. |
|
ਕੀ ਪਰਮਹੰਸ ਭਗਤ ਰਵਿਦਾਸ ਜੀ ਪਿਛਲੇ ਜਨਮ ਵਿੱਚ ਬ੍ਰਾਹਮਣ ਸਨ?
ਵਿਸ਼ਵ ਪ੍ਰਸਿੱਧ ਤੇ ਨਿਰਪੱਖ ਵਿਦਵਾਨ ਇਸ ਹਕੀਕਤ ਨੂੰ ਮੰਨਦੇ ਹਨ ਹੈ ਕਿ ਭਗਤ
ਸ੍ਰੀ ਕਬੀਰ ਜੀ, ਸ੍ਰੀ ਰਵਿਦਾਸ ਜੀ ਅਤੇ ਸ੍ਰੀ ਨਾਮਦੇਵ ਜੀ ਆਦਿਕ ਭਗਤਾਂ ਨੂੰ ਜਿਹੜਾ ਮਾਣ ਸਤਿਕਾਰ
ਅੱਜ ਪਾਪਤ ਹੋ ਰਿਹਾ ਹੈ ਤੇ ਜਿਵੇਂ ਸਿੱਖ ਸੰਗਤਾਂ ਵਲੋਂ ਉਨ੍ਹਾਂ ਨੂੰ ਗੁਰੂ ਸਰੂਪ ਮੰਨ ਕੇ ਸ਼ਰਧਾ
ਸਹਿਤ ਸੀਸ ਝੁਕਾਏ ਜਾ ਰਹੇ ਹਨ, ਉਸ ਦਾ ਅਧਾਰ ਹਨ ‘ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ’।
ਕਿਉਂਕਿ, ਜੇ ਕਰ ਸ੍ਰੀ ਗੁਰੂ ਨਾਨਕ ਸਾਹਿਬ ਜੀ ਭਗਤ ਬਾਣੀ ਸੰਗ੍ਰਹਿ ਕਰਨ ਦਾ ਉਪਕਾਰ ਨਾ ਕਰਦੇ ਅਤੇ
ਫਿਰ ਉਨ੍ਹਾਂ ਦੇ ਪੰਜਵੇਂ ਸਰੂਪ ਸ੍ਰੀ ਗੁਰੂ ਅਰਜਨ ਸਾਹਿਬ ਜੀ ਇਸ ਬਾਣੀ ਨੂੰ ਸ੍ਰੀ ਗੁਰੂ ਗ੍ਰੰਥ
ਸਾਹਿਬ ਜੀ ਵਿਖੇ ਅੰਕਤ ਕਰਨ ਦੀ ਮਿਹਰਬਾਨੀ ਨਾ ਕਰਦੇ ਤਾਂ ਬਿਪਰਵਾਦੀ ਸ਼ਕਤੀਆਂ ਇਤਿਹਾਸ ਦੇ ਪੰਨਿਆਂ
ਤੋਂ ਇਨ੍ਹਾਂ ਭਗਤਾਂ ਦਾ ਨਾਮੋ-ਨਿਸ਼ਾਨ ਹੀ ਮਿਟਾ ਛਡਦੀਆਂ। ਕਿਉਂਕਿ, ਭਗਤ ਕਬੀਰ ਸਾਹਿਬ ਅਤੇ ਭਗਤ
ਰਵਿਦਾਸ ਜੀ ਅਜਿਹੇ ਪਹਿਲੇ ਵਿਅਕਤੀ ਸਨ, ਜਿਨ੍ਹਾਂ ਨੇ ਸਮਾਜ ਦੇ ਆਪੂੰ ਗੁਰੂ ਬਣ ਬੈਠੇ ਬ੍ਰਾਹਮਣ ਦੀ
ਗੁਰਆਈ ਨੂੰ ਨਿਕਾਰਦਿਆਂ ਅਤੇ ਉਸ ਤੋਂ ਬਾਗੀ ਹੁੰਦਿਆਂ ਉਹਦੇ ਸਥਾਪਿਤ ਕੀਤੇ ਸੁਆਰਥੀ ਹੱਕਾਂ ਨੂੰ
ਵੰਗਾਰਿਆ ਸੀ ਤੇ ਉਹ ਵੀ ਕਾਸ਼ੀ ਵਰਗੇ ਬ੍ਰਾਹਮਣੀ ਗੜ੍ਹ ਵਿੱਚ।
ਭਗਤ ਕਬੀਰ ਜੀ ਮਹਾਰਾਜ ਬੜੀ ਦਲੇਰੀ ਨਾਲ ਕਹਿ ਰਹੇ ਸਨ ਕਿ ਬ੍ਰਾਹਮਣ ਹੋਵੇਗਾ
ਗੁਰੂ ਹੋਰ ਲੋਕਾਂ ਦਾ, ਪਰ ਭਗਤਾਂ ਦਾ ਨਹੀ, ਕਿਉਂਕਿ, ਉਹ ਤਾਂ ਆਪ ਹੀ ਵੇਦਿਕ ਵਿਚਾਰਧਾਰਾ ਦੇ
ਵਖਰੇਵਿਆਂ ਤੇ ਕਰਮਕਾਂਡਾਂ ਦੀਆਂ ਉਲਝਣਾਂ ਵਿੱਚ ਫਸ ਕੇ ਆਤਮਿਕ ਮੌਤੇ ਡੁੱਬ ਮਰ ਰਿਹਾ ਹੈ:
ਕਬੀਰ ਬਾਮਨੁ ਗੁਰੂ ਹੈ ਜਗਤ ਕਾ,
ਭਗਤਨ ਕਾ ਗੁਰੁ ਨਾਹਿ॥ ਅਰਝਿ ਉਰਝਿ ਕੈ ਪਚਿ ਮੂਆ, ਚਾਰਉਂ ਬੇਦਹੁ ਮਾਹਿ॥ (ਗੁ. ਗ੍ਰੰ. ਪੰ. ੧੩੭੭)
ਬ੍ਰਾਹਮਣ ਆਪਣੀ ਉੱਚਤਾ ਤੇ ਸ੍ਰੇਸ਼ਠਤਾ ਸਥਾਪਿਤ ਕਰਨ ਲਈ ਪ੍ਰਚਾਰ ਕਰ ਰਿਹਾ
ਸੀ ਕਿ ਬ੍ਰਹਮਾ ਦੇ ਮੁੱਖ ਵਿਚੋਂ ਪੈਦਾ ਹੋਣ ਕਰਕੇ ਮੈਂ ਸਮਾਜ ਦਾ ਮੁਖੀ ਹਾਂ। ਜੁਲਾਹੇ, ਝੀਊਰ,
ਛੀਂਬੇ ਤੇ ਚਮਾਰ ਆਦਿਕ ਸਭ ਤੋਂ ਨੀਚ ਹਨ, ਸ਼ੂਦਰ ਹਨ ਕਿਉਂਕਿ, ਉਹ ਬ੍ਰਹਮਾ ਦੇ ਪੈਰਾਂ ਵਿਚੋਂ ਨਿਕਲੇ
ਹਨ। ਪਰ, ਕਬੀਰ ਜੀ ਅੱਗੋਂ ਕਹਿ ਰਹੇ ਸਨ ਤੂੰ ਸ੍ਰੇਸ਼ਠ ਕਿਵੇਂ? ਕੀ ਤੇਰੀਆਂ ਰਗਾਂ ਵਿੱਚ ਦੁੱਧ ਵਗਦਾ
ਹੈ ਅਤੇ ਸਾਡੀਆਂ ਵਿੱਚ ਲਹੂ? :
ਤੁਮ ਕਤ ਬ੍ਰਾਹਮਣ ਹਮ ਕਤ ਸੂਦ॥ ਹਮ ਕਤ ਲੋਹੂ ਤੁਮ ਕਤ ਦੂਧ॥ (ਗੁ. ਗ੍ਰੰ.
ਪੰ. ੩੨੪)
ਬ੍ਰਾਹਮਣ ਪ੍ਰਚਾਰ ਰਿਹਾ ਸੀ ਕਿ ਸ਼ੂਦਰਾਂ ਨੂੰ ਰੱਬ ਦੀ ਭਗਤੀ ਕਰਨ ਦਾ ਕੋਈ
ਅਧਿਕਾਰ ਨਹੀ ਹੈ। ਸੰਭੂਕ ਰਿਸ਼ੀ ਨੂੰ ਬ੍ਰਾਹਮਣਾਂ ਨੇ ਸ੍ਰੀ ਰਾਮਚੰਦਰ ਪਾਸੋਂ ਇਸੇ ਲਈ ਕਤਲ ਕਰਵਾ
ਦਿੱਤਾ ਸੀ ਕਿ ਉਹ ਦਲਿਤ ਹੈ। ਪਰ ਕਿਤਨੀ ਦਲੇਰੀ ਦੀ ਗੱਲ ਸੀ ਕਿ ਬ੍ਰਾਹਮਣੀ ਮੱਤ ਦੇ ਕੇਂਦਰ ਕਾਸ਼ੀ
ਵਿੱਚ ਭਗਤ ਰਵਿਦਾਸ ਜੀ ਉੱਚੀ ਉੱਚੀ ਪੁਕਾਰ ਰਹੇ ਸਨ ਕਿ ਹਰੇਕ ਮਨੁੱਖ ਨੂੰ ਭਗਤੀ ਕਰਨ ਦਾ ਹੱਕ ਹੈ,
ਕਿਉਂਕਿ ਰੱਬ ਕਿਸੇ ਦੇ ਪਿਉ ਦੀ ਜੱਦੀ ਮਲਕੀਅਤ ਨਹੀ, ਉਹ ਤਾਂ ਪ੍ਰੇਮ ਦੇ ਵੱਸ ਹੁੰਦਾ ਹੈ:
ਆਪਨ ਬਾਪੈ ਨਾਹੀ ਕਿਸੀ ਕੋ ਭਾਵਨ
ਕੋ ਹਰਿ ਰਾਜਾ॥ (ਗੁ. ਗ੍ਰੰ. ਪੰ. ੬੫੮)
ਵੇਦਿਕ ਮਤੀ ਖਟ (ਛੇ) ਕਰਮ ਕਰਨ ਕਰਕੇ ਬ੍ਰਾਹਮਣ ਆਪਣੇ ਆਪ ਨੂੰ ਉੱਚਾ ਤੇ ਪਵਿਤਰ ਮੰਨਦਾ ਸੀ, ਪਰ
ਭਗਤ ਰਵਿਦਾਸ ਜੀ ਕਹਿ ਰਹੇ ਸਨ ਕਿ ਕੋਈ ਵੀ ਮਨੁਖ ਭਾਵੇਂ ਉਹ ਉੱਚੀ ਕੁਲ ਦਾ ਬ੍ਰਾਹਮਣ ਹੋਵੇ, ਨਿੱਤ
ਛੇ ਕਰਮ ਕਰਦਾ ਹੋਵੇ, ਪਰ ਜੇ ਉਹਦਾ ਹਿਰਦਾ ਹਰੀ ਦੀ ਪ੍ਰੇਮਾ ਭਗਤੀ ਤੋਂ ਸਖਣਾ ਹੈ ਤਾਂ ਉਹ ਨੀਚ ਹੈ,
ਚੰਡਾਲ ਹੈ: ਖਟੁ ਕਰਮ ਕੁਲ
ਸੰਜੁਗਤੁ ਹੈ, ਹਰਿ ਭਗਤਿ ਹਿਰਦੈ ਨਾਹਿ॥ ਚਰਨਾਰਬਿੰਦ ਨ ਕਥਾ ਭਾਵੈ, ਸਪੁਚ ਤੁਲਿ ਸਮਾਨਿ॥ (ਗੁ.
ਗ੍ਰੰ. ਪੰ. ੧੧੨੪)
ਬਿਪਰਵਾਦ ਦਾ ਵਿਰੋਧ ਕਰਨ ਵਾਲੇ ਲਗਭਗ ਸਾਰੇ ਭਗਤਾਂ ਨੂੰ ਹੀ ਬ੍ਰਾਹਮਣ ਨੇ
ਭਾਵੇਂ ਆਪਣੀ ਲਪੇਟ ਵਿੱਚ ਲੈਣ ਦਾ ਯਤਨ ਕੀਤਾ। ਪ੍ਰੰਤੂ ਭਗਤ ਕਬੀਰ ਅਤੇ ਰਵਿਦਾਸ ਜੀ ਉਹਦੀ ਕੁਟਿਲ
ਨੀਤੀ ਦਾ ਖਾਸ ਕੇਂਦਰ ਬਿੰਦੂ ਬਣੇ ਰਹੇ। ਕਿਉਂਕਿ, ਉਹ ਬਿਪਰਵਾਦ ਦੀ ਮੁੱਖ ਟਕਸਾਲ ਵਿੱਚ ਬੈਠੇ ਹੋਏ
ਅਜਿਹੀਆਂ ਗਤੀਵਿਧੀਆਂ ਕਰ ਰਹੇ ਸਨ, ਜਿਨ੍ਹਾਂ ਸਦਕਾ ਬ੍ਰਾਹਮਣੀ ਮੱਤ ਦਾ ਜੂਲ਼ਾ ਸਮਾਜ ਦੇ ਮੋਢਿਆਂ
ਤੋਂ ਲਹਿੰਦਾ ਜਾਪਦਾ ਸੀ। ਇਨ੍ਹਾਂ ਦੀ ਰੱਬੀ ਭਗਤੀ ਦੇ ਪ੍ਰਤਾਪ ਕਾਰਨ ਬ੍ਰਾਹਮਣ ਦਾ ਇਹ ਹੱਕ ਖੁਸਦਾ
ਜਾ ਰਿਹਾ ਸੀ ਕਿ ਧਰਮ ਕਰਮ, ਪਾਠ-ਪੂਜਾ ਅਥਵਾ ਭਗਤੀ ਕੇਵਲ ਓਹੀ ਕਰ ਸਕਦਾ ਹੈ, ਹੋਰ ਕੋਈ ਨਹੀ। ਭਗਤ
ਕਬੀਰ ਅਤੇ ਰਵਿਦਾਸ ਜੀ ਦੀਆਂ ਕਈ ਪੰਕਤੀਆਂ ਜਿਵੇਂ “ਤੁਮ ਕਤ ਬ੍ਰਾਹਮਣ ਹਮ ਕਤ ਸੂਦ” ਅਥਵਾ
“ਆਪਨ ਬਾਪੈ ਨਾਹੀ ਕਿਸੀ ਕੋ ਭਾਵਨ ਕੋ ਹਰਿ ਰਾਜਾ” ਤਾਂ ਸ਼ਰਧਾਲੂਆਂ ਦੀ ਜ਼ੁਬਾਨ ਤੇ ਚੜ੍ਹ
ਚੁੱਕੀਆਂ ਸਨ।
ਬ੍ਰਾਹਮਣ ਨੇ ਪਹਿਲਾਂ ਤਾਂ ਇਨ੍ਹਾਂ ਨੂੰ ਸਮਾਜ ਭਾਈਚਾਰੇ ਵਿੱਚ ਬਦਨਾਮ ਕਰਨ
ਲਈ ਕਈ ਊਜਾਂ ਲਾਈਆਂ ਅਤੇ ਸਮੇਂ ਦੇ ਹਾਕਮਾਂ ਤੇ ਹੋਰ ਕਈ ਢੰਗ ਤਰੀਕਿਆਂ ਦੁਆਰਾ ਮਰਵਾਣ ਦੇ ਯਤਨ
ਕੀਤੇ। ਪਰ; ਜਦੋਂ ਕੋਈ ਪੇਸ਼ ਨਾ ਗਈ ਤਾਂ ਚਲਾਕ ਬ੍ਰਾਹਮਣ ਪੁਜਾਰੀਆਂ ਨੇ ਕੁਟਿਲ ਕਹਾਣੀਆਂ ਘੜ ਕੇ ਇਹ
ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਕਿ ਹਾਂ! ਇਹ ਠੀਕ ਹੈ ਕਿ ਕਬੀਰ ਇੱਕ ਸ਼ੂਦਰ ਜੁਲਾਹੇ ਦੇ ਘਰ ਪਲ਼ਿਆ
ਹੈ, ਪਰ ਅਸਲ ਵਿੱਚ ਉਹ ਪੁੱਤ ਇੱਕ ਵਿਧਵਾ-ਬ੍ਰਾਹਮਣੀ ਦਾ ਹੈ, ਜਿਹੜੀ ਬਦਨਾਮੀ ਤੋਂ ਡਰਦੀ ਇਸ ਨੂੰ
ਬਨਾਰਸ ਲਾਗੇ ਲਹਿਰ-ਤਲਾਓ ਦੇ ਕਿਨਾਰੇ ਸੁੱਟ ਗਈ ਸੀ। ਕਹਾਣੀ ਨੂੰ ਪੱਕੀ ਤਰ੍ਹਾਂ ਕਾਇਮ ਕਰਨ ਲਈ ਉਸ
ਤਲਾ ਦੇ ਕਿਨਾਰੇ ਮੰਦਰ ਵੀ ਬਣਵਾ ਛਡਿਆ।
ਭਗਤ ਰਵਿਦਾਸ ਜੀ ਬਾਰੇ ਐਸੀ ਚ੍ਰਤਿੱਰਹੀਣ ਕਹਾਣੀ ਘੜਣੀ ਮੁਸ਼ਕਲ ਸੀ, ਕਿਉਂਕਿ
ਇੱਕੋ ਜਿਹੀਆਂ ਕਹਾਣੀਆਂ ਸ਼ੱਕੀ ਹੋ ਜਾਂਦੀਆਂ ਹਨ। ਇਸ ਲਈ ਉਨ੍ਹਾਂ ਬਾਰੇ ਪ੍ਰਚਾਰਿਆ ਜਾਣ ਲੱਗਾ ਕਿ
ਹਾਂ! ਇਹ ਠੀਕ ਹੈ ਕਿ ਉਹ ਭਗਤ ਰਾਮਨੰਦ ਜੀ (ਬ੍ਰਾਹਮਣ) ਦੇ ਸਰਾਪ ਕਾਰਨ ਇੱਕ ਚਮਾਰ ਘਰ ਜਨਮੇਂ, ਪਰ
ਉਹ ਪਿਛਲੇ ਜਨਮ ਦੇ ਇੱਕ ਬ੍ਰਹਮਚਾਰੀ ਬ੍ਰਾਹਮਣ ਸਨ। ਇਹੀ ਕਾਰਣ ਹੈ ਕਿ ਉਹ ਭਗਤੀ ਵਿੱਚ ਸਫਲ ਹੋ ਗਏ।
ਇਹ ਲੰਮੀ ਚੌੜੀ ਕਹਾਣੀ ਇੱਕ ਨਿਰਮਲੇ ਮਹੰਤ ਦੀ ਲਿਖੀ ਬਿਪਰਵਾਦੀ ਪੁਸਤਕ
‘ਗੁਰ ਭਗਤਮਾਲ’ ਵਿੱਚ ਪੜ੍ਹੀ ਜਾ ਸਕਦੀ ਹੈ। ਤੱਤ ਗੁਰਮਤਿ ਸਿਧਾਂਤਾਂ ਦੀ ਸੂਝ ਤੋਂ ਸਖਣੇ ਬਹੁਤ
ਸਾਰੇ ਪ੍ਰਚਾਰਕ ਕੀਰਤਨੀਏ ਇਹੀ ਕਥਾ ਕਹਾਣੀਆਂ ਸਟੇਜ ਤੋਂ ਸੁਣਾਈ ਜਾ ਰਹੇ ਹਨ। ਦੁੱਖ ਦੀ ਗੱਲ ਹੈ ਕਿ
ਉਨ੍ਹਾਂ ਨੂੰ ਰੋਕਣ ਵਾਲਾ ਕੋਈ ਨਹੀ ਹੈ। ਸਾਖੀ ਦਾ ਸੰਖੇਪ ਰੂਪ ਕੁੱਝ ਇਸ ਤਰ੍ਹਾਂ ਹੈ:
‘ਏਕ ਬ੍ਰਹਮਚਾਰੀ ਰਾਮਾਨ μਦ
ਜੀ ਕਾ ਸਿੱਖ ਹੂਆ। ਸੋ ਕਾਂਸੀ ਮੇਂ ਭਿਖਿਆ ਮਾਂਗ ਕਰ ਰਸੋਈ ਸਿੱਧ ਕਰ ਕੇ ਰਾਮਾਨμਦ
ਜੀ ਕਉ ਖਵਾਇਆ ਕਰੇ। …ਏਕ ਦਿਨ… ਬ੍ਰਹਮਚਾਰੀ (ਇੱਕ ਬਾਣੀਏ ਪਾਸੋਂ) ਸੀਧਾ ਲਿਆਇਆ, ਰਸੋਈ ਰਾਮਾਨμਦ
ਜੀ ਕੀ ਰਸਨਾ ਗ੍ਰਹਣ ਕਰਵਾਈ। ਜਬ ਰਾਮਾਨμਦ
ਜੀ ਰਾਤ੍ਰ ਕਉ ਭਗਵੰਤ ਕੇ ਚਰਨੋਂ ਮੈਂ ਬ੍ਰਿਤੀ ਇਸਥਿਤ ਕਰੈ, ਕਿਸੀ ਪ੍ਰਕਾਰ ਭੀ ਨਾਹ ਹੋਵੇ। …
ਬ੍ਰਹਮਚਾਰੀ ਕਉ ਬਲਾਇ ਕਰ ਪੂਛਤ ਭਏ ਕਿ, ਤੂੰ ਸੀਧਾ ਕਿਸ ਕੇ ਘਰ ਕਾ ਲਿਆਇਆ ਸੀ। …. ਬ੍ਰਹਮਚਾਰੀ
ਵਾਰਤਾ ਪ੍ਰਗਟ ਕਰਤਾ ਭਇਆ। …. ਰਾਮਾਨμਦ
ਜੀ ਕੀ ਆਗਿਆ ਪਾ ਕਰ ਬ੍ਰਹਮਚਾਰੀ ਤਿਸ (ਬਾਣੀਏ) ਕੇ ਪਾਸ ਜਾਇ ਕਰ ਪੂਛਤ ਭਇਆ। ਬਾਣੀਏ ਨੇ ਕਹਾ—ਮੇਰਾ
ਸ਼ਾਹ ਤਉ ਚਮਾਰ ਹੈ, ਤਿਸ ਹੀ ਕਾ ਪੈਸਾ ਲੇ ਕਰ ਵਰਤਤਾ ਹੌਂ, ਅਰ ਵੋਹ ਸਦਾ ਹੀ ਦੁਸ਼ਟ ਕਰਮ ਕਰਤਾ ਹੈ।
‘ਜਬ ਰਾਮਾਨ μਦ
ਜੀ ਨੇ ਐਸਾ ਸੁਣਾ, ਤਬ ਕੋਪ ਹੋਇ ਕਰ (ਬ੍ਰਹਮਚਾਰੀ ਕਉ) ਕਹਾ—ਅਰੇ ਦੁਸ਼ਟ! ਤੁਮ ਨੀਚ ਕੇ ਗ੍ਰਹ ਮੈ
ਜਨਮ ਧਾਰਨ ਕਰੋ।’
ਸਾਖੀ ਵਿੱਚ ਇਹ ਵੀ ਜ਼ਿਕਰ ਹੈ ਜਦੋਂ ਬ੍ਰਹਮਚਾਰੀ ਚਮਾਰ ਦੇ ਘਰ ਜਾ ਜਨਮਿਆ,
ਉਸ ਬਾਲਕ (ਰਵਿਦਾਸ) ਨੂੰ ਆਪਣੇ ਪਹਿਲੇ ਜਨਮ ਦੀ ਸੁਰਤਿ ਸੀ, ਅਫਸੋਸ ਵਿੱਚ ਉਹ ਮਾਂ ਦੇ ਥਣਾਂ ਦਾ
ਦੁੱਧ ਨਹੀਂ ਸੀ ਪੀਂਦਾ। ਰਾਮਾਨ μਦ
ਜੀ ਨੂੰ ਸੁਪਨੇ ਵਿੱਚ ਪਰਮਾਤਮਾ ਨੇ ਪ੍ਰੇਰਨਾ ਕੀਤੀ। ਐਸੇ ਸੁਣ ਕਰ ਰਾਮਾਨμਦ
ਜੀ ਆਪਣਾ ਚਰਨ ਧੋਇ ਕਰ ਤਿਸ ਕੇ ਮੁਖ ਵਿਖੇ ਪਾਵਤ ਭਏ। ਬਹੁੜੋ ਤਾਰਕ ਮੰਤ੍ਰ ਦੇ ਕਰ ਤਿਸ ਕੇ ਕਾਨ ਮੈ
ਆਪਣਾ ਸਿੱਖ ਕਰਤੋ ਭਏ। ਔਰ ਐਸੋ ਵਚਨ ਕੀਆ— ‘ਹੇ ਪੁਤ੍ਰ! ਦੂਧ ਕਉ ਪਾਨ ਕਰੋ, ਅਬ ਸਰਬ ਪਾਪ ਤੇਰੇ
ਭਾਗ ਗਏ ਹੈਂ। ਅਬ ਤੂੰ ਨਿਰਮਲ ਹੂਆ ਹੈਂ, ਔਰ ਆਜ ਤੇਰਾ ਨਾਮ ਸੰਸਾਰ ਮੈ ਰਵਿਦਾਸ ਕਰਕੇ ਪ੍ਰਸਿੱਧ
ਹੂਆ’।
ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ ਦੇ ਮਹਾਨ ਲੇਖਕ ਪ੍ਰਿੰਸੀਪਲ ਸਾਹਿਬ ਸਿੰਘ
ਜੀ ਲਿਖਦੇ ਹਨ ਕਿ ਵਿਚਾਰਨ ਵਾਲੀ ਗੱਲ ਇਹ ਹੈ ਕਿ ਜੇ ਰਾਮਾਨ μਦ
ਜੀ ਦੇ ਸ੍ਰਾਪ ਨਾਲ ਕੋਈ ਬ੍ਰਹਮਚਾਰੀ ਬ੍ਰਾਹਮਣ ਕਿਸੇ ਚਮਾਰ ਦੇ ਘਰ ਜੰਮ ਕੇ ਰਵਿਦਾਸ ਅਖਵਾਇਆ ਸੀ,
ਤੇ, ਫਿਰ ਰਾਮਾਨμਦ
ਜੀ ਇਸ ਰਵਿਦਾਸ ਦੇ ਗੁਰੂ ਵੀ ਬਣੇ ਸਨ, ਤਾਂ ਜਦੋਂ ਰਵਿਦਾਸ ਰਤਾ ਸਿਆਣੀ ਉਮਰ ਦਾ ਹੋਇਆ ਹੋਵੇਗਾ, ਇਸ
ਨੂੰ ਵੀ ਉਹਨਾਂ ਉਹ ਸਾਰੀ ਵਾਰਤਾ ਜ਼ਰੂਰ ਸੁਣਾਈ ਹੋਵੇਗੀ। ਪਰ ਇਹ ਅਚਰਜ ਗੱਲ ਹੈ ਕਿ ਰਵਿਦਾਸ ਜੀ
ਸਾਰੀ ਉਮਰ ਆਪਣੇ ਆਪ ਨੂੰ ਚਮਾਰ ਹੀ ਸਮਝਦੇ ਰਹੇ, ਆਪਣੀ ਬਾਣੀ ਵਿੱਚ ਆਪਣੇ ਆਪ ਨੂੰ ਚਮਾਰ ਹੀ ਆਖਦੇ
ਰਹੇ। ਕਈ ਸ਼ਬਦਾਂ ਵਿੱਚ ਪਰਮਾਤਮਾ ਦੇ ਦਰ ਤੇ ਰਵਿਦਾਸ ਜੀ ਅਰਦਾਸ ਕਰਦੇ ਹਨ, ਤੇ, ਆਖਦੇ ਹਨ ਕਿ ਹੇ
ਪ੍ਰਭੂ! ਮੇਰੇ ਮਨ ਦੇ ਵਿਕਾਰ ਦੂਰ ਕਰ, ਪਰ ਕਿਤੇ ਵੀ ਉਹਨਾਂ ਆਪਣੀ ਇਸ ਪਿਛਲੇ ਜਨਮ ਦੀ ਹੱਡ-ਬੀਤੀ
ਦਾ ਹਵਾਲਾ ਦੇ ਕੇ ਨਹੀਂ ਆਖਿਆ ਕਿ ਪ੍ਰਭੂ ਜੀ! ਭੁੱਲਾਂ ਦੇ ਕਾਰਨ ਹੀ ਮੈਂ ਬ੍ਰਾਹਮਣ-ਜਨਮ ਤੋਂ ਡਿੱਗ
ਕੇ ਚਮਾਰ-ਜਾਤੀ ਵਿੱਚ ਆ ਅੱਪੜਿਆਂ ਹਾਂ, ਕਿਰਪਾ ਕਰਕੇ ਮੈਨੂੰ ਬਖ਼ਸ਼ ਲਓ।
ਦੂਜਾ ਪੱਖ ਇਹ ਵੀ ਵਿਚਾਰਨਯੋਗ ਹੈ ਕਿ ਸ੍ਰਾਪ ਦੀ ਖ਼ਬਰ ਸਿਰਫ਼ ਕੇਵਲ ਦੋ
ਜਣਿਆਂ ਨੂੰ ਹੀ ਸੀ, ਰਾਮਾਨ μਦ
ਨੂੰ ਅਤੇ ਉਸ ਬ੍ਰਹਮਚਾਰੀ ਨੂੰ। ਚਮਾਰ ਦੇ ਘਰ ਜੰਮ ਕੇ ਪਹਿਲਾਂ ਪਹਿਲਾਂ ਅਜੇ ਉਸ ਬਾਲ ਨੂੰ ਚੇਤਾ ਵੀ
ਸੀ ਕਿ ਮੈਂ ਬ੍ਰਾਹਮਣ ਤੋਂ ਚਮਾਰ ਬਣਿਆ ਹਾਂ। ਜੇ ਰਾਮਾਨμਦ
ਜੀ ਨੇ ਸ੍ਰਾਪ ਵਾਲੀ ਵਾਰਤਾ ਕਿਸੇ ਨੂੰ ਵੀ ਨਹੀਂ ਸੁਣਾਈ, ਤਾਂ “ਗੁਰ ਭਗਤ ਮਾਲ” ਦੇ ਲਿਖਾਰੀ ਨੂੰ
ਕਿਥੋਂ ਸੂਹ ਲੱਗ ਗਈ? ਇਹ ਗੱਲ ਹੈ ਵੀ ਐਸੀ ਅਨੋਖੀ ਸੀ ਕਿ ਕਿਸੇ ਇੱਕ ਧਿਰ ਨੂੰ ਵੀ ਜੇ ਰਾਮਾਨμਦ
ਜੀ ਦੱਸ ਦੇਂਦੇ ਤਾਂ ਸਾਰੇ ਸ਼ਹਿਰ ਵਿੱਚ ਕਾਂਵਾਂਰੌਲੀ ਪੈ ਜਾਂਦੀ, ਤੇ, ਲੋਕ ਹੁੰਮ-ਹੁਮਾ ਕੇ ਉਸ
ਅਨੋਖੇ ਬਾਲ ਨੂੰ ਵੇਖਣ ਤੁਰ ਪੈਂਦੇ, ਤੇ, ਰਵਿਦਾਸ ਨੂੰ ਸਾਰੀ ਉਮਰ ਲੋਕ ਉਸ ਦੀ ਇਹ ਹੱਡ-ਬੀਤੀ ਚੇਤੇ
ਕਰਾਂਦੇ ਰਹਿੰਦੇ। ਪਰ ਭਗਤ ਜੀ ਮਹਾਰਾਜ ਤਾਂ ਸਦਾ ਇਹੀ ਆਖਦੇ ਰਹੇ: —
ਨਾਗਰ ਜਨਾਂ ਮੇਰੀ ਜਾਤਿ ਬਿਖਿਆਤ ਚੰਮਾਰੰ॥ …
ਮੇਰੀ ਜਾਤਿ ਕੁਟ ਬਾਂਢਲਾ ਢੋਰ ਢੋਵੰਤਾ ਨਿਤਹਿ ਬਾਨਾਰਸੀ ਆਸ ਪਾਸਾ॥ ਅਬ
ਬਿਪ੍ਰ ਪਰਧਾਨ ਤਿਹ ਕਰਹਿ ਡੰਡਉਤਿ, ਤੇਰੇ ਨਾਮ ਸਰਣਾਇ ਰਵਿਦਾਸ ਦਾਸਾ॥ {ਮਲਾਰ, ਪੰ ੧੨੯੩}
{ਅਰਥ: ਹੇ ਨਗਰ ਦੇ ਲੋਕੋ! ਮੇਰੀ ਜਾਤ ਹੈ ਚਮਿਆਰ ਹੈ ……ਮੇਰੀ ਜਾਤ ਦੇ ਲੋਕ
(ਚੰਮ) ਕੁਟਣ ਤੇ ਵਢਣ ਵਾਲੇ ਬਨਾਰਸ ਦੇ ਆਲੇ ਦੁਆਲੇ (ਰਹਿੰਦੇ ਹਨ, ਤੇ) ਨਿੱਤ ਮੋਏ ਪਸ਼ੂ ਢੋਂਦੇ ਹਨ;
ਪਰ (ਹੇ ਪ੍ਰਭੂ!) ਉਸੇ ਕੁਲ ਵਿੱਚ ਜੰਮਿਆ ਹੋਇਆ ਤੇਰਾ ਸੇਵਕ ਰਵਿਦਾਸ ਤੇਰੇ ਨਾਮ ਦੀ ਸ਼ਰਨ ਆਇਆ ਹੈ,
ਉਸ ਨੂੰ ਹੁਣ ਵੱਡੇ ਵੱਡੇ ਬ੍ਰਾਹਮਣ ਨਮਸਕਾਰ ਕਰਦੇ ਹਨ।}
ਇਕ ਹੋਰ ਗੱਲ ਵੀ ਬੜੀ ਅਣ-ਹੋਣੀ ਜਿਹੀ ਹੈ। “ਗੁਰ ਭਗਤ ਮਾਲ” ਦੇ ਲਿਖਾਰੀ ਦਾ
ਪਰਮਾਤਮਾ ਭੀ ਕੋਈ ਅਨੋਖੀ ਹਸਤੀ ਹੈ। ਲਿਖਾਰੀ ਲਿਖਦਾ ਹੈ ਕਿ ਜਦੋਂ ਬ੍ਰਹਮਚਾਰੀ ਚਮਾਰਾਂ ਦੇ ਘਰ ਜੰਮ
ਪਿਆ, ਤਾਂ ਉਹ ਆਪਣੇ ਪਿਛਲੇ ਉੱਤਮ ਜਨਮ ਦਾ ਚੇਤਾ ਕਰ ਕੇ ਆਪਣੀ ਚਮਾਰ-ਮਾਂ ਦੇ ਥਣਾਂ ਤੋਂ ਦੁੱਧ
ਨਹੀਂ ਸੀ ਪੀਂਦਾ। ਪਰਮਾਤਮਾ ਨੇ ਰਾਮਾਨ μਦ
ਨੂੰ ਸੁਪਨੇ ਵਿੱਚ ਝਾੜ ਪਾਈ ਕਿ ਇੱਕ ਨਿੱਕੀ ਜਿਹੀ ਗੱਲ ਪਿੱਛੇ ਤੂੰ ਉਸ ਗ਼ਰੀਬ ਬ੍ਰਹਮਚਾਰੀ ਨੂੰ
ਸ੍ਰਾਪ ਦੇ ਕੇ ਕਿਉਂ ਇਹ ਕਸ਼ਟ ਦਿੱਤਾ। ਕੀ ਲਿਖਾਰੀ ਦੇ ਪਰਮਾਤਮਾ ਦੀ ਮਰਜ਼ੀ ਤੋਂ ਬਿਨਾ ਬਦੋ-ਬਦੀ ਹੀ
ਸ੍ਰੀ ਰਾਮਾਨμਦ
ਨੇ ਬ੍ਰਾਹਮਣ ਨੂੰ ਚਮਾਰ ਦੇ ਘਰ ਜਾ ਜਨਮ ਦਿੱਤਾ? ਕੀ ਭਗਤੀ ਦਾ ਨਤੀਜਾ ਇਹੀ ਨਿਕਲਣਾ ਚਾਹੀਦਾ ਹੈ ਕਿ
ਭਗਤ ਆਪ-ਹੁਦਰੀਆਂ ਵੀ ਕਰਨ ਲੱਗ ਪੈਣ? ਤੇ, ਕੀ ਜੋ ਜੋ ਅਨਰਥ ਅਜਿਹੇ ਭਗਤ ਜਗਤ ਵਿੱਚ ਕਰਨਾ ਕਰਾਣਾ
ਚਾਹਣ, ਰੱਬ ਨੂੰ ਜ਼ਰੂਰ ਕਰਨੇ ਪੈਂਦੇ ਹਨ?
ਹਾਂ! ਇਹ ਤਾਂ ਠੀਕ ਹੈ ਕਿ
“ਜੋ ਜੋ ਚਿਤਵਹਿ ਸਾਧ ਜਨ ਸੋ ਲੇਤਾ
ਮਾਨਿ” (ਗੁ. ਗ੍ਰੰ. ਪੰ: ੮੧੭) ਪਰ ਗੁਰਮਤਿ ਦਾ
ਇਹ ਸਿਧਾਂਤ ਵੀ ਅਟੱਲ ਹੈ ਕਿ ਭਗਤ ਵੀ ਉਹੀ ਹੋ ਸਕਦਾ ਹੈ ਜੋ ਪਰਮਾਤਮਾ ਦੀ ਪੂਰਨ ਰਜ਼ਾ ਵਿੱਚ ਰਹਿੰਦਾ
ਹੈ। ਭਗਤ ਕੋਈ ਐਸੀ ਗੱਲ ਚਿਤਵਦਾ ਹੀ ਨਹੀਂ ਜੋ ਪਰਮਾਤਮਾ ਦੀ ਮਰਜ਼ੀ ਅਨੁਸਾਰ ਨਾ ਹੋਵੇ
“ਭਗਤੁ ਸਤਿਗੁਰੁ ਪੁਰਖੁ ਸੋਈ ਜਿਸੁ
ਹਰਿ ਪ੍ਰਭ ਭਾਣਾ ਭਾਵਏ” (ਗੁ. ਗ੍ਰੰ. ਪੰ ੯੨੩)
ਅਤੇ ਇਹ ਵੀ ਹਕੀਕਤ ਹੈ ਕਿ ਰੱਬੀ ਭਾਣਾ ਮੰਨਣ ਵਾਲੇ ਭਗਤ-ਜਨ ਹੀ ਉਸ ਦੇ ਦਰ ਪ੍ਰਵਾਨ ਹੁੰਦੇ ਹਨ
“ਹਰਿ ਕਾ ਭਾਣਾ ਭਗਤੀ ਮੰਨਿਆ
ਸੇ ਭਗਤ ਪਏ ਦਰਿ ਥਾਇ”। (ਗੁ. ਗ੍ਰੰ. ਪੰ: ੬੫)
ਭਗਤ ਰਾਮਾਨੰਦ ਜੀ ‘ਹੁਕਮਿ ਰਜਾਈ ਚਲਣਾ’ ਦਾ ਉਪਦੇਸ਼ ਦੇਣ ਵਾਲੇ ਗੁਰੂ ਨਾਨਕ
ਸਾਹਿਬ ਜੀ ਦੀ ਪਾਰਖੂ ਦ੍ਰਿਸ਼ਟੀ ਵਿੱਚ ਪ੍ਰਵਾਨ ਚੜ੍ਹੇ ਭਗਤ ਸਨ, ਜਿਨ੍ਹਾਂ ਦਾ ਬ੍ਰਹਮ ਘਟ ਘਟ ਵਿੱਚ
ਵਿਆਪਕ ਹੋ ਰਿਹਾ ਹੈ
“ਰਾਮਾਨੰਦ ਸੁਆਮੀ ਰਮਤ ਬ੍ਰਹਮ” (ਗੁ. ਗ੍ਰੰ. ਪੰ. ੧੧੯੫)
ਇਸ ਲਈ ਇਹ ਕਿਵੇਂ ਹੋ ਸਕਦਾ ਹੈ ਕਿ ਉਹ ਰੱਬੀ ਰਜ਼ਾ ਦੇ ਉਲਟ ਜਾਂਦੇ ਹੋਏ
ਆਪਣੇ ਕਿਸੇ ਸੇਵਕ ਨੂੰ ਸਰਾਪ ਦੇ ਸਕਣ? ਕਦਾਚਿਤ ਨਹੀ! ਬਿਲਕੁਲ ਨਹੀ! ਸੋ ਸਿੱਧ ਹੋਇਆ ਕਿ ਭਗਤ
ਰਵਿਦਾਸ ਜੀ ਦੇ ਜਨਮ ਬਾਰੇ ਪਿਛਲੇ ਜਨਮ ਦੀ ਘੜੀ ਕਹਾਣੀ ਸੌ ਫੀਸਦੀ ਝੂਠ ਹੈ, ਝੂਠ ਹੈ।
ਭੁੱਲ-ਚੁੱਕ ਮੁਆਫ਼। ਭਗਤ ਜੀ ਦੀ ਚਰਨ-ਧੂੜ:
ਜਗਤਾਰ ਸਿੰਘ ਜਾਚਕ (ਨਿਊਯਾਰਕ) ਫੋਨ: ੫੧੬-੭੬੧-੧੮੫੩
|
. |