ਤ੍ਰਿਯਾ ਚਰਿਤ੍ਰ
(ਦਸਮ ਗ੍ਰੰਥ, ਪੰਨਾ 809 - 1388)
ੴ ਸ੍ਰੀ ਵਾਹਿਗੁਰੂ ਜੀ ਕੀ ਫਤਹ।।
ਸ੍ਰੀ ਭਗਉਤੀ ਜੀ ਸਹਾਇ।।
ਅਬ ਪਖਿਆਨ ਚਰਿਤ੍ਰ ਲਿਖਯਤੇ।। ਪਾਤਸ਼ਾਹੀ 10. ।
ਭੁਜੰਗ ਛੰਦ।। ਤਵਪ੍ਰਸਾਦਿ।। (ਪੰਨਾ 809, ਦਸਮ ਗ੍ਰੰਥ)
ਮੰਗਲਾਚਰਨ ਵਿੱਚ ਕਵੀ ਭਗਉਤੀ ਦੇਵੀ ਤੋਂ ਸਹਾਇਤਾ ਦਾ ਜਾਚਕ ਹੈ। ਹਿੰਦੂ ਧਰਮ
ਗ੍ਰੰਥ ਚਿਰਿਤੋਕ ਨਾਮੇ ਦਾ ਉਲੱਥਾ ਚਰਿਤ੍ਰੋਪਾਖਿਆਨ ਹੈ। ਇਸ ਰਚਨਾ ਵਿੱਚ 404 ਤ੍ਰੀਯ ਚਰਿਤ੍ਰ ਜਾਂ
ਕਹਾਣੀਆਂ ਹਨ। ਇਨ੍ਹਾਂ ਚਰਿਤ੍ਰਾਂ ਵਿੱਚ ਉਨ੍ਹਾਂ ਇਸਤ੍ਰੀਆਂ ਦੀਆਂ ਕਹਾਣੀਆਂ ਹਨ, ਜੋ ਮਕਰ ਫ਼ਰੇਬ
ਨਾਲ ਘਰ ਦੇ ਬਾਹਰ ਮਰਦਾਂ ਨੂੰ ਆਪਣੀ ਕਾਮ ਵਾਸ਼ਨਾ ਦੀ ਪੂਰਤੀ ਲਈ ਬੁਲਾਉਂਦੀਆਂ ਹਨ ਤੇ ਮਜਬੂਰ ਕਰ
ਦਿੰਦੀਆਂ ਹਨ। ਇਹ ਆਪਣੇ ਇਸ਼ਟ ‘ਭਗਉਤੀ/ਕਾਲ’ ਆਦਿ ਪਾਸ ਬੇਨਤੀਆਂ ਵੀ ਕਰਦੀਆਂ ਹਨ। ਇਨ੍ਹਾਂ
ਚਰਿਤ੍ਰਾਂ ਨੂੰ ਪੜ੍ਹਨ ਸੁਣਨ ਵਾਲੇ ਮਨੁੱਖਾਂ ਅਤੇ ਤ੍ਰੀਮਤਾਂ ਦੇ ਮਨਾਂ ਵਿੱਚ ਕਾਮ ਦਾ ਇਤਨਾ
ਪ੍ਰਭਾਉ ਪੈਦਾ ਹੁੰਦਾ ਹੈ ਕਿ ਅਕਲ ਅਤੇ ਮਤ ਦਾ ਸੰਤੁਲਨ ਬਿਗੜ ਜਾਂਦਾ ਹੈ। ਸਦਾਚਾਰੀ ਮਨੁੱਖ ਵੀ ਕਾਮ
ਦੇ ਅਧੀਨ ਹੋ ਕੇ ਕੁਕਰਮ ਕਰਦਾ ਹੈ। ਫੜਿਆ ਜਾਵੇ ਤਾਂ ਸਮਾਜ ਵਿੱਚ ਸ਼ਰਮਸਾਰ ਅਤੇ ਖੁਆਰ ਹੁੰਦਾ ਹੈ,
ਤੇ ਸਰਕਾਰ ਕਰੜੇ ਦੰਡ ਦਿੰਦੀ ਹੈ। ਇਸ ਅਪਰਾਧ ਨੂੰ ਧਰਮ ਰਾਜ ਅੱਗੇ ਛੁਪਾਇਆ ਨਹੀਂ ਜਾ ਸਕਦਾ ਤੇ ਉਹ
ਵੀ ਮਰਨ ਉਪਰੰਤ ਦੰਡ ਦਿੰਦਾ ਹੈ। ਇਹ ਚਰਿਤ੍ਰ ਕਿਸੇ ਘਰ ਵੀ ਪੜ੍ਹੇ, ਸੁਣੇ ਨਹੀਂ ਜਾ ਸਕਦੇ।
ਗੁਰਬਾਣੀ ਇਸ ਤਰ੍ਹਾਂ ਉਪਦੇਸ਼ ਦਿੰਦੀ ਹੈ:
ਦੇਇ ਕਿਵਾੜ ਅਨਿਕ ਪੜਦੇ ਮਹਿ ਪਰ ਦਾਰਾ ਸੰਗਿ ਫਾਕੈ॥
ਚਿਤ੍ਰ ਗੁਪਤੁ ਜਬ ਲੇਖਾ ਮਾਗਹਿ ਤਬ ਕਉਣੁ ਪੜਦਾ ਤੇਰਾ ਢਾਕੈ॥
(ਪੰਨਾ 616, ਗੁਰੂ ਗ੍ਰੰਥ ਸਾਹਿਬ)
ਮਨੁੱਖ ਦਰਵਾਜ਼ੇ ਬੰਦ ਕਰਕੇ ਅਨੇਕਾਂ ਪਰਦਿਆਂ ਵਿੱਚ ਪਰਾਈ ਇਸਤ੍ਰੀ ਨਾਲ
ਕੁਕਰਮ ਕਰਦਾ ਹੈ, ਜਦੋਂ ਧਰਮਰਾਜ ਦੇ ਦੂਤ ਹਿਸਾਬ ਮੰਗਣਗੇ ਤਦੋਂ ਕੋਈ ਵੀ ਉਨ੍ਹਾਂ ਦੀਆਂ ਕਰਤੂਤਾਂ
ਉੱਤੇ ਪਰਦਾ ਨਹੀਂ ਪਾ ਸਕਦਾ।
ਸਾਡੇ ਕੁੱਝ ਵਿਦਵਾਨ ਇਸ ਰਚਨਾ ਨੂੰ ਪਾਤਸ਼ਾਹੀ 10 ਦੀ ਕ੍ਰਿਤ ਸਾਬਤ ਕਰਨ ਲਈ
ਦਲੀਲ ਦਿੰਦੇ ਹਨ ਕਿ ਗੁਰੂ ਜੀ ਨੇ ਇਨ੍ਹਾਂ ਵਿਭਚਾਰੀ ਔਰਤਾਂ ਦੇ ਚਰਿਤ੍ਰ ਇਸ ਲਈ ਵਰਨਣ ਕੀਤੇ ਹਨ ਕਿ
ਗੁਰਸਿੱਖ ਇਨ੍ਹਾਂ ਨੂੰ ਪੜ੍ਹ ਕੇ ਆਪਣੇ ਸਵੈ ਧਰਮ ਜਤ ਸਤ ਵਿੱਚ ਪਰਪੱਕ ਰਹਿਣ। ਇਹ ਉਨ੍ਹਾਂ ਦੀ ਗ਼ਲਤ
ਸੋਚ ਅਤੇ ਗ਼ਲਤ ਬਿਆਨੀ ਹੈ। ਇਹ ਅਜੀਬ ਸੋਚ ਹੈ। ਕੀ ਉਹ ਭੁੱਲ ਗਏ ਕਿ ਇਨ੍ਹਾਂ ਚਰਿਤ੍ਰਾਂ ਨੂੰ ਪੜ੍ਹ
ਸੁਣ ਕੇ ਕਾਮ ਵਾਸ਼ਨਾ ਭੜਕਦੀ ਹੈ ਤੇ ਮਨੁੱਖ ਬੇਬਸ ਹੋ ਕਾਮ ਦੀ ਪੂਰਤੀ ਲਈ ਕੁਕਰਮ ਕਰ ਬੈਠਦਾ ਹੈ।
ਸਾਡੇ ਵਿਦਵਾਨ ਭਗਉਤੀ ਦੇ ਅਰਥ ਪਰਮਾਤਮਾ, ਅਕਾਲ ਪੁਰਖ, ਇਹ ਭਰੋਸਾ ਦੁਆਉਣ
ਲਈ ਕਰਦੇ ਹਨ ਕਿ ਰਚਨਾ ਪਾਤਸ਼ਾਹੀ ਦਸਵੀਂ ਦੀ ਕ੍ਰਿਤ ਹੈ।
ਭਗਉਤੀ ਦਾ ਸਰੂਪ ਕਵੀ ਨੇ ਰਚਨਾ ਦੇ ਆਰੰਭ ਵਿੱਚ ਹੀ ਬਿਆਨ ਕੀਤਾ ਹੈ। ਇਹੋ
ਹੀ ਭਗਉਤੀ ਦਾ ਸਹੀ ਸਰੂਪ ਹੈ। ਇਸ ਵਿੱਚ ਭਗਉਤੀ ਦੇਵੀ ਦੇ ਅਨੇਕ ਨਾਮਾਂ ਦੀ ਸੂਚੀ ਦਿੱਤੀ ਹੈ। ਅਸੀਂ
ਰਚਨਾ ਦੇ ਪਹਿਲੇ ਪਦੇ ਤੋਂ ਸ਼ੁਰੂ ਕਰਦੇ ਹਾਂ।
ਤੁਹੀ ਖਡਗਧਾਰਾ, ਤੁਹੀ ਬਾਢਵਾਰੀ।। ਤੁਹੀ ਤੀਰ ਤਰਵਾਰ ਕਾਤੀ ਕਟਾਰੀ।।
ਹਲੱਬੀ ਜੁਨੱਬੀ ਮਗਰਬੀ ਤੁਹੀ ਹੈਂ।। ਨਿਹਾਰੋ ਜਹਾਂ ਆਪੁ ਠਾਢੀ ਵਹੀ ਹੈ। 1.
ਅੰਕ 1 - ਭਗਉਤੀ ਦੇਵੀ ਤੂੰ ਹੀ ਖੜਗ ਦੀ ਧਾਰ ਅਤੇ ਤੂੰ ਹੀ ਵੱਢਣ ਵਾਲੀ
ਤਲਵਾਰ ਹੈਂ। ਤੂੰ ਹੀ ਤੀਰ, ਤਲਵਾਰ, ਕਾਤੀ, ਕਟਾਰੀ, ਹਲਥੀ, ਜੁਨਬੀ, ਮਗਰਬੀ (ਆਦਿ ਇਲਾਕਿਆਂ ਦੇ
ਸ਼ਸਤ੍ਰ ਅਸਤ੍ਰ) ਹੈਂ। ਜਿਥੇ ਵੀ ਵੇਖਦਾ ਹਾਂ, ਉਥੇ ਹੀ (ਤੂੰ) ਆਪ ਖੜੋਤੀ ਹੋਈ ਹੈਂ।
ਤੁਹੀ ਜੋਗ ਮਾਯਾ ਤੁਹੀ ਬਾਕ ਬਾਨੀ।। ਤੁਹੀ ਆਪੁ ਰੂਪਾ ਤੁਹੀ ਸ੍ਰੀ ਭਵਾਨੀ।।
ਤੁਹੀ ਬਿਸਨ ਤੂੰ ਬ੍ਰਹਮ ਤੂ ਰੁਦ੍ਰ ਰਾਜੈ। ਤੁਹੀ ਬਿਸਵਮਾਤਾ ਸਦਾ ਜੈ
ਬਿਰਾਜੈ।।
ਅੰਕ 2 - ਤੂੰ ਹੀ ਜੋਗ ਮਾਇਆ, ਤੂੰ ਹੀ ਸਰਸਵਤੀ, ਤੂੰ ਹੀ ਚੁਸਤ (ਅਪੁ) ਰੂਪ
ਵਾਲੀ ਅਤੇ ਤੂੰ ਹੀ ਸ੍ਰੀ ਭਵਾਨੀ ਹੈਂ। ਤੂੰ ਹੀ ਵਿਸ਼ਨੂੰ, ਬ੍ਰਹਮਾ ਅਤੇ ਰੁਦ੍ਰ (ਦੇ ਰੂਪ ਵਿੱਚ)
ਸੁਭਾਇਮਾਨ ਹੈਂ। ਤੂੰ ਹੀ ਵਿਸ਼ਵ ਮਾਤਾ (ਵਜੋਂ) ਸਦਾ ਵਿਜੈਈ (ਰੂਪ ਵਿੱਚ) ਬਿਰਾਜਮਾਨ ਹੈਂ।
ਤੁਹੀ ਦੇਵ ਤੂ ਦੈਤ ਤੈ ਜਛੁ ਉਪਾਏ। ਤੁਹੀ ਤੁਰਕ ਹਿੰਦੂ ਜਗਤ ਮੈ ਬਨਾਏ
ਤੁਹੀ ਪੰਥ ਹ੍ਹੈ ਅਵਤਰੀ ਸ੍ਰਿਸਟਿ ਮਾਹੀ। ਤੁਹੀ ਬਕ੍ਰਤ ਤੇ ਬ੍ਰਹਮ ਬਾਦੋ
ਬਕਾਹੀ।
ਅੰਕ 3 - ਤੂੰ ਹੀ ਦੇਵਤੇ, ਦੈਂਤ, ਯਕਸ਼, ਤੁਰਕ, ਹਿੰਦੂ ਆਦਿ ਨੂੰ ਜਗਤ ਵਿੱਚ
ਬਣਾਇਆ ਹੈ। ਤੂੰ ਹੀ ਇਸ ਸ੍ਰਿਸ਼ਟੀ ਵਿੱਚ (ਭਿੰਨ ਭਿੰਨ) ਪੰਥਾਂ (ਮਾਰਗਾਂ) ਦੇ ਰੂਪ ਵਿੱਚ ਉਤਰੀ
ਹੈਂ। ਤੂੰ ਹੀ ਮੂੰਹ ਤੋਂ ਬ੍ਰਹਮ ਸਬੰਧੀ ਵਾਦ-ਵਿਵਾਦ ਕਰਨ ਵਾਲਿਆਂ ਨੂੰ ਪੈਦਾ ਕੀਤਾ ਹੈ।
ਤੁਹੀ ਬਿਕ੍ਰਤ ਤੁਹੀ ਚਾਰੁ ਨੈਨਾ। ਤੁਹੀ ਰੂਪ ਬਾਲਾ ਤੁਹੀ ਬਕ੍ਰ ਬੈਨਾ।
ਤੁਹੀ ਬਕ੍ਰ ਤੇ ਬੇਦ ਚਾਰੋ ਉਚਾਰੇ। ਤੁਮੀ ਸੁੰਭ ਨੈਸੁੰਭ ਦਾਨੌ ਸੰਘਾਰੇ। 4.
ਅੰਕ 4 - ਤੰ ਹੀ ਭਿਆਨਕ ਰੂਪ ਵਾਲੀ ਅਤੇ ਸੁੰਦਰ ਨੈਣਾਂ ਵਾਲੀ ਹੈਂ। ਤੂੰ ਹੀ
ਬਾਲਿਕਾ ਰੂਪ ਵਾਲੀ ਅਤੇ ਟੇਢੇ ਬੋਲਾਂ ਵਾਲੀ ਹੈਂ। ਤੂੰ ਹੀ (ਆਪਣੇ) ਮੂੰਹ ਤੋਂ ਚਾਰ ਵੇਦ ਉਚਾਰੇ
ਹਨ। ਤੂੰ ਹੀ ਸੁੰਭ ਅਤੇ ਨਿਸੁੰਭ (ਨਾਂ ਵਾਲੇ) ਦੈਂਤਾਂ ਨੂੰ ਮਾਰਿਆ ਹੈ।
ਤੁਹੀ ਰਾਮ ਦ੍ਹੈਕੈ ਹਠੀ ਦੈਤ ਘਾਯੋ।। (ਅੰਕ 6)
ਤੂਹੀ ਕ੍ਰਿਸਨ ਹਵੈ ਕੇਸ ਕੇਸੀ ਖਪਾਯੋ। ਤੁਹੀ ਜਾਲਪਾ ਕਾਲਕਾ ਕੈ ਬਖਾਨੀ।
(ਤੈਨੂੰ ਹੀ ਕਾਲਕਾ ਕਿਹਾ ਜਾਂਦਾ ਹੈ)
ਤੁਮੈ ਲੋਗ ਉਗ੍ਰਾ ਅਤਿਉਗ੍ਰਾ ਬਖਾਨੈ। ਤੁਮੈ ਅਦ੍ਰਜਾ ਬ੍ਹਯਾਸ ਬਾਨੀ ਪਛਾਨੈ।
ਤੁਮੀ ਸੇਸ ਕੀ ਆਪੁ ਸੇਜਾ ਬਨਾਈ। ਤੁਹੀ ਕੇਸਰ ਬਾਹਨੀ ਕੈ ਕਹਾਈ। 8.
ਅੰਕ 8 - ਤੈਨੂੰ ਹੀ ਲੋਕੀਂ ਕ੍ਰੋਧ ਕਰਨ ਵਾਲੀ ਅਤਿ ਉਗ੍ਰਾ ਕਹਿੰਦੇ ਹਨ।
ਤੈਨੂੰ ਹੀ ਪਾਰਬਤੀ (ਅਦ੍ਰਜਾ) ਅਤੇ ਬਿਆਸ-ਬਾਣੀ ਵਜੋਂ ਪਛਾਣਦੇ ਹਨ। ਤੂੰ ਆਪ ਹੀ ਸ਼ੇਸ਼ਨਾਗ ਦੀ ਸੇਜ
ਬਣਾਈ ਹੈ। ਤੂੰ ਹੀ ਸ਼ੇਰ ਦੇ ਵਾਹਨ ਵਾਲੀ ਅਖਵਾਉਂਦੀ ਹੈਂ।
ਗੁਰਬਾਣੀ ਅਨੁਸਾਰ ਸਭ ਦੇਵੀ ਅਤੇ ਦੇਵਤੇ ਅਕਾਲ ਪੁਰਖ ਦੀ ਮਾਇਆ ਹਨ।
ਗੁਰਬਾਣੀ ਕੇਵਲ ਇੱਕ ਏਕੰਕਾਰ, ਇਕੋ ਇੱਕ ਸਦੀਵ ਹਸਤੀ ਜੋਤਿ ਰੂਪ ਅਕਾਲ ਪੁਰਖ ਦੀ ਸਿਫ਼ਤ ਸਾਲਾਹ ਤੇ
ਜਪ ਸਿਮਰਨ ਦਾ ਉਪਦੇਸ਼ ਦਿੰਦੀ ਹੈ। ਦੇਵੀ ਦੇਵਤਿਆਂ ਦੀ ਉਸਤਤਿ ਜਪ ਅਤੇ ਸਿਮਰਨ ਵੇਦ ਮਤ ਹੈ। ਦਸਾਂ
ਪਾਤਸ਼ਾਹੀਆਂ ਨੇ ਵੇਦ ਮਤ ਦਾ ਖੰਡਨ ਕੀਤਾ ਅਤੇ ਹਿੰਦੂਆਂ ਤੋਂ ਸਿੱਖ ਬਣੇ।
ਤੁਹੀ ਚੋਦਹੂ ਲੋਕ ਕੀ ਰਾਜਧਾਨੀ। … ਤੁਹੀ ਅਸ਼ਟਹਾਥ ਮੈ ਅਸਤ੍ਰ ਧਾਕੇ। 11.
(ਤੁਹੀ ਅਠ ਬਾਹਾਂ ਤੇ ਅਠ ਹੱਥ ਵਿੱਚ ਅਸਤ੍ਰ ਫੜੇ ਹਨ)
ਜਯੰਤੀ ਤੁਹੀ ਮੰਗਲਾ ਰੂਪ ਕਾਲੀ।। (ਦੇਵ, ਦੇਵੀ) (ਅੰਕ 12)
(ਤੂੰ ਹੀ ਕਾਲੀ ਦੇਵੀ ਹੈ)
ਕਪਾਲਨਿ ਤੂਹੀ ਹੈ ਤੂੰ ਹੀ ਭੱਦ੍ਰਕਾਲੀ।।
(ਤੂੰ ਹੀ ਮੁਰਦਿਆਂ ਦੀਆਂ ਖੋਪਰੀਆਂ ਗਲ ਪਾਉਣ ਵਾਲੀ ਹੈ)
ਦੁਰਗਾ ਤੂੰ ਛਿਮਾ ਤੂੰ ਸਿਵਾ ਰੂਪ ਤੋਰੋ।।
(ਦੁਰਗਾ ਤੇ ਸਿਵਾ ਤੇਰੇ ਹੀ ਰੂਪ ਹਨ)
ਤੁਧਾਤ੍ਰੀ ਸ੍ਹਾਹਾ ਨਮਸਕਾਰ ਮੋਰੋ।।
(ਕਵੀ ਦੇਵੀ ਦੇ ਅਨੇਕ ਰੂਪ ਦਰਸਾਉਂਦਾ ਹੈ ਤੇ ਇਸ ਭਗਉਤੀ ਦੇਵੀ ਨੂੰ ਨਮਸਕਾਰ
ਕਰਦਾ ਹੈ)
ਚੰਡੀ ਚਰਿਤ੍ਰ ਦੇ ਪਹਿਲੇ ਅਧਿਆਏ ਵਿੱਚ 48 ਅੰਕ ਹਨ। ਉਪ੍ਰੰਤ ਲਿਖਿਆ ਹੈ -
ਇਤਿ ਸ੍ਰੀ ਚਰਿਤ੍ਰ ਪਖਯਾਨੇ ਚੰਡੀ ਚਰਿਤ੍ਰ ਪ੍ਰਥਮ ਧਯਾਇ।।
ਸਮਾਪਤਮ ਸਤੁ ਸੁਭਗ ਸਤ (48) ਅਫਜੂ (ਚਲਦਾ ਪ੍ਰਸੰਗ)
ਇਸ ਰਚਨਾ ਵਿੱਚ ਦੇਵੀ ਭਗਉਤੀ ਨੂੰ ਨਮਸਕਾਰ ਕਰਦੇ ਹੋਇਆਂ ਉਸ ਦੇ ਸਰੂਪ,
ਸਮਰਥਾ ਅਤੇ ਕਰਤਵਾਂ ਉਤੇ ਝਾਤ ਪਾਈ ਹੈ। ਤੇ ਉਸ ਤੋਂ ਹੀ ਸਾਰੀ ਸ੍ਰਿਸ਼ਟੀ, ਸਾਰੇ ਦੇਵੀ ਦੇਵਤਿਆਂ ਦੇ
ਕੌਤਕਾਂ ਦੀ ਹੋਂਦ ਦੱਸੀ ਗਈ ਹੈ। ਸਾਰੀ ਰਚਨਾ ਪਾ: 10 ਦੇ ਦਰਬਾਰ ਨੂੰ ਬਦਨਾਮ ਕਰਨ ਦਾ ਉਪਰਾਲਾ ਹੈ।
(ਪੰਨਾ 1359, ਦਸਮ ਗ੍ਰੰਥ, 404 ਵਾਂ ਚਰਿਤ੍ਰ)
ਸਬੁਧਿ ਬਾਚ।। ਚੌਪਈ।। ਸੱਤ ਸੰਧਿ ਇੱਕ ਭੂਪ ਭਨਿਜੈ।। ਪ੍ਰਥਮੇ ਸਤਿਜੁਗ ਬੀਚ
ਕਹਿਜੈ।। ਜਿਹ ਜਸ ਪੁਰੀ ਚੌਦਹੂੰ ਛਾਯੋ।। ਨਾਰਦ ਰਿਖਿ ਤਬ ਰਾਇ ਮੰਗਾਯੋ।।
1।। ਸਭ ਦੇਵਨ
ਕੋ ਰਾਜਾ ਭਯੋ।। ਬ੍ਰਹਮਾ ਤਿਲਕ ਆਪੁ ਤਿਹ ਦਿਯੋ।। ਨਿਹਕੰਟਕ ਸੁਰ ਕਿਯਾ ਸਬ।। ਦਾਨਵ ਮਾਰ ਨਿਕਾਰ ਦਏ
ਜਬ।। 2. । ਇਤਿ ਦਿਸਿ ਦੂਲਹ ਦੇਈ ਕੁਮਾਰੀ।। ਸੱਸਤਰ ਸਾਜਿ ਰਥਿ ਕਰੀ ਸਵਾਰੀ।। ਸਸਤਰਨ ਕਰਿ ਪ੍ਰਨਾਮ
ਤਿਹਕਾਲਾ।। ਛਾਡਤ ਭੀ ਰਨ ਬਿਸਿਖਿ ਕਰਾਲਾ।। 41।।
(ਹਥਿਆਰਾਂ ਨੂੰ ਨਮਸਕਾਰ ਕੀਤੀ।) ਚਿੱਤ ਮੋਂ
ਕਿਯਾ ਕਾਲਕਾ ਧਯਾਨਾ।। ਦਰਸਨ ਦਿਆ ਆਨਿ ਭਗਵਾਨਾ।।
(ਚਿੱਤ ਵਿੱਚ ਕਾਲਕਾ ਦਾ ਧਿਆਨ ਧਰਿਆ, ਕਾਲਕਾ ਭਗਵਾਨ ਨੇ ਦਰਸ਼ਨ ਦਿੱਤਾ।)
ਕਰਿ ਪ੍ਰਨਾਮ ਚਰਨਨ ਉਠਿ ਪਰੀ ਬਿਨਤੀ ਭਾਂਤਿ ਅਨਿਕ ਤਨ ਕਰੀ।। 52. ।
ਸੱਤ ਕਾਲ ਮੈ ਦਾਸ ਤਿਹਾਰੀ।। ਅਪਨੀ ਜਾਨ ਕਰੋ ਪ੍ਰਤਿਪਾਰੀ।।
(ਬਾਲਾ ਨੇ ਉਠ ਕੇ ਪ੍ਰਨਾਮ ਕੀਤਾ ਅਤੇ ਉਨ੍ਹਾ ਦੇ ਚਰਨਾ ਉਤੇ ਡਿੱਗ ਪਈ ਤੇ
ਅਨੇਕ ਤਰਾਂ ਬੇਨਤੀ ਕੀਤੀ। ਹੇ ਸੱਤ ਕਾਲ ਮੇ ਤੁਹਾਡੀ ਦਾਸੀ ਹਾਂ। ਆਪਣੀ ਜਾਣ ਕੇ ਮੇਰੀ ਪ੍ਰਤਿਪਾਲਣਾ
ਕਰੋ। ਕਵੀ ਕਾਲਕਾ ਨੂੰ ਸਤਕਾਲ ਕਹਿੰਦਾ ਹੈ।)
ਗੁਨ ਅਵਗੁਨ ਮੁਰ ਕਛੁ ਨ ਨਿਹਾਰਹੁ।।
ਬਾਹਿ ਗਹੇ ਕੀ ਲਾਜ ਬਿਚਾਰਹੁ।। 53. ।
(ਮੇਰਾ ਗੁਨ ਅਵਗੁਨ ਨ ਬਿਚਾਰੋ, ਲੜ ਲਗੀ ਦੀ ਲਾਜ ਰਖੋ।)
ਹਮ ਹੈ ਸਰਨਿ ਤੋਰ ਮਹਾ ਰਾਜਾ।। ਤੁਮ ਕਹਿ ਬਾਂਹਿ ਗਹੇ ਕੀ ਲਾਜਾ।।
ਜੌ ਤਵ ਭਗਤ ਨੈਕ ਦੁਖ ਪੈਹੈ। ਦੀਨ ਦਇਆਲ ਪ੍ਰਭ ਬਿਰਦੁ ਲਜੈ ਹੈ।।
ਔ ਕਹ ਲਗਿ ਮੈ ਕਰੌ ਪੁਕਾਰਾ।। ਤੈ ਘਟਿ ਘਟਿ ਕੀ ਜਾਨਨਹਾਰਾ।।
(ਇਹ ਸਭ ਬੇਨਤੀਆਂ ਕਾਲਕਾ ਭਗਵਾਨ ਪਾਸ ਹੋ ਰਹੀਆਂ ਹਨ।)
ਹਥਿਆਰਾਂ ਨੂੰ ਨਮਸਕਾਰ ਕੀਤੀ।
ਕਾਲਕਾ ਦਾ ਧਿਆਨ ਧਰਿਆ - ਕਾਲਕਾ ਨੂੰ ਭਗਵਾਨ ਕਿਹਾ।
ਕਾਲਕਾ ਨੂੰ ਸੱਤ ਕਾਲ ਕਿਹਾ ਹੈ।
ਜੋ ਤੁਹਾਡੇ ਭਗਤਾਂ ਨੂੰ ਦੁਖ ਦਿੰਦੇ ਹਨ -
ਤੁਸੀਂ ਘਟਿ ਘਟਿ ਦੇ ਜਾਨਨਹਾਰ ਹੋ।
ਜਦੋਂ ਅਸੀਂ ਪੰਨਾ 1386 ਤੇ ਕਬਿਯੋਬਾਚ ਬੇਨਤੀ ਚੌਪਈ ਦੀ ਵਿਚਾਰ ਕਰਾਂਗੇ,
ਤਾਂ ਉਪਰ ਦਿੱਤੇ ਸਭ ਸ਼ਬਦ ਕਾਲਕਾ, ਖੜਗਕੇਤ ਆਦਿ ਲਈ ਵਰਤੇ ਹਨ।
ਵੇਦ ਸ਼ਾਸਤਰ ਸਿੰਮ੍ਰਿਤੀਆਂ ਓਮ ਨੂੰ ਸੱਤ ਕਹਿੰਦੇ ਹਨ, ਕਾਲ ਨੂੰ ਸੱਤ
ਕਹਿੰਦੇ ਹਨ, ਕਾਲਕਾ ਦਾ ਧਿਆਨ ਧਰਦੇ ਹਨ, ਕਾਲਕਾ ਨੂੰ ਹੀ ਭਗਵਾਨ ਪਰਮੇਸਰ ਜਾਣਦੇ ਹਨ, ਉਸਨੂੰ ਹੀ
ਪ੍ਰਨਾਮ ਕਰਦੇ ਹਨ। ਭਗਤ ਵੀ ਉਸ ਦੇ ਹੀ ਹਨ, ਕਾਲਕਾ ਨੂੰ ਹੀ ਘਟਿ ਘਟਿ ਦਾ ਜਾਨਨਹਾਰ ਕਹਿੰਦੇ ਹਨ।
ਇਹਨਾਂ ਨੂੰ ਕਾਲ ਤੇ ਅਕਾਲ ਵਿੱਚ ਫਰਕ ਨਹੀਂ ਦਿੱਸਦਾ।
ਗੁਰਬਾਣੀ ਕੇਵਲ ਅਕਾਲ ਪੁਰਖ ਦੀ ਉਸਤਤਿ ਅਰਾਧਨਾ, ਜਪ ਸਿਮਰਨ ਗੁਰਸ਼ਬਦਿ
ਦੁਆਰਾ ਕਰਦੀ ਹੈ। ਕਾਲ, ਅਕਾਲ ਪੁਰਖ ਦੇ ਹੁਕਮ ਵਿੱਚ ਕਾਰ ਕਰਦਾ ਹੈ। ਇਹ ਵਿਚਾਰ ਅਸੀਂ ਭਾਗ 3 ਵਿੱਚ
ਕਰ ਚੁਕੇ ਹਾਂ।
ਅੰਕ 74 ਦਾਨਵ ਮਹਾਕਾਲ ਨੂੰ ਮਾਰਨ ਲਈ ਆਏ।
ਅੰਕ 76
ਚਾਹਤ ਮਹਾਕਾਲ ਕਹ ਮਾਰੋ।। ਮਹਾ ਮੂਰਖ ਨਹਿ ਕਰਤ ਬਿਚਾਰੋ।।
ਜਿਨ ਸਭ ਜਗ ਕਾ ਕਰਾ ਪਸਾਰਾ।। ਤਾਂਹਿ ਚਾਹਤ ਹੈ ਮੂੜ੍ਹ ਸੰਘਾਰਾ।।
ਅੰਕ 77
ਠੋਕਿ ਠੋਕਿ ਭੁਜ ਦੰਡਨ ਜੋਧਾ।। ਧਾਵਤ ਮਹਾਕਾਲ ਪਰ ਕ੍ਰੋਧਾ।।
ਬੀਸ ਪਦੁਮ ਦਾਨਵ ਤਵ ਭਯੋ।। ਨਾਸ ਕਰਨ ਕਾਲੀ ਕੋ ਭਯੋ।।
ਸਾਰੀ ਕਹਾਣੀ ਕਾਲੀ ਦੇਵੀ ਆਦਿ ਤੇ ਦੈਤਾਂ ਦੇ ਯੁਧਾਂ ਦੀ ਹੈ।।
ਅੰਕ 91
ਤੁਮ ਹੋ ਸਕਲ ਲੋਕ ਸਿਰਤਾਜਾ।। ਗਰਬਨ ਗੰਜ ਗਰੀਬ ਨਿਵਾਜਾ।।
ਆਦਿ ਅਕਾਲ ਅਜੋਨਿ ਬਿਨਾ ਭੈ, ਨਿਰਭੈ ਨਿਰਲੰਬ ਜਗਤ ਮੈ।।
ਇਸ ਕਥਾ ਵਿੱਚ ਕਵੀ ਕਾਲ ਨੂੰ ਅਕਾਲ ਕਹਿੰਦਾ ਹੈ, ਅਜੋਨੀ ਕਹਿੰਦਾ ਹੈ,
ਨਿਰਭੈ ਆਦਿ ਕਹਿੰਦਾ ਹੈ। ਕਵੀ ਨੂੰ ਕਾਲ ਤੇ ਅਕਾਲ ਵਿੱਚ ਭੇਦ ਨਹੀਂ ਦਿੱਸਦਾ।
ਮੂਲ ਮੰਤ੍ਰ ਦੀ ਵਿਚਾਰ ਵਿੱਚ ਅਸੀਂ ਦੇਖਿਆ ਸੀ ਕਿ ਕੇਵਲ ਅਕਾਲ ਪੁਰਖ ਇੱਕ
ਏਕੰਕਾਰ ਜੋਤਿ ਰੂਪ ਹੀ ਅਜੋਨੀ ਹੈ, ਨਿਰਭੈ ਹੈ, ਅਕਾਲ ਹੈ। ਕਾਲ ਆਦਿ ਸਭ ਸੰਸਾਰ ਉਸ ਦੇ ਭੈ ਤੇ
ਹੁਕਮ ਵਿੱਚ ਹਨ। ਕੇਵਲ ਅਕਾਲ ਹੀ ਅਜੂਨੀ ਹੈ, ਉਹ ਅਬਿਨਾਸ਼ੀ ਹੈ, ਉਹ ਨਿਰਵੈਰ ਹੈ, ਉਥੇ ਸ਼ਸਤਰ,
ਲੜਾਈ, ਜੰਗ ਯੁੱਧ ਨਹੀਂ। ਉਥੇ ਕਾਮ ਨਹੀਂ, ‘ਨਾ ਤਿਸੁ ਕਾਮ ਨ ਨਾਰੀ’ ਵਾਲੀ ਨਿਰਗੁਣ ਅਵਸਥਾ ਹੈ।
ਉਪਰ ਦਿੱਤੇ ਵਿਚਾਰਾਂ ਨੂੰ ਸਮਝ ਕੇ ਜਦੋਂ ਅਸੀਂ ਕਬਿਯੋਬਾਚ ਬੇਨਤੀ ਚੌਪਈ ਦੀ
ਵਿਚਾਰ ਕਰਾਂਗੇ, ਤਾਂ ਸਾਨੂੰ ਸਪਸ਼ਟ ਦਿੱਸੇਗਾ ਕਿ ਸਾਰੀ ਰਚਨਾ ਤੇ ਚੌਪਈ ਕਵੀ ਦੀ ਕਾਲ ਕਾਲਕਾ,
ਭਵਾਨੀ, ਭਗਵਾਨ ਦੁਰਗਾ ਦੇਵੀ ਦੀ ਉਸਤਤਿ ਵਿੱਚ ਲਿਖੀ ਹੈ।
ਅਸੀਂ ਇਸ ਬਿਖਮ ਭੁੱਲ ਕਰਕੇ ਇਸ ਬਿਖ
ਰੂਪ ਚੌਪਈ ਦੇ ਪਾਠ ਕਰਦੇ ਹਾਂ। ਇਥੋਂ ਤਾਈਂ ਅੰਮ੍ਰਿਤ ਛਕਾਨ ਵੇਲੇ ਵੀ, ਖੰਡੇ ਬਾਟੇ ਦਾ ਅੰਮ੍ਰਿਤ
ਤਿਆਰ ਕਰਨ ਲਈ ਕਬਿਯੋਬਾਚ ਬੇਨਤੀ ਚੌਪਈ ਦਾ ਪਾਠ ਕੀਤਾ ਜਾਂਦਾ ਹੈ। ਨਹੀਂ ਜਾਣਦੇ ਇਸ ਬਿਖ ਰੂਪ ਬਾਣੀ
ਦਾ ਅਸਰ ਕਿੰਨਾ ਅੰਮ੍ਰਿਤ ਸੰਚਾਰ ਵੇਲੇ ਗੁਰਸਿੱਖਾਂ ਵਿੱਚ ਹੁੰਦਾ ਹੈ। ਸ਼ਾਇਦ ਇਸੇ ਭੁੱਲ ਕਾਰਣ ਪੰਥ
ਵਿੱਚ ਗਿਰਾਵਟ ਆ ਰਹੀ ਹੈ। ਅਸੀਂ ਨਵੀਂ ਜਾਣਕਾਰੀ ਤੋਂ ਬਾਦ ਵੀ ਸੁਧਾਰ ਕਰ ਲਈਏ ਤਾਂ ਗੁਰੂ ਜੀ ਤੋਂ
ਭੁੱਲ ਬਖਸ਼ਾ ਸਕਦੇ ਹਾਂ।
ਕੁਝ ਵਿਦਵਾਨਾਂ ਦਾ ਵਿਚਾਰ ਹੈ ਕਿ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕਰਨ
ਸਮੇਂ ਪਾ: 10 ਨੇ ਪੰਜ ਬਾਣੀਆਂ ਦਾ ਪਾਠ ਕੀਤਾ, ਜਿਸ ਵਿੱਚ ਇਹ ਚੌਪਈ ਵੀ ਸੀ। ਕੁੱਝ ਵਿਦਵਾਨ
ਕਹਿੰਦੇ ਹਨ ਕਿ ਗੁਰੂ ਜੀ ਨੇ ਕੇਵਲ ਤਿੰਨ ਬਾਣੀਆਂ ਦਾ ਪਾਠ ਕੀਤਾ। ਕੁੱਝ ਵਿਦਵਾਨਾਂ ਅਨੁਸਾਰ ਪਾ:
10 ਨੇ ਬਾਣੀ ਦਾ ਪਾਠ ਕਰਦਿਆਂ ਅੰਮ੍ਰਿਤ ਤਿਆਰ ਕੀਤਾ। ਕਿਹੜੀਆਂ ਬਾਣੀਆਂ ਦਾ ਪਾਠ ਗੁਰੂ ਜੀ ਨੇ
ਕੀਤਾ, ਭਾਈ ਮਨੀ ਸਿੰਘ ਤੇ ਨਵਾਬ ਕਪੂਰ ਸਿੰਘ ਆਦਿ ਨੇ ਕੀਤਾ, ਵਿਚਾਰ ਯੋਗ ਮਸਲਾ ਹੈ।
ਕਬਿਯੋਬਾਚ ਬੇਨਤੀ।।
ਚੌਪਈ।।
ਹਮਰੀ ਕਰੋ ਹਾਥ ਦੈ ਰਛਾ।।
ਇਹ ਸਾਰੀ ਰਛਾ ਕਾਲੀ, ਮਹਾਂਕਾਲ ਤੋਂ ਕਵੀ ਮੰਗ ਰਿਹਾ ਹੈ। ਅਸੀਂ ਵਿਚਾਰ ਕਰ
ਚੁਕੇ ਹਾਂ ਕਿ ਗੁਰਸਿੱਖ ਗੁਰਮਤਿ ਸਿਮਰਨ ਕਰਦੇ ਹਨ ਤੇ ਕਾਲ ਉਤੇ ਜਿੱਤ ਪ੍ਰਾਪਤ ਕਰਕੇ, ਅਬਿਨਾਸੀ,
ਸਦ ਜੀਵਤ ਅਵਸਥਾ ਨੂੰ ਪ੍ਰਾਪਤ ਹੁੰਦੇ ਹਨ।
ਅੰਕ 381 ਸ੍ਰੀ ਅਸਿਧੁਜ ਜੁ ਕਰੀਯਹੁ ਰਛਾ।।
ਸ੍ਰੀ ਅਸਿਧੁਜ - ਤਲਵਾਰ ਧਾਰਨ ਵਾਲੀ ਦੇਵੀ ਦੁਰਗਾ।
ਅੰਕ 392 ਤਾ ਕਉ ਕਰਿ ਪਾਹਨ ਅਨੁਮਾਨਤ।।
ਮਹਾ ਮੂੜ ਕਛ ਭੇਦ ਨ ਜਾਨਤ।।
ਮਹਾਂ ਦੇਵ ਕਉ ਕਹਤ ਸਦਾ ਸਿਵ।। ਨਿਰੰਕਾਰ ਕਾ ਚੀਨਤਿ ਨਹ ਭਿਵ।।
ਕਵੀ ਕਾਲ ਕਾਲਕਾ ਨੂੰ ਹੀ ਨਿਰੰਕਾਰ ਕਹਿੰਦਾ ਹੈ। ਗੁਰਸਿੱਖ ਅਕਾਲ ਪੁਰਖ ਨੂੰ
ਨਿਰੰਕਾਰ ਕਹਿੰਦੇ ਹਨ, ਇਸੇ ਲਈ ਸਿੱਖ ਧੋਖੇ ਵਿੱਚ ਚੌਪਈ ਨੂੰ ਪੜ੍ਹਦੇ ਹਨ।
ਚਰਿਤ੍ਰ ਪਖਿਆਨ ਦੀ ਸੋਲ੍ਹਵੀਂ ਤੇ ਇਕੀਸਵੀਂ ਕਥਾ ਦੀ ਵਿਚਾਰ ਅਸੀਂ ਹੇਠਾਂ
ਲਿਖੀ ਹੈ।
ਸੋਲ੍ਹਵੀਂ ਕਥਾ ਛੱਜੀਆਂ ਦੀ: (ਪੰਨਾ 829, ਦਸਮ ਗ੍ਰੰਥ)
ਇਸ ਕਥਾ ਵਿੱਚ ਕਵੀ ਨੇ ਇਸ ਨੂੰ ਪਾ: 10 ਦੀ ਆਤਮ ਕਥਾ ਜਨਾਉਣ ਦੀ ਘਿਨੌਨੀ
ਹਰਕਤ ਕੀਤੀ ਹੈ।
ਸਤਲੁਜ ਦਰਿਆ ਦੇ ਕੰਢੇ ਇੱਕ ਰਾਜਾ ਬੜਾ ਸੁਖੀ ਰਹਿੰਦਾ ਸੀ। ਇੱਕ ਸੁੰਦਰ
ਵੇਸ਼ਵਾ ਛੱਜੀਆ ਸੀ। ਉਹ ਪੈਸਿਆਂ ਦਾ ਲਾਲਚ ਕਰਕੇ ਰਾਜੇ ਦੇ ਘਰ ਆਈ ਤੇ ਤੱਕਦਿਆਂ ਹੀ ਰਾਜੇ ਤੇ ਮੋਹਤ
ਹੋ ਗਈ ਤੇ ਉਸਨੂੰ ਇਕਾਂਤ ਵਿੱਚ ਮਿਲਣ ਲਈ ਜੰਤ੍ਰ, ਮੰਤ੍ਰ, ਜਾਦੂ ਟੋਣੇ ਤੇ ਚਲਿੰਤਰ ਕੀਤੇ, ਪਰ
ਰਾਜਾ ਵੱਸ ਵਿੱਚ ਨਹੀਂ ਆਇਆ।
ਹਾਰ ਕੇ ਛੱਜੀਆ ਨੇ ਭਗਵੇ ਬਸਤਰ ਪਾ ਕੇ ਜੋਗੀ ਦਾ ਭੇਸ ਬਣਾਇਆ ਤੇ ਰਾਜੇ ਦੇ
ਦਰਬਾਰ ਵਿੱਚ ਜਾ ਕੇ ਨਮਸਕਾਰ ਕੀਤੀ, ਜਿਸਨੂੰ ਤੱਕ ਕੇ ਰਾਜਾ ਬਹੁਤ ਪ੍ਰਸੰਨ ਹੋਇਆ।
ਰਾਜੇ ਦਿਲ ਵਿੱਚ ਸੋਚਿਆ ਕਿ ਜਾਤੇ ਕਛ ਸੰਗ੍ਰਹੋ ਮੰਤ੍ਰ, ਅਰਥਾਤ ਕੁੱਝ ਮੰਤਰ
ਸਿੱਖਣ ਲਈ ਜੋਗੀ ਦੇ ਘਰ ਇੱਕ ਦੂਤ ਭੇਜਿਆ।
ਰਾਜਾ ਮੰਤ੍ਰ ਸਿੱਖਣ ਲਈ ਐਨਾ ਉਤਾਵਲਾ ਸੀ ਕਿ ਉਹ ਦੂਤ ਦੇ ਕਹਿਣ ਅਨੁਸਾਰ
ਅੱਧੀ ਰਾਤ ਦੇ ਸਮੇਂ ਵੇਸਵਾ ਦੇ ਘਰ ਪਹੁੰਚਿਆ। ਵੇਸਵਾ ਨੇ ਆਪਣੀ ਜਿਨਸੀ ਭੁੱਖ ਮਿਟਾਉਣ ਲਈ ਬਹੁਤ
ਤਰਲੇ ਕੀਤੇ ਪਰ ਰਾਜਾ ਨਾ ਮੰਨਿਆ ਤੇ ਧਮਕੀਆਂ ਦੀ ਕੋਈ ਪਰਵਾਹ ਨ ਕਰਦਿਆਂ, ਬਹੁਤ ਮੁਸ਼ਕਲ ਨਾਲ, ਝੂਠਾ
ਚਰਿੱਤਰ ਵੇਖ ਕੇ ਧਰਮ ਬਚਾ ਕੇ ਵਾਪਸ ਆਇਆ।
ਇਕੀਸਵੀਂ ਕਥਾ ਅਨੂਪ ਕੌਰ ਦੀ: (ਪੰਨਾ 838, ਦਸਮ ਗ੍ਰੰਥ)
ਇਸ ਕਥਾ ਵਿੱਚ ਵੀ ਇੱਕ ਰਾਜਾ ਅਨੰਦਪੁਰ ਗਾਂਵ ਵਿੱਚ, ਸਤਲੁਜ ਦੇ ਕੰਢੇ,
ਨੈਣਾ ਦੇਵੀ ਦੇ ਨੇੜੇ, ਕਹਿਲੂਰ ਰਿਆਸਤ ਵਿੱਚ ਰਹਿੰਦਾ ਸੀ, ਜਿਸ ਦੀ ਸਿੱਖੀ ਸੇਵਕੀ ਵੀ ਬਹੁਤ ਸੀ ਤੇ
ਮਨ ਬਾਂਛਤ ਫਲ ਪਾਉਂਦਾ ਸੀ।
ਇਕ ਧਨਵਾਨ, ਸੁੰਦਰ ਇਸਤ੍ਰੀ ਰਾਜੇ ਤੇ ਮੋਹਿਤ ਹੋ ਗਈ। ਉਸ ਦੇ ਨਾਮ ਅਨੂਪ
ਕੌਰ ਤੋਂ ਇਹ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਉਸ ਦਾ ਸਬੰਧ ਸਿੱਖ ਘਰਾਣੇ ਨਾਲ ਸੀ। ਰਾਜੇ ਦੇ ਮਨ
ਵਿੱਚ ਮੰਤ੍ਰ ਸਿੱਖਣ ਦੀ ਪ੍ਰਬਲ ਇੱਛਾ ਸੀ ਤੇ ਇਸੇ ਹੀ ਕਮਜ਼ੋਰੀ ਦਾ ਲਾਭ ਉਠਾਉਂਦਿਆਂ, ਅਨੂਪ ਕੌਰ ਨੇ
ਚਾਲ ਖੇਡ ਕੇ ਰਾਜੇ ਨੂੰ ਆਪਣੇ ਘਰ ਵਿੱਚ ਬੁਲਾਉਣ ਦੀ ਵਿਉਂਤ ਬਣਾਈ, ਜਿਹੜੀ ਸਫਲ ਸਿੱਧ ਹੋਈ।
ਰਾਜਾ, ਸਾਧਾਰਣ ਰਾਜਾ ਨਹੀਂ ਸੀ, ਭਗਵਤੀ ਦਾ ਉਪਾਸ਼ਕ ਸੀ, ਕਿਉਂਕਿ ਉਹ
ਤਪੱਸਵੀ ਦੇ ਭੇਸ ਵਿੱਚ ਭਗਵਤੀ ਦਾ ਸਿਮਰਨ ਕਰਦਾ ਹੋਇਆ ਉਸ ਇਸਤ੍ਰੀ ਦੇ ਘਰ ਪੁੱਜਿਆ। ਅਨੂਪ ਕੌਰ ਦੀ
ਕਾਮ ਵਾਸਨਾ ਏਨੀ ਵੱਧ ਗਈ ਕਿ ਉਹ ਇਹ ਕਹਿਣੋ ਰਹਿ ਨ ਸਕੀ ਕਿ ਮੈਂ ਭੋਗ ਕੀਤੇ ਬਿਨਾ ਤੁਹਾਨੂੰ ਜਾਣ
ਨਹੀਂ ਦੇਵਾਂਗੀ, ਤੁਹਾਡੇ ਵੈਰਾਗ ਵਿੱਚ ਹੀ ਸੜ ਜਾਵਾਂਗੀ ਤੇ ਜ਼ਹਿਰ ਪੀ ਕੇ ਮਰ ਜਾਵਾਂਗੀ। ਰਾਜਾ ਡਰ
ਗਿਆ ਕਿ ਜੇ ਮੈਨੂੰ ਇਹ ਭਗਵਤੀ ਦੀ ਸੌਂਹ ਦੇ ਦੇਵੇਗੀ ਤਾਂ ਮੈਨੂੰ ਨਿਰਸੰਕੋਚ ਹੋ ਕੇ ਇਹਦੇ ਨਾਲ
ਰੰਮਣ ਕਰਨਾ ਪਵੇਗਾ। ਇਸ ਮੌਕੇ ਤੇ ਦੋਹਾਂ ਧਿਰਾਂ ਵਲੋਂ ਜਿਹੜੀਆਂ ਦਲੀਲਾਂ ਦਿੱਤੀਆਂ ਗਈਆਂ, ਉਹ
ਕਮਾਲ ਦੀਆਂ ਹਨ। ਰਾਜੇ ਦੁਆਰਾ ਇਹ ਉਚਾਰਿਆ ਛੰਦ ਗੁਰ ਇਤਿਹਾਸ ਦਾ ਹਿੱਸਾ ਬਣਿਆ ਹੋਇਆ ਹੈ।
ਸੁਧ ਜਬ ਤੇ ਹਮ ਧਰੀ ਬਚਨ ਗੁਰ ਦਏ ਹਮਾਰੇ।
ਪੁਤ ਇਹੈ ਪ੍ਰਨ ਤੋਹਿ ਪ੍ਰਾਨ ਜਬ ਲਗ ਘਟ ਥਾਰੇ।
ਨਿਜ ਨਾਰੀ ਕੇ ਸਾਥ ਨੇਹੁ ਤੁਮ ਨਿਤ ਬਢੈਯਹੁ।
ਪਰਨਾਰੀ ਕੀ ਸੇਜ ਭੁਲਿ ਸੁਪਨੇ ਹੂੰ ਨ ਜੈਯਹੁ।
ਰਾਜੇ ਨੇ ਇਹ ਵੀ ਆਖਿਆ ਕਿ ਹੇ ਇਸਤ੍ਰੀ! ਸਾਡੇ ਪਾਸ ਦੇਸ ਦੇਸਾਂਤਰਾਂ ਤੋਂ
ਮਰਦ ਇਸਤ੍ਰੀਆਂ ਆਉਂਦੇ ਹਨ ਤੇ ਮਨ ਬਾਂਛਤ ਵਰ ਮੰਗ ਕੇ ਤੇ ਗੁਰੂ ਜਾਣ ਕੇ ਸੀਸ ਝੁਕਾਉਂਦੇ ਹਨ। ਉਹ
ਸਿੱਖ ਮੇਰੇ ਪੁੱਤਰ ਹਨ ਤੇ ਇਸਤ੍ਰੀਆਂ ਮੇਰੀਆਂ ਧੀਆਂ ਹਨ, ਤੂੰ ਆਪ ਹੀ ਦੱਸ ਇਹਨਾਂ ਨਾਲ ਭੋਗ ਕਿਵੇਂ
ਕੀਤਾ ਜਾਵੇ?
ਅਨੂਪ ਕੌਰ ਨੇ ਚੋਰ-ਚੋਰ ਆਖ ਕੇ ਫੜਾਉਣ ਦੀ ਧਮਕੀ ਦਿੱਤੀ ਤੇ ਆਪਣੇ ਮਨੋਰਥ
ਦੀ ਪੂਰਤੀ ਨਾ ਹੋਣ ਕਰਕੇ ਚੋਰ-ਚੋਰ ਦੀ ਉੱਚੀ ਧੁਨੀ ਲਗਾ ਹੀ ਦਿੱਤੀ। ਚੋਰ-ਚੋਰ ਦੀ ਆਵਾਜ਼ ਸੁਣ ਕੇ
ਰਾਜਾ ਬਹੁਤ ਡਰਿਆ ਤੇ ਸੁਧ ਬੁਧ ਭੁਲਾ ਕੇ ਆਪਣੀ ਜੁੱਤੀ ਤੇ ਰੇਸ਼ਮੀ ਚਾਦਰ ਛੱਡ ਕੇ ਭੱਜ ਗਿਆ।
ਭੁਲੇਖੇ ਵਿੱਚ ਅਨੂਪ ਕੌਰ ਦਾ ਭਰਾ ਫੜਿਆ ਗਿਆ, ਜਿਸ ਦੀ ਦਾਹੜੀ ਫੜ ਲਈ, ਪੱਗ ਉਤਾਰ ਦਿੱਤੀ, ਮੂੰਹ
ਤੇ ਜੁੱਤੀਆਂ ਮਾਰੀਆਂ ਤੇ ਉਸੇ ਵੇਲੇ ਜੇਲ੍ਹ ਭੇਜ ਦਿੱਤਾ ਗਿਆ। ਅਗਲੇ ਦਿਨ ਰਾਜੇ ਨੇ ਅਨੂਪ ਕੌਰ ਨੂੰ
ਦਰਬਾਰ ਵਿੱਚ ਬੁਲਾਇਆ ਤੇ ਰਾਤ ਦੀ ਘਟਨਾ ਨੂੰ ਮੁੱਖ ਰਖਦਿਆਂ ਯੋਗ ਫੈਸਲਾ ਸੁਣਾਇਆ।
ਇਹਨਾਂ ਦੋਨਾਂ ਕਥਾਵਾਂ ਤੋਂ ਇਹ ਨਿਸ਼ਕਰਸ਼ ਨਿਕਲਦਾ ਹੈ ਕਿ ਇਹ ਕਿਸੇ ਹੋਰ
ਰਾਜੇ ਦੀ ਕਥਾ ਨਹੀਂ, ਗੁਰੂ ਗੋਬਿੰਦ ਸਿੰਘ ਜੀ ਦੀ ਕਥਾ ਹੈ। ਅਨੰਦਪੁਰ ਵਿੱਚ ਕੋਈ ਪੁਰਾਣਾ ਕਸਬਾ
ਨਹੀਂ ਸੀ। ਗੁਰੂ ਤੇਗ਼ ਬਹਾਦਰ ਸਾਹਿਬ ਦੇ ਸਮੇਂ ਤੋਂ ਹੀ ਇਸਦਾ ਨਾਉਂ ਅਨੰਦਪੁਰ ਸਾਹਿਬ ਪਿਆ। ਕਿਸੇ
ਹੋਰ ਰਾਜੇ ਦੇ ਹੋਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਉਂਜ ਇਸ ਨਾਲ ਸਾਰੇ ਸਹਿਮਤ ਹਨ।
ਸਿੱਖ ਜਗਤ ਦਾ ਇੱਕ ਵਰਗ ਇਹਨਾਂ ਕਥਾਵਾਂ ਨੂੰ ਵੀ ਸ੍ਰੀ ਗੁਰੂ ਗੋਬਿੰਦ ਸਿੰਘ
ਜੀ ਦੀ ਕ੍ਰਿਤ ਮੰਨਦਾ ਹੈ। ਉਹ ਤਾਂ ਇਥੇ ਤਕ ਪਹੁੰਚਦਾ ਹੈ ਕਿ ਜਿਹੜਾ ਪੁਰਸ਼ ਦਸਮ ਗ੍ਰੰਥ ਨੂੰ ਗੁਰੂ
ਕ੍ਰਿਤ ਨਹੀਂ ਮੰਨਦਾ, ਉਸਨੂੰ ਗਿਆਨ ਪ੍ਰਾਪਤ ਨਹੀਂ ਹੋ ਸਕਦਾ। ਦੂਜਾ ਵਰਗ ਕੁੱਝ ਚੋਣਵੀਂ ਰਚਨਾ ਨੂੰ
ਹੀ ਦਸ਼ਮੇਸ਼ ਪਿਤਾ ਦੀ ਰਚਨਾ ਸਮਝਦਾ ਹੈ। ਉਸ ਅਨੁਸਾਰ ਕੋਈ ਪੂਰਨ ਗੁਰਸਿੱਖ ਵੀ ਇਸ ਤਰ੍ਹਾਂ ਦੀਆਂ
ਕਥਾਵਾਂ ਰਚਨ ਕਰਨ ਤੋਂ ਸੰਕੋਚ ਕਰਦਾ ਹੋਵੇਗਾ।
ਉਹ ਕਿਹੜਾ ਗੁਰਸਿੱਖ ਹੋਵੇਗਾ ਜਿਹੜਾ
ਅੱਧੀ ਰਾਤ ਦੇ ਬਾਅਦ ਰਾਜੇ ਨੂੰ ਅੰਮ੍ਰਿਤ ਵੇਲਾ ਸੰਭਾਲਣ ਦੀ ਬਜਾਏ ਇੱਕ ਨਿਗੂਣੇ ਮੰਤਰ ਦੀ ਖਾਤਰ
ਵੇਸਵਾ ਦੇ ਨਰਕ ਘੋਰ ਦੁਆਰ ਵਿੱਚ ਲਿੰਗ ਵਾਸ਼ਨਾ ਦੇ ਚਰਚਾ ਵਿੱਚ ਫੱਸਿਆ ਦਿਖਾਵੇਗਾ,
ਜਿਸ ਨੂੰ ਅਕਾਲ ਪੁਰਖ ਵਾਹਿਗੁਰੂ ਗੁਰਮੰਤਰ ਯਾਦ ਨਹੀਂ,
ਭਗਵਤੀ ਦਾ ਸਿਮਰਨ ਯਾਦ ਹੈ, ਜਿਸਨੂੰ “ਪਾਰਬ੍ਰਹਮ ਗੁਰ ਨਾਨਕ ਸਾਖੀ” ਜੈਸੀ ਸ਼ਬਦਾਵਲੀ ਦਾ ਪਤਾ ਨਹੀਂ,
ਪਰ ਭਗਵਤੀ ਦੀ ਕਸਮ ਖਾਣ ਉਪ੍ਰੰਤ ਕੁਕਰਮ ਕਰਨ ਦੀ ਬੇਬਸੀ ਜਾਂ ਮਜਬੂਰੀ ਦਾ ਪਤਾ ਹੈ, ਜਿਸ ਦੇ
ਸਾਹਮਣੇ ਸਿੱਖੀ ਸਰੂਪ ਦੀ ਦੁਰਦਸ਼ਾ ਹੋਈ, ਦਾਹੜੀ ਫੜੀ ਗਈ, ਪੱਗ ਉਤਾਰੀ ਗਈ ਤੇ ਮੂੰਹ ਤੇ ਜੁੱਤੀਆਂ
ਮਾਰੀਆਂ ਗਈਆਂ।
ਦੂਜੇ ਵਰਗ ਦੀ ਸੋਚਣੀ ਅਨੁਸਾਰ ਅਸੀਂ ਬਹੁਤ ਖੁਸ਼ ਹੁੰਦੇ ਹਾਂ ਕਿ ਇਹਨਾਂ
ਕਥਾਵਾਂ ਵਿੱਚ ਰਾਜੇ ਦਾ ਚਾਲ-ਚਲਨ ਬਹੁਤ ਚੰਗਾ ਤੇ ਨਿਰਲੇਪ ਦਿਖਾਇਆ ਹੈ। ਇਸ ਪ੍ਰਸੰਨਤਾ ਅਧੀਨ
ਸਾਨੂੰ ਗੁਰਮਤਿ ਕਸੌਟੀ ਦੀ ਵਰਤੋਂ ਕਰਨੀ ਵੀ ਜ਼ਰੂਰੀ ਨਹੀਂ ਭਾਸਦੀ। ਇਹਨਾਂ ਕਥਾਵਾਂ ਅਨੁਸਾਰ ਜੇ
ਰਾਜੇ ਦੀ ਸਮੁੱਚੀ ਸ਼ਖ਼ਸੀਅਤ ਵੱਲ ਝਾਤ ਮਾਰੀਏ ਤਾਂ ਉਹ ਬੁਜ਼ਦਿਲ, ਡਰਪੋਕ ਤੇ ਬੇਬਸ ਨਜ਼ਰ ਆਵੇਗਾ। ਅਨੂਪ
ਕੌਰ ਰਾਜੇ ਤੇ ਐਨੀ ਹਾਵੀ ਹੋ ਚੁਕੀ ਸੀ ਕਿ ਉਹ ਰਾਜੇ ਦੀ ਸ਼ਕਤੀ ਨੂੰ ਤੁੱਛ ਸਮਝਦੀ ਸੀ, ਇਸੇ ਕਰਕੇ
ਉਸਨੇ ਰਾਜੇ ਨੂੰ ਆਖਿਆ ਕਿ ਮਨ ਕਰਕੇ ਮੇਰੇ ਨਾਲ ਭੋਗ ਕਰੋ ਨਹੀਂ ਤਾਂ ਮੇਰੀ ਲੱਤ ਥੱਲਿਓਂ ਹੋ ਕੇ
ਨਿਕਲ ਜਾਵੋ। ਮਿੱਤਰ ਜੀ, ਅੱਜ ਮੈਂ ਤੁਹਾਨੂੰ ਆਪਣੇ ਹੱਥ ਨਾਲ ਫੜ ਕੇ ਸਾਰੀ ਰਾਤ ਚੂਰ-ਚੂਰ ਕਰਾਂਗੀ।
ਛੱਜੀਆ ਦੀ ਕਥਾ ਅਨੁਸਾਰ ਰਾਜਾ ਨੇ ਆਖਿਆ ਕਿ ਜੇ ਮੈਂ ਭੋਗ ਕਰਦਾ ਹਾਂ ਤਾਂ
ਧਰਮ ਜਾਂਦਾ ਹੈ, ਜੇ ਦੌੜਦਾ ਹਾਂ ਤਾਂ ਬੰਨ੍ਹ ਲਿਆ ਜਾਵਾਂਗਾ। ਇਥੋਂ ਰਾਜਾ ਉਸ ਦੀ ਹਾਂ ਵਿੱਚ ਹਾਂ
ਮਿਲਾਉਣ ਦਾ ਚਰਿੱਤਰ ਖੇਡ ਕੇ ਨੱਸ ਉੱਠਿਆ ਸੀ। ਰਾਜਾ ਕਿੰਨਾ ਡਰਦਾ ਸੀ, ਇਸ ਦਾ ਅਨੁਮਾਨ ਕਥਾ ਵਿੱਚ
ਵਰਤੀ ਸ਼ਬਦਾਵਲੀ ਤੋਂ ਲਾਇਆ ਜਾ ਸਕਦਾ ਹੈ। ਕਦੇ ਉਸਨੂੰ ਘੋਰ ਨਰਕ ਵਿੱਚ ਪੈਣ ਦਾ ਡਰ ਹੈ, ਕਦੇ ਨੀਚ
ਕੁਲ ਵਿੱਚ ਜਨਮ ਧਾਰਨ ਦਾ ਡਰ, ਕਦੇ ਭਗਵਤੀ ਦੀ ਸੌਂਹ ਤੋੜਨ ਦਾ ਡਰ। ਡਰ ਦੇ ਮਾਰੇ ਰਾਜੇ ਨੇ ਇਹ ਵੀ
ਆਖਿਆ ਕਿ ਬਿਨਾ ਭੋਗ ਕੀਤੇ ਇਹ ਇਸਤ੍ਰੀ ਮਾਰ ਦੇਵੇਗੀ ਤੇ ਕਿੰਨਾ ਚੰਗਾ ਹੁੰਦਾ ਜੇ ਕੋਈ ਸਿੱਖ ਸੇਵਕ
ਆ ਕੇ ਮੈਨੂੰ ਬਚਾ ਲਵੇ। ਚੋਰ-ਚੋਰ ਦੀ ਆਵਾਜ਼ ਸੁਣ ਕੇ ਰਾਜਾ ਐਨਾ ਡਰਿਆ ਕਿ ਰੇਸ਼ਮੀ ਚਾਦਰ ਤੇ ਜੁੱਤੀ
ਛੱਡ ਕੇ ਭੱਜ ਗਿਆ।
ਅਗਲੇ ਦਿਨ ਰਾਜੇ ਨੇ ਦਰਬਾਰ ਵਿੱਚ ਜੋ ਫੈਸਲਾ ਕੀਤਾ, ਉਹ ਫੈਸਲਾ ਨਹੀਂ,
ਸਮਝੌਤਾ ਸੀ। ਇਹ ਫੈਸਲਾ ਦਰਬਾਰ ਵਿੱਚ ਨਹੀਂ, ਇਕਾਂਤ ਵਿੱਚ ਹੋਇਆ ਸੀ ਜਿਸ ਦਾ ਸਾਰ ਇਹ ਸੀ - ‘ਇਸ
ਤਰ੍ਹਾਂ ਦੀ ਗੱਲ ਮਨ ਵਿੱਚ ਨਹੀਂ ਲਿਆਉਣੀ, ਹੁਣ ਮੇਰਾ ਦੋਸ਼ ਮਾਫ਼ ਕਰਨਾ’, ਖੁਸ਼ ਕਰਨ ਲਈ ਵੀਹ ਹਜ਼ਾਰ
ਟਕੇ ਛਿਮਾਹੀ ਦਿੱਤੇ ਗਏ।
ਇਹ ਕਥਾਵਾਂ ਪਾ: 10 ਦੀ ਸ਼ਖਸੀਅਤ ਤੇ ਆਚਰਣ ਉੱਤੇ ਵਿਉਂਤ ਅਨੁਸਾਰ ਕੀਤਾ
ਗੁੱਝਾ ਵਾਰ, ਕਿਸੇ ਅਨਮਤੀ ਭਗਉਤੀ ਦੇ ਉਪਾਸ਼ਕ ਕਵੀ ਦੀ ਚਾਲ ਹਨ।
ਡਾ: ਗੁਰਮੁਖ ਸਿੰਘ