ਸਾਰੇ ਪੰਜਾਬੀ ਪੜ੍ਹਨ ਵਾਲਿਆਂ ਦਾ ਹਰਦਿਕ ਧੰਨਵਾਦੀ ਹਾਂ। ਵਿਆਹ ਵਰਗੇ
ਸੰਗੀਨ ਸਮਲੇ ਬਾਰੇ ਚਰਚਾ ਕਰਨ ਲੱਗਿਆ ਹਾਂ। ਪੱਛਮੀ ਸੱਭਿਅਤਾ ਵਿੱਚ ਵਿਆਹ ਵਰਗੇ ਜ਼ੁਮੇਵਾਰੀ ਸੰਭਾਲਣ
ਤੇ ਇਸ ਸੰਸਾਰੀ ਰਚਨਾ ਦਾ ਇੱਕ ਹਿਸਾ ਬਣਨ ਵਾਲੇ ਮਸਲੇ ਨੂੰ ਮਨੋਰੰਜਨ ਦਾ ਸਾਧਨ ਮੰਨ ਕੇ ਆਦਮੀ ਅਤੇ
ਔਰਤ ਨੇ ਇਸ ਜ਼ਿੰਦਗੀ ਨੂੰ ਨਰਕ ਬਣਾ ਲਿਆ ਹੈ ਅਤੇ ਅਸੀਂ ਹਿੰਦੁਸਤਾਨੀਆਂ ਜਾਂ ਪਾਕਿਸਤਾਨੀਆਂ ਨੇ
ਵਿਆਹ ਵਰਗੇ ਅੱਤ ਜਰੂਰੀ ਤੇ ਗੰਭੀਰ ਮਸਲੇ ਨੂੰ ਤਜ਼ਾਰਤ ਵਿੱਚ ਬਦਲ ਦਿੱਤਾ ਹੈ। ਇਸੇ ਕਰਕੇ ਹੀ ਪੱਛਮੀ
ਦੇਸ਼ਾਂ ਤੇ ਪੂਰਬੀ ਮੁਲਕਾਂ ਵਿਚ, ਇਨ੍ਹਾਂ ਮੁਲਕਾਂ ਦੀ ਗੱਲ ਮੈਂ ਇਸ ਕਰਕੇ ਕਰਦਾ ਹਾਂ ਕਿਉਂਕਿ ਮੈਂ
ਇਨ੍ਹਾਂ ਵਿੱਚ ਰਹਿ ਚੁਕਿਆ ਹਾਂ, ਵਿਆਹ ਕੁੱਝ ਦਹਾਕਿਆਂ ਜਾਂ ਕੁੱਝ ਸਾਲਾਂ ਜਾਂ ਛੇਤੀ ਵਿਆਹ ਤੋਂ
ਬਾਅਦ ਵਿਆਹ ਟੁੱਟ ਜਾਦੇ ਹਨ ਜਾਂ ਫਿਰ ਨੌਬਤ ਕਤਲੋ ਗਾਰਤ ਤਕ ਪਹੁੰਚ ਜਾਂਦੀ ਹੈ। ਘਰ ਬਰਬਾਦ ਹੋ
ਜਾਂਦੇ ਹਨ। ਕੋਈ ਜ੍ਹੇਲ਼ ਚਲਾ ਜਾਂਦਾ ਹੈ ਤੇ ਕੋਈ ਸਿਵਿਆਂ `ਚ। ਕਿਸੇ ਦੀ ਪਿਆਰੀ ਬੱਚੀ ਚਾਕੂ ਦੀ
ਨੋਕ ਥੱਲੇ ਤੇ ਕਿਸੇ ਦਾ ਜਵਾਨ ਲੜਕਾ ਸੋਹਰਿਆਂ ਦੀ ਜੁੱਤੀ ਥੱਲੇ। ਵਿਆਹਾਂ ਕਰਕੇ ਕਿਸੇ ਦੀ ਜ਼ਮੀਨ
ਵਿਕੀ ਤੇ ਕਿਸੇ ਦਾ ਬੰਗਲੋ। ਬਸ ਅਸੀਂ ਪੰਜਾਬ `ਚ ਰਹਿਣਾ ਨਹੀਂ ਚਾਹੁੰਦੇ। ਚਾਹੇ ਕਿਵੇਂ ਵੀ ਹੋਵੇ
ਅਸੀਂ ਬਾਹਰ ਜਾ ਕੇ ਹੀ ਸਾਹ ਲੈਣਾ ਹੈ। ਅਮੀਰ ਬਣਦੇ ਬਣਦੇ ਕਈ ਵਾਰੀ ਅਸੀਂ ਸਵਾਸਾਂ ਦੀ ਲੜੀ ਵੀ ਗਵਾ
ਲੈਂਦੇ ਹਾਂ।
ਮਨੁੱਖ ਨੇ ਕਬੀਲੇ ਦੇ ਰੂਪ ਵਿੱਚ ਆਪਣੇ ਜੀਵਨ ਨਿਰਭਾ ਲਈ ਖਾਣੇ ਦੀ ਤਲਾਸ
ਵਿੱਚ ਹਰ ਰੋਜ਼ ਅੱਗੇ ਨਾ ਜਾ ਕੇ ਇੱਕ ਥਾਂ ਟਿਕ ਕੇ ਹੀ ਖਾਣਾ ਪੈਦਾ ਕਰਨ ਦੀ ਜਾਂਚ ਸਿੱਖ ਲਈ। ਅੱਜ
ਵਾਲੀ ਮਨੁੱਖੀ ਸੱਭਿਅਤਾ ਦੀ ਸ਼ੁਰੂਆਤ ਕੋਈ ਦਸ ਕੁ ਹਜ਼ਾਰ ਸਾਲ ਪਹਿਲਾਂ ਹੋਈ ਮੰਨਿਆ ਜਾਂਦਾ ਹੈ। ਆਪਣੀ
ਹਿਫਾਜ਼ਤ ਲਈ ਇੱਕ ਸਿਰਦਾਰ ਮੰਨ ਲਿਆ। ਇਸੇ ਸੋਚ ਵਿਚੋਂ ਹੀ ਆਪਣੀ ਰਾਖੀ ਲਈ ਪੁਲੀਸ, ਫੌਜ਼, ਟੈਕਸ,
ਕਾਨੂੰਨ ਤੇ ਕਾਨੁੰਨ ਦੇ ਘਾੜੇ ਤੇ ਰਾਖੇ ਪੈਦਾ ਹੋਏ ਅਤੇ ਹੋਰ ਸਾਰੇ ਸਮਾਜਕ ਬੰਧਨ ਘੜ ਲਏ ਗਏ।
ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਵੀ ਬਹੁਤ ਸਾਰੇ ਪੀਰ ਪੈਗੰਬਰ ਹੋਏ ਹਨ
ਜਿਨ੍ਹਾਂ ਨੇ ਸਮਾਜ ਵਿੱਚ ਫੈਲੇ ਹੋਏ ਝੂਠ ਦੇ ਖੰਭ ਕਤਰਨ ਦੀ ਕੋਸ਼ਿਸ਼ ਕੀਤੀ ਪਰ ਲਗਦਾ ਇੰਞ ਹੈ ਕਿ
ਮਹਾਤਮਾ ਬੁੱਧ ਤੋਂ ਬਾਅਦ ਇਸ ਕੰਮ ਦਾ ਸਿਹਰਾ ਗੁਰੂ ਨਾਨਕ ਪਾਤਸ਼ਾਹ ਦੇ ਸਿਰ ਹੀ ਬੱਝਦਾ ਹੈ।
ਬਿਖੁ ਸੰਚੈ ਹਟਵਾਣੀਆ ਬਹਿ ਹਾਟਿ ਕਮਾਇ॥ ਮੋਹ ਝੂਠੁ ਪਸਾਰਾ ਝੂਠ ਕਾ ਝੂਠੇ
ਲਪਟਾਇ॥ ਤਿਉ ਹਰਿਜਨਿ ਹਰਿਧਨੁ ਸੰਚਿਆ ਹਰਿ ਖਰਚੁ ਲੈ ਜਾਇ॥ 3॥ {ਪੰਨਾ 166}
ਗੁਰੂ ਨਾਨਕ ਪਾਤਸ਼ਾਹ ਜਾਂ ਤਾਂ ਜਾਦੇ ਹਨ ਚੋਰਾਂ, ਠੱਗਾਂ ਤੇ ਡਾਕੂਆਂ ਕੋਲ
ਤੇ ਫਿਰ ਜਾਂ ਜਾਂਦੇ ਹਨ ਧਾਰਮਕ ਵਿਆਕਤੀਆਂ ਕੋਲ ਮੰਦਰਾਂ ਤੇ ਮਸੀਤਾਂ ਵਿਚ। ਇਸਦਾ ਮਤਲਬ ਇਹ ਹੈ ਕਿ
ਧਾਰਮਕ ਵਿਆਕਤੀ ਆਪਣੇ ਪਹਿਰਾਵੇ ਵਿੱਚ ਉਤਨੇ ਹੀ ਭੈੜੇ ਜਮਦੂਤ ਹਨ ਜਿਤਨੇ ਡਾਕੂ ਜਾਂ ਠੱਗ। ਗੁਰੂ
ਸਹਿਬਾਨ ਦੇ ਪ੍ਰਚਾਰ ਦਾ ਅਸਰ ਐਨਾ ਹੋਇਆ ਕਿ ਸਾਨੂੰ ਕੁੱਤੇ (ਸੱਗ) ਕਹਿਣ ਵਾਲਾ ਕਾਜ਼ੀ ਨੂਰ ਮੁਹੰਮਦ
ਵੀ ਇਹ ਲਿਖ ਗਿਆ ਕਿ ਇਨ੍ਹਾਂ ਕੁਤਿਆਂ (ਗੁਰੂ ਨਾਨਕ ਸਾਹਿਬ ਦੇ ਸਿੱਖਾਂ) ਦੀ ਗਵਾਹੀ ਤੇ ਸਾਡੇ
ਮੌਲਵੀ ਵੀ ਨੂੰ ਫੈਸਲਾ ਕਰਨ ਤੇ ਮਜ਼ਬੂਰ ਹੋਣਾ ਪੈਂਦਾ ਹੈ ਕਿਉਂਕਿ ਇਹ ਝੂਠ ਨਹੀਂ ਬੋਲਦੇ। ਇਹ ਸੀ
ਇੱਕ ਸੰਪੂਰਣ ਮਨੁੱਖ ਦੀ ਘਾੜਤ ਜੋ ਗੁਰੂ ਸਹਿਬਾਨ ਦੇ ਪ੍ਰਚਾਰ ਸਦਕਾ ਘੜੀ ਗਈ।
ਕੁਦਰਤ ਵਿੱਚ ਹੋਰ ਬਹੁਤ ਸਾਰੀਆਂ ਨਸਲਾਂ ਹਨ ਜਿਨ੍ਹਾਂ ਵਿੱਚ ਕੇਵਲ ਇਕੋ ਨਰ
ਜਾਂ ਮਾਦਾ ਹੀ ਪਦਾਇਸ਼ ਕਰ ਰਹੇ ਹਨ ਪਰ ਕੁਦਰਤ ਨੇ ਆਦਮ-ਜਾਤ ਦੀ ਪੈਦਾਇਸ਼ ਇਸਤਰੀ ਤੇ ਮਨੁੱਖ ਦੇ ਹੱਥ
ਰੱਖੀ ਹੈ। ਮਨੁੱਖ ਆਪਣੇ ਦਿਮਾਗ ਨਾਲ ਬਹੁਤ ਤਕੜੇ ਤੇ ਵੱਡੇ ਵੱਡੇ ਜਾਨਵਰਾਂ ਨੂੰ ਆਪਣੇ ਤਹਿਤ ਰੱਖ
ਰਿਹਾ ਹੈ। ਪਰ ਜੇ ਕੋਈ ਬਚਪਨ ਵਿੱਚ ਇਸਦੀ ਸਾਂਭ-ਸੰਭਾਲ ਨਾ ਕਰੇ ਤਾਂ ਇਸਦੇ ਬੱਚਣ ਦੇ ਮੌਕੇ ਬਹੁਤ
ਹੀ ਘੱਟ ਹਨ। ਇਸ ਸਾਰੀ ਜੁਮੇਵਾਰੀ ਤੋਂ ਡਰਦੇ ਮਾਰੇ ਬਹੁਤ ਸਾਰੇ ਗੋਰੇ ਲੋਕ ਆਪਣੀ ਨਸਲ ਪੈਦਾ ਹੀ
ਨਹੀਂ ਕਰਦੇ ਜਾਂ ਫਿਰ ਆਦਮੀ ਤੀਂਵੀ ਤਲਾਕ ਹੀ ਇਤਨੇ ਕੁ ਕਰ ਬੈਠਦੇ ਹਨ ਕਿ ਉਨ੍ਹਾਂ ਨੂੰ ਆਪਣੀ ਉਲਾਦ
ਦਾ ਪਤਾ ਵੀ ਨਹੀਂ ਹੁੰਦਾ ਕਿ ਉਹ ਕਿੱਥੇ ਤੇ ਕਿਸ ਹਾਲਤ ਵਿੱਚ ਰਹਿ ਰਹੀ ਹੈ। ਦੂਸਰੇ ਪਾਸੇ ਦੀ
ਤਸਵੀਰ ਇਹ ਕਹਿੰਦੀ ਹੈ ਕਿ ਗੁਰੂ ਸਹਿਬਾਨ ਦੇ ਇਸ ਸੰਸਾਰ ਤੋਂ ਕੂਚ ਕਰਨ ਤੋਂ ਛੇਤੀ ਹੀ ਬਾਅਦ ਮਿਸਰ
ਜੀ ਨੇ ਮੁੜ ਤੋਂ ਆਪਣਾ ਜਾਲ ਵਿਛਾਉਣਾ ਸ਼ੂਰੂ ਕਰ ਦਿੱਤਾ ਤੇ ਅੱਜ ਹਰ ਸਿੱਖ ਹਰ ਕੰਮ ਗੁਰੂ ਜੀ ਦੀ
ਸਿਖਿਆ ਦੇ ਉਲਟ ਕਰਦਾ ਹੋਇਆ ਵੀ ਆਪਣੇ ਆਪ ਨੂੰ ਗੁਰੂ ਦਾ ਸੱਚਾ ਸੁਚਾ ਸਿੱਖ ਆਖਵਾ ਰਿਹਾ ਹੈ। ਉਸਨੂੰ
ਇਹ ਵੀ ਨਹੀਂ ਪਤਾ ਕਿ ਗੁਰੂ ਸਾਹਿਬਾਨ ਦੀ ਸਿਖਿਆ ਕੀ ਹੈ ਤੇ ਉਹ ਕੀ ਕਰੀ ਜਾ ਰਿਹਾ ਹੈ। ਸਿੱਖ ਵਿੱਚ
ਲਾਲਚ ਲੋਹੜੇ ਦਾ ਹੈ। ਇਹ ਆਪਣੀ ਅਰਦਾਸ ਵੀ ਲਾਲਚ ਭਰੀ ਹੀ ਕਰਦਾ ਹੈ। ਡਾਲਰ ਇੱਕ ਗੋਲਕ ਵਿੱਚ ਪਾ ਕੇ
ਲੱਖਾਂ ਮੰਗਦਾ ਹੈ। ਜਿਸਨੂੰ ਗੁਰੂ ਜੀ ਆਪਣੇ ਲਫਜ਼ਾਂ ਵਿੱਚ ਇੰਞ ਬਿਆਨ ਕਰਦੇ ਹਨ:
ਸਤੀਆ ਮਨਿ ਸੰਤੋਖੁ ਉਪਜੈ ਦੇਣੈ ਕੈ ਵੀਚਾਰਿ॥ ਦੇ ਦੇ ਮੰਗਹਿ ਸਹਸਾ ਗੂਣਾ
ਸੋਭ ਕਰੇ ਸੰਸਾਰੁ॥ ਚੋਰਾ ਜਾਰਾ ਤੈ ਕੂੜਿਆਰਾ ਖਾਰਾਬਾ ਵੇਕਾਰ॥ {ਪੰਨਾ 465-466}
ਗੁਰੂ ਦੀ ਸਿਖਿਆ ਮੁਤਾਬਕ ਤਾਂ ਸਿੱਖਾਂ ਵਿੱਚ ਲੋਭ, ਲਾਲਚ ਤੇ ਅਹੰਕਾਰ ਆਦਿ
ਬਿਲਕੁਲ ਨਹੀਂ ਹੋਣਾ ਚਾਹੀਦਾ ਸੀ। ਪਰ ਜਿਤਨਾ ਲੋਭ ਲਾਲਚ ਤੇ ਅਹੰਕਾਰ ਅੱਜ ਸਿੱਖਾਂ ਵਿੱਚ ਹੈ ਉਤਨਾ
ਕਿਸੇ ਹੋਰ ਮਨੁੱਖੀ ਜਾਤ ਵਿੱਚ ਨਹੀਂ। ਇਸਦਾ ਕਾਰਣ ਇਹ ਹੈ ਕਿ ਸਿੱਖਾਂ ਨੇ ਗੁਰੂ ਗ੍ਰੰਥ ਸਾਹਿਬ ਨੂੰ
ਪੜ੍ਹਿਆ ਬਹੁਤ ਹੈ ਪਰ ਸਮਝਿਆ ਨਹੀਂ। ਇਸੇ ਕਰਕੇ ਹੀ ਵਿਆਹ ਕਰਦੇ ਸਮੇਂ ਸਾਡੀ ਚੋਣ ਗਲਤ ਹੁੰਦੀ ਹੈ।
ਸਲੋਕ ਮਃ 1॥ ਕਲੀ ਅੰਦਰਿ ਨਾਨਕਾ ਜਿੰਨਾਂ ਦਾ ਅਉਤਾਰੁ॥ ਪੁਤੁ ਜਿਨੂਰਾ ਧੀਅ
ਜਿੰਨੂਰੀ ਜੋਰੂ ਜਿੰਨਾ ਦਾ ਸਿਕਦਾਰੁ॥ 1॥ {ਪੰਨਾ 556}
ਗੁਰੂ ਸਾਹਿਬ ਫੁਰਮਾਉਂਦੇ ਹਨ ਕਿ ਜਦੋਂ ਅਸੀਂ ਪੈਸੇ ਦੇ ਪੁੱਤ ਬਣ ਜਾਂਦੇ
ਹਾਂ ਤਾਂ ਅਸੀਂ ਵੱਡੇ ਭੂਤ ਪਰੇਤ ਬਣ ਜਾਂਦੇ ਹਾਂ ਤੇ ਸਾਡੇ ਪੁਤਰ ਧੀਆਂ ਛੋਟੇ ਜਿਨ-ਭੂਤ ਬਣ ਜਾਂਦੇ
ਹਨ। ਹੁਣ ਦੇਖਣ ਵਾਲੀ ਗੱਲ ਤਾਂ ਇਹ ਹੈ ਕਿ ਅਸੀਂ ਆਦਮ-ਜਾਤ ਤਾਂ ਰਹੇ ਹੀ ਨਹੀਂ। ਜਦੋਂ ਮੇਲ ਹੀ
ਭੁਤਾਂ-ਪਰੇਤਾਂ ਦਾ ਹੈ ਤਾਂ ਉਹ ਕੰਮ ਵੀ ਓਹੋ ਜਿਹੇ ਹੀ ਕਰਨਗੇ। ਜਦੋਂ ਅਸੀਂ ਆਪਣੇ ਧੀ ਪੁਤ ਨੂੰ
ਸੰਸਕਾਰ ਹੀ ਚੰਗੇ ਨਹੀਂ ਦਿੱਤੇ ਤਾਂ ਉਹ ਚੰਗੇ ਮਨੁੱਖ ਕਿਵੇਂ ਬਣਨਗੇ?
ਬਹੁਤੀ ਵਾਰੀ ਲੜਕਾ-ਲੜਕੀ ਸ਼ਰੀਰਕ ਖਿਚ ਕਾਰਨ ਹੀ ਇੱਕ ਦੂਜੇ ਨਾਲ ਬੱਝ ਜਾਂਦੇ
ਹਨ ਤੇ ਜਦੋਂ ਹੀ ਸ਼ਰੀਰਕ ਖਿਚ ਜਰਾ ਢਿੱਲੀ ਪੈਂਦੀ ਹੈ ਉਸੇ ਵਕਤ ਲੜਾਈ ਦਾ ਹੋਣਾ ਸੁਭਾਵਕ ਹੀ ਹੈ।
ਇਸੇ ਹੀ ਖਿਚ ਕਾਰਨ ਕਈ ਵਾਰੀ ਵੱਖਰੇ ਵੱਖਰੇ ਧਰਮਾਂ ਦੇ ਲੜਕਾ-ਲੜਕੀ ਇੱਕ ਦੂਜੇ ਨਾਲ ਵਿਆਹ ਕਰਵਾ
ਲੈਂਦੇ ਹਨ ਪਰ ਉਨ੍ਹਾਂ ਨੂੰ ਵਿਆਹ ਤੋਂ ਬਾਅਦ ਪੈਦਾ ਹੋਣ ਵਾਲੀਆਂ ਮੁਸੀਬਤਾਂ ਬਾਰੇ ਕੋਈ ਚਾਨਣਾ
ਨਹੀਂ ਹੁੰਦਾ। ਜੇ ਕਰ ਵਿਆਹ ਕਰਨ ਤੋਂ ਪਹਿਲਾਂ ਸਾਨੂੰ ਇਹ ਪਤਾ ਚੱਲ ਜਾਵੇ ਕਿ ਜਦੋਂ ਬੱਚੇ ਹੋਣਗੇ
ਉਨ੍ਹਾਂ ਨੂੰ ਕਿਸ ਧਰਮ ਅਨੁਸਾਰ ਨਾਮ ਦੇਵਾਂਗੇ, ਕਿਹੜੇ ਧਰਮ ਦਾ ਗਿਆਨ ਦੇਵਾਂਗੇ, ਸਾਡੀ ਬਾਕੀ ਦੀ
ਜਿੰਦਗੀ ਕਿਹੜੇ ਸੰਸਕਾਰਾਂ ਅਨੁਸਾਰ ਗੁਜਰੇਗੀ, ਉਸ ਵਿੱਚ ਕਿਹੜੀਆਂ ਕਿਹੜੀਆਂ ਔਕੜਾਂ ਆਉਣਗੀਆਂ ਤੇ
ਇਨ੍ਹਾਂ ਸਾਰੀਆਂ ਮੁਸੀਬਤਾਂ ਨੂੰ ਅਸੀਂ ਹੱਲ ਕਰ ਪਾਵਾਂਗੇ ਜਾਂ ਨਹੀਂ। ਜੇ ਕਰ ਅਸੀਂ ਇਨ੍ਹਾਂ ਔਕੜਾਂ
ਬਾਰੇ ਪਹਿਲਾਂ ਸੋਚਾਂਗੇ ਤਾਂ ਵੱਖਰੇ ਵੱਖਰੇ ਧਰਮਾਂ ਦੇ ਬੱਚੇ ਕਦੇ ਇੱਕ ਦੂਜੇ ਨਾਲ ਵਿਆਹ ਨਹੀਂ
ਕਰਵਾਉਣਗੇ। ਨਰਗਸ ਨੇ ਸਾਰੀ ਉਮਰ ਸੁਨੀਲ ਦੱਤ ਨਾਲ ਗੁਜਾਰੀ ਪਰ ਉਸਦੀ ਆਖਰੀ ਖੁਆਸ਼ ਇਹ ਸੀ ਕਿ
ਮੈਂਨੂੰ ਸਾੜਿਆ ਨਾ ਜਾਵੇ ਸਗੋਂ ਮੁਸਲਮਾਨਾ ਧਰਮ ਦੀਆਂ ਰੀਤਾਂ ਅਨੁਸਾਰ ਦੱਬਿਆ ਜਾਵੇ। ਚਲੋ ਇਹ ਖੁਆਸ਼
ਤਾਂ ਪੂਰੀ ਕਰ ਦਿੱਤੀ ਗਈ ਪਰ ਜਿਉਂਦੇ ਜੀਅ ਨਰਗਸ ਨਾਲ ਕੀ ਵਾਪਰਿਆ ਇਹ ਤਾਂ ਓਹੀ ਜਾਣਦੀ
ਹੋਵੇਗੀ।
ਜਦੋਂ ਅਸੀਂ ਰਿਸ਼ਤਾ ਕਰਦੇ ਹਾਂ ਤਾਂ ਦੇਖਦੇ ਹਾਂ ਕਿ ਲੜਕੇ ਕੋਲ ਡਿਗਰੀਆਂ
ਕਿਤਨੀਆਂ ਹਨ, ਨੌਕਰੀ ਪੇਸ਼ਾ ਹੈ, ਜ਼ਮੀਨ ਜ਼ਾਇਦਾਦ ਕਿਤਨੀ ਹੈ, ਸੋਹਣਾ ਹੈ, ਉੱਚਾ ਲੰਬਾ ਹੈ ਆਦਿ ਤੇ
ਇਹੀ ਵਰਤਾਵਾ ਲੜਕੀ ਨਾਲ ਕੀਤਾ ਜਾਂਦਾ ਹੈ। ਜੇ ਲੜਕਾ ਕੈਨੇਡਾ ਜਾਂ ਅਮਰੀਕਾ ਤੋਂ ਗਿਆ ਹੋਵੇ ਤਾਂ
ਦਾਜ਼-ਦਹੇਜ਼ ਵਜੋਂ 30 ਕੁ ਲੱਖ ਰੁਪਿਆ ਨਕਦ ਤੇ ਪੰਜ ਸੱਤ ਲੱਖ ਰੁਪਿਆ ਵਿਆਹ ਤੇ ਖਰਚ ਕਰਨਾ ਹੀ ਪੈਂਦਾ
ਹੈ ਨਹੀਂ ਤਾਂ ਗੱਲ ਸਿਰੇ ਨਹੀਂ ਚੜ੍ਹਦੀ। ਪਰ ਅਸਲ ਵਿੱਚ ਪੁਛਣ ਵਾਲੀ ਗੱਲ ਤਾਂ ਸੀ ਕਿ ਲੜਕੇ ਅਤੇ
ਲੜਕੀ ਵਿੱਚ ਕਿਹੜੇ ਕਿਹੜੇ ਖਾਸ ਗੁਣ ਹਨ। ਗਿਆਨ ਦਾ ਮਤਲਬ ਵੀ ਗੁਣ ਹੀ ਹੁੰਦਾ ਹੈ। ਗੁਰੂ ਜੀ
ਫੁਰਮਾਉਂਦੇ ਹਨ ਕਿ ਮਨੁੱਖ ਗਿਆਨ ਤੋਂ ਬਗੈਰ ਆਪਣੇ ਆਪ ਨੂੰ ਗਿਆਨਵਾਨ ਸਮਝ ਕੇ ਸਗੋਂ ਹੋਰ ਮਸੀਬਤਾਂ
ਸਹੇੜ ਲੈਂਦਾ ਹੈ।
ਗਿਆਨ ਵਿਹੂਣਾ ਕਥਿ ਕਥਿ ਲੂਝੈ॥ ਨਾਨਕ ਹੁਕਮੀ ਲਿਖੀਐ ਲੇਖੁ॥ ਜੇਹਾ ਵੇਖਹਿ
ਤੇਹਾ ਵੇਖੁ॥ 1॥ {ਪੰਨਾ 466}
ਹੇ ਨਾਨਕ
ਕਿ
ਹਰੇਕ ਮਨੁੱਖ ਦੇ ਆਪਣੇ ਕੀਤੇ ਕਰਮਾਂ ਦੇ ਸੰਸਕਾਰ ਅਨੁਸਾਰ, ਉਸ ਦੇ ਆਲੇ ਦੁਆਲੇ ਆਪਣੇ ਹੀ ਇਹਨਾਂ
ਸੰਸਕਾਰਾਂ ਦਾ ਜਾਲ ਤਣਿਆ ਜਾ ਕੇ, ਉਸ ਰੱਬੀ ਨਿਯਮ ਅਨੁਸਾਰ ਦੀ ਰਾਹੀਂ ਮਨੁੱਖ ਦੀ ਆਪਣੀ ਇੱਕ ਵਖਰੀ
ਸੁਆਰਥੀ ਹਸਤੀ ਬਣ ਜਾਂਦੀ ਹੈ)। 1.
ਹੁਣ ਜਦੋਂ ਸਵਾਰਥੀ ਹਸਤੀ ਕਾਰਣ ਮਨੁੱਖ ਸਿਕਾਰੀ ਬਣ ਚੁਕਿਆ ਹੈ ਤੇ ਔਰਤਾਂ
ਬੋਡੀਆਂ, ਕਿਸੇ ਕੰਮ ਦੀਆਂ ਨਾ ਹੋਣ, ਹੋ ਚੁਕੀਆਂ ਹਨ ਤਾਂ ਇਨ੍ਹਾਂ ਦੀ ਉਲਾਦ ਵੀ ਤਾਂ ਇਹੋ ਜਿਹੀ ਹੀ
ਹੋਵੇਗੀ। ਜਿਸਨੂੰ ਗੁਰੂ ਸਾਹਿਬ ਆਪਣੇ ਲਫਜ਼ਾਂ ਵਿੱਚ ਇਉਂ ਬਿਆਨ ਕਰਦੇ ਹਨ।
ਮਃ 1॥ ਰੰਨਾ ਹੋਈਆ ਬੋਧੀਆ, ਪੁਰਸ ਹੋਏ ਸਈਆਦ॥ ਸੀਲੁ ਸੰਜਮੁ ਸੁਚ ਭੰਨੀ
ਖਾਣਾ ਖਾਜੁ ਅਹਾਜੁ॥ ਸਰਮੁ ਗਇਆ ਘਰਿ ਆਪਣੈ ਪਤਿ ਉਠਿ ਚਲੀ ਨਾਲਿ॥ ਨਾਨਕ ਸਚਾ ਏਕੁ ਹੈ ਅਉਰੁ ਨ ਸਚਾ
ਭਾਲਿ॥ 2॥ (ਪੰਨਾ 1243)
(ਰੱਬ ਤੋਂ ਵਿੱਛੁੜ ਕੇ) ਮਨੁੱਖ ਜ਼ਾਲਮ ਹੋ ਰਹੇ ਹਨ ਤੇ ਤੀਵੀਆਂ ਇਸ ਜ਼ੁਲਮ ਲਈ
ਸਲਾਹਕਾਰ ਬਣ ਰਹੀਆਂ ਹਨ; ਮਿੱਠਾ ਸੁਭਾਉ, ਜੁਗਤਿ ਵਿੱਚ ਰਹਿਣਾ, ਦਿਲ ਦੀ ਸਫ਼ਾਈ—ਇਹ ਸਭ ਗੱਲਾਂ ਦੂਰ
ਹੋ ਗਈਆਂ ਹਨ ਤੇ ਵੱਢੀ ਆਦਿਕ ਹਰਾਮ ਮਾਲ ਇਹਨਾਂ ਲੋਕਾਂ ਦਾ ਮਨ-ਭਾਉਂਦਾ ਖਾਣਾ ਹੋ ਗਿਆ ਹੈ;
ਸ਼ਰਮ-ਹਯਾ ਕਿਤੇ ਆਪਣੇ ਵਤਨ ਚਲੀ ਗਈ ਹੈ (ਭਾਵ, ਇਹਨਾਂ ਮਨੁੱਖਾਂ ਤੋਂ ਕਿਤੇ ਦੂਰ ਦੁਰੇਡੇ ਹੋ ਗਈ
ਹੈ) ਅਣਖ ਭੀ ਸ਼ਰਮ-ਹਯਾ ਦੇ ਨਾਲ ਹੀ ਚਲੀ ਗਈ ਹੈ।
ਹੇ ਨਾਨਕ! (ਜੇ ‘ਸੀਲ ਸੰਜਮ ਸੁਚ’ ਆਦਿਕ ਗੁਣ ਲੱਭਣੇ ਹਨ, ਤਾਂ ਉਹਨਾਂ ਦਾ
ਸੋਮਾ) ਸਿਰਫ਼ ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਹੀ ਹੈ, (ਇਹਨਾਂ ਗੁਣਾਂ ਲਈ) ਕੋਈ ਹੋਰ ਥਾਂ ਨਾਹ
ਲੱਭੋ (ਭਾਵ, ਪ੍ਰਭੂ ਤੋਂ ਬਿਨਾ ਕਿਸੇ ਹੋਰ ਥਾਂ ਇਹ ਗੁਣ ਨਹੀਂ ਮਿਲ ਸਕਦੇ)। 2.
ਆਓ ਗੁਰੂ ਸਾਹਿਬਾਨ ਦੀ ਬਾਣੀ ਤੋਂ ਸਿਖਿਆ ਲੈ ਕੇ ਆਪਾਂ ਆਪਣੇ ਆਪਣੇ ਘਰਾਂ
ਵਿੱਚ ਆਪਣਾ ਆਪਣਾ ਸੁਭਾਓ ਬਦਲਣ ਦੀ ਇੱਕ ਨਿਮਾਣੀ ਜਿਹੀ ਕੋਸ਼ਿਸ਼ ਕਰੀਏ ਤਾਂ ਕੇ ਸਾਨੂੰ ਜੇਲ੍ਹਾਂ ਦੀ
ਹਵਾ ਨਾ ਖਾਣੀ ਪਵੇ, ਸਾਡੇ ਪ੍ਰੀਵਾਰਾਂ ਵਿੱਚ ਤਰੇੜਾਂ ਨਾ ਪੈਣ, ਆਦਮੀ-ਤੀਂਵੀ, ਪਿਓ-ਪੁਤ, ਪਿਓ-ਧੀ,
ਨੂੰਹ-ਸੱਸ ਆਦਿ ਇੱਕ ਦੂਜੇ ਨਾਲ ਇਨਸਾਨੀਅਤ ਦੇ ਰਿਸ਼ਤੇ ਨੂੰ ਭਲਾ ਕੇ ਨਾ ਲੜਨ ਸਗੋਂ ਇੱਕ ਦੂਜੇ ਨਾਲ
ਮਿਲਵਰਣ ਇਨ੍ਹਾਂ ਗੂੜਾ ਹੋਵੇ ਕਿ ਕਿਸੇ ਨੂੰ ਪਤਾ ਹੀ ਨਾ ਚੱਲੇ ਕਿ ਇਸ ਪ੍ਰੀਵਾਰ ਵਿੱਚ ਕੋਈ ਓਪਰਾ
ਵੀ ਹੈ।
ਗੁਰੂ ਪੰਥ ਦਾ ਦਾਸ,
ਗੁਰਚਰਨ ਸਿੰਘ (ਜਿਉਣ ਵਾਲਾ) ਬਰੈਂਪਟਨ, ਕੈਨੇਡਾ।