ਧਰਮਰਾਜ-ਰੱਬੀ ਨਿਯਮਾਵਲੀ
ਭਾਗ ਤੀਜਾ
ਚਾਹੇ ਕੋਈ ਗਰੀਬ ਹੈ ਜਾਂ ਅਮੀਰ ਹੈ, ਕੰਗਾਲ਼ ਹੈ ਜਾਂ ਬਾਦਸ਼ਾਹ ਹੈ, ਹਰੇਕ
ਮਨੁੱਖ ਨੂੰ ਆਪਣੇ ਕੀਤੇ ਦਾ ਫ਼ਲ਼ ਆਪ ਹੀ ਭੁਗਤਣਾ ਪੈਂਦਾ ਹੈ ਜਿਹਾ ਕਿ ਫਰਮਾਣ ਹੈ –
ਨਰਪਤਿ ਰਾਜੇ ਰੰਗ ਰਸ ਮਾਣਹਿ ਬਿਨੁ ਨਾਵੈ ਪਕੜਿ ਖੜੇ ਸਭਿ ਕਲਘਾ॥
ਧਰਮਰਾਇ ਸਿਰਿ ਡੰਡੁ ਲਗਾਨਾ ਫਿਰਿ ਪਛੁਤਾਨੇ ਹਥ ਫਲਘਾ॥
ਸੂਹੀ ਮਹਲਾ ੪ ਪੰਨਾ ੭੩੧
ਅਰਥ---
ਹੇ ਭਾਈ !
ਦੁਨੀਆ ਦੇ ਰਾਜੇ ਮਹਾਰਾਜੇ (ਮਾਇਆ ਦੇ) ਰੰਗ ਰਸ ਮਾਣਦੇ ਰਹਿੰਦੇ ਹਨ, ਉਪਦੇਸ਼ ਤੋਂ ਸੱਖਣੇ ਰਹਿੰਦੇ
ਹਨ, ਉਹਨਾਂ ਸਭਨਾਂ ਨੂੰ ਆਤਮਕ ਮੌਤ ਫੜ ਕੇ ਅੱਗੇ ਲਾ ਲੈਂਦੀ ਹੈ। ਜਦੋਂ ਉਹਨਾਂ ਨੂੰ ਕੀਤੇ ਕਰਮਾਂ
ਦਾ ਫਲ ਮਿਲਦਾ ਹੈ, ਜਦੋਂ ਉਹਨਾਂ ਦੇ ਸਿਰ ਉਤੇ ਪਰਮਾਤਮਾ ਦਾ ਡੰਡਾ ਵੱਜਦਾ ਹੈ, ਤਦੋਂ ਪਛਤਾਂਦੇ ਹਨ।
ਨੀਵੇਂ ਤਲ਼ ਦੇ ਕੀਤੇ ਕਰਮਾਂ ਦੀ ਸਜਾ ਭੁਗਤਦਿਆਂ ਆਖਰ ਨੂੰ ਪਛਤਾਉਣਾ ਪੈਂਦਾ
ਹੈ ਜਿਸ ਨੂੰ ਧਰਮਰਾਜ ਦਾ ਡੰਡਾ ਕਿਹਾ ਗਿਆ ਹੈ—
“ਧਰਮਰਾਇ ਸਿਰਿ ਡੰਡੁ ਲਗਾਨਾ”
ਸੱਚ ਇਨਸਾਫ ਕਿਸੇ ਦਾ ਲਿਹਾਜ ਨਹੀਂ ਕਰਦਾ।
ਸਿੱਖ ਸਿਧਾਂਤ ਦੇ ਇਹ ਵਿਸ਼ੇਸ਼ਤਾਈ ਹੈ ਕਿ ਗੁਰ-ਗਿਆਨ ਜਦੋਂ ਪਕੜ ਵਿੱਚ ਆ
ਜਾਂਦਾ ਹੈ ਤਦੋਂ ਇੱਕ ਨਵੇਂ ਰਾਹ ਦੀ ਪੈੜ ਮਿਲਦੀ ਹੈ ਜੋ ਆਤਮਕ ਤ੍ਰਿਪਤੀ ਦੀ ਲਖਾਇਕ ਹੈ। ਏੱਥੇ
ਪਾਹੁੰਚ ਕੇ ਵਿਕਾਰਾਂ ਦਾ ਡਰ ਨਹੀਂ ਰਹਿ ਜਾਂਦਾ---
ਬਹਤਰਿ ਘਰ, ਇਕੁ ਪੁਰਖੁ ਸਮਾਇਆ, ਉਨਿ ਦੀਆ ਨਾਮੁ ਲਿਖਾਈ॥
ਧਰਮ ਰਾਇ ਕਾ ਦਫਤਰੁ ਸੋਧਿਆ, ਬਾਕੀ ਰਿਜਮ ਨ ਕਾਈ॥
ਸੂਹੀ ਬਾਣੀ ਕਬੀਰ ਜੀ ਕੀ ਪੰਨਾ ੭੯੩
ਅਰਥ---
(ਮੈਂ ਆਪਣੇ ਗੁਰੂ ਅੱਗੇ ਪੁਕਾਰ ਕੀਤੀ
ਤਾਂ) ਉਸ ਨੇ ਮੈਨੂੰ (ਉਸ ਪਰਮਾਤਮਾ ਦੇ) ਗੁਣਾਂ ਨੂੰ ਰਾਹਦਾਰੀ ਵਜੋਂ ਲਿਖ ਦਿੱਤਾ, ਜੋ ਬਹੱਤਰ-ਘਰੀ
ਸਰੀਰ ਦੇ ਅੰਦਰ ਹੀ ਮੌਜੂਦ ਹਨ। (ਸਤਿਗੁਰੂ ਦੀ ਇਸ ਮਿਹਰ ਦਾ ਸਦਕਾ ਜਦੋਂ) ਵਰਤਮਾਨ ਜੀਵਨ ਵਿੱਚ
ਧਰਮਰਾਜ ਦੇ ਦਫ਼ਤਰ ਨੇ ਭਾਵ ਸੱਚ ਰੂਪੀ ਗੁਣਾਂ ਨੇ ਪੜਤਾਲ ਕੀਤੀ ਤਾਂ ਮੇਰੇ ਜ਼ਿੰਮੇ ਰਤਾ ਭੀ ਦੇਣਾ
ਨਾਹ ਨਿਕਲਿਆ (ਭਾਵ, ਗੁਰੂ ਦੀ ਕਿਰਪਾ ਨਾਲ ਮੇਰੇ ਅੰਦਰੋਂ ਕੁਕਰਮਾਂ ਦਾ ਲੇਖਾ ਉੱਕਾ ਹੀ ਮੁੱਕ
ਗਿਆ)।
ਵਰਤਮਾਨ ਜੀਵਨ ਦੀ ਗੱਲ ਕਰਦਿਆਂ ਗੁਰ-ਗਿਆਨ ਦੀ ਸਮਝ ਨੂੰ ਸਿਰਮੋਰਤਾ
ਦੇਂਦਿਆਂ ਕਬੀਰ ਸਾਹਿਬ ਜੀ ਕਹਿ ਰਹੇ ਹਨ ਕਿ ਮੇਰੇ ਪਾਸ ਔਗੁਣਾਂ ਵਾਲਾ ਕੋਈ ਵੀ ਲੇਖਾ ਨਹੀਂ ਹੈ। ਇਸ
ਲਈ ਰੱਬੀ ਕਨੂੰਨ (ਸੱਚ) ਦੇ ਸਾਹਮਣੇ ਨਿਸੰਗ ਖੜਾ ਹਾਂ।
ਝੋਨੇ ਦੇ ਦਾਣਿਆਂ ਵਿਚੋਂ ਚੌਲ ਪ੍ਰਾਪਤ ਕਰਨੇ ਹਨ ਤਾਂ ਉਹਨਾਂ ਨੂੰ ਪਹਿਲਾਂ
ਉੱਖ਼ਲ਼ੀ ਵਿੱਚ ਪਾ ਕੇ ਛੜ੍ਹਨਾ ਪੈਂਦਾ ਹੈ। ਮੋਹਲ਼ੀ ਦੀਆਂ ਸੱਟਾਂ ਮਾਰਨੀਆਂ ਪੈਂਦੀਆਂ ਹਨ ਤਾਂ ਕੇ
ਉੱਪਰਲਾ ਛਿਲਕਾ ਲਹਿ ਜਾਵੇ। ਜਿਸ ਨਾਲ ਚੰਗੇ ਚੌਲ਼ਾਂ ਦੀ ਪ੍ਰਾਪਤੀ ਹੋ ਸਕੇ। ਇੰਜ ਹੀ ਸਾਡੇ ਮਨ ਵਿੱਚ
ਚੰਗੇ ਗੁਣ ਤਾਂ ਪਏ ਹੋਏ ਹਨ ਪਰ ਉਹਦੇ ਵਾਸਤੇ ਗਿਆਨ ਰੂਪੀ ਮੋਹਲ਼ੀ ਦੀਆਂ ਸੱਟਾਂ ਖਾਣੀਆਂ
ਪੈਣਗੀਆਂ---
ਕਬੀਰ ਚਾਵਲ ਕਾਰਣੇ, ਤੁਖ ਕਉ ਮੁਹਲੀ ਲਾਇ॥
ਸੰਗਿ ਕੁਸੰਗੀ ਬੈਸਤੇ, ਤਬ ਪੂਛੇ ਧਰਮ ਰਾਇ॥
ਮਹਲਾ ੫ ਪੰਨਾ ੯੬੫
ਮਨੁੱਖੀ ਸੁਭਾਅ ਰੂਪੀ ਚੌਲ਼ਾਂ ਦੇ ਗੁਣਾਂ ਦੁਆਲੇ-
“ਕਬੀਰ ਚਾਵਲ ਕਾਰਣੇ” ਵਿਕਾਰਾਂ ਦੀ ਤਹਿ ਚੜੀ ਹੋਈ
ਹੈ ਜਿਸ ਨੂੰ ਗੁਰ-ਗਿਆਨ ਦੀਆਂ ਸੱਟਾਂ ਰਾਂਹੀ-
“ਤੁਖ ਕਉ ਮੁਹਲੀ ਲਾਇ” ਉਤਾਰਿਆ ਜਾ ਸਕਦਾ ਹੈ।
ਬੱਚਾ ਘਰੋਂ ਗੁਰਦੁਆਰੇ ਆਉਣ ਦੀ ਬਜਾਏ ਭਸ-ਖੇਹ ਖਾਣ ਲਈ ਤੁਰ ਜਾਏ ਤਾਂ ਘਰਦਿਆਂ ਨੇ ਤੇ ਹੁਣ ਪੁੱਛਣਾ
ਹੀ ਹੈ ਕਿ ਬੱਚਿਆ ਤੈਨੂੰ ਗੁਰਦੁਆਰੇ ਭੇਜਿਆ ਸੀ ਤੂੰ ਕਿੱਥੇ ਚੱਲਿਆ ਗਿਆ, ਏਸੇ ਤਰ੍ਹਾਂ ਹੀ
“ਸੰਗਿ ਕੁਸੰਗੀ ਬੈਸਤੇ”
ਹਾਂ ਤਾਂ ਸੱਚ ਰੂਪੀ ਕੁਦਰਤੀ ਨਿਯਮਾਵਲੀ ਨੂੰ ਪੁੱਛਣ ਦਾ
ਇਹ ਅਧਿਕਾਰ ਹੈ ਕਿ ਭਲਿਆ ਇਹ ਜੋ ਤੂੰ ਕਰਮ ਕਰ ਰਿਹਾ ਏਂ ਇਹਦਾ ਤੈਨੂੰ ਤੇ ਤੇਰੇ ਸਮਾਜ, ਪਰਵਾਰ ਨੂੰ
ਕੋਈ ਵੀ ਲਾਭ ਨਹੀਂ ਹੈ— “ਤਬ
ਪੂਛੇ ਧਰਮ ਰਾਇ” ਵਿਕਾਰੀ ਬੰਦੇ ਨੂੰ ਸੱਚ ਦੇ
ਸਾਹਮਣੇ ਸ਼ਰਮਸਾਰ ਹੋਣਾ ਪੈਂਦਾ ਹੈ।
ਧਰਮਰਾਜ ਦੇ ਸਾਹਮਣੇ ਹੋਣ ਤੋਂ ਮੁਰਾਦ ਸੱਚ ਦੇ ਸਾਹਮਣੇ ਹੋਣਾ ਹੈ ਜਿਹਾ ਕਿ
ਬੜਾ ਪਿਆਰਾ ਇੱਕ ਫਰਮਾਣ ਹੈ---
ਪ੍ਰੇਤ ਪਿੰਜਰ ਮਹਿ ਦੂਖ ਘਨੇਰੇ॥
ਨਰਕਿ ਪਚਹਿ ਅਗਿਆਨ ਅੰਧੇਰੇ॥
ਧਰਮ ਰਾਇ ਕੀ ਬਾਕੀ ਲੀਜੈ ਜਿਨਿ ਹਰਿ ਕਾ ਨਾਮੁ ਵਿਸਾਰਾ ਹੇ॥
ਮਾਰੂ ਮਹਲਾ ੧ ਪੰਨਾ ੧੦੨੯
ਅਰਥ---
ਜੇਹੜੇ ਜੀਵ ਪ੍ਰਭੂ ਦੇ ਗੁਣਾਂ ਨੂੰ ਨਹੀਂ ਸਮਝਦੇ ਉਹ, (ਭਾਵ ਆਪਣੀ ਜ਼ਿੰਮੇਵਾਰੀ ਨੂੰ ਨਹੀਂ ਸਮਝ
ਰਹੇ) ਮਾਨੋ, ਏਸੇ ਜੀਵਨ ਦੇ ਵਿੱਚ ਹੀ ਪ੍ਰੇਤ-ਜੂਨ ਹਨ ।
ਉਹਨਾਂ ਦੇ ਇਹ ਮਨੁੱਖਾ ਸਰੀਰ ਭੀ ਪ੍ਰੇਤਾਂ (ਅਵਗੁਣਾਂ) ਦੇ ਰਹਿਣ ਲਈ ਪਿੰਜਰ ਹੀ ਹਨ) ਇਹਨਾਂ
ਪ੍ਰੇਤ-ਪਿੰਜਰਾਂ ਵਿੱਚ ਭਾਵ ਔਗੁਣਾਂ ਕਰਕੇ ਉਹ ਬੇਅੰਤ ਦੁੱਖ ਸਹਿੰਦੇ ਹਨ ।
ਅਗਿਆਨਤਾ ਦੇ ਹਨੇਰੇ ਵਿੱਚ ਪੈ ਕੇ ਉਹ (ਆਤਮਕ ਮੌਤ ਦੇ) ਨਰਕ ਵਿੱਚ ਖ਼ੁਆਰ ਹੁੰਦੇ ਹਨ। -ਜਿਸ ਮਨੁੱਖ
ਨੇ ਪਰਮਾਤਮਾ ਦੇ ਗੁਣ, ਰੱਬੀ ਨਿਯਮਾਵਲੀ, ਗੁਰ-ਗਿਆਨ ਦੀ ਆਤਮਕ ਸੂਝ ਨੂੰ ਭੁਲਾ ਦਿੱਤਾ ਹੈ (ਉਸ ਦੇ
ਸਿਰ ਤੇ ਵਿਕਾਰਾਂ ਦਾ ਕਰਜ਼ਾ ਚੜ੍ਹਦਾ ਜਾਂਦਾ ਹੈ, ਉਹ ਮਨੁੱਖ ਧਰਮਰਾਜ ਦਾ ਕਰਜ਼ਾਈ ਹੋ ਜਾਂਦਾ ਹੈ) ਉਸ
ਪਾਸੋਂ ਧਰਮਰਾਜ ਦੇ ਇਸ ਕਰਜ਼ੇ ਦੀ ਵਸੂਲੀ ਕੀਤੀ ਹੀ ਜਾਂਦੀ ਹੈ (ਭਾਵ, ਵਿਕਾਰਾਂ ਦੇ ਕਾਰਨ ਉਸ ਨੂੰ
ਦੁੱਖ ਸਹਾਰਨੇ ਹੀ ਪੈਂਦੇ ਹਨ) ।
ਅਗਿਆਨਤਾ ਦੇ ਵਿੱਚ ਰਹਿਣ ਵਾਲਾ ਆਤਮਕ ਮੌਤ ਨੂੰ ਸਹੇੜ ਕੇ ਬੈਠ ਜਾਂਦਾ ਹੈ
ਜਿਸ ਨੂੰ ਜਿਉਂਦਿਆਂ ਹੀ ਨਰਕ ਦਾ ਨਾਂ ਦਿੱਤਾ ਗਿਆ ਹੈ
“ਨਰਕਿ ਪਚਹਿ ਅਗਿਆਨ ਅੰਧੇਰੇ”
ਕਿਉਂਕਿ ਪਰਮਾਤਮਾ ਦੇ ਗੁਣਾਂ ਨੂੰ ਨਹੀਂ ਸਮਝਿਆ—
“ਜਿਨਿ ਹਰਿ ਕਾ ਨਾਮੁ ਵਿਸਾਰਾ ਹੇ”
ਫਿਰ ਸੱਚ ਨੂੰ ਅਧਿਕਾਰ ਹੈ ਇਹ ਕਹਿਣ ਦਾ ਕਿ
ਬੰਦਿਆ ਤੂੰ ਹੁਣ ਖ਼ੁਆਰ ਹੋਣਾ ਹੀ ਹੈ ਕਿਉਂਕਿ ਮੇਰਾ ਦਰਸਾਇਆ ਮਾਰਗ ਛੱਡ ਦਿੱਤਾ ਈ—ਜਿਸ ਨੂੰ—
“ਧਰਮ ਰਾਇ ਕੀ ਬਾਕੀ ਲੀਜੈ” ਕਿਹਾ ਹੈ।
ਸਿਆਣਿਆਂ ਦਾ ਇੱਕ ਕਥਨ ਹੈ ਕਿ ਜੇ ਸੌ ਵਾਰ ਝੂਠ ਬੋਲਿਆ ਜਾਏ ਤਾਂ ਉਹ ਅਕਸਰ
ਸੱਚ ਹੀ ਪ੍ਰਤੀਤ ਹੋਣ ਲੱਗ ਪੈਂਦਾ ਹੈ ਤੇ ਜੇ ਸੌ ਵਾਰ ਸੱਚ ਬੋਲਿਆ ਜਾਏ ਤਾਂ ਉਹ ਝੂਠ ਹੀ ਪਰਤੀਤ
ਹੋਣ ਲੱਗਦਾ ਹੈ। ਕੁੱਝ ਸਿੱਖ ਧਰਮ ਨਾਲ ਵੀ ਏਸੇ ਤਰ੍ਹਾਂ ਦਾ ਹੀ ਹੋਇਆ ਹੈ। ਮ੍ਰਿਤਕ ਸੰਸਕਾਰ ਦੇ
ਸਮਿਆਂ `ਤੇ ਕੁੱਝ ਸ਼ਬਦ ਅਜੇਹੀ ਭਾਵਨਾ ਨਾਲ ਪੜ੍ਹੇ ਗਏ ਜਿਸ ਨਾਲ ਇਹ ਅਹਿਸਾਸ ਕਰਾ ਦਿੱਤਾ ਗਿਆ ਹੈ
ਕਿ ਬ੍ਰਹਮਣੀ ਪ੍ਰੰਪਰਾ ਅਨੁਸਾਰ ਸਰੀਰ ਛੱਡਣ ਦੇ ਉਪਰੰਤ ਸਾਡੀ ਰੂਹ ਜਾਂ ਆਤਮਾ ਧਰਮਰਾਜ ਦੇ ਦਰਬਾਰ
ਵਿੱਚ ਪਹੁੰਚਦੀ ਹੈ ਤੇ ਓੱਥੇ ਚੰਗੇ ਜਾਂ ਮੰਦੇ ਕੰਮਾਂ ਦਾ ਹਿਸਾਬ ਕੀਤਾ ਜਾਂਦਾ ਹੈ। ਇਹਨਾਂ ਕਰਮਾਂ
ਦੇ ਹਿਸਾਬ ਨਾਲ ਹੀ ਸਾਨੂੰ ਨਰਕ ਜਾਂ ਸਵਰਗ ਦੀ ਅਲਾਟਮੈਂਟ ਕੀਤੀ ਜਾਂਦੀ ਹੈ। ਪਰਵਾਰ ਵਾਲੇ ਡਰਦੇ ਹੀ
ਅਜੇਹਿਆ ਮੌਕਿਆ `ਤੇ ਦਾਨ ਪੁੰਨ ਕਰਕੇ ਇਹ ਸਮਝਦੇ ਹਨ ਕਿ ਸਾਡੇ ਬਜ਼ੁਰਗਾਂ ਨੂੰ ਕਿਸੇ ਨਾ ਕਿਸੇ
ਤਰੀਕੇ ਨਾਲ ਕੋਈ ਚੰਗੀ ਜੇਹੀ ਥਾਂ ਮਿਲ ਜਾਏ। ਇਸ ਲਈ ਕਈ ਥਾਂਈ ਤਾਂ ਇਹ ਵੀ ਦੇਖਣ ਸੁਣਨ ਵਿੱਚ ਆਇਆ
ਹੈ ਕਿ ਜਿੰਨਾਂ ਵੱਧ ਦਾਨ ਪੁੰਨ ਕੀਤਾ ਜਾਏਗਾ ਉਨੇ ਹੀ ਵੱਧ ਅਰਾਮ ਵਾਲੀ ਸਵਰਗ ਵਿੱਚ ਸੀਟ ਮਿਲ
ਜਾਏਗੀ।