ਲੋਕ ਸਭਾ ਚੋਣਾਂ 2009, ਵੋਟਾਂ ਦਾ ਦੌਰ ਸ਼ੁਰੂ। ਫਿਰ ਉਹੀ ਪੰਥ ਦੀ ਦੁਹਾਈ
ਤੇ ਦੂਜੇ ਪਾਸੇ ਪੰਥ ਵਿਰੋਧੀ ਪਾਰਟੀ ਭਾਜਪਾ ਨਾਲ ਯਾਰ ਪੁਗਾਈ। ਇੱਕੋ ਸਵਾਲ ਅੱਜ ਹਰੇਕ ਸੁਚੇਤ ਸਿੱਖ
ਦੇ ਮਨ ਅੰਦਰ ਉਬਾਲੇ ਖਾ ਰਿਹਾ ਹੈ ਕਿ ਉਹ ਆਪਣੀ ਵੋਟ ਦਾ ਹੱਕ ਕਿਸ ਪਾਰਟੀ ਲਈ ਵਰਤੇ? ਇੱਕ ਪਾਸੇ
ਬਾਦਲ ਸਰਕਾਰ ਹੈ, ਜਿਸਤੋਂ ਅੱਜ ਸਿੱਖ ਸੰਗਤਾਂ ਕਾਫੀ ਹੱਦ ਤੱਕ ਸੁਚੇਤ ਹੈ। ਦੂਜੀ ਪਾਰਟੀ ਕਾਂਗਰਸ
ਹੈ, ਜਿਸ ਨੂੰ ਅਜੇ ਤੱਕ ਕੋਈ ਚੰਗਾ ਲੀਡਰ ਹੀ ਨਹੀਂ ਲੱਭ ਰਿਹਾ। ਕਾਂਗਰਸ ਪਾਰਟੀ ਵੱਲੋਂ ‘84 ਦੀ
ਕੀਤੀ ਗਈ ਕਾਰਵਾਈ ਲਈ ਅਜੇ ਵੀ ਜਿਆਦਾਤਰ ਸਿੱਖਾਂ ਅੰਦਰ ਰੋਸ ਦੀ ਲਹਿਰ ਮਨ ਦੇ ਕਿਸੇ ਨਾ ਕਿਸੇ
ਹਿੱਸੇ ਵਿੱਚ ਨਾਰਾਜ਼ਗੀ ਹੈ। ਰਹੀ ਤੀਜੀ ਧਿਰ ਦੀ ਗੱਲ ਤਾਂ ਉਸ ਕੋਲ ਵੀ ਬਹੁਮਤ ਦੀ ਘਾਟ ਦੇ ਨਾਲ
ਪੰਜਾਬ, ਪੰਜਾਬੀ, ਪੰਜਾਬੀਅਤ ਅਤੇ ਪੰਥ, ਦੇਸ਼, ਕੌਮ ਦੇ ਹੱਕ ਵਿੱਚ ਕੋਈ ਵੀ ਠੌਸ ਪ੍ਰੋਗਰਾਮ ਨਹੀਂ
ਹੈ। ਅੱਜ ਸਿੱਖ ਸੋਚਣ ਲਈ ਮਜਬੂਰ ਹਨ ਕਿ ਵੋਟ ਕਿਸ ਨੂੰ ਪਾਈ ਜਾਵੇ। ਇਹਨਾਂ ਤਿੰਨਾਂ ਵਿਚੋਂ ਕਿਸੇ
ਇੱਕ ਨੂੰ ਜਾਂ ਫਿਰ ਕਿਸੇ ਨੂੰ ਵੀ ਨਾ। ਇਹੀ ਸਵਾਲ ਲੁਧਿਆਣਾ ਤੋਂ ਛਪਦੇ ਮਾਸਿਕ ਰਸਾਲੇ ਸਿੱਖ
ਗਾਰਡੀਅਨ ਨੇ ਵੀ ਵੱਡੇ ਪੱਧਰ ਤੇ ਸਿੱਖ ਸੰਗਤਾਂ ਦੇ ਸਾਹਮਣੇ ਰੱਖਿਆ ਹੈ ਤਾਂ ਕਿ ਸ਼ਾਇਦ ਕੋਈ ਨਵੀਂ
ਸੋਚ ਸਾਹਮਣੇ ਆ ਸਕੇ। ਜਿਸ ਨੂੰ ਉਹ ਅਪ੍ਰੈਲ ਅੰਕ ਵਿੱਚ ਪੇਸ਼ ਕਰਨਗੇ। ਵਾਕੇਈ ਸਾਨੂੰ ਇੱਕ ਸਿੱਖ ਹੋਣ
ਦੇ ਨਾਤੇ ਆਪਣੇ ਵੀਚਾਰ ਜ਼ਰੂਰ ਨਿਰਪੱਖ ਹੋ ਕੇ ਦੇਣੇ ਚਾਹੀਦੇ ਹਨ। ਅੱਜ ਜੇਕਰ ਸਰਸਰੀ ਨਜ਼ਰ ਨਾਲ ਵੀ
ਕੌਮ ਦੀ ਹਾਲਤ `ਤੇ ਨਜ਼ਰ ਮਾਰੀ ਜਾਵੇ, ਤਾਂ ਸਿੱਖ ਧਰਮ ਵਿੱਚ ਆਈ ਵੱਡੀ ਖੜੋਤ ਦਾ ਮੁੱਖ ਕਾਰਣ
ਮੌਜੂਦਾ ਲੀਡਰਸ਼ਿਪ ਹੀ ਹੈ। ਜਿਸਦੀ ਬਦੌਲਤ ਅੱਜ ਕੌਮ ਨੂੰ ਵੱਡੀ ਨਮੋਸ਼ੀ ਦਾ ਸਾਹਮਣਾ ਕਰਨਾ ਪੈ ਰਿਹਾ
ਹੈ। ਵੋਟਾਂ ਦੀ ਖਾਤਰ ਹੀ ਅਖੌਤੀ ਪੰਥਕ ਸਰਕਾਰਾਂ ਵੱਲੋਂ ਕੌਮ ਦੇ ਆਲਮਗੀਰੀ ਸਿਧਾਂਤਾਂ ਅਤੇ ਨਿਰਮਲ
ਵੀਚਾਰਧਾਰਾ ਦਾ ਵੱਡੇ ਪੱਧਰ ਤੇ ਘਾਣ ਕੀਤਾ ਜਾ ਰਿਹਾ ਹੈ। ਕਿਉਂਕਿ ਅਖੌਤੀ ਡੇਰਾਵਾਦ ਵੱਲੋਂ ਮਚਾਇਆ
ਜਾ ਰਿਹਾ ਹੋ-ਹੱਲਾ, ਗੁਰਮਤਿ ਵੀਚਾਰਧਾਰਾ ਦਾ ਕੀਤਾ ਜਾ ਰਿਹਾ ਘਾਣ, ਭੋਲੇ ਭਾਲੇ ਸਿੱਖਾਂ ਦੀ
ਬਹੁਗਿਣਤੀ ਨੂੰ ਆਪਣੇ ਜਾਲ ਵਿੱਚ ਫਸਾ ਕੇ ਚਲਾਏ ਜਾ ਰਹੇ ਅਖੌਤੀ ਡੇਰੇ, ਸੰਗਤਾਂ ਦੀ ਕਿਰਤ ਕਮਾਈ ਦੇ
ਸਿਰ ਤੇ ਕੀਤੀ ਜਾ ਰਹੀ ਐਸ਼ ਅਤੇ ਅਯਾਸ਼ੀ, ਸ੍ਰੀ ਅਕਾਲ ਤਖਤ ਸਾਹਿਬ ਤੋਂ ਕੀਤੀ ਜਾ ਰਹੀ ਮਨ ਮਰਜੀ ਅਤੇ
ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਕੀਤੀ ਜਾ ਰਹੀ ਦੁਰਵਰਤੋਂ, ਆਦਿ ਸੱਭ ਕੁੱਝ ਅਤੇ ਹੋਰ ਵੀ ਬਹੁੱਤ
ਕੁੱਝ ਅਜੋਕੀ ਕਿਸਮ ਦੀ ਘਟੀਆ ਰਾਜਨੀਤੀ ਦੀ ਬਦੌਲਤ ਹੀ ਹੈ। ਚੋਣਾਂ ਵਿੱਚ ਪੰਥਕ ਪਾਰਟੀਆਂ ਵੱਲੋਂ
ਪੰਥ ਦੇ ਨਾਮ ਤੇ ਵੋਟਾਂ ਮੰਗਣਾ ਅਤੇ ਨਸ਼ਿਆਂ ਦਾ ਪਾਸਾਰਾ ਵੀ ਖੁਲੇ ਰੂਪ ਵਿੱਚ ਕਰਨਾ ਕਿਸੇ ਵੀ
ਤਰ੍ਹਾਂ ਸਿੱਖ ਜਾਂ ਪੰਥਕ ਪਾਰਟੀਆਂ ਨੂੰ ਸ਼ੋਭਾ ਨਹੀਂ ਦਿੰਦਾ ਸਗੋਂ ਗੁਰਬਾਣੀ ਅਨੁਸਾਰ ਜੀਵਣ ਜਿਊਣ
ਵਾਲੇ ਗੁਰਸਿੱਖਾਂ ਦਾ ਅਕਸ ਵੀ ਦੁਨੀਆ ਸਾਹਮਣੇ ਬਹੁੱਤ ਹੀ ਘਟੀਆ ਰੂਪ ਵਿੱਚ ਪੇਸ਼ ਕਰਦਾ ਹੈ।
ਕਿਉਂਕਿ ਮੌਜੂਦਾ ਅਖੌਤੀ ਪੰਥਕ ਸਰਕਾਰ (ਬਾਦਲਕਿਆਂ) ਵੱਲੋਂ ਜਿਤਨਾ ਨੁਕਸਾਨ
ਸਿੱਖੀ ਦਾ ਕੀਤਾ ਗਿਆ ਹੈ, ਉਤਨਾ ਤਾਂ ਸਾਇਦ ਕਿਸੇ ਨੇ ਨਾ ਕੀਤਾ ਹੋਇਆ ਹੋਵੇ। ਕਿਉਂਕਿ ਪੁਰਾਣੇ
ਸਮੇਂ ਵਿੱਚ ਤਾਂ ਜਾਲਮ ਸਰਕਾਰਾਂ ਸਿਰਫ ਸਿੱਖਾਂ ਨੂੰ ਖਤਮ (ਕਤਲ) ਕਰਦੀਆਂ ਸਨ, ਪਰ ਮੌਜੂਦਾ ਸਰਕਾਰ
ਨੇ ਸਿੱਖਾਂ ਦੀ ਥਾਂ ਤੇ ਸਿੱਖ ਵੀਚਾਰਧਾਰਾ, ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤਾਂ, ਸਿੱਖ
ਇਤਿਹਾਸ, ਸ੍ਰੀ ਅਕਾਲ ਤਖਤ ਸਾਹਿਬ ਦੀ ਸ਼ਾਨੋ-ਸ਼ੋਕਤ ਨੂੰ ਨੁਕਸਾਨ ਪਹੁੰਚਾਇਆ ਹੈ। ਕਿਉਂਕਿ ਮਾਮਲਾ
ਭਾਵੇਂ ਸੋਦਾ ਸਾਧ ਦਾ, ਆਸ਼ੂਤੋਸ਼ੀਆਂ, ਆਰ. ਐੱਸ. ਐੱਸ ਦੇ ਦਾ ਸਿੱਖੀ ਨੂੰ ਖਤਮ ਕਰਨ ਵਿੱਚ ਸਹਿਯੋਗ
ਦੇਣ ਦਾ, ਮੰਦਰਾਂ ਵਿੱਚ ਜਾਣ ਦਾ, ਟਿੱਕੇ ਲਵਾਉਣ ਦਾ, ਸ਼ਿਵਲਿੰਗ ਦੀ ਪੂਜਾ ਕਰਨ ਦਾ, ਪੰਜਾਬ ਦੇ
ਪਾਣੀਆਂ ਦਾ, ਪੰਜਾਬੀਅਤ ਦਾ, ਪੰਜਾਬੀ ਬੋਲੀ ਦਾ, ਸਿੱਖ ਸਿਧਾਂਤਾਂ ਦਾ, ਸ੍ਰੀ ਅਕਾਲ ਤਖ਼ਤ ਸਾਹਿਬ
ਨੂੰ ਨਿੱਜੀ ਹੱਕਾਂ ਲਈ ਵਰਤਣ ਦਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਸਿੱਧੀ ਦਖਲ ਅੰਦਾਜੀ
ਦਾ, ਦਰਬਾਰ ਸਾਹਿਬ ਵਿੱਚ ਚੜ੍ਹਦੇ ਚੜਾਵੇ ਨੂੰ ਨਿੱਜੀ ਰੈਲੀਆਂ ਜਲੂਸਾਂ ਵਿੱਚ ਵਰਤਣ ਦਾ, ਪੰਜਾਬ ਦੇ
ਨੌਜਵਾਨਾਂ ਨੂੰ ਨਜਾਇਜ਼ ਰੂਪ ਵਿੱਚ ਜੇਲ ਵਿੱਚ ਡੱਕਣ ਦਾ, ਪ੍ਰਵੀਨ ਕੋਰ ਦਾ ਜਾਂ ਫਿਰ ਹੋਰ ਕਿਸੇ ਵੀ
ਪੰਥ ਵਿਰੋਧੀ ਕਾਰਜ ਕਰਨ ਦਾ ਹੋਵੇ। ਸਾਡੀ ਇਹ ਪੰਥਕ ਪਾਰਟੀ ਹਮੇਸ਼ਾਂ ਅੱਗੇ ਰਹੀ ਹੈ।
ਇਸ ਲਈ ਮੇਰਾ ਮੰਨਣਾ ਇਹੀ ਹੈ ਕਿ “ਭਾਵੇਂ ਮੇਰੀ ਉਮਰ ਸਿਰਫ 23 ਸਾਲ ਦੀ
ਹੈ, ਕੋਈ ਬਹੁੱਤ ਬੁੱਧੀਜੀਵੀ, ਵਿਦਵਾਨ ਜਾਂ ਵਧੀਆ ਲੇਖਕ ਤਾਂ ਨਹੀਂ ਹਾਂ, ਪਰ ਇੱਕ ਗੱਲ ਜ਼ਰੂਰ ਹੈ
ਕਿ ਗੁਰੁ ਦਾ ਇੱਕ ਨਿਮਾਣਾ ਸਿੱਖ ਬਣਨ ਦੀ ਕੋਸ਼ਿਸ਼ ਕਰ ਰਿਹਾ ਹਾਂ ਅਤੇ ਧਰਮ ਪ੍ਰਚਾਰ ਦੇ ਖੇਤਰ ਵਿੱਚ
ਜੋ ਯੋਗਦਾਨ ਦੇ ਸਕਦਾ ਹਾਂ, ਦੇਣ ਦੀ ਕੋਸ਼ਿਸ਼ ਕਰ ਰਿਹਾ ਹਾਂ” ਬਤੌਰ ਸਿੱਖ ਬਾਦਲਕਿਆਂ ਨੂੰ ਸਿੱਖ
ਵੋਟ ਨਹੀਂ ਜਾਣੀ ਚਾਹੀਦੀ। ਰਹੀ ਗੱਲ ਕਾਂਗਰਸ ਦੀ ਤਾਂ ਇੱਥੇ ਮੈਂ ਇਹ ਗੱਲ ਜ਼ਰੂਰ ਕਹਿਣਾ ਚਾਹਵਾਂਗਾ
ਕਿ ਘੱਟੋ-ਘੱਟ ਇੱਕ ਫਾਇਦਾ ਕਾਂਗਰਸ ਸਰਕਾਰ ਦਾ ਇਹ ਤਾਂ ਹੈ ਕਿ ਦਰਬਾਰ ਸਾਹਿਬ ਦੇ ਪੈਸੇ ਦੀ
ਦੁਰਵਰਤੋਂ ਤੇ ਕੁੱਝ ਹੱਦ ਤੱਕ ਰੋਕ ਲੱਗ ਜਾਂਦੀ ਹੈ। ਬਾਕੀਆਂ ਸਰਕਾਰਾਂ ਸਾਰੀਆਂ ਹੀ ਇੱਕੋ ਜਿਹੀਆਂ
ਹਨ। ਪੰਥ, ਕੌਮ, ਸਿੱਖੀ ਦਾ ਫਾਇਦਾ ਕਰਨ ਵਾਲਾ ਕੋਈ ਵੀ ਨਹੀਂ ਹੈ। ਕਿਉਂਕਿ ਸਿੱਖਾਂ ਵਿੱਚ ਆਪਸੀ
ਏਕਤਾ ਦੀ ਵੀ ਘਾਟ ਹੈ। ਦੂਜਾ ਸਿੱਖ ਹਿੱਤਾਂ ਦੀ ਗੱਲ ਕਰਨ ਵਾਲਾ ਕੋਈ ਨਹੀਂ। ਜੇ ਕੋਈ ਅੱਗੇ ਆਉਂਦਾ
ਹੈ ਤਾਂ ਉਸ ਨੂੰ ਵੱਡੀ ਪਹੁੰਚ ਵਾਲੇ ਛੇਤੀ ਹੀ ਘਰ ਬਿਠਾ ਦੇਂਦੇ ਹਨ। ਤੀਜੀ ਧਿਰ ਕੋਲ ਵੀ ਕੌਮ ਦੀ
ਚੜ੍ਹਦੀ ਕਲਾ ਲਈ ਕੋਈ ਠੋਸ ਪ੍ਰੋਗਰਾਮ ਨਹੀਂ ਹੈ। ਇਸ ਲਈ ਮੇਰੀ ਨਿੱਜੀ ਸੋਚ ਤਾਂ ਇਹੀ ਕਹਿੰਦੀ ਹੈ
ਕਿ ਇਹਨਾਂ ਸਾਰੀਆਂ ਪਾਰਟੀਆਂ ਵਿੱਚੋਂ ਕੋਈ ਵੀ ਸਿੱਖ ਵੋਟ ਦਾ ਹੱਕਦਾਰ ਨਹੀਂ ਹੈ।
ਸੋ ਸਮੁੱਚੇ ਪੰਥ ਨੂੰ ਇਕੋ ਹੀ ਬੇਨਤੀ ਤੁੱਛ ਬੁੱਧੀ ਅਨੁਸਾਰ ਕਰਾਂਗਾ ਕਿ
ਪਹਿਲਾਂ ਆਪਣਾ ਘਰ ਸੰਭਾਲੀਏ। ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਵੀਚਾਰਧਾਰਾ ਹੇਠ ਬਿਨਾਂ ਕਿਸੇ ਭੇਦ
ਭਾਵ, ਜਾਤ ਪਾਤ, ਊਚ-ਨੀਚ, ਵਾਦ-ਵਿਵਾਦ ਦੇ ਇੱਕੋ ਝੰਡੇ ਹੇਠ ਇਕੱਠੇ ਹੋਈਏ। ਸਿੱਖ ਨੌਜਵਾਨ ਨੂੰ
ਮੁੱੜ ਨਸ਼ਿਆਂ ਅਤੇ ਪਤਿੱਤਪੁਣੇ ਤੋਂ ਬਚਾ ਕੇ ਗੁਰਮਤਿ ਗਾਡੀ ਰਾਹ ਤੇ ਲਿਆ ਕਿ ਨੌਜਵਾਨਾਂ ਨੂੰ ਹੀ
ਕੌਮ ਦੀ ਵਾਗਡੋਰ ਫੜ੍ਹਾ ਕੇ ਅੱਗੇ ਲਾਈਏ। ਪੜ੍ਹਿਆ ਲਿਖਿਆ ਨੌਜਵਾਨ ਤਬਕਾ ਅੱਗੇ ਆ ਕੇ ਰਾਜਨੀਤੀ
ਵਿੱਚ ਪੈਰ ਪਾਸਾਰੇ ਤਾਂ ਕਿ ਕੌਮ ਦੀ ਚੜ੍ਹਦੀ ਕਲਾ ਹੋ ਸਕੇ।
ਨਹੀਂ ਤਾਂ ਇੱਕ ਗੱਲ ਤਾਂ ਪੱਕੀ ਹੈ ਕਿ ਗਰੂ ਸਾਹਿਬਾਨ ਦੇ ਸਮੇਂ ਦੌਰਾਨ
ਰਾਜਨੀਤੀ ਨੂੰ ਪੈਰ ਦੀ ਜੁੱਤੀ ਬਣਾਇਆ ਗਿਆ ਸੀ ਅਤੇ ਧਰਮ ਨੂੰ ਸਿਰ ਦਾ ਤਾਜ਼ ਬਣਾਇਆ ਸੀ, ਪਰ ਮੌਜੂਦਾ
ਸਮੇਂ ਦੇ ਅਖੌਤੀ ਸਿੱਖ ਰਾਜਨੀਤਿਕਾਂ ਨੇ ਰਾਜਨੀਤੀ ਨੂੰ ਸਿਰ ਤੇ ਚੁੱਕ ਕੇ ਧਰਮ ਨੂੰ ਢੱਠੇ ਖੂਹ
ਵਿੱਚ ਸੁੱਟ ਦਿੱਤਾ ਗਿਆ ਹੈ।
ਬਾਕੀ ਪ੍ਰਮਾਤਮਾ ਸੱਭ ਨੂੰ ਸੁਮੱਤ ਬਖਸ਼ੇ, ਅਤੇ ਗੁਰਬਾਣੀ ਰੂਪੀ ਰੋਸਨੀ ਨਾਲ
ਪਸਰੇ ਹੋਏ ਕੂੜ ਦਾ ਖਾਤਮਾ ਹੋ ਸਕੇ।
ਦਾਸ:
-ਇਕਵਾਕ ਸਿੰਘ ਪੱਟੀ
ਜੋਧ ਨਗਰ, ਸੁਲਤਾਨਵਿੰਡ ਰੋਡ,
ਅੰਮ੍ਰਿਤਸਰ। ਮੋ. 98150-24920