. |
|
ਪੰਥਕ
ਵਿਦਵਾਨਾਂ ਦਾ ਸਤਿਕਾਰ?
ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ,
ਪ੍ਰਿੰਸੀਪਲ ਗੁਰਮਤਿ ਐਜੁਕੇਸ਼ਨ ਸੈਂਟਰ, ਦਿੱਲੀ। ਮੈਬਰ, ਧਰਮ ਪ੍ਰਚਾਰ ਕਮੇਟੀ, ਦਿ: ਸਿ: ਗੁ: ਪ੍ਰ:
ਕ: ਦਿੱਲੀ: ਫਾਊਂਡਰ ਸਿੱਖ ਮਿਸ਼ਨਰੀ ਲਹਿਰ ਸੰਨ 1956
ਇਹ ਨਹੀਂ ਭੁਲਣਾ ਚਾਹੀਦਾ ਕਿ ਪੰਥ ਅੰਦਰ ਜੋ ਵੀ ਵਿਦਵਾਨ-ਮਹਾਪੁਰਖ ਉਭਰਦਾ
ਹੈ, ਕਾਰਨ ਹੁੰਦਾ ਹੈ, ਉਸ ਦੀ ਕਿਸੇ ਨਾ ਕਿਸੇ ਪੱਖ ਤੋਂ ਪੰਥ ਨੂੰ ਕੁੱਝ ਦੇਣ ਹੈ। ਇਹੀ ਕਾਰਨ ਹੈ
ਕਿ ਪੰਥ ਦਾ ਹਰੇਕ ਵਿਦਵਾਨ ਸਤਿਕਾਰਜੋਗ ਹੁੰਦਾ ਹੈ ਅਤੇ ਸਾਡਾ ਫ਼ਰਜ਼ ਬਣਦਾ ਹੈ ਕਿ ਦਰਜਾ-ਬਦਰਜਾ ਸਾਰੇ
ਵਿਦਵਾਨਾਂ ਦਾ ਸਤਿਕਾਰ ਕਰੀਏ। ਦੇਖਿਆ ਜਾਵੇ ਤਾਂ ਇਸ ਪੱਖੋਂ ਸਾਡੇ ਵਲੋਂ ਦੋ ਤਰ੍ਹਾਂ ਦੀਆਂ
ਕੋਤਾਹੀਆਂ ਹੋ ਰਹੀਆਂ ਹਨ ਜੋ ਸਾਰੇ ਪੰਥ ਲਈ ਨੁਕਸਾਨਦੇਹ ਹਨ। ਇਹਨਾ ਕੋਤਾਹੀਆ ਕਾਰਨ ਲੰਮੇ ਸਮੇਂ
ਤੋਂ ਪੰਥ ਨੁਕਸਾਨ ਵੀ ਭੁਗਤ ਰਿਹਾ ਹੈ, ਜੇਕਰ ਅਜੇ ਵੀ ਨਾ ਸੰਭਲੇ ਤਾਂ ਪਤਾ ਨਹੀਂ ਇਹ ਗੱਲ ਕਿੱਥੇ
ਜਾ ਕੇ ਰੁਕੇ।
ਪਹਿਲੀ ਗਲਤੀ ਉਦੋਂ ਕਰਦੇ ਹਾਂ ਜਦੋਂ ਕਿਸੇ ਇੱਕ ਵਿਦਵਾਨ ਦਾ ਸਤਿਕਾਰ
ਕਰਦੇ-ਕਰਦੇ, ਸਾਡੀ ਦੌੜ ਹੁੰਦੀ ਹੈ ਦੂਜੇ ਵਿਦਵਾਨਾਂ ਨੂੰ ਨਿੰਦਣਾ ਜਾਂ ਛੁਟਿਆਉਣਾ। ਹੋਰ ਨਹੀਂ ਤਾਂ
ਉਸ ਵਿਦਵਾਨ ਨਾਲੋਂ ਬਾਕੀਆਂ ਨੂੰ ਨੀਵਾਂ ਦਿਖਾਉਣਾ। ਦੂਜਾ- ਇਸ ਸੰਬੰਧ `ਚ ਦੂਜੀ ਕੋਤਾਹੀ,
ਜਦੋਂ ਕਿਸੇ ਵਿਦਵਾਨ ਲਈ ਸਾਡੇ ਮਨ `ਚ ਸਤਿਕਾਰ ਹੈ; ਤਾਂ ਵਿਦਵਾਨ ਨੂੰ ਆਪਣੀ ਬੋਲੀ ਵਿਹਾਰ `ਚ ਇੰਨਾ
ਉਚਾ ਚੁੱਕ ਲੈਂਦੇ ਹਾਂ ਜਿਵੇਂ ਕਿ ਉਹ ਜੋ ਕੁੱਝ ਕਰ ਰਿਹਾ/ ਕਹਿ ਰਿਹਾ/ਲਿਖ ਰਿਹਾ (ਜਾਂ) ਗਿਆ ਹੈ,
ਬੱਸ ਉਹੀ ਅੱਵਲ ਤੇ ਆਖਿਰ ਹੈ ਕਿਉਂਕਿ ਉਹਨਾਂ ਲੋਕਾਂ ਅਨੁਸਾਰ ਉਹ ਵਿਦਵਾਨ ਅਭੁੱਲ ਹੈ। ਫ਼ਿਰ ਚਾਹੇ
ਗੁਰਬਾਣੀ ਦਾ ਨਿਰਣਾ ਉਸ ਪੱਖ ਤੇ ਕੁੱਝ ਵੀ ਹੋਵੇ। ਚੇਤੇ ਰਹੇ, ਵਿਦਵਾਨ ਚਾਹੇ ਕਿੰਨਾ ਉਚ-ਕੋਟੀ ਦਾ
ਕਿਉਂ ਨਾ ਹੋਵੇ ਅਖਿਰ ਉਹ ਵਿਦਵਾਨ ਵੀ ਇਨਸਾਨ ਹੀ ਹੈ, ਉਹ ਗੁਰੂ ਜਾਂ ਅਕਾਲਪੁਰਖ ਨਹੀਂ। ਇਸ ਲਈ ਆਮ
ਇਨਸਾਨ ਹੋਣ ਦੇ ਨਾਤੇ ਅਮੁੱਕੇ ਵਿਦਵਾਨ ਜਾਂ ਲਿਖਾਰੀ ਦਾ ਕੁੱਝ ਪਖਾਂ ਤੋਂ ਭੁੱਲਣਹਾਰ ਹੋਣਾ ਵੀ
ਜ਼ਰੂਰੀ ਹੈ।
"ਛੱਡੋ ਜੀ ਤੁਹਾਨੂੰ ਬਹੁਤਾ ਪਤਾ
ਵਾ" -ਇਸਦੇ ਉਲਟ ਅੱਜ ਕੌਮ ਅੰਦਰ ਇਹ ਸ਼ਬਦਾਵਲੀ ਸਿਖਰਾਂ `ਤੇ ਹੈ "ਛਡੋ ਜੀ!
ਤੁਹਾਨੂੰ ਬਹੁਤਾ ਪਤਾ ਵਾ, ਸਾਡੇ ਸੰਤ. . ਮਹਾਪੁਰਖ… ਮਹਾਰਾਜ. . ਬਾਬਾ ਜੀ ਤੋਂ ਵੱਧ ਗੁਰੂ ਸਾਹਿਬ
ਨੂੰ ਕੌਣ ਜਾਣਦਾ ਏ"। ਹਿਸਾਬ ਲਾਵੋ ਸਾਡੀ ਅਜੇਹੀ ਸ਼ਬਦਾਵਲੀ ਅੱਜ ਸਾਨੂੰ ਕਿੱਥੇ ਲਿਜਾ ਰਹੀ ਹੈ।
ਇਸ ਦਾ ਅਰਥ, ਜੋ ਅਮੁੱਕੇ ਸਾਧ, ਸੰਤ, ਮਹਾਰਾਜ ਆਦਿ ਨੇ ਕਿਹਾ ਅਸਾਂ ਉਸੇ ਨੂੰ ਹੀ ਪੂਰਨ ਸਮਝ ਲਿਆ;
ਫ਼ਿਰ ਉਹ ਗੱਲ ਗੁਰਬਾਣੀ ਆਸ਼ੇ-ਸਿਧਾਂਤ-ਜੀਵਨ ਜਾਚ-ਸੇਧ ਦੇ ਭਾਵੇਂ ਕਿੰਨੀ ਵਿਰੁਧ ਕਿਉਂ ਨਾ ਹੋਵੇ; ਪਰ
ਅਸਾਂ ਉਸ ਵਿਰੁਧ ਕੰਨ ਨਹੀਂ ਧਰਨਾ। ਸਾਡੀ ਹੱਠ ਧਰਮੀ ਦਾ ਸਿੱਟਾ ਪੰਥ ਭਾਵੇਂ ਕਿੰਨੇ ਟੁੱਕੜਿਆਂ `ਚ
ਵੰਡਿਆ ਜਾਵੇ, ਉਸ ਨਾਲ ਸਾਡਾ ਕੁੱਝ ਲੈਣਾ ਦੇਣਾ ਨਹੀਂ ਰਹਿ ਜਾਂਦਾ।
"ਭੁਲਣ ਅੰਦਰਿ ਸਭੁ ਕੋ" -ਲੋੜ ਸੀ, ਸਾਡੀ ਸੋਚਣੀ ਦਾ ਮਾਪਦੰਡ
ਹੋਵੇ-ਜਦੋਂ ਤੇ ਜਿਥੋਂ ਵੀ ਸਾਨੂੰ ਸਮਝ ਆਵੇ ਕਿ ਸਾਡੀ ਅਮੁੱਕੀ ਸੋਚਣੀ ਗੁਰਬਾਣੀ ਨਾਲ ਮੇਲ ਨਹੀਂ
ਖਾਂਦੀ ਤਾਂ ਅਸੀਂ ਉਸ ਤੋਂ ਇੱਕ ਦੰਮ ਸੁਚੇਤ ਹੋ ਜਾਈਏ; ਕਿਉਂਕਿ ਮਨੁੱਖ ਅਭੁੱਲ਼ ਨਹੀਂ, ਅਭੁੱਲ ਕੇਵਲ
ਗੁਰੂ-ਗੁਰਬਾਣੀ ਜਾਂ ਅਕਾਲਪੁਰਖ ਹੀ ਹੈ। ਫ਼ਿਰ ਭਾਵੇਂ ਉਹ ਵਿਦਵਾਨ ਕਿਸੇ ਵੀ ਪੱਧਰ ਦਾ ਕਿਉਂ ਨਾ
ਹੋਵੇ ਫ਼ੈਸਲਾ ਹੈ "ਭੁਲਣ ਅੰਦਰਿ ਸਭੁ ਕੋ ਅਭੁਲੁ ਗੁਰੂ ਕਰਤਾਰੁ" (ਪੰ: ੬੧) ਅਤੇ "ਭੁਲਣ
ਵਿਚਿ ਕੀਆ ਸਭੁ ਕੋਈ ਕਰਤਾ ਆਪਿ ਨ ਭੁਲੈ" (ਪੰ: 1344) ਜੇਕਰ ਗੁਰਬਾਣੀ ਦੀ ਸੱਚਾਈ ਨੂੰ ਕਿਸੇ
ਵੀ ਵਿਦਵਾਨ ਪ੍ਰਤੀ ਆਪਣੇ ਜੀਵਨ ਦਾ ਆਧਾਰ ਬਨਾ ਕੇ ਚਲਾਂਗੇ ਤਾਂ ਯਕੀਨਣ ਵੱਧ ਜਾਂ ਘੱਟ, ਸਾਰੇ ਹੀ
ਵਿਦਵਾਨ, ਸਤਿਕਾਰਜੋਗ ਦਿੱਸਣਗੇ ਤੇ ਪੰਥ ਵੀ ਚੜ੍ਹਦੀਆਂ ਕਲਾ `ਚ ਜਾਵੇਗਾ। ਇਸ `ਤੇ ਅਸੀਂ ਦੋਹਰਾ
ਦੇਣਾ ਚਾਹੁੰਦੇ ਹਾਂ ਕਿ ਸਾਡੀ ਹੱਥਲੀ ਬੇਨਤੀ ਦਾ ਆਧਾਰ ਇਸ ਸੱਚਾਈ ਨੂੰ ਉਜਾਗਰ ਕਰਨਾ ਹੈ ਕਿ ਗੁਰੂ
ਕੇ ਸਿੱਖ ਹੋਣ ਦੇ ਨਾਤੇ ਆਪਣੇ ਵਿਦਵਾਨਾ-ਲਿਖਾਰੀਆਂ ਪ੍ਰਤੀ ਸਾਡਾ ਸੋਚ ਪੱਧਰ ਕੀ ਹੋਣਾ ਹੈ?
ਸੰਗਤਾਂ ਹੀ ਨਹੀਂ ਵਿਦਵਾਨ ਵੀ-ਇਥੋਂ ਤੀਕ ਕਿ ਜਦੋਂ ਇਹੀ ਭਾਵਨਾ ਜਾਂ
ਸੋਚ ਸਾਡੇ ਕਿਸੇ ਵਿਦਵਾਨ ਦੀ ਲਿਖਤ ਜਾਂ ਉਚਾਰਣ `ਚ ਵੀ ਹੋਵੇ। ਜਦੋਂ ਵਿਸ਼ੇ ਵਿਸ਼ੇਸ਼ `ਤੇ ਉਹ
ਆਪਣੇ-ਆਪ ਨੂੰ ਹੀ ਅਪਰੰਪਾਰ (Final Authority)
ਸਮਝ ਤੇ ਮੰਨ ਰਿਹਾ ਹੋਵੇ ਤਾਂ ਇਸ ਨੂੰ, ਵਿਦਵਾਨ ਦੀ
ਹਉਮੈ-ਜਾਂ ਮਾਨਸਿਕ ਵਿਕਾਰ ਤੇ ਸੋਚਣੀ ਨੂੰ ਪੰਥ ਲਈ ਅਧੋਗਤੀ ਦਾ ਰਸਤਾ ਹੀ ਕਿਹਾ ਜਾਵੇਗਾ। ਇਸਦੇ
ਉਲਟ ਅੱਜ ਸਾਡੀ ਜੋ ਹਾਲਤ ਹੈ-ਸੰਗਤਾਂ ਦੀ ਪੱਧਰ ਤੇ ਤਾਂ ਹੋਰ ਗਲ, ਅੱਜ ਤਾਂ ਇੱਕ ਵਿਦਵਾਨ ਵੀ ਦੂਜੇ
ਵਿਦਵਾਨ ਨੂੰ ਕੱਟ ਕੇ ਗੱਲ ਕਰ ਰਿਹਾ ਹੈ। ਵਿਦਵਾਨ ਦਾਅਵੇਦਾਰ ਬਣ ਰਿਹਾ ਹੈ ਕਿ ਜੋ ਕੁੱਝ ਉਹ ਕਹਿ
ਰਿਹਾ ਹੈ ਬੱਸ ਇਹੀ ਅੱਵਲ-ਆਖਿਰ ਹੈ, ਜਦਕਿ ਗੱਲ ਦੋਵੇਂ ਪਾਸੇ ਗ਼ਲਤ ਹੈ। ਵਿਦਵਾਨ, ਵਿਦਵਾਨ ਹੈ ਤੇ
ਸੰਗਤ, ਸੰਗਤ। ਜੇਕਰ ਕਿਸੇ ਪੱਖ ਤੇ ਕੋਈ ਅੰਤਮ ਨਿਰਣੇ ਦੀ ਗੱਲ ਹੈ ਤਾਂ ਉਹ ਨਿਰਣਾ ਗੁਰੂ-ਗੁਰਬਾਣੀ
ਨੇ ਕਰਣਾ ਹੈ, ਨਾ ਵਿਦਵਾਨ ਨੇ ਅਤੇ ਨਾ ਸੰਗਤ ਨੇ।
"ਦੁਬਿਧਾ ਦੂਰਿ ਕਰਹੁ ਲਿਵ ਲਾਇ" -ਪੰਥ `ਚ ਆ ਚੁਕੀ ਘਾਟ ਦਾ ਨਤੀਜਾ,
ਸੰਗਤ ਭਿੰਨ ਭਿੰਨ ਟੁੱਕੜਿਆਂ `ਚ ਵੰਡੀ ਪਈ ਹੈ। ਅਜੇਹਾ ਵਾਤਾਵਰਣ ਹੈ, ਜਿਵੇਂ ਭਾਈ ਗੁਰਦਾਸ, ਭਾਈ
ਮਨੀ ਸਿੰਘ ਤੋਂ ਬਾਅਦ ਕੌਮ `ਚ ਅੱਜ ਤੀਕ ਨਾ ਕੋਈ ਵਿਦਵਾਨ ਹੋਇਆ ਹੈ ਤੇ ਨਾ ਹੋਵੇਗਾ। ਕਿਉਂਕਿ
ਜਿਹੜੇ ਵਿਦਵਾਨ ਪੈਦਾ ਹੋ ਰਹੇ ਹਨ ਉਹ ਹੁਣ ਕੌਮ ਦੇ ਵਿਦਵਾਨ ਘੱਟ ਤੇ ਫਿਰਕਿਆਂ ਦੇ ਵੱਧ ਹਨ। ਇਸ
ਤੋਂ ਵੱਧ ਖੱਤਰਨਾਕ ਬਾਤ ਜੋ ਪੰਥ ਅੰਦਰ ਜੜ੍ਹਾਂ ਜਮਾ ਚੁਕੀ ਹੈ, ਅਣਅਧੀਕਾਰੀ ਗੁਰਦੁਆਰਾ ਪ੍ਰਬੰਧਕਾਂ
ਦੀ ਮੇਹਰਬਾਨੀ, ਪਰਲੇ ਦਰਜੇ ਦੇ ਚਾਪਲੂਸ ਵਿਦਵਾਨ, ਕਥਾਵਾਚਕ, ਬੁਲਾਰੇ, ਲਿਖਾਰੀ, ਫ਼ਿਰ ਭਾਵੇਂ ਉਹ
ਕਿੰਨਾ ਵੀ ਗੁਰਮਤਿ-ਗੁਰਬਾਣੀ ਵਿਰੁਧ ਮਸਾਲਾ ਦੇਣ, ਉਹਨਾਂ ਦੀਆਂ ਕਥਾਵਾਂ-ਲਿਖਤਾਂ ਚੋਂ ਜੇਕਰ
ਗੁਰਬਾਣੀ ਦਾ ਸੱਚ ਨਾ ਦੇ ਬਰਾਬਰ ਹੀ ਮਿਲੇ, ਪਰ ਅੱਜ ਪੰਥ `ਚ ਤੂਤੀ ਉਹਨਾਂ ਦੀ ਹੀ ਬੋਲ ਰਹੀ ਹੈ।
ਪੰਥ ਨੂੰ ਉਹਨਾਂ ਦੀਆਂ ਲਿਖਤਾਂ, ਕਥਾਵਾਂ ਜਾਂ ਉਹਨਾਂ ਰਾਹੀਂ ਪ੍ਰਗਟ
ਇਤਹਾਸ, ਮਿਥਿਹਾਸ `ਚੋਂ ਕੁੱਝ ਮਿਲੇ ਜਾਂ ਨਾ, ਪਰ ਉਹ ਪੰਥ `ਚ ਨਵੇਂ ਜੁਗ ਦੇ ਪੰਥ ਰਤਨ, ਵਿਦਿਆ
ਮਾਰਤੰਡ, ਬ੍ਰਹਮਗਿਆਨੀ ਤੇ ਪਤਾ ਨਹੀਂ ਕੀ ਕੀ ਹਨ। ਇਸਦੇ ਨਾਲ ਹੀ, ਇਸ ਪਖੋਂ ਯੋਗ ਲੇਖਕਾਂ,
ਪ੍ਰਚਾਰਕਾਂ, ਬੁਲਾਰਿਆਂ ਨੂੰ ਜਾਂ ਤਾਂ ਸਿਰ ਚੁੱਕਦੇ ਹੀ, ਉਹਨਾਂ ਦਾ ਸਿਰ ਕੁਚਲ ਦਿੱਤਾ ਜਾਂਦਾ ਹੈ।
ਜੇ ਨਹੀਂ ਤਾਂ ਉਹਨਾਂ ਨੂੰ ਅੱਗੇ ਆਉਣ ਦਾ ਮੌਕਾ ਹੀ ਨਹੀਂ ਦਿੱਤਾ ਜਾਂਦਾ। ਹਿਸਾਬ ਲਾਓ! ਅਜੇਹੇ
ਹਾਲਾਤਾਂ `ਚ ਗੁਰੂ ਗ੍ਰੰਥ ਸਾਹਿਬ ਤੋਂ ਗੁਰਬਾਣੀ ਜੀਵਨ-ਸੇਧ ਵਾਲਾ ਰੁਝਾਨ ਤਾਂ ਨਹੀਂ ਵਧੇਗਾ,
ਵਧੇਗਾ ਤਾਂ ਗੁਰਮਤਿ ਵਿਰੋਧੀ ਰੁਝਾਨ ਹੀ। ਅਜੇਹੇ ਹਾਲਾਤ ਲਈ ਚਾਹੇ ਸਮੁਚਾ ਪੰਥ ਤਾਂ ਜ਼ਿਮੇਂਵਾਰ
ਨਹੀਂ ਬਲਕਿ ਚੋਣਾਂ ਰਸਤੇ ਆਇਆ ਬਹੁਤਾ ਕਰਕੇ ਗੁਰਦੁਆਰਾ ਪ੍ਰਬੰਧ ਹੀ ਹੈ। ਇਸੇ ਦਾ ਨਤੀਜਾ, ਅੱਜ ਪੰਥ
ਦੇ ਕੇਵਲ ਵਿਦਵਾਨ ਹੀ ਨਹੀਂ ਬਲਕਿ ਸ਼ਹੀਦ ਅਤੇ ਹੋਰ ਪੰਥਕ ਹੱਸਤੀਆਂ ਵੀ ਵੰਡੀਆਂ ਪਈਆਂ ਹਨ, ਪੰਥ
ਖੇਰੂੰ-ਖੇਰੂੰ ਹੋਇਆ ਪਿਆ ਹੈ। ਯਕੀਨਣ ਜੇ ਅੱਜ ਵੀ ਇਸ ਪੰਥਕ ਦੁਖਾਂਤ ਨੂੰ ਸਮਝ ਲਵੀਏ ਤਾਂ ਵੀ ਪੰਥ
ਦੀ ਵਿਗੜੀ ਨੂੰ ਸੰਭਾਲਣ `ਚ ਵੱਡੀ ਮਦਦ ਮਿਲੇਗੀ।
ਇਸ ਸਾਰੇ ਦਾ ਇਕੋ ਇੱਕ ਹੱਲ ਹੈ-ਕਿਉਂਕਿ ਅਸੀਂ ਸਾਰੇ ਹੀ ਜੁਗੋ-ਜੁਗ ਅਟੱਲ
‘ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ’ ਜੀ ਦੇ ਸਿੱਖ ਹਾਂ। ਤਾਂ ਤੇ ਜ਼ਰੂਰੀ ਹੈ, ਸਾਡੀ ਸਾਰਿਆਂ ਦੀ
ਵਿਚਾਰਧਾਰਾ ਤੇ ਰਹਿਣੀ ਦੇ ਇੱਕ ਹੋਣ ਲਈ "ਹੋਇ ਇਕਤ੍ਰ ਮਿਲਹੁ ਮੇਰੇ ਭਾਈ ਦੁਬਿਧਾ ਦੂਰਿ ਕਰਹੁ
ਲਿਵ ਲਾਇ॥ ਹਰਿ ਨਾਮੈ ਕੇ ਹੋਵਹੁ ਜੋੜੀ ਗੁਰਮੁਖਿ ਬੈਸਹੁ ਸਫਾ ਵਿਛਾਇ" (ਪੰ: 1185)
ਪਾਤਸ਼ਾਹ ਦੇ ਚਰਨਾਂ `ਚ ਬੈਠ ਕੇ ਸਿਦਕ ਦਿਲੀ, ਨੇਕਨਿਯਤੀ, ਇਮਾਨਦਾਰੀ ਨਾਲ, ਹੰਸ ਬਿਰਤੀ ਵਰਤ ਕੇ,
ਦਲੀਲਾਂ ਦਾ ਲੈਣ ਦੇਣ ਕਰਕੇ ਪੰਥ ਦੀ ਵਿਗਾੜੀ ਨੂੰ ਸੰਭਾਲੀਏ ਤੇ ਹਰੇਕ ਵਿਦਵਾਨ ਨੂੰ ਯੋਗ ਸਤਿਕਾਰ
ਦੇਵੀਏ। #G037.0703.08#
ਨੋਟ :
ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ ਜੀ ਦੀ ਆਗਿਆ ਨਾਲ ਸਨਿਮ੍ਰ ਬੇਨਤੀ ਹੈ ਕਿ ਪ੍ਰਿੰਸੀਪਲ ਸਾਹਿਬ ਜੀ
ਦਾ ਕੋਈ ਵੀ ਗੁਰਮਤਿ ਪਾਠ-ਕੋਈ ਵੀ ਪੰਥਕ ਸੱਜਣ, ਸੰਸਥਾ, ਮੈਗ਼ਜ਼ੀਨ ਅਥਵਾ ਨੀਊਜ਼ ਪੇਪਰ ਜਾਂ ਵੈਬ
ਸਾਈਟ; ਬਿਨਾ ਤਬਦੀਲੀ, ਹੂ-ਬ-ਹੂ ਅਤੇ ਲੇਖਕ ਨਾਮ ਸਹਿਤ, ਕੇਵਲ ਅਤੇ ਕੇਵਲ ਗੁਰਮਤਿ ਪ੍ਰਸਾਰ ਦੇ ਆਸ਼ੇ
ਨੂੰ ਮੁੱਖ ਰਖਦੇ ਹੋਏ ਬਿਨਾ ਕਿਸੇ ਹੋਰ ਆਗਿਆ ਛਾਪ ਅਤੇ ਲੋਡ ਕਰ ਸਕਦਾ ਹੈ। ਬੇਨਤੀ ਕਰਤਾ-ਗੁਰਮਤਿ
ਐਜੁਕੇਸ਼ਨ ਸੈਂਟਰ, ਦਿੱਲੀ
|
. |