ਭੂਤ-ਪ੍ਰੇਤ
ਭਾਗ ਪਹਿਲਾ
ਗੁਰਬਾਣੀ ਦੇ ਅਰਥ-ਬੋਧ ਤਥਾ ਵਿਚਾਰ `ਤੇ ਕੋਈ ਨਿਰਣਾ ਨਹੀਂ ਹੈ ਤੇ ਨਾ ਹੀ
ਇਹ ਕੋਈ ਵਿਚਾਰ ਅੰਤਲੀ ਹੈ। ਵਿਦਵਾਨਾਂ ਕੋਲ ਬੈਠ ਕੇ ਜਿੰਨੀ ਕੁ ਵਿਚਾਰ ਸਮਝ ਆਈ ਹੈ ਉਹ ਸਾਂਝੀ
ਕੀਤੀ ਜਾ ਰਹੀ ਹੈ। ਸਾਡੇ ਸਿੱਖਿਆ ਦਾਤਾ ਸਤਿਕਾਰ ਯੋਗ ਪ੍ਰਿੰਸੀਪਲ ਹਰਭਜਨ ਸਿੰਘ ਜੀ ‘ਹਮਰਾਜ’
ਚੰਡੀਗੜ੍ਹ ਵਾਲੇ ਤੇ ਸਿਰੀਮਾਨ ਗਿਆਨੀ ਹਰਭਜਨ ਸਿੰਘ ਜੀ ਯੂ. ਐਸ. ਏ. ਵਾਲੇ ਇੱਕ ਗੱਲ ਜ਼ਰੂਰ ਕਹਿੰਦੇ
ਹੁੰਦੇ ਸੀ ਕਿ ਗੁਰਬਾਣੀ ਦੇ ਜਿੱਥੇ ਅਖਰੀਂ ਅਰਥ ਸਮਝਣੇ ਹਨ ਓੱਥੇ ਗੁਰਬਾਣੀ ਦਾ ਭਾਵ ਅਰਥ ਵੀ ਨਾਲ
ਲਿਆ ਜਾਏਗਾ ਤਾਂ ਹੀ ਸਾਨੂੰ ਗੁਰਬਾਣੀ ਉਪਦੇਸ਼ ਦੀ ਸਮਝ ਆ ਸਕਦੀ ਹੈ। ਏਹੀ ਵਿਚਾਰ ਕੰਵਰ
ਮਹਿੰਦਰਪ੍ਰਤਾਪ ਸਿੰਘ ਜੀ ਗੁਰਮਤ ਗਿਆਨ ਮਿਸ਼ਨਰੀ ਕਾਲਜ ਲੁਧਿਆਣੇ ਵਾਲੇ ਆਖਦੇ ਹਨ। ਦੂਸਰਾ ਬਹੁਤੀ
ਥਾਈਂ ਗੁਰਬਾਣੀ ਪਹਿਲੇ ਪੁਰਸ਼ ਵਿੱਚ ਭਾਵ ਫਸਟ ਪਰਸਨ ਵਿੱਚ ਗੱਲ ਸਮਝਾ ਰਹੀ ਹੁੰਦੀ ਹੈ ਜੋ ਸਾਡੇ
ਆਪਣੇ ਜੀਵਨ `ਤੇ ਲਾਗੂ ਹੁੰਦੀ ਹੈ ਪਰ ਅਸੀਂ ਤਾਂ ਆਪਣਾ ਸੁਭਾਅ ਬਦਲਣ ਲਈ ਤਿਆਰ ਨਹੀਂ ਹਾਂ ਇਸ ਲਈ
ਅਸੀਂ ਅਰਥ ਕਰਨ ਲੱਗੇ ਤੀਜੇ ਪੁਰਸ਼ ਭਾਵ ਥਰਡ ਪਰਸਨ ਦੀ ਵਰਤੋਂ ਕਰਦੇ ਹਾਂ। ਜੇ ਪਹਿਲੇ ਪੁਰਖ ਵਿੱਚ
ਗੱਲ ਨੂੰ ਸਮਝਣ ਦਾ ਯਤਨ ਕਰਾਂਗੇ ਤਾਂ ਸਾਨੂੰ ਆਪਣੇ ਸੁਭਾਅ ਵਾਲੀਆਂ ਜੂਨਾਂ, ਮੰਦੀਆਂ ਬਿਰਤੀਆਂ ਦਾ
ਤਿਆਗ ਕਰਨਾ ਪਏਗਾ। ਮੁੱਕਦੀ ਗੱਲ ਇਹ ਹੈ ਕਿ ਗੁਰਬਾਣੀ ਸਾਨੂੰ ਹੱਥਲੇ ਜੀਵਨ ਦੀ ਮਹਾਨਤਾ ਸਬੰਧੀ ਜਾਂ
ਜੀਵਨ ਜਾਚ ਸਬੰਧੀ ਸਮਝਾ ਰਹੀ ਹੈ ਤਾਂ ਕਿ ਇਸ ਧਰਤੀ `ਤੇ ਰਹਿੰਦਿਆਂ ਆਪਣੇ ਜੀਵਨ ਵਿੱਚ ਹੀ ਸਵਰਗ ਦਾ
ਅਨੰਦ ਮਾਣਿਆ ਜਾ ਸਕੇ। ਬਜਾਏ ਇਸ ਗੱਲ ਦੇ ਕਿ ਮਰਨ ਤੋਂ ਬਾਅਦ ਦੀ ਚਿੰਤਾ ਕੀਤੀ ਜਾਏ। ਜੇ ਅੱਜ ਠੀਕ
ਹੋ ਗਿਆ ਤਾਂ ਆਉਣ ਵਾਲਾ ਆਪੇ ਹੀ ਠੀਕ ਹੋ ਜਾੲਗਾ। ਸੋ ਗੁਰਬਾਣੀ ਦੀ ਵਿਚਾਰ ਨੂੰ ਵਰਤਮਾਨ ਜੀਵਨ
ਵਿੱਚ ਦੇਖਣ ਦੀ ਲੋੜ ਹੈ।
ਜਦੋਂ ਦੀ ਸੁਰਤ ਸੰਭਾਲ਼ੀ ਹੈ ਓਦੋਂ ਤੋਂ ਹੀ ਭੂਤਾਂ-ਪ੍ਰੇਤਾਂ ਸਬੰਧੀ ਹਰੇਕ
ਮਨੁੱਖ ਦੇ ਆਪਣੇ ਆਪਣੇ ਖ਼ਿਆਲ ਸੁਣਨ ਨੂੰ ਮਿਲਦੇ ਰਹੇ ਹਨ। ਜਿਸ ਕਰਕੇ ਕੁਦਰਤੀ ਭੂਤਾਂ ਪ੍ਰੇਤਾਂ ਤੋਂ
ਡਰ ਲੱਗਣਾ ਸ਼ੁਰੂ ਹੋ ਗਿਆ। ਸਮਾਜਿਕ ਭਾਈਚਾਰਾ ਏਨਾ ਕਿਸੇ ਹੋਰ ਜੂਨ ਤੋਂ ਨਹੀਂ ਡਰਦਾ ਜਿੰਨਾ ਭੂਤਾਂ
ਪ੍ਰੇਤਾਂ ਦੀਆਂ ਫ਼ਰਜ਼ੀ ਜੂਨਾਂ ਤੋਂ ਡਰਦਾ ਹੈ। ਸਕੂਲ ਪੜ੍ਹਦਿਆਂ ਵਿਹਲੇ ਪੀਰੀਅਡ ਵਿੱਚ ਆਪਸ ਵਿੱਚ
ਗਲਾਂ ਕਰਦਿਆਂ ਅਕਸਰ ਭੂਤਾਂ-ਪ੍ਰੇਤਾਂ ਦੀ ਪੜ੍ਹਾਈ ਸ਼ੁਰੂ ਹੋ ਜਾਂਦੀ ਸੀ। ਪਿੰਡਾਂ ਵਿੱਚ ਖੁੰਢ ਚਰਚਾ
ਭੂਤਾਂ-ਪ੍ਰੇਤਾਂ ਤੋਂ ਸ਼ੁਰੂ ਕੇ ਰਾਜਨੀਤੀ ਤੀਕ ਪਹੁੰਚ ਜਾਂਦੀ ਸੀ। ਜਿੱਥੇ ਚਾਰ ਬੀਬੀਆਂ ਬੈਠੀਆਂ
ਹੋਣ ਜਾਂ ਕਿਤੇ ਮਕਾਣੇ ਗਈਆਂ ਹੋਣ, ਹਰੇਕ ਬੀਬੀ ਆਪਣਾ ਆਪਣਾ ਭੂਤਾਂ-ਪ੍ਰੇਤਾਂ ਸਬੰਧੀ ਤਜਰਬਾ ਜ਼ਾਹਰ
ਕਰਕੇ ਇੱਕ ਦੂਜੀ ਨਾਲੋਂ ਵੱਧ ਤੋਂ ਵੱਧ ਇਸ ਮੁਆਮਲੇ ਵਿੱਚ ਸਿਆਣੀ ਹੋਣ ਦਾ ਦਾਅਵਾ ਠੋਕਦੀਆਂ ਹਨ।
ਫਿਰ ਇਹਨਾਂ ਦੇ ਉਪਾਅ ਵੀ ਇੱਕ ਦੂਜੀ ਨੂੰ ਦੱਸਦੀਆਂ ਨੇ, ਤੇ ਕਿਸੇ ਸਿਆਣੇ ਦੀ ਵੀ ਨਾਲ ਹੀ ਦੱਸ ਪਾ
ਦੇਂਦੀਆਂ ਹਨ। ਇਹ ਗੱਲਾਂ ਤਾਂ ਆਮ ਹੀ ਸੁਣਨ ਨੂੰ ਮਿਲਦੀਆਂ ਰਹੀਆਂ ਹਨ ਕਿ ਕਲ੍ਹ ਨਵਿਆਂ ਦੇ ਟੱਬਰ
ਦਾ ਦੇਬ੍ਹਾ ਪੱਕੇ ਖ੍ਹੂਹ `ਤੇ ਸਿਖਰ ਦੁਪਹਿਰੇ ਮੱਕਈ ਨੂੰ ਪਾਣੀ ਲਾਉਣ ਗਿਆ ਤੇ ਉੱਥੋਂ ਉਸ ਨੂੰ ਭੂਤ
ਚੰਬੜ ਗਏ ਤੇ ਮੁੰਡੇ ਦਾ ਅਜੇ ਤੀਕ ਬੁਖ਼ਾਰ ਨਹੀਂ ਉੱਤਰਿਆ। ਅਸਲ ਵਿੱਚ ਗਰਮੀ ਦਾ ਟਾਕਰਾ ਨਾ ਕਰਨ
ਕਰਕੇ ਮੁੰਡੇ ਨੂੰ ਬੁਖ਼ਾਰ ਚੜਿਆ ਹੋਇਆ ਅਸੀਂ ਭੂਤਾਂ ਦੇ ਵੲ੍ਹੀ-ਖਾਤੇ ਵਿੱਚ ਪਾ ਦਿੱਤਾ।
ਕੁਝ ਥਾਵਾਂ ਭੂਤਾਂ-ਪੇਤ੍ਰਾਂ ਵਾਲੀਆਂ ਅਸੀਂ ਪੱਕੀਆਂ ਮੰਨ ਲਈਆਂ, ਜਿਵੇਂ
ਮੈਂ ਆਪਣੇ ਪਿੰਡ ਦੀ ਹੀ ਗੱਲ ਦੱਸਦਾ ਹਾਂ ਧਿਆਨਪੁਰ ਨੂੰ ਜਾਂਦਿਆਂ ਮਲਕਵਾਲੇ ਤੋਂ ਅਗਾਂਹ, ਪੱਕੀ
ਸੜਕ `ਤੇ ਪੈਂਦਿਆਂ ਹੀ ਇੱਕ ਵੱਡਾ ਸਾਰਾ ਬੋਹੜ ਦਾ ਦਰੱਖਤ ਆਉਂਦਾ ਹੈ, ਫਿਰ ਨਹਿਰ ਤੇ ਨਾਲ ਹੀ
ਨਖ਼ਾਸੂ ਆਉਂਦਾ ਹੈ ਇਸ ਦੇ ਆਲ਼ੇ-ਦੁਆਲੇ ਜੰਗਲਾਤ ਮਹਿਕਮੇ ਦੇ ਦਰੱਖਤ ਹੀ ਦਰੱਖਤ ਹੀ ਨਜ਼ਰ ਆਉਣਗੇ ਜੋ
ਕੁਦਰਤੀ ਖੂਬਸੂਰਤੀ ਦਾ ਆਪਣਾ ਹੀ ਨਜ਼ਾਰਾ ਪੇਸ਼ ਕਰਦੇ ਹਨ। ਇਸ ਸੜਕ `ਤੇ ਓਦੋਂ ਆਵਾਜਾਈ ਕੋਈ ਬਹੁਤੀ
ਜ਼ਿਆਦਾ ਨਹੀਂ ਹੁੰਦੀ ਸੀ। ਕਦੇ ਕਿਸੇ ਨੇ ਦੁਪਹਿਰੇ ਧਿਆਨਪੁਰ ਨੂੰ ਜਾਣਾ ਹੁੰਦਾ ਸੀ ਤਾਂ ਉਸ ਨੂੰ
ਪਹਿਲਾਂ ਹੀ ਡਰਾ ਦਿੱਤਾ ਜਾਂਦਾ ਸੀ ਕਿ ਉਹ ਬੋਹੜ ਵਾਲੀ ਥਾਂ ਪੱਕੀ ਊ, ਦੇਖੀਂ ਕਿਤੇ ਫਸ ਨਾ ਜਾਂਵੀ,
ਓੱਥੇ ਭੂਤ ਜਾਂ ਚੜੇਲਾਂ ਰਹਿੰਦੀਆਂ ਨੀ। ਡਰ ਤਾਂ ਘਰੋਂ ਹੀ ਮਿਲ ਜਾਂਦਾ ਸੀ ਤੇ ਓੱਥੋਂ ਲੰਘਦਿਆਂ
ਲੰਘਦਿਆਂ ਡਰ ਦਾ ਬੁਖ਼ਾਰ ਵੀ ਨਾਲ ਹੀ ਲੈ ਆਉਣਾ। ਫਿਰ ਜਿੰਨੇ ਮੂੰਹ ਉਨ੍ਹੀਆਂ ਹੀ ਗੱਲਾਂ, ਬੁਖਾਰ ਦੀ
ਦਵਾਈ ਨਹੀਂ ਦੇਣੀ ਸਗੋਂ ਭੂਤਾਂ ਨੂੰ ਭਜਾਉਣ ਦੀਆਂ ਸਕੀਮਾਂ ਘੜ੍ਹਨੀਆਂ ਸ਼ੁਰੂ ਕਰ ਦੇਣੀਆਂ। ਕਪੜਿਆਂ
`ਤੇ ਮੈਲ਼ ਦੀ ਤਹਿ ਜੰਮੇ ਤੇ ਚਿਲਮ ਨੂੰ ਨਾ ਬੁਝਣ ਦੇਣ ਵਾਲੇ ਸਿਆਣੇ ਦੀ ਭਾਲ ਸ਼ੁਰੂ ਕਰ ਦੇਣੀ ਤਾਂ
ਕਿ ਉਹ ਹੱਥ ਹੌਲ਼ਾ ਕਰ ਦੇਵੇ ਜਾਂ ਭੂਤਾਂ ਨੂੰ ਭਜਾ ਦੇਵੇ।
ਵਿਹਲੜ ਚਲਾਕ ਮਨੁੱਖ ਚੰਗੇ ਧੜੱਲੇਦਾਰ ਪੂਜਾਰੀ ਦੇ ਰੂਪ ਵਿੱਚ ਤਬਦੀਲ ਹੋ
ਜਾਂਦੇ ਹਨ, ਜੋ ਹਮੇਸ਼ਾਂ ਇਹ ਹੀ ਤੱਕਦੇ ਰਹਿੰਦੇ ਹਨ ਕਿ ਆਮ ਮਨੁੱਖਤਾ ਨੂੰ ਵਹਿਮਾਂ ਭਰਮਾਂ ਵਿੱਚ ਪਾ
ਕੇ ਉਸ ਦੀ ਕਿਰਤ ਨੂੰ ਕਿਵੇਂ ਲੁਟਿਆ ਜਾਏ। ਮਿਸਾਲ ਦੇ ਤੌਰ `ਤੇ ਧਰਮੀ ਪੁਜਾਰੀ ਨੇ ਦੇਖਿਆ ਕਿ
ਮਨੁੱਖ ਸੱਪ ਪਾਸੋਂ ਬਹੁਤ ਡਰਦਾ ਹੈ ਕਿਉਂਕਿ ਸੱਪ ਦੇ ਡਸਣ ਨਾਲ ਅਕਸਰ ਬੰਦੇ ਦੀ ਮੌਤ ਹੋ ਜਾਦੀ ਹੈ।
ਪੁਜਾਰੀ ਨੇ ਸੋਚਿਆ ਫਿਰ ਕਿਉਂ ਨਾ ਸੱਪ ਦੀ ਮਨੁੱਖ ਪਾਸੋਂ ਇਸ ਦੀ ਪੂਜਾ ਕਰਾਈ ਜਾਏ। ਪੰਜਾਬ ਦੀ
ਧਰਤੀ `ਤੇ ਅਕਸਰ ਸਉਣ ਭਾਦਰੋਂ ਦਿਆਂ ਦਿਨਾਂ ਵਿੱਚ ਗੁੱਗਿਆਂ ਦੇ ਮੇਲੇ ਲੱਗਦੇ ਹਨ ਕਿਉਂਕਿ ਬਰਸਾਤਾਂ
ਹੋਣ ਕਰਕੇ ਸੱਪ ਕਈ ਵਾਰੀ ਸੁੱਕਿਆਂ ਰਾਹਾਂ ਵਿੱਚ ਆ ਜਾਂਦੇ ਹਨ ਜਿਸ ਨਾਲ ਕਈ ਹਾਦਸੇ ਵੀ ਵਾਪਰ
ਜਾਂਦੇ ਹਨ। ਪੁਜਾਰੀ ਨੇ ਆਪਣੇ ਮਨ ਦੀ ਸੋਚ ਨਾਲ ਇੱਕ ਘਾੜਤ ਘੜੀ ਕਿ ਸੱਪ ਨੂੰ ਬਣਾਓ ਗੁੱਗਾ ਤੇ
ਕਰਾਓ ਸੱਪ ਦੀ ਪੂਜਾ, ਇੱਕ ਵਾਰ ਚੰਗਾ ਭਰਵਾਂ ਮੇਲਾ ਲੱਗ ਜਾਏ ਤਾਂ ਸਾਲ ਦੀਆਂ ਰੋਟੀਆਂ ਹਨ। ਜਨੀ ਕਿ
ਮਨੁੱਖ ਦੀ ਅਗਿਆਨਤਾ, ਅੰਨ੍ਹੀ ਸ਼ਰਧਾ, ਮਾਨਸਿਕ ਕੰਮਜ਼ੋਰੀ ਦਾ ਪੂਰਾ ਲਾਭ ਧਰਮ ਦੇ ਨਾਂ `ਤੇ ਠੋਕ ਵਜਾ
ਕੇ ਲਿਆ ਜਾਂਦਾ ਹੈ। ਇੰਜ ਹੀ ਭੂਤ-ਪ੍ਰੇਤ ਦੇ ਨਾਵਾਂ ਤੇ ਕਈ ਥਾਂਈ ਪੱਕੀਆਂ ਥਾਂਵਾਂ ਬਣਾ ਲਈਆਂ ਹਨ
ਕਿ ਏੱਥੇ ਆਇਆਂ ਜਾਂ ਏੱਥੇ ਹਾਜ਼ਰੀ ਭਰਨ ਨਾਲ ਭੂਤ ਨੱਸ ਜਾਂਦੇ ਹਨ ਪਰ ਇਸ ਧੰਧੇ ਵਿੱਚ ਹੈਣ ਸਾਲ
ਦੀਆਂ ਰੋਟੀਆਂ।
ਭੂਤਾਂ-ਪ੍ਰੇਤਾਂ ਦੀ ਅਸਲੀ ਕਹਾਣੀ ਸਮਝਣ ਤੋਂ ਪਹਿਲਾਂ ਕਬੀਰ ਜੀ ਦੇ ਇੱਕ
ਵਾਕ ਨੂੰ ਸਮਝਾਂਗੇ। ਜਿਸ ਘਰ ਵਿੱਚ ਕੋਈ ਸਲੀਕਾ ਜਾਂ ਚੱਜ ਅਚਾਰ ਨਹੀਂ ਏਂ, ਹਰ ਵੇਲੇ ਲੜਾਈ ਝਗੜੇ
ਵਿੱਚ ਹੀ ਦਿਨ ਲੰਘਦਾ ਹੈ, ਉਹ ਘਰ ਇਸ ਤਰ੍ਹਾਂ ਦਾ ਹੀ ਹੈ ਜਿਸ ਤਰ੍ਹਾਂ ਮਸਾਣਘਾਟ ਜਾਂ ਸ਼ਮਸ਼ਾਨ ਘਾਟ
ਹੋਵੇ। ਮਸਾਣ--ਸ਼ਮਸ਼ਾਨ ਦੀ ਸੰਗਿਆ ਹੈ ਮੁਰਦਿਆਂ ਦੇ ਸੌਣ ਦੀ ਥਾਂ ਤੇ ਦੂਸਰਾ ਅਰਥ ਹੈ ਮੁਰਦਾ ਜਾਂ
ਲੋਥ। ਝਗੜੇ ਵਾਲਾ ਘਰ ਜਿਉਂਦਿਆਂ ਹੀ ਲਾਸ਼ਾਂ ਦਾ ਘਰ ਹੈ ----
ਕਬੀਰ ਜਾ ਘਰ ਸਾਧ ਨ ਸੇਵੀਅਹਿ, ਹਰਿ ਕੀ ਸੇਵਾ ਨਾਹਿ॥
ਤੇ ਘਰ ਮਰਹਟ ਸਾਰਖੇ, ਭੂਤ ਬਸਹਿ ਤਿਨ ਮਾਹਿ॥
--ਸਲੋਕ ਕਬੀਰ ਜੀ ਕੇ ਪੰਨਾ ੧੩੭੪
----- (
ਪਰ
ਅਸਲ ਗੱਲ ਇਹ ਹੈ ਕਿ) ਜਿਨ੍ਹਾਂ ਘਰਾਂ ਵਿੱਚ ਨੇਕ ਬੰਦਿਆਂ ਦੀ ਸੇਵਾ ਨਹੀਂ ਹੁੰਦੀ, ਤੇ ਪਰਮਾਤਮਾ ਦੀ
ਭਗਤੀ ਨਹੀਂ ਕੀਤੀ ਜਾਂਦੀ, ਉਹ ਘਰ (ਭਾਵੇਂ ਕਿਤਨੇ ਹੀ ਸੁੱਚੇ ਤੇ ਸਾਫ਼ ਰੱਖੇ ਜਾਂਦੇ ਹੋਣ) ਮਸਾਣਾਂ
ਵਰਗੇ ਹਨ, ਉਹਨਾਂ ਘਰਾਂ ਵਿੱਚ (ਮਨੁੱਖ ਨਹੀਂ) ਭੂਤਨੇ ਵੱਸਦੇ ਹਨ
ਵਿਗੜੇ ਹੋਏ ਸੁਭਾਵਾਂ ਨੂੰ ਭੂਤਨੇ ਕਿਹਾ ਹੈ ਤੇ ਜਿੱਥੇ ਇਹ ਰਹਿੰਦੇ ਹਨ
ਓੱਥੇ ਸੁਖਸ਼ਾਤੀ ਦਾ ਕੋਈ ਕੰਮ ਨਹੀਂ ਹੈ। ਗੁਰਦੁਆਰਿਆਂ ਵਿੱਚ ਧਰਮ ਪਰਚਾਰ ਦੀ ਗੱਲ ਹੋਣੀ ਸੀ ਪਰ
ਸੰਸਾਰ ਪੱਧਰ ਤੇ ਬਹੁਤ ਥੋੜੇ ਭਾਗਾਂ ਵਾਲੇ ਗੁਰਦੁਆਰੇ ਹਨ ਜਿੱਥੇ ਕਦੇ ਕੋਈ ਗਾਲ਼ੀ-ਗਲੋਚ ਜਾਂ ਸਿਰ
ਪਾਟਣ ਵਾਲਾ ਝਗੜਾ ਨਾ ਹੋਇਆ ਹੋਵੇ, ਨਹੀਂ ਤਾਂ ਧਰਮ ਦੀ ਗੱਲ ਕਰਨ ਵਵਾਲੇ ਅਸਥਾਨ `ਤੇ ਭੂਤਨਿਆਂ ਦੇ
ਨਜ਼ਾਰਾ ਪ੍ਰਤੱਖ ਦਿੱਸਦੇ ਹਨ।
ਸਭ ਤੋਂ ਪਹਿਲਾਂ ਭਾਈ ਕਾਹਨ ਸਿੰਘ ਜੀ ਨਾਭਾ ਦੇ ਮਹਾਨ ਕੋਸ਼ ਅਨੁਸਾਰ ਭੂਤ ਤੇ
ਪ੍ਰੇਤ ਦੇ ਅਰਥ ਦੇਖਣ ਦਾ ਯਤਨ ਕੀਤਾ ਜਾਏਗਾ।
ਭੂਤ—ਇਕ ਜੱਟ ਜਾਤ, ੨. ਭਇਆ, ਵੀਤਿਆ ਗੁਜ਼ਰਿਆ, ੩. ਜੇਹਾ, ਸਮਾਨ--
ਸਾਰ ਭੂਤ ਸਤਿ ਹਰਿ ਕੋ ਨਾਉ॥ ਸਹਜਿ
ਸੁਭਾਇ ਨਾਨਕ ਗੁਨ ਗਾਉ॥ ਸੁਖਮਨੀ ਪੰਨਾ ੨੮੯ --
੪. ਹੋਇਆ, ਭਇਆ, “ਪੰਚ ਦੂਤ ਕਰ ਭੂਤਵਸਿ” ਪੰਚ ਵਿਕਾਰ ਵਸ਼ੀਭੂਤ ਕਰਕੇ। ੫. ਵੀਤਿਆ ਹੋਇਆ ਸਮਾਂ, ੬.
ਪ੍ਰਿਥਵੀ ਆਦਿ ਤੱਤ— “ਪੰਚ ਭੂਤ ਕਰਿ ਸਾਜੀ ਦੇਹ” ੭. ਕਾਮ ਕ੍ਰੋਧ ਆਦਿ ਵਿਕਾਰ “ਪੰਚ ਭੂਤ ਸਚਿ ਭੈ
ਰਤੇ” (ਸਿਰੀ ਰਾਗ ਮ: ੧) ੮. ਸ਼ਬਦ ਸਪਰਸ਼ ਆਦਿ ਵਿਸ਼ੇ, “ਪੰਚ ਭੂਤ ਸਬਲ ਹੈ ਦੇਹੀ” (ਨਟ ਅਸਟ ਮ: ੪)
੯. ਜੀਵ—ਪ੍ਰਾਣੀ, “ਸਰਬ ਭੂਤ ਪਾਰਬ੍ਰਹਮ ਕਰਿ ਮਾਨਿਆ” (ਸੋਰਠਿ ਮ: ੫)
੧੦. ਭੂਤਨਾ, ਮਹਾਂਭਾਰਤ ਅਤੇ ਵਾਯੂ ਪ੍ਰਾਣ ਵਿੱਚ ਲਿਖਿਆ ਹੈ ਕਿ ਦਸ਼ਕ ਦੀ
ਪੁੱਤਰੀ ਕ੍ਰੋਧਾ ਦੇ ਉੱਦਰ ਤੋਂ ਕਸ਼ਪ ਦੀ ਉਲ਼ਾਦ ਭੂਤ ਹਨ ਜੋ ਸ਼ਿਵ ਦੀ ਅਵਦਲ ਵਿੱਚ ਰਹਿੰਦੇ ਹਨ। ੧੧.
ਸ਼ਿਵ—ਪ੍ਰਾਣਾਂ ਰਹਿਤ ਦੇਹ, ਮੁਰਦਾ,
ਮਰਤੀ ਬਾਰ ਲੇਹੁ ਲੇਹੁ ਕਰੀਐ, ਭੂਤੁ
ਰਹਨ ਕਿਉ ਦੀਆ॥ (ਸੋਰਠਿ ਕਬੀਰ ਜੀ)। ੧੨. ਸੰਸਾਰ
ਜਗਤ, ੧੩. ਨਿਆਉਂ--ਇਨਸਾਫ਼ ੧੪. ਸਾਰ-ਨਿਚੋੜ, ੧੫. ਸਤਯ, ੧੬. ਮਹੀਨੇ ਦਾ ਹਨੇਰਾ ਪੱਖ ਵਦੀ।
ਹੁਣ ਪ੍ਰੇਤ, ਪ੍ਰੇਤੁ, ਪ੍ਰੇਤਿ, ਪਰੇਤ ਸਬੰਧੀ ਮਹਾਨ ਕੋਸ਼ ਦੇ ਕੀ ਅਰਥ ਹਨ—
ਪਰੇਤ—੧. ਰਵਾਨ ਹੋਇਆ, ੨. ਮੋਇਆ ਹੋਇਆ, ੩. ਮੁਰਦਾ, ੪. ਭੂਤ-ਜਿਨ
ਮਾਇਆ ਮੋਹੁ ਪਰੇਤੁ ਹੈ ਕਾਮੁ ਕ੍ਰੋਧੁ
ਅਹੰਕਾਰਾ॥ ਵਾਰ ਗੂਜਰੀ ਪੰਨਾ ੫੧੩. ਪ੍ਰੇਤਯ--
ਖਿਨ ਮਹਿ ਬਿਨਸਿਓ ਮਹਾ
ਪਰੇਤੁ॥ ਭੈਰਉ ਮ: ੫।
ਪ੍ਰੇਤ – ਰਵਾਨਾ ਹੋਇਆ, ਗਿਆ ਹੋਇਆ, ੨. ਸੰਗਿਆ, ਮੁਰਦਾ ਮੋਇਆ ਹੋਇਆ
ਪ੍ਰਾਣੀ, ੩. ਪੁਰਾਣਾਂ ਅਨੁਸਾਰ ਉਹ ਕਲਪਤ ਸਰੀਰ ਜੋ ਮਰਣ ਪਿਛੋਂ ਜੀਵ ਨੂੰ ਪਿੰਡਦਾਨ ਆਦਿ ਤੋਂ
ਪ੍ਰਾਪਤ ਹੁੰਦਾ ਹੈ। ੪. ਪਿਸ਼ਾਚਾਂ ਦੀ ਇੱਕ ਜਾਤ, ਜਿਸ ਦੀ ਸ਼ਕਲ ਬਹੁਤ ਡਰਾਵਣੀ ਹੈ।
ਪ੍ਰੇਤਹਾਰ—ਮੁਰਦਾ ਚੁੱਕਣ ਵਾਲਾ ਕਾਨ੍ਹੀ।
ਪ੍ਰੇਤ-ਕਰਮ – ਹਿੰਦੂ ਮਤ ਅਨੁਸਾਰ ਮੁਰਦੇ ਦਾ ਦਾਹ ਅਤੇ ਪਿੰਡ ਦਾਨ ਆਦਿ ਤਕ
ਦਾ ਕਰਮ।
ਪ੍ਰੇਤਗੇਹ—ਮੁਰਦਿਆਂ ਦਾ ਘਰ, ਸ਼ਮਸ਼ਾਨ ਭੂਮੀ, ੨. ਪੁਰਾਣਾਂ ਅਨੁਸਾਰ ਪ੍ਰੇਤ
ਲੋਕ।
ਪ੍ਰੇਤਤਹ—ਪ੍ਰੇਤਪੁਣਾ -
ਹਰਿ ਭਗਤਿ ਭਾਵ ਹੀਣੰ ਨਾਨਕ ਪ੍ਰਭ
ਬਿਸਰਤ ਤੇ ਪ੍ਰੇਤਤਹ॥ ਜੋ ਜੀਵ
ਪ੍ਰਭੂ ਨੂੰ ਵਿਸਾਰਦੇ ਹਨ ਉਹ (ਮਾਨੋ) ਏਸੇ ਜਨਮ ਵਿੱਚ ਹੀ ਜਿੰਨ ਤੇ ਭੂਤ ਹਨ।
ਪ੍ਰੇਤ ਪਿੰਜਰ—ਪਰੇਤ ਦਾ ਢਾਂਚਾ --
ਜਤੁ ਸਤੁ ਸੰਜਮੁ ਸੀਲੁ ਨ ਰਾਖਿਆ
ਪ੍ਰੇਤ ਪਿੰਜਰ ਮਹਿ ਕਾਸਟੁ ਭਇਆ॥
(ਵਿਕਾਰਾਂ ਦੇ ਕਾਰਨ) ਅਪਵਿਤ੍ਰ ਹੋਏ
ਸਰੀਰ-ਪਿੰਜਰ ਵਿੱਚ ਤੂੰ ਲੱਕੜ (ਵਰਗਾ ਕੁਰਖ਼ਤ-ਦਿਲ) ਹੋ ਚੁਕਾ ਹੈਂ॥
ਗੁਰਬਾਣੀ ਦੇ ਅਰਥ-ਬੋਧ `ਤੇ ਕੋਈ ਨਿਰਣਾ ਨਹੀਂ ਹੈ ਤੇ ਨਾ ਹੀ ਇਹ ਵਿਚਾਰ
ਕੋਈ ਅੰਤਲੀ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਆਪਣੇ ਜੀਵਨ `ਤੇ ਢੁਕਾਅ ਕੇ ਦੇਖਿਆਂ ਖ਼ੁਦ
ਨੂੰ ਅਹਿਸਾਸ ਹੁੰਦਾ ਹੈ ਕਿ ਅੰਦਰਲੀ ਦਿਸ਼ਾ ਤਾਂ ਮੇਰੀ ਵੀ ਇਹੋ ਜੇਹੀ ਹੈ। ਅਨੇਕਾਂ ਵਾਰੀ ਜੀਵਨ
ਵਿੱਚ ਨੀਵੀਆਂ ਧਰਾਤਲਾਂ ਨੂੰ ਛੋਹਣ ਦੇ ਯਤਨ ਵਿੱਚ ਰਿਹਾ ਹਾਂ। ਅੰਦਰਲੀ ਚੇਤੰਤਾ ਤਾਂ ਮੰਨਣ ਨੂੰ
ਤਿਆਰ ਹੈ ਪਰ ਬਾਹਰੀ ਹੈਂਕੜਤਾ ਮੈਨੂੰ ਕਦੇ ਵੀ ਲਿਫਣ ਨਹੀਂ ਦੇਂਦੀ। ਜੇ ਮੈਂ ਅਹਿਸਾਸ ਕਰਾਂ ਤਾਂ ਕਈ
ਵਾਰੀ ਇੰਜ ਮਹਿਸੂਸ ਹੁੰਦਾ ਹੈ ਕਿ ਕੀ ਮੈਂ ਆਤਮਿਕ ਤਲ਼ `ਤੇ ਜ਼ਿਉਂਦਾ ਹਾਂ?
ਸੁਖਮਨੀ ਸਾਹਿਬ ਦੀ ਬਾਣੀ ਵਿਚੋਂ ਭੂਤਾਂ-ਪਰੇਤਾਂ ਦੀ ਮਿਸਾਲ ਦੇਣ ਲਈ ਇਸ
ਤੁਕ ਦਾ--
ਕਈ ਕੋਟਿ ਭੂਤ
ਪ੍ਰੇਤ ਸੂਕਰ ਮ੍ਰਿਗਾਚ॥ ਅਕਸਰ ਹਵਾਲਾ ਦਿੱਤਾ
ਜਾਂਦਾ ਹੈ ਪਰ ਸੁਖਮਨੀ ਸਾਹਿਬ ਵਿੱਚ ਹੀ ਇਹ ਤੁਕਾਂ ਵੀ ਦਰਜ ਹਨ ---ਕਰਤੂਤਿ
ਪਸੂ ਕੀ ਮਾਨਸ ਜਾਤਿ॥ ਲੋਕ ਪਚਾਰਾ ਕਰੈ ਦਿਨੁ ਰਾਤਿ॥
ਕੀ ਇਹ ਆਪਸ ਵਿੱਚ ਵਿਰੋਧੀ ਭਾਵ ਹਨ? ਨਹੀਂ ਸਾਡੀ ਸੋਚ ਦਾ
ਫਰਕ ਹੈ। ਅਸਲ ਵਿੱਚ ਸਾਰੀ ਗੁਰਬਾਣੀ ਅੰਦਰਲ਼ੀ ਚੇਤੰਤਾ ਸੁਰਤਿ, ਮਤਿ, ਮਨਿ, ਬੁਧਿ (ਤਿਥੈ
ਘੜੀਐ, ਸੁਰਤਿ ਮਤਿ ਮਨਿ ਬੁਧਿ॥) ਦੇ ਘੜਣ ਦੀ
ਤਾਗ਼ੀਦ ਕਰਕੇ ਅਸੀਮ ਦਿਸ਼ਾ ਵਲ ਨੂੰ ਤੋਰਦੀ ਹੈ, ਜਿੱਥੋਂ ਆਪਣੇ ਕਰਤੱਵ ਦੀ ਪਹਿਛਾਣ, ਭਰਾਤ੍ਰੀ ਪਿਆਰ
ਦੀ ਭਾਵਨਾ, ਖ਼ੁਦ ਦੀ ਜ਼ਿੰਮੇਵਾਰੀ ਦਾ ਅਹਿਸਾਸ ਹੋ ਕਿ ਸਮਾਜ ਵਿੱਚ ਵਿਚਰਣ ਦਾ ਅਨੰਦ-ਮਈ ਬੂਹਾ
ਖੋਹਲਦੀ ਹੈ। ਸੋ ਭੂਤ ਤੇ ਪ੍ਰੇਤਾਂ ਨੂੰ ਸਮਝਣ ਲਈ ਪੂਰੇ ਪਦੇ ਦਾ ਪਾਠ ਇਸ ਤਰ੍ਹਾਂ ਹੈ ---
ਕਈ ਕੋਟਿ ਰਾਜਸ ਤਾਮਸ ਸਾਤਕ॥ ਕਈ ਕੋਟਿ ਬੇਦ ਪੁਰਾਨ ਸਿਮ੍ਰਿਤਿ ਅਰੁ ਸਾਸਤ॥
ਕਈ ਕੋਟਿ ਕੀਏ ਰਤਨ ਸਮੁੰਦ॥ ਕਈ ਕੋਟਿ ਨਾਨਾ ਪ੍ਰਕਾਰ ਜੰਤ॥
ਕਈ ਕੋਟਿ ਕੀਏ ਚਿਰ ਜੀਵੇ॥ ਕਈ ਕੋਟਿ ਗਿਰੀ ਮੇਰ ਸੁਵਰਨ ਥੀਵੇ॥
ਕਈ ਕੋਟਿ ਜਖ੍ਯ੍ਯ ਕਿੰਨਰ ਪਿਸਾਚ॥ ਕਈ ਕੋਟਿ ਭੂਤ ਪ੍ਰੇਤ ਸੂਕਰ ਮ੍ਰਿਗਾਚ॥
ਸਭ ਤੇ ਨੇਰੈ ਸਭਹੂ ਤੇ ਦੂਰਿ॥ ਨਾਨਕ ਆਪਿ ਅਲਿਪਤੁ ਰਹਿਆ ਭਰਪੂਰਿ॥
ਇਸ ਪਦੇ ਦੇ ਅਖ਼ਰੀਂ ਅਰਥ ---
ਕਰੋੜਾਂ
ਜੀਵ (ਮਾਇਆ ਦੇ ਤਿੰਨ ਗੁਣਾਂ) ਰਜੋ, ਤਮੋ ਤੇ ਸਤੋ ਵਿੱਚ ਹਨ, ਕਰੋੜਾਂ (ਬੰਦੇ) ਵੇਦ ਪੁਰਾਨ
ਸਿਮ੍ਰਿਤੀਆਂ ਤੇ ਸ਼ਾਸਤ੍ਰਾਂ (ਦੇ ਪੜ੍ਹਨ ਵਾਲੇ) ਹਨ;
ਸਮੁੰਦਰ ਵਿੱਚ ਕਰੋੜਾਂ ਰਤਨ ਪੈਦਾ ਕਰ ਦਿੱਤੇ ਹਨ ਅਤੇ ਕਈ ਕਿਸਮਾਂ ਦੇ ਜੀਅ
ਜੰਤ ਬਣਾ ਦਿੱਤੇ ਹਨ;
ਕਰੋੜਾਂ ਜੀਵ ਲੰਮੀਆਂ ਉਮਰਾਂ ਵਾਲੇ ਪੈਦਾ ਕੀਤੇ ਹਨ, ਕਰੋੜਾਂ ਹੀ ਸੋਨੇ ਦੇ
ਸੁਮੇਰ ਪਰਬਤ ਬਣ ਗਏ ਹਨ;
ਕਰੋੜਾਂ ਹੀ ਜੱਖ ਕਿੰਨਰ ਤੇ ਪਿਸ਼ਾਚ ਹਨ ਅਤੇ ਕਰੋੜਾਂ ਹੀ ਭੂਤ ਪ੍ਰੇਤ ਸੂਰ
ਤੇ ਸ਼ੇਰ ਹਨ; (ਪ੍ਰਭੂ) ਇਹਨਾਂ ਸਭਨਾਂ ਦੇ ਨੇੜੇ ਭੀ ਹੈ ਤੇ ਦੂਰ ਭੀ। ਹੇ ਨਾਨਕ
!
ਪ੍ਰਭੂ ਸਭ ਥਾਈਂ ਵਿਆਪਕ ਭੀ ਹੈ ਤੇ ਹੈ ਭੀ ਨਿਰਲੇਪ।
ਵਿਚਾਰ----ਜਿੱਥੇ ਇਹ ਅੱਖਰੀਂ ਅਰਥ ਹਨ ਓੱਥੇ ਹੁਣ ਇਹਨਾਂ ਤੁਕਾਂ ਦਾ ਭਾਵ
ਅਰਥ ਸਮਝਣ ਲਈ ਇਸ ਬਾਣੀ ਦੀ ਰਹਾਉ ਦੀ ਤੁਕ ਵੀ ਵਿਚਾਰੀ ਜਾਏਗੀ ਤਾਂ ਕਿ ਇਹ ਪਤਾ ਹੋ ਸਕੇ ਕਿ
ਸੁਖਮਨੀ ਦੀ ਬਾਣੀ ਤਾਂ ਅੰਦਰਲੇ ਮਨ ਦੀ ਗੱਲ ਕਰ ਰਹੀ ਹੈ।
ਰਹਾਉ ਦੀਅ ਤੁਕ ਹੈ ----
ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮੁ॥ ਭਗਤ ਜਨਾ ਕੈ ਮਨਿ ਬਿਸ੍ਰਾਮ॥ ਰਹਾਉ॥
ਤੇ ਇਸ ਦੇ ਅਖਰੀਂ ਅਰਥ ਹਨ---
ਪ੍ਰਭੂ
ਦਾ ਅਮਰ ਕਰਨ ਵਾਲਾ ਤੇ ਸੁਖਦਾਈ ਨਾਮ ਪਰਮਾਤਮਾ ਦੇ ਸ਼ੁਭ ਗੁਣ (ਸਭ) ਸੁਖਾਂ ਦੀ ਮਣੀ ਹੈ, ਇਸ ਦਾ
ਟਿਕਾਣਾ ਭਗਤਾਂ ਦੇ ਹਿਰਦੇ ਵਿੱਚ ਹੈ।
ਇਹਨਾਂ ਤੁਕਾਂ ਦਾ ਭਾਵ ਅਰਥ ਹੈ ਪ੍ਰਮਾਤਮਾ ਦਾ ਨਾਮ ਸੁਖਦਾਈ ਹੈ ਟਿਕਦਾ ਹੈ
ਭਗਤਾਂ ਦਿਆਂ ਮਨਾਂ ਵਿਚ। ਪਰਮਾਮਾਤਾ ਦਾ ਨਾਮ ਸ਼ੁਭ ਗੁਣਾਂ ਦੇ ਰੂਪ ਵਿੱਚ ਹੈ ਤੇ ਜੋ ਇਹਨਾਂ ਗੁਣਾਂ
ਨੂੰ ਸਮਝਦੇ ਹਨ ਉਹ ਭਗਤ ਹਨ ਜੇਹਾ ਕਿ ---
ਮਤਿ ਹੋਦੀ ਹੋਇ ਇਆਣਾ॥ ਤਾਣ ਹੋਦੇ ਹੋਇ ਨਿਤਾਣਾ॥
ਅਣਹੋਦੇ ਆਪੁ ਵੰਡਾਏ॥ ਕੋਈ ਐਸਾ ਭਗਤੁ ਸਦਾਏ॥
ਪੰਨਾ ੧੩੮੪
ਜਿਸ ਪਾਸ ਮਤ ਹੈ ਪਰ ਚਲਾਕ ਬਿਰਤੀ ਨਹੀਂ ਹੈ, ਤਾਕਤ ਦਾ ਮਾਲਕ ਤਾਂ ਹੈ ਪਰ
ਦਿਖਾਵਾ ਨਹੀਂ ਤੇ ਵੰਡ ਕੇ ਛੱਕਣ ਵਾਲਾ ਅਸਲੀ ਭਗਤ ਹੈ। “ਭਗਤ ਜਨਾ ਕੈ ਮਨਿ ਬਿਸਰਾਮ” ਮਨਿ ਦੇ ਨਨੇ
ਨੂੰ ਸਿਹਾਰੀ ਹੋਣ ਕਰਕੇ ਅਰਥ ਹਨ ਮਨ ਵਿਚ--- ਸਮੁੱਚਾ ਭਾਵ ਅਰਥ ਬਣਿਆ ਜਿਸ ਮਨੁੱਖ ਦੇ ਮਨ ਵਿੱਚ
ਪਰਮਾਤਮਾ ਦੇ ਗੁਣ ਆ ਵੱਸੇ ਉਸ ਦੇ ਮਨ ਵਿੱਚ ਟਿਕਾ ਆ ਜਾਏਗਾ ਤੇ ਉਹ ਵਿਕਾਰਾਂ ਵਲ ਨੂੰ ਨਹੀਂ
ਭੱਜੇਗਾ, ਤੇ ਜੇ ਉਹ ਭੱਜਦਾ ਹੈ ਤਾਂ ਉਹ ਵੱਖ ਵੱਖ ਜੂਨਾਂ ਵਿੱਚ ਫਿਰ ਰਿਹਾ ਹੈ। ਸੁਖਮਨੀ ਦਾ
ਕੇਂਦਰੀ ਭਾਵ ਹੈ ਭਗਤ ਜਨ ਦੇ ਮਨ ਵਿੱਚ ਟਿਕਾਅ ਦਾ ਆ ਜਾਣਾ, ਗੁਣਾਂ ਦੀ ਭਰਪੂਰਤਾ, ਸਚਿਆਰ ਦੀ
ਪਦਵੀ, ਪਰਮਪਦ ਦੀ ਪ੍ਰਾਪਤੀ ਤੇ ਏਸੇ ਦਾ ਸਾਰਾ ਵਿਸਥਾਰ ਹੈ ਜੋ ਵੱਖ ਵੱਖ ਉਦਾਹਰਣਾਂ ਦੇ ਦੇ ਕੇ
ਸਮਝਾਇਆ ਗਿਆ ਹੈ।