. |
|
ਪ੍ਰਸ਼ਨ: “ਜੋ ਮਾਗਹਿ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ॥” ਵਾਲੀ ਪੰਗਤੀ ਦਾ
ਕੀ ਅਰਥ ਹੈ।
ਉੱਤਰ: ਇਹ ਪੰਗਤੀ
ਗੁਰੂ ਅਰਜਨ ਸਾਹਿਬ ਦੇ ਰਾਗ ਧਨਾਸਰੀ ਵਿੱਚ ਉਚਾਰਣ ਕੀਤੇ ਹੋਏ ਸ਼ਬਦ ਦੀ ਪੰਜਵੀਂ ਪੰਗਤੀ ਹੈ। ਪੂਰਾ
ਸ਼ਬਦ ਇਸ ਤਰ੍ਹਾਂ ਹੈ: “ਚਤੁਰ
ਦਿਸਾ ਕੀਨੋ ਬਲੁ ਅਪਨਾ ਸਿਰ ਊਪਰਿ ਕਰੁ ਧਾਰਿਓ ॥ ਕ੍ਰਿਪਾ ਕਟਾਖ੍ ਅਵਲੋਕਨੁ ਕੀਨੋ ਦਾਸ ਕਾ ਦੂਖੁ
ਬਿਦਾਰਿਓ ॥੧॥ ਹਰਿ ਜਨ ਰਾਖੇ ਗੁਰ ਗੋਵਿੰਦ ॥ ਕੰਠਿ ਲਾਇ ਅਵਗੁਣ ਸਭਿ ਮੇਟੇ ਦਇਆਲ ਪੁਰਖ ਬਖਸੰਦ ॥
ਰਹਾਉ ॥ ਜੋ ਮਾਗਹਿ ਠਾਕੁਰ ਅਪੁਨੇ ਤੇ ਸੋਈ ਸੋਈ ਦੇਵੈ ॥ ਨਾਨਕ ਦਾਸੁ ਮੁਖ ਤੇ ਜੋ ਬੋਲੈ ਈਹਾ ਊਹਾ
ਸਚੁ ਹੋਵੈ ॥੨॥”
{ਪੰਨਾ 681} “ਜੋ ਮਾਗਹਿ ਠਾਕੁਰ
ਅਪੁਨੇ ਤੇ ਸੋਈ ਸੋਈ ਦੇਵੈ॥”
ਦਾ ਭਾਵ ਸਮਝਣ ਲਈ ਪਹਿਲਾਂ ਰਹਾਉ ਦੀਆਂ ਪੰਗਤੀਆਂ
ਨੂੰ ਸਮਝਣਾ ਜ਼ਰੂਰੀ ਹੈ। ਸ਼ਬਦ ਦੀਆਂ ਰਹਾਉ ਦੀਆਂ ਪੰਗਤੀਆਂ ਹਨ
“ਹਰਿ ਜਨ ਰਾਖੇ ਗੁਰ ਗੋਵਿੰਦ॥ ਕੰਠਿ
ਲਾਇ ਅਵਗੁਣ ਸਭਿ ਮੇਟੇ ਦਇਆਲ ਪੁਰਖ ਬਖਸੰਦ॥”
ਇਹਨਾਂ ਪੰਗਤੀਆਂ ਵਿੱਚ ਹੀ ਸ਼ਬਦ ਦਾ ਮੁੱਖ ਭਾਵ ਹੈ, ਅਤੇ ਇਨ੍ਹਾਂ ਤੁਕਾਂ ਦਾ ਹੀ ਵਿਸਥਾਰ ਸ਼ਬਦ ਦੇ
ਬਾਕੀ ਦੋਹਾਂ ਬੰਦਾਂ ਵਿੱਚ ਕੀਤਾ ਗਿਆ ਹੈ। ਗੁਰਦੇਵ ਫ਼ਰਮਾਉਂਦੇ ਹਨ ਕਿ ਵਾਹਿਗੁਰੂ ਆਪਣੇ ਸੇਵਕਾਂ ਦੀ
ਸਦਾ ਰਾਖੀ ਕਰਦਾ ਹੈ। ਪ੍ਰਭੂ ਰਾਖੀ ਕਿਵੇਂ ਕਰਦਾ ਹੈ, ਇਸ ਦੇ ਉੱਤਰ `ਚ ਆਖਦੇ ਹਨ ਕਿ ਦਇਆਲ
ਸਰਬ-ਵਿਆਪਕ ਬਖ਼ਸ਼ਣਹਾਰ ਪ੍ਰਭੂ ਆਪਣੇ ਦਾਸਾਂ ਨੂੰ ਆਪਣੇ ਗਲ ਨਾਲ ਲਾ ਕੇ ਉਹਨਾਂ ਦੇ ਸਾਰੇ ਅਵਗੁਣ
ਮਿਟਾ ਦੇਂਦਾ ਹੈ। ਇਹਨਾਂ ਪੰਗਤੀਆਂ ਦਾ ਠੀਕ ਭਾਵ ਸਮਝਣ ਲਈ ਕੁੱਝ ਗੱਲਾਂ ਨੂੰ ਧਿਆਨ ਵਿੱਚ ਰੱਖਣਾ
ਜ਼ਰੂਰੀ ਹੈ। ਪਹਿਲੀ ਗੱਲ ਇਹ ਹੈ ਕਿ ਵਾਹਿਗੁਰੂ ਵਲੋਂ ਗੁਰਦੇਵ ਸੇਵਕ ਦੀ ਰਾਖੀ ਦੀ ਗੱਲ ਕਰ ਰਹੇ ਹਨ।
ਸਾਨੂੰ ਗੁਰੂ ਗਰੰਥ ਸਾਹਿਬ ਵਿਚੋਂ ਹੀ ਇਹ ਦੇਖਣਾ ਪਵੇਗਾ ਕਿ ਸੇਵਕ ਕਿਸ ਨੂੰ ਆਖਿਆ ਗਿਆ ਹੈ।
ਗੁਰਬਾਣੀ ਵਿੱਚ ਇਸ ਦੇ ਉੱਤਰ `ਚ ਆਖਿਆ ਹੈ ਕਿ
“ਸੋ ਸੇਵਕੁ ਹਰਿ ਆਖੀਐ ਜੋ ਹਰਿ ਰਾਖੈ
ਉਰਿ ਧਾਰਿ ॥ ਮਨੁ ਤਨੁ ਸਉਪੇ ਆਗੈ ਧਰੇ ਹਉਮੈ ਵਿਚਹੁ ਮਾਰਿ” ॥
ਅਰਥ: ਉਹੀ ਮਨੁੱਖ ਪਰਮਾਤਮਾ ਦਾ ਸੇਵਕ ਆਖਿਆ ਜਾ ਸਕਦਾ ਹੈ, ਜੇਹੜਾ ਪਰਮਾਤਮਾ (ਦੀ ਯਾਦ) ਨੂੰ ਆਪਣੇ
ਹਿਰਦੇ ਵਿੱਚ ਟਿਕਾਈ ਰੱਖਦਾ ਹੈ, ਜੇਹੜਾ ਆਪਣੇ ਅੰਦਰੋਂ ਹਉਮੈ ਦੂਰ ਕਰ ਕੇ ਆਪਣਾ ਮਨ ਆਪਣਾ ਸਰੀਰ
ਪਰਮਾਤਮਾ ਦੇ ਹਵਾਲੇ ਕਰ ਦੇਂਦਾ ਹੈ, ਪਰਮਾਤਮਾ ਦੇ ਅੱਗੇ ਰੱਖ ਦੇਂਦਾ ਹੈ। (ਪੰਨਾ 28) ਅਥਵਾ
“ਨਾਨਕ ਸੇਵਕੁ ਸੋਈ ਆਖੀਐ ਜੋ
ਸਿਰੁ ਧਰੇ ਉਤਾਰਿ ॥ ਸਤਿਗੁਰ ਕਾ ਭਾਣਾ ਮੰਨਿ ਲਏ ਸਬਦੁ ਰਖੈ ਉਰ ਧਾਰਿ” ॥
ਅਰਥ: ਹੇ ਨਾਨਕ! ਉਹੀ ਮਨੁੱਖ ਅਸਲੀ ਸੇਵਕ ਅਖਵਾਂਦਾ ਹੈ ਜੋ ਆਪਣੀ ਚਤੁਰਾਈ ਚਲਾਕੀ ਛੱਡ ਦੇਂਦਾ ਹੈ,
ਸਤਿਗੁਰੂ ਦਾ ਭਾਣਾ ਕਬੂਲ ਕਰਦਾ ਹੈ ਅਤੇ ਗੁਰੂ ਦੇ ਸ਼ਬਦ ਨੂੰ ਹਿਰਦੇ ਵਿੱਚ ਪ੍ਰੋ ਰੱਖਦਾ ਹੈ। (ਪੰਨਾ
1247)
ਦੂਜੀ ਗੱਲ ਇਹ ਸਮਝਣ ਵਾਲੀ ਹੈ ਕਿ ਪ੍ਰਭੂ ਰਾਖੀ ਕਿਵੇਂ ਕਰਦਾ ਹੈ। ਇਸ ਦਾ
ਉੱਤਰ ਹਜ਼ੂਰ ਰਹਾਉ ਦੀ ਦੂਜੀ ਪੰਗਤੀ ਵਿੱਚ ਦੇਂਦਿਆਂ ਆਖਦੇ ਹਨ ਕਿ, ਦਇਆ ਦਾ ਘਰ ਬਖ਼ਸ਼ਣਹਾਰ ਵਾਹਿਗੁਰੂ
ਆਪਣੇ ਸੇਵਕਾਂ ਨੂੰ ਆਪਣੇ ਗਲ ਨਾਲ ਲਾ ਕੇ ਉਹਨਾਂ (ਸੇਵਕਾਂ) ਦੇ ਸਾਰੇ ਅਉਗੁਣ ਮਿਟਾ ਦੇਂਦਾ ਹੈ।
ਸਤਿਗੁਰੂ ਆਖਦੇ ਹਨ ਕਿ ਪ੍ਰਭੂ ਸੇਵਕਾਂ ਨੂੰ ਗੁਰੂ ਮਿਲਾਉਂਦਾ ਹੈ ਅਰਥਾਤ ਸੇਵਕ ਸਤਿਗੁਰੂ ਦੀ ਸ਼ਰਨ
`ਚ ਆਉਂਦਾ ਹੈ; ਗੁਰੂ ਦੀ ਸ਼ਰਨੀ ਪੈ ਕੇ ਸੇਵਕ ਆਪਣੀ ਮੱਤ ਦਾ ਤਿਆਗ ਕਰਕੇ ਗੁਰੂ ਦੀ ਮੱਤ ਨੂੰ ਧਾਰਨ
ਕਰਦਾ ਹੈ। ਇਸ ਤਰ੍ਹਾਂ ਨਾਲ ਸੇਵਕ ਆਪਣੇ ਅੰਦਰੋ ਅਉਗੁਣ ਨੂੰ ਮਿਟਾਕੇ ਗੁਣਾਂ ਨੂੰ ਧਾਰਨ ਕਰਦਾ ਹੈ।
ਜਨ ਵਲੋਂ ਅਜੇਹੇ ਉਦਮ ਨਾਲ ਵਿਕਾਰਾਂ ਤੋਂ ਰਹਿਤ ਹੋਕੇ, ਪਵਿਤ੍ਰਤਾ ਦੀ ਜ਼ਿੰਦਗੀ ਜਿਊਣ ਨੂੰ ਹੀ ਗੁਰੂ
ਗਰੰਥ ਸਾਹਿਬ ਦੀ ਬੋਲੀ ਵਿੱਚ ਪ੍ਰਭੂ ਦਾ ਸੇਵਕ ਨੂੰ ਕੰਠ ਨਾਲ ਲਾ ਕੇ ਉਸ ਦੇ ਅਉਗੁਣਾਂ ਨੂੰ
ਮਿਟਾਉਣਾ ਆਖਿਆ ਹੈ। ਇਸ ਭਾਵ ਨੂੰ ਹੀ ਗੁਰੂ ਅਰਜਨ ਸਾਹਿਬ ਨੇ ਇਸ ਤਰ੍ਹਾਂ ਦਰਸਾਇਆ ਹੈ:
ਸਤਿਗੁਰੁ ਸਿਖ ਕੀ ਕਰੈ ਪ੍ਰਤਿਪਾਲ ॥
ਸੇਵਕ ਕਉ ਗੁਰੁ ਸਦਾ ਦਇਆਲ ॥ ਸਿਖ ਕੀ ਗੁਰੁ ਦੁਰਮਤਿ ਮਲੁ ਹਿਰੈ ॥ ਗੁਰ ਬਚਨੀ ਹਰਿ ਨਾਮੁ ਉਚਰੈ ॥
ਸਤਿਗੁਰੁ ਸਿਖ ਕੇ ਬੰਧਨ ਕਾਟੈ ॥ ਗੁਰ ਕਾ ਸਿਖੁ ਬਿਕਾਰ ਤੇ ਹਾਟੈ ॥ ਸਤਿਗੁਰੁ ਸਿਖ ਕਉ ਨਾਮ ਧਨੁ
ਦੇਇ ॥ ਗੁਰ ਕਾ ਸਿਖੁ ਵਡਭਾਗੀ ਹੇ ॥ ਸਤਿਗੁਰੁ ਸਿਖ ਕਾ ਹਲਤੁ ਪਲਤੁ ਸਵਾਰੈ ॥ ਨਾਨਕ ਸਤਿਗੁਰੁ ਸਿਖ
ਕਉ ਜੀਅ ਨਾਲਿ ਸਮਾਰੈ ॥੧॥ {ਪੰਨਾ 286}
ਅਰਥ:- ਸਤਿਗੁਰੂ ਸਿੱਖ ਦੀ
ਰੱਖਿਆ ਕਰਦਾ ਹੈ, ਸਤਿਗੁਰੂ ਆਪਣੇ ਸੇਵਕ ਉਤੇ ਸਦਾ ਮੇਹਰ ਕਰਦਾ ਹੈ। ਸਤਿਗੁਰੂ ਆਪਣੇ ਸਿੱਖ ਦੀ ਭੈੜੀ
ਮਤਿ-ਰੂਪੀ ਮੈਲ ਦੂਰ ਕਰ ਦੇਂਦਾ ਹੈ, ਕਿਉਂਕਿ ਸਿੱਖ ਆਪਣੇ ਸਤਿਗੁਰੂ ਦੇ ਉਪਦੇਸ਼ ਦੀ ਰਾਹੀਂ ਪ੍ਰਭੂ
ਦਾ ਨਾਮ ਸਿਮਰਦਾ ਹੈ। ਸਤਿਗੁਰੂ ਆਪਣੇ ਸਿੱਖ ਦੇ (ਮਾਇਆ ਦੇ) ਬੰਧਨ ਕੱਟ ਦੇਂਦਾ ਹੈ (ਅਤੇ) ਗੁਰੂ ਦਾ
ਸਿੱਖ ਵਿਕਾਰਾਂ ਵਲੋਂ ਹਟ ਜਾਂਦਾ ਹੈ; (ਕਿਉਂਕਿ) ਸਤਿਗੁਰੂ ਆਪਣੇ ਸਿੱਖ ਨੂੰ ਪ੍ਰਭੂ ਦਾ ਨਾਮ-ਰੂਪੀ
ਧਨ ਦੇਂਦਾ ਹੈ (ਤੇ ਇਸ ਤਰ੍ਹਾਂ) ਸਤਿਗੁਰੂ ਦਾ ਸਿੱਖ ਵੱਡੇ ਭਾਗਾਂ ਵਾਲਾ ਬਣ ਜਾਂਦਾ ਹੈ। ਸਤਿਗੁਰੂ
ਆਪਣੇ ਸਿੱਖ ਦਾ ਲੋਕ ਪਰਲੋਕ ਸਵਾਰ ਦੇਂਦਾ ਹੈ। ਹੇ ਨਾਨਕ! ਸਤਿਗੁਰੂ ਆਪਣੇ ਸਿੱਖ ਨੂੰ ਆਪਣੀ ਜਿੰਦ
ਦੇ ਨਾਲ ਯਾਦ ਰੱਖਦਾ ਹੈ।
ਗੁਰਮਤਿ ਦੇ ਇਸ ਸਿਧਾਂਤ ਨੂੰ ਹੀ ਭਾਈ ਗੁਰਦਾਸ ਇਸ ਤਰ੍ਹਾਂ ਬਿਆਨ ਕਰਦੇ
ਹਨ:- ਪਰਤਨ ਪਰਧਨ ਪਰਨਿੰਦ ਮੇਟਿ ਨਾਮੁ ਦਾਨੁ ਇਸਨਾਨ ਦਿੜਾਇਆ। ਗੁਰਮਤਿ ਮਨੁ ਸਮਝਾਇ ਕੈ ਬਾਹਰਿ
ਜਾਂਦਾ ਵਰਜਿ ਰਹਾਇਆ। {ਅਰਥ: ਪਰ ਇਸਤ੍ਰੀ, ਪਰਧਨ, ਪਰਾਈ ਨਿੰਦਾ (ਦੇ ਵਿਕਾਰ) ਮੇਟ ਕੇ ਨਾਮ
ਦਾਨ, ਇਸ਼ਨਾਨ (ਦੀ ਕ੍ਰਿਯਾ) ਦੀ ਦ੍ਰਿੜ ਕਰਾਈ ਹੈ। ਗੁਰੂ ਦੀ ਸਿੱਖਯਾ ਨਾਲ ਮਨ ਨੂੰ ਸਮਝਾ ਕੇ
(ਵਿਖਯਾ ਵਿਖੇ) ਭਟਕਦੇ ਨੂੰ ਅੰਤਰਮੁਖ ਕੀਤਾ ਹੈ।} (ਵਾਰ 29, ਪਉੜੀ 2)
ਸੋ, ਵਾਹਿਗੁਰੂ ਦਾ ਆਪਣੇ ਸੇਵਕ ਨੂੰ ਗਲ ਨਾਲ ਲਾਕੇ ਉਸ ਦੇ ਅਉਗੁਣਾਂ ਨੂੰ
ਮਿਟਾਉਣ ਦਾ ਅਰਥ ਹੋਇਆ ਕਿ ਸੇਵਕ ਗੁਰੂ (ਸ਼ਬਦ) ਰਾਂਹੀ ਪ੍ਰਮਾਤਮਾ ਦੀ ਸਿਫ਼ਿਤ ਸਾਲਾਹ ਕਰਦਾ ਹੋਇਆ
ਅਉਗੁਣਾਂ ਦਾ ਤਿਆਗ ਕਰਕੇ ਪ੍ਰਭੂ ਗੁਣਾਂ ਨੂੰ ਆਪਣੇ ਹਿਰਦੇ `ਚ ਧਾਰਨ ਕਰ ਲੈਂਦਾ ਹੈ।
ਸ਼ਬਦ ਦੀਆਂ ਪਹਿਲੀਆਂ ਪੰਗਤੀਆਂ ਵਿੱਚ ਗੁਰਦੇਵ ਫ਼ਰਮਾਂਦੇ ਹਨ
“ਚਤੁਰ ਦਿਸਾ ਕੀਨੋ ਬਲੁ ਅਪਨਾ ਸਿਰ
ਊਪਰਿ ਕਰੁ ਧਾਰਿਓ ॥ ਕ੍ਰਿਪਾ ਕਟਾਖ੍ ਅਵਲੋਕਨੁ ਕੀਨੋ ਦਾਸ ਕਾ ਦੂਖੁ ਬਿਦਾਰਿਓ” ॥
ਅਰਥ: ਹੇ ਭਾਈ! ਜਿਸ ਪ੍ਰਭੂ ਨੇ ਚੌਹੀਂ ਪਾਸੀਂ (ਸਾਰੀ ਸ੍ਰਿਸ਼ਟੀ ਵਿਚ) ਆਪਣੀ ਕਲਾ ਵਰਤਾਈ ਹੋਈ ਹੈ,
ਉਸ ਨੇ (ਆਪਣੇ ਦਾਸ ਦੇ) ਸਿਰ ਉੱਤੇ ਸਦਾ ਹੀ ਆਪਣਾ ਹੱਥ ਰੱਖਿਆ ਹੋਇਆ ਹੈ। ਮੇਹਰ ਦੀ ਨਿਗਾਹ ਨਾਲ
ਆਪਣੇ ਦਾਸ ਵੱਲ ਤੱਕਦਾ ਹੈ, ਤੇ, ਉਸ ਦਾ ਹਰੇਕ ਦੁੱਖ ਦੂਰ ਕਰ ਦੇਂਦਾ ਹੈ।
ਅਤੇ ਅਖ਼ੀਰਲੀਆਂ ਤੁਕਾਂ ਵਿੱਚ ਫ਼ਰਮਾਉਂਦੇ ਹਨ
“ਜੋ ਮਾਗਹਿ ਠਾਕੁਰ ਅਪੁਨੇ ਤੇ ਸੋਈ
ਸੋਈ ਦੇਵੈ ॥ ਨਾਨਕ ਦਾਸੁ ਮੁਖ ਤੇ ਜੋ ਬੋਲੈ ਈਹਾ ਊਹਾ ਸਚੁ ਹੋਵੈ ॥੨॥
”
ਹੇ ਭਾਈ! ਪ੍ਰਭੂ ਦੇ ਦਾਸ ਆਪਣੇ ਪ੍ਰਭੂ ਪਾਸੋਂ ਜੋ ਕੁਝ ਮੰਗਦੇ ਹਨ ਉਹ ਉਹੀ
ਕੁਝ ਉਹਨਾਂ ਨੂੰ ਦੇਂਦਾ ਹੈ। ਹੇ ਨਾਨਕ! (ਪ੍ਰਭੂ ਦਾ) ਸੇਵਕ ਜੋ ਕੁਝ ਮੂੰਹੋਂ ਬੋਲਦਾ ਹੈ, ਉਹ ਇਸ
ਲੋਕ ਵਿਚ ਪਰਲੋਕ ਵਿਚ ਅਟੱਲ ਹੋ ਜਾਂਦਾ ਹੈ।੨।
ਗੁਣਾਂ ਦੀ ਰਾਸ ਨੂੰ ਅਸਲ ਪੂੰਜੀ ਸਮਝਣ ਵਾਲੇ ਸੇਵਕ, ਵਾਹਿਗੁਰੂ ਪਾਸੋਂ
ਕੇਵਲ ਉਸ ਦੇ ਨਾਮ ਦੀ ਹੀ ਜਾਚਨਾ ਕਰਦੇ ਹਨ। ਉਹਨਾਂ ਨੂੰ ਆਮ ਮੰਗਾਂ ਬਾਰੇ ਸਤਿਗੁਰੂ ਦਾ ਇਹ ਫ਼ਰਮਾਉਣ
ਹਮੇਸ਼ਾਂ ਹੀ ਚੇਤੇ ਰਹਿੰਦਾ ਹੈ ਕਿ
“ਮਮਾ ਮਾਗਨਹਾਰ ਇਆਨਾ ॥ ਦੇਨਹਾਰ ਦੇ
ਰਹਿਓ ਸੁਜਾਨਾ ॥ ਜੋ ਦੀਨੋ ਸੋ ਏਕਹਿ ਬਾਰ ॥ ਮਨ ਮੂਰਖ ਕਹ ਕਰਹਿ ਪੁਕਾਰ ॥ ਜਉ ਮਾਗਹਿ ਤਉ ਮਾਗਹਿ
ਬੀਆ ॥ ਜਾ ਤੇ ਕੁਸਲ ਨ ਕਾਹੂ ਥੀਆ ॥ ਮਾਗਨਿ ਮਾਗ ਤ ਏਕਹਿ ਮਾਗ ॥ ਨਾਨਕ ਜਾ ਤੇ ਪਰਹਿ ਪਰਾਗ” ॥
ਅਰਥ: ਬੇ-ਸਮਝ ਜੀਵ ਹਰ ਵੇਲੇ (ਮਾਇਆ ਹੀ ਮਾਇਆ) ਮੰਗਦਾ ਰਹਿੰਦਾ ਹੈ (ਇਹ
ਨਹੀਂ ਸਮਝਦਾ ਕਿ) ਸਭ ਦੇ ਦਿਲਾਂ ਦੀ ਜਾਣਨ ਵਾਲਾ ਦਾਤਾਰ (ਸਭ ਪਦਾਰਥ) ਦੇਈ ਜਾ ਰਿਹਾ ਹੈ। ਹੇ ਮੂਰਖ
ਮਨ! ਤੂੰ ਕਿਉਂ ਸਦਾ ਮਾਇਆ ਵਾਸਤੇ ਹੀ ਤਰਲੇ ਲੈ ਰਿਹਾ ਹੈਂ? ਉਸ ਦੀਆਂ ਦਿੱਤੀਆਂ ਦਾਤਾਂ ਤਾਂ ਕਦੇ
ਮੁੱਕਣ ਵਾਲੀਆਂ ਹੀ ਨਹੀਂ ਹਨ। (ਹੇ ਮੂਰਖ!) ਤੂੰ ਜਦੋਂ ਭੀ ਮੰਗਦਾ ਹੈਂ (ਨਾਮ ਤੋਂ ਬਿਨਾ) ਹੋਰ ਹੋਰ
ਚੀਜ਼ਾਂ ਹੀ ਮੰਗਦਾ ਰਹਿੰਦਾ ਹੈਂ, ਜਿਨ੍ਹਾਂ ਤੋਂ ਕਦੇ ਕਿਸੇ ਨੂੰ ਭੀ ਆਤਮਕ ਸੁਖ ਨਹੀਂ ਮਿਲਿਆ। ਹੇ
ਨਾਨਕ! (ਆਖ—ਹੇ ਮੂਰਖ ਮਨ!) ਜੇ ਤੂੰ ਮੰਗ ਮੰਗਣੀ ਹੀ ਹੈ ਤਾਂ ਪ੍ਰਭੂ ਦਾ ਨਾਮ ਹੀ ਮੰਗ, ਜਿਸ ਦੀ
ਬਰਕਤਿ ਨਾਲ ਤੂੰ ਮਾਇਕ ਪਦਾਰਥਾਂ ਦੀ ਮੰਗ ਤੋਂ ਪਰਲੇ ਪਾਰ ਲੰਘ ਜਾਏਂ। (ਪੰਨਾ 258)
ਜੀ ਹਾਂ, ਉਹ ਤਾਂ ਸਦਾ ਹੀ ਵਾਹਿਗੁਰੂ ਦੀ ਰਜ਼ਾ ਵਿੱਚ ਰਾਜ਼ੀ ਰਹਿੰਦੇ ਹੋਏ
ਇਹੀ ਅਰਦਾਸ ਕਰਦੇ ਰਹਿੰਦੇ ਹਨ:
ਜੇ ਸੁਖੁ ਦੇਹਿ ਤ ਤੁਝਹਿ ਅਰਾਧੀ ਦੁਖਿ
ਭੀ ਤੁਝੈ ਧਿਆਈ ॥੨॥ ਜੇ ਭੁਖ ਦੇਹਿ ਤ ਇਤ ਹੀ ਰਾਜਾ ਦੁਖ ਵਿਚਿ ਸੂਖ ਮਨਾਈ ॥੩॥
ਅਰਥ: ਹੇ ਪ੍ਰਭੂ! (ਮੇਹਰ ਕਰ) ਜੇ ਤੂੰ ਮੈਨੂੰ ਸੁਖ ਦੇਵੇਂ, ਤਾਂ ਮੈਂ ਤੈਨੂੰ ਹੀ ਸਿਮਰਦਾ ਰਹਾਂ,
ਦੁਖ ਵਿਚ ਭੀ ਮੈਂ ਤੇਰੀ ਹੀ ਆਰਾਧਨਾ ਕਰਦਾ ਰਹਾਂ।੨। ਹੇ ਪ੍ਰਭੂ! ਜੇ ਤੂੰ ਮੈਨੂੰ ਭੁੱਖਾ ਰੱਖੇਂ,
ਤਾਂ ਮੈਂ ਇਸ ਭੁਖ ਵਿਚ ਹੀ ਰੱਜਿਆ ਰਹਾਂਗਾ, ਦੁੱਖਾਂ ਵਿਚ ਮੈਂ ਸੁਖ ਪ੍ਰਤੀਤ ਕਰਾਂਗਾ (ਤੇਰੀ ਇਹ
ਮੇਹਰ ਜ਼ਰੂਰ ਹੋ ਜਾਏ ਕਿ ਮੈਨੂੰ ਤੇਰਾ ਦਰਸਨ ਹੋ ਜਾਏ) ।੩। (ਪੰਨਾ 757)
ਚੂੰਕਿ ਸੇਵਕ ਨੇ ਗੁਰੂ ਕੋਲੋਂ ਇਹ ਗੱਲ ਚੰਗੀ ਤਰ੍ਹਾਂ ਸਮਝ ਲਈ ਹੈ ਕਿ ਅਕਾਲ
ਪੁਰਖ ਕੋਲੋਂ ਕੇਹੜੀ ਸ਼੍ਰੇਸ਼ਟ ਮੰਗ ਮੰਗੀ ਦੀ ਹੈ (ਮਾਗਨਾ ਮਾਗਨੁ ਨੀਕਾ ਹਰਿ ਜਸੁ ਗੁਰ ਤੇ ਮਾਗਨਾ
॥ਪੰਨਾ 1018) ), ਇਸ ਲਈ ਉਹ ਕੇਵਲ ਤੇ ਕੇਵਲ ਆਤਮਕ ਜ਼ਿੰਦਗੀ ਦੇ ਕੰਮ ਆਉਣ ਵਾਲੀ ਰਾਸ ਪੂੰਜੀ ਨੂੰ
ਹੀ ਪ੍ਰਭੂ ਤੋਂ ਮੰਗਦੇ ਹੋਏ ਇਹੀ ਅਰਦਾਸ ਕਰਦੇ ਹਨ:
ਏਕੁ ਚੀਜੁ ਮੁਝੈ ਦੇਹਿ ਅਵਰ ਜਹਰ ਚੀਜ
ਨ ਭਾਇਆ ॥ ਅਰਥ: ਮੈਨੂੰ ਆਪਣਾ ਇੱਕ ‘ਨਾਮ’ ਦੇਹ,
ਹੋਰ ਚੀਜ਼ਾਂ ਜ਼ਹਰ (ਵਰਗੀਆਂ) ਹਨ, ਇਹ ਮੈਨੂੰ ਚੰਗੀਆਂ ਨਹੀਂ ਲੱਗਦੀਆਂ। (ਪੰਨਾ 1291) ਭਾਈ ਗੁਰਦਾਸ
ਜੀ ਅਜੇਹੇ ਸੇਵਕਾਂ ਬਾਰੇ ਹੀ ਕਹਿੰਦੇ ਹਨ ਕਿ: `ਚਾਰਿ ਪਦਾਰਥ ਆਖੀਅਨਿ ਸਤਿਗੁਰ ਦੇਇ ਨ ਗੁਰ ਸਿਖੁ
ਮੰਗੈ।’ (ਵਾਰ 28, ਪਉੜੀ 2)
ਸੋ,
“ਜੋ ਮਾਗਹਿ ਠਾਕੁਰ ਅਪੁਨੇ ਤੇ ਸੋਈ ਸੋਈ ਦੇਵੈ ॥”
ਦਾ ਭਾਵ ਹੈ ਕਿ ਦਾਸ ਪ੍ਰਮਾਤਮਾ ਤੋਂ, ਆਤਮਕ ਜ਼ਿੰਦਗੀ ਜਿਊਣ ਲਈ ਅਕਾਲ ਪੁਰਖ ਤੋਂ ਜੋ ਵੀ ਮੰਗਦਾ ਹੈ
ਵਾਹਿਗੁਰੂ ਸੇਵਕ ਨੂੰ ਉਸ ਨੂੰ ਬਖ਼ਸ਼ਸ਼ ਕਰਦਾ ਹੈ, ਅਰਥਾਤ ਸੇਵਕ ਸਤਿਗੁਰੂ ਰਾਂਹੀ ਗੁਣਾਂ ਦੇ ਮਾਲਕ
ਵਾਹਿਗੁਰੂ ਦੀ ਸਿਫ਼ਤ ਸਾਲਾਹ ਕਰਦਾ ਹੋਇਆ ਉਹਨਾਂ ਗੁਣਾਂ ਨੂੰ ਆਪਣੇ ਅੰਦਰ ਧਾਰਨ ਕਰ ਲੈਂਦਾ ਹੈ। ਜਨ
ਸਤਿਗੁਰੂ ਦੀ ਇਸ ਸਿੱਖਿਆ ਨੂੰ
“ਐਸੀ ਮਾਂਗੁ ਗੋਬਿਦ ਤੇ ॥ ਟਹਲ ਸੰਤਨ
ਕੀ ਸੰਗੁ ਸਾਧੂ ਕਾ ਹਰਿ ਨਾਮਾਂ ਜਪਿ ਪਰਮ ਗਤੇ ॥੧॥ ਰਹਾਉ ॥ ਪੂਜਾ ਚਰਨਾ ਠਾਕੁਰ ਸਰਨਾ ॥ ਸੋਈ
ਕੁਸਲੁ ਜੁ ਪ੍ਰਭ ਜੀਉ ਕਰਨਾ ॥੧॥” (ਪੰਨਾ 1298)
ਹਮੇਸਾਂ ਪੱਲੇ ਬੰਨ੍ਹਕੇ ਸਦਾ ਇਹੋ ਜੇਹੀ ਮੰਗ ਹੀ ਪ੍ਰਭੂ ਤੋਂ ਮੰਗਦਾ ਰਹਿੰਦਾ ਹੈ ਅਤੇ ਅਕਾਲ ਪੁਰਖ
ਸੇਵਕ ਦੀ ਇਸ ਦੈਵੀ ਮੰਗ ਨੂੰ ਪੂਰਾ ਕਰ ਦੇਂਦਾ ਹੈ।
ਜਸਬੀਰ ਸਿੰਘ ਵੈਨਕੂਵਰ
|
. |