ਧਰਮਰਾਜ-ਰੱਬੀ ਨਿਯਮਾਵਲੀ
ਭਾਗ ਦੂਜਾ
ਮਨੁੱਖੀ ਸੁਭਾਅ ਆਤਮਕ ਮੌਤ ਲਿਆਉਣ ਵਾਲੇ ਜਦੋਂ ਕਰਮ ਕਰੇਗਾ ਤਾਂ ਧਰਮਰਾਜ
ਭਾਵ ਸੱਚ ਦੇ ਸਾਹਮਣੇ ਸ਼ਰਸਾਰ ਹੋਣਾ ਹੀ ਪਏਗਾ। ਹਕੀਕਤ ਇਹ ਹੈ ਕਿ ਮਨੁੱਖ ਇਹਨਾਂ ਔਗੁਣਾਂ ਨੂੰ
ਤਿਆਗਣਾ ਨਹੀਂ ਚਾਹੁੰਦਾ—
ਕਾਮ ਕ੍ਰੋਧ ਲਪਟਿਓ ਅਸਨੇਹ॥
ਸਿਰ ਊਪਰਿ ਠਾਢੋ ਧਰਮਰਾਇ॥
ਮੀਠੀ ਕਰਿ ਕਰਿ ਬਿਖਿਆ ਖਾਇ॥
ਗਉੜੀ ਗੁਆਰੇਰੀ ਮਹਲਾ ੫ ਪੰਨਾ ੧੭੮
ਬੇ-ਸ਼ੱਕ ਬੰਦਾ ਅੰਦਰ ਵੜ ਕੇ ਗੁਨਾਹ ਕਰ ਲਏ ਪਰ ਆਪਣੀ ਆਤਮਾ ਦੀ ਸੱਚ ਦੀ
ਅਵਾਜ਼ ਤੋਂ ਸੁਰਖਰੂ ਨਹੀਂ ਹੋ ਸਕਦਾ। ਕਾਮ ਵਾਸ਼ਨਾ ਦੀ ਜਦੋਂ ਪੂਰਤੀ ਨਹੀਂ ਹੁੰਦੀ ਤਦੋਂ ਕ੍ਰੋਧ
ਦੇਵਤਾ ਫੋਰਨ ਜਨਮ ਲੈ ਲੈਂਦਾ ਹੈ, ਜਿਸ ਨਾਲ ਅੰਦਰਲੇ ਸ਼ੁਭ ਗੁਣ ਖਿਲਰਣ ਲੱਗ ਜਾਂਦੇ ਹਨ। ਧਰਮਰਾਜ ਦਾ
ਕਨੂੰਨ ਵੀ ਨਾਲ ਹੀ ਚੱਲਦਾ ਹੈ-
“ਸਿਰ ਊਪਰਿ ਠਾਢੋ ਧਰਮਰਾਇ”
ਤੇ ਇਸ ਧਰਮਰਾਜ ਦੀ ਸੱਚੀ ਮਰਯਾਦਾ ਨੂੰ ਨਾ ਸਮਝਣਾ ਹੀ
ਆਤਮਕ ਮੌਤ ਦੇ ਰੂਪ ਵਿੱਚ ਪ੍ਰਗਟ ਹੁੰਦੀ ਹੈ।
ਮੂਰਖ ਮਨੁੱਖ ਦਾ ਸਰੀਰ (ਭਾਵ, ਹਰੇਕ ਗਿਆਨ-ਇੰਦ੍ਰਾ ਮਾਇਆ ਦੀਆਂ) ਆਸਾਂ ਨਾਲ
ਜਕੜਿਆ ਰਹਿੰਦਾ ਹੈ, ਮੂਰਖ ਮਨੁੱਖ ਕਾਮ ਕ੍ਰੋਧ ਮੋਹ ਦੇ ਬੰਧਨਾਂ ਵਿੱਚ ਫਸਿਆ ਰਹਿੰਦਾ ਹੈ। ਸਿਰ
ਉੱਤੇ ਧਰਮਰਾਜ (ਸੱਚ, ਇਨਸਾਫ ਜਾਂ ਰੱਬੀ ਹੁਕਮ) ਖਲੋਤਾ ਹੋਇਆ ਹੈ। ਮੂਰਖ ਮਨੁੱਖ (ਆਤਮਕ ਮੌਤ ਲਿਆਉਣ
ਵਾਲੀ) ਮਾਇਆ (-ਜ਼ਹਰ) ਮਿੱਠੀ ਜਾਣ ਕੇ ਖਾਂਦਾ ਰਹਿੰਦਾ ਹੈ।
ਸਿਆਣਿਆਂ ਦਾ ਇੱਕ ਮੁਹਾਵਰਾ ਹੈ “ਜੋ ਮੁਕਰ ਗਿਆ ਸੋ ਮਰ ਗਿਆ” ਜਦੋਂ ਸ਼ੁਭ
ਗੁਣਾਂ ਦੇ ਰੂਪ ਵਿੱਚ ਪਰਮਾਤਮਾ ਸਾਡੇ ਹਿਰਦੇ ਵਿੱਚ ਬੈਠਾ ਹੈ ਤੇ ਉਹ ਸ਼ੁਭ ਗੁਣ ਲੈਣ ਤੋਂ ਅਸੀਂ
ਇਨਕਾਰੀ ਹੁੰਦੇ ਹਾਂ ਤਾਂ ਓਦੋਂ ਧਰਮਰਾਜ ਦੀ ਨਿਗਾਹ ਵਿੱਚ ਹੁੰਦੇ ਹਾਂ ਭਾਵ ਆਤਮਕ ਮੌਤੇ ਮਰੇ ਹੁੰਦੇ
ਹਾਂ –
ਖਾਦਾ ਪੈਨਦਾ ਮੂਕਰਿ ਪਾਇ॥
ਤਿਸ ਨੋ ਜੋਹਹਿ ਦੂਤ ਧਰਮਰਾਇ॥
ਗਉੜੀ ਮਹਲਾ ੫ ਪੰਨਾ ੧੯੫
ਅਰਥ---
(ਹੇ ਭਾਈ !
ਜੇਹੜਾ ਮਨੁੱਖ ਪਰਮਾਤਮਾ ਦੀਆਂ ਬਖ਼ਸ਼ੀਆਂ ਦਾਤਾਂ) ਖਾਂਦਾ ਰਹਿੰਦਾ ਹੈ ਪਹਿਨਦਾ ਰਹਿੰਦਾ ਹੈ ਤੇ ਇਸ
ਗੱਲੋਂ ਮੁਕਰਿਆ ਰਹਿੰਦਾ ਹੈ ਕਿ ਇਹ ਪਰਮਾਤਮਾ ਨੇ ਦਿੱਤੀਆਂ ਹਨ, ਉਸ ਮਨੁੱਖ ਨੂੰ ਧਰਮ-ਰਾਜ ਦੇ ਦੂਤ
ਆਪਣੀ ਤੱਕ ਵਿੱਚ ਰੱਖਦੇ ਹਨ (ਭਾਵ, ਉਹ ਮਨੁੱਖ ਸਦਾ ਆਤਮਕ ਮੌਤੇ ਮਰਿਆ ਰਹਿੰਦਾ ਹੈ)
ਵਿਕਸਤ ਦੇਸ਼ਾਂ ਦੀ ਪੁਲੀਸ ਹਰ ਸਮੇਂ ਹਰ ਘੜੀ ਰਾਹਾਂ ਸੜਕਾਂ `ਤੇ ਏਸੇ ਤਾਕ
ਵਿੱਚ ਰਹਿੰਦੀ ਹੈ ਕਿ ਜਿਹੜਾ ਕਨੂੰਨ ਦੀ ਉਲੰਘਣਾਂ ਕਰਦਾ ਹੈ ਫਟ ਉਸ ਨੂੰ ਉਸੇ ਵੇਲੇ ਬਿਨਾ ਲਿਹਾਜ
ਕੀਤਿਆਂ ਜੁਰਮਾਨੇ ਵਾਲੀ ਪਰਚੀ ਧੰਨਵਾਦ ਸਹਿਤ ਦਿੱਤੀ ਜਾਂਦੀ ਹੈ। ਬਾਰ ਬਾਰ ਕਨੂੰਨ ਤੌੜਨ ਵਾਲੇ ਨੂੰ
ਸਜਾ ਵੀ ਹੋ ਜਾਂਦੀ ਹੈ। ਅਧਿਆਤਮਕ ਤੌਰ `ਤੇ ਜੋ ਸ਼ੁਭ ਗੁਣਾਂ ਦੇ ਕਨੂੰਨ ਨੂੰ ਮੁੜ ਮੁੜ ਤੋੜਦਾ ਹੈ,
ਜਾਂ ਪਰਮਾਤਮਾ ਦੀ ਬਣਾਈ ਨਿਯਮਾਵਲੀ ਨੂੰ ਵਿਸਾਰਦਾ ਹੈ, ਉਹ ਮਾਨਸਕ ਤਲ਼ `ਤੇ ਅਕਸਰ ਸੰਸਿਆਂ ਵਾਲ਼ੀਆਂ
ਜੂਨਾਂ ਭੋਗਦਾ ਹੈ।
ਤਿਸੁ ਸਿਉ ਬੇਮੁਖੁ ਜਿਨਿ ਜੀਉ ਪਿੰਡੁ ਦੀਨਾ॥
ਕੋਟਿ ਜਨਮ ਭਰਮਹਿ ਬਹੁ ਜੂਨਾ॥
ਜੋ ਇਨਸਾਨ ਕਿਸੇ ਵੀ ਕਨੂੰਨ ਜਾਂ ਨਿਯਮ ਦੀ ਪਰਵਾਹ ਨਹੀਂ ਕਰਦਾ ਸਗੋਂ ਆਪਣੇ
ਹੰਕਾਰ ਨਾਲ ਹੀ ਚੱਲਦਾ ਹੈ ਉਸ ਨੂੰ ਜੀਵਨ ਦੇ ਵਿੱਚ ਖੁਆਰੀ ਹੀ ਮਿਲਦੀ ਹੈ –
ਕਿਸੈ ਨ ਬਦੈ ਆਪਿ ਅਹੰਕਾਰੀ॥
ਧਰਮਰਾਇ ਤਿਸੁ ਕਰੇ ਖੁਆਰੀ॥
ਪੰਨਾ ੨੭੮
ਅਰਥ— (
ਜੋ
ਬੰਦਾ) ਆਪ (ਇਤਨਾ) ਅਹੰਕਾਰੀ ਹੋ ਜਾਂਦਾ ਹੈ ਕਿ ਕਿਸੇ ਦੀ ਭੀ ਪਰਵਾਹ ਨਹੀਂ ਕਰਦਾ, ਧਰਮਰਾਜ (ਸੱਚ)
ਆਤਮਕ ਤੌਰ `ਤੇ ਉਸ ਦੀ ਮਿੱਟੀ ਪਲੀਤ ਕਰਦਾ ਹੈ।
ਜਨੀ ਕਿ ਸੱਚ ਕਿਸੇ ਦਾ ਲਿਹਾਜ ਨਹੀਂ ਕਰਦਾ। ਰੱਬੀ ਨਿਯਮਾਵਲੀ ਜਾਂ ਹੁਕਮ
ਵਿਚੋਂ ਖਿਸਕਣ ਕਰਕੇ ਆਤਮਕ ਖੁਆਰੀ ਹੁੰਦੀ ਹੈ।
ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ ੩੧੬ `ਤੇ ਗੁਰੂ ਰਾਮਦਾਸ ਜੀ ਦਾ ਲੰਮੇਰਾ
ਸਲੋਕ ਹੈ, ਉਸ ਦੀ ਵਿਚਾਰ ਤਾਂ ਵੱਖਰੀ ਦਿੱਤੀ ਜਾਏਗੀ, ਪਰ ਉਸ ਸਲੋਕ ਦਾ ਅਰਥ ਭਾਵ ਬਗਲ਼ੇ ਵਾਲੀ
ਬਿਰਤੀ ਦੇ ਧਾਰਨੀ ਮਨੁੱਖ ਦੀ ਅੰਦਰਲੀ ਹਾਲਤ ਦੱਸਦਾ ਹੈ---
ਧਰਮਰਾਇ ਜਮ ਕੰਕਰਾ ਨੋ ਆਖਿ ਛਡਿਆ,
ਏਸੁ ਤਪੇ ਨੋ ਤਿਥੈ ਖੜਿ ਪਾਇਅਹੁ, ਜਿਥੈ ਮਹਾ ਮਹਾਂ ਹਤਿਆਰਿਆ॥
ਫਿਰਿ ਏਸੁ ਤਪੇ ਦੈ ਮੁਹਿ ਕੋਈ ਲਗਹੁ ਨਾਹੀ, ਏਹੁ ਸਤਿਗੁਰਿ ਹੈ ਫਿਟਕਾਰਿਆ॥
ਅਖਰੀਂ ਅਰਥਾਂ ਤੋਂ ਇੰਜ ਹੀ ਮਹਿਸੂਸ ਹੁੰਦਾ ਹੈ ਕਿ ਕਿਸੇ ਸਰੀਰ ਵਾਲੇ
ਧਰਮਰਾਜ ਨੂੰ ਕਿਹਾ ਹੈ ਕਿ ਇਸ ਮਨੁੱਖ ਦੇ ਕੋਈ ਮੱਥੇ ਨਾ ਲੱਗੇ ਕਿਉਂਕਿ ਇਸ ਦੀ ਬਗਲ਼ਿਆਂ ਵਾਲੀ
ਬਿਰਤੀ ਹੈ। ਭਾਵ ਬਾਹਰੋਂ ਧਰਮੀ ਲੱਗਦਾ ਹੈ ਪਰ ਆਪਣੇ ਅੰਦਰ ਕਿਸੇ ਜੀਵ ਦੇ ਸ਼ਿਕਾਰ ਦੀ ਭਾਵਨਾ ਰੱਖੀ
ਬੈਠਾ ਹੈ। ਇਸ ਦਾ ਕਾਰਨ ਹੈ ਕਿ ਸਤਿਗੁਰ ਨਾਲੋਂ ਇਹ ਟੁੱਟਿਆ ਹੋਇਆ ਹੈ।
ਜੇ ਜ਼ਰਾ ਕੁ ਗਹੁ ਕਰਕੇ ਦੇਖੀਏ ਤਾਂ ਏਹੀ ਪਤਾ ਲੱਗਦਾ ਹੈ, ਸਾਕਤ ਬਿਰਤੀ
ਵਾਲੇ ਮਨੁੱਖ ਤੋਂ ਹਮੇਸ਼ਾਂ ਪਾਸੇ ਰਹਿਣਾ ਚਾਹੀਦਾ ਹੈ ਨਹੀਂ ਤਾਂ ਉਸ ਦਾ ਨੀਵੇਂ ਪਨ ਦਾ ਸੁਭਾਅ ਸਾਡੇ
ਤੇ ਵੀ ਅਸਰ ਕਰ ਸਕਦਾ ਹੈ ---
ਹਰਿ ਕੈ ਦਰਿ ਵਰਤਿਆ, ਸੁ ਨਾਨਕਿ ਆਖਿ ਸੁਣਾਇਆ॥
ਸੋ ਬੂਝੈ ਜੁ ਦਯਿ ਸਵਾਰਿਆ॥
ਜੋ ਸਾਡੀ ਚੇਤੰਤਾ ਵਿੱਚ ਵਾਪਰ ਰਿਹਾ ਹੈ ਜਿਸ ਨੂੰ “ਹਰਿ ਕੈ ਦਰਿ ਵਰਤਿਆ”
ਉਹ ਸਾਨੂੰ ਗੁਰੂ ਜੀ ਨੇ ਸਮਝਾ ਦਿੱਤਾ ਹੈ। ਇਸ ਵਿੱਚ ਇੱਕ ਅਵਸਥਾ ਵੀ ਰੱਖੀ ਹੈ
“ਸੋ ਬੂਝੈ ਜੁ ਦਯਿ ਸਵਾਰਿਆ”॥
ਜਿਸ ਨੇ ਸਮਝ ਨੂੰ ਅਪਨਾ ਲਿਆ ਉਸ ਨੇ ਆਪਣਾ ਆਪ ਸਵਾਰ ਲਿਆ ਹੈ। ਕੁਰਾਹੇ ਪਿਆ
ਹੋਇਆ ਜੀਵ ਬੇਤਾਲ ਹੋ ਕੇ ਖ਼ੁਆਰ ਹੁੰਦਾ ਹੈ, ਇਸ ਖ਼ੁਆਰੀ ਦਾ ਦੂਜਾ ਨਾਂ ਜਮ ਹਨ। ਸਮੁੱਚੀ ਵਿਚਾਰ ਬੜੀ
ਕੀਮਤੀ ਹੈ ---
“ਧਰਮਰਾਇ ਜਮ
ਕੰਕਰਾ ਨੋ ਆਖਿ ਛਡਿਆ”,
ਏੱਥੇ ਧਰਮਰਾਜ, ਰੱਬੀ ਕਨੂੰਨ ਭਾਵ ਸੱਚ ਜੋ ਆਪਣੇ ਆਪ ਵਿੱਚ ਸੰਪੂਰਨ ਹੈ,
ਜਦੋਂ ਵਿਕਾਰੀ ਬੰਦਾ ਮੌਕੇ `ਤੇ ਫੜਿਆ ਜਾਂਦਾ ਹੈ ਤਾਂ ਸੱਚ ਦੇ ਅਧਾਰਤ ਫੈਸਲੇ ਵਿੱਚ ਉਸ ਨੂੰ ਸਜਾ
ਦਾ ਭਾਗੀਦਾਰ ਬਣਨਾ ਪੈਂਦਾ ਹੈ। ਥੋੜਾ ਹੋਰ ਸਮਝਣ ਲਈ, ਜਦੋਂ ਬੰਦਾ ਅੰਦਰਲੇ ਤਲ਼ `ਤੇ ਵਿਸ਼ਈ ਜਾਂ
ਕੁਕਰਮੀ ਹੁੰਦਾ ਹੈ, ਤਾਂ ਉਸ ਨੂੰ ਇੱਕ ਵਾਰ ਅੰਦਰ ਬੈਠੇ ਸ਼ੁਭ ਗੁਣ ਦੁਰ-ਲਾਹਨਤ ਤਾਂ ਕਰਦੇ ਹੀ ਹਨ,
ਭਾਵੇਂ ਇਹ ਸਮਝੇ ਜਾਂ ਨਾ ਸਮਝੇ ਇਹ ਮਨੁੱਖ ਦੀ ਆਪਣੀ ਮਰਜ਼ੀ ਹੈ। ਸੁ ਇਸ ਪਵਿੱਤਰ ਗੁਰਬਾਣੀ ਨੂੰ ਜ਼ਰਾ
ਕੁ ਆਪਣੇ `ਤੇ ਢੁਕਾਅ ਕੇ ਦੇਖਿਆ ਜਾਏ ਤਾਂ ਸਾਡੇ ਅੰਦਰਲੀ ਮਲੀਨ ਤੇ ਸ਼ੁੱਧ ਸੋਚ ਦਾ ਹੀ ਪ੍ਰਗਟਾਵਾ
ਕੀਤਾ ਗਿਆ ਹੈ। ਰੱਬੀ ਕਨੂੰਨ ਕਹਿੰਦਾ ਹੈ ਕਿ ਇਸ ਦੇ ਕੀਤੇ ਹੋਏ ਕਰਮ ਅਨੁਸਾਰ ਇਸ ਨੂੰ ਲਾਭ ਜਾਂ
ਨੁਕਸਾਨ ਹੋਣਾ ਚਾਹੀਦਾ ਹੈ।
ਬੰਦਾ ਸਵੇਰੇ ਸ਼ਾਮ ਇਸ਼ਨਾਨ `ਤੇ ਜ਼ੋਰ ਦੇ ਰਿਹਾ ਹੈ ਪਰ ਜ਼ਿੰਦਗੀ ਦੀ ਰੂਹਾਨੀਅਤ
ਨੂੰ ਨਹੀਂ ਸਮਝ ਰਿਹਾ ਇਸ ਲਈ ਇਹ ਇੱਕ ਪਾਣੀ ਵਾਲੇ ਡੱਡੂ ਤੋਂ ਵੱਧ ਹੈਸੀਅਤ ਨਹੀਂ ਰੱਖਦਾ। ਜ਼ਿੰਦਗੀ
ਦੇ ਮਹੱਤਵ ਨੂੰ ਨਾ ਸਮਝਣ ਵਾਲਾ ਰੱਬੀ ਮਰਯਾਦਾ ਤੋਂ ਬਾਹਰ ਹੋ ਗਿਆ—
ਸੰਧਿਆ ਪ੍ਰਾਤ ਇਸ੍ਨਾਨੁ ਕਰਾਹੀ॥ ਜਿਉ ਭਏ ਦਾਦੁਰ ਪਾਨੀ ਮਾਹੀ॥ 1॥
ਜਉਪੈ ਰਾਮ ਰਾਮ ਰਤਿ ਨਾਹੀ॥ ਤੇ ਸਭਿ ਧਰਮ ਰਾਇ ਕੈ ਜਾਹੀ॥
ਰਾਗ ਗਉੜੀ ਬਾਣੀ ਕਬੀਰ ਜੀ ਕੀ ਪੰਨਾ ੩੨੪
`ਤੇ
ਸਭਿ ਧਰਮ ਰਾਇ ਕੈ ਜਾਹੀ’ ਆਪਣੇ ਮਨ ਦੇ ਮਗਰ ਚੱਲਣ
ਵਾਲਾ ਹੰਕਾਰੀ ਹੋ ਜਾਂਦਾ ਹੈ ਭਾਵ ਅਤਮਕ ਮੌਤੇ ਮਰਦਾ ਹੈ। ਕਨੂੰਨ ਤੋੜਨ ਵਾਲਾ ਹੀ ਜੱਜ ਦੀ ਸਜਾ ਦਾ
ਹੱਕਦਾਰ ਹੁੰਦਾ ਹੈ।
ਸਾਡਿਆਂ ਪਿੰਡਾਂ ਵਿੱਚ ਅਕਸਰ ਹੀ ਦੇਸੀ ਸ਼ਰਾਬ ਤਿਆਰ ਕਰਨ ਵਾਲਿਆਂ ਨੂੰ
ਪੁਲੀਸ ਦੇ ਛਾਪਿਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਦੂਰੋਂ ਆਉਂਦੀ ਹੋਈ ਪੁਲੀਸ ਦੇਖ ਕੇ, ਕਨੂੰਨ
ਤੋੜਨ ਵਾਲੇ ਅੱਗੇ ਲੱਗ ਕੇ ਭੱਜ ਨਿਕਲਦੇ ਹਨ। ਦੂਜੇ ਪਾਸੇ ਉਹ ਲੋਕ ਵੀ ਰਹਿੰਦੇ ਹਨ ਜੋ ਸਾਊਆਂ ਵਾਲਾ
ਜੀਵਨ ਜਿਉਂਦੇ ਹਨ ਪੁਲੀਸ ਉਹਨਾਂ ਨੂੰ ਕੁੱਝ ਵੀ ਨਹੀਂ ਕਹਿੰਦੀ। ਏਹੀ ਹਾਲ ਸਾਡੇ ਆਤਮਕ ਗੁਣਾਂ ਤੇ
ਔਗੁਣਾਂ ਦਾ ਹੈ। ਔਗੁਣ ਕਰਨ ਵਾਲਾ ਸੱਚ ਦੀ ਕਹਿਚਰੀ ਵਿੱਚ ਹਮੇਸ਼ਾਂ ਨੰਗਾ ਹੁੰਦਾ ਹੈ, ਪਰ ਇਸ ਦੇ
ਦੂਜੇ ਪਾਸੇ ਗੁਣਾਂ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਉਣ ਵਾਲਾ ਹਰ ਸਮੇਂ ਸੁਰਖਰੂ ਹੁੰਦਾ ਹੈ-----
ਸੰਤਨ ਮੋ ਕਉ ਪੂੰਜੀ ਸਉਪੀ ਤਉ ਉਤਰਿਆ ਮਨ ਕਾ ਧੋਖਾ॥
ਧਰਮ ਰਾਇ ਅਬ ਕਹਾ ਕਰੈਗੋ ਜਉ ਫਾਟਿਓ ਸਗਲੋ ਲੇਖਾ॥
ਸੋਰਠਿ ਮਹਲਾ ੫ ਪੰਨਾ ੬੧੪
ਅਰਥ--
ਹੇ ਭਾਈ !
ਜਦੋਂ ਤੋਂ ਸੰਤ (ਗੁਰੂ) ਜਨਾਂ ਨੇ ਮੈਨੂੰ ਪਰਮਾਤਮਾ ਦੀ ਭਗਤੀ ਦੀ ਰਾਸਿ-ਪੂੰਜੀ ਭਾਵ ਜ਼ਿੰਦਗੀ ਜਿਉਣ
ਦੀ ਜਾਚ ਸਿਖਾ ਦਿੱਤੀ ਹੈ, ਤਦੋਂ ਤੋਂ ਮੇਰੇ ਮਨ ਦਾ ਚਿੰਤਾ-ਫ਼ਿਕਰ ਲਹਿ ਗਿਆ ਹੈ। (ਮੇਰੇ ਸੁਭਾਵਕ
ਤੌਰ `ਤੇ ਜਨਮਾਂ ਜਨਮਾਂਤਰਾਂ ਭਾਵ ਹਰ ਰੋਜ਼, ਹਰ ਘੜੀ ਦੇ ਕੀਤੇ ਕਰਮਾਂ ਦਾ) ਸਾਰਾ ਹੀ ਹਿਸਾਬ ਦਾ
ਕਾਗਜ਼ ਪਾੜ ਚੁਕਾ ਹੈ। ਹੁਣ ਧਰਮਰਾਜ ਮੈਥੋਂ ਕੋਈ ਪੁੱਛ ਨਹੀਂ ਕਰੇਗਾ।
ਅਖਰੀਂ ਅਰਥਾਂ ਨਾਲ ਹੁਣ ਸਾਨੂੰ ਸੰਤ ਵੀ ਲੱਭਣਾ ਪਏਗਾ ਜਿਹੜਾ ਭਗਤੀ ਦਾ
ਰਸਤਾ ਦਿਖਾਉਣ ਦੇ ਸਮਰੱਥ ਹੋਵੇ, ਪਰ ਗੁਰਬਾਣੀ ਦਾ ਅਸੀਂ ਭਾਵ ਅਰਥ ਸਮਝਣ ਦਾ ਯਤਨ ਕਰਾਂਗੇ- ਜਿਸ
ਨਾਲ ਇਹ ਅਨਭਵ ਹੁੰਦਾ ਹੈ ਕਿ-
“ਸੰਤਨ ਮੋ ਕਉ ਪੂੰਜੀ ਸਉਪੀ” ਭਾਵ ਗੁਰ-ਗਿਆਨ
ਦੁਆਰਾ, ਮਨ ਦੇ— “ਤਉ ਉਤਰਿਆ
ਮਨ ਕਾ ਧੋਖਾ” ਧੁਵਾਂਖ ਵਾਂਗ ਚਿੰਬੜੇ ਹੋਏ ਫਿਕਰ,
ਚਿੰਤਾਵਾਂ, ਸੰਸੇ ਆਦਿ ਤੋਂ ਮੁਕਤੀ ਮਿਲ ਸਕਦੀ ਹੈ। ਜਦੋਂ ਮਨ ਵਿੱਚ ਧੋਖਾ ਉੱਤਰ ਗਿਆ ਫਿਰ-
“ਧਰਮ ਰਾਇ ਅਬ ਕਹਾ ਕਰੈਗੋ” ਲੇਖਾ ਕੌਣ ਪੁੱਛੇਗਾ?
ਮਨ ਦੇ ਵਿਕਾਰਾਂ ਵਾਲਾ— “ਜਉ
ਫਾਟਿਓ ਸਗਲੋ ਲੇਖਾ” ਕਾਗਜ਼ ਪਾੜ ਦਿੱਤਾ। ਸਿੱਧਾ
ਉੱਤਰ ਹੈ ਕਿ ਜਦੋਂ ਗੁਰਬਾਣੀ- ਗਿਆਨ ਦੁਆਰਾ ਆਤਮਕ ਸੂਝ ਦਾ ਚਾਨਣ ਹੁੰਦਾ ਹੈ ਤਾਂ ਵਿਕਾਰ ਆਪਣੇ ਆਪ
ਚਲੇ ਜਾਂਦੇ ਹਨ। ‘ਧਰਮਰਾਇ’ ਭਾਵ ਰੱਬੀ ਕਨੂੰਨ ਜਾਂ ਰੱਬੀ ਹੁਕਮ ਦੀ ਸਮਝ ਵਿੱਚ ਚੱਲਿਆਂ ਆਤਮਕ
ਖੇੜਾ, ਅਨੰਦ ਦੀ ਪ੍ਰਬਲਤਾ ਤੇ ਖੁਸ਼ੀ ਕਾਇਮ ਰਹਿੰਦੀ ਹੈ। ਤੇ ਏਸੇ ਨੂੰ ਕਿਹਾ ਗਿਆ ਹੈ, ਸੱਚ ਦੇ
ਚੱਲਦਿਆਂ ਹੋਇਆਂ (ਧਰਮਰਾਜ) ਨੇ ਮੇਰੇ ਕਾਲ਼ੇ ਲੇਖਾਂ ਦਾ ਕਾਗਜ਼ ਪਾੜ ਦਿੱਤਾ ਹੈ।
ਏਸੇ ਤਰ੍ਹਾਂ ਹੀ ਇੱਕ ਹੋਰ ਸ਼ਬਦ ਰਾਂਹੀ ਬੜਾ ਪਿਆਰਾ ਸੁਨੇਹਾਂ ਮਿਲ ਰਿਹਾ
ਹੈ—
ਦਰਸਨੁ ਸਾਧ ਮਿਲਿਓ ਵਡਭਾਗੀ ਸਭਿ ਕਿਲਬਿਖ ਗਏ ਗਵਾਝਾ॥
ਸਤਿਗੁਰੁ ਸਾਹੁ ਪਾਇਆ ਵਡ ਦਾਣਾ ਹਰਿ ਕੀਏ ਬਹੁ ਗੁਣ ਸਾਝਾ॥ 3॥
ਜਿਨ ਕਉ ਕ੍ਰਿਪਾ ਕਰੀ ਜਗ ਜੀਵਨਿ ਹਰਿ ਉਰਿਧਾਰਿਓ ਮਨ ਮਾਝਾ॥
ਧਰਮ ਰਾਇ ਦਰਿ ਕਾਗਦ ਫਾਰੇ ਜਨ ਨਾਨਕ ਲੇਖਾ ਸਮਝਾ॥
ਜੈਤਸਰੀ ਮਹਲਾ ੪ ਪੰਨਾ ੬੯੮
ਅਖਰੀਂ ਅਰਥ---
ਹੇ
ਭਾਈ !
ਜਿਸ ਮਨੁੱਖ ਨੂੰ ਵੱਡੇ ਭਾਗਾਂ ਨਾਲ ਗੁਰੂ ਦਾ ਦਰਸਨ (ਗਿਆਨ-ਉਪਦੇਸ਼) ਪ੍ਰਾਪਤ ਹੁੰਦਾ ਹੈ, ਉਸ ਦੇ
ਸਾਰੇ ਪਾਪ ਦੂਰ ਹੋ ਜਾਂਦੇ ਹਨ। ਜਿਸ ਨੂੰ ਵੱਡਾ ਸਿਆਣਾ ਤੇ ਸ਼ਾਹ ਗੁਰੂ ਮਿਲ ਪਿਆ, ਗੁਰੂ ਨੇ
ਪਰਮਾਤਮਾ ਦੇ ਬਹੁਤੇ ਗੁਣਾਂ ਨਾਲ ਉਸ ਨੂੰ ਸਾਂਝੀਵਾਲ ਬਣਾ ਦਿੱਤਾ।
ਹੇ ਭਾਈ
!
ਜਗਤ ਦੇ ਜੀਵਨ ਪ੍ਰਭੂ ਨੇ ਜਿਨ੍ਹਾਂ ਮਨੁੱਖਾਂ ਉਤੇ ਕਿਰਪਾ ਕੀਤੀ, ਉਹਨਾਂ ਨੇ ਆਪਣੇ ਮਨ ਵਿੱਚ ਹਿਰਦੇ
ਵਿੱਚ ਪਰਮਾਤਮਾ ਦਾ ਨਾਮ (ਆਤਮਕ-ਸੂਝ) ਟਿਕਾ ਲਿਆ। ਹੇ ਨਾਨਕ !
(ਆਖ—ਹੇ ਭਾਈ) ਧਰਮਰਾਜ ਦੇ ਦਰ ਤੇ ਭਾਵ ਆਤਮਕ ਗੁਣਾਂ ਦੇ ਸਾਹਮਣੇ ਉਹਨਾਂ ਮਨੁੱਖਾਂ ਦੇ (ਕੀਤੇ
ਕਰਮਾਂ ਦੇ ਲੇਖੇ ਦੇ ਸਾਰੇ) ਕਾਗ਼ਜ਼ ਪਾੜ ਦਿੱਤੇ ਗਏ, ਉਹਨਾਂ ਦਾਸਾਂ ਦਾ ਲੇਖਾ ਨਿੱਬੜ ਗਿਆ।
“ਸਭਿ ਕਿਲਬਿਖ ਗਏ ਗਵਾਝਾ” ਸਾਰੇ ਹੀ ਅੰਦਰਲੇ ਮਲੀਨ ਵਿਚਾਰ ਜਿੰਨ੍ਹਾਂ ਨੂੰ
ਪਾਪ ਕਿਹਾ ਗਿਆ ਹੈ ਖਤਮ ਹੋ ਜਾਂਦੇ ਹਨ। ਕਿਉਂਕਿ
“ਦਰਸਨੁ ਸਾਧ ਮਿਲਿਓ ਵਡਭਾਗੀ”
ਗੁਰੂ ਦੀ ਫਿਲਾਸਫੀ ਦੀ ਸਮਝ ਆ ਗਈ ਹੈ। ਇਹ ਸਮਝ ਰੱਬੀ
ਗੁਣਾਂ ਦੇ ਰੂਪ ਵਿੱਚ ਪ੍ਰਗਟ ਹੁੰਦੀ ਹੈ—
“ਹਰਿ ਕੀਏ ਬਹੁ ਗੁਣ ਸਾਝਾ” ਸਮਝ ਦਾ ਦੂਸਰਾ ਨਾਂ
– “ਜਿਨ ਕਉ ਕ੍ਰਿਪਾ ਕਰੀ ਜਗ
ਜੀਵਨਿ” ਹੈ ਭਾਵ ਜੀਵਨ ਜਾਚ ਆ ਗਈ। ਨਿਰ੍ਹੀ ਸਮਝ
ਹੀ ਨਹੀਂ ਸਗੋਂ ਹਿਰਦੇ ਵਿੱਚ ਟਿਕਾਅ ਲਏ ਹਨ—
“ਹਰਿ ਉਰਿਧਾਰਿਓ ਮਨ ਮਾਝਾ” ਭਾਵ ਇਹਨਾਂ ਸ਼ੁਭ
ਗੁਣਾਂ ਨੂੰ ਨਿਤਾ ਪ੍ਰਤੀ ਵਰਤੋਂ ਵਿੱਚ ਲਿਆਂਦਾ ਹੈ। ਜਦੋਂ ਮਨੁੱਖ ਨੇ ਸ਼ੁਭ ਗੁਣਾਂ ਨੂੰ ਧਾਰਨ ਕਰਕੇ
ਔਗੁਣਾਂ ਵਲੋਂ ਹਮੇਸ਼ਾਂ ਲਈ ਕਿਨਾਰਾ ਕਰ ਲਿਆ ਤਾਂ ਇਸ ਦਾ ਅਸਰ ਇਹ ਹੁੰਦਾ ਹੈ ਕਿ ਅਸੀਂ ਜ਼ਿੰਦਗੀ ਦੇ
ਆਤਮਕ ਗੁਣਾਂ ਦੇ ਮਹੱਤਵ ਨੂੰ ਸਮਝ ਲਿਆ ਹੈ—
“ਜਨ ਨਾਨਕ ਲੇਖਾ ਸਮਝਾ” ਤੇ ਇਸ ਸਮਝਦਾਰੀ ਨੇ
ਵਿਕਾਰਾਂ ਵਾਲਾ ਕਾਗ਼ਜ਼ ਸਦਾ ਲਈ ਪਾੜ ਦਿੱਤਾ—
“ਧਰਮ ਰਾਇ ਦਰਿ ਕਾਗਦ ਫਾਰੇ” ਸਮੁੱਚੀ ਵਿਚਾਰ ਨੂੰ
ਸਮਝਦਿਆਂ ਕਿਹਾ ਜਾ ਸਕਦਾ ਹੈ, ਕਿ ਸੱਚ ਦੇ ਸਾਹਮਣੇ ਕਿਲਬਿਖ ਵਾਲੀ ਸੋਚ ਟਿਕ ਨਹੀਂ ਸਕਦੀ। ਤੇ
ਵਿਕਾਰਾਂ ਦੀ ਸੂਝ ਆ ਗਈ ਭਾਵ ਧਰਮਰਾਜ ਨੇ ਮੇਰਾ ਵਿਕਾਰਾਂ ਵਾਲਾ ਕਾਗਜ਼ ਪਾੜ ਦਿੱਤਾ ਜੋ ਅਧਿਆਤਮਕ
ਗੁਣਾਂ ਦੀ ਉਚਤਾ ਹੈ ਤੇ ਪਰਮਾਤਮਾ ਦੇ ਮਿਲਾਪ ਦੀ ਅਵਸਥਾ ਹੈ।