.

ਪ੍ਰੋ: ਗੁਰਬਚਨ ਸਿੰਘ ਥਾਈਲੈਂਡ ਵਾਲੇ

ਭੂਤ-ਪ੍ਰੇਤ

ਭਾਗ ਦੂਜਾ

ਸੁਖਮਨੀ ਸਾਹਿਬ ਦੇ ਇਸ ਪਦੇ ਵਿੱਚ ਵਰਤਮਾਨ ਮਨੁੱਖੀ ਜੀਵਨ ਦੀ ਗੱਲ ਕਰਦਿਆਂ ਸਮਝਾਇਆ ਹੈ ਜੋ ਭਾਵ ਅਰਥ ਦੇ ਰੂਪ ਵਿੱਚ ਹੈ – ਕਰੋੜਾਂ ਹੀ ਅਜੇਹੇ ਲੋਕ ਹਨ ਜੋ ਤਿੰਨਾਂ ਗੁਣਾਂ ਵਿੱਚ ਜੀਉ ਰਹੇ ਹਨ ਤੇ ਅਸੀਂ ਵੀ ਕਈ ਵਾਰੀ ਅਜੇਹੀਆਂ ਹੀ ਸੋਚਾਂ ਦੇ ਸ਼ਿਕਾਰ ਹੁੰਦੇ ਹਾਂ। ਕ੍ਰੋੜਾਂ ਹੀ ਅਜੇਹੇ ਹਨ ਜੋ ਕੇਵਲ ਰਸਮੀ ਤੌਰ ਤੇ ਧਾਰਮਿਕ ਪੁਸਤਕਾਂ ਦੇ ਪਾਠ ਤੀਕ ਹੀ ਸੀਮਤ ਹਨ ਪਰ ਅਮਲ ਨਾਂ ਦੀ ਉਹਨਾਂ ਪਾਸ ਕੋਈ ਵੀ ਹੋਰ ਚੀਜ਼ ਨਹੀਂ ਹੈ। ਨਿਜੀ ਤੌਰ ਤੇ ਇਸ ਗੱਲ ਨੂੰ ਸਮਝਿਆ ਜਾਏ ਤਾਂ ਮੈਂ ਵੀ ਬਹੁਤ ਦਫ਼ਾ ਪਾਠ ਹੀ ਕੀਤਾ ਹੈ ਤੇ ਨੱਕ ਨਮੂਜ ਦੀ ਖ਼ਾਤਰ ਕਰਮ-ਕਾਂਡ ਹੀ ਕਰਦਾ ਰਿਹਾ ਹਾਂ। ਬਹੁਤ ਥੋੜੇ ਦਿਖਾਵੇ ਦੇ ਕਰਮ-ਕਾਂਡ ਤੋਂ ਬਚੇ ਹੋਣਗੇ ਨਹੀਂ ਤਾਂ ਅਸੀਂ ਸਾਰੇ ਹੀ ਇਸ ਝੁਮੇਲੇ ਵਿੱਚ ਫਸੇ ਪਏ ਹਾਂ। ਸੰਸਾਰ ਰੂਪੀ ਸਮੁੰਦਰ ਵਿੱਚ ਕ੍ਰੋੜਾਂ ਕਿਸਮਾਂ ਦੇ ਜੀਵ ਹਨ ਤੇ ਕ੍ਰੋੜਾਂ ਹੀ ਪਰਕਾਰ ਦੇ ਕੀਮਤੀ ਰਤਨ ਹਨ। ਮੇਰੇ ਆਪਣੇ ਹਿਰਦੇ ਵਿੱਚ ਵੀ ਕਈ ਪਰਕਾਰ ਦੇ ਜੀਵਾਂ ਦੇ ਸੁਭਾਵਾਂ ਦੀ ਝਲ਼ਕ ਦੇਖੀ ਜਾ ਸਕਦੀ ਹੈ। ਜਿੱਥੇ ਬੱਚਾ ਆਧਿਆਪਕ ਜਾਂ ਆਪਣੇ ਤਾਏ-ਚਾਚੇ, ਦਾਦੀ-ਦਾਦਾ ਦਾ ਸੁਭਾਅ ਕਬੂਲਦਾ ਹੈ ਓੱਥੇ ਮੇਰੇ ਅੰਦਰ ਕੀਮਤੀ ਗੁਣਾਂ ਰੂਪੀ ਰਤਨ ਵੀ ਪਏ ਹੋਏ ਹਨ। ਰੱਬ ਦੀ ਇਸ ਕੁਦਰਤੀ ਨਿਯਮਾਵਲੀ ਵਿੱਚ ਕ੍ਰੋੜਾਂ ਹੀ ਅਜੇਹੇ ਲੋਕ ਹਨ ਜੋ ਦੈਵੀ ਗੁਣਾਂ ਨਾਲ ਭਰਪੂਰ ਹਨ ਤੇ ਕ੍ਰੋੜਾਂ ਹੀ ਅਜੇਹੇ ਹਨ। ਮਨੁੱਖੀ ਚੇਤੰਤਾ ਵਿੱਚ ਦੈਵੀ ਗੁਣ ਹੈਣ, ਪਰ ਪਰਗਟ ਹੁੰਦੇ ਨੇ ਚੰਗੀ ਸੰਗਤ ਕਰਕੇ। ਸਵੈ-ਅਣਖ਼, ਗ਼ੈਰਤ ਗਵਾ ਚੁੱਕੇ ਮਨੁੱਖ ਅੰਦਰੋਂ ਮਰੀ ਹੋਈ ਜ਼ਮੀਰ ਦੇ ਮਾਲਕ ਹਨ ਤੇ ਉਹ ਮੁਰਦੇ ਹਨ ਜਿਹਨਾਂ ਨੂੰ ਭੂਤ ਤੇ ਪ੍ਰੇਤ ਦੇ ਨਾਂ ਦੀ ਸੰਗਿਆ ਦਿੱਤੀ ਜਾ ਸਕਦੀ ਹੈ। ਅਜੇਹਿਆਂ ਦੀ ਗਿਣਤੀ ਦੀ ਵੀ ਕੋਈ ਹੱਦ ਬੰਨਾਂ ਨਹੀਂ ਹੈ ਜੋ ਸ਼ੇਰ ਵਾਂਗ ਸ਼ਿਕਾਰ ਹੀ ਮਨੁੱਖਤਾ ਦਾ ਖੇਲਦੇ ਰਹੇ ਹਨ। ਪਰਮਾਤਮਾ ਦੇ ਗੁਣ ਤਾਂ ਸਭ ਥਾਈਂ ਭਰਪੂਰ ਹਨ। ਭੂਤ-ਪ੍ਰੇਤ ਦੇ ਅਰਥ ਮਹਾਨ ਕੋਸ਼ ਵਿਚੋਂ ਦੇਖ ਲਏ ਹਨ ਕਿ ਮਰੇ ਹੋਏ ਸਰੀਰ ਨੂੰ ਭੂਤ ਪ੍ਰੇਤ ਕਿਹਾ ਗਿਆ ਹੈ ਤੇ ਮਰੀ ਹੋਈ ਰੂਹ ਵੀ ਭੂਤ ਪਰੇਤ ਤੋਂ ਕੋਈ ਘੱਟ ਨਹੀਂ ਹੈ। ਮੁਕਦੀ ਗੱਲ ਜਿਉਂਦੀਆਂ ਲਾਸ਼ਾਂ ਦੇ ਢਾਂਚਿਆਂ ਦਾ ਨਾਂ ਭੂਤ-ਪ੍ਰੇਤ ਐ।

ਮਾਰੂ ਰਾਗ ਵਿੱਚ ਗੁਰੂ ਅਰਜਨ ਪਾਤਸ਼ਾਹ ਜੀ ਦਾ ਇੱਕ ਵਾਕ ਹੈ –

ਪਸੁ ਪੰਖੀ ਭੂਤ ਅਰੁ ਪ੍ਰੇਤਾ॥ ਬਹੁ ਬਿਧਿ ਜੋਨੀ ਫਿਰਤ ਅਨੇਤਾ॥

ਜਹ ਜਾਨੋ ਤਹ ਰਹਨੁ ਨ ਪਾਵੈ॥ ਥਾਨ ਬਿਹੂਨ ਉਠਿ ਉਠਿ ਫਿਰਿ ਧਾਵੈ॥

ਮਨਿ ਤਨਿ ਬਾਸਨਾ ਬਹੁਤੁ ਬਿਸਥਾਰਾ॥ ਅਹੰਮੇਵ ਮੂਠੋ ਬੇਚਾਰਾ॥

ਅਨਿਕ ਦੋਖ ਅਰੁ ਬਹੁਤੁ ਸਜਾਈ॥ ਤਾ ਕੀ ਕੀਮਤਿ ਕਹਣੁ ਨ ਜਾਈ॥

ਪ੍ਰਭ ਬਿਸਰਤ ਨਰਕ ਮਹਿ ਪਾਇਆ॥ ਤਹ ਮਾਤ ਨ ਬੰਧੁ ਨ ਮੀਤ ਨ ਜਾਇਆ॥

ਜਿਸ ਕਉ ਹੋਤ ਕ੍ਰਿਪਾਲ ਸੁਆਮੀ॥ ਸੋ ਜਨੁ ਨਾਨਕ ਪਾਰਗਰਾਮੀ॥

ਮਾਰੂ ਮਹਲਾ ੫ ਪੰਨਾ ੧੦੦੫

ਅੱਖ਼ਰੀਂ ਅਰਥ --ਹੇ ਭਾਈ ! (ਮਾਇਆ ਦੇ ਮੋਹ ਵਿਚ) ਅੰਨ੍ਹਾ ਹੋਇਆ ਜੀਵ ਪਸ਼ੂ ਪੰਛੀ ਭੂਤ ਪ੍ਰੇਤ ਆਦਿਕ ਅਨੇਕਾਂ ਜੂਨਾਂ ਵਿੱਚ ਭਟਕਦਾ ਫਿਰਦਾ ਹੈ; ਜਿਸ ਅਸਲ ਟਿਕਾਣੇ ਤੇ ਜਾਣਾ ਹੈ ਉਥੇ ਟਿਕ ਨਹੀਂ ਸਕਦਾ, ਨਿਥਾਵਾਂ ਹੋ ਕੇ ਮੁੜ ਮੁੜ ਉੱਠ ਕੇ (ਹੋਰ ਹੋਰ ਜੂਨਾਂ ਵਿਚ) ਭਟਕਦਾ ਹੈ 

ਹੇ ਭਾਈ ! (ਮਾਇਆ ਦੇ ਮੋਹ ਦੇ ਕਾਰਨ) ਮਨੁੱਖ ਦੇ ਮਨ ਵਿੱਚ ਤਨ ਵਿੱਚ ਅਨੇਕਾਂ ਵਾਸਨਾਂ ਦਾ ਖਿਲਾਰਾ ਖਿਲਰਿਆ ਰਹਿੰਦਾ ਹੈ, ਹਉਮੈ ਇਸ ਵਿਚਾਰੇ ਦੇ ਆਤਮਕ ਜੀਵਨ ਨੂੰ ਲੁੱਟ ਲੈਂਦੀ ਹੈ । ਇਸ ਦੇ ਅੰਦਰ ਐਬ ਪੈਦਾ ਹੋ ਜਾਂਦੇ ਹਨ, ਅਤੇ ਉਹਨਾਂ ਦੀ ਸਜ਼ਾ ਭੀ ਬਹੁਤ ਮਿਲਦੀ ਹੈ, (ਉਸ ਤੋਂ ਬਚਣ ਲਈ ਦੁਨੀਆਵੀ ਪਦਾਰਥਾਂ ਵਾਲੀ ਕੋਈ) ਕੀਮਤ ਦੱਸੀ ਨਹੀਂ ਜਾ ਸਕਦੀ (ਕਿਸੇ ਭੀ ਕੀਮਤ ਨਾਲ ਇਸ ਸਜ਼ਾ ਤੋਂ ਖ਼ਲਾਸੀ ਨਹੀਂ ਹੋ ਸਕਦੀ)  

ਹੇ ਭਾਈ ! ਪਰਮਾਤਮਾ ਦਾ ਨਾਮ ਰੱਬੀ ਗੁਣਾਂ ਨੂੰ ਭੁੱਲਣ ਕਰਕੇ ਜੀਵ ਜਿਉਂਦੇ ਜੀਅ ਨਰਕ ਵਿੱਚ ਪਿਆ ਹੋਇਆ ਹੈ, ਅਜੇਹੀ ਅਵਸਥਾ ਵਿੱਚ ਤੇਰਾ ਕੋਈ ਨਾਹ ਮਾਂ, ਨਾਹ ਕੋਈ ਸੰਬੰਧੀ, ਨਾਹ ਕੋਈ ਮਿੱਤਰ, ਨਾਹ ਇਸਤ੍ਰੀ— (ਕੋਈ ਭੀ ਸਹਾਇਤਾ ਨਹੀਂ ਕਰ ਸਕਦਾ)  ਸਿਰਫ ਪਰਮਾਤਮਾ ਦੇ ਗੁਣ ਹੀ ਤੈਨੂੰ ਆਤਮਕ ਤਲ਼ ਦੇ ਨਰਕ ਤੋਂ ਬਚਾ ਸਕਦੇ ਹਨ।

ਹੇ ਨਾਨਕ ! (ਆਖ—ਹੇ ਭਾਈ !) ਉਹ ਮਨੁੱਖ (ਸੰਸਾਰ-ਸਮੁੰਦਰ ਤੋਂ) ਪਾਰ ਲੰਘਣ ਜੋਗਾ ਹੁੰਦਾ ਹੈ ਜਿਸ ਉਤੇ ਮਾਲਕ-ਪ੍ਰਭੂ ਦਇਆਵਾਨ ਹੁੰਦਾ ਹੈ

ਵਿਚਾਰ---ਅੱਖਰੀਂ ਅਰਥ ਤਾਂ ਏਹੀ ਬਣਗੇ ਜੋ ਉੱਪਰ ਲਿਖੇ ਗਏ ਹਨ ਪਰ ਇਸ ਸ਼ਬਦ ਦੀ ਵਿਚਾਰ ਨੂੰ ਵਰਤਮਾਨ ਜੀਵਨ ਵਿੱਚ ਵੀ ਲੈ ਕੇ ਆਉਣ ਦਾ ਯਤਨ ਵੀ ਕਰਨਾ ਚਾਹੀਦਾ ਹੈ। ਕੀ ਕਿਤੇ ਅਸੀਂ ਵੀ ਇਹਨਾਂ ਜੂਨਾਂ ਵਿੱਚ ਤਾਂ ਨਹੀਂ ਜੀਉ ਰਹੇ? ਇਸ ਸ਼ਬਦ ਨੂੰ ਵਿਚਾਰਨ ਲਈ ਏਸੇ ਸ਼ਬਦ ਦੀ ਰਹਾਉ ਦੀ ਤੁਕ ਨੂੰ ਪਹਿਲੇ ਵਿਚਾਰਾਂਗੇ ---

ਰਾਮ ਨਾਮੁ ਮਨਿ ਤਨਿ ਆਧਾਰਾ॥ ਜੋ ਸਿਮਰੈ ਤਿਸ ਕਾ ਨਿਸਤਾਰਾ॥

ਅਖਰੀਂ ਅਰਥ ---- ਹੇ ਭਾਈ ! ਪਰਮਾਤਮਾ ਦੇ ਨਾਮ ਨੂੰ ਆਪਣੇ ਮਨ ਵਿੱਚ ਆਪਣੇ ਸਰੀਰ ਵਿੱਚ (ਆਪਣੀ ਜ਼ਿੰਦਗੀ ਦਾ) ਸਹਾਰਾ ਬਣਾਈ ਰੱਖ । ਜਿਹੜਾ ਮਨੁੱਖ (ਨਾਮ) ਸਿਮਰਦਾ ਭਾਵ ਗੁਰ-ਗਿਆਨ ਨੂੰ ਅਧਾਰ ਬਣਾ ਕੇ ਵਿਚਰਦਾ ਹੈ (ਸੰਸਾਰ-ਸਮੁੰਦਰ ਤੋਂ) ਉਸ (ਮਨੁੱਖ) ਦਾ ਪਾਰ-ਉਤਾਰਾ ਹੋ ਜਾਂਦਾ ਹੈ। ‘ਮਨਿ ਤਨਿ’ ਦੇ ਨੰਨਿਆਂ ਨੂੰ ਸਿਹਾਰੀ ਹੈ ਇਸ ਦਾ ਅਰਥ ਹੈ ਮਨ, ਤਨ ਦੁਆਰਾ ਭਾਵ ਵਰਤਮਾਨ ਦੇ ਸਮੇਂ ਵਿੱਚ ਜਿਹੜਾ ਵੀ ਗੁਰ-ਗਿਆਨ ਨੂੰ ਵਿਚਾਰਦਾ ਤੇ ਸਮਝਦਾ ਹੈ ਉਹ ਅੰਦਰੋਂ ਬਾਹਰੋਂ (ਮਨ-ਤਨ) ਕਰਕੇ ਇੱਕ ਹੋ ਜਾਂਦਾ ਹੈ ਉਹ ਵਿਕਾਰਾਂ ਵਾਲੇ ਪਾਸੇ ਤੋਂ ਕਿਨਾਰਾ ਕਰ ਲੈਂਦਾ ਹੈ। “ਜੋ ਸਿਮਰੈ ਤਿਸ ਕਾ ਨਿਸਤਾਰਾ” ਵਿਚਾਰਨ ਤੇ ਸਮਝਣ ਦੇ ਯਤਨ ਵਿੱਚ ਹੈ। ਫਿਰ “ਪਸੁ ਪੰਖੀ ਭੂਤ ਅਰੁ ਪ੍ਰੇਤਾ॥ ਬਹੁ ਬਿਧਿ ਜੋਨੀ ਫਿਰਤ ਅਨੇਤਾ”॥ ਵਿਕਾਰ, ਸੰਸਾਰ ਦੇ ਮੋਹ, ਖ਼ੁਦਗ਼ਰਜ਼ੀ ਦੀ ਅਗਨੀ, ਤ੍ਰਿਸ਼ਨਾ ਦਾ ਭਾਂਬੜ, ਈਰਖਾ ਦੀ ਹਨੇਰੀ ਵਿੱਚ ਉੱਡ ਰਿਹਾ ਮਨੁੱਖ ਮਾਨਸਕ ਤਲ਼ `ਤੇ ਵੱਖ ਵੱਖ ਜੂਨਾਂ ਦੀ ਨੁਮਾਇੰਦਗੀ ਕਰ ਰਿਹਾ ਹੈ, ਅਗਲੀ ਤੁਕ ਵਿੱਚ ਸਾਫ਼ ਹੀ ਫਰਮਾਣ ਹੈ, “ਮਨਿ ਤਨਿ ਬਾਸਨਾ ਬਹੁਤੁ ਬਿਸਥਾਰਾ॥ ਅਹੰਮੇਵ ਮੂਠੋ ਬੇਚਾਰਾ॥ ਕਾਮ-ਵਾਸ਼ਨਾ, ਮਨ ਦੀਆਂ ਹੋਰ ਵਾਸ਼ਨਾਵਾਂ ਤੇ ਹਉਮੇ ਦੇ ਹੜ੍ਹ ਵਿੱਚ ਰੁੜ੍ਹ ਰਿਹਾ ਹੈ, ਜਿਸ ਕਰਕੇ ਇਹ ਵਿਚਾਰਾ ਦਿਨ-ਦੀਵੀਂ ਆਪਣੇ ਆਤਮਕ ਗੁਣਾਂ ਨੂੰ ਲੁਟਾ ਬੈਠਾ ਹੈ।

ਵਰਤਮਾਨ ਜੀਵਨ ਦੀ ਗੱਲ ਕਰਦਿਆਂ ਗੁਰੂ ਸਾਹਿਬ ਜੀ ਕਹਿ ਰਹੇ ਹਨ ਕਿ ਦੇਖ ਬੰਦਿਆ! “ਪ੍ਰਭ ਬਿਸਰਤ ਨਰਕ ਮਹਿ ਪਾਇਆ”॥ ਪ੍ਰਭੂ ਜੀ ਦੇ ਗੁਣਾਂ ਦਾ ਤਿਆਗ ਕੀਤਿਆਂ ਜਿਉਂਦਿਆਂ ਹੀ ਨਰਕ ਈ। ਜਦੋਂ ਮਨੁੱਖ ਖ਼ੁਦ ਔਗੁਣ ਵਾਲਾ ਜੀਵਨ ਰੱਖਦਾ ਹੈ ਤਾਂ ਸਜਾ ਵੀ ਇਸ ਨੂੰ ਭੁਗਤਣੀ ਪੈਂਦੀ ਹੈ। ਪ੍ਰਭੂ ਦੀ ਕਿਰਪਾਲਤਾ ਭਾਵ ਰੱਬੀ ਨਿਯਮਾਵਲੀ ਨੂੰ ਗ੍ਰਹਿਣ ਕੀਤਿਆਂ ਸੰਸਾਰ ਵਿਚੋਂ ਸਮਝ ਦੀ ਬੇੜੀ ਦੁਆਰਾ ਕਿਸੇ ਕਿਨਾਰੇ ਲੱਗ ਸਕਦਾ ਏਂ।

ਇਸ ਪ੍ਰਥਾਏ ਕੁੱਝ ਹੋਰ ਵਾਕ ਵੀ ਹਨ—

ਮਿਰਤਕ ਕਉ ਪਾਇਓ ਤਨਿ ਸਾਸਾ ਬਿਛੁਰਤ ਆਨਿ ਮਿਲਾਇਆ॥

ਪਸੂ ਪਰੇਤ ਮੁਗਧ ਭਏ ਸ੍ਰੋਤੇ ਹਰਿ ਨਾਮਾ ਮੁਖਿ ਗਾਇਆ॥

ਸੋਰਠਿ ਮਹਲਾ ੫ ਪੰਨਾ ੬੧੪

ਅਰਥ---ਹੇ ਭਾਈ ! (ਗੁਰੂ ਆਤਮਕ ਤੌਰ ਤੇ) ਮਰੇ ਹੋਏ ਮਨੁੱਖ ਦੇ ਸਰੀਰ ਵਿੱਚ ਨਾਮ-ਜਿੰਦ ਪਾ ਦੇਂਦਾ ਹੈ, (ਪ੍ਰਭੂ ਤੋਂ) ਵਿਛੁੜੇ ਹੋਏ ਮਨੁੱਖ ਨੂੰ ਲਿਆ ਕੇ (ਪ੍ਰਭੂ ਨਾਲ) ਮਿਲਾ ਦੇਂਦਾ ਹੈ। ਪਸ਼ੂ (-ਸੁਭਾਉ ਮਨੁੱਖ) ਪ੍ਰੇਤ (-ਸੁਭਾਉ ਬੰਦੇ) ਮੂਰਖ ਮਨੁੱਖ (ਗੁਰੂ ਦੀ ਕਿਰਪਾ ਨਾਲ ਪਰਮਾਤਮਾ ਦਾ ਨਾਮ) ਸੁਣਨ ਵਾਲੇ ਬਣ ਜਾਂਦੇ ਹਨ, ਪਰਮਾਤਮਾ ਦਾ ਨਾਮ ਮੂੰਹ ਨਾਲ ਗਾਣ ਲੱਗ ਜਾਂਦੇ ਹਨ।

ਵਿਚਾਰ--- ਸਪੱਸ਼ਟ ਹੈ ਆਤਮਿਕ ਤਲ਼ `ਤੇ ਮਰਿਆ ਹੋਇਆ ਮਨੁੱਖ ਪਰਮਾਤਮਾ ਦੇ ਰੱਬੀ ਗੁਣਾਂ ਨੂੰ ਸਮਝ ਲਏ ਤਾਂ ਇਸ ਵਿੱਚ ਨਰੋਏ ਜੀਵਨ ਦੀ ਰੌਅ ਦੋੜ ਸਕਦੀ ਹੈ ਨਹੀਂ ਤਾਂ ਪਸ਼ੂ, ਪ੍ਰੇਤਾਂ ਵਾਲੀ ਜ਼ਿੰਦਗੀ ਹੀ ਭੋਗ ਰਿਹਾ ਹੈ।

ਊਚ ਅਪਾਰ ਬੇਅੰਤ ਸੁਆਮੀ ਕਉਣੁ ਜਾਣੈ ਗੁਣ ਤੇਰੇ॥

ਗਾਵਤੇ ਉਧਰਹਿ ਸੁਣਤੇ ਉਧਰਹਿ ਬਿਨਸਹਿ ਪਾਪ ਘਨੇਰੇ॥

ਪਸੂ ਪਰੇਤ ਮੁਗਧ ਕਉ ਤਾਰੇ ਪਾਹਨ ਪਾਰਿ ਉਤਾਰੈ॥

ਨਾਨਕ ਦਾਸ ਤੇਰੀ ਸਰਣਾਈ ਸਦਾ ਸਦਾ ਬਲਿਹਾਰੈ

ਬਿਲਾਵਲ ਮਹਲਾ ੫ ਪੰਨਾ ੮੦੪

ਅਰਥ--ਹੇ ਭਾਈ ! ਪਰਮਾਤਮਾ ਪਸ਼ੂ-ਸੁਭਾਵ ਬੰਦਿਆਂ ਨੂੰ, ਅਤੇ ਮਹਾ ਮੂਰਖਾਂ ਨੂੰ (ਸੰਸਾਰ-ਸਮੁੰਦਰ ਤੋਂ) ਤਾਰ ਦੇਂਦਾ ਹੈ, ਬੜੇ ਬੜੇ ਕਠੋਰ-ਚਿੱਤ ਮਨੁੱਖਾਂ ਨੂੰ ਪਾਰ ਲੰਘਾ ਲੈਂਦਾ ਹੈ । ਹੇ ਨਾਨਕ ! (ਆਖ—ਹੇ ਪ੍ਰਭੂ !) ਤੇਰੇ ਦਾਸ ਤੇਰੀ ਸਰਨ ਪਏ ਰਹਿੰਦੇ ਹਨ, ਅਤੇ ਸਦਾ ਹੀ ਤੈਥੋਂ ਸਦਕੇ ਹੁੰਦੇ ਹਨ 

ਵਿਚਾਰ--- ਗਾਵਣ (ਪੜ੍ਹਨ) ਤੇ ਧਿਆਨ ਨਾਲ ਸੁਣਨ ਤੇ ਵਿਚਾਰਨ ਵਾਲੇ ਜਦੋਂ ਪ੍ਰਭੂ ਗੁਣਾਂ ਨੂੰ ਹਿਰਦੇ ਵਿੱਚ ਧਾਰਨ ਕਰਦੇ ਹਨ ਤਾਂ ਆਤਮਕ ਕੰਮਜ਼ੋਰੀਆਂ ਭਾਵ ਮਨੁੱਖੀ ਤਲ਼ ਤੋਂ ਥੱਲੇ ਵਾਲੀਆਂ ਜੂਨਾਂ ਦੇ ਸੁਭਾਵਾਂ ਦਾ ਅੰਤ ਹੋ ਜਾਂਦਾ ਹੈ। --- “ਪਸੂ ਪਰੇਤ ਅਗਿਆਨ ਉਧਾਰੇ ਇੱਕ ਖਣੇ”॥

ਅਰਥ-- (ਪ੍ਰਭੂ ਦੇ ਸਦੀਵ ਕਾਲ ਗੁਣ) ਪਸ਼ੂ-ਸੁਭਾਵ, ਪ੍ਰੇਤ-ਸੁਭਾਵ ਤੇ ਗਿਆਨ-ਹੀਣਾਂ ਨੂੰ ਇੱਕ ਖਿਨ ਵਿੱਚ ਤਾਰ ਲੈਂਦਾ ਹੈ।

ਪਸੁ ਪਰੇਤ ਉਸਟ ਗਰਧਭ ਅਨਿਕ ਜੋਨੀ ਲੇਟ॥

ਭਜੁ ਸਾਧ ਸੰਗਿ ਗੋਬਿੰਦ ਨਾਨਕ ਕਛੁ ਨ ਲਾਗੈ ਫੇਟ॥

ਪੰਨਾ ੧੨੨੪

ਅਰਥ--- ਹੇ ਭਾਈ ! (ਪਾਪਾਂ ਦੀਆਂ ਪੰਡਾਂ ਦੇ ਕਾਰਨ) ਜੀਵ ਪਸ਼ੂ, ਪ੍ਰੇਤ, ਊਂਠ, ਖੋਤਾ ਆਦਿਕ ਅਨੇਕਾਂ ਜੂਨਾਂ ਵਿੱਚ ਰੁਲਦਾ ਫਿਰਦਾ ਹੈ । ਹੇ ਨਾਨਕ ! (ਆਖ—ਹੇ ਭਾਈ !) ਸਾਧ ਸੰਗਤਿ ਵਿੱਚ ਟਿਕ ਕੇ ਪਰਮਾਤਮਾ ਦਾ ਭਜਨ ਕਰਿਆ ਕਰ, ਫਿਰ (ਜਮਾਂ ਦੀ) ਰਤਾ ਭਰ ਭੀ ਚੋਟ ਨਹੀਂ ਲੱਗੇਗੀ 

ਵਿਚਾਰ -- ਬੰਦਾ ਹਮੇਸ਼ਾਂ ਦੋਹਰੇ ਤਲ਼ `ਤੇ ਜਿਉਂਦਾ ਹੈ। ਜਦੋਂ ਗੁਰਬਾਣੀ ਦੀ ਸਮਝ ਆਉਣ ਲੱਗਦੀ ਹੈ ਤਾਂ ਮਨੁੱਖੀ ਸੁਭਾਅ ਵਿੱਚ ਤਰੱਕੀ ਹੋਣੀ ਸ਼ੁਰੂ ਹੋ ਜਾਦੀ ਹੈ। ਮੁਰਦਾ ਮਨੁੱਖ ਵਿਚੋਂ ਗ਼ੈਰਤ ਤੇ ਅਣਖ਼ ਵਾਲੀ ਭਾਵਨਾ ਖ਼ਤਮ ਹੋ ਜਾਂਦੀ ਹੈ ਤੇ ਭੂਤਾਂ ਪ੍ਰੇਤਾਂ ਭਾਵ ਮਰਿਆ ਹੋਇਆ ਹੀ ਹੈ।

ਸਤਿਗੁਰੂ ਚਰਨ ਜਿਨੑ ਪਰਸਿਆ, ਸੇ ਪਸੁ ਪਰੇਤ ਸੁਰਿ ਨਰ ਭਇਆ॥

ਸੋਚਣ ਵਾਲੀ ਗੱਲ ਹੈ ਕਿ ਅਸੀਂ ਵਾਕਿਆ ਹੀ ਸਰੀਰਕ ਤਲ਼ `ਤੇ ਪਰੇਤ ਜਾਂ ਪਸ਼ੂਆਂ ਵਾਂਗ ਪੱਠੇ ਖਾਦੇ ਹਾਂ, ਨਹੀਂ ਗੁਰਬਾਣੀ ਆਤਮਕ ਸੋਚ ਦੀ ਗੱਲ ਕਰ ਰਹੀ ਹੈ-- ਜਿਨ੍ਹਾਂ ਮਨੁੱਖਾਂ ਨੇ ਸਤਿਗੁਰੂ ਦੇ ਚਰਨ ਪਰਸੇ ਹਨ, ਉਹ ਪਸੂ ਤੇ ਪਰੇਤਾਂ ਤੋਂ ਦੇਵਤੇ ਤੇ ਮਨੁੱਖ ਬਣ ਗਏ ਹਨ,

ਘਰ ਕੀ ਨਾਰਿ ਬਹੁਤੁ ਹਿਤੁ ਜਾ ਸਿਉ ਸਦਾ ਰਹਤ ਸੰਗਿ ਲਾਗੀ॥

ਜਬ ਹੀ ਹੰਸ ਤਜੀ ਇਹ ਕਾਂਇਆ ਪ੍ਰੇਤ ਪ੍ਰੇਤ ਕਰਿ ਭਾਗੀ॥

ਸੋਰਠਿ ਮਹਲਾ ੯ ਪੰਨਾ

ਹੇ ਮਿੱਤਰ ! ਘਰ ਦੀ ਇਸਤ੍ਰੀ (ਭੀ), ਜਿਸ ਨਾਲ ਬੜਾ ਪਿਆਰ ਹੁੰਦਾ ਹੈ, ਜੇਹੜੀ ਸਦਾ (ਖਸਮ ਦੇ) ਨਾਲ ਲੱਗੀ ਰਹਿੰਦੀ ਹੈ, ਜਿਸ ਹੀ ਵੇਲੇ (ਪਤੀ ਦਾ) ਜੀਵਾਤਮਾ ਇਸ ਸਰੀਰ ਨੂੰ ਛੱਡ ਦੇਂਦਾ ਹੈ, (ਇਸਤ੍ਰੀ ਉਸ ਤੋਂ ਇਹ ਆਖ ਕੇ) ਪਰੇ ਹਟ ਜਾਂਦੀ ਹੈ ਕਿ ਇਹ ਮਰ ਚੁਕਾ ਹੈ ਮਰ ਚੁਕਾ ਹੈ।

ਵਿਚਾਰ---- ਪਰਵਾਰਕ ਮੈਂਬਰ ਮਰ ਜਾਂਦਾ ਹੈ ਤਾਂ ਘਰ ਵਾਲੇ ਤੁਰੰਤ ਇਹ ਕਹਿ ਦੇਂਦੇ ਹਨ ਕਿ ਭਈ ਇਹ ਕੋਈ ਘਰ ਰੱਖਣ ਵਾਲੀ ਕੋਈ ਚੀਜ਼ ਹੈ? ਜਿੰਨਾ ਜਲਦੀ ਹੋ ਸਕੇ ਉਤਨੀ ਜਲਦੀ ਹੀ ਇਸ ਦਾ ਸਸਕਰ ਕੀਤਾ ਜਾਏ, ਪ੍ਰੇਤ ਦਾ ਅਰਥ ਹੈ ਮਰਿਆ ਹੋਇਆ, ਲਾਸ਼।

ਭਰਮਾਂ ਦਾ ਮਾਰਿਆ ਹੋਇਆ ਭੂਤ-ਪਰੇਤਾਂ ਦੀਆਂ ਜੂਨਾਂ ਵਿੱਚ ਘੁੰਮਦਾ ਰਹਿੰਦਾ ਹੈ ---

ਵੀਰਵਾਰਿ ਵੀਰ ਭਰਮਿ ਭੁਲਾਏ॥ ਪ੍ਰੇਤ ਭੂਤ ਸਭਿ ਦੂਜੈ ਲਾਏ॥

ਪੰਨਾ ੮੪੧

ਬਸੰਤ ਰੁੱਤ ਵਿੱਚ ਆਮ ਕਰਕੇ ਸਾਰੇ ਰੱਖ ਹਰੇ ਹੋ ਜਾਂਦੇ ਹਨ ਪਰ ਕਈ ਅਜੇਹੇ ਰੁੱਖ ਵੀ ਹਨ ਜੋ ਬਸੰਤ ਰੱਤ ਵੀ ਰਹੇ ਨਹੀਂ ਹੁੰਦੇ ਇਸ ਕਿਸਮ ਦੇ ਬੰਦਿਆਂ ਨੂੰ ਪ੍ਰੇਤ ਪਿੰਜਰ ਨਾਲ ਯਾਦ ਕੀਤਾ ਜਾਂਦਾ ਹੈ ---

ਜਤੁ ਸਤੁ ਸੰਜਮੁ ਸੀਲੁ ਨ ਰਾਖਿਆ ਪ੍ਰੇਤ ਪਿੰਜਰ ਮਹਿ ਕਾਸਟੁ ਭਇਆ॥

ਪੰਨਾ ੯੦੬

(ਵਿਕਾਰਾਂ ਦੇ ਕਾਰਨ) ਅਪਵਿਤ੍ਰ ਹੋਏ ਸਰੀਰ-ਪਿੰਜਰ ਵਿੱਚ ਤੂੰ ਲੱਕੜ (ਵਰਗਾ ਕੁਰਖ਼ਤ-ਦਿਲ) ਹੋ ਚੁਕਾ ਹੈਂ।

ਅਗਿਆਨਤਾ ਦਾ ਦੂਜਾ ਨਾਂ ਹੈ ਨਰਕ ਨਿਵਾਸੀ ਤੇ ਅਜੇਹੇ ਥਾਵਾਂ `ਤੇ ਰਹਿੰਦੇ ਹਨ ਭੂਤ ਪ੍ਰੇਤ ---

ਪ੍ਰੇਤ ਪਿੰਜਰ ਮਹਿ ਦੂਖ ਘਨੇਰੇ॥ ਨਰਕਿ ਪਚਹਿ ਅਗਿਆਨ ਅੰਧੇਰੇ॥

ਪੰਨਾ ੧੦੨੯

ਅਰਥ--- ਜੇਹੜੇ ਜੀਵ ਪ੍ਰਭੂ ਦੇ ਕੁਦਰਤੀ ਸੁਭਾਅ, ਭਾਵ ਜੋ ਵਿਚਾਰਦੇ ਨਹੀਂ ਉਹ, ਮਾਨੋ, ਪ੍ਰੇਤ-ਜੂਨ ਹਨ । ਉਹਨਾਂ ਦੇ ਇਹ ਮਨੁੱਖਾ ਸਰੀਰ ਭੀ ਪ੍ਰੇਤਾਂ ਦੇ ਰਹਿਣ ਲਈ ਪਿੰਜਰ ਹੀ ਹਨ) ਇਹਨਾਂ ਪ੍ਰੇਤ-ਪਿੰਜਰਾਂ ਵਿੱਚ ਉਹ ਬੇਅੰਤ ਦੁੱਖ ਸਹਿੰਦੇ ਹਨ । ਅਗਿਆਨਤਾ ਦੇ ਹਨੇਰੇ ਵਿੱਚ ਪੈ ਕੇ ਉਹ (ਆਤਮਕ ਮੌਤ ਦੇ) ਨਰਕ ਵਿੱਚ ਖ਼ੁਆਰ ਹੁੰਦੇ ਹਨ 

ਹੁਣ ਦੇਖਣ ਵਾਲੀ ਗੱਲ ਹੈ ਕਿ ਅਗਿਆਨਤਾ ਤੇ ਭਰਮਾਂ ਦੇ ਵਿੱਚ ਰਹਿਣ ਵਾਲੇ ਨੂੰ ਗੁਰਬਾਣੀ ਤਾਂ ਏਸੇ ਜੀਵਨ ਵਿੱਚ ਹੀ ਭੂਤ-ਪ੍ਰੇਤ ਦਾ ਦਰਜਾ ਦੇ ਰਹੀ ਹੈ ਕਿਉਂਕਿ ਸਾਡੇ ਪਾਸ ਗਿਆਨ ਦੀ ਚਵਾਤੀ ਨਹੀਂ ਹੈ ਇਸ ਲਈ ਜ਼ਮੀਨ ਦੇ ਤਲ਼ ਤੇ ਕੋਈ ਹੋਰ ਨਰਕ ਨਹੀਂ ਹੈ। ਸਾਡੇ ਸੁਭਾਅ ਦੀ ਦਸ਼ਾ ਹੀ ਭੂਤ-ਪਰੇਤਾਂ ਵਾਲੀ ਹੋਈ ਪਈ ਹੈ।

ਜਿਸ ਮਨੁੱਖ, ਪਰਵਾਰ ਜਾਂ ਸਮਾਜ ਵਿਚੋਂ ਵਿਚਾਰ, ਤਰਕ ਜਾਂ ਗਿਆਨ ਖਤਮ ਹੋ ਜਾਏ ਤੇ ਇਸ ਦੀ ਜਗ੍ਹਾ ਪੂਜਾ, ਲੜੀਆਂ ਦੇ ਪਾਠ, ਧੁਪਾਂ ਧੁਖਾਈ ਜਾਣੀਆਂ, ਸਮਾਧੀਆਂ, ਸੁੱਚ-ਭਿੱਟ, ਮਾਲਾ ਦਾ ਘਮਾਉਣਾ ਤੇ ਦਿਖਾਵੇ ਦੀਆਂ ਧਾਰਮਿਕ ਗਤੀ-ਵਿਧੀਆਂ ਆ ਜਾਣ ਉਸ ਕੌਮ ਦਾ ਬੌਧਿਕ ਵਿਕਾਸ ਰੁੱਕ ਜਾਂਦਾ ਹੈ। ਉਹ ਕੌਮ ਪੁਜਾਰੀ ਦੇ ਵੱਸ ਵਿੱਚ ਪੈ ਕੇ ਆਪਣੇ ਫ਼ਰਜ਼ਾਂ ਤੋਂ ਕੋਹਾਂ ਦੂਰ ਚਲੀ ਜਾਂਦੀ ਹੈ। ਅਜੇਹੀਆਂ ਕੌਮਾਂ ਧਾਰਮਿਕ, ਰਾਜਨੀਤਿਕ, ਸਮਾਜਕ, ਆਰਥਕ ਗ਼ੁਲਾਮੀ ਦੀ ਸ਼ਿਕਾਰ ਹੋ ਕੇ ਰਹਿ ਜਾਂਦੀ ਹੈ। ਕਈ ਵਿਚਾਰੇ ਭੂਤਾਂ-ਪ੍ਰੇਤਾਂ ਦੀ ਗੱਲ ਨੂੰ ਮਨਾਉਣ ਲਈ ਸਾਰੀ ਜ਼ਿੰਦਗੀ ਏਸੇ ਵਿੱਚ ਹੀ ਲੰਘਾ ਦੇਂਦੇ ਹਨ। ਗੱਲ ਇੰਜ ਕਰਨਗੇ ਜਿਵੇਂ ਭੂਤਾਂ ਨਾਲ ਹੁਣੇ ਹੀ ਗੱਲ ਕਰਕੇ ਆਏ ਹੋਣ। ਇੱਕ ਗੁਰਦੁਆਰੇ ਦਾ ਪ੍ਰਧਾਨ ਜਨੀ ਕਿ ਜ਼ਿੰਮੇਵਾਰ ਵਿਆਕਤੀ ਨੇ ਆਪਣੇ ਵਲੋਂ ਧਰਮ ਦੀ ਵਡਿਆਈ ਦੱਸਦਿਆਂ ਤੇ ਆਪਣੀ ਅਕਲ ਦਾ ਜ਼ਨਾਜਾ ਕੱਢਦਿਆਂ ਦਸਿਆ ਕਿ ਜੀ ਸਾਡੇ ਬਜ਼ਰੁਗ ਦਸਦੇ ਹੁੰਦੇ ਸੀ ਕਿ ਫਲਾਣੇ ਫਾਟਕ `ਤੇ ਭੂਤ ਰਹਿੰਦੇ ਹੁੰਦੇ ਸੀ ਕਈ ਵਾਰੀ ਉਹਨਾਂ ਨੇ ਐਕਸੀਡੈਂਟ ਕਰਾਇਆ ਏ, ਤੇ ਹੁਣ ਜਦੋਂ ਦਾ ਓੱਥੇ ਸਾਡੇ ਵੱਡਿਆਂ ਨੇ ਓੱਥੇ ਪਾਠ ਕਰਾਇਆ ਓੱਥੋਂ ਭੂਤ ਪ੍ਰੇਤ ਦੌੜ ਗਏ ਨੇ।

ਭੂਤਾਂ-ਪ੍ਰੇਤਾਂ ਦਾ ਬਹੁਤ ਵੱਡਾ ਹਊਆ ਖੜਾ ਕੀਤਾ ਹੋਇਆ ਹੈ ਤੇ ਕਈ ਵਿਚਾਰੇ ਇਸ ਦਾ ਉਪਾਅ ਲੱਭਦੇ ਫਿਰਦੇ ਅਕਸਰ ਲੁੱਟ ਦਾ ਸ਼ਿਕਾਰ ਹੋ ਜਾਂਦੇ ਹਨ। ਗਰੁਬਾਣੀ ਦੀ ਲੋਅ ਵਿੱਚ ਚੱਲਿਆਂ ਜਿੱਥੇ ਵਹਿਮਾਂ ਭਰਮਾਂ ਤੋਂ ਤੇ ਭੂਤਾਂ ਪ੍ਰੇਤਾਂ ਤੋਂ ਛੁੱਟਕਾਰਾ ਮਿਲਦਾ ਹੈ ਓੱਥੇ ਜ਼ਿੰਦਗੀ ਜਿਉਣ ਦੀ ਸੇਧ ਵੀ ਮਿਲਦੀ ਹੈ।




.