.

ਪ੍ਰੋ: ਗੁਰਬਚਨ ਸਿੰਘ ਥਾਈਲੈਂਡ ਵਾਲੇ

ਆਵਾ ਗਵਣ-ਸਿਧਾਂਤਕ ਤੱਤ

(ਕਿਸ਼ਤ ਨੰ: 03)

੧੦. ਕਰਤਾਰ ਦੀ ਪੂਰੀ ਨਿਯਮਾਵਲੀ ਆਵਾਗਉਣ ਹੈ—

ਕਰਤਾਰ ਦੀ ਪੂਰੀ ਨਿਯਮਾਵਲੀ (ਹੁਕਮ) ਦਾ ਨਾਂ ਵੀ ਆਵਾਗਉਣ ਹੈ। ਇਸ ਸੰਸਾਰ ਵਿੱਚ ਕੋਈ ਆ ਰਿਹਾ ਹੈ ਤੇ ਕੋਈ ਜਾ ਰਿਹਾ ਹੈ। ਰੱਬੀ ਕਨੂਨ ਦੇ ਅਨੁਸਾਰ ਉਤਪਤੀ ਤੇ ਬਿਨਾਸਤਾ ਹੈ।

ਜੋ ਉਪਜਿਓ ਸੋ ਬਿਨਸਿ ਹੈ ਪਰੋ ਆਜੁ ਕੈ ਕਾਲਿ॥

ਨਾਨਕ ਹਰਿ ਗੁਨ ਗਾਇ ਲੇ ਛਾਡਿ ਸਗਲ ਜੰਜਾਲ॥

ਪੰਨਾ ੧੪੨੯

ਆਵਾਗਉਣ ਭਾਵ ਰੱਬੀ ਨਿਯਮਾਵਲੀ ਦੀ ਸਥਿੱਤੀ ਸਾਰੇ ਸੰਸਾਰ `ਤੇ ਇਕਸਾਰ ਲਾਗੂ ਹੁੰਦੀ ਹੈ ਜੋ ਵਸਤੂ ਜਨਮ ਲੈ ਰਹੀ ਹੈ ਉਹ ਜਾ ਵੀ ਰਹੀ ਹੈ----

ਪੰਦ੍ਰਹ ਥਿਤੀਂ ਤੈ ਸਤ ਵਾਰ॥ ਮਾਹਾ ਰੁਤੀ ਆਵਹਿ ਵਾਰ ਵਾਰ॥

ਦਿਨਸੁ ਰੈਣਿ ਤਿਵੈ ਸੰਸਾਰੁ॥ ਆਵਾਗਉਣੁ ਕੀਆ ਕਰਤਾਰਿ॥

ਨਿਹਚਲੁ ਸਾਚੁ ਰਹਿਆ ਕਲ ਧਾਰਿ॥ ਨਾਨਕ ਗੁਰਮੁਖਿ ਬੂਝੈ ਕੋ ਸਬਦੁ ਵੀਚਾਰਿ॥

ਦਿਨ-ਰਾਤ, ਮਹੀਨੇ-ਵਾਰ, ਰੁਤਾਂ ਜੋ ਕੁੱਝ ਵੀ ਸਾਨੂੰ ਦਿੱਸਦਾ ਹੈ ਇਹ ਸਾਰਾ ਕੁੱਝ ਪਰਮਾਤਮਾ ਦੇ ਨਿਯਮਾਂ ਤਹਿਤ ਹੀ ਚੱਲ ਰਿਹਾ ਹੈ---

ਪਰ ਅਸੀਂ ਆਵਾਗਉਣ ਨੂੰ ਬਿਪਰਵਾਦੀ ਮਰਯਾਦਾ ਵਿੱਚ ਫਿੱਟ ਕਰਕੇ ਦੇਖ ਰਹੇ ਹਾਂ ਕਿ ਅੱਜ ਅਸੀਂ ਜਨਮ ਲਿਆ ਹੈ ਤੇ ਮਰ ਕੇ ਫਿਰ ਪਤਾ ਨਹੀਂ ਕਿਹੜੀਆਂ ਕਿਹੜੀਆਂ ਜੂਨਾਂ ਵਿੱਚ ਚਲੇ ਜਾਣਾ ਹੈ। ਜਿਹੜਾ ਜਿਹੜਾ ਵੀ ਬ੍ਰਹਾਮਣ, ਧਰਮ ਦੇ ਪੁਜਾਰੀ, ਵਿਹਲੜ ਡੇਰਾਵਾਦੀਆਂ ਜਾਂ ਮੌਜੂਦਾ ਦੌਰ ਦੇ ਅਖੌਤੀ ਸਾਧੜਿਆਂ ਨੂੰ ਦਾਨ ਪੁੰਨ ਕਰੇਗਾ ਉਹ ਆਵਾਗਉਣ ਦੇ ਚੱਕਰ ਤੋਂ ਬਚਿਆ ਰਹੇਗਾ ਤੇ ਉਹਨੂੰ ਦੇਵਪੁਰੀ, ਬ੍ਰਹਮਪੁਰੀ, ਸ਼ਿਵਪੁਰੀ ਜਾਂ ਸੱਚ-ਖੰਡ, ਵਿੱਚ ਵਧੀਆ ਟਿਕਾਣਾ ਮਿਲ ਜਾਏਗਾ। ਜਦ ਕਿ ਗੁਰਬਾਣੀ ਸਾਡੇ ਅੱਜ ਦੇ ਜੀਵਨ ਨੂੰ ਸਮਝਾ ਰਹੀ ਹੈ ਕਿ ਜੇ ਤੂੰ ਅੱਜ ਦੇ ਜੀਵਨ ਵਿੱਚ ਆਪਣੇ ਇਖ਼ਲਾਕ ਨੂੰ ਸਹੀ ਢੰਗ ਤਰੀਕੇ ਨਾਲ ਨਿਬਾਹੁੰਣ ਦੇ ਸਮਰੱਥ ਹੋ ਗਿਓਂ ਤਾਂ ਅੱਜ ਹੀ ਆਵਾਗਉਣ ਵਰਗੀਆਂ ਮਾਨਸਿਕ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ। ਗੁਰਬਾਣੀ ਦੇ ਸ਼ਬਦਾਂ ਦੀ ਬਣਤਰ ਦੇਖੋ ਕਿੰਨੀ ਮਹਾਨਤਾ ਹੈ ਕਿ ਗੁਰੂ ਦੇ ਸਨਮੁਖ ਬੈਠ ਕੇ ਸ਼ਬਦ ਦੀ ਵਿਚਾਰ ਕਰਦਾ ਹੈ— “ਨਾਨਕ ਗੁਰਮੁਖਿ ਬੂਝੈ ਕੋ ਸਬਦੁ ਵੀਚਾਰਿ” ਉਹ ਆਵਾਗਉਣ, ਜੋ ਮਨ ਦੇ ਨੀਵੇਂ ਉਤਰਾ-ਚੜਾਅ ਹਨ ਵਲੋਂ ਮੁਕਤ ਹੋ ਸਕਦਾ ਹੈ।

੧੧. ਅਵਗੁਣ ਰੂਪੀ ਆਵਾਗਉਣ ਮਿਟਾਇਆ ਜਾ ਸਕਦਾ ਹੈ—

ਪਰਮਾਤਮਾ ਦਾ ਕੋਈ ਸਰੂਪ ਭਾਵ ਸਰੀਰਕ ਢਾਂਚਾ ਕੋਈ ਨਹੀਂ ਹੈ। ਪਰਮਾਤਮਾ ਦੀਆਂ ਖੂਬੀਆਂ, ਉਸ ਦੇ ਗੁਣ, ਉਸ ਦੀ ਕੁਦਰਤੀ ਨਿਯਮਾਵਲੀ ਨੂੰ ਸਮਝ ਕਿ ਆਪਣੇ ਚੱਲ ਰਹੇ ਜੀਵਨ ਵਿੱਚ ਅਖ਼ਤਿਆਰ ਕਰਕੇ ਔਗੁਣਾਂ ਵਲੋਂ ਬਚਣਾ ਹੈ --

ਗਾਵਹੁ ਰਾਮ ਕੇ ਗੁਣ ਗੀਤ॥

ਨਾਮੁ ਜਪਤ ਪਰਮ ਸੁਖੁ ਪਾਈਐ ਆਵਾਗਉਣੁ ਮਿਟੈ ਮੇਰੇ ਮੀਤ॥ 1॥ ਰਹਾਉ॥

ਗੁਣ ਗਾਵਤ ਹੋਵਤ ਪਰਗਾਸੁ॥ ਚਰਨ ਕਮਲ ਮਹਿ ਹੋਇ ਨਿਵਾਸੁ॥ 1॥

ਸੰਤ ਸੰਗਤਿ ਮਹਿ ਹੋਇ ਉਧਾਰੁ॥ ਨਾਨਕ ਭਵਜਲੁ ਉਤਰਸਿ ਪਾਰਿ॥

ਰਾਮਕਲੀ ਮਹਲਾ ੫ ਪੰਨਾ ੯੦੧

ਗੁਣਾਂ ਨੂੰ ਗਾਇਆਂ ਭਾਵ ਇਹਨਾਂ ਦੇ ਧਾਰਨੀ ਹੋਣਾ ਜਿੱਥੇ ਆਪਣੇ ਆਪ ਵਿੱਚ ਇੱਕ ਪਰਮਪਦ ਦੀ ਪ੍ਰਾਪਤੀ ਹੈ ਓੱਥੇ ਨਾਲ ਆਵਾਗਉਣ ਦੇ ਖਤਮ ਹੋਣ ਦੀ ਸੰਭਾਵਨਾ ਰੱਖੀ ਗਈ ਹੈ। ਇਹਨਾਂ ਰੱਬੀ ਗੁਣਾਂ ਵਿੱਚ ਹੀ ਆਤਮਕ ਗਿਆਨਤਾ ਦੀ ਚਮਕਤਾ ਸਦਾ ਲਈ ਚਮਕ ਰਹੀ ਹੈ— “ਗੁਣ ਗਾਵਤ ਹੋਵਤ ਪਰਗਾਸੁ” ਤੇ ਸੰਸਾਰ ਰੂਪੀ ਸੰਮੁਦਰ ਵਿਚੋਂ ਪਾਰ ਹੋਣ ਦੀ ਤੇ ਜੋ ਆਤਮਕ ਉਨਤੀ ਦੇ ਦਰਵਾਜ਼ੇ ਨੂੰ ਦਸਤਕ ਦੇਂਦੀ ਹੋਈ ਆਵਾਗਉਣ ਨੂੰ ਸਦਾ ਲਈ ਮਿਟਾ ਦੇਂਦੀ ਹੈ।

ਅੰਦਰਲੇ ਆਵਾਗਉਣ ਨੂੰ ਸ਼ਬਦ ਹੀ ਸਾੜ ਸਕਦਾ ਹੈ--

ਗੁਰੂ ਨਾਨਕ ਸਾਹਿਬ ਜੀ ਦੇ ਉਪਦੇਸ਼ ਨੂੰ ਜਿਉਂ ਹੀ ਸੱਜਣ ਨੇ ਸਮਝਿਆ ਉਹ ਓਸੇ ਸਮੇਂ ਹੀ ਆਪਣੇ ਮਨ ਦੇ ਬਣਾਏ ਹੋਏ ਭਰਮ-ਜਾਲ (ਆਵਾ-ਗਉਣ) ਵਿਚੋਂ ਬਾਹਰ ਆ ਗਿਆ। ਬਿੱਧੀ ਚੰਦ ਨੂੰ ਗੁਰੂ ਸਾਹਿਬ ਜੀ ਤੋਂ ਆਤਮਕ ਉਪਦੇਸ਼ ਮਿਲਿਆ ਤਾਂ ਉਹ ਆਪਣਾ ਪੁਰਾਣਾ ਸੁਭਾਅ ਤਿਆਗ ਕੇ ਜੀਵਨ ਪੱਖ ਵਿੱਚ ਮੁਕਤ ਹੋ ਗਿਆ। ਅਜੇਹੀ ਅਵਸਥਾ ਦਾ ਨਾਂ ਆਤਮਕ ਤੌਰ `ਤੇ ਨਵਾਂ ਜਨਮ ਹੈ ਜਿਸ ਨੂੰ ਗੁਰਬਾਣੀ ਇਹਨਾਂ ਸ਼ਬਦਾਂ ਨਾਲ ਬਿਆਨ ਕਰਦੀ ਹੈ। ---

ਸਤਿਗੁਰ ਕੈ ਜਨਮੇ, ਗਵਨੁ ਮਿਟਾਇਆ॥ ਅਨਹਤਿ ਰਾਤੇ, ਇਹੁ ਮਨੁ ਲਾਇਆ॥

ਮਨਸਾ ਆਸਾ ਸਬਦਿ ਜਲਾਈ॥ ਗੁਰਮੁਖਿ ਜੋਤਿ ਨਿਰੰਤਰਿ ਪਾਈ॥

ਤ੍ਰੈ ਗੁਣ ਮੇਟੇ, ਖਾਈਐ ਸਾਰੁ॥ ਨਾਨਕ, ਤਾਰੇ ਤਾਰਣਹਾਰੁ॥

ਸਿਧ ਗੋਸਟਿ ਮਹਲਾ ੧ ਪੰਨਾ ੯੪੦

ਅਰਥ--ਜਿਉਂ ਜਿਉਂ ਸਤਿਗੁਰੂ ਦੀ ਸਿੱਖਿਆ ਤੇ ਤੁਰੇ, ਤਿਉਂ ਤਿਉਂ ਮਨ ਦੀ ਭਟਕਣਾ ਮੁੱਕਦੀ ਗਈ। ਜਿਉਂ ਜਿਉਂ ਇੱਕ-ਰਸ ਵਿਆਪਕ ਪ੍ਰਭੂ ਵਿੱਚ ਜੁੜਨ ਦਾ ਆਨੰਦ ਆਇਆ, ਤਿਉਂ ਤਿਉਂ ਇਹ ਮਨ ਪਰਚਦਾ ਗਿਆ। ਮਨ ਦੇ ਫੁਰਨੇ ਤੇ ਦੁਨੀਆ ਵਾਲੀਆਂ ਆਸਾਂ ਅਸਾਂ ਗੁਰੂ ਦੇ ਸ਼ਬਦ ਦੀ ਰਾਹੀਂ ਸਾੜੀਆਂ ਹਨ, ਗੁਰੂ ਦੇ ਸਨਮੁਖ ਹੋਇਆਂ ਹੀ ਇੱਕ-ਰਸ ਰੱਬੀ ਪ੍ਰਕਾਸ਼ ਲੱਭਾ ਹੈ। (ਇਸ ਰੱਬੀ ਪ੍ਰਕਾਸ਼ ਦੀ ਬਰਕਤ ਨਾਲ) ਅਸਾਂ ਮਾਇਆ ਦੇ ਝਲਕੇ ਦੇ ਤਿੰਨਾਂ ਹੀ ਕਿਸਮਾਂ ਦੇ ਅਸਰ (ਤਮੋ, ਰਜੋ, ਸਤੋ) ਆਪਣੇ ਉਤੇ ਪੈਣ ਨਹੀਂ ਦਿੱਤੇ, ਤੇ (ਇਸ ਤਰ੍ਹਾਂ ਮਾਇਆ ਦੀ ਚੋਟ ਤੋਂ ਬਚਣ ਦਾ ਇਹ ਅੱਤਿ ਔਖਾ ਕੰਮ-ਰੂਪ) ਲੋਹਾ ਚੱਬਿਆ ਗਿਆ ਹੈ। (ਪਰ) ਹੇ ਨਾਨਕ ! (ਇਸ ‘ਦੁਤਰ ਸਾਗਰ’ ਤੋਂ) ਤਾਰਣ ਦੇ ਸਮਰੱਥ ਪ੍ਰਭੂ ਆਪ ਹੀ ਤਾਰਦਾ ਹੈ।

ਭਟਕਣਾਂ, ਆਸਾ ਮਨਸਾ, ਤ੍ਰੈ ਗੁਣ ਨੂੰ ਜਿੱਥੇ— ‘ਸਬਦਿ ਜਲਾਈ’ ਨੇ ਖਤਮ ਕਰ ਦਿੱਤਾ ਹੈ, ਓੱਥੇ ਨਵੇਂ ਸੁਭਾਅ ਦੀ ਅੰਗੜਾਈ ਨੂੰ – “ਸਤਿਗੁਰ ਕੈ ਜਨਮੇ, ਗਵਨੁ ਮਿਟਾਇਆ” ਕਹਿ ਕੇ ਇਹ ਸਾਬਤ ਕਰ ਦਿੱਤਾ ਹੈ ਕਿ ਨਿਰ੍ਹਾ ਸਰੀਰਕ ਜਨਮ ਨਹੀਂ ਪੁਰਾਣਿਆਂ ਖ਼ਿਆਲਾਂ ਨੂੰ ਛੱਡਣਾ ਤੇ ਨਵੇਂ ਖ਼ਿਆਲਾਂ ਦਾ ਜਨਮ ਹੋਣਾ ਇੱਕ ਨਵੇਂ ਜੀਵਨ ਦਾ ਜਨਮ ਹੈ ਤੇ ਇੱਥੋਂ ਹੀ ਇੱਕ ਨਵੇਂ ਸੁਭਾਅ, ਨਵੇਂ ਜੀਵਨ ਅਰੰਭ ਹੁੰਦਾ ਹੈ--- “ਸਾਧਸੰਗਿ ਭਇਓ ਜਨਮੁ ਪਰਾਪਤਿ॥ ਕਰਿ ਸੇਵਾ ਭਜੁ ਹਰਿ ਹਰਿ ਗੁਰਮਤਿ॥ ਤਿਆਗਿ ਮਾਨੁ ਝੂਠੁ ਅਭਿਮਾਨੁ॥ ਜੀਵਤ ਮਰਹਿ ਦਰਗਹ ਪਰਵਾਨੁ”॥ ਮੁੜ ਮੁੜ ਕੇ ਗੱਲ ਅੰਦਰਲੇ ਗੁਣਾਂ ਤੇ ਅਵਗੁਣਾਂ ਭਾਵ ਸਾਕਤ ਤੇ ਗੁਰਮੁਖ ਬਿਰਤੀ ਦੀ ਗੱਲ ਆਉਂਦੀ ਹੈ। ਗੁਰਮੁਖ ਬਿਰਤੀ ਹਮੇਸ਼ਾਂ ਸੱਚ ਦੇ ਮਾਰਗ ਦੀ ਮੁਤਲਾਸ਼ੀ ਹੁੰਦੀ ਹੈ ਤੇ ਇਹ ਹੀ ਉਸ ਦਾ ਜੀਵਨ ਅਧਾਰ ਹੁੰਦਾ ਹੈ ਪਰ ਰੱਬ ਨਾਲੋਂ ਟੁੱਟਿਆ ਹੋਇਆ ਮਨੁੱਖ ਹਮੇਸ਼ਾਂ ਅਵਾਵਗਉਣ ਦੇ ਚੱਕਰ ਵਿੱਚ ਪਿਆ ਰਹਿੰਦਾ ਹੈ –

ਸਾਚੌ ਉਪਜੈ, ਸਾਚਿ ਸਮਾਵੈ, ਸਾਚੇ ਸੂਚੇ ਏਕ ਮਇਆ॥

ਝੂਠੇ ਆਵਹਿ, ਠਵਰ ਨ ਪਾਵਹਿ, ਦੂਜੈ ਆਵਾਗਉਣੁ ਭਇਆ॥

ਆਵਾਗਉਣੁ ਮਿਟੈ ਗੁਰ ਸਬਦੀ, ਆਪੇ ਪਰਖੈ ਬਖਸਿ ਲਇਆ॥

ਪੰਨਾ ੯੪੦

ਅਰਥ: — (ਗੁਰਮੁਖਿ) ਸੱਚੇ ਪ੍ਰਭੂ ਤੋਂ ਪੈਦਾ ਹੁੰਦਾ ਹੈ ਤੇ ਸੱਚੇ ਵਿੱਚ ਹੀ ਲੀਨ ਰਹਿੰਦਾ ਹੈ; ਪ੍ਰਭੂ ਤੇ ਗੁਰਮੁਖਿ ਇੱਕ-ਰੂਪ ਹੋ ਜਾਂਦੇ ਹਨ। ਪਰ ਝੂਠੇ (ਭਾਵ, ਨਾਸਵੰਤ ਮਾਇਆ ਵਿੱਚ ਲੱਗੇ ਹੋਏ ਬੰਦੇ) ਜਗਤ ਵਿੱਚ ਆਵਾਗਉਣ ਦੇ ਚੱਕਰਾਂ ਵਿੱਚ ਘੁੰਮਦੇ ਰਹਿੰਦੇ ਹਨ, ਉਹਨਾਂ ਨੂੰ ਮਨ ਦਾ ਟਿਕਾਉ ਨਹੀਂ ਹਾਸਲ ਹੁੰਦਾ (ਸੋ ਇਸ) ਦੂਜੇ-ਭਾਵ ਦੇ ਕਾਰਣ ਉਹਨਾਂ ਦਾ ਏਸੇ ਜੀਵਨ ਵਿੱਚ ਹੀ ਜਨਮ ਮਰਨ ਦਾ ਚੱਕਰ ਬਣਿਆ ਰਹਿੰਦਾ ਹੈ। ਇਹ ਜਨਮ ਮਰਨ ਦਾ ਚੱਕਰ ਸਤਿਗੁਰੂ ਦੇ ਸ਼ਬਦ ਦੀ ਰਾਹੀਂ ਮਿਟਦਾ ਹੈ (ਗੁਰ-ਸ਼ਬਦ ਵਿੱਚ ਜੁੜੇ ਮਨੁੱਖ ਨੂੰ) ਪ੍ਰਭੂ ਦੀ ਪਛਾਣ ਭਾਵ ਰੱਬੀ ਗੁਣਾਂ ਦੀ ਸਮਝ ਆ ਜਾਂਦੀ ਹੈ।

੧੨. ਆਵਾਗਉਣ ਖਤਮ ਹੁੰਦਿਆਂ ਅੰਦਰਲੇ ਗੁਣ ਚਮਕਦੇ ਹਨ—

ਸਿੱਧਾ ਸਮਝਣਾਂ ਹੋਵੇ ਤਾਂ ਏਨਾ ਹੀ ਕਿਹਾ ਜਾ ਸਕਦਾ ਹੈ ਕਿ ਵਿਕਾਰਾਂ ਵਾਲਾ ਪਾਸਾ ਹਮੇਸ਼ਾਂ ਆਵਾਗਉਣ ਵਿੱਚ ਹੀ ਘੁਮਾਈ ਰੱਖਦਾ ਹੈ।

ਗੁਰਬਾਣੀ ਇੱਕ ਪੁਰਾਣਕ ਹਵਾਲਾ ਦੇਂਦੀ ਹੋਈ ਗੱਲ ਸਮਝਾ ਰਹੀ ਹੈ ਪਰ ਉਸ ਦੀ ਪੁਸ਼ਟੀ ਨਹੀਂ ਕਰ ਰਹੀ। ਪੁਰਾਣਕ ਮਿੱਥਹਾਸ ਕਹਿੰਦਾ ਹੈ ਕਿ ਸੰਮੁਦਰ ਨੂੰ ਰਿੜਕਣ ਨਾਲ ਚੌਦਾਂ ਪਰਕਾਰ ਦੇ ਕੀਮਤੀ ਰਤਨ ਨਿਕਲੇ

ਮਾਧਾਣਾ ਪਰਬਤੁ ਕਰਿ ਨੇਤ੍ਰਿ ਬਾਸਕੁ, ਸਬਦਿ ਰਿੜਕਿਓਨੁ॥

ਚਉਦਹ ਰਤਨ ਨਿਕਾਲਿਅਨੁ, ਕਰਿ ਆਵਾ ਗਉਣੁ ਚਿਲਕਿਓਨੁ॥

ਪੰਨਾ ੯੬੭

ਅਰਥ-- ਉਸ (ਗੁਰੂ ਨਾਨਕ) ਨੇ ਉੱਚੀ ਸੁਰਤਿ ਨੂੰ ਮਧਾਣੀ ਬਣਾ ਕੇ, (ਮਨ-ਰੂਪ) ਬਾਸਕ ਨਾਗ ਨੂੰ ਨੇਤ੍ਰੇ ਵਿੱਚ ਪਾ ਕੇ (ਭਾਵ, ਮਨ ਨੂੰ ਕਾਬੂ ਕਰ ਕੇ) ‘ਸ਼ਬਦ’ ਵਿੱਚ ਰੇੜਕਾ ਪਾਇਆ (ਭਾਵ, ‘ਸ਼ਬਦ’ ਨੂੰ ਵਿਚਾਰਿਆ; ਇਸ ਤਰ੍ਹਾਂ) ਉਸ (ਗੁਰੂ ਨਾਨਕ) ਨੇ (ਇਸ ‘ਸ਼ਬਦ’ -ਸਮੁੰਦਰ ਵਿਚੋਂ ‘ਰੱਬੀ ਗੁਣ’ -ਰੂਪ) ਚੌਦਾਂ ਰਤਨ (ਜਿਵੇਂ ਸਮੁੰਦਰ ਵਿਚੋਂ ਦੇਵਤਿਆਂ ਨੇ ਚੌਦਾਂ ਰਤਨ ਕੱਢੇ ਸਨ) ਕੱਢੇ ਤੇ (ਇਹ ਉੱਦਮ ਕਰ ਕੇ) ਸੰਸਾਰ ਨੂੰ ਸੋਹਣਾ ਬਣਾ ਦਿੱਤਾ।

ਇਸ ਦਾ ਭਾਵ ਅਰਥ ਹੈ ਕਿ ਕੋਈ ਵੀ ਇਨਸਾਨ ਸ਼ਬਦ ਦੀ ਵਿਚਾਰ ਦੁਆਰਾ ਆਪਣੇ ਅੰਦਰਲੇ ਗੁਣਾਂ ਨੂੰ ਵਰਤੋਂ ਵਿੱਚ ਲਿਆ ਕੇ ਸੰਸਾਰ ਵਿੱਚ ਸੋਹਣਾ ਬਣ ਸਕਦਾ ਹੈ।

ਸ਼ਬਦ ਦੀ ਲੋਅ ਵਿੱਚ ਤੁਰਿਆਂ ਮੇਰ ਤੇਰ ਦੀ ਭਾਵਨਾ ਖਤਮ ਹੁੰਦੀ ਹੈ ਤੇ ਹਰ ਇਨਸਾਨ ਵਿੱਚ ਰੱਬ ਦੀ ਜੋਤ ਦਿਸਦਿਆਂ ਆਵਾਗਉਣ ਦੀ ਮਜ਼ਬੂਤ ਦੀਵਾਰ ਢਹਿ ਢੇਰੀ ਹੋ ਜਾਂਦੀ ਹੈ ---

ਚਾਰੇ ਕੁੰਡਾਂ ਸੁਝੀਓਸੁ, ਮਨ ਮਹਿ ਸਬਦੁ ਪਰਵਾਣੁ॥

ਆਵਾ ਗਉਣੁ ਨਿਵਾਰਿਓ, ਕਰਿ ਨਦਰਿ ਨੀਸਾਣੁ॥

ਪੰਨਾ ੯੬੮

ਏਸੇ ਜੀਵਨ ਵਿੱਚ ਰਹਿੰਦਿਆਂ ਹੀ ਰੋਜ਼ ਰੋਜ਼ ਦਾ ਮਰਣਾ ਤੇ ਜੰਮਣਾ ਖਤਮ ਕਰਨਾ ਹੈ-----

ਗੁਰਮੁਖਿ ਲੰਘੇ ਸੇ ਪਾਰਿ ਪਏ ਸਚੇ ਸਿਉ ਲਿਵ ਲਾਇ॥

ਆਵਾ ਗਉਣੁ ਨਿਵਾਰਿਆ ਜੋਤੀ ਜੋਤਿ ਮਿਲਾਇ॥

ਗੁਰਮਤੀ ਸਹਜੁ ਊਪਜੈ ਸਚੇ ਰਹੈ ਸਮਾਇ

ਪੰਨਾ ੧੦੦੯

ਆਵਾਗਉਣ ਦਾ ਨਿਬੇੜਾ ਰੱਖਿਆ ਹੈ ਜੋਤੀ ਜੋਤ ਦੇ ਮਿਲਾਪ ਵਿੱਚ ਤੇ ਸੱਚ ਨਾਲ ਲਿਵ ਜੋੜਨੀ ਹੈ ਪਰ ਇਸ ਦੀ ਪ੍ਰਾਪਤੀ ਗੁਰਮਤਿ ਵਿੱਚ ਤੁਰਿਆ ਹੀ ਹੋ ਸਕਦੀ ਹੈ। ਇਸ ਦੀ ਪਹੁੰਚ ਵਿਕਾਰਾਂ ਵਲੋਂ ਮੁਕਤੀ ਵਿੱਚ ਨਿਬੜਦੀ ਹੈ। ----

ਆਵਾ ਗਉਣੁ ਨਿਵਾਰਿ ਸਚਿ ਰਾਤੇ ਸਾਚ ਸਬਦੁ ਮਨਿ ਭਾਇਆ॥

ਸਤਿਗੁਰੁ ਸੇਵਿ ਸਦਾ ਸੁਖੁ ਪਾਈਐ ਜਿਨਿ ਵਿਚਹੁ ਆਪੁ ਗਵਾਇਆ॥

ਪੰਨਾ ੧੨੩੪

ਅਰਥ --- ਜਿਸ (ਗੁਰੂ) ਨੇ (ਆਪਣੇ ਅੰਦਰੋਂ) ਆਪਾ-ਭਾਵ ਦੂਰ ਕੀਤਾ ਹੋਇਆ ਹੈ, ਉਸ ਗੁਰੂ ਦੀ ਸਰਨ ਪੈ ਕੇ (ਹੀ) ਸਦਾ ਆਤਮਕ ਆਨੰਦ ਮਾਣੀਦਾ ਹੈ। ਜਿਨ੍ਹਾਂ ਮਨੁੱਖਾਂ ਨੂੰ ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਵਾਲਾ ਗੁਰ-ਸ਼ਬਦ ਮਨ ਵਿੱਚ ਪਿਆਰਾ ਲਗਦਾ ਹੈ, ਉਹ (ਗੁਰ-ਸ਼ਬਦ ਦੀ ਬਰਕਤਿ ਨਾਲ) ਜਿਉਂਦਿਆਂ ਭਾਵ ਏਸੇ ਜੀਵਨ ਵਿੱਚ ਹੀ ਆਵਾਗੁੳਣ ਦਾ ਤੇ ਆਤਮਕ ਤਲ਼ `ਤੇ ਜਨਮ ਮਰਨ ਦਾ ਗੇੜ ਮਿਟਾ ਕੇ ਸਦਾ-ਥਿਰ ਪ੍ਰਭੂ (ਦੇ ਨਾਮ-ਰੰਗ) ਵਿੱਚ ਰੰਗੇ ਰਹਿੰਦੇ ਹਨ।

ਮਨੁੱਖ ਦੀ ਹੰਕਾਰ ਕਰਨ ਦੀ ਬਿਰਤੀ ਵਿਆਰਥ ਵਿੱਚ ਆਪਣੇ ਜੀਵਨ ਦਾ ਸਮਾਂ ਅਜਾਈਂ ਗਵਾ ਰਹੀ ਹੈ। ਏਹੀ ਇਸ ਦਾ ਆਵਾਗਉਣ ਦਾ ਚੱਕਰ ਹੈ ਜੋ ਹਰ ਘੜੀ ਜਨਮ ਮਰਨ ਦੇ ਗੇੜ ਵਿੱਚ ਪਾਈ ਰੱਖਦਾ ਹੈ---

ਮਾਣਸ ਕੂੜਾ ਗਰਬੁ ਸਚੀ ਤੁਧੁ ਮਣੀ॥

ਆਵਾ ਗਉਣੁ ਰਚਾਇ ਉਪਾਈ ਮੇਦਨੀ॥

ਪੰਨਾ ੧੨੮੩

ਦਰ-ਅਸਲ ਅਸੀਂ ਆਵਗਉਣ ਦੀ ਵਿਆਖਿਆ ਆਪਣੇ ਢੰਗ ਨਾਲ ਕੀਤੀ ਹੈ, ਕਿ ਮਨੁੱਖ ਦੀ ਆਤਮਾ ਪਤਾ ਨਹੀਂ ਕਿਥੋਂ ਕਿਥੋਂ ਘੁੰਮ-ਘੁਮਾ ਮਨੁੱਖੀ ਜਾਮੇ ਵਿੱਚ ਆਈ ਹੈ, ਪਰ ਇਹ ਤਾਂ ਨਿੰਰਕਾਰ ਦੀ ਨਿੰਤਰ ਰਚਨਾ ਹੈ ਜੋ ਕਿ ਸੱਪ ਦੇ ਘਰ ਸੱਪ ਜਨਮ ਲੈ ਰਿਹਾ ਤੇ ਪੰਛੀਆਂ ਦੇ ਘਰ ਪੰਛੀ ਜਨਮ ਲੈ ਰਹੇ ਹਨ, ਜਿਸ ਨੂੰ— “ਆਵਾ ਗਉਣੁ ਰਚਾਇ ਉਪਾਈ ਮੇਦਨੀ” ਕਰਕੇ ਬਿਆਨ ਕੀਤਾ ਹੈ। ---

ਹਉ ਕਿਆ ਆਖਾ ਇੱਕ ਜੀਭ ਤੇਰਾ ਅੰਤੁ ਨ ਕਿਨ ਹੀ ਪਾਇਆ॥

ਸਚਾ ਸਬਦੁ ਵੀਚਾਰਿ ਸੇ ਤੁਝ ਹੀ ਮਾਹਿ ਸਮਾਇਆ॥

ਇਕਿ ਭਗਵਾ ਵੇਸੁ ਕਰਿ ਭਰਮਦੇ ਵਿਣੁ ਸਤਿਗੁਰ ਕਿਨੈ ਨ ਪਾਇਆ॥

ਦੇਸ ਦਿਸੰਤਰ ਭਵਿ ਥਕੇ ਤੁਧੁ ਅੰਦਰਿ ਆਪੁ ਲੁਕਾਇਆ॥

ਗੁਰ ਕਾ ਸਬਦੁ ਰਤੰਨੁ ਹੈ ਕਰਿ ਚਾਨਣੁ ਆਪਿ ਦਿਖਾਇਆ॥

ਆਪਣਾ ਆਪੁ ਪਛਾਣਿਆ ਗੁਰਮਤੀ ਸਚਿ ਸਮਾਇਆ॥

ਆਵਾ ਗਉਣੁ ਬਜਾਰੀਆ ਬਾਜਾਰੁ ਜਿਨੀ ਰਚਾਇਆ॥

ਇਕੁ ਥਿਰੁ ਸਚਾ ਸਾਲਾਹਣਾ ਜਿਨ ਮਨਿ ਸਚਾ ਭਾਇਆ॥

ਪੰਨਾ ੧੨੯੦

ਮੇਰੀ ਇੱਕ ਜ਼ਬਾਨ ਤੇਰੇ ਗੁਣਾਂ ਦਾ ਅੰਤ ਨਹੀਂ ਪਾ ਸਕਦੀ। ਹਾਂ ਸੱਚੇ ਸ਼ਬਦ ਦੀ ਵਿਚਾਰ ਦੁਆਰਾ ਤੇਰੇ ਗੁਣਾਂ ਵਿੱਚ ਸਮਾਇਆ ਜਾ ਸਕਦਾ ਹੈ। ਰੱਬੀ ਗੁਣਾਂ ਨੂੰ ਸਮਝਣ ਤੋਂ ਬਿਨਾਂ ਹੀ ਕਈ ਵਿਚਾਰੇ ਭਗਵੇ ਕਪੜੇ ਪਾ ਕੇ ਦੇਸਾਂ-ਦੇਸੰਤਰਾਂ ਵਿੱਚ ਬਿਨਾ ਵਜਾ ਹੀ ਘੁੰਮਦੇ ਰਹਿੰਦੇ ਹਨ ਜੋ ਕਿ ਅਸਲ ਵਿੱਚ ਆਵਾਗਉਣ ਦੇ ਭਰਮੀ ਜਾਲ਼ ਵਿੱਚ ਫਸੇ ਪਏ ਹਨ। ਆਵਾਗਉਣ ਦੇ ਹਨ੍ਹੇਰੇ ਵਿਚੋਂ ਬਾਹਰ ਨਿਕਲਿਆ ਜਾ ਸਕਦਾ ਹੈ ਜੇ ਕਰ ਸ਼ਬਦ ਰਤਨ ਦਾ ਚਾਨਣ ਸਮਝ ਲਈਏ। ਗੁਰਮਤ ਦੁਆਰਾ ਹੀ ਆਪਣੇ ਆਪ ਦੀ ਪਹਿਛਾਣ ਆਉਂਦੀ ਹੈ, ਪਰ ਕੁੱਝ ਢੌਂਗੀਆਂ, ਭੇਖੀਆਂ, ਪਾਖੰਡੀਆਂ ਨੇ ਲੋਕ ਦਿਖਾਵੇ ਦਾ ਪਰਗਟਾਵਾ ਕੀਤਾ ਹੋਇਆ ਹੈ ਜੋ ਆਵਾਗਉਣ ਦੀ ਮੂੰਹ ਬੋਲਦੀ ਤਸਵੀਰ ਹੈ।

ਬੇ-ਸਮਝੀ ਦਾ ਹਨ੍ਹੇਰਾ ਦੂਰ ਹੁੰਦਿਆਂ ਹੀ ਵਿਕਾਰਾਂ ਵਾਲੀ ਆਵਾਗਉਣ ਦੀ ਸਥਿੱਤੀ ਖਤਮ ਹੋ ਜਾਂਦੀ ਹੈ -- ਚੂਕਾ ਗਉਣੁ ਮਿਟਿਆ ਅੰਧਿਆਰੁ॥

ਗੁਰਿ ਦਿਖਲਾਇਆ ਮੁਕਤਿ ਦੁਆਰੁ॥

ਪੰਨਾ ੧੩੪੮

ਗੁਰਬਾਣੀ ਨੇ ਪਰਮਾਤਮਾ ਦੇ ਸਦੀਵ ਕਾਲ ਗੁਣਾਂ ਨੂੰ ਅੰਮ੍ਰਿਤ ਤਥਾ ਨਾਮ ਦੀ ਸੰਗਿਆ ਦਿੱਤੀ ਹੈ। ਅੰਮ੍ਰਿਤ ਨਾਮ ਆਤਮਕ ਜੀਵਨ ਦੇਣ ਵਾਲਾ ਹੈ। ਇਹ ਆਤਮਕ ਜੀਵਨ ਹੀ ਸਾਡਾ ਨਿਤਾ ਪ੍ਰਤੀ ਜਨਮ ਮਰਣ ਤਥਾ ਆਵਾਗਉਣ ਦਾ ਚੱਕਰ ਮੁਕਾ ਦੇਂਦਾ ਹੈ---

ਦੁਤਰੁ ਇਹੁ ਸੰਸਾਰੁ ਸਤਿਗੁਰੂ ਤਰਾਇਆ॥

ਮਿਟਿਆ ਆਵਾ ਗਉਣੁ ਜਾਂ ਪੂਰਾ ਪਾਇਆ॥

ਹਰਿਹਾਂ ਅੰਮ੍ਰਿਤੁ ਹਰਿ ਕਾ ਨਾਮੁ ਸਤਿਗੁਰ ਤੇ ਪਾਇਆ

ਪੰਨਾ ੧੩੬੨

ਸਤਿਗੁਰ ਦੁਆਰਾ ਤਰ ਕੇ— “ਸਤਿਗੁਰੂ ਤਰਾਇਆ”॥ ਪੂਰੇ ਦੀ ਪ੍ਰਾਪਤੀ ਰੱਖੀ ਹੈ— “ਜਾਂ ਪੂਰਾ ਪਾਇਆ” ਜਿਸ ਦਾ ਨਤੀਜਾ— “ਮਿਟਿਆ ਆਵਾ ਗਉਣੁ” ਵਿੱਚ ਹੁੰਦਾ ਹੈ। ਇਸ ਨੂੰ ਆਤਮਕ ਜੀਵਨ ਕਿਹਾ ਗਿਆ ਹੈ। ਸਮੁੱਚਾ ਭਾਵ ਅਰਥ ਇਹ ਹੀ ਹੈ ਕਿ ਇਸ ਜੀਵਨ ਕਾਲ ਵਿੱਚ ਰਹਿੰਦਿਆਂ ਵਿਕਾਰਾਂ ਨੂੰ ਸਮਝ ਕੇ ਸਦ ਗੁਣਾਂ ਦੀ ਭਰਪੂਰਤਾ ਹਾਸਲ ਕਰਨੀ ਹੈ ਜਿਸ ਨੂੰ ਜੀਵਨ ਜਾਚ ਜਾਂ ਵਿਕਾਰਾਂ ਵਲੋਂ ਮੁਕਤੀ ਜਾਂ ਪਰਮਪਦ ਦੀ ਪ੍ਰਾਪਤੀ ਦੇ ਨਾਂ ਨਾਲ ਯਾਦ ਕੀਤਾ ਜਾਂਦਾ ਹੈ ਜੋ ਮਨੁੱਖੀ ਜੀਵਨ ਦੀ ਸਿਰਮੋਰਤਾ ਹੈ।

ਜੇ ਇਨਸਾਨ ਸੁਮੰਦਰ ਦੇ ਕੰਢੇ `ਤੇ ਹੀ ਡੁੱਬ ਰਿਹਾ ਹੈ ਤਾਂ ਉਸ ਨੂੰ ਕੋਈ ਬਚਾ ਨਹੀਂ ਸਕਦਾ। ਏਡੀ ਮਹਾਨ ਗੁਰਬਾਣੀ ਦੀ ਸੋਚ ਹੋਣ ਦੇ ਨਾਤੇ ਵੀ ਜੇ ਅਸੀਂ ਬ੍ਰਾਹਮਣੀ ਰਜ਼ਾਈ ਲੈ ਕੇ ਸੌਂ ਰਹੇ ਤਾਂ ਇਸ ਵਿੱਚ ਕਸੂਰ ਸਾਡੇ ਪਰਚਾਰ ਦੀ ਘਾਟ ਦਾ ਹੈ ਜਾਂ ਸਾਡੀ ਬੇ-ਸਮਝੀ ਕਹੀ ਜਾ ਸਕਦੀ ਹੈ। ਲੋੜ ਹੈ ਗੁਰਬਾਣੀ ਦੀ ਮਹਾਨਤਾ ਨੂੰ ਆਪਣੇ ਜੀਵਨ ਵਿੱਚ ਢਾਲ ਕੇ ਦੇਖੀਏ ਤੇ ਬਿਪਰਵਾਦ ਦੀ ਦਲ਼ਦਲ਼ ਵਿਚੋਂ ਬਾਹਰ ਆ ਸਕੀਏ।

ਖ਼ੁਦਾ ਉਸ ਡੂਬਨੇ ਵਾਲੇ ਕੀ ਹਿੰਮਤ ਕੋ ਜਵਾਂ ਰੱਖੇ,

ਜਿਸੇ ਸਹਿਲ ਕੇ ਕਰੀਬ ਆ ਕੇ ਸਹਿਲ ਨ ਮਿਲਾ।

ਗੁਰਬਾਣੀ ਰੂਪੀ ਸੁਮੰਦਰ ਦੇ ਕਿਨਾਰੇ ਦੇ ਨੇੜੇ ਹੋਣ ਦੇ ਨਾਤੇ ਵੀ ਜੋ ਡੁੱਬ ਗਿਆ ਹੈ, ਕੀ ਉਸ ਨੂੰ ਹਿੰਮਤੀ ਕਿਹਾ ਜਾਏਗਾ? -----

ਓਹੁ ਧਨਵੰਤੁ ਕੁਲਵੰਤੁ ਪਤਿਵੰਤੁ॥ ਜੀਵਨ ਮੁਕਤਿ ਜਿਸੁ ਰਿਦੈ ਭਗਵੰਤੁ॥

ਅਤੇ

ਜੀਵਨ ਮੁਕਤੁ ਸੋ ਆਖੀਐ ਜਿਸੁ ਵਿਚਹੁ ਹਉਮੈ ਜਾਇ॥

ਪੰਨਾ ੧੦੦੯




.