(ਦਸਮ ਗ੍ਰੰਥ, ਪੰਨਾ 716)
ੴ ਸ੍ਰੀ ਵਹਿਗੁਰੂ ਜੀ ਕੀ ਫਤਹ
ਸ਼੍ਰੀ ਮੁਖਵਾਕ ਪਾਤਿਸ਼ਾਹੀ “10”
ਛਾਪੇ ਦੇ ਗ੍ਰੰਥ ਵਿੱਚ ਸਿਰਲੇਖ ਖਾਲਸਾ ਮਹਿਮਾ ਨਹੀ ਲਿਖਿਆ। ਪੰਡਿਤ ਨਰੈਣ
ਸਿੰਘ ਦੇ ਟੀਕੇ ਵਿੱਚ ਖਾਲਸਾ ਮਹਿਮਾ ਦੀ ਉਥਾਨਕਾ ਨੋਟ ਰੂਪ ਵਿੱਚ ਪੰਡਿਤ ਜੀ ਨੇ ਲਿਖੀ ਹੈ।
ਨੋਟ- ਪੰਡਤਾਂ ਦੇ ਪਾਜ ਉਘੇੜਨ ਲਈ ਸਤਿਗੁਰੂ ਜੀ ਨੇ ਨੈਨਾਂ ਦੇਵੀ ਤੇ
ਯੱਗ ਕਰਨਾ ਅਰੰਭ ਕੀਤਾ, ਨਿਯਤ ਕੀਤੇ ਹੋਏ ਸਮੇ ਨਾਲੋ ਭੀ ਬਹੁਤ ਜਿਆਦਾ ਸਮਾ ਗੁਜਰ ਜਾਣ ਪੁਰ
ਸਤਿਗੁਰੂ ਜੀ ਨੇ ਕੇਸ਼ਵ ਦਾਸ ਪੰਡਤ ਨੂੰ ਕਿਹਾ- ਕੀ ਕਾਰਣ ਹੈ, ਜੋ ਅਜੇ ਤਕ ਦੁਰਗਾ ਪ੍ਰਗਟ ਨਹੀਂ
ਹੋਈ। ਪੰਡਿਤ ਨੇ ਸੋਚਿਆ ਅਜਿਹਾ ਪੱਜ ਲਾਈਏ, ਜਿਸ ਨੂੰ ਗੁਰੂ ਜੀ ਪੂਰਾ ਨਾ ਕਰ ਸਕਨ ਤੇ ਸਾਨੂੰ ਝੂਠਾ
ਨਾ ਹੋਣਾ ਪਵੇ। ਇਸ ਲਈ ਉਸ ਨੇ ਕਹਿ ਦਿੱਤਾ-ਹੁਣ ਭਗਵਤੀ ਦੇ ਪਰਗਟ ਹੋਣ ਦੇ ਚਿੰਨ੍ਹ ਪਰਗਟ ਹੋ ਰਹੇ
ਹਨ ਕੇਵਲ ਕੁਲੀਨਂ ਪੁਰਸ਼ ਦੀ ਬਲੀ ਦੇਣ ਦੀ ਲੋੜ ਹੈ। ਆਪ ਕੋਈ ਕੁਲੀਨ ਪੁਰਸ਼ ਮੰਗਵਾੳ, ਜਿਸਦੀ ਬਲੀ
ਦਿੰਦਿਆਂ ਹੀ ਦੁਰਗਾ ਪਰਗਟ ਹੋ ਪਏਗੀ। ਇਹ ਸੁਣਦਿਆਂ ਹੀ ਸਤਿਗੁਰੂ ਜੀ ਨੇ ਫਰਮਾਨ ਕੀਤਾ ਕਿ ਆਪ ਦੇ
ਹੁੰਦਿਆਂ ਮੈਨੂੰ ਹੋਰ ਕਿਸੇ ਕੁਲੀਨ ਦੀ ਆਵਸ਼ਕਤਾ ਹੀ ਕੀ ਹੈ। ਆਪਦੀ ਬਲੀ ਦੇਕੇ ਦੁਰਗਾ ਪਰਗਟ ਕਰਦਾ
ਹਾਂ, ਅਤੇ ਭਗਵਤੀ ਤੋ ਵਰ ਲੈਕੇ ਫਿਰ ਆਪ ਨੂੰ ਜੀਂਉਦਾ ਕਰ ਲਾਵਾਂਗਾਂ। ਇਹ ਸੁਣਕੇ ਪੰਡਿਤ ਦੀ ਖਾਨਿਉ
ਗਈ, ਝੱਟ ਇਸ਼ਨਾਨ ਦੇ ਬਾਹਨੇ ਪਹਾੜ ਤੋਂ ਹੇਠਾਂ ਉਤਰਿਆ, ਤੇ ਹਵਾ ਦਾ ਰੂਪ ਹੋ ਕੇ ਲਾ ਪਤਾ ਹੋ ਗਿਆ।
ਕੇਸ਼ਵ ਦਾਸ ਨੂੰ ਗੁੰਮ ਹੁੰਦਾ ਵੇਖ ਕੇ ਅਤੇ ਉਸ ਨਾਲ ਹੋਏ ਬਚਨ ਬਿਲਾਸਾਂ ਨੂੰ ਯਾਦ ਕਰਦੇ, ਦੂਜੇ
ਬ੍ਰਹਮਨਾ ਨੂੰ ਭੀ ਜਾਨ ਦੇ ਲਾਲੇ ਪੈ ਗਏ, ਉਹ ਭੀ ਕਈ ਤਰ੍ਹਾਂ ਦੇ ਹੀਲੇ ਬਹਾਨੇ ਬਣਾਕੇ ਖਿਸਕ ਗਏ।
ਅੰਤ ਨੂੰ ਹਵਨ ਦੀ ਸਮਗ੍ਰੀ ਦੇ ਢੇਰ ਦੇ ਕੋਲ ਸਾਹਿਬ ਸ਼੍ਰੀ ਗੋਬਿੰਦ ਸਿੰਘ ਜੀ ਸਵਾ ਲਖ (ਇਕੱਲੇ) ਹੀ
ਨੈਂਨਾ ਦੇਵੀ ਦੇ ਮੰਦਰ ਕੋਲ ਰਹਿ ਗਏ। ਆਪ ਜੀ ਨੇ ਪੰਡਤਾਂ ਦਾ ਛਲ-ਫਰੇਬ ਤੇ ਕਪਟ ਵੇਖ ਲਿਆ, ਉਸੇ
ਵੇਲੇ ਹੀ ਸਾਰੀ ਸਾਮਗਰੀ ਕੁੰਡ ਦੇ ਵਿੱਚ ਸੁਟ ਦਿਤੀ। ਜਿਸਦੀ ਬੁਲੰਦ ਲਾਟ ਚੌਂਹਾ. ਕੁੰਟਾਂ ਵਿੱਚ
ਦੂਰ-ਦੂਰ ਤਕ ਨਿਕਲੀ ਦਿਸਦੀ ਸੀ। ਭਜੇ ਜਾਂਦੇ ਕੇਸ਼ਵ ਦਾਸ ਨੂੰ ਅਨੁਮਾਨ ਹੋਇਆ ਕਿ ਦੇਵੀ ਪਰਗਟ ਹੋ ਗਈ
ਹੈ, ਜਿਸਦਾ ਪ੍ਰਕਾਸ਼ ਇਹ ਚਮਕ ਰਿਹਾ ਹੈ, ਇਹ ਖਿਆਲ ਆਉਂਦਿਆਂ ਹੀ ਪਿਛੇ ਨੂੰ ਮੁੜ ਪਿਆ ਤੇ ਆਨੰਦ ਪੁਰ
ਆ ਗਿਆ। ਹਵਨ ਦੀ ਸਾਰੀ ਸਾਮਗਰੀ ਇਕੋ ਵਾਰੀ ਅਗਨਿ ਵਿੱਚ ਪਾ ਕੇ ਸ਼੍ਰੀ ਗੁਰੂ ਜੀ ਭਗਉਂਤੀ (ਤਲਵਾਰ)
ਨੂੰ ਹਥ ਵਿੱਚ ਫੜੇ ਹੋਏ ਅਨੰਦਪੁਰ ਆ ਗਏ, ਅਤੇ ਇਥੇ ਜੋ ਕੁੱਝ ਜਗ ਦੀ ਸਾਮਗਰੀ ਸੀ, ਉਹ ਸਭ ਨੂੰ
ਵਰਤਾ ਦਿੱਤੀ। ਏਨੇ ਨੂੰ ਕੇਸ਼ਵ ਦਾਸ ਨੇ ਆਣ ਕੇ ਕਿਹਾ ਕਿ ਦੁਰਗਾ ਨੂੰ ਪਰਗਟ ਕਰਾ ਕੇ, ਮੈ ਆਪ ਜੀ
ਨੂੰ ਏਡੇ ਪ੍ਰਤਾਪ ਵਾਲਾ ਕੀਤਾ ਹੈ, ਪਰ ਆਪ ਜੀ ਨੇ ਮੈਨੂੰ ਤਾਂ ਕਿਤੇ ਰਿਹਾ ਕਿਸੇ ਹੋਰ ਬ੍ਰਾਹਮਨ
ਨੂੰ ਭੀ ਕੁੱਝ ਨਹੀ ਦਿੱਤਾ, ਅਤੇ ਜਿਹੜੇ ਪਦਾਰਥ ਸਾਡੇ ਹੱਕ ਦੇ ਸਨ, ਉਹ ਭੀ ਇਨ੍ਹਾਂ ਸ਼ੂਦਰ ਸਿੱਖਾਂ
ਨੂੰ ਵੰਡ ਦਿੱਤੇ ਹਨ। ਇਹ ਆਪ ਨੇ ਯੋਗ ਨਹੀ ਕੀਤਾ। ਸਤਿਗੁਰੂ ਜੀ ਨੇ ਉਸ ਵੇਲੇ ਖਾਲਸੇ ਦੀ ਉਪਮਾ
ਵਿੱਚ ਇਹ ਸ਼ਬਦ ਉਚਾਰੇ ਸਨ।
ਇਸ ਨੋਟ ਮੁਤਾਬਕ ਪੰਡਤ ਕੋਸ਼ਵ ਦਾਸ ਸਿੱਖਾਂ ਨੂੰ ਸ਼ੂਦਰ ਕਹਿੰਦਾ ਸੀ।
ਹਿੰਦੂ ਸਮਾਜ ਵਿੱਚ ਜਾਤਪਾਤ ਦਾ ਭੇਦ ਦਸ ਗੁਰੂ ਪਾਤਸ਼ਾਹੀਆਂ ਨੇ ਮਿਟਾ ਦਿੱਤਾ ਸੀ। ਸਭ ਜਾਤੀਆਂ ਦੇ
ਮਨੁਖ ਨਰ ਨਾਰੀ ਗੁਰੂ ਦਰਬਾਰ ਵਿੱਚ ਸੰਗਤਿ ਰੂਪ ਵਿੱਚ ਬੈਠਦੇ ਸਨ ਤੇ ਗੁਰੂ ਜੀ ਸਭ ਜਾਤੀਆਂ ਨੂੰ
ਇੱਕ ਹੀ ਗੁਰਉਪਦੇਸ਼ ਦਿੰਦੇ ਸਨ।
।।
1 ਜੋ ਕੁੱਝ ਵਿਧਾਤਾ ਨੇ ਲੇਖ ਲਿਖਿਆ ਹੈ, ਉਹੀ ਮਿਲਦਾ ਹੈ, ਹੇ ਮਿਸਰ ਜੀ।
ਸ਼ੋਕ ਦੂਰ ਕਰ ਦਿਉ। ਇਸ ਵਿੱਚ ਮੇਰਾ ਕੋਈ ਅਪਰਾਧ ਨਹੀਂ। ਤੂੰ ਆਪ ਹੀ ਭੱਜ ਗਿਆ ਸੀ। ਤੈਨੂੰ ਸਭ ਯਾਦ
ਹੈ। ਭੁੱਲ ਨਹੀ ਗਿਆ। ਹੁਣ ਮੇਰੇ ਵਲ ਕਰੋਧ ਭਰੇ ਨੈਣਾ ਨਾਲ ਨਾ ਵੇਖੋ।
2 ਮੈ ਅੱਜ ਹੀ ਤੈਨੁੰ ਚੰਗੇ ਚੰਗੇ ਪੋਸ਼ਾਕੇ ਤੇ ਬਿਸਤਰੇ ਭੇਜ ਦਿੰਦਾ ਹਾਂ,
ਇਸ ਗਲ ਉਤੇ ਭਰੋਸਾ ਰਖ।
3 ਜਿਨਾ ਨੂੰ ਸੂਦਰ ਕਹਿੰਦੇ ਹੋ ਇਹ ਸਾਰੇ ਛਤ੍ਰੀ ਹਨ, ਅਤੇ ਬ੍ਰਹਮਨਾ ਦੇ
ਕਰਮ ਕਰਨ ਵਾਲੇ ਹਨ, ਇਸ ਲਈ ਇਨਾਂ ਉਤੇ ਕ੍ਰਿਪਾ ਦੀ ਨਜਰ ਕਰ ਕੇ ਵੇਖੋ। ੦
ਅਸੀਂ ਵਿਚਾਰ ਕਰੀਏ
1. ਕੀ ਬ੍ਰਹਮਣ ਦੀ ਹਿੰਮਤ ਹੋ ਸਕਦੀ ਸੀ ਕਿ ਗੁਰੂ ਜੀ ਵਲ ਕ੍ਰੋਧ ਭਰੇ
ਨੈਣਾਂ ਨਾਲ ਵੇਖੇ?
2. ਕੀ ਗੁਰੂ ਜੀ ਬ੍ਰਹਮਣ ਨੁੰ ਦਾਨ ਦਿੰਦੇ ਸਨ? ਗੁਰੂ ਜੀ ਤਾਂ ਉਚੀ ਨੀਂਵੀ
ਜਾਤੀ ਨੂੰ ਇਕੋ ਜਿਹੇ ਦੇਖਦੇ ਸਨ।
3. ਕੀ ਗੁਰੂ ਜੀ ਬ੍ਰਹਮਣ ਨੂੰ ਕਹਿ ਸਕਦੇ ਸਨ ਕਿ ਜਿਨਾਂ ਗੁਰਸਿੱਖਾ ਨੂੰ
ਤੁਸੀ ਸ਼ੂਦਰ ਕਹਿੰਦੇ ਹੋ, ਇਹ ਸਾਰੇ ਛਤ੍ਰੀ ਹਨ। ਕੀ ਗੁਰਸਿੱਖ ਛਤ੍ਰੀ ਹਨ? ਗੁਰੂ ਜੀ ਨੇ ਜਾਤਪਾਤ ਦਾ
ਭੇਦ ਗੁਰੂ ਨਾਨਕ ਦੇ ਸਮੇ ਤੋ ਮਿਟਾ ਚੁਕੇ ਸਨ।
ਇਸ ਤਰ੍ਹਾਂ ਦੀ ਰਚਨਾ ਗੁਰੂ ਜੀ ਨੇ ਉਚਾਰੀ ਹੋਵੇ, ਇਹ ਮੁਮਕਿਨ ਨਹੀਂ।
ਜੁਧ ਜਿਤੇ ਇਨਹੀ ਕੇ ਪ੍ਰਸਾਦ ਇਨਹੀ ਕੇ ਪ੍ਰਸਾਦਿ ਸੁ ਦਾਨ ਕਰੇ।।
ਅਘ ਅਉਘ ਟਰੇ ਇਨਹੀ ਕੇ ਪ੍ਰਸਾਦਿ
ਇਨਹੀ ਕੀ ਕ੍ਰਿਪਾ ਫੁਨ ਧਾਮ ਭਰੇ।।
(ਇਹਨਾਂ ਸਿੱਖਾਂ ਦੀ ਕਿਰਪਾ ਦੇ ਨਾਲ ਹੀ ਜੰਗ ਜਿੱਤੇ ਹਨ ਅਤੇ ਇਹਨਾਂ
ਸਿੱਖਾਂ ਦੀ ਕਿਰਪਾ ਨਾਲ ਹੀ ਦਾਨ ਕੀਤੇ ਹਨ। ਇਹਨਾਂ ਸਿੱਖਾਂ ਦੀ ਕ੍ਰਿਪਾ ਨਾਲ ਸਾਰੇ ਪਾਪ ਮਿੱਟ ਗਏ
ਹਨ ਅਤੇ ਇਹਨਾਂ ਸਿੱਖਾਂ ਦੀ ਕ੍ਰਿਪਾ ਨਾਲ ਹੀ ਪਦਾਰਥਾਂ ਨਾਲ ਘਰ ਭਰੇ ਹੋਏ ਹਨ।)
ਇਨਹੀ ਪ੍ਰਸਾਦਿ ਸੁ ਬਿਦਿਆ ਲਈ ਇਨਹੀ ਕੀ ਕ੍ਰਿਪਾ ਸਭ ਸੱਤ੍ਰ ਮਰੇ ਇਨਹੀ ਕੀ
ਕ੍ਰਿਪਾ ਕੇ ਸਜੇ ਹਮ ਹੈ ਨਹੀ ਮੋਸੋ ਗਰੀਬ ਕਰੋਰ ਪਰੇ।।
ਹੁਣ ਵਿਚਾਰ ਕਰੋ, ਕੀ ਗੁਰੂ ਜੀ ਦਾਨ ਲੈਣ ਦੀ ਬ੍ਰਾਹਮਣੀ ਰੀਤੀ ਦੇ ਕਾਇਲ
ਸਨ? ਗੁਰਬਾਣੀ ਨੇ ਇਸ ਦਾ ਖੰਡਨ ਕੀਤਾ ਹੈ।
ਕੀ ਗੁਰੂ ਜੀ ਕਹਿ ਸਕਦੇ ਹਨ ਕਿ ਮੈਂ ਪਾਪ ਕੀਤੇ ਹਨ ਤੇ ਸਿੱਖਾਂ ਦੀ ਕ੍ਰਿਪਾ
ਨਾਲ ਕੱਟੇ ਗਏ ਹਨ? ਕੀ ਗੁਰੂ ਜੀ ਨੇ ਸਿੱਖਾਂ ਦੀ ਕ੍ਰਿਪਾ ਨਾਲ ਵਿੱਦਿਆ ਲਈ?
ਪਾਤਸ਼ਾਹੀ ਦਸਵੀਂ ਦੀ ਸ਼ਖਸੀਅਤ ਅਸੀਂ ਗੁਰਬਾਣੀ ਵਿਚਾਰ ਵਿੱਚ ਬਿਆਨ ਕੀਤੀ ਹੈ।
ਇਹ ਸਭ ਰਚਨਾ ਕਿਸੇ ਕਵੀ ਦੀ ਹੈ, ਤੇ ਗੁਰੂ ਜੀ ਦਾ ਅਪਮਾਨ ਹੈ। ਇਸ ਤੋਂ ਅੱਗੇ ਸਵੈਯਾ ਹੈ।
ਸੇਵ ਕਰੀ ਇਨਹੀ ਕੀ ਭਾਵਤ ਅਉਰ ਕੀ ਸੇਵ ਸੁਹਾਤ ਨ ਜੀ ਕੋ।।
ਦਾਨ ਦਯੋ ਇਨਹੀ ਕੋ ਭਲੋ ਅਰੁ ਆਨ ਕੋ ਦਾਨ ਨਾ ਲਾਗਤ ਨੀਕੋ।।
ਆਗੈ ਫਲੈ ਇਨਹੀ ਕੋ ਦਿਯੋ ਜਗੁ ਮੈ ਜਸੁ ਅਉਰ ਦਯੋ ਸਭ ਫੀਕੋ।।
ਮੋ ਗ੍ਰਹਿ ਮਹਿ ਮਨ ਤੇ ਤਨ ਤੇ ਸਿਰ ਲਉ ਧਨ ਹੈ ਸਬ ਇਨਹੀ ਕੋ।।
ਬ੍ਰਾਹਮਣੀ ਮਤ ਅਨੁਸਾਰ ਸੇਵਾ ਬ੍ਰਾਹਮਣ ਦੀ ਹੁੰਦੀ ਹੈ, ਦਾਨ ਬ੍ਰਾਹਮਣ ਨੂੰ
ਦਿੱਤਾ ਜਾਂਦਾ ਹੈ ਤੇ ਬ੍ਰਾਹਮਣ ਨੂੰ ਦਾਨ ਦਿੱਤੇ ਦੇ ਫਲ ਹਨ। ਗੁਰਮਤਿ ਵਿੱਚ ਬ੍ਰਾਹਮਣ ਜਾਂ ਹੋਰ
ਗ੍ਰੰਥੀ ਆਦਿ, ਗੁਰੂ ਨਹੀਂ। ਨਾ ਹੀ ਇਸ ਤਰ੍ਹਾਂ ਦੇ ਦਾਨ ਦੇ ਕੋਈ ਗਰੀਬ ਗੁਰਬੇ ਦੀ ਸੇਵਾ ਨਾਲੋਂ
ਵੱਧ ਫਲ ਹਨ। ਇਹ ਵਿਚਾਰ ਕੇਵਲ ਬ੍ਰਾਹਮਣ ਕਵੀ ਪ੍ਰਗਟ ਕਰ ਸਕਦਾ ਹੈ। ਅੱਗੇ ਵਾਲਾ ਦੋਹਰਾ ਇਹ ਪੂਰੀ
ਤਰ੍ਹਾਂ ਸਾਬਿਤ ਕਰਦਾ ਹੈ ਕਿ ਇਹ ਚਲਦੀ ਰਚਨਾ ਬ੍ਰਾਹਮਣ ਕਵੀ ਦੀ ਹੈ।
ਚਟਮਟਾਇ ਚਿਤ ਮੈ ਜਰਯੋ ਤ੍ਰਿਣ ਜਿਉ ਕ੍ਰੋਧਿਤ ਹੋਇ।।
ਖੋਜ ਰੋਜ ਕੇ ਹੇਤ ਲਗ ਦਯੋ ਮਿਸ੍ਰ ਜੂ ਰੋਇ।।
(ਇਹ ਗੱਲ ਸੁਣਦੇ ਹੀ ਪੰਡਤ ਕੇਸ਼ਵ ਦਾਸ ਕ੍ਰੋਧਤ ਹੋ ਕੇ ਘਬਰਾ ਗਿਆ। ਰੋਜ਼ੀ ਦੇ
ਆਸਰੇ ਲਗੇ ਹੋਏ ਮਿਸਰ ਜੀ, ਇਸਦੇ ਨਾਸ ਹੋ ਜਾਣ ਦੇ ਕਾਰਣ ਰੋ ਦਿੱਤਾ।) ਕੀ ਗੁਰੂ ਜੀ ਪੰਡਿਤ ਕੇਸਵ
ਦਾਸ ਦੀ ਰੋਜੀ ਦਾ ਆਸਰਾ ਸਨ?
ਗੁਰੂ ਜੀ ਕੋਈ ਬ੍ਰਾਹਮਣੀ ਰਹੁ ਰੀਤ ਨਹੀਂ ਕਰਦੇ ਸਨ। ਬ੍ਰਾਹਮਣ ਖਤਰੀ ਸ਼ੂਦਰ,
ਮੁਸਲਮਾਨ ਗੁਰੂ ਜੀ ਦੇ ਦਰਬਾਰ ਵਿੱਚ ਗੁਰਮਤਿ ਸਿਖਣ ਲਈ ਆਉਂਦੇ ਸਨ।