ਭਾਈ ਮਰਦਾਨਾ, ਭਾਈ ਮੰਝ ਅਦਿਕ ਅਨੇਕਾਂ ਮਿਸਾਲਾਂ, ਉਪ੍ਰੰਤ
ਵਿਸਾਖੀ 1699 ਨੂੰ ਨੰਗੀ ਤਲਵਾਰ ਦੀ ਧਾਰ ਦੇ ਇਮਿਤਿਹਾਨ ਹੇਠੋਂ 100% ਨੰਬਰ ਲੈ
ਕੇ ਪਾਸ ਹੋਣ ਵਾਲਾ ਇਹ ਹੁਕਮੀ ਬੰਦਾ-ਗੁਰੂ ਕਾ ਸਿੱਖ, ਅੱਜ, ਗੁਰਬਾਣੀ-ਗੁਰੂ ਦੇ ਹੁਕਮਾਂ ਵਿਰੁਧ,
ਕਿਸ ਨੀਵੀਂ ਖੱਡ `ਚ ਡਿੱਗ ਚੁਕਾ ਹੈ, ਛੁਪੀ-ਗੁੱਝੀ ਗੱਲ ਨਹੀਂ। ਕੇਵਲ ਗੁਰਬਾਣੀ-ਗੁਰੂ ਦੀ ਆਗਿਆ `ਚ
ਆਪਣੇ ਆਪ ਨੂੰ ਸਮਰਪਣ ਕਰਕੇ ਅੱਜ ਵੀ ਗੁਰੂ ਕਾ ਸਿੱਖ, ਅਕਾਲ ਪੁਰਖ ਦੀ ਉਸੇ ਹੀ ਬਖਸ਼ਿਸ਼ ਦਾ ਪਾਤਰ ਤੇ
ਗੁਰੂ ਦੀ ਪ੍ਰਤੀਤ ਦਾ ਹੱਕਦਾਰ ਬਣ ਸਕਦਾ ਹੈ, ਪਰ ਹੁਕਮੀ ਬੰਦਾ ਬਣੇ ਬਿਨਾ ਨਹੀਂ। ਫ਼ੁਰਮਾਣ ਹੈ
“ਹੁਕਮਿ ਮੰਨਿਐ ਹੋਵੈ ਪਰਵਾਣੁ ਤਾ ਖਸਮੈ ਕਾ ਮਹਲੁ ਪਾਇਸੀ” (ਪੰ: 471) ਅਤੇ “ਆਪੁ ਗਵਾਇ
ਸੇਵਾ ਕਰੇ ਤਾ ਕਿਛੁ ਪਾਏ ਮਾਨੁ॥ ਨਾਨਕ ਜਿਸ ਨੋ ਲਗਾ ਤਿਸੁ ਮਿਲੈ ਲਗਾ ਸੋ ਪਰਵਾਨੁ” (ਪੰ: 474)
ਸਾਡਾ ਅਜੋਕਾ ਜੀਵਨ-ਅੱਜ ਇੱਕ ਇੱਕ ਵਿਪਰਨ ਦੀ ਰੀਤ ਤੇ ਹੂੜਮੱਤ,
ਗੁਰਦੁਆਰਿਆਂ ਦੀ ਇੱਕ ਇੱਕ ਇੱਟ ਨਾਲ ਆਪਣਾ ਰਿਸ਼ਤਾ ਜੋੜ ਚੁਕੀ ਹੈ, ਪ੍ਰਚਾਰਕ ਦੀਆਂ ਰਗਾਂ `ਚ ਧੱਸ
ਚੁਕੀ ਹੈ, ਪ੍ਰਬੰਧਕ ਦਾ ਇਮਾਨ ਬਣ ਚੁਕੀ ਹੈ। ਘਰ `ਚ ਮਾਤਾ ਪਿਤਾ ਦੀ ਸ਼ਾਨ ਬਣ ਚੁਕੀ ਹੈ। ਉਸ ਤੋਂ
ਬਾਅਦ ਗੁਰੂ ਸਾਡੇ ਕੇਵਲ ਬਾਹਰਲੇ ਪਹਿਰਾਵੇ ਤੇ ਪ੍ਰਤੀਤ ਕਿਵੇਂ ਕਰੇ? ਅੱਜ ਪੂਰੀ ਪਨੀਰੀ, ਸਿੱਖੀ ਵਲ
ਪਿੱਠ ਕਰੀ ਖਲੋਤੀ ਹੈ, ਇਸ ਲਈ ਨਹੀਂ ਕਿ ਸਿੱਖੀ ਉਸਨੂੰ ਚੰਗੀ ਨਹੀਂ ਲਗਦੀ ਜਾਂ ਸਿੱਖੀ ਤੋਂ ਉਸਨੂੰ
ਐਲਰਜੀ ਹੈ। ਬਲਕਿ ਇਸ ਲਈ ਕਿ ਚੌਵੀ ਘੰਟਿਆ ਦੀ ਆਪਣੀ ਜਿੰਦਗੀ `ਚ ਪ੍ਰਚਾਰਕ, ਪ੍ਰਬੰਧਕ, ਗੁਰਦੁਆਰਾ
ਸਟੇਜ, ਭਾਈ ਸਾਹਿਬਾਨ, ਗ੍ਰੰਥੀ ਸਿੰਘ, ਮਾਤਾ ਪਿਤਾ, ਸੰਬੰਧੀਆਂ ਦੇ ਰੂਪ `ਚ ਜੋ ਕੁੱਝ ਅਸੀਂ ਪਨੀਰੀ
ਨੂੰ ਦੇ ਰਹੇ ਹਾਂ ਉਸ `ਚ ‘ਨਾ ਗੁਰੂ ਦੀ ਸਿੱਖੀ ਹੈ ਤੇ ਨਾ ਹੀ ਗੁਰੂ ਦਾ ਭੈਅ’। ਬਾਣੀ ਗੁਰੂ ਦਾ
ਹੁਕਮੀ ਬੰਦਾ ਹੋਣ ਵਾਲਾ ਸਾਡਾ ਅਸਲ ਗੁਣ, ਅੱਜ ਸਾਡੇ ਅੰਦਰੋਂ ਪੂਰੀ ਤਰ੍ਹਾਂ ਅਲੋਪ ਹੈ।
ਸਾਡੇ ਅਜੋਕੇ ਜਾਂਦੇ ਸਿੱਖੀ ਜੀਵਨ `ਚ ਹਨ ਸਾਡੇ ਕੋਲ ਸੰਭਾਲੀਆਂ ਹੋਈਆਂ
ਵਿਪਰਨ ਦੀਆ ਰੀਤਾਂ। ਇਹਨਾ ਅਨਮਤੀ-ਮਨਮਤੀ-ਹੂੜਮਤੀ ਰੀਤਾਂ `ਚੋਂ ਜਨਮ ਲੈ ਚੁਕੇ ਹਨ-ਪਿਆਰੇ ਜਿਹੇ
ਸਾਡੇ ਆਪ ਘੜੇ ਲਫ਼ਜ਼ ‘ਇਸ ਨਾਲ ਕੀ ਫਰਕ ਪੈਂਦਾ ਹੈ’ … ‘ਸਭ ਚਲਦਾ ਹੈ’ …
‘ਲੋਕਾਚਾਰੀ-ਬਰਾਦਰੀ-ਸਮਾਜ ਨੂੰ ਵੀ ਤਾਂ ਵੇਖਣਾ ਹੈ’ …. . ਆਦਿ। ਗੁਰੂ ਦੇ ਹੁਕਮੀ ਬੰਦੇ
ਵਾਲਾ, ਨੰਗੀ ਤਲਵਾਰ ਦੀ ਧਾਰ ਹੇਠੋਂ ਪਾਸ ਹੋਣ ਵਾਲਾ ਸਾਡਾ ਸੁਭਾਅ, ਅੱਜ ਸਾਡੇ ਅੰਦਰੋਂ ਪੂਰੀ
ਤਰ੍ਹਾਂ ਅਲੋਪ ਹੈ। ਇਹੀ ਕਾਰਣ ਹੈ ਕਿ ਅੱਜ ਪੰਥ ਪੂਰਨ ਰਸਾਤਲ ਵਲ ਜਾ ਰਿਹਾ ਹੈ, ਸ਼ਾਇਦ ਹੀ ਸੰਭਲ
ਸਕੀਏ …
ਗੁਰੂ ਪਾਤਸ਼ਾਹ ਦੀ ਬਖਸ਼ਸ਼ ਅਤੇ ਸਾਡੇ ਪ੍ਰਵਾਰਕ ਸੁੱਖ- ਅਕੱਟ ਸੱਚਾਈ ਹੈ
ਅੱਜ ਸਾਡੇ ਮਨਾਂ `ਚ ਗੁਰੂ ਦਾ ਭੈ-ਸਤਿਕਾਰ ਹੀ ਨਹੀਂ ਹੁੰਦਾ; ਸਾਡੀ ਟੇਕ ਹੀ ਆਪਣੀ ਹੂੜ੍ਹਮੱਤ, ਲੋਕ
ਦਿਖਾਵੇ, ਰੀਤਾਂ-ਰਸਮਾਂ, ਸਗਨਾਂ-ਵਹਿਮਾਂ ਤੇ ਅਨਮੱਤੀ-ਬ੍ਰਾਹਮਣੀ ਕਰਮਕਾਂਡਾਂ ਤੇ ਹੁੰਦੀ ਹੈ। ਇਸੇ
ਦਾ ਨਤੀਜਾ, ਅਸੀਂ ਹਰ ਸਮੇਂ ਗੁਰੂ ਦੇ ਦੇਣਦਾਰ ਹੀ ਬਣੇ ਹੋਏ ਹਾਂ, ਇਸ ਲਈ ਉਸਦੀ ਬਖਸ਼ਿਸ਼ ਦੇ ਪਾਤਰ
ਬਣ ਹੀ ਨਹੀਂ ਪਾ ਰਹੇ। ਇਸੇ ਬਖਸ਼ਿਸ਼ ਦੀ ਅਣਹੋਂਦ ਕਾਰਨ ਸਾਡੇ ਘਰ-ਪ੍ਰਵਾਰਾਂ `ਚ ਖੁਸ਼ੀਆਂ ਆਉਣ ਦੀ
ਬਜਾਏ ਹਰ ਸਮੇਂ ਖਿੱਚਾਤਾਣੀਆਂ, ਕਲਿਹ-ਕਲੇਸ਼, ਮਨ-ਮੁਟਾਵ ਆਦਿ ਆਪਣਾ ਟਿਕਾਣਾ ਬਣਾ ਚੁਕੇ ਹਨ ਪਰ
ਇਸਦੇ ਲਈ ਜ਼ਿਮੇਵਾਰ ਅਸੀਂ ਆਪ ਹਾਂ-ਗੁਰੂ-ਅਕਾਲਪੁਰਖ ਨਹੀਂ। ਕਿਉਂਕਿ ਅਸਲ `ਚ ਸਾਡੀ ਅਜੋਕੀ ਰਹਿਨੀ
ਕਾਰਨ-ਅਸੀਂ ਬਾਹਰੋਂ ਤਾਂ ‘ਗੁਰੂ ਕੇ ਸਿੱਖ’ ਨਜ਼ਰ ਆ ਰਹੇ ਹਾਂ ਪਰ ਅਸਲ `ਚ ‘ਨਾਮ ਧਰੀਕ’ ਹੂੜਮਤੀਏ,
ਮਨਮਤੀਏ, ਦੁਰਮਤੀਏ, ਸ਼ਰਾਬਾਂ ਪੀਣੇ, ਵਿਭਚਾਰੀ ਸਿੱਖ ਹੀ ਬਣ ਕੇ ਰਹਿ ਚੁਕੇ ਹਾਂ। ਸ਼ਕਲ-ਸੂਰਤ ਤੋਂ
ਸਿੱਖ ਨਜ਼ਰ ਆਉਂਦੇ ਹਾਂ, ਦੂਜੇ ਵੀ ਸਾਨੂੰ ‘ਸਰਦਾਰ ਜੀ’ ਕਹਿਕੇ ਬੁਲਾਉਂਦੇ ਹਨ ਪਰ ਸਾਡੇ ‘ਅਨੰਦ
ਕਾਰਜ’, ਜਮਨੇ-ਮਰਣੇ, ਸਾਡੇ ਪ੍ਰੀਵਾਰਾਂ `ਚ ਨਿੱਤ ਮਨਾਏ ਜਾ ਰਹੇ ਅਨਮਤੀ ਤਿਉਹਾਰਾਂ ਵੇਲੇ ਸਾਡਾ
ਹੋਰ ਹੀ ਰੂਪ ਉਘੜ ਰਿਹਾ ਹੁੰਦਾ ਹੈ ਭਾਵ ਗੁਰੂ ਤੋਂ ਬੇਮੁੱਖ ਸਿੱਖਾਂ ਵਾਲਾ ਰੂਪ।
ਬਾਹਰੋਂ ਪੰਜ ਕਕਾਰੀ ਵੀ ਹੁੰਦੇ ਹਾਂ ਪਰ ਗੁਰਬਾਣੀ ਚਾਹੇ ਕੁੱਝ ਆਦੇਸ਼ ਦੇਵੇ
ਅਸਾਂ ਚਲਣਾ ਹੁੰਦਾ ਹੈ ਆਪਣੇ ਸੰਤ ਜੀ, ਮਹਾਰਾਜ ਜੀ, ਸਭਾ- ਸੋਸਾਇਟੀ ਜਾਂ ਕਿਸੇ ਕਾਲਿਜ ਦੇ
ਡਿਸਿਪਲਨ-ਮਰਿਆਦਾ `ਚ ਨਾ ਕਿ ਗੁਰਬਾਣੀ-ਗੁਰੂ ਦੀ ਮਰਿਆਦਾ `ਚ। ਫ਼ਿਰ ਸਾਡੀ ਕਰਨੀ ਭਾਵੇਂ ਗੁਰਬਾਣੀ
ਸੇਧ ਦੇ ਉਲਟ ਹੋਵੇ ਜਾਂ ਗੁਰੂ ਦੀ ਆਵਾਜ਼ ਨੂੰ ਦਬਾਉਣ ਵਾਲੀ, ਬਾਵਜੂਦ ਇਸ ਸਭ ਦੇ ਦਮਗਜੇ ਹੁੰਦੇ ਹਨ
“ਜਿਨਾ ਗੁਰੁ ਗੋਪਿਆ ਆਪਣਾ ਤੇ ਨਰ ਬੁਰਿਆਰੀ॥ ਹਰਿ ਜੀਉ ਤਿਨ ਕਾ ਦਰਸਨੁ ਨਾ ਕਰਹੁ ਪਾਪਿਸਟ
ਹਤਿਆਰੀ” (ਪ: ੬੫੧)। ਘਰ ਪ੍ਰਵਾਰ ਦੇ ਕਿਸੇ ਵੀ ਕਾਰਜ ਸਮੇਂ ਚਾਹੇ ਕੋਈ ਦੇਖ ਲਵੇ,
ਅਰਦਾਸ ਦੀ ਟੇਕ `ਚ, ਇੱਕ ਵੀ ਕਾਰਜ ਨਹੀਂ ਬਲਕਿ ਲੋਕਾਚਾਰੀ ਰੀਤਾਂ ਹੀ ਪੂਰੀਆਂ ਹੁੰਦੀਆਂ ਹਨ।
ਫ਼ਿਰ ਇਥੇ ਹੀ ਬੱਸ ਨਹੀਂ, ਸਾਰਾ ਕੁੱਝ ਕਰਕੇ ਵੀ ਵੱਡਾ ਝੂਠ ਬੋਲਿਆ ਜਾਂਦਾ
ਹੈ ਮਿਸਾਲ ਵਜੋਂ ਕਿਸੇ ਵੀ ਅਨੰਦ ਕਾਰਜ ਉਪ੍ਰੰਤ ਭਾਈ ਸਾਹਿਬ ਨੂੰ ਅਰਦਾਸ ਕਰਦੇ ਸੁਣ ਲਵੋ- ‘ਹੇ ਸਚੇ
ਪਾਤਸ਼ਾਹ! ਸਾਰਾ ਕਾਰਜ ਗੁਰਮਤਿ ਅਨੁਸਾਰ ਹੋਇਆ ਹੈ’। ਜਦਕਿ ਉਥੇ ਭਾਵੇਂ ਦੁਨੀਆਂ ਭਰ ਦੇ ਆਡੰਬਰ,
ਸਗਨ-ਰੀਤਾਂ, ਨਾਚ, ਸ਼ਰਾਬਾਂ ਦੀ ਬਾਰ-ਹੀ ਚਲੀ ਹੋਵੇ। ਅੱਜ ਬਹੁਤੇ ਸਿੱਖ ਪ੍ਰਵਾਰਾਂ `ਚੋਂ ਅਨੰਦ
ਕਾਰਜ, ਭੋਗ, ਬਲਕਿ ਹਰੇਕ ਕਾਰਜ ਸਮੇਂ ਇਸ ਸੱਚਾਈ ਨੂੰ ਸਹਿਜੇ ਹੀ ਦੇਖਿਆ ਜਾ ਸਕਦਾ ਹੈ।
ਸਿੱਖ ਤੇ ਗ਼ੈਰ ਸਿੱਖ ਪ੍ਰਵਾਰ- ਚੇਤੇ ਰਖੀਏ! ਗੁਰੂ ਦੀ ਬਖਸ਼ਸ਼, ਬਾਣੀ
ਦੀ ਆਗਿਆ `ਚ ਚਲ ਕੇ ਹੀ ਮਿਲੇਗੀ, ਉਂਝ ਨਹੀਂ। ਸਾਡੀਆਂ ਹੂੜਮੱਤਾਂ, ਮਨਮੱਤਾਂ, ਦੁਰਮੱਤਾ,
ਰਸਮਾਂ-ਰੀਤਾਂ ਬ੍ਰਾਹਮਣੀ ਕਰਮਕਾਂਡਾਂ, ਲੋਕ ਦਿਖਾਵਿਆਂ `ਚੋਂ ਤਾਂ ਇਹੀ ਰੋਣੇ-ਪਿੱਟਣੇ-ਕਲੇਸ਼-ਮਾਨਸਕ
ਤਨਾਵ-ਹਾਰਟ ਅਟੈਕ ਬੇਅੰਤ ਸਰੀਰਕ-ਮਾਨਸਕ ਉੱਥਲ-ਪੁੱਥਲ ਹੀ ਮਿਲੇਗੀ ਜਿਹੜੀ ਕਿ ਅੱਜ ਚੋਵੀ ਘੰਟੇ ਭੋਗ
ਰਹੇ ਹਾਂ। ਜੇ ਕਰ ਅਸਾਂ ਸਿੱਖ ਅਖਵਾ ਕੇ ਵੀ ਇਹੀ ਕੁੱਝ ਕਰਨਾ ਹੈ ਤਾਂ ਇਸ ਸਾਰੇ ਲਈ ਕਿਸੇ ਨੂੰ ਦੋਸ਼
ਦੇਣ ਦੀ ਲੋੜ ਨਹੀਂ। ਜਦੋਂ ਸਾਡੇ ਜੀਵਨ ਦੀ ਦੌੜ ਹੀ ਗੁਰੂ ਦੀ ਸਿੱਖਿਆ ਅਨੁਸਰ ਨਹੀਂ ਬਲਕਿ
ਭੁੱਲੇ-ਭੱਟਕੇ, ਕੁਰਾਹੇ ਪਏ ਅਗਿਅਨਤਾ `ਚ ਫ਼ਸੇ ਲੋਕਾਂ ਪਿੱਛੇ ਹੈ ਤਾਂ ਉਲ੍ਹਾਮਾ ਕਿਸਨੂੰ?
ਫ਼ੁਰਮਾਣ ਹੈ “ਦਦੈ ਦੋਸੁ ਨ ਦੇਊ ਕਿਸੈ ਦੋਸੁ ਕਰੰਮਾ ਆਪਣਿਆ॥ ਜੋ ਮੈ ਕੀਆ
ਸੋ ਮੈ ਪਾਇਆ ਦੋਸੁ ਨ ਦੀਜੈ ਅਵਰ ਜਨਾ” (ਪੰ: 433)। ਜਿਨ੍ਹਾਂ ਦੀਆਂ ਲੀਹਾਂ ਤੇ ਅੱਜ
ਸਾਡਾ ਜੀਵਨ ਚਲ ਰਿਹਾ ਹੈ, ਆਖਿਰ ਨਤੀਜਾ-ਪ੍ਰਾਪਤੀ ਵੀ ਉਹੀ ਹੋਵੇਗੀ। ਇਹੀ ਕਾਰਨ ਹੈ ਕਿ ਅੱਜ
ਸਿੱਖਾਂ ਦੀ ਜ਼ਿੰਦਗੀ ਵੀ ਦੂਜਿਆ ਵਾਂਗ ਹੀ ਬਣ ਕੇ ਰਹਿ ਚੁਕੀ ਹੈ। ਆਓ! ਗੁਰੂ ਭੈ `ਚ ਜੀਅ ਕੇ ਗੁਰੂ
ਦੀ ਬਖਸ਼ਿਸ਼ ਦੇ ਪਾਤਰ ਬਣੀਏ। ਕੇਵਲ ਇਸੇ ਇਕੋ ਹੀ ਸੁਰ `ਚ ‘ਕੀ ਫ਼ਰਕ ਪੈਂਦਾ ਹੈ’ ਅੱਜ ਸਿੱਖੀ
ਵਾਲਾ ਰੋਮ ਸੜ ਰਿਹਾ ਹੇ, ਪਰ ਨੀਰੂ ਰੂਪੀ ਪੰਥ ਬੰਸਰੀ ਵਜਾ ਰਿਹਾ। ਗੁਰਸਿਖੋ! ਆਓ ਗੁਰਬਾਣੀ ਆਗਿਆ
`ਚ ਜਾਗੀਏ ਅਤੇ ਗੁਰੂ ਦੇ ਵਿਸ਼ਵਾਸ-ਬਖਸ਼ਿਸ਼ ਦੇ ਵਾਰਿਸ ਬਣੀਏ। ਉਹ ਗੁਰੂ ਜੋ ਲਖਾਂ ਦੇ ਘੇਰੇ ਚ ਚਾਲੀ
ਭੁੱਖੇ ਭਾਣੇ ਜ਼ਖਮੀਆਂ ਨੂੰ ਲੜਾ ਸਕਦਾ ਹੈ ਫ਼ਿਰ ਵੀ ਆਪਾ ਸਮਰਪਣ ਨਹੀਂ ਕਰਦਾ। ਇਹ ਸਭ ਉਸਦੀ ਬਖਸ਼ਿਸ਼
ਤੋਂ ਬਿਨਾ ਸੰਭਵ ਨਹੀਂ।