. |
|
ਸਿੱਖ ਅਖਵਾਉਣ ਵਾਲਿਆਂ ਲਈ ਸਵੈ ਪੜਚੋਲ ਦਾ ਸਮਾਂ ਆ ਗਿਆ ਹੈ:
ਸੱਚ ਧਰਮ ਦਾ ਪ੍ਰਕਾਸ਼ ਹੈ ਸਿੱਖ ਧਰਮ
ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ, ਪ੍ਰਿੰਸੀਪਲ
ਗੁਰਮਤਿ ਐਜੁਕੇਸ਼ਨ ਸੈਂਟਰ, ਦਿੱਲੀ ਮੈਬਰ, ਧਰਮ ਪ੍ਰਚਾਰ ਕਮੇਟੀ, ਦਿ: ਸਿ: ਗੁ: ਪ੍ਰ: ਕ: ਦਿੱਲੀ:
ਫਾਊਂਡਰ ਸਿੱਖ ਮਿਸ਼ਨਰੀ ਲਹਿਰ ਸੰਨ 1956
ਬੇਅੰਤ ਰਚਨਾ ਬੇਅੰਤ ਸ਼ਕਲਾਂ ਤੇ ਸ਼ਕਲਾਂ `ਚ ਭਿੰਨਤਾ- ਪ੍ਰਭੂ
ਦੀ ਰਚਨਾ `ਚ ਝਾਤ ਮਾਰੀਏ, ਕਰਤੇ ਨੇ ‘ਜੀਵ’ - ‘ਨਿਰਜੀਵ’ ਹਰੇਕ ਲਈ ਇੱਕ ਖਾਸ ਤੇ ਭਿੰਨ ਸ਼ਕਲ ਨਿਯਤ
ਕੀਤੀ ਹੈ। ਪਸ਼ੂ-ਪੰਛੀ, ਸਪ-ਬਿਛੂ ਕੀੜੇ ਮਕੌੜੇ, ਨੰਗੀ ਅੱਖ ਨਾਲ ਨਾ ਦਿਸਣ ਵਾਲੇ ਜੀਵ; ਸਬਜ਼ੀਆਂ, ਫਲ
ਫੁੱਲ, ਬਨਸਪਤੀ, ਨਦੀਆਂ, ਰੋਸ਼ਨੀ, ਹਵਾ, ਪਹਾੜ, ਸਮੁੰਦ੍ਰ, ਚੰਦ, ਸੂਰਜ, ਖਨਿਜ ਜਾਂ ਕੁੱਝ ਵੀ,
ਹਰੇਕ ਆਪਣੀ ਸ਼ਕਲ ਦੀ ਭਿੰਨਤਾ ਤੋਂ ਪਛਾਣਿਆ ਜਾਂਦਾ ਹੈ। ਗੁਲਾਬ ਤੋਂ ਮੋਤੀਏ ਦਾ ਭੁਲੇਖਾ ਨਹੀਂ
ਪੈਂਦਾ। ਚਿੜੀ ਨੂੰ ਕਦੇ ਕਿਸੇ ਤੋਤਾ ਨਹੀਂ ਸਮਝਿਆ। ਕਾਂ-ਕਾਂ ਹੈ ਤੇ ਉਲੂ-ਉਲੂ, ਸ਼ਕਲਾਂ ਕਰ ਕੇ ਹੀ
ਗਊ ਤੇ ਬੱਕਰੀ ਭਿੰਨ ਹਨ। ਸੱਪ-ਬਿੱਛੂ-ਮਗਰਮੱਛ, ਮੋਰ, ਚਮਗਿੱਦੜ ਬੇਅੰਤ ਜੂਨੀਆਂ ਹਨ। ਕਰਤੇ ਨੇ ਜਿਸ
ਦੀ ਜੋ ਸ਼ਕਲ ਘੜੀ ਹੈ ਆਦਿ ਅੰਤ ਤੀਕ ਨਹੀਂ ਬਦਲਦੀ। ਅੰਬ-ਖਰਬੂਜ਼ਾ, ਲੁਕਾਠ, ਬੇਰ, ਚਾਵਲ, ਗੇਹੂੰ
ਸ਼ਕਲਾਂ ਦੀ ਭਿੰਨਤਾ ਤੋਂ ਹੀ ਪਹਿਚਾਣੇ ਜਾਂਦੇ ਹਨ। ਵੱਖਰੀ ਗੱਲ ਹੈ ਕਿ ਵੱਖ-ਵੱਖ ਬੋਲੀਆਂ-ਭਾਸ਼ਾਵਾਂ
`ਚ ਉਨ੍ਹ੍ਹਾਂ ਦੇ ਨਾਂ ਬਦਲ ਜਾਂਦੇ ਹਨ, ਹੋਰ ਕੁੱਝ ਨਹੀਂ।
ਸ਼ਕਲ ਤੇ ਸੁਭਾਅ, ਸੂਰਤ ਤੇ ਸੀਰਤ ਵਿਚਲੀ ਸਾਂਝ- ਪ੍ਰਭੂ ਰਚਨਾ `ਚ
ਸ਼ਕਲ-ਸੂਰਤ ਵਾਲੇ ਇਸੇ ਨਿਯਮ ਦਾ ਹੀ ਦੂਜਾ ਪੱਖ ਹੈ, ਸੁਭਾਅ-ਸੀਰਤ। ਜਿਵੇਂ ਰਚਨਾ `ਚ ਹਰੇਕ ਅੰਗ ਦੀ
ਸੂਰਤ ਮੁਕਰੱਰ ਹੈ, ਇਸੇ ਤਰ੍ਹਾਂ ਹਰੇਕ ਅੰਗ ਦਾ ‘ਸੁਭਾਅ-ਸੀਰਤ’ ਵੀ ਸਦੀਵੀ ਹੈ। ਸੂਰਜ ਦਾ ਸੁਭਾਅ
ਗਰਮੀ ਦੇਣਾ ਹੈ ਤੇ ਚੰਦ੍ਰਮਾਂ ਦਾ ਸੁਭਾਅ ਠੰਢਕ। ਗੁੜ `ਚ ਮਿਠਾਸ ਹੈ, ਨਮਕ `ਚੋਂ ਮਿਰਚਾਂ ਦਾ ਸੁਆਦ
ਨਹੀਂ ਆਉਂਦਾ। ਬਿੱਲੀ ਦਾ ਚੂਹੇ ਖਾਣ ਵਾਲਾ ਸੁਭਾਅ, ਘੋੜੇ ਦੀ ਦੁਲੱਤੀ ਤੇ ਗਊ ਦੇ ਸਿੰਗ ਮਾਰਣ ਵਾਲੀ
ਆਦਤ ਆਦਿ ਕਾਲ ਤੋਂ ਹੈਂ। ਗਿੱਦੜ ਡਰਪੋਕ ਤੇ ਸ਼ੇਰ ਖੂੰਖਾਰ, ਚੂਹਾ ਕੁਤਰਦਾ ਹੈ, ਦੀਮਕ-ਲੱਕੜੀ-ਕਾਗਜ਼
ਨੂੰ ਮਿੱਟੀ `ਚ ਬਦਲਦੀ ਹੈ, ਕੱਕੀ ਕੀੜੀ ਲੜਦੀ ਹੈ, ਬਿੱਛੂ ਦਾ ਡੰਗ ਜ਼ਹਿਰੀਲਾ ਹੁੰਦਾ ਹੈ।
ਕੈਮੀਕਲਾਂ ਦੇ ਵੱਖ-ਵੱਖ ਸੁਭਾਅ ਮਨੁੱਖ ਦੀਆਂ ਲੱਖਾਂ ਲੋੜਾਂ ਪੂਰੀਆਂ ਕਰਦੇ ਹਨ। ਮੈਡੀਕਲ,
ਵਿਗਿਆਨਕ-ਖੇਤੀ ਆਦਿ ਦੀਆਂ ਬੇਅੰਤ ਖੋਜਾਂ ਇਸੇ ਇਲਾਹੀ ਸਿਧਾਂਤ `ਤੇ ਖੜੀਆਂ ਹਨ। ਮਿਸ਼ਰਨ ( compound)
ਪ੍ਰਯੋਗਸ਼ਾਲਾ (Labortary)
`ਚ ਭੇਜਿਆ ਜਾਂਦਾ ਹੈ ਤਾਂ ਉਥੇ ਤਤਵ ਦੇ ਸੁਭਾਅ, ਉਸ ਦੇ ਗੁਣ-ਦੋਸ਼ (properties)
ਤੋਂ ਪਤਾ ਲਗ ਜਾਂਦਾ ਹੈ ਕਿ ਮਿਸ਼੍ਰਨ `ਚ ਕਿਹੜਾ ਤਤ ਕਿੰਨੇ ਪ੍ਰਤੀਸ਼ਤ ਹੈ। ਜਦਕਿ ਉਥੇ ਕਿਸੇ
ਤਤਵ (constituent)
ਦੀ ਵੀ ਸ਼ਕਲ ਮੌਜੂਦ ਨਹੀਂ। ਪੱਥਰ-ਅੱਗ ਨਹੀਂ ਪਕੜਦਾ,
ਲੱਕੜੀ ਅੱਗ ਨਾਲ ਸੜ ਕੇ ਸੁਆਹ ਹੋ ਜਾਂਦੀ ਹੈ, ਜਦਕਿ ਅੱਗ ਦੋਨਾਂ `ਚ ਹੈ। ਅੱਜ ਡਾਕਟਰੀ, ਇਸੇ ਨਿਯਮ
`ਤੇ ਖੜੀ ਹੈ। ਖੂਨ, ਪੇਸ਼ਾਬ, ਥੁੱਕ ਆਦਿ ਦੇ ਟੈਸਟ ਸਾਡੇ ਅੰਦਰ ਦੇ ਰੋਗਾਂ ਦਾ ਪਤਾ ਦੇ ਦੇਂਦੇ ਹਨ
ਕਿਉਂਕਿ ਸਭ ਦੇ ਮਿਸ਼੍ਰਣ `ਚ ਤਤਵਾਂ ਦੇ ਰੱਬੀ ਅਨੁਪਾਤ ਹਨ। ਇਹ ਕੁੱਝ ਇਸ਼ਾਰੇ ਹਨ, ਪ੍ਰਭੂ ਬਖ਼ਸ਼ੀ
ਸੂਰਤ ਤੇ ਸੀਰਤ, ਸ਼ਕਲ ਤੇ ਸੁਭਾਅ ਦੀ ਸਾਂਝ `ਚੋਂ ਹੁਕਮ ਵਾਲੀ ਖੇਡ ਦੇ ਦਰਸ਼ਨਾ ਲਈ। ਪ੍ਰਭੂ ਵਲੋਂ
ਜਿੱਥੇ ਹਰੇਕ ਸ਼੍ਰੇਣੀ ਦੀ ਸੂਰਤ ਪੱਕੀ ਹੈ, ਉਸੇ ਤਰ੍ਹਾਂ ਸੁਭਾਅ ਵੀ ਪੱਕਾ ਹੈ ਤੇ ਨਸਲ ਦਰ ਨਸਲ
ਨਹੀਂ ਬਦਲਦੇ।
ਬੰਦਿਆ ਤੂੰ ਬੰਦਾ ਬਣ, ਤੂੰ ਇਨਸਾਨ ਬਣ! - ਇਹ ਲਫ਼ਜ਼ ਕੇਵਲ ਮਨੁੱਖ ਲਈ
ਵਰਤੇ ਜਾਂਦੇ ਹਨ। ਪ੍ਰਭੂ ਰਚਨਾ ਦੀ ਕਿਸੇ ਹੋਰ ਸ਼੍ਰੇਣੀ `ਤੇ ਲਾਗੂ ਨਹੀਂ ਹੁੰਦੇ। ਕਦੇ ਕਿਸੇ ਨਹੀਂ
ਕਿਹਾ-ਘੋੜਿਆ ਤੂੰ ਘੋੜਾ ਬਣ, ਬਿੱਲੀਏ ਤੂੰ ਬਿੱਲੀ ਬਣ, ਕਿਉਂ? ਕਿਉਂਕਿ ਉਹਨਾਂ ਅੰਦਰ ਪ੍ਰਭੂ ਬਖਸ਼ਿਆ
ਸਰੂਪ ਤੇ ਸੁਭਾਅ ਦੋਵੇਂ ਕੁਦਰਤੀ ਹਨ; ਵਾਧਾ ਘਾਟਾ ਨਹੀਂ। ਸੰਪੂਰਣ ਰਚਨਾ `ਚ ਸਿਵਾਇ ਮਨੁੱਖ ਦੇ,
ਹਰੇਕ ਸ਼੍ਰੇਣੀ ਪ੍ਰਭੂ ਬਖਸ਼ੀ ਸ਼ਕਲ ਤੇ ਸੁਭਾਅ, ਸੂਰਤ ਤੇ ਸੀਰਤ `ਤੇ ਕਾਇਮ ਹੈ। ਇਸੇ ਲਈ ਪ੍ਰਭੂ ਦੀ
ਬੇਅੰਤ ਰਚਨਾ `ਚ ਫੁੱਲ-ਬਨਸਪਤੀ, ਨਦੀਆਂ-ਪਹਾੜ, ਜਿਧਰ ਨਜ਼ਰ ਮਾਰੋ, ਕੁਦਰਤੀ ਹੁਲਾਰਾ, ਟਿਕਾਅ ਤੇ
ਮਸਤੀ ਹੈ। ਇਨਸਾਨ ਵੀ ਜਦੋਂ ਆਪਣੀਆਂ ਪ੍ਰੇਸ਼ਾਨੀਆਂ ਤੋਂ ਘਬਰਾ ਉਠਦਾ ਹੈ ਤਾਂ ਕੁਦਰਤ ਨੇੜੇ ਪੁੱਜ ਕੇ
ਸ਼ਾਂਤੀ ਮਹਿਸੂਸ ਕਰਦਾ ਹੈ। ਇਥੋਂ ਤੀਕ ਕਿ ਸੰਪੂਰਣ ਗੁਰਬਾਣੀ `ਚ ਮਨੁੱਖ ਨੂੰ ਗੁਰਦੇਵ ਨੇ ਕੁਦਰਤ ਦੀ
ਪਉੜੀ ਚੜ੍ਹਾ ਕੇ ਕਾਦਿਰ ਨੇੜੇ ਲਿਆਉਣ ਦਾ ਯਤਨ ਕੀਤਾ ਹੈ। ਪ੍ਰਭੂ ਭਗਤ ਤਾਂ ਜ਼ਿਆਦਾ ਤੋਂ ਜ਼ਿਆਦਾ
ਕੁਦਰਤ ਨੇੜੇ ਰਹਿਣਾ ਲੋਚਦੇ ਹਨ। ਕੇਵਲ ਮਨੁੱਖ ਹੀ ਹੈ-ਜਿਸ ਨੂੰ ਕਹਿਣਾ ਪੈਂਦਾ ਹੈ ਬੰਦਿਆ ਤੂੰ
ਬੰਦਾ ਬਣ. . ਤੰ ਇਨਸਾਨ ਬਣ. . ਤੂੰ ਮਨੁੱਖ ਬਣ। ਕਿਉਂਕਿ ਨਾ ਇਸ ਨੇ ਸ਼ਕਲ ਸੰਭਾਲੀ ਹੈ ਨਾ ਸੁਭਾਅ।
ਇਲਾਹੀ ਸ਼ਕਲ ਦਾ ਵਾਰਿਸ ਕੌਣ? - ਸਚਾਈ ਹੈ ਕਿ ਪ੍ਰਭੂ ਨੇ ਮਨੁੱਖ ਦੀ
ਜਿਹੜੀ ਸ਼ਕਲ ਘੜੀ ਹੈ, ਉਸ ਦਾ ਸਬੂਤ ਕੇਵਲ ਸੰਪੂਰਨ ਕੇਸਾਧਾਰੀ ਹੀ ਹੈ, ਕੇਵਲ ਉਹ ਮਨੁੱਖ ਜੋ ਸ਼ੁੱਧ
ਮਨੁੱਖੀ ਸਰੂਪ `ਚ ਕਾਇਮ ਹੈ। ਇਸਦੇ ਉਲਟ ਨਾ ਕੇਸਹੀਣ ਇਸ ਦਾ ਸਬੂਤ ਹੈ ਤੇ ਨਾ ਅਖੌਤੀ ਸਾਧੂ, ਸੰਤ,
ਮਹਾਤਮਾ, ਭਗਤ, ਸਨਿਆਸੀ, ਬੈਰਾਗੀ, ਬਿਭੂਤਧਾਰੀ ਆਦਿ ਭੇਖਧਾਰੀ। ਇਸ ਲਈ ਸੰਪੂਰਣ ਮਨੁੱਖ ਸ਼੍ਰੇਣੀ
`ਚੋਂ ਇਲਾਹੀ ਸ਼ਕਲ ਦਾ ਜੇ ਕੋਈ ਵਾਰਿਸ ਹੈ ਤਾਂ ਕੇਵਲ ਗੁਰੂ ਨਾਨਕ ਦਾ ਸਿੱਖ ਹੀ ਹੈ।
ਸੁਭਾਅ/ ਸੀਰਤ ਵਾਲੀ ਗੱਲ ਤਾਂ ਇਸ ਤੋਂ ਵੀ ਅੱਗੇ ਹੈ- ਮਨੁੱਖ ਦੀ ਸੂਰਤ
ਤੋਂ, ਉਸ ਦੇ ਸੁਭਾਅ ਦੀ ਪਛਾਣ ਨਹੀਂ ਹੁੰਦੀ। ਅੱਜ ਸਮਾਜ ਅੰਦਰ ਜਿੰਨੇਂ ਵੀ ਧਰਮ ਦੇ ਨਾਮ `ਤੇ
ਪਾਖੰਡ, ਅਪਵਾਦ, ਅਪਰਾਧ, ਜ਼ੁਲਮ, ਧੱਕੇ, ਨਸ਼ਿਆਂ ਦੀ ਹੋੜ, ਧਾਰਮਕ ਆਡੰਬਰ, ਲੁੱਟ-ਖੋਹ,
ਧੋਖੇ-ਫ਼ਰੇਬ-ਠੱਗੀਆਂ, ਹਥਿਆਰਾਂ-ਜੁਰਮਾਂ ਦੀ ਦੌੜ, ਵਿੱਭਚਾਰ ਦਾ ਬੋਲਬਾਲਾ, ਕਤਲੋ
ਗ਼ਾਰਤ-ਕਿੱਡਨੈਪਿੰਗ ਦੀ ਬਹੁਲਤਾ; ਵੈਰ-ਵਿਰੋਧ, ਜਾਤ-ਪਾਤ, ਇਸਤ੍ਰੀ ਵਰਗ ਨਾਲ ਵਿਤਕਰਾ,
ਚੋਰੀਆਂ-ਡਕੈਤੀਆਂ-ਠੱਗੀਆਂ-ਬੱਚੀਆਂ ਦੀ ਭਰੂਣ ਹੱਤਿਆ-ਸਾਰਿਆਂ ਦੀ ਜੜ੍ਹ ਇਕੋ ਹੈ, ਬਾਹਰੋਂ ਮਨੁੱਖ
ਹੈ ਅੰਦਰੋਂ ਮਨੁਖਤਾ ਦਾ ਵੈਰੀ। ਬਾਹਰੋਂ ਧਰਮੀ, ਪਰ ਅੰਦਰੋਂ ਧਰਮ ਦਾ ਬੀਜ ਨਾਸ ਹੋਇਆ ਪਿਆ ਹੈ।
ਕਹਿਣ ਨੂੰ ਬੰਦਾ ਹੈ ਪਰ ਸੁਭਾਅ, ਸ਼ਕਲ, ਦੋਵੇਂ ਪਾਸਿਓਂ ਬੰਦਾ ਨਹੀਂ ਰਿਹਾ। ਇਨਸਾਨ ਹੈ ਪਰ
ਇਨਸਾਨੀਅਤ ਨਾਮ ਦਾ ਇਸ ਕੋਲ ਕੁੱਝ ਬਾਕੀ ਨਹੀਂ। ਸਚਾਈ ਇਹੀ ਹੈ ਕਿ ਸੱਚੇ ਇਲਾਹੀ ਤੇ ਰੱਬੀ ਧਰਮ ਨੂੰ
ਇੰਨ੍ਹਾਂ ਭੇਖਾਂ-ਬਨਾਵਟਾਂ ਦੀ ਲੋੜ ਨਹੀਂ ਹੁੰਦੀ, ਲੋੜ ਹੁੰਦੀ ਹੈ ਤਾਂ ਰੱਬੀ ਸ਼ਕਲ ਤੇ ਸੁਭਾਅ
ਵਿਚਲੀ ਸਾਂਝ ਦੀ।
ਗੁਰੂ ਨਾਨਕ ਪਾਤਸ਼ਾਹ ਦੀ ਮਹਾਨ ਬਖਸ਼ਿਸ਼ ਹੈ, ‘ਸਿੱਖ ਧਰਮ’ - ਅਸਲ `ਚ ਗੁਰੂ
ਪਾਤਸ਼ਾਹ ਨੇ ‘ਸਿੱਖ’ ਦੇ ਰੂਪ `ਚ, ਅਜੇਹੇ ਮਨੁੱਖ ਨੂੰ ਸੰਸਾਰ `ਚ ਪ੍ਰਗਟ ਕੀਤਾ ਜਿਹੜਾ ਗੁਰਬਾਣੀ
ਸਿੱਖਿਆ `ਤੇ ਚੱਲ ਕੇ ‘ਅੰਦਰੋਂ ਬਾਹਰੋਂ “ਨਾਨਕ ਸਚੁ ਧਿਆਇਨਿ ਸਚੁ” (ਪੰ: 463) ਅਨੁਸਾਰ
ਸੱਚਾ-ਸੁੱਚਾ ਇਨਸਾਨ ਸੀ। ਉਸੇ ਨੂੰ ਨਾਮ ਬਖਸ਼ਿਆ ‘ਸਿੱਖ’ -ਗੁਰਬਾਣੀ ਸਿੱਖਿਆ ਦਾ ਪੈਰੋਕਾਰ,
ਬੱਸ ਇਹੀ ਹੈ ‘ਸਿੱਖ ਧਰਮ’। ਇਸ ਤਰ੍ਹਾਂ, ਗੱਲ ਸਾਫ਼ ਹੋ ਜਾਂਦੀ ਹੈ ਕਿ ਗੁਰੂ ਨਾਨਕ ਪਾਤਸ਼ਾਹ
ਨੇ ਸਿੱਖ ਧਰਮ ਨੂੰ ਜਨਮ ਨਹੀਂ ਦਿੱਤਾ; ਬਲਕਿ ਇਹ ਮਨੁੱਖ ਦਾ ਮੁਢ ਕਦੀਮੀ ਤੇ ਸੱਚ ਧਰਮ ਹੈ। ਮਨੁੱਖ
ਆਪਣੇ ਇਸ ਇਲਾਹੀ ਸੱਚ ਧਰਮ ਨੂੰ, ਪੂਰੀ ਤਰ੍ਹਾਂ ਵਿਸਾਰ ਚੁੱਕਾ ਸੀ, ਮਨੁੱਖ-ਮਨੁੱਖ ਨਹੀਂ ਸੀ ਰਹਿ
ਚੁੱਕਾ। ਪ੍ਰਭੂ ਦੀ ਬੇਅੰਤ ਰਚਨਾ `ਚੋਂ ਬੰਦਾ ਆਪਣੀ ਪਛਾਣ ਗੁਆ ਤੇ ਭੁਲਾ ਚੁੱਕਾ ਸੀ। ਇਸੇ ਲਈ ਕਹਿਣ
ਦੀ ਲੋੜ ਪੈ ਗਈ “ਬੰਦਿਆ! ਤੂੰ ਬੰਦਾ ਬਣ” ਪਾਤਸ਼ਾਹ ਨੇ ਉਸ ਅੰਦਰੋਂ ਮਰ ਚੁੱਕੇ ਇਨਸਾਨ ਨੂੰ ਜ਼ਿੰਦਾ
ਕੀਤਾ। ਬਾਹਰੋਂ ਮਨੁੱਖ ਦੇ ਸਰੂਪ ਨੁੰ ਸੰਭਾਲਿਆ ਤੇ ਅੰਦਰੋਂ ਗੁਰਬਾਣੀ ਨਾਲ ਉਸ ਦੇ ਸੁਭਾਅ ਨੂੰ;
ਇਸੇ ਨੂੰ ਨਾਮ ਦਿੱਤਾ ‘ਸਿੱਖ ਧਰਮ’। ਇਹੀ ਕਾਰਨ ਹੈ ਕਿ ਸਿੱਖ ਧਰਮ ਆਲਮਗੀਰੀ ਵੀ ਹੈ ਤੇ ਸੱਚ ਧਰਮ
ਵੀ। ਕਾਸ਼ ਅਸੀਂ ਆਪਣੀ ਅਸਲੀਅਤ ਨੂੰ ਪਹਿਚਾਣ ਸਕੀਏ …. . ।
#47s94.02s09#
ਹੋਰ ਵੇਰਵੇ ਲਈ ਗੁਰਮਤਿ ਪਾਠ ਨੰ: ੩੯ “ਆਦਿ ਕਾਲ ਦਾ ਧਰਮ ਹੈ ਸਿੱਖ ਧਰਮ”
(ਡੀਲਕਸ ਕਵਰ) ਸੰਗਤਾਂ ਲਈ ਪ੍ਰਾਪਤ ਹੈ ਜੀ
ਨੋਟ: ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ ਜੀ ਦੀ ਆਗਿਆ ਨਾਲ ਸਨਿਮ੍ਰ
ਬੇਨਤੀ ਹੈ ਕਿ ਪ੍ਰਿੰਸੀਪਲ ਸਾਹਿਬ ਜੀ ਦਾ ਕੋਈ ਵੀ ਗੁਰਮਤਿ ਪਾਠ-ਕੋਈ ਵੀ ਪੰਥਕ ਸੱਜਣ, ਸੰਸਥਾ,
ਮੈਗ਼ਜ਼ੀਨ ਅਥਵਾ ਨੀਊਜ਼ ਪੇਪਰ ਜਾਂ ਵੈਬ ਸਾਈਟ; ਬਿਨਾ ਤਬਦੀਲੀ, ਹੂ-ਬ-ਹੂ ਅਤੇ ਲੇਖਕ ਨਾਮ ਸਹਿਤ, ਕੇਵਲ
ਅਤੇ ਕੇਵਲ ਗੁਰਮਤਿ ਪ੍ਰਸਾਰ ਦੇ ਆਸ਼ੇ ਨੂੰ ਮੁੱਖ ਰਖਦੇ ਹੋਏ ਬਿਨਾ ਕਿਸੇ ਹੋਰ ਆਗਿਆ ਛਾਪ ਅਤੇ ਲੋਡ
ਕਰ ਸਕਦਾ ਹੈ। ਬੇਨਤੀ ਕਰਤਾ-ਗੁਰਮਤਿ ਐਜੁਕੇਸ਼ਨ ਸੈਂਟਰ, ਦਿੱਲੀ Ph 9811292808, 011-26236119
|
. |