ਸਿੱਖ ਕੇਵਲ ਉਹੀ ਹੈ- ਸਿੱਖ ਦੀ ਪ੍ਰੀਭਾਸ਼ਾ ਇਕੋ ਹੀ ਹੈ, ਉਹ ਹੈ “ਜੋ
ਇਨਸਾਨ ਕੇਵਲ ਅਤੇ ਕੇਵਲ ਗੁਰਬਾਣੀ ਦੀ ਸਿਖਿਆ-ਆਗਿਆ ਨੂੰ ਸਮਮ੍ਰਿਤ ਹੋ ਚੁਕਾ ਹੈ”। ਉਪ੍ਰੰਤ
ਖੰਡੇ ਦੀ ਪਾਹੁਲ ਲੈਣ ਦਾ ਮਤਲਬ-ਮਕਸਦ ਵੀ ਇਹੀ ਹੈ “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ” ਦੀ
ਸਿੱਖਿਆ ਨੂੰ ਸਮ੍ਰਪਿਤ ਹੋਣਾ। ਉਸੇ ਦਾ ਨਤੀਜਾ ਹੋਵੇਗਾ (੧) ਇਲਾਹੀ ਕੇਸਾਧਾਰੀ ਸਰੂਪ ਦਾ ਪਾਬੰਦ
ਹੋਣਾ (੨) ਗੁਰਬਾਣੀ ਅੰਮ੍ਰਿਤ ਦੀ ਆਗਿਆ-ਆਦੇਸ਼ਾਂ ਅਨੁਸਾਰ ਇਲਾਹੀ ਗੁਣਾਂ ਦਾ ਧਾਰਣੀ ਹੋਣਾ।
ਇਸ ਤਰ੍ਰਾਂ ਇਹ ਫ਼ੈਸਲਾ ਕਿ ‘ਕੌਣ ਸਿੱਖ ਹੈ ਤੇ ਕੌਣ ਸਿੱਖ ਨਹੀਂ’
ਕੇਵਲ ਤੇ ਕੇਵਲ, “ਜਾਗਤੀ ਜੋਤ, ਜੁਗੋ ਜੁਗ ਅਟੱਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ” ਜੀ ਨੇ ਦੇਣਾ
ਹੈ ਤੇ ਫ਼ੈਸਲਾ ਹੈ “ਗੁਰਸਿਖ ਮੀਤ ਚਲਹੁ ਗੁਰ ਚਾਲੀ॥ ਜੋ ਗੁਰੁ ਕਹੈ ਸੋਈ ਭਲ ਮਾਨਹੁ … “(ਪੰ:
੬੬੭) ਹੋਰ “ਗੁਰੂ ਸਿਖੁ, ਸਿਖੁ ਗੁਰੂ ਹੈ, ਏਕੋ ਗੁਰ ਉਪਦੇਸੁ ਚਲਾਏ” (ਪੰ: ੪੪੪) ਜਿਸ ਦੇ
ਸਪਸ਼ਟ ਅਰਥ ਹਨ “ਗੁਰੂ, ਸਿੱਖ ਨਾਲ ਇਕ-ਰੂਪ ਹੋ ਜਾਂਦਾ ਹੈ ਤੇ ਸਿੱਖ ਵੀ ਗੁਰੂ `ਚ। ਉਪ੍ਰੰਤ ਅਜੇਹਾ
ਸਿੱਖ, ਗੁਰੂ-ਉਪਦੇਸ਼ ਦੀ ਲੜੀ ਨੂੰ ਹੀ ਅਗਾਂਹ ਤੋਰਦਾ ਰਹਿੰਦਾ ਹੈ”। ਇਸੇ ਤਰ੍ਹਾਂ ਗੁਰਬਾਣੀ `ਚੋਂ
ਅਜੇਹੇ ਅਨੇਕਾਂ ਪ੍ਰਮਾਣ ਇਸ ਦਾ ਸਬੂਤ ਹਨ ਕਿ ਗੁਰਬਾਣੀ ਅਨੁਸਾਰ ਨਾ ਚਲਣ ਵਾਲਾ ਮਨੁੱਖ, ਚਾਹੇ ਕੁੱਝ
ਵੀ ਹੋਵੇ ਪਰ ‘ਸਿੱਖ ਨਹੀਂ’।
‘ਕੌਣ ਸਿੱਖ ਹੈ ਤੇ ਕੌਣ ਸਿੱਖ ਨਹੀਂ’ ‘ਗੁਰੂ-ਗੁਰਬਾਣੀ ਤੋਂ ਬਿਨਾ
ਇਹ ਫ਼ੈਸਲਾ, ਹੋਰ ਕਿਸੇ ਦੇ ਫ਼ੈਸਲੇ ਦਾ ਮੁਹਤਾਜ ਨਹੀਂ। ‘ਸਿੱਖ’ ਦਾ ਇਕੋ ਹੀ ਅਰਥ ਹੈ-’ ਗੁਰਬਾਣੀ
ਦੀ ਸਿਖਿਆ ਦਾ ਸਿੱਖ’ ਹਾਂ, ਸਿੱਖੀ `ਚ ਪ੍ਰਵੇਸ਼ ਤੋਂ ਪਹਿਲਾਂ ਸ਼੍ਰਧਾਲੂਆਂ ਦੀਆਂ ਕਤਾਰਾਂ ਤਾਂ
ਹੋ ਸਕਦੀਆਂ ਹਨ ਤੇ ਰਹੀਆਂ ਵੀ ਹਨ-ਜੋ ਗੁਰਬਾਣੀ ਸੱਚ ਦੀ ਖਿੱਚ ਕਾਰਨ ਸਿੱਖੀ ਵੱਲ ਟੁਰੇ, ਸਿੱਖ
ਸੱਜੇ, ਤੇ ਇਹ ਸਿਲਸਿਲਾ ਜਾਰੀ ਵੀ ਰਵੇਗਾ; ਲੋੜ ਹੈ ਤਾਂ ਉਹਨਾਂ ਦੀ ਸੰਭਾਲ ਵਾਲੀ। ਉਂਝ ਵੀ, ਗੁਰੂ
ਨਾਨਕ ਪਾਤਸ਼ਾਹ ਤੋਂ ਪਹਿਲਾਂ ਦੁਨੀਆਂ ਦੇ ਇਤਿਹਾਸ `ਚ ਕਿਸੇ ਧਰਮ ਜਾਂ ਲਹਿਰ ਲਈ ਲਫ਼ਜ਼ ‘ਸਿੱਖ’ ਨਹੀਂ
ਮਿਲੇ ਗਾ।
ਕੋਈ ਮਨੁੱਖ, ਸਿੱਖ ਉਦੋਂ ਹੀ ਹੈ ਜਦੋਂ ਰੱਬੀ ਸਰੂਪ `ਚ ਆ ਕੇ, ਪਾਹੁਲ
ਲੈ ਲਈ ਤੇ ਉਸ ਤੋਂ ਪਹਿਲਾਂ ਨਹੀਂ। ਅੱਜ ਸਾਡੇ ਕਈ ਅਣ-ਅਧਿਕਾਰੀ ਬੁਲਾਰੇ ਬੜੇ ਫ਼ਖਰ ਨਾਲ ਕਹੀ
ਫ਼ਿਰਦੇ ਹਨ ‘ਸਿੱਖ ਦਾ ਮਤਲਬ ਹੈ: ‘ਸ਼ਿਸ਼ਯ, ਵਿਦਿਆਰਥੀ, ਸਟੂਡੈਂਟ, ਤਾਲਿਬ ਇਲਮ, ਡੈਸੀਪਲ, ਸ਼ਗ਼ਿਰਦ’
ਤੇ ਪਤਾ ਨਹੀਂ ਕੀ ਕੀ? ਅਜੇਹੇ ਸੱਜਨਾਂ ਨੂੰ ਆਪਣੀ ਬੋਲੀ ਵਲ ਧਿਆਨ ਦੇਣ ਦੀ ਲੋੜ ਹੈ। ਜੇ ਇੱਤਨੀ ਹੀ
ਗਲ ਹੁੰਦੀ ਤਾਂ ਗੁਰੂ ਪਾਤਸ਼ਾਹ ਸਾਡੇ ਤੋਂ ਕਈ ਗੁਣਾ ਵੱਧ ਭਾਸ਼ਾਵਾਂ ਜਾਣਦੇ ਸਨ। ਉਹਨਾਂ ਨੂੰ ਨਵਾਂ
ਲਫ਼ਜ਼ ‘ਸਿੱਖ’ ਦੇਣ ਦੀ ਲੋੜ ਨਹੀਂ ਸੀ। ‘ਸਿੱਖ’ ਦਾ ਮਤਲਬ ਇਕੋ ਹੀ ਹੈ ਤੇ ਉਹ ਹੈ ਗੁਰਬਾਣੀ ਦੀ
‘ਸਿਖਿਆ ਦਾ ਸਿੱਖ’। ਇਹ ਵੱਖਰੀ ਗੱਲ ਹੈ ਕਿ ਗੁਰਦੁਆਰਾ ਪ੍ਰਬੰਧ ਤੇ ਸਿੱਖੀ ਪ੍ਰਚਾਰ `ਚ ਆਏ
ਦੋਸ਼ਾਂ ਤੇ ਕੱਚੇ ਪਣ ਕਾਰਨ, ਅੱਜ ਗੁਰਬਾਣੀ ਨੂੰ ਸਮ੍ਰਪਿਤ ਪੂਰਨ ਸਰੂਪ `ਚ ਅਨੇਕਾਂ ਸਿੱਖ ਹਨ,
ਜਿਨ੍ਹਾਂ ਨੇ ਅਜੇ ਪਾਹੁਲ ਨਹੀਂ ਲਈ। ਪਰ ਇਹ ਪੰਥ ਦਾ ਆਂਤ੍ਰਿਕ ਮੁਆਮਲਾ ਹੈ ਤੇ ਇਸ ਨੂੰ ਸੰਭਾਲਣਾ
ਵੀ ਪੰਥ ਨੇ ਹੀ ਹੈ, ਇਸ `ਚ ਕਿਸੇ ਬਾਹਰ ਵਾਲੇ ਦਾ ਤੁਅਲਕ ਨਹੀਂ। ਸਿੱਖ ਕੋਣ? ਇਸ ਤੇ
ਗੁਰਬਾਣੀ ਦੇ ਸਪਸ਼ਟ ਫ਼ੈਸਲੇ ਹਨ “ਸੋ ਸਿਖੁ ਸਖਾ ਬੰਧਪੁ ਹੈ ਭਾਈ ਜਿ ਗੁਰ ਕੇ ਭਾਣੇ ਵਿਚਿ ਆਵੈ”
(ਪੰ: 601) ਜਾਂ “ਸਿਖੀ ਸਿਖਿਆ ਗੁਰ ਵੀਚਾਰਿ॥ ਨਦਰੀ ਕਰਮਿ ਲਘਾਏ ਪਾਰਿ”
(ਪੰ: 465) ਭਾਵ ‘ਸਿੱਖ ਉਹੀ ਹੈ ‘ਜਿਹੜਾ ਗੁਰਬਾਣੀ ਵੀਚਾਰ ਤੇ ਸਿਖਿਆ ਅਨੁਸਾਰ
ਜੀਵਨ ਬਤੀਤ ਕਰੇ’। ਤਾਂ ਤੇ ਲਫ਼ਜ਼ ‘ਸਿੱਖ’ ਲਈ ਵਾਧੂ ਦੇ ਪ੍ਰਭਾਵ ਦੇਣੇ ਜਾਂ ਅਰਥ ਲੈਣੇ ਕੇਵਲ
ਅਗਿਆਣਤਾ ਜਾਂ ਵਿਰੋਧੀ ਹਮਲੇ ਹੀ ਹਨ।
ਗੁਰਬਾਣੀ ਆਧਾਰ `ਤੇ ਵੀ ਦੋਵੇਂ ਸ਼ਰਤਾਂ-ਗੁਰਬਾਣੀ ਆਧਾਰ `ਤੇ ਵੀ
‘ਸਿੱਖ’ ਹੋਣ ਲਈ ਦੋਵੇਂ ਸ਼ਰਤਾਂ ਬਰਾਬਰ ਲਾਗੂ ਹੁੰਦੀਆਂ ਹਨ: ਪਹਿਲਾ-ਸਰੂਪ ਦੀ ਸੰਭਾਲ,
ਦੂਜਾ-ਸੁਭਾਅ। ਕੇਸ ਮਨੁੱਖੀ ਸਰੂਪ ਦਾ ਕੁਦਰਤੀ ਤੇ ਅਨਿੱਖੜਵਾਂ ਅੰਗ ਹਨ ਤੇ ਭਾਣੇ-ਰਜ਼ਾ
`ਚ ਚਲਣ ਵਾਲਿਆਂ ਲਈ ਜੀਵਨ ਦੀ ਪਹਿਲੀ ਪਉੜੀ। ਇਸੇ ਤਰ੍ਹਾਂ ਮਨੁੱਖ ਜਦੋਂ ਸਰੂਪ ਦੀ ਸੰਭਾਲ
ਕਰਦਾ ਹੈ ਤੇ ਜੀਵਨ ਕਰ ਕੇ, ਆਪਣਾ ਸੁਭਾਅ ਵੀ ਗੁਰਬਾਣੀ ਸਿਖਿਆ ਤੋਂ ਤਿਆਰ ਕਰਦਾ ਹੈ, ਤਾਂ ਉਸੇ
ਨੂੰ ‘ਸਿੱਖ’ ਕਿਹਾ ਹੈ। ਇਹੀ ਕਾਰਨ ਹੈ ਕਿ ਦਸੋਂ ਪਾਤਸ਼ਾਹੀਆਂ, ਗੁਰਬਾਣੀ `ਚ ‘ਆਏ ੧੫ ਭਗਤ,
ਤਿੰਨੋ ਸਿੱਖ ਉਪ੍ਰੰਤ ਭਾਈ ਮਰਦਾਨਾ ਅਲਾਯਾਰ ਖਾਂ, ਭਾਈ ਮਨਸੁਖ, ਭਾਈ ਮੰਝ, ਭਾਈ ਨੰਦ ਲਾਲ ਸਿੰਘ
ਆਦਿ ਸਾਰੇ ਸੰਪੂਰਣ ਕੇਸਾਧਾਰੀ ਸਨ। ਕੇਸਾਂ ਦੀ ਸੰਭਾਲ ਦੇ ਸਬੰਧ `ਚ ਵੀ ਗੁਰਬਾਣੀ `ਚੋਂ ਅਨੇਕਾਂ
ਪ੍ਰਮਾਣ ਦਿੱਤੇ ਜਾ ਦਕਦੇ ਹਨ। ਇਸ ਤਰ੍ਹਾਂ ਸਾਬਤ ਹੋ ਜਾਂਦਾ ਹੈ ਕਿ ‘ਸਿੱਖ’ ਹੋਣ ਲਈ
‘ਸਹਿਜਧਾਰੀ’ ਜਾਂ ਕਿਸੇ ਵੀ ਹੋਰ ਸ਼੍ਰੇਣੀ ਦਾ ਮਤਲਬ ਹੀ ਨਹੀਂ ਰਹਿ ਜਾਂਦਾ ਜਿਵੇਂ ਕਿ ਅੱਜ
ਸਿੱਖਾਂ `ਚ ਹੀ ਅਨੇਕਾਂ ਸ਼੍ਰੇਣੀਆਂ ਪ੍ਰਗਟ ਹੋ ਰਹੀਆਂ ਹਨ।
ਇਹ ਕਲੀਨ ਸ਼ੇਵਨ ਤੇ ਮਾਤਾ ਦੇ…? ਕੌਮ ਬੇਲਗਾਮ ਹੋਈ ਪਈ ਹੈ। ਉਸੇ ਦਾ
ਨਤੀਜਾ, ‘ਸਹਿਜਧਾਰੀ’ ਤੋਂ ਬਾਅਦ ਦਿਨੋ-ਦਿਨ ਦੰਭੀ ਪਾਖੰਡੀ ਗੁਰੂਆਂ, ਬਾਬੇਆਂ, ਸੰਤਾਂ ਦੀਆਂ ਡਾਰਾਂ
ਲੱਗ ਰਹੀਆਂ ਹਨ। ਜਦਕਿ ਸੰਪੂਰਣ ਗੁਰਬਾਣੀ `ਚ ਜਿਸ ਗੁਰੂ ਲਈ ਤਲਕੀਣ ਕੀਤੀ ਗਈ ਹੈ ਉਹ ‘ਗੁਰੂ’
ਸੰਗਿਆ ਕਿਸੇ ਸਰੀਰ ਲਈ ਹੈ ਹੀ ਨਹੀਂ। ਗੁਰੂ-ਗੁਰਬਾਣੀ ਤਾਂ ਹੈ ਹੀ ‘ਇਲਾਹੀ ਜੀਵਨ ਜਾਚ’
ਜਿਸ ਦਾ ਮਿਲਾਪ, ਗੁਰਬਾਣੀ ਗੁਰੂ ਤੋਂ ਹੀ ਤਿਆਰ ਹੋਈ ਸੰਗਤ ਬਿਨਾ ਸੰਭਵ ਨਹੀਂ ‘ਸਹਿਜਧਾਰੀ’ ਤੇ
ਗੁਰੂ ਡੰਮਾਂ-ਬਾਬਿਆਂ ਤੋਂ ਅਗੇ ਟੱਪੇ ਤਾਂ ‘ਕਲੀਨ ਸ਼ੇਵਨ’, ਦੇਵੀ ਭਗਤ, ਸ਼ਿਵ ਭਗਤ ਸਿੱਖਾਂ ਨੇ ਜਨਮ
ਲੈ ਲਿਆ। ਅੱਜ ਅਜੇਹੇ ਲੋਕ ਵੀ ਦੇਖਣ `ਚ `ਚ ਆ ਰਹੇ ਹਨ ਜੋ ਅਖਵਾਉਂਦੇ ਵੀ ਸਿੱਖ ਹਨ ਤੇ ਸ਼ਕਲ ਸੂਰਤ
ਤੋਂ ਵੀ ਸਿੱਖ ਹਨ। ਪਰ ਫੋਟੋਆਂ ਲਟਕਾਈਆਂ ਹਨ ਸ਼ਿਵਜੀ, ਲਛਮੀ, ਦੁਰਗਾ ਆਦਿ ਦੀਆਂ। ਕਈ ਤਾਂ ਨੱਚ-ਟੱਪ
ਕੇ ਬੜੀ ਬੇਸ਼ਰਮੀ ਨਾਲ ਦੇਵੀ ਦੇ ਜਗਰਾਤੇ ਤੀਕ ਕਰਵਾ ਸ਼ਾਮਿਲ ਹੋ ਰਹੇ ਹਨ, ‘ਦੇਵੀ ਦਰਸ਼ਨਾਂ’ ਨੂੰ ਜਾ
ਰਹੇ ਹਨ। ਗਲ ਕਰੋ ਤਾਂ ਉਤੱਰ ਮਿਲੇਗਾ, ‘ਜੀ ਅਸੀਂ ਤਾਂ ‘ਦੇਵੀ ਭਗਤ’ ਜਾਂ ‘ਸ਼ਿਵਜੀ ਭਗਤ’ ‘ਸਿੱਖ’
ਹਾਂ। ਕਮਾਲ! ਅਜੇਹੇ ਲੋਕ ਦਸਣ ਤਾਂ ਸਹੀ ਕਿ ਆਖਿਰ ਸਿਵਜੀ ਜਾਂ ਦੇਵੀ ਨੇ ਕਿਸ ‘ਸਿੱਖ ਧਰਮ’ ਨੂੰ
ਜਨਮ ਦਿੱਤਾ? ਜਿਸ ਦਾ ਕਿ ਉਹ ਦਾਅਵਾ ਕਰ ਰਹੇ ਹਨ।
ਇਹ ਨਤੀਜਾ ਸੀ ੴ ਤੇ ‘ਗੁਰੂ ਗ੍ਰੰਥ’ ਤੋਂ ਟੁਟਣ ਦਾ। ਇਸੇ ਤੋਂ
ਅਜੋਕੇ ਸਿੱਖਾਂ `ਚ ਸ਼ਰਾਬਾਂ, ਵਿਭਚਾਰ, ਮੜੀ-ਕੱਬਰ-ਸੱਪ ਪੂਜਾ ਤੇ ਹਜ਼ਾਰਾਂ ਅਉਗੁਣ, ਬ੍ਰਾਹਮਣੀ
ਅਨਮੱਤੀ ਰੀਤਾਂ ਆਪਣੀ ਜਗ੍ਹਾ ਬਣਾ ਰਹੇ ਹਨ। ਅੱਜ ਤਾਂ ਖੁਲੇਆਮ ਅਖਬਾਰਾਂ ਦੇ ਰਿਸ਼ਤੇ-ਨਾਤਿਆਂ ਵਾਲੇ
ਕਾਲਮਾਂ `ਚ ਲਿਖਿਆ ਮਿਲਦਾ ਹੈ ਕਿ ਉਹਨਾਂ ਨੂੰ ਕਿਸੇ ‘ਕਲੀਨ ਸ਼ੇਵਨ ਸਿੱਖ’ ਲਈ … ਜਾਂ ਅਜੇਹੇ
‘ਬਦ-ਸ਼ਕਲ ਸਿੱਖ’ ਦੀ ਮੰਗ ਹੈ, ਅਤੇ ਕੋਈ ਪੁੱਛਣ ਵਾਲਾ ਨਹੀਂ। ਇਉਂ ਮਹਿਸੂਸ ਹੋ ਰਿਹਾ ਹੈ ‘ਜਿਵੇਂ
ਸਿੱਖ ਧਰਮ ਦਾ ਅੱਜ ਕੋਈ ਵਾਲੀ ਵਾਰਿਸ ਹੀ ਨਹੀਂ, ਸਾਰੇ ਆਗੂ ਕੇਵਲ ਦੁਧ ਪੀਣੇ ਮਜਨੂੰ ਹੀ ਹਨ।
ਸਿੱਖੀ ਸਰੂਪ ਤੇ ਰਹਿਣੀ ਨੂੰ ਢਾਹ ਲਗਾਉਣ ਦੀਆਂ ਦੌੜਾਂ ਵਾਧੇ `ਤੇ ਹਨ। ਬੇਸ਼ੁਮਾਰ ਬਣ ਚੁੱਕੀਆਂ
ਪੰਜਾਬੀ ਫ਼ਿਲਮਾਂ ਦੀ ਦੌੜ `ਚ ਹੀ ‘ਸਿੰਘ ਇਜ਼ ਕਿੰਗ” ਨਾਮ ਦੀ ਫ਼ਿਲਮ ਵੀ ਪਰਦੇ `ਤੇ ਦਿਖਾਈ ਜਾ ਚੁਕੀ
ਹੈ, ਸ਼ਾਇਦ ਜਿਸ ਤੋਂ ਵੱਡਾ ਸਿੱਖ ਧਰਮ ਨਾਲ ਮਜ਼ਾਕ ਹੋ ਹੀ ਨਹੀਂ ਸਕਦਾ। ਆਖਿਰ ਇਸ ਪਿਛੇ ਉਹ ਕਿਹੜੀਆਂ
ਸਿੱਖ-ਦੁਸ਼ਮਣ ਤਾਕਤਾਂ ਹਨ, ਸਿੱਖ ਧਰਮ ਨੂੰ ਬੇ-ਪੈਂਦੇ ਦਾ ਲੋਟਾ ਬਨਾਉਣ ਲਈ। ਹੋਰ ਤਾਂ ਹੋਰ
“ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ” ਜੀ ਦੀ ਸਰਬ ਉਚਤਾ ਨੂੰ ਵੰਗਾਰਣ ਲਈ ਬਰਾਬਰੀ `ਤੇ ਗ੍ਰੰਥ
ਖੜੇ ਕੀਤੇ ਜਾ ਰਹੇ ਹਨ, ਆਖਿਰ ਸਿੱਖ ਜੇ ਕਰ ਜਾਗੇਗਾ ਵੀ ਤਾਂ ਜਾਗੇ ਗਾ ਕਦੋਂ? ਕਿਤਨੀ ਤਬਾਹੀ ਤੋਂ
ਬਾਅਦ?