ਮਰਨ ਦਾ ਤਾਣਾ ਤਣਿਆ ਜਾ
ਰਿਹਾ ਹੈ॥ 1॥ ਹੇ ਮਨ! ਤੂੰ ਜੀਵਨ ਦੀ ਜੁਗਤ ਸਮਝ ਕੇ ਇਹ ਜੁਗਤ ਆਪਣੇ ਅੰਦਰ ਪੱਕੀ ਨਹੀਂ ਕੀਤੀ।
ਤ੍ਰਿਸ਼ਨਾ ਵਿੱਚ ਸੜਦੇ ਤੈਨੂੰ ਜਮਾਂ ਦਾ ਜਾਲ, ਜਮਾਂ ਦੇ ਫਾਹੇ ਪੈ ਗਏ ਹਨ। ਤੂੰ ਵਿਸ਼ੇ–ਰੂਪ ਜਹਿਰ ਦੇ
ਫਲ ਹੀ ਇਕੱਠੇ ਕਰ ਕੇ ਸਾਂਭਦਾ ਰਿਹਾ, ਅਤੇ ਤੈਨੂੰ ਪਰਮ ਪੁਰਖ ਪ੍ਰਭੂ ਹੀ ਭੁੱਲ ਗਿਆ॥ 2॥ ਜਿਸ
ਮਨੁੱਖ ਨੂੰ ਗੁਰੂ ਨੇ (ਗਿਆਨ ਦਾ ਪ੍ਰਵੇਸ਼) ਰੂਪ ਧਨ ਦੇ ਦਿੱਤਾ, ਉਸ ਦੀ ਸੁਰਤੀ ਪ੍ਰਭੂ ਵਿੱਚ ਜੁੜ
ਗਈ। ਉਸ ਦੇ ਅੰਦਰ ਸ਼ਰਧਾ ਬਣ ਗਈ ਅਤੇ ਉਸ ਦਾ ਮਨ ਪ੍ਰਭੂ ਨਾਲ ਇੱਕ-ਮਿੱਕ ਹੋ ਗਿਆ। ਉਸ ਨੂੰ ਪ੍ਰਭੂ
ਦਾ ਪਿਆਰ ਅਤੇ ਭਗਤੀ ਚੰਗੀ ਲੱਗਣ ਲੱਗ ਪਈ। ਉਸ ਦੀ ਸੁਖ ਨਾਲ ਸਾਂਝ ਬਣ ਗਈ, ਉਹ ਮਾਇਆ ਵਲੋਂ ਚੰਗੀ
ਤਰ੍ਹਾਂ ਰੱਜ ਗਿਆ ਅਤੇ ਬੰਧਨਾ ਤੋਂ ਮੁਕਤ ਹੋ ਗਿਆ॥ 3॥ ਜਿਸ ਮਨੁੱਖ ਦੇ ਅੰਦਰ ਪ੍ਰਭੂ ਦੀ
ਸਰਬ-ਵਿਆਪਕ ਜੋਤਿ ਟਿਕ ਗਈ, ਉਸ ਨੇ ਮਾਇਆ ਵਿੱਚ ਨਾਂ ਛਲੇ ਜਾਣ ਵਾਲੇ ਪ੍ਰਭੂ ਨੂੰ ਪਛਾਣ ਲਿਆ। ਮੈਂ
ਧੰਨੇ ਨੇ ਭੀ ਉਸ ਪ੍ਰਭੂ ਦਾ ਨਾਮ-ਰੂਪ ਧਨ ਪਾ ਲਿਆ ਭਾਵ ਲੱਭ ਲਿਆ ਹੈ ਜੋ ਸਾਰੀ ਧਰਤੀ ਦਾ ਆਸਰਾ ਹੈ।
ਮੈਂ ਧੰਨਾ ਭੀ ਸੰਤ ਜਨਾਂ ਭਾਵ ਰੱਬੀ ਭਗਤਾਂ ਨੂੰ ਮਿਲ ਕੇ ਪ੍ਰਭੂ ਵਿੱਚ ਲੀਨ ਹੋ ਗਿਆ ਹਾਂ॥ 4॥
ਉਪਰੋਕਤ ਸ਼ਬਦ ਵਿੱਚ ਭਗਤ ਧੰਨਾ ਜੀ ਆਖ ਰਹੇ ਹਨ ਕਿ ਮੈਂ ਅਕਾਲ ਪੁਰਖ ਨੂੰ
ਪਿਆਰ ਕਰਨ ਵਾਲੇ ਪਿਆਰੇ ਇਨਸਾਨਾਂ ਦੀ ਸੰਗਤ ਕਰਕੇ ਪ੍ਰਭੂ ਨੂੰ ਪਾਇਆ ਹੈ ਪਰ ਫਿਰ ਵੀ ਹੈਰਾਨੀ ਦੀ
ਗੱਲ ਹੈ ਸਿੱਖਾਂ ਨੂੰ ਅੰਧ ਵਿਸ਼ਵਾਸਾਂ ਵਿੱਚ ਪਾਉਣ ਖਾਤਰ ਸਾਡੀਆਂ ਧਾਰਮਿਕ ਸਟੇਜਾਂ `ਤੇ ਉਨ੍ਹਾਂ
ਨੂੰ ਪੱਥਰ ਪੂਜਕ ਹੀ ਸਿੱਧ ਕੀਤਾ ਜਾਂਦਾ ਹੈ। ਜਿਹੜੇ ਅਖੌਤੀ ਪ੍ਰਚਾਰਕ ਭਗਤ ਧੰਨਾ ਜੀ ਨੂੰ ਪੱਥਰ
ਪੂਜਕ ਆਖਦੇ ਹਨ ਸ਼ਾਇਦ ਉਨ੍ਹਾਂ ਕਦੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਇਹ ਸ਼ਬਦ ਨਹੀਂ ਪੜ੍ਹਿਆ ਕਿ
ਭਗਤ ਧੰਨਾ ਜੀ ਨੇ ਪ੍ਰਭੂ ਪ੍ਰਾਪਤੀ ਕਿਵੇਂ ਕੀਤੀ? ਇਸ ਬਾਰੇ ਗੁਰੂ ਅਰਜਨ ਜੀ ਦਾ ਫ਼ੁਰਮਾਨ ਹੈ:- ਮਹਲਾ
੫ ॥ ਗੋਬਿੰਦ ਗੋਬਿੰਦ ਗੋਬਿੰਦ ਸੰਗਿ ਨਾਮਦੇਉ ਮਨੁ ਲੀਣਾ ॥ ਆਢ ਦਾਮ ਕੋ ਛੀਪਰੋ ਹੋਇਓ ਲਾਖੀਣਾ ॥੧॥
ਰਹਾਉ ॥ ਬੁਨਨਾ ਤਨਨਾ ਤਿਆਗਿ ਕੈ ਪ੍ਰੀਤਿ ਚਰਨ ਕਬੀਰਾ ॥ ਨੀਚ ਕੁਲਾ ਜੋਲਾਹਰਾ ਭਇਓ ਗੁਨੀਯ ਗਹੀਰਾ
॥੧॥ ਰਵਿਦਾਸੁ ਢੁਵੰਤਾ ਢੋਰ ਨੀਤਿ ਤਿਨਿ ਤਿਆਗੀ ਮਾਇਆ ॥ ਪਰਗਟੁ ਹੋਆ ਸਾਧਸੰਗਿ ਹਰਿ ਦਰਸਨੁ ਪਾਇਆ
॥੨॥ ਸੈਨੁ ਨਾਈ ਬੁਤਕਾਰੀਆ ਓਹੁ ਘਰਿ ਘਰਿ ਸੁਨਿਆ ॥ ਹਿਰਦੇ ਵਸਿਆ ਪਾਰਬ੍ਰਹਮੁ ਭਗਤਾ ਮਹਿ ਗਨਿਆ ॥੩॥
ਇਹ ਬਿਧਿ ਸੁਨਿ ਕੈ ਜਾਟਰੋ ਉਠਿ ਭਗਤੀ ਲਾਗਾ ॥ ਮਿਲੇ ਪ੍ਰਤਖਿ ਗੁਸਾਈਆ ਧੰਨਾ ਵਡਭਾਗਾ ॥੪॥੨॥ {ਪੰਨਾ
487}
ਅਰਥ ਵਿਆਖਿਆ -ਗੁਰੂ ਅਰਜਨ
ਸਾਹਿਬ ਜੀ ਫੁਰਮਾਂਦੇ ਹਨ ਕਿ ਨਾਮਦੇਵ ਜੀ ਦਾ ਮਨ ਸਦਾ ਪ੍ਰਮਾਤਮਾ ਨਾਲ ਜੁੜਿਆ ਰਹਿੰਦਾ ਸੀ ਜਿਸ ਦੀ
ਬਰਕਤਿ ਨਾਲ ਅੱਧੀ ਕੌਡੀ ਦਾ ਗਰੀਬ ਛੀਂਬਾ, ਮਾਨੋ ਲੱਖਪਤੀ ਬਣ ਗਿਆ ਕਿਉਂਕਿ ਉਸ ਨੂੰ ਕਿਸੇ ਦੀ
ਮੁਥਾਜੀ ਨਾ ਰਹੀ॥ ਰਹਾਉ॥ ਕਪੜਾ
ਉਣਨ
ਅਤੇ ਤਾਣਾ ਤਣਨ
ਦੀ ਲਗਨ ਤਿਆਗ ਕੇ ਭਾਵ ਮੋਹ ਦੀ ਪਕੜ ਛੱਡ ਕੇ ਕਬੀਰ ਨੇ ਪ੍ਰਭੂ ਚਰਨਾਂ ਨਾਲ ਲਿਵ ਲਾ ਲਈ। ਇਉਂ ਮੰਨੀ
ਗਈ ਨੀਵੀਂ ਜਾਤ ਦਾ ਗਰੀਬ ਜੁਲਾਹਾ ਗੁਣਾਂ ਦਾ ਸਾਗਰ ਬਣ ਗਿਆ॥ 1॥ ਰਵਿਦਾਸ ਜੀ ਵੀ ਪਹਿਲਾਂ ਨਿੱਤ
ਮੋਏ ਹੋਏ ਪਸ਼ੂ ਢੋਂਦਾ ਸੀ, ਪਰ ਜਦੋਂ ਉਸ ਨੇ ਮਾਇਆ ਦਾ ਮੋਹ ਛੱਡ ਦਿੱਤਾ ਤਾਂ ਸਾਧ ਸੰਗਤਿ ਵਿੱਚ ਰਹਿ
ਕੇ ਪ੍ਰਸਿੱਧ ਹੋ ਗਿਆ ਅਤੇ ਉਸ ਨੇ ਪਰਮਾਤਮਾ ਦਾ ਦਰਸ਼ਨ ਪਾ ਲਿਆ ਭਾਵ ਸਰਬ ਵਿਆਪੀ ਪ੍ਰਭੂ ਨੂੰ ਜਾਣ
ਲਿਆ॥ 2॥ ਸ੍ਰੀ ਸੈਣ ਜੀ ਜਾਤ ਦਾ ਨਾਈ ਲੋਕਾਂ ਦੀਆਂ ਬੁੱਤੀਆਂ ਕੱਢਣ ਵਾਲਾ ਸੀ, ਉਸ ਦੀ ਘਰ ਘਰ ਸ਼ੋਭਾ
ਹੋ ਤੁਰੀ ਕਿਉਂਕਿ ਉਸ ਦੇ ਹਿਰਦੇ ਵਿੱਚ ਪ੍ਰਮਾਤਮਾ ਵੱਸ ਗਿਆ, ਇਉਂ ਉਹ ਭਗਤਾਂ ਵਿੱਚ ਗਿਣਿਆ ਜਾਣ
ਲੱਗ ਪਿਆ॥ 3॥ ਇਸ ਤਰ੍ਹਾਂ ਦੀ
ਗੱਲ ਸੁਣ ਕੇ ਭਾਵ ਉਪ੍ਰੋਕਤ ਸ਼ਬਦ ਚ’ ਦਰਸਾਏ ਉੱਚਕੋਟੀ ਦੇ ਭਗਤਾਂ ਦੀ ਭਗਤੀ ਬਾਰੇ ਸੁਣ ਕੇ, ਗਰੀਬ
ਧੰਨਾ ਜੱਟ ਭੀ ਅਗਿਆਨਤਾ ਚੋਂ ਉੱਠ ਕੇ ਭਗਤੀ ਕਰਨ ਲੱਗਾ। ਉਸ ਨੂੰ ਪ੍ਰਮਾਤਮਾ ਦਾ ਸਾਖਿਆਤ ਦੀਦਾਰ
ਭਾਵ ਰੂਹਾਨੀ ਗਿਆਨ ਹੋਇਆ ਅਤੇ ਉਹ ਵੱਡੇ ਭਾਗਾਂ ਵਾਲਾ ਬਣ ਗਿਆ॥ 4॥
ਨੋਟ-ਸਾਡਾ
ਸਬੰਧ ਭਗਤ ਧੰਨਾ ਜੀ ਨਾਲ ਸਿਰਫ ਉਨ੍ਹਾਂ ਦੇ ਉਸ ਜੀਵਨ ਨਾਲ ਹੈ ਜਦੋਂ ਉਨ੍ਹਾਂ ਨੂੰ ਹੋਰਨਾਂ ਰੱਬੀ
ਭਗਤਾਂ ਦੀ ਸੰਗਤ ਕਰਕੇ ਰੱਬੀ ਗਿਆਨ ਹੋ ਗਿਆ। ਇਸ ਬਾਰੇ ਹੋਰ ਵਿਚਾਰ ਹੈ ਕਿ ਗੁਰੂ ਅੰਗਦ ਦੇਵ ਜੀ
ਪਹਿਲੇ ਦੇਵੀ ਪੁਜਾਰੀ ਅਤੇ ਗੁਰੂ ਅਮਰਦਾਸ ਜੀ ਤੀਰਥ ਇਸ਼ਨਾਨੀ ਸਨ ਪਰ ਜਦ ਉਨ੍ਹਾਂ ਨੂੰ ਗੁਰੂ ਦੀ
ਸੰਗਤ ਕਰਕੇ ਰੱਬੀ ਗਿਆਨ ਹੋ ਗਿਆ ਤਾਂ ਉਹ ਕ੍ਰਮਵਾਰ ਸਿੱਖਾਂ ਦੇ ਦੂਜੇ ਅਤੇ ਤੀਜੇ ਗੁਰੂ ਬਣ ਗਏ।
ਇਵੇਂ ਹੀ ਭਗਤ ਧੰਨਾ ਜੀ ਵੀ
ਭਗਤ ਨਾਮਦੇਵ, ਕਬੀਰ, ਰਵਿਦਾਸ ਅਤੇ ਸੈਣ ਜੀ ਆਦਿਕ ਭਗਤ ਗਿਆਨੀਆਂ ਦੀ ਸੰਗਤ ਕਰਕੇ ਰੱਬੀ ਭਗਤ ਬਣ
ਗਿਆ।
ਉਪ੍ਰੋਕਤ ਸ਼ਬਦਾਂ ਦੀ ਵਿਚਾਰ ਤੋਂ ਪਤਾ ਚਲਦਾ ਹੈ ਕਿ ਭਗਤ ਧੰਨਾ ਜੀ ਨੇ ਕਿਸੇ
ਬ੍ਰਾਹਮਣ ਕੋਲੋਂ ਪੱਥਰ ਲੈ ਕੇ ਉਸਨੂੰ ਪੂਜਣ ਨਾਲ ਅਕਾਲ ਪੁਰਖ ਦੀ ਪ੍ਰਾਪਤੀ ਨਹੀਂ ਕੀਤੀ ਸੀ ਸਗੋਂ
ਸਾਧ ਸੰਗਤ ਵਿੱਚ ਨਾਮ-ਵਿਚਾਰ ਨਾਲ ਕੀਤੀ ਸੀ।
ਉਪ੍ਰੋਕਤ
ਗੁਰਬਾਣੀ ਪ੍ਰਮਾਣਾਂ ਤੋਂ ਬਆਦ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਣ ਵਾਲਿਆਂ ਵਾਸਤੇ ਕਿਸੇ ਹੋਰ ਪ੍ਰਮਾਣ ਦੀ ਜ਼ਰੂਰਤ ਹੀ
ਨਹੀਂ ਰਹਿ ਜਾਂਦੀ ਪਰ ਸਦਕੇ ਜਾਈਏ! ਸਿੱਖੀ
ਪਹਿਰਾਵੇ ਵਿੱਚ ਅਖੌਤੀ ਸੰਤਾਂ ਸਾਧਾਂ ਅਤੇ ਅਜਿਹੇ ਪ੍ਰਚਾਰਕਾਂ ਤੋਂ, ਜਿਹੜੇ ਆਪਣੀਆਂ ਜੇਬਾਂ ਭਰਨ
ਖ਼ਾਤਰ ਅਜਿਹੀਆਂ ਰੋਚਕ ਮੰਨਘੜ੍ਹਤ ਕਥਾ ਕਹਾਣੀਆਂ ਸੁਣਾ ਕੇ ਗੁਰਮਤਿ-ਸਿੱਖ ਸਿਧਾਂਤਾਂ ਨੂੰ ਬ੍ਰਾਹਮਣੀ
ਮਿਥਿਹਾਸਕ ਰੰਗਤ ਦੇ ਕੇ ਸਟੇਜ ਤੇ ਪੇਸ਼ ਕਰਦੇ ਹਨ ਅਤੇ ਅਜਿਹੇ ਲਿਖਾਰੀ ਅਖ਼ਬਾਰਾਂ ਰਸਾਲਿਆਂ ਵਿੱਚ ਵੀ
ਲਿਖਦੇ ਰਹਿੰਦੇ ਹਨ। ਇਉਂ ਅਛੋਪਲੇ ਹੀ ਸਿੱਖ ਧਰਮ ਦੇ ਦੋਖੀਆਂ ਦਾ ਸਾਥ ਦੇਣ ਕਰਕੇ ਗੁਰੂ ਗ੍ਰੰਥ
ਸਾਹਿਬ ਦੀ ਵਿਚਾਰਧਾਰਾ ਦੇ ਉੱਲਟ ਪ੍ਰਚਾਰ ਕਰ ਰਹੇ ਹਨ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਪੱਥਰ-ਮੂਰਤੀ
ਪੂਜਕ ਦੀ ਬਾਣੀ ਵੀ ਦਰਜ ਹੈ।
ਇਸ ਵਿੱਚ ਅਖੌਤੀ ਸੰਤਾਂ-ਸਾਧਾਂ ਨਾਲੋਂ ਸਾਡਾ ਸਿੱਖ ਅਖਵਾਉਣ ਵਾਲਿਆਂ ਦਾ ਵੀ
ਕਸੂਰ ਘੱਟ ਨਹੀਂ ਕਿਉਂਕਿ ਅਸੀਂ ਗੁਰੂ ਸਾਹਿਬਾਨ ਤੇ ਘੱਟ ਅਤੇ ਅਖੌਤੀ ਸੰਤਾਂ ਸਾਧਾਂ ਤੇ ਵੱਧ ਯਕੀਨ
ਕਰਦੇ ਹਾਂ। ਉਂਝ ਵੀ ਸਿੱਖਾਂ ਵਿੱਚ ਗੁਰਬਾਣੀ ਵਿਚਾਰ, ਫਿਲੌਸਫੀ ਅਤੇ ਧਾਰਮਿਕ ਕਿਤਾਬਾਂ ਪੜ੍ਹਨ ਦੀ
ਆਦਤ ਬਹੁਤ ਘੱਟ ਹੈ। ਜ਼ਰਾ
ਸੋਚੀਏ! ਕੀ ਸਾਡੇ ਗੁਰੂ ਸਾਹਿਬਾਨ ਆਪ ਕੁੱਝ ਹੋਰ ਕਰਦੇ ਸਨ ਤੇ ਆਪਣੇ ਸਿੱਖਾਂ ਨੂੰ ਸਿਖਿਆ ਹੋਰ
ਦੇਂਦੇ ਸਨ? ਨਹੀਂ ਇਹ ਕਦੇ ਵੀ ਨਹੀਂ ਹੋ ਸਕਦਾ।
ਜਿਵੇਂ ਕਈ ਸਿੱਖੀ ਪਹਿਰਾਵੇ ਵਿੱਚ ਸਿੱਖ ਧਰਮ ਦੇ ਵਿਰੋਧੀ ਅੱਜ ਗੁਰੂ ਸਾਹਿਬਾਨ ਨੂੰ ਹਿੰਦੂ ਧਰਮ ਦੇ
ਮੰਨੇ ਜਾਂਦੇ ਅਵਤਾਰਾਂ ਅਤੇ ਦੇਵੀਆਂ ਦੇ ਪੂਜਕ, ਤੀਰਥ ਯਾਤਰੀ, ਮੂਰਤੀ ਪੂਜਕ ਤੇ ਕਈ ਗੰਦੀਆਂ
ਲਿੱਖਤਾਂ `ਚਰਿਤ੍ਰੋ ਪਖਯਾਨੇ’ (ਅਖੌਤੀ ਦਸਮ ਗ੍ਰੰਥ) ਆਦਿਕ ਦੇ ਲਿਖਾਰੀ ਹੀ ਪ੍ਰਚਾਰ ਰਹੇ ਹਨ ਜੋ
ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤ ਦੇ ਬਿਲਕੁਲ ਹੀ ਉਲਟ ਹੈ। ਦੂਸਰੇ ਪਾਸੇ ਜਿਹੜੇ ਸਿੱਖ ਗੁਰੂ
ਸਾਹਿਬਾਨ ਨੂੰ ਕਹਿਣੀ ਤੇ ਕਰਨੀ ਦੇ ਸੂਰੇ ਸਮਝਦੇ ਹਨ ਉਹ ਕਦੀ ਵੀ ਅਖੌਤੀ ਪ੍ਰਚਾਰਕਾਂ ਵੱਲੋਂ
ਸੁਣਾਈਆਂ ਜਾਂਦੀਆਂ ਮਨੋਕਲਪਤ ਕਹਾਣੀਆਂ `ਤੇ ਯਕੀਨ ਨਹੀਂ ਕਰਦੇ ਅਤੇ ਨਾਂ ਹੀ ਆਉਣ ਵਾਲੇ ਸਮੇਂ
ਕਰਨਗੇ। ਸੋ ਗੁਰਬਾਣੀ ਸਿਧਾਂਤ ਅਨੁਸਾਰ ਪੱਥਰ ਪੂਜ ਕੇ ਅਤੇ ਬਾਹਰੀ ਵਿਖਾਵੇ ਵਾਲੇ ਕਰਮਕਾਂਡ ਕਰਕੇ
ਕਦੇ ਵੀ ਰੱਬ ਨੂੰ ਪਾਇਆ ਨਹੀਂ ਜਾ ਸਕਦਾ ਅਤੇ ਨਾਂ ਹੀ ਕਿਸੇ ਪੱਥਰ ਪੂਜਕ ਦੀ ਬਾਣੀ ਗੁਰੂ ਗ੍ਰੰਥ
ਸਾਹਿਬ ਵਿੱਚ ਦਰਜ ਹੈ। ਇਸ ਲਈ ਭਗਤ ਧੰਨਾ ਜੀ ਨੇ ਰੱਬ ਨੂੰ ਪੱਥਰ ਪੂਜ ਕੇ ਨਹੀਂ ਸਗੋਂ ਭਲੇ ਪੁਰਖਾਂ
ਦੀ ਸੰਗਤ ਕਰਕੇ ਰੱਬੀ ਗਿਆਨ ਦੁਆਰਾ ਪਾਇਆ।
ਅੱਜ ਸਿੱਖਾਂ ਦਾ ਫ਼ਰਜ ਹੈ ਕਿ ਗੁਰੂ ਸਾਹਿਬਾਨ ਦੇ ਨਾਂ ਤੇ ਹੋ ਰਹੇ ਗੱਲਤ
ਪ੍ਰਚਾਰ ਨੂੰ ਰੋਕਣ ਲਈ ਅੱਗੇ ਆਉਣ। ਇਸ ਵਾਸਤੇ ਜਰੂਰੀ ਹੈ ਕਿ ਆਪ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤ
ਅਨੁਸਾਰ ਚਲਣ ਅਤੇ ਇਸ ਬਾਰੇ ਚੰਗੇ ਵਿਦਵਾਨ ਲਿਖਾਰੀਆਂ ਦੀਆਂ ਲਿਖੀਆਂ ਕਿਤਾਬਾਂ ਪੜ੍ਹਨ ਤੇ ਫਿਰ ਆਪ
ਗੁਰਬਾਣੀ ਅਨੁਸਾਰ ਪਰਖ ਕੇ ਵਿਚਾਰ ਕਰਨ। ਜਦੋਂ ਵੀ ਕੋਈ ਪ੍ਰਚਾਰਕ ਜਾਂ ਅਖੌਤੀ ਸੰਤ-ਬਾਬਾ ਅਤੇ
ਲਿਖਾਰੀ ਸਿੱਖੀ ਸਿਧਾਂਤ ਦੇ ਵਿਰੁੱਧ ਸਾਖੀ ਲਿਖੇ, ਸੁਣਾਵੇ ਜਾਂ ਗੁਰਬਾਣੀ ਦੀ ਵਿਆਖਿਆ ਕਰੇ ਤਾਂ
ਸਟੇਜ ਤੋਂ ਉਤਰਨ ਉਪਰੰਤ ਉਸ ਤੋਂ ਪੁਛਿਆ ਜਾਵੇ। ਜੇਕਰ ਉਹ ਪ੍ਰਚਾਰਕ ਤਸਲੀਬਖ਼ਸ਼ ਜਵਾਬ ਨਹੀਂ ਦੇਂਦਾ
ਤਾਂ ਉਸ ਨੂੰ ਸਟੇਜ ਤੇ ਟਾਈਮ ਨਾਂ ਦਿੱਤਾ ਜਾਵੇ ਇਸ ਤਰ੍ਹਾਂ ਸ਼ਾਇਦ ਸਿੱਖਾਂ ਨੂੰ ਕਰਮਕਾਂਡੀ ਤੇ ਅੰਧ
ਵਿਸ਼ਵਾਸਾਂ ਵਿੱਚ ਪਾਉਣ ਵਾਲਿਆਂ ਵੱਲੋਂ ਬਚਾਇਆ ਜਾ ਸੱਕੇ। ਅਕਾਲ ਪੁਰਖ ਮੇਹਰ ਕਰੇ! ਸਿੱਖਾਂ ਵਿੱਚ
ਗੁਰਮਤਿ ਸਿਧਾਂਤ ਪ੍ਰਤੀ ਚੇਤਨਾ ਛੇਤੀ ਆਵੇ ਕਿ ਉਹ ਕਿਸੇ ਬਾਬੇ ਦੀਆਂ ਲਿਖੀਆਂ ਜਾਂ ਸੁਣਾਈਆਂ ਕਥਿਤ
ਕਥਾ ਕਹਾਣੀਆਂ ਨਾਲੋਂ ਗੁਰਬਾਣੀ ਦੀ ਨਿਰੋਲ ਵਿਚਾਰਧਾਰਾ ਨੂੰ ਪ੍ਰਥਮ ਤਰਜੀਹ ਦੇਣ ਅਤੇ ਗੁਰਬਾਣੀ
ਸਿਧਾਂਤ ਤੋਂ ਬਾਹਰ ਨਾਂ ਜਾਣ। ਗੁਰੂ ਘਰਾਂ ਵਿੱਚ ਗੁਰਬਾਣੀ ਸੰਥਿਆ ਵਿਚਾਰ ਦੀਆਂ ਕਲਾਸਾਂ ਲੱਗਣੀਆਂ
ਚਾਹੀਦੀਆਂ ਹਨ ਨਾ ਕਿ ਕੇਵਲ ਪਾਠਾਂ ਦੀਆਂ ਲੜੀਆਂ। ਗੁਰੂ ਗ੍ਰੰਥ ਸਾਹਿਬ ਜੀ ਤੋਂ ਵੱਡਾ ਸਿਧਾਂਤਕ
ਹੋਰ ਕੋਈ ਗ੍ਰੰਥ, ਜਨਮ ਸਾਖੀ ਜਾਂ ਭਗਤ ਮਾਲਾ ਨਹੀਂ। ਭਗਤਾਂ ਅਤੇ ਗੁਰੂਆਂ ਬਾਰੇ ਲਿਖਣ ਜਾਂ ਬੋਲਣ
ਲੱਗੇ ਉਨ੍ਹਾਂ ਦੀ ਆਪਣੀ ਉਚਾਰਣ ਕੀਤੀ ਹੋਈ ਬਾਣੀ ਨੂੰ ਪਹਿਲ ਦੇਣੀ ਚਾਹੀਦੀ ਹੈ, ਨਹੀਂ ਤਾਂ- ਜੇ
ਘਰਿ ਹੋਂਦੈ ਮੰਗਣਿ ਜਾਈਐ ਫਿਰ ਉਲ੍ਹਾਮਾ ਮਿਲੇ ਤਹੀਂ॥ (ਗੁਰੂ ਗ੍ਰੰਥ)
ਜਦੋਂ ਅਸੀਂ ਮੂਲ ਸਿਧਾਂਤਾਂ ਨੂੰ ਛੱਡ ਕੇ ਵਿਚਾਰ ਕਰਦੇ
ਜਾਂ ਲਿਖਦੇ ਹਾਂ (ਤਾਂ ਹੀ) ਸਿਧਾਂਤਕ ਗਲਤੀਆਂ ਹੁੰਦੀਆਂ ਹਨ ਕਿ ਫਲਾਨੇ ਭਗਤਾਂ ਨੇ ਠਾਕਰ ਭਾਵ ਸ਼ਰਦਾ
ਨਾਲ ਪੱਥਰ ਪੂਜ ਕੇ ਰੱਬ ਪਾਇਆ ਸੀ।
ਅਵਤਾਰ ਸਿੰਘ ਮਿਸ਼ਨਰੀ- (510-432-5827)
|
. |