ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇੱਕ ਐਸੇ ਨਵੇਕਲੇ ਧਰਮ
ਦੀ ਸਥਾਪਨਾ ਕਿਤੀ ਜੋ ਕਿ ਇੱਕ ਅਕਾਲਪੁਰਖ ਵਿੱਚ ਵਿਸ਼ਵਾਸ ਰਖਦਾ ਹੈ ਅਤੇ ਇਸ ਤੋ ਛੁੱਟ ਕਿਸੇ ਵੀ ਹੋਰ
ਦੇਵੀ ਦੇਵਤੇ ਨੂੰ ਨਹੀਂ ਮੰਨਦਾ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਗਮਨ ਤੋ ਪਹਿਲਾ ਭਾਰਤ ਉੱਪ
ਮਹਾਦੀਪ ਵਿੱਚ ਮੁੱਖ ਰੂਪ ਵਿੱਚ ਦੋ ਧਰਮ ਪ੍ਰਚਲਿਤ ਸਨ, ਹਿੰਦੂ ਅਤੇ ਇਸਲਾਮ, ਪਰ ਦੋਨੋ ਹੀ ਧਰਮ ਇੱਕ
ਅਕਾਲਪੁਰਖ ਦੀ ਬੰਦਗੀ ਕਰਨ ਦੀ ਥਾਵੇਂ ਕਈ ਤਰ੍ਹਾ ਦੇ ਕਰਮ ਕਾਂਡਾ ਵਿੱਚ ਫਸੇ ਹੋਏ ਸਨ ਜਿਵੇਂ ਕਿ,
ਪਥੱਰ ਪੂਜਾ, ਮੜੀ ਮਸਾਨੀ, ਥਾਗੇ ਤਵੀਤ, ਜੰਤਰ ਮੰਤਰ, ਸ਼ਗਨ ਅਪਸ਼ਗਨ, ਤਿਥਾਂ ਵਾਰਾ ਦੀ ਵੀਚਾਰ, ਜਾਤ
ਪਾਤ ਦਾ ਵਿਤਕਰਾ ਅਤੇ ਹੋਰ ਅਨੇਕਾ ਤਰ੍ਹਾ ਦੇ ਵਹਿਮ ਭਰਮ। ਗੁਰੂ ਜੀ ਨੇ ਲੋਕਾਈ ਨੂੰ ਇਨ੍ਹਾ ਚੀਜਾਂ
ਦੀ ਥਾਵੇਂ ਇੱਕ ਅਕਾਲਪੁਰਖ ਦੇ ਲੜ ਲਾਇਆ ਅਤੇ ਉਸ ਅਕਾਲਪੁਰਖ ਦੀ ਇਲਾਹੀ ਬਾਣੀ ਬਖਸ਼ੀ ਜਿਸ ਬਾਰੇ
ਗੁਰਬਾਣੀ ਦਾ ਫੁਰਮਾਣ ਹੈ,
“ਸਤਿਗੁਰ ਕੀ ਬਾਣੀ ਸਤਿ ਸਤਿ ਕਰਿ ਜਾਣਹੁ ਗੁਰਸਿਖਹੁ ਹਰਿ ਕਰਤਾ ਆਪਿ ਮੁਹਹੁ
ਕਢਾਏ॥” ਪੰਨਾ 308
ਸ਼੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਬਾਣੀ ਸਦੀਵੀਂ ਸੱਚ ਹੈ ਭਾਵ ਇਹ ਉਹ ਗਿਆਨ
ਹੈ ਜਿਹੜਾ ਕਿ ਆਉਣ ਵਾਲੀਆਂ ਕਈ ਹਜਾਰ ਜਾਂ ਕਈ ਲੱਖ ਸਦੀਆਂ ਤਕ ਹਰ ਕਿਸੇ ਤੇ ਉਸੇ ਹੀ ਸਟੀਕਤਾ ਨਾਲ
ਲਾਗੂ ਹੋਵੇਗਾ ਜਿਵੇਂ ਅੱਜ ਹਰ ਇੱਕ ਤੇ ਪੁਰੀ ਸਟੀਕਤਾ ਨਾਲ ਲਾਗੂ ਹੁੰਦਾ ਹੈ, ਮਤਲਬ ਕਿ ਇਸ ਉਤੇ
ਸਮੇਂ ਦਾ ਕੋਈ ਪ੍ਰਭਾਵ ਨਹੀਂ ਪਵੇਗਾ, ਸਮੇ ਦੇ ਬਦਲਨ ਨਾਲ ਇਸ ਦੀ ਪ੍ਰਮਾਣਿਕਤਾ ਘੱਟ ਜਾ ਖਤਮ ਨਹੀਂ
ਹਵੇਗੀ।
ਗੁਰਬਾਣੀ ਦਾ ਸਿੱਖ ਵਾਸਤੇ ਕੀ ਮਹਤੱਵ ਹੈ, ਇਹ ਸ਼੍ਰੀ ਗੁਰੂ ਨਾਨਕ ਦੇਵ ਜੀ
ਨੇ ਆਪਣੀ ਬਾਣੀ ਸਿਧ ਗੋਸਟਿ ਵਿੱਚ ਦਸਿਆ ਹੈ,
“ਪਵਨ ਅਰੰਭੁ ਸਤਿਗੁਰ ਮਤਿ ਵੇਲਾ॥ ਸਬਦੁ ਗੁਰੂ ਸੁਰਤਿ ਧੁਨਿ ਚੇਲਾ॥” ਪੰਨਾ
943
ਸ਼੍ਰੀ ਗੁਰੁ ਰਾਮਦਾਸ ਜੀ ਦਾ ਫੁਰਮਾਣ ਹੈ,
“ਬਾਣੀ ਗੁਰੂ ਗੁਰੁ ਹੈ ਬਾਣੀ ਵਿਚਿ ਬਾਣੀ ਅਮ੍ਰਿਤੁ ਸਾਰੇ॥
ਗੁਰੁ ਬਾਣੀ ਕਹੈ ਸੇਵਕੁ ਜਨੁ ਮਾਨੈ ਪਰਤਖਿ ਗੁਰੂ ਨਿਸਤਾਰੇ॥” ਪੰਨਾ 982
ਗੁਰਬਾਣੀ ਸਾਡਾ ਪਰਤੱਖ, ਹਾਜਰ ਨਾਜਰ ਗੁਰੂ ਹੈ, ਇਸ ਵਿੱਚ ਹੀ ਆਤਮਾ ਨੂੰ
ਸੁੱਖ ਦੇਣ ਵਾਲੇ ਸਾਰੇ ਅਮ੍ਰਿਤ ਹਨ। ਜੇ ਕੋਈ ਇਸ ਨੂੰ ਤੋਤਾ ਰਟਨ ਜਾ ਪੈਸੇ ਦੇ ਕੇ ਪਾਠ ਕਰਾਉਣ ਦੀ
ਥਾਵੇਂ, ਪ੍ਰੇਮ ਨਾਲ ਵੀਚਾਰ ਕੇ ਪੜ੍ਹੇ ਅਤੇ ਇਹ ਸਮਝਣ ਦੀ ਕੋਸ਼ਿਸ਼ ਕਰੇ ਕਿ ਇਸ ਵਿੱਚ ਕੀ ਲਿਖਿਆ
ਹੋਇਆ ਹੈ ਅਤੇ ਇਹ ਮੇਰੇ ਜੀਵਨ ਤੇ ਕਿਵੇਂ ਢੁਕਦੀ ਹੈ ਅਤੇ ਫਿਰ ਉਸ ਮੁਤਾਬਿਕ ਆਪਣਾ ਜੀਵਨ ਢਾਲੇ,
ਤਾਂ ਗੁਰਬਾਣੀ ਦਾ ਆਨੰਦ ਆਉਂਦਾ ਹੈ, ਅਤੇ ਆਤਮਾਕ ਸੁੱਖ ਪ੍ਰਾਪਤ ਹੁੰਦਾ ਹੈ, ਫੇਰ ਦੁਨਿਆਵੀ ਸੁੱਖ
ਦੁੱਖ ਕੋਈ ਮਾਇਨੇ ਨਹੀਂ ਰੱਖਦੇ, ਫੇਰ ਸਾਨੂੰ ਜੇ ਕੋਈ ਦੁਨਿਆਵੀ ਦੁੱਖ ਮਿਲਦਾ ਹੈ, ਤਾਂ ਅਸੀ ਉਸ
ਨੂੰ ਦੂਰ ਕਰਨ ਵਾਸਤੇ ਚਲੀਏ ਜਾਂ ਸੁਖਨਾ ਨਹੀਂ ਸੁਖਦੇ ਜਾਂ ਕੋਈ ਧਾਗਾ ਤਵੀਤ ਨਹੀਂ ਕਰਵਾਉਂਦੇ ਜਾਂ
ਕਿਸੇ ਅਖੌਤੀ ਬਾਬੇ ਜਾਂ ਸੰਤ ਕੋਲ ਨਹੀਂ ਜਾਂਦੇ, ਕਿਉਂਕਿ ਸਾਨੂੰ ਸਮਝ ਆ ਜਾਂਦੀ ਹੈ ਕਿ ਇਹ ਤਾ ਸਭ
ਉਸ ਅਕਾਲਪੁਰਖ ਪਰਮਾਤਮਾਂ ਦੀ ਰਜ਼ਾ ਹੈ, ਅਤੇ ਉਸ ਦੀ ਰਜ਼ਾ ਵਿੱਚ ਰਹਿਣਾ ਹੀ ਉਸ ਦਾ ਹੁਕਮ ਮੰਨਣਾ ਹੈ
ਅਤੇ ਜਦੋ ਅਸੀ ਅਕਾਲਪੁਰਖ ਦਾ ਹੁਕਮ ਮਨਦੇ ਹਾਂ ਤਾਂ ਸਾਡੀ ਕੂੜ ਦੀ ਕੰਧ ਟੁੱਟ ਜਾਂਦੀ ਹੈ ਅਤੇ ਸਾਡੇ
ਅੰਦਰ ਸਚਿਆਰ (ਗੁਰੂ, ਗੁਰਬਾਣੀ) ਦਾ ਪ੍ਰਕਾਸ਼ ਹੋ ਜਾਂਦਾ ਹੈ,
“ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ॥
ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ॥” ਪੰਨਾ 1
“ਹੁਕਮਿ ਮੰਨਿਐ ਹੋਵੈ ਪਰਵਾਣੁ ਤਾ ਖਸਮੈ ਕਾ ਮਹਲੁ ਪਾਇਸੀ॥” ਪੰਨਾ 471
ਸੁੱਖ ਦੁੱਖ ਦੁਨਿਆਵੀ ਹਨ ਅਤੇ ਜਦੋ ਤੱਕ ਅਸੀ ਦੁਨਿਆਵੀ ਪੱਧਰ ਤੇ ਵਿਚਰਦੇ
ਹਾਂ ਇਨ੍ਹਾ ਦਾ ਸਾਡੇ ਤੇ ਅਸਰ ਹੁੰਦਾ ਹੈ, ਜਦੋ ਸਾਡੇ ਅੰਦਰ ਗੁਰਬਾਣੀ ਦੀ ਸਮਝ ਪੈਦਾ ਹੁੰਦੀ ਹੈ
ਤਾਂ ਸਾਡੀ ਆਤਮਕ ਤੌਰ ਤੇ ਉਨਤੀ ਹੁੰਦੀ ਹੈ ਅਤੇ ਅਸੀ ਗੁਰੂ ਦੇ ਨੇੜੇ ਪਹੁੰਚਦੇ ਹਾਂ ਤਾਂ ਫੇਰ
ਦੁਨਿਆਵੀ ਸੁੱਖ ਦੁੱਖ ਸਾਡੇ ਤੇ ਅਸਰ ਨਹੀਂ ਕਰਦੇ ਅਤੇ ਸਾਨੂੰ ਸਮਝ ਆ ਜਾਂਦੀ ਹੈ ਕਿ,
“ਸੁਖੁ ਦੁਖੁ ਦੋਇ ਦਰਿ ਕਪੜੇ ਪਹਿਰਹਿ ਜਾਇ ਮਨੁਖ॥” ਪੰਨਾ 149
“ਸੁਖੁ ਦੁਖੁ ਤੇਰੀ ਆਗਿਆ ਪਿਆਰੇ ਦੂਜੀ ਨਾਹੀ ਜਾਇ॥” ਪੰਨਾ 432
ਇਹ ਸਮਝ ਆ ਜਾਂਦੀ ਹੈ ਕਿ ਸੁੱਖ ਦੁੱਖ ਤਾਂ ਸਾਡੇ ਪਾਏ ਹੋਏ ਕਪੜਿਆਂ ਵਾਂਗ
ਹਨ, ਜਿਵੇਂ ਅਸੀਂ ਕਪੜੇ ਲਾਅ ਅਤੇ ਪਾਅ ਲੈਂਦੇ ਹਾਂ ਉਸੇ ਤਰ੍ਹਾ ਸੁੱਖ ਦੁੱਖ ਆ ਅਤੇ ਚਲੇ ਜਾਂਦੇ
ਹਨ। ਇਨ੍ਹਾ ਨੂੰ ਅਸੀਂ ਅਕਾਲਪੁਰਖ ਦੀ ਆਗਿਆ, ਹੁਕਮ, ਰਜ਼ਾ ਮੰਨਦੇ ਹਾਂ ਅਤੇ ਫੇਰ ਸਾਨੂੰ ਕੋਈ
ਦੁਨਿਆਵੀ ਦੁੱਖ ਆਉਂਦਾ ਹੈ ਤਾਂ ਅਸੀਂ ਇਨ੍ਹਾ ਦੇ ਨਿਵਾਰਨ ਵਾਸਤੇ ਕਿਸੇ ਦੁਜੀ ਜਗ੍ਹਾ ਨਹੀਂ ਜਾਂਦੇ।
ਗੁਰਬਾਣੀ ਵਿੱਚ ਜਿੱਥੇ ਵੀ ਸੁੱਖ ਦੁੱਖ ਦੀ ਗੱਲ ਕੀਤੀ ਹੈ ਉਹ ਆਤਮਕ ਸੁੱਖ
ਦੁੱਖ ਦੀ ਗੱਲ ਕੀਤੀ ਹੈ, ਅਤੇ ਜਿੱਥੇ ਦੁਨਿਆਵੀ ਸੁੱਖ ਦੁੱਖ ਦੀ ਗੱਲ ਕਿਤੀ ਹੈ ਉਥੇ ਫੁਰਮਾਨ ਹੈ,
“ਜੇ ਸੁਖੁ ਦੇਹਿ ਤ ਤੁਝਹਿ ਅਰਾਧੀ ਦੁਖਿ ਭੀ ਤੁਝੈ ਧਿਆਈ॥
ਜੇ ਭੁਖ ਦੇਹਿ ਤ ਇਤ ਹੀ ਰਾਜਾ ਦੁਖ ਵਿਚਿ ਸੂਖ ਮਨਾਈ॥
ਤਨੁ ਮਨੁ ਕਾਟਿ ਕਾਟਿ ਸਭੁ ਅਰਪੀ ਵਿਚਿ ਅਗਨੀ ਆਪੁ ਜਲਾਈ॥
ਪਖਾ ਫੇਰੀ ਪਾਣੀ ਢੋਵਾ ਜੋ ਦੇਵਹਿ ਸੋ ਖਾਈ॥
ਨਾਨਕੁ ਗਰੀਬੁ ਢਹਿ ਪਇਆ ਦੁਆਰੈ ਹਰਿ ਮੇਲਿ ਲੈਹੁ ਵਡਿਆਈ॥” ਪੰਨਾ 757
ਆਤਮਕ ਸੁੱਖ ਤੋਂ ਭਾਵ ਇਨਸਾਨ ਦੀ ਉਹ ਅਵਸਥਾ, ਜਦੋ ਉਸ ਦੇ ਮਨ ਵਿੱਚ ਨਾਮ,
ਗੁਰਬਾਣੀ ਵੱਸ ਜਾਂਦੀ ਹੈ, ਭਾਵ ਜਦੋ ਉਸ ਦੀ ਜੀਵਨ ਜਾਂਚ ਗੁਰਬਾਣੀ ਅਨੁਸਾਰ ਹੋ ਜਾਂਦੀ ਹੈ।
“ਮੇਰੇ ਮਨ ਗੁਰ ਸਬਦੀ ਸੁਖੁ ਹੋਇ॥
ਗੁਰ ਪੂਰੇ ਕੀ ਚਾਕਰੀ ਬਿਰਥਾ ਜਾਇ ਨ ਕੋਇ॥” ਪੰਨਾ 46
ਅਤੇ ਜਦੋ ਉਸ ਮਨ ਵਿੱਚ ਗੁਰਬਾਣੀ ਵੱਸ ਜਾਂਦੀ ਹੈ ਉਸ ਦੀਆਂ ਤ੍ਰਿਸਨਾਵਾਂ
ਖਤਮ ਹੋ ਜਾਂਦੀਆਂ ਹਨ, ਉਹ ਵਹਿਮਾਂ ਭਰਮਾਂ ਤੋਂ ਮੁਕਤ ਹੋ ਜਾਂਦਾ ਹੈ, ਉਹ ਵਿਕਾਰਾਂ ਦੇ ਵੱਸ ਵਿੱਚ
ਨਹੀਂ ਰਹਿੰਦਾ, ਮਾਇਆ ਉਸ ਨੂੰ ਪੋਹ ਨਹੀਂ ਸਕਦੀ, ਸੱਚ ਦੇ ਨਾਮ, ਸਤਿਨਾਮ, ਦਾ ਉਸ ਦੇ ਮਨ ਵਿੱਚ
ਪ੍ਰਕਾਸ਼ ਹੋ ਜਾਣ ਕਰਕੇ ਉਸ ਦਾ ਜੀਵਨ ਵੀ ਸਤਸਰੂਪ ਹੋ ਜਾਂਦਾ ਹੈ ਅਤੇ ਗੁਰਬਾਣੀ ਦੀਆਂ ਇਹ ਪੰਕਤੀਆਂ
ਉਸ ਉਪਰ ਢੁਕਦੀਆਂ ਹਨ,
“ਸਚੁ ਤਾ ਪਰੁ ਜਾਣੀਐ ਜਾ ਰਿਦੈ ਸਚਾ ਹੋਇ॥
ਕੂੜ ਕੀ ਮਲੁ ਉਤਰੈ ਤਨੁ ਕਰੇ ਹਛਾ ਧੋਇ॥” ਪੰਨਾ 468
ਆਤਮਕ ਦੁੱਖ ਤੋਂ ਭਾਵ ਇਨਸਾਨ ਦੀ ਉਹ ਅਵਸਥਾ, ਜਦੋ ਉਸ ਦੇ ਮਨ ਵਿਚੋਂ ਨਾਮ,
ਗੁਰਬਾਣੀ ਵਿਸਰ ਜਾਂਦੀ ਹੈ, ਭਾਵ ਜਦੋ ਉਸ ਦੀ ਜੀਵਨ ਜਾਂਚ ਗੁਰਬਾਣੀ ਅਨੁਸਾਰ ਨਹੀਂ ਰਹਿੰਦੀ।
“ਸਬਦੁ ਨ ਚੀਨੈ ਸਦਾ ਦੁਖੁ ਹਰਿ ਦਰਗਹਿ ਪਤਿ ਖੋਇ॥
ਹਉਮੈ ਗੁਰਮੁਖਿ ਖੋਈਐ ਨਾਮਿ ਰਤੇ ਸੁਖੁ ਹੋਇ॥” ਪੰਨਾ 29
ਅਤੇ ਜਦੋ ਉਸ ਦੇ ਮਨ ਵਿਚੋਂ ਗੁਰਬਾਣੀ ਵਿਸਰ ਜਾਂਦੀ ਹੈ ਉਹ ਵਿਕਾਰਾਂ ਦੇ
ਵੱਸ ਵਿੱਚ ਹੁੰਦਾ ਹੈ, ਉਹ ਵਹਿਮਾਂ ਭਰਮਾਂ ਵਿੱਚ ਫਸੇ ਹੋਣ ਕਰਕੇ ਡਰਪੋਕ ਮਾਨਸਿਕਤਾ ਦਾ ਹੁੰਦਾ ਹੈ,
ਉਹ ਮਾਇਆ ਵਿੱਚ ਗ੍ਰਸਿਆ ਹੁੰਦਾ ਹੈ, ਅਤੇ ਗੁਰਬਾਣੀ ਦੀਆਂ ਇਹ ਪੰਕਤੀਆਂ ਉਸ ਉਪਰ ਢੁਕਦੀਆਂ ਹਨ,
“ਬਿਰਥਾ ਕਹਉ ਕਉਨ ਸਿਉ ਮਨ ਕੀ॥
ਲੋਭਿ ਗ੍ਰਸਿਓ ਦਸ ਹੂ ਦਿਸ ਧਾਵਤ ਆਸਾ ਲਾਗਿੳ ਧਨ ਕੀ॥
ਸੁਖ ਕੈ ਹੇਤਿ ਬਹੁਤੁ ਦੁਖੁ ਪਾਵਤ ਸੇਵ ਕਰਤ ਜਨ ਜਨ ਕੀ॥
ਦੁਆਰਹਿ ਦੁਆਰਿ ਸੁਆਨ ਜਿਉ ਡੋਲਤ ਨਹ ਸੁਧ ਰਾਮ ਭਜਨ ਕੀ॥” ਪੰਨਾ 411
ਜੇ ਅਸੀ ਗੁਰਬਾਣੀ ਨੂੰ ਵੀਚਾਰੀਏ ਤਾਂ ਸਮਝ ਅਉਂਦੀ ਹੈ ਕਿ ਇਹ ਧਾਗੇ ਤਵੀਤ,
ਮੜੀ ਮਸਾਨੀ, ਵਹਿਮ ਭਰਮ, ਦੇਵੀ ਦੇਵਤੇ, ਅਖੌਤੀ ਸੰਤ, ਬਾਬੇ ਅਦਿ ਇਹ ਸਭ ਸਿੱਖਾਂ ਵਾਸਤੇ ਨਹੀਂ ਹਨ।
ਸਿੱਖ ਨੂੰ ਭਾਵੇ ਸੁੱਖ ਆਵੇ ਭਾਵੇਂ ਦੁੱਖ, ਉਹ ਅਕਾਲਪੁਰੱਖ ਦੀ ਰਜ਼ਾ ਵਿੱਚ ਰਹਿੰਦਾ ਹੋਇਆ ਉਸ ਦਾ
ਸ਼ੁਕਰਾਨਾ ਕਰਦਾ ਹੈ, ਕਿਉਕਿ,
“ਸੋਗ ਹਰਖ ਮਹਿ ਆਵਣ ਜਾਣਾ॥ ਤਿਨਿ ਸੁਖੁ ਪਾਇਆ ਜੋ ਪ੍ਰਭ ਭਾਣਾ॥” ਪੰਨਾ 192