.

ਗੁਰਦੇਵ ਮਾਤਾ ਵਲੋਂ ਬੱਚਿਆਂ ਨੂੰ ਅਸੀਸ

ਅਵਤਾਰ ਸਿੰਘ ਮਿਸ਼ਨਰੀ (੫੧੦-੪੩੨-੫੮੨੭)

ਗੁਰਮਤਿ ਹਰ ਵੇਲੇ ਸਰਬਸਾਂਝਾ ਉਪਦੇਸ਼ ਦਿੰਦੀ ਹੈ ਜੋ ਸਰਬਕਾਲੀ ਹੁੰਦਾ ਹੈ। ਕੁੱਝ ਸੰਪ੍ਰਦਾਈ ਵਿਦਵਾਨ ਅਤੇ ਡੇਰੇਦਾਰ ਜੋ ਬ੍ਰਾਹਮਣੀ ਵੇਦਾਂ ਸ਼ਾਸ਼ਤਰਾਂ ਨੂੰ ਪਹਿਲ ਦਿੰਦੇ ਹਨ, ਉਹ ਗੁਰਬਾਣੀ ਸ਼ਬਦਾਂ ਨਾਲ ਮਨੋਕਲਪਿਤ ਸਾਖੀਆਂ ਜੋੜੀ ਜਾ ਰਹੇ ਹਨ ਜੋ ਗੁਰਮਤਿ ਸਿਧਾਂਤਾਂ ਦਾ ਖੰਡਨ ਕਰਦੀਆਂ ਹਨ। ਮਾਤਾ ਗੰਗਾ ਜੀ ਨੇ ਗੁਰਬਾਣੀ ਦਾ ਇੱਕ ਵੀ ਸ਼ਬਦ ਉਚਾਰਣ ਨਹੀਂ ਕੀਤਾ, ਇਹ ਸ਼ਬਦ ਤਾਂ ਗੁਰੂ ਅਰਜਨ ਦੇਵ ਜੀ ਦਾ ਉਚਾਰਤ ਹੈ। ਬਾਕੀ ਹਰੇਕ ਚੰਗੀ ਮਾਂ ਹੀ ਆਪਣੇ ਬੱਚੇ ਨੂੰ ਅਸੀਸ ਦਿੰਦੀ ਹੈ। ਕੀ ਗੁਰੂ ਨਾਨਕ ਸਾਹਿਬ ਜੀ ਦੀ ਮਾਂ ਮਾਤਾ ਤ੍ਰਿਪਤਾ ਜੀ ਨੇ ਅਸੀਸ ਨਹੀਂ ਸੀ ਦਿੱਤੀ? ਗੁਰਬਾਣੀ ਵਿੱਚ (ਧੀ ਨੂੰ ਛੱਡ ਕੇ) ਕੇਵਲ ਪੁੱਤ੍ਰ ਨੂੰ ਹੀ ਉਪਦੇਸ਼ ਨਹੀਂ ਦਿੱਤਾ ਗਿਆ। ਨਾਲੇ ਸਮੁੱਚੇ ਸੰਸਾਰ ਦੇ ਬੱਚੇ ਬੱਚੀਆਂ (ਪੱਤ੍ਰ-ਪੁਤਰੀਆਂ) ਨੂੰ ਗੁਰੂ ਸਾਂਝਾ ਉਪਦੇਸ਼ ਦਿੰਦਾ ਹੈ। ਇਹ ਮਾਤਾ ਗੰਗਾ ਜੀ ਵਲੋਂ ਇੱਕ ਇਕੱਲੇ ਬਾਲ ਹਰਗੋਬਿੰਦ ਨੂੰ ਹੀ ਉਪਦੇਸ਼ ਰੂਪੀ ਅਸੀਸ ਨਹੀਂ ਬਲਕਿ ਸਾਨੂੰ ਸਭ ਬੱਚੇ ਬੱਚੀਆਂ ਨੂੰ ਗੁਰੂ ਮਾਂ ਦੀ ਸਰਬਕਾਲੀਨ ਅਸੀਸ ਹੈ ਕਿਉਂਕਿ “ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਦੇਵ ਸੁਆਮੀ ਪਰਮੇਸਰਾ” ਸੋ ਸਾਨੂੰ ਗੁਰਬਾਣੀ ਦੇ ਸਮੁੱਚੇ, ਸਰਬਸਾਂਝੇ ਅਤੇ ਸਰਬਕਾਲੀਨ ਸਿਧਾਂਤ ਨੂੰ ਮੁੱਖ ਰੱਖ ਕੇ ਹੀ ਅਰਥ ਕਰਨੇ ਚਾਹੀਦੇ ਹਨ। ਆਓ ਇਸ ਵਿਸ਼ੇ ਨਾਲ ਸਬੰਧਤ ਹੇਠਾਂ ਦਿੱਤੇ ਗਏ ਸ਼ਬਦ ਦੀ ਵਿਚਾਰ ਕਰੀਏ-

ਗੂਜਰੀ ਮਹਲਾ ੫॥ ਜਿਸੁ ਸਿਮਰਤ ਸਭਿ ਕਿਲਵਿਖ ਨਾਸਹਿ ਪਿਤਰੀ ਹੋਇ ਉਧਾਰੋ॥ ਸੋ ਹਰਿ ਹਰਿ ਤੁਮ੍ਹ ਸਦ ਹੀ ਜਾਪਹੁ ਜਾ ਕਾ ਅੰਤੁ ਨ ਪਾਰੋ॥ ੧॥ ਪੂਤਾ ਮਾਤਾ ਕੀ ਆਸੀਸ॥ ਨਿਮਖ ਨ ਬਿਸਰਉ ਤੁਮ੍ਹ ਕਉ ਹਰਿ ਹਰਿ ਸਦਾ ਭਜਹੁ ਜਗਦੀਸੁ॥ ੧॥ ਰਹਾਉ॥ ਸਤਿਗੁਰੁ ਤੁਮ੍ਹ ਕਉ ਹੋਇ ਦਇਆਲਾ ਸੰਤ ਸੰਗ ਤੇਰੀ ਪ੍ਰੀਤ॥ ਕਾਪੜੁ ਪਤਿ ਪਰਮੇਸਰੁ ਰਾਖੀ ਭੋਜਨ ਕੀਰਤਨ ਨੀਤ॥ ੨॥ ਅੰਮ੍ਰਿਤ ਪੀਵਹੁ ਸਦਾ ਚਿਰੁ ਜੀਵਹੁ, ਹਰਿ ਸਿਮਰਤ ਅਨਦ ਅਨੰਤਾ॥ ਰੰਗ ਤਮਾਸਾ ਪੂਰਨ ਆਸਾ, ਕਬਹਿ ਨ ਬਿਆਪੈ ਚਿੰਤਾ॥ ੩॥ ਭਵਰੁ ਤੁਮਾਰਾ ਇਹੁ ਮਨੁ ਹੋਵਉ, ਹਰਿ ਚਰਣਾ ਹੋਹੁ ਕਉਲਾ॥ ਨਾਨਕ ਦਾਸੁ ਉਨ ਸੰਗਿ ਲਪਟਾਇਓ, ਜਿਉ ਬੂੰਦਹਿ ਚਾਤ੍ਰਿਕ ਮਉਲਾ॥ ੪॥ ੩॥ ੪॥ (ਅੰਗ-੪੯੬)

ਹਰ ਇੱਕ ਸ਼ਬਦ ਦਾ ਇੱਕ ਕੇਂਦਰੀ ਭਾਵ ਰਹਾਉ ਦੀ ਪੰਕਤੀ ਵਿੱਚ ਹੁੰਦਾ ਹੈ। ਇਸ ਸ਼ਬਦ ਦੀ ਰਹਾਉ ਦੀ ਪੰਕਤੀ-ਪੂਤਾ ਮਾਤਾ ਕੀ ਆਸੀਸ॥ ਨਿਮਖ ਨ ਬਿਸਰਉ ਤੁਮ੍ਹ ਕਉ ਹਰਿ ਹਰਿ ਸਦਾ ਭਜਹੁ ਜਗਦੀਸੁ॥ ੧॥ ਰਹਾਉ॥ ਵਿੱਚ ਗੁਰੂ (ਮਾਂ) ਅਪਣੇ (ਸਿਖ) ਪੁੱਤਰ ਨੂੰ ਅਸੀਸ ਦੇਂਦੀ ਹੈ ਕਿ ਐ ਸਿਖ ਪੁੱਤਰ ਤੈਨੂੰ ਗੁਰੂ ਮਾਂ ਦੀ ਇਹ ਅਸੀਸ ਹੈ ਕਿ ਤੈਨੂੰ ਪ੍ਰਮਾਤਮਾ ਇੱਕ ਪਲ ਵਾਸਤੇ ਭੀ ਨਾਂ ਭੁਲੇ ਤੂੰ ਸਦਾ ਜਗਤ ਦੇ ਮਾਲਕ ਦਾ ਨਾਮ ਜਪਿਆ ਕਰ। ਗੁਰਬਾਣੀ ਦਾ ਸਿੱਖ ਕੋਈ ਵੀ ਹੋ ਸਕਦਾ ਹੈ ਜੋ ਗੁਰੂ ਸਿਧਾਂਤਾਂ ਨੂੰ ਮੰਨਦਾ ਹੈ। ਇੱਥੇ ਪੂਤਾ ਸ਼ਬਦ ਕੋਮਨ ਹੈ ਜੋ ਧੀ ਅਤੇ ਪੁਤਰ ਦੋਨਾਂ ਲਈ ਸਾਂਝਾ ਹੈ। ਬ੍ਰਾਹਮਣ ਕੇਵਲ ਪੁਤਰਾਂ ਨੂੰ ਚੰਗਾ ਅਤੇ ਪਵਿਤਰ ਮੰਨਦਾ ਅਤੇ ਔਰਤ ਦੀ ਹਰ ਥਾਂ ਤੌਹੀਨ ਕਰਦਾ ਹੈ ਸ਼ਾਇਦ ਇਸੇ ਕਰਕੇ ਸੰਪ੍ਰਦਾਈ ਟਕਸਾਲੀ ਅਤੇ ਡੇਰੇਦਾਰ ਵੀ ਔਰਤ ਨੂੰ ਮਰਦ ਦੇ ਬਰਾਬਰ ਮਾਨਤਾ ਦੇਣ ਨੂੰ ਤਿਆਰ ਨਹੀਂ।

ਜਿਸੁ ਸਿਮਰਤ ਸਭਿ ਕਿਲਵਿਖ ਨਾਸਹਿ ਪਿਤਰੀ ਹੋਇ ਉਧਾਰੋ॥ ਸੋ ਹਰਿ ਹਰਿ ਤੁਮ੍ਹ ਸਦ ਹੀ ਜਾਪਹੁ ਜਾ ਕਾ ਅੰਤੁ ਨ ਪਾਰੋ॥ ੧॥

ਇਸ ਪੰਕਤੀ ਦੇ ਪ੍ਰਚਲਤ ਅਰਥ ਜਿਸ ਪ੍ਰਮਾਤਮਾਂ ਦੇ ਸਿਮਰਨ ਨਾਲ ਸਾਰੇ ਪਾਪ ਨਾਸ ਹੋ ਜਾਂਦੇ ਹਨ ਤੇ ਪਿਤਰਾਂ (ਮਰੇ ਹੋਏ ਵਡੇਰਿਆਂ) ਦਾ ਭੀ ਉਧਾਰ ਹੁੰਦਾ ਹੈ। ਗੁਰਬਾਣੀ ਦੀ ਕਸਵਟੀ ਤੇ ਪੂਰਾ ਨਹੀਂ ਉਤਰਦੇ ਕਿਉਂਕਿ ਗੁਰਬਾਣੀ “ਆਪਣ ਹਥੀਂ ਆਪਣਾ ਆਪੇ ਹੀ ਕਾਜ ਸਵਾਰੀਐ” ਦਾ ਉਪਦੇਸ਼ ਦੇਂਦੀ ਹੈ ਅਤੇ ਕਿਸੀ ਭੀ ਮਨੁੱਖ ਜਾਂ ਮਹਾਂ ਪੁਰਸ਼ ਦਾ ਕੀਤਾ ਹੋਇਆ ਕੋਈ ਭੀ ਧਾਰਮਿਕ ਕੰਮ ਜਾਂ ਸਿਮਰਨ ਪਿਤਰਾਂ (ਜੇ ਉਹ ਅਪਣਾ ਜੀਵਨ ਅੰਧਕਾਰ ਵਿੱਚ ਗੁਜ਼ਾਰ ਗਏ ਹਨ) ਦਾ ਉਧਾਰ ਨਹੀਂ ਕਰ ਸਕਦਾ। ਇਹ ਤਾਂ ਬ੍ਰਾਹਮਣ ਨੇ ਪਿਤਰਾਂ ਦੇ ਪ੍ਰਤੀ ਸ਼ਰਧਾ ਦਿਖਾ ਕੇ, ਪਿਤਰੀ ਦਾਨ ਰਾਹੀਂ ਆਪਣੀ ਪੇਟ ਪੂਜਾ ਦਾ ਪੱਕਾ ਪ੍ਰਬੰਧ ਕੀਤਾ ਹੈ ਤਾਂ ਕਿ ਹੱਥੀਂ ਕਿਰਤ ਨਾਂ ਕਰਨੀ ਪਵੇ। ਇਸੇ ਤਰ੍ਹਾਂ ਅੱਜ ਸਿੱਖ ਡੇਰੇਦਾਰ ਅਤੇ ਸੰਪ੍ਰਦਾਈ ਟਕਸਾਲੀ ਵੱਖਰੀਆਂ ਮਰਯਾਦਾ ਵੰਨ-ਸਵੰਨੀ ਪ੍ਰਕਾਰ ਦੇ ਕਈ ਕਿਸਮ ਦੇ ਮੰਤ੍ਰ ਪਾਠ ਚਲਾ ਕੇ, ਹੱਥੀਂ ਕਿਰਤ ਤੋਂ ਭਗੌੜੇ ਹੋ ਕੇ ਅੰਧ ਵਿਸ਼ਵਾਸ਼ ਵਾਲੀਆਂ ਸਾਖੀਆਂ ਰਾਹੀਂ ਕਰ ਰਹੇ ਹਨ।

ਜੇ ਆਪਾਂ ਥੋੜਾ ਧਿਆਨ ਦੇਈਏ ਤਾਂ ਸਾਨੂੰ ਦਿਖਾਈ ਦੇਵੇਗਾ ਕਿ ਇਸ ਪੰਕਤੀ ਵਿੱਚ ਗੁਰੂ ਅਰਜਨ ਦੇਵ ਜੀ ਪਹਿਲੇ ਗੁਰੂ ਸਾਹਿਬਾਨ ਜੋ ਕਿ ਸਿੱਖ ਦੇ ਅਸਲ ਪਿਉ ਦਾਦੇ ਤੇ ਵਡੇ ਵਡੇਰੇ ਹਨ ਨੇ ਜਿਸ ਤਰ੍ਹਾਂ ਦਾ ਆਤਮਿਕ ਜੀਵਨ ਜੀਅ ਕੇ ਸੰਸਾਰ ਯਾਤਰਾ ਨੂੰ ਸਫਲ ਕੀਤਾ ਤੇ ਜੀਵਨ ਮੁਕਤ ਕਹਾਏ ਦੀ ਉਦਾਹਰਣ ਦੇ ਕੇ ਉਸੀ ਕਿਸਮ ਦਾ ਜੀਵਨ ਜੀਣ ਦੀ ਅਸੀਸ ਅਪਣੇ ਗੁਰਸਿੱਖ ਨੂੰ ਦੇ ਰਹੇ ਹਨ ਕਿ ਐ ਪੁੱਤਰ! ਤੂੰ ਭੀ ਉਸ ਪਿਉ ਦਾਦੇ ਦੇ ਖਜ਼ਾਨੇ ਨੂੰ ਖੋਲ ਅਤੇ ਉਸ ਤੋਂ ਲਾਭ ਉਠਾ। ਜਿਵੇਂ ਇੱਕ ਡਾਕਟਰ ਮਰੀਜ਼ ਨੂੰ ਸਮਝਾਉਂਦਾ ਹੈ ਕਿ ਇਹ ਬੀਮਾਰੀ ਤੇਰੀ ਖਾਨਦਾਨੀ ਬੀਮਾਰੀ ਹੈ ਇਸ ਵਾਸਤੇ ਜਿਹੜੀ ਦਵਾਈ ਤੇਰੇ ਪਿਉ ਦਾਦੇ ਨੇ ਇਸਤੇਮਾਲ ਕਰਕੇ ਇਸ ਬੀਮਾਰੀ ਤੋਂ ਮੁਕਤੀ ਪ੍ਰਾਪਤ ਕੀਤੀ, ਤੂੰ ਭੀ ਉਹ ਦਵਾਈ ਇਸਤੇਮਾਲ ਕਰੇਂ ਤਾਂ ਤੇਰਾ ਵੀ ਇਸ ਬੀਮਾਰੀ ਤੋਂ ਛੁਟਕਾਰਾ ਹੋ ਜਾਵੇਗਾ। ਇਸ ਉਦਾਹਰਣ ਦੇ ਨਾਲ ਹੁਣ ਆਪਾਂ ਇਸ ਪੰਕਤੀ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਜਿਸ ਸਿਮਰਤ-ਜਿਸ ਦੇ ਸਿਮਰਨ ਨਾਲ, ਨਾਸੇ-ਨਸ ਗਏ, ਨਾਸ ਹੋ ਗਏ। ਪਿਤਰੀਂ-ਪਿਤਰ, ਵੱਡੇ ਵਡੇਰੇ, ਹੋਏ ਉਧਾਰੋ-ਉਧਾਰ ਹੋਇਆ।

ਅਰਥ:-ਜਿਸ ਦੇ ਸਿਮਰਨ ਨਾਲ ਤੇਰੇ ਪਿਤਰਾਂ (ਵੱਡੇ ਵੱਡੇਰੇ ਗੁਰੂ ਸਾਹਿਬਾਨ ਤੇ ਭਗਤ ਜਨ) ਦਾ (ਉਨ੍ਹਾਂ ਦੇ ਜੀਵਨ ਵਿੱਚ ਹੀ) ਉਧਾਰ ਹੋਇਆ। ਐ ਗੁਰਸਿਖ ਪੁੱਤਰ! ਤੂੰ ਭੀ ਉਸੀ ਬੇਅੰਤ ਤੇ ਅਪਾਰ ਪ੍ਰਮਾਤਮਾ ਨੂੰ ਸਦਾ ਜਪਦਾ ਰਹੋ।

ਸਤਿਗੁਰੁ ਤੁਮ੍ਹ ਕਉ ਹੋਇ ਦਇਆਲਾ ਸੰਤ ਸੰਗ ਤੇਰੀ ਪ੍ਰੀਤ॥ ਕਾਪੜੁ ਪਤਿ ਪਰਮੇਸਰੁ ਰਾਖੀ ਭੋਜਨ ਕੀਰਤਨ ਨੀਤ॥ ੨॥

ਹੇ ਪੁੱਤਰ! ਸਤਗੁਰੂ ਤੇਰੇ ਉੱਤੇ ਦਇਆਵਾਨ ਰਹੇ ਤੇ ਗੁਰੂ ਨਾਲ ਤੇਰੀ ਪ੍ਰੀਤ ਬਣੀ ਰਹੇ ਕਿਉਂਕਿ ਪ੍ਰਮਾਤਮਾ ਨੇ ਉਨ੍ਹਾਂ ਦਾ (ਕਾਪੜ) ਪੜਦਾ ਤੇ ਇਜ਼ਤ ਸਦਾ ਰਖੀ ਹੈ ਜਿਨ੍ਹਾਂ ਦੀ ਖੁਰਾਕ ਪ੍ਰਮਾਤਮਾ ਦੀ ਸਿਫਤ ਸਲਾਹ ਹੈ।

ਅੰਮ੍ਰਿਤ ਪੀਵਹੁ ਸਦਾ ਚਿਰੁ ਜੀਵਹੁ, ਹਰਿ ਸਿਮਰਤ ਅਨਦ ਅਨੰਤਾ॥ ਰੰਗ ਤਮਾਸਾ ਪੂਰਨ ਆਸਾ, ਕਬਹਿ ਨ ਬਿਆਪੈ ਚਿੰਤਾ॥ ੩॥ ਅੰਮ੍ਰਿਤ-ਮੌਤ ਰਹਿਤ। ਜੀਵਹੁ-ਜਿਉਂਦੇ ਰਹੋ ਭਾਵ ਉੱਚਾ ਜੀਵਨ ਪ੍ਰਾਪਤ ਕਰੀ ਰੱਖੋ। ਅਨੰਦ ਅਨੰਤਾ-ਬੇਹੱਦ ਖੁਸ਼ੀ। ਐ ਬੱਚਿਓ! ਆਤਮਿਕ ਜੀਵਨ ਦੇਣ ਅਤੇ ਅਮਰ ਕਰ ਦੇਣ ਵਾਲਾ ਅੰਮ੍ਰਿਤ ਉਪਦੇਸ਼ ਰੂਪੀ ਜਲ ਸਦਾ ਪੀਂਦੇ ਰਹੋ ਤਾਂ ਕਿ ਸਦਾ ਲਈ ਤੁਹਾਡਾ ਉੱਚਾ ਆਤਮਿਕ ਜੀਵਨ ਬਣਿਆ ਰਹੇ ਕਿਉਂਕਿ ਪ੍ਰਭੂ ਸਿਮਰਨ (ਭਾਵ ਚੰਗੇ ਗੁਣ ਧਾਰਨ ਅਤੇ ਪ੍ਰਭੂ ਨੂੰ ਹਰ ਵੇਲੇ ਯਾਦ) ਕੀਤਿਆਂ ਅਟੱਲ ਆਤਮਿਕ ਅਨੰਦ ਬਣਿਆਂ ਰਹਿੰਦਾ ਹੈ। ਰੰਗ ਤਮਾਸ਼ਾ ਭਾਵ ਪਿਆਰ ਭਰੀਆਂ ਖੁਸ਼ੀਆਂ ਬਣੀਆਂ ਰਹਿੰਦੀਆਂ ਹਨ। ਪ੍ਰਭੂ ਮਿਲਾਪ ਵਾਲੀਆਂ ਸਭ ਆਸਾਂ ਪੂਰੀਆਂ ਹੋ ਜਾਂਦੀਆਂ ਹਨ ਤੇ ਚਿੰਤਾ ਆਪਣਾ ਜ਼ੋਰ ਨਹੀਂ ਪਾ ਸਕਦੀ।

ਭਵਰੁ ਤੁਮਾਰਾ ਇਹੁ ਮਨੁ ਹੋਵਉ, ਹਰਿ ਚਰਣਾ ਹੋਹੁ ਕਉਲਾ॥ ਨਾਨਕ ਦਾਸੁ ਉਨ ਸੰਗਿ ਲਪਟਾਇਓ, ਜਿਉ ਬੂੰਦਹਿ ਚਾਤ੍ਰਿਕ ਮਉਲਾ॥ ੪॥ ੩॥ ੪॥ (ਅੰਗ-੪੯੬) ਹੇ ਪੁੱਤਰ ਸਿੱਖਾ! ਤੇਰਾ ਇਹ ਮਨ ਭੌਰਾ ਬਣਦਾ ਰਹੇ ਤੇ ਪ੍ਰਮਾਤਮਾਂ ਦੇ ਚਰਨ (ਤੇਰੇ ਮਨ ਭਉਰੇ ਵਾਸਤੇ) ਕੰਵਲ ਦੇ ਫੁੱਲ ਬਣਦੇ ਰਹਿਣ। ਹੇ ਨਾਨਕ ਆਖ! ਪ੍ਰਮਾਤਮਾ ਦਾ ਸੇਵਕ ਉਨ੍ਹਾਂ ਚਰਨਾਂ ਨਾਲ ਇਉਂ ਲਿਪਟਿਆ ਰਹਿੰਦਾ ਹੈ ਜਿਵੇਂ ਪਪੀਹਾ ਵਰਖਾ ਦੀ ਬੂੰਦ ਨੂੰ ਵੇਖ ਕੇ ਮੌਲਦਾ ਭਾਵ ਖਿੜਦਾ ਹੈ।

ਸੋ ਗੁਰਮੁਖ ਪਿਆਰਿਓ ਸ਼ਬਦ ਦੀ ਸਿਧਾਂਤਕ ਵੀਚਾਰ ਕਰਨੀ ਚਾਹੀਦੀ ਹੈ ਨਾਂ ਕਿ ਲਕੀਰ ਦੇ ਫਕੀਰ ਬਣ ਕੇ, ਸੁਣੀਆਂ ਸੁਣਾਈਆਂ ਮਨੋ ਕਲਪਿਤ ਕਹਾਣੀਆਂ ਕਥੀ ਜਾਣੀਆਂ ਹਨ। ਆਂਮ ਤੌਰ ਤੇ ਰਾਗੀ ਸਿੰਘ ਹੀ ਇਹ ਸ਼ਬਦ ਪੜ੍ਹਦੇ ਹਨ ਇਸ ਲਈ ਰਾਗੀ ਸਿੰਘਾਂ ਨੂੰ ਅਜਿਹੇ ਸ਼ਬਦਾਂ ਦੀ ਸਿਧਾਂਤਕ ਵੀਚਾਰ ਜਰੂਰ ਕਰਨੀ ਚਾਹੀਦੀ ਹੈ ਜਿਵੇਂ ਪੰਥ ਦੇ ਮਹਾਂਨ ਵਿਦਵਾਨ ਕੀਰਤਨੀਏਂ ਸਿੰਘ ਸਾਹਿਬ ਪ੍ਰੋ. ਦਰਸ਼ਨ ਸਿੰਘ ਜੀ ਕਰਦੇ ਹਨ। ਕਲਪਿਤ ਸਾਖੀਆਂ ਦਾ ਸਹਾਰਾ ਛੱਡ ਕੇ ਸ਼ਬਦ ਪ੍ਰਮਾਣਾਂ ਅਤੇ ਇਤਿਹਾਸਕ ਵਾਕਿਆਂ ਦੀ ਸੇਧ ਵਿੱਚ ਹੀ ਵਿਆਖਿਆ ਕਰਨੀ ਚਾਹੀਦੀ ਹੈ ਜਿਸ ਸਦਕਾ ਗੁਰਮਤਿ ਦੇ ਵਿਲੱਖਣ, ਸੁਨਹਿਰੀ, ਸਿਧਾਂਤਕ, ਵਿਗਿਆਨਕ, ਸਰਬਸਾਂਝੇ ਅਤੇ ਸਰਬਕਾਲੀ ਅਸੂਲਾਂ ਦਾ ਵੱਧ ਤੋਂ ਵੱਧ ਪ੍ਰਚਾਰ ਹੋ ਸਕੇ। ਜੇ ਅਸੀਂ ਨਿਰੋਲ ਬਾਣੀ ਦੀ ਗੱਲ ਕਰਨ ਲੱਗ ਜਾਈਏ ਤਾਂ ਲੰਮੇ ਚੋਲਿਆਂ ਵਾਲੇ ਡੇਰੇਦਾਰ ਸਾਧਾਂ ਤੋਂ ਸਿੱਖ ਕੌਮ ਦਾ ਖਹਿੜਾ ਛੁਡਾਇਆ ਜਾ ਸਕਦਾ ਹੈ ਅਤੇ ਸਮੁੱਚਾ ਸੰਸਾਰ ਗੁਰਮਤਿ ਗਿਆਨ ਤੋਂ ਪ੍ਰਭਾਵਿਤ ਹੋ ਸਕਦਾ ਹੈ। ਇਹ ਹੈ ਗੁਰਦੇਵ ਮਾਤਾ ਦੀ ਆਪਣੇ ਸਿੱਖ ਬੱਚੇ ਬੱਚੀਆਂ ਨੂੰ ਪਿਆਰ ਭਰੀ ਅਸੀਸ।




.